.

ਵੇਰਵੇ ਲਈ ਗੁਰਮਤਿ ਪਾਠ 13 ‘ਸਿੱਖੀ ਪ੍ਰਸਾਰ ਦੇ ਤਿੰਨੇਂ ਪਿੜ ਖਾਲੀ-ਸਿੱਖੀ ਵਧੇ ਫੁਲੇ ਤਾਂ ਕਿਵੇਂ? ਡੀਲਕਸ ਕਵਰ `ਚ ਵੰਡਣ ਲਈ ਪ੍ਰਾਪਤ ਹੈ ਜੀ

ਬੇਅੰਤ ਗੁਰਮਤਿ ਪ੍ਰਚਾਰ, ਪ੍ਰਚਾਰਕਾਂ ਤੇ ਸਮਾਗਮਾਂ ਦੀ ਭਰਮਾਰ

ਫ਼ਿਰ ਵੀ ਪੰਥ ਰਸਾਤਲ ਨੂੰ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਅਜੋਕਾ ਸਿੱਖੀ ਪ੍ਰਚਾਰ? ਅੱਜ ਲਗਭਗ ੯੮% ਸਿੱਖ ਬੱਚਾ-ਬੱਚੀ, ਸਿੱਖੀ ਨੂੰ ਤਿਆਗ ਚੁੱਕਾ ਹੈ ਤੇ ਇਸਦਾ ਕਾਰਨ ਹੈ ਅਜੋਕਾ ਸਿੱਖੀ ਪ੍ਰਚਾਰ, ਆਖਿਰ ਇਸ ਨੂੰ ਘੋਖੇਗਾ ਕੌਣ? ਸੰਸਾਰ ਭਰ `ਚ ਬੇਅੰਤ ਗੁਰਦੁਆਰੇ, ਵੱਡੇ ਗੁਰਮਤਿ ਸਮਾਗਮਾ, ਕੀਰਤਨ ਦਰਬਾਰਾਂ, ਸ਼ਤਾਬਦੀਆਂ ਦੇ ਪਾਹੁਲ ਸਮਾਗਮਾਂ ਦੇ ਦਮਗਜੇ-ਕਿਸ ਖੂਹ `ਚ ਜਾ ਰਿਹਾ ਹੈ? ਸਚਾਈ ਹੈ ਕਿ ਗੁਰੂ ਸਾਹਿਬਾਨ ਸਮੇਂ ਸਿੱਖੀ ਦੇ ਪ੍ਰਚਾਰ ਦਾ ਅਜੋਕਾ ਨਿਖਿੱਧ ਤਰੀਕਾ ਨਹੀਂ ਸੀ। ਗਹੁ ਨਾਲ ਦੇਖੋ ਤਾਂ ਅਜੋਕਾ ਸਿੱਖੀ ਪ੍ਰਚਾਰ ਹੀ, ਸੰਗਤਾਂ ਦੇ ਸਿੱਖੀ ਜੀਵਨ ਤੇ ਰਹਿਣੀ ਨਾਲ ਸਿੱਧਾ ਖਿਲਵਾੜ ਹੈ। ਇਸਦੇ ਲਈ ਸਮੁਚੇ ਤੌਰ `ਤੇ ਜ਼ਿਮੇਂਵਾਰ ਹਨ ਅੱਜ ਦੇ ਲਗਭਗ ੯੯% ਪ੍ਰਬੰਧਕ, ਪ੍ਰਚਾਰਕ, ਸਿੱਖ ਰਾਜਸੀ ਆਗੂ ਤੇ ਉਹਨਾਂ ਦੀ ਛਤਰ-ਛਾਇਆ ਹੇਠ ਖੜੀ ਹੋ ਚੁੱਕੀ ‘ਸਿੱਖ ਪੁਜਾਰੀ ਸ਼੍ਰੇਣੀ’। ਅੱਜ ਦੇ ਗੁਰਮਤਿ ਸਮਾਗਮਾਂ, ਗੁਰਪੁਰਬਾਂ, ਕੀਰਤਨ ਦਰਬਾਰਾਂ ਆਦਿ ਦਾ ਢੰਗ ਤਾਂ ਇਸ ਤਰ੍ਹਾਂ ਹੈ ਜਿਵੇਂ ਲੋੜ ਸਮੇਂ ਕਿਸੇ ਰਾਜ ਮਿਸਤਰੀ, ਦਰਜ਼ੀ, ਤਰਖਾਣ, ਹਲਵਾਈ ਨੂੰ ਬੁਲਾਉਣਾ ਤੇ ਕੰਮ ਕਰਵਾਉਣਾ। ਜਦਕਿ ਕਰਵਾਉਣ ਵਾਲਾ ਉਸ ਵਿਦਿਆ ਤੋਂ ਅਨਜਾਣ ਤੇ ਕੋਰਾ ਹੁੰਦਾ ਹੈ ਤੇ ਉਸਨੂੰ ਇਸਦੀ ਲੋੜ ਵੀ ਨਹੀਂ ਹੁੰਦੀ `ਤੇ ਬਾਕੀ ਰੱਬ ਰਾਖਾ।

ਸਮਾਗਮ ਛੋਟੀ ਪਧਰ ਦੇ ਹੋਣ ਜਾਂ ਵੱਡੀ, ਧੁਰਾ ਇਕੋ ਹੀ ਹੁੰਦਾ ਹੈ। ਪ੍ਰਕਾਸ਼ ਉਤਸਵ, ਬਰਸੀ, ਸ਼ਹੀਦੀ ਪੁਰਬ, ਕੀਰਤਨ ਦਰਬਾਰ, ਗੁਰਮਤਿ ਸਮਾਗਮ ਜਾਂ ਸ਼ਤਾਬਦੀਆਂ। ਪ੍ਰਬੰਧਕਾਂ ਜਾਚੇ “ਅਮੁੱਕਾ ਕੀਰਤਨ-ਰਾਗੀ ਜਥਾ, ਕਥਾਕਾਰ। ਜੇ ਪ੍ਰਬੰਧਕਾਂ ਕੋਲ ਸਾਧਨ ਵਧੇਰੇ ਹਣ ਤਾਂ ਨਾਮਵਰ ਜੱਥੇ, ਢਾਡੀ, ਕਵੀ ਤੇ ਬਾਕੀ ਸਭ ਉਸੇ ਤਰ੍ਹਾਂ। ਸਮਾਗਮ ਛੋਟਾ ਹੈ ਤਾਂ ਕਿਸੇ ਗੁਰਦੁਆਰੇ `ਚ ਸਾਰ ਲਿਆ; ਨਹੀਂ ਤਾਂ ਟੈਂਟ ਸ਼ਾਮਿਅਣੇ ਲਗਾਉਣ ਵਾਲੇ ਲਗਾ ਗਏ। ਸਮਾਗਮ ਹੋ ਗਿਆ ਤੇ ਸੰਗਤ ਵੀ ਬਹੁਤ ਸੀ” ਸੰਗਤ ਆਈ ਤੇ ਚਲੀ ਗਈ। ਵਾਹ! ਵਾਹ! ਮਿਲ ਗਈ ਵਾਧੂ ਦੀ”। ਪ੍ਰੋਗਰਾਮ ਵੱਡੀ ਪੱਧਰ ਦਾ ਹੋਵੇ ਤਾਂ ਬੇਸ਼ਕ ਅਨਮਤੀ ਹੀ ਸਹੀ, ਰਾਜਸੀ ਨੇਤਾ ਵੀ ਸੱਦ ਲਏ ਤੇ ਨਾਲ ਗੁੱਝੇ ਲਾਭ ਵੀ।

ਸਾਰੀ ਕਰਨੀ ਪਿਛੇ ਨਾ ਜ਼ਰੂਰੀ ਹੈ ਕਿ ਕਰਵਾਉਣ ਵਾਲੇ ਪਾਹੁਲਧਾਰੀ, ਜੀਵਨ ਵਾਲੇ ਹੋਣ। ਉਹ ਭਾਵੇਂ ਕੇਸਾਂ ਦਾੜ੍ਹੀ ਦੀ ਬੇਅਦਬੀ ਕਰਣ ਵਾਲੇ, ਅਨਮਤੀਏ ਗੈਰਸਿੱਖ, ਸ਼ਰਾਬਾਂ ਡੀਕਣ ਵਾਲੇ ਜਾਂ ਸਿੱਖੀ ਹੇਚ ਦੱਸ ਕੇ ਸਿੱਖ ਵਿਰੋਧੀ ਲਾਣਾ ਹੀ ਕਿਉਂ ਨਾ ਹੋਵੇ। ਸਿੱਖ ਧਰਮ ਦੇ ਅਜੋਕੇ ਪ੍ਰੋਗਰਾਮਾਂ ਨੂੰ ਮਨਾਉਣ `ਚ ਕਿਸੇ ਨੂੰ ਬਿਲਕੁਲ ਹੀ ਕੋਈ ਦਿੱਕਤ ਨਹੀਂ ਆਉਂਦੀ।

ਉਪ੍ਰੰਤ ਬੁਲਾਏ ਗਏ ਪ੍ਰਚਾਰਕ- ਪ੍ਰੋਗ੍ਰਾਮਾਂ ਲਈ ਬੁਲਾਏ ਗਏ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕਾਂ ਆਦਿ ਲਈ ਵੀ ਕੋਈ ਮਾਪਦੰਡ ਨਹੀਂ। ਕਈ ਵਾਰ ਤਾਂ ਇਸ ਤੋਂ ਵੀ ਉਪਰ, ਕਵਾਲਾਂ, ਫ਼ਿਲਮੀ ਕਲਾਕਾਰਾਂ (ਬੇਸ਼ਕ ਪਤਿਤ ਹੋਣ) ਭੀੜਾਂ ਹੋਰ ਵੱਡੀਆਂ ਹੋ ਜਾਂਦੀਆਂ ਹਨ। ਉਥੇ ਵੀ ਰੋਕ ਨਹੀਂ ਕਿ ਉਹਨਾਂ ਬੋਲਣਾ ਕੀ ਹੈ ਤੇ ਕੀ ਨਹੀਂ। ਲੋੜ ਹੁੰਦੀ ਹੈ, ਪ੍ਰਬੰਧਕਾਂ ਦੀ ਬੋਲੀ ਬੋਲਣ ਜਾਂ ਉਹਨਾਂ ਅਨੁਸਾਰ। ਇਸੇ ਤਰ੍ਹਾਂ ਜੇਕਰ ਕੀਰਤਨੀ-ਕਥਾਕਾਰ ਸੱਜਣ ਹਨ ਤਾਂ ਉਥੇ ਵੀ ਜ਼ਰੂਰੀ ਨਹੀਂ ਕਿ ਉਹ ਪੜ੍ਹ ਤੇ ਬੋਲ ਕੀ ਰਹੇ ਹਨ? ਬਾਣੀ ਕੱਚੀ ਹੈ ਜਾਂ ਪੱਕੀ, ਕਥਾ ਗੁਰਮਤਿ `ਤੇ ਪਹਿਰਾ ਦੇ ਰਹੀ ਜਾਂ ਗੁਰਮਤਿ ਰਹਿਣੀ `ਤੇ ਹੀ ਮਾਰ ਕਰ ਰਹੀ ਹੈ। ਜੇਕਰ ਅਖੰਡ ਪਾਠ ਹੋ ਰਿਹਾ ਤਾਂ ਪਾਠ ਸ਼ੁੱਧ ਕੀਤਾ ਹੈ ਜਾਂ ਅਸ਼ੁਧ। ਅਨੰਦਕਾਰਜਾਂ, ਭੋਗ ਸਮਾਗਮਾ ਆਦਿ ਸਮੇਂ ਤਾਂ ਗੁਰਮਤਿ-ਗੁਰਬਾਣੀ ਦੀ ਹੋ ਰਹੀ ਭਰਵੀਂ ਬੇਅਦਬੀ ਜਗ ਜ਼ਾਹਿਰ ਹੈ। ਸਮਾਗਮਾਂ ਤੋਂ ਬੈਂਕ ਬੈਲੇਂਸਾਂ `ਚ ਵਾਧਾ, ਸਰਕਾਰੀ ਦਰਬਾਰੇ ਵਾਹ! ਵਾਹ! ਤਾਂ ਇਸ ਪਾਸੇ ਦੌੜ ਹੋਵੇ ਵੀ ਕਿਉਂ ਨਾ? ਆਖਿਰ ਮੱਖੀਆਂ ਨੇ ਤਾਂ ਗੁੜ `ਤੇ ਹੀ ਆਉਣਾ ਹੈ, ਇਸੇ ਤੋਂ ਪੱਕੀਆਂ ਹੁੰਦੀਆਂ ਹਨ ਚੌਧਰਾਂ ਤੇ ਜਫੇਮਾਰੀਆਂ। ਬਾਕੀ ਰਹਿ ਗਏ ਨਿੱਤ ਦੇ ਸਮਾਗਮ-ਉਥੇ ਪ੍ਰਬੰਧਕਾਂ ਨੂੰ ਤਾਂ ਪੁਜੱਣ ਦੀ ਲੋੜ ਨਹੀਂ, ਕੰਮ ਭਾਈ ਸਾਹਿਬਾਨ ਨੇ ਹੀ ਸਾਰ ਲੈਣਾ ਹੈ। ਵਿਸ਼ੇਸ਼ ਸਮਾਗਮਾਂ `ਤੇ ਭਰਵੀਂ ਸੰਗਤ ਸਮੇਂ ਲਾਊਡ ਸਪੀਕਰਾਂ `ਤੇ ਬੋਲਣ ਲਈ ਪ੍ਰਬੰਧਕ ਜ਼ਰੂਰ ਪੁੱਜ ਜਾਂਦੇ ਹਨ। ਕਿਸੇ ਵੀ ਖੇਤ੍ਰੀ ਗੁਰਦੁਆਰੇ ਦਾ ਪ੍ਰਧਾਨ ਕੌਣ ਹੈ ਤੇ ਸਕੱਤ੍ਰ ਕੌਣ? ਸਭ ਪਾਸੇ ਇਸ ਤਰ੍ਹਾਂ ਹੈ ਜਿਵੇਂ “ਭਾਨ ਮਤੀ ਨੇ ਕੁਨਬਾ ਜੋੜਾ-ਕਹੀਂ ਕੀ ਈਂਟ ਕਹੀਂ ਕਾ ਰੋੜਾ”। ਉਪ੍ਰੰਤ ਅਜਿਹੇ ਸਮਾਗਮਾਂ `ਚੋਂ ਢੂੰਡ ਰਹੇ ਹਾਂ ਸਿੱਖੀ ਦਾ ਵਾਧਾ ਜੋ ਤਿੰਨ ਕਾਲ ਸੰਭਵ ਨਹੀਂ। ਅਜੇਹੇ ਪ੍ਰਚਾਰ ਪ੍ਰਬੰਧ `ਚੋਂ ਤਾਂ ਇਹੀ ਕੁੱਝ ਨਿਕਲ ਸਕਦਾ ਸੀ, ਜੋ ਨਿਕਲ ਰਿਹਾ ਹੈ। ਜਦੋਂ ਸਾਰਾ ਪ੍ਰਚਾਰ ਢੰਗ ਹੀ ਇਹੀ ਕੁੱਝ ਹੈ ਤਾਂ ਇਸ `ਚੋਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨਹੀਂ, ਰੰਗ-ਬਿਰੰਗੀ ਸਿੱਖੀ ਹੀ ਪੈਦਾ ਹੋ ਸਕਦੀ ਹੈ ਤੇ ਹੋ ਵੀ ਰਹੀ ਹੈ।

ਸਿੱਖ ਧਰਮ, ਗਿਆਨ ਦਾ ਧਰਮ ਹੈ-ਗਿਆਨ ਵੀ ਉਹ ਜਿਹੜਾ ਬਾਣੀ ਰੂਪ `ਚ ਸੰਸਾਰ ਪੱਧਰ ਦਾ, ਸਦੀਵਕਾਲੀ, ਸਰਬਦੇਸ਼ੀ ਤੇ ਹਰੇਕ ਮਨੁੱਖ ਲਈ ਜ਼ੀਵਨ-ਜਾਚ ਹੈ। ਇਹੀ ਕਾਰਣ ਹੈ ਕਿ ਪਾਤਸ਼ਾਹ ਨੇ ਇਸ ਨੂੰ ਧਰਮਸ਼ਾਲਾਵਾਂ `ਚ ਬੰਦ ਨਹੀਂ ਸੀ ਕੀਤਾ ਤੇ ਨਾ ਹੀ ਇਸ ਦੇ ਪ੍ਰਚਾਰ-ਪ੍ਰਸਾਰ ਦੀ ਜ਼ਿੰਮੇਂਵਾਰੀ ਐਰੇ-ਖੈਰੇ ਕੋਲ ਸੀ। ਜਗ੍ਹਾ ਜਗ੍ਹਾ `ਤੇ ਸੰਗਤਾਂ ਕਾਇਮ ਕੀਤੀਆਂ ਜਾਂਦੀਆਂ ਸਨ। ਦਸਮੇਸ਼ ਪਿਤਾ ਤੀਕ ਸਿੱਖ ਧਰਮ ਦੇ ਪ੍ਰਚਾਰ ਪ੍ਰਬੰਧ `ਤੇ ਗੁਰੂ ਸਾਹਿਬਾਨ ਦਾ ਸਖ਼ਤ ਕੁੰਡਾ ਸੀ। ਪ੍ਰਚਾਰਕ, ਚੋਣਾਂ ਲੜ ਕੇ ਆਏ ਪ੍ਰਬੰਧਕਾਂ ਅਧੀਨ ਨਹੀਂ ਸਨ ਹੁੰਦੇ ਤੇ ਨਾ ਹੀ ਆਪ ਬਣੇ ਹੁੰਦੇ ਸਨ। ਅਜੇਹੇ ਪ੍ਰਚਾਰਕ, ਦੂਰ-ਦਰਾਜ਼ ਪੁੱਜ ਕੇ ਸਿੱਖੀ ਦਾ ਬੀਜ ਪਾਂਦੇ ਸਨ। ਭਾਈ ਮਨਸੁਖ, ਅਲ੍ਹਾਯਾਰ ਖਾਂ, ਭਾਈ ਲੰਗਾਹ, ਬਾਬਾ ਬੰਦਾ ਸਿੰਘ ਬਹਾਦੁਰ ਕਿਸੇ ਗੁਰਦੁਆਰੇ ਚ ਆ ਕੇ ਸਿੱਖ ਨਹੀਂ ਸਨ ਸਜੇ ਤੇ ਇਸੇ ਤਰ੍ਹਾਂ ਬੇਅੰਤ।

ਦਸਮੇਸ਼ ਪਿਤਾ ਤੀਕ ਸਾਡੇ ਕੋਲ ਅਜ ਵਾਂਙ ਰਾਗੀ, ਪਾਠੀ, ਕਥਾਵਾਚਕ ਨਹੀਂ ਸਨ ਤੇ ਨਾ ਹੀ ਅੱਜ ਵਰਗੇ ਦਿਖਾਵੇ ਦੇ ਸਮਾਗਮ ਸਨ। ਭਾਈ ਮਨਸੁਖ, ਭਾਈ ਕਲਿਆਣਾ, 22 ਮੰਜੀਆਂ ਭਾਵ ਪ੍ਰਚਾਰਕ ਯੋਗਤਾ ਦੇ ਆਧਾਰ `ਤੇ ਗੁਰਬਾਣੀ ਜੀਵਨ ਵਾਲੇ ਥਾਪੇ ਜਾਂਦੇ ਸਨ। ਪ੍ਰਚਾਰਕ ਪੂਰੇ ਸਮਾਗਮ ਦੌਰਾਨ ਸਾਜ਼ਾਂ-ਰਾਗਾਂ ਰਾਹੀਂ ਕਿਸੇ ਸ਼ਬਦ ਦੀ ਟੇਕ ਲੈ ਕੇ, ਬਾਣੀ ਵਿਚਾਰਧਾਰਾ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਜੋੜ ਕੇ ਵਿਆਖਿਆ ਕਰਦੇ। ਪ੍ਰਮਾਣ ਵੀ ਗੁਰਬਾਣੀ `ਚੋ ਹੀ ਹੁੰਦੇ, ਇਧਰ-ਓਧਰੋਂ ਨਹੀਂ। ਸੰਗਤਾਂ ਨੂੰ ਜੀਵਨ ਲਈ ਸੇਧ ਮਿਲਦੀ ਸੀ। ਸੰਗਤ `ਚੋਂ ਅਨੇਕਾਂ ਅਨਮੱਤੀਆਂ ਨੂੰ ਵੀ ਸਿੱਖੀ ਲਈ ਚਾਅ ਚੜ੍ਹਦਾ, ਅਨਪੜ੍ਹਾਂ ਦੇ ਜੀਵਨ `ਚ ਵੀ ਸਿੱਖੀ ਪ੍ਰਫੁਲਤ ਹੁੰਦੀ ਸੀ। ਨਤੀਜਾ- ਸੰਗਤਾਂ, ਸਰੂਪ `ਚ ਆ ਕੇ ਸਿੱਖੀ ਦੀ ਦਾਤ ਲਈ, ਝੋਲੀਆਂ ਟੱਡਦੀਆਂ ਸਨ। ਇਸਦੇ ਉਲਟ ਅੱਜ 70-70 ਸਾਲਾਂ ਤੋਂ ਗੁਰਦੁਆਰੇ ਆਉਣ ਵਾਲੇ ਪੜ੍ਹੇ-ਲਿਖੇ ਨੂੰ ਵੀ ਸਿੱਖੀ ਜੀਵਨ-ਜਾਚ ਨਹੀਂ ਮਿਲ ਰਹੀ। ਇਸਦੇ ਉਲਟ ਮਿਲ ਰਹੇ ਹਨ ਸ਼ੰਕੇ ਤੇ ਸੁਆਲ। ਉਪ੍ਰੰਤ ਇਹਨਾ ਸ਼ੰਕਿਆਂ-ਸੁਆਲਾਂ ਦੇ ਤੀਰਾਂ ਨਾਲ ਪਨੀਰੀ ਨੂੰ ਧੱਕਿਆ ਜਾ ਰਿਹਾ ਹੈ ਨਾਈਆਂ ਦੀ ਦੁਕਾਨਾਂ `ਤੇ, ਸ਼ਰਾਬ-ਸਮੈਕ ਆਦਿ ਨਸ਼ੇ ਦੇ ਵਪਾਰੀਆਂ ਤੇ ਦੰਭੀਆਂ ਵੱਲ।

ਜੇਕਰ ਇਤਿਹਾਸ ਤੋਂ ਨਹੀਂ ਤਾਂ ਘਟੋ-ਘਟ ਇਸਾਈਆਂ, ਮੁਸਲਮਾਨਾਂ ਤੇ ਆਪਣੇ ਤੋਂ ਹੀ ਵੱਖ ਤੇ ਨਿੱਤ ਪ੍ਰਫ਼ੂਲਤ ਹੋ ਰਹੇ ਗੁਰੂਡਮਾਂ ਨੂੰ ਹੀ ਉਹਨਾਂ ਦੇ ਪਰਚਾਰ ਤੇ ਪ੍ਰਚਾਰਕਾਂ ਪਖੋਂ ਘੋਖ ਲਈਏ। ਸ਼ਾਇਦ ਤਾਂ ਵੀ, ਸਿੱਖੀ ਪ੍ਰਚਾਰ-ਪ੍ਰਸਾਰ ਲਈ ਕੁੱਝ ਚੰਗੇ ਨਤੀਜੇ ਨਿਕਲ ਆਉਣ। ਨਹੀਂ ਤਾਂ ਯਕੀਨਣ ਅਜੌਕੇ ਢੰਗਾਂ ਨਾਲ ਜਿੰਨਾਂ ਸਿੱਖੀ ਦਾ ਪ੍ਰਚਾਰ ਵਧੇਰੇ ਹੋਵੇਗਾ, ਜਿੰਨੇਂ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ, ਪ੍ਰਬੰਧਕ, ਗੁਰਦੁਆਰੇ ਵਧਣਗੇ, ਸਾਡੀ ਤਬਾਹੀ ਵੀ ਉਂਨੀ ਹੀ ਨੇੜੇ ਆਏਗੀ। #050Gs05.03s09#

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ Ph 9811292808, 011-26236119




.