.

ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: ੮ ‘ਅਨੰਦ ਕਾਰਜ ਦੀ ਆਪਣੀ ਹੀ ਸ਼ਾਨ’ ਡੀਲਕਸ ਕਵਰ `ਚ ਸੰਗਤਾਂ `ਚ ਵੰਡਣ ਲਈ ਪ੍ਰਾਪਤ ਹੈ ਜੀ

ਸੰਗਤ ਰੂਪ `ਚ

‘ਅਨੰਦ ਕਾਰਜ’

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ

ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਗੁਰੂਦਰ `ਤੇ ਅਸੀਂ ਸਾਰੇ ਹੀ ‘ਗੁਰੂ ਕੀ ਸੰਗਤ’ ਹਾਂ। ਅਨੰਦਕਾਰਜ ਸਮੇਂ ਨਾ ਕੋਈ ਜਾਂਜੀ ਹੁੰਦਾ ਹੈ ਤੇ ਨਾ ਮਾਂਜੀ ਭਾਵ ਮੁੰਡੇ ਵਾਲਿਆਂ ਦੇ ਬਰਤਨ ਮਾਂਜਣ ਵਾਲਾ। ਇਥੇ ਦੋ ਗੁਰਸਿੱਖ ਪ੍ਰਵਾਰਾਂ ਦੇ ਮਿਲਾਪ ਤੋਂ ਸਤਿਗੁਰਾਂ ਦੀ ਹਜ਼ੂਰੀ `ਚ ਗੁਰਬਾਣੀ ਆਦੇਸ਼ ਅਨੁਸਾਰ, ਨਵੇਂ ਪ੍ਰਵਾਰ ਦੀ ਸਿਰਜਣਾ ਹੋਣੀ ਹੁੰਦੀ ਹੈ। ਇਸੇ ਤਰ੍ਹਾਂ ਨਵੇਂ ਅਰੰਭ ਹੋ ਰਹੇ ਗ੍ਰਿਹਸਥ ਜੀਵਨ ਦੀ ਸਫ਼ਲਤਾ ਲਈ ਬੱਚੀ-ਬੱਚੇ ਨੇ ਮਿਲ ਕੇ ਗੁਰਦੇਵ ਦੇ ਚਰਨਾਂ `ਚ ਅਰਦਾਸ ਕਰਣੀ ਹੁੰਦੀ ਹੈ ਤੇ ਸੰਗਤਾਂ ਪਾਸੋਂ ਇਸ ਲਈ ਅਸੀਸਾਂ ਲੈਣੀਆਂ ਹੁੰਦੀਆਂ ਹਨ। ਗੁਰੁਦਰ `ਤੇ ਦੋਵੇਂ ਬੱਚੇ ਤੇ ਉਹਨਾਂ ਦੇ ਪ੍ਰਵਾਰ ਇੱਕ ਦੂਜੇ ਲਈ ਬਰਾਬਰ ਦੇ ਮਾਨ-ਸਤਿਕਾਰ-ਪਿਆਰ-ਸਾਂਝ ਦੇ ਹੱਕਦਾਰ ਹੁੰਦੇ ਹਨ। ਇਥੇ ਨਾ ਮੁੰਡੇ ਵਾਲਿਆਂ ਦਾ ਸਿਰ ਉੱਚਾ ਹੁੰਦਾ ਹੈ ਤੇ ਨਾ ਬੱਚੀ ਵਾਲਿਆਂ ਦਾ ਨੀਵਾਂ ਤੇ ਨਾ ਅਜਿਹੀਆਂ ਰਸਮਾਂ-ਰੀਤਾਂ-ਸੋਚਣੀ ਨੂੰ ਹੀ ਇਥੇ ਕੋਈ ਥਾਂ ਹੈ।

‘ਅਨੰਦ ਕਾਰਜ, ‘ਸਿੱਖੀ ਦੀ ਨਿੱਜੀ ਸ਼ਬਦਾਵਲੀ ਹੈ - ‘ਸਿੱਖ ਰਹਿਤ ਮਰਿਆਦਾ’ `ਚ ਸਪਸ਼ਟ ਹੈ, ਕਿ ਅਨੰਦ ਕਾਰਜ ਦੀ ਅਰੰਭਕ ਅਰਦਾਸ ਸਮੇਂ ਕੇਵਲ ਬੱਚੀ-ਬੱਚਾ ਤੇ ਉਹਨਾਂ ਦੇ ਮਾਤਾ-ਪਿਤਾ ਨੇ ਖੜੇ ਹੋਣਾ ਹੈ, ਬਾਕੀ ਸੰਗਤ ਸਜੀ ਰਹੇ। ਇਸਦਾ ਮਤਲਬ ਹੈ ਕਿ ਅਰੰਭਕ ਅਰਦਾਸ `ਚ “ਬੱਚੀ-ਬੱਚਾ ਤੇ ਉਹਨਾਂ ਦੇ ਮਾਤਾ-ਪਿਤਾ” ਦਾ ਹੋਣਾ ਹੀ ਜ਼ਰੂਰੀ ਹੈ। ਜਦਕਿ ਬਾਕੀ ਸੰਗਤ ਤੇ ਦੋਹਾਂ ਧਿਰਾਂ ਦੇ ਸੰਬੰਧੀ-ਮਿੱਤਰ ਜਿਉਂ ਜਿਉਂ ਪੁੱਜਣ, ਸਜਦੇ ਜਾਣ। ਇਸ ਤਰ੍ਹਾਂ ਬਿਨਾ ਢਿੱਲ ਨਿਯਤ ਸਮੇਂ `ਤੇ ਅਨੰਦ ਕਾਰਜ ਦੇ ਅਰੰਭ ਦਾ ਅਰਦਾਸਾ ਸੋਧਿਆ ਤੇ ਸਮੇਂ ਨਾਲ ਸਮਾਪਤੀ ਵੀ ਕੀਤੀ ਜਾ ਸਕਦੀ ਹੈ। ਅਰੰਭਕ ਅਰਦਾਸੇ ਬਾਅਦ, ਤਾਬਿਆ ਬੈਠੇ ਸੱਜਨ ਨੇ ਪੰਨਾਂ ੭੭੩ ਤੋਂ ਸੂਹੀ ਰਾਗ ਵਿਚਲੀ ਲਾਂਅ ਵਾਲੇ ਬੰਦ ਦਾ ਪਾਠ ਕਰਣਾ ਹੈ। ਉਪ੍ਰੰਤ ਉਸੇ ਲਾਂਅ ਦੇ ਪਾਠ ਦਾ ਸਾਜ਼ਾ ਰਾਹੀਂ ਕੀਰਤਨ ਤੇ ਬੱਚੀ-ਬੱਚੇ ਰਾਹੀਂ ਬਾਬਾ ਜੀ ਦੀ ਪ੍ਰਕਰਮਾ। ਹਰੇਕ ਲਾਂਅ ਦੀ ਸਮਾਪਤੀ `ਤੇ ਬੱਚੀ-ਬੱਚੇ ਨੇ ਆਪਣੇ ਵਲੋਂ ਪ੍ਰਵਾਣਗੀ ਸੂਚਕ ਮੱਥਾ ਟੇਕਣਾ ਤੇ ਮੁੜ ਅਗਲੀ ਲਾਂਅ ਦੇ ਸੁਨਣ ਲਈ ਹੱਥ ਜੋੜ ਕੇ ਖੜੇ ਹੋ ਜਾਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ, ਉਪ੍ਰੰਤ ਗੁਰਮਤਿ ਸਿੱਖਿਆ, ਛੇ ਪਉੜੀਆਂ (ਪੰਜ ਅਰੰਭਕ ਤੇ ਇੱਕ ਅੰਤਮ) ਅਨੰਦ ਸਾਹਿਬ ਦਾ ਪਾਠ ਤੇ ਅਰਦਾਸਾ, ਇਹੀ ਹੈ ਸਿੱਖ ਰਹਿਤ ਮਰਿਆਦਾ’ ਅਨੁਸਾਰ ਪੰਥਕ ਨਿਯਮ ਤੇ ਇਹੀ ਹੈ ਅਨੰਦ ਕਾਰਜ ਦਾ ਮੂਲ ਸਰੂਪ। ਇਸ ਤਰ੍ਹਾਂ ਸਿੱਖਾਂ ਦੇ ਅਨੰਦ-ਕਾਰਜ ਆਪਣੇ ਆਪ `ਚ, ਸਦਾ ਤੋਂ ਇੱਕ ਮਿਸਾਲ ਹੁੰਦੇ ਸਨ ਤੇ ਹੋਣਗੇ ਵੀ। ਬਾਕੀ ਆਡੰਬਰਾਂ, ਕਰਮਕਾਂਡਾਂ, ਅਨਮੱਤੀ ਤੇ ਬ੍ਰਾਹਮਣੀ ਰਸਮਾ-ਰੀਤਾਂ ਨਾਲ ਸਿੱਖ ਧਰਮ ਦਾ ਉੱਕਾ ਸੰਬੰਧ ਨਹੀਂ।

ਆਪਣੀ ਅਸਲੀਅਤ ਨੂੰ ਪਛਾਣਾਂਗੇ ਤਾਂ ਸਾਡੇ ਅਨੰਦਕਾਰਜਾਂ `ਚ ਘੁਸ ਚੁੱਕੀਆਂ ਅਨੇਕਾਂ ਬਿਪਰਨ ਰੀਤਾਂ-ਜਿਵੇਂ ਬਰਾਤਾਂ, ਘੋੜੀਆਂ-ਸੇਹਰੇ, ਢੁਕਾਅ, ਮਿਲਣੀਆਂ, ਜੈਮਾਲਾ, ਗੁਲਾਬੀ-ਲਾਲ ਰੰਗਾਂ ਵਾਲੇ ਭਰਮ, ਬੱਚੀ-ਬੱਚੇ ਲਈ ਉਚੇਚੇ ਗਦੇਲੇ, ਫੁਲ ਵਰਖਾ, ਬੈਂਡ ਆਦਿ ਆਪਣੇ ਆਪ ਕਿਨਾਰਾ ਕਰ ਜਾਣਗੇ। ਪੁਰਾਣੇ ਸੁਅੰਬਰਾਂ ਦੀ ਰਹਿੰਦ ਖੂੰਹਦ ਜੈਮਾਲਾ ਅਨੰਦਕਾਰਜ ਦਾ ਅੰਗ ਨਹੀਂ ਬਲਕਿ ਆਪਣੇ ਆਪ `ਚ ਪੂਰਣ ਵਿਆਹ ਹੈ। ਅਜਿਹਾ ਕਰ ਲੈਣ ਤੋਂ ਬਾਅਦ ਅਨੰਦ ਕਾਰਜ ਕੇਵਲ ਰੀਤ ਪੂਰੀ ਕਰਣਾ ਹੀ ਰਹਿ ਜਾਂਦਾ ਹੈ। ਉਪ੍ਰੰਤ ਸਾਡੀ ਹੀ ਹੂੜਮੱਤ ਦਾ ਪ੍ਰਗਟਾਵਾ ਹਨ, ਭੰਗੜੇ-ਸ਼ਰਾਬ ਆਦਿ ਵਰਗੀਆਂ ਕੁਰੀਤੀਆਂ, ਸੰਗਤ ਰੂਪ ਅਨੰਦਕਾਰਜ ਰਾਹੀਂ ਇੰਨ੍ਹਾਂ ਤੋਂ ਵੀ ਬਿਨਾ ਮਿਹਨਤ, ਬਿਨਾ ਪ੍ਰਚਾਰ ਤੇ ਬਿਨਾ ਕਿਸੇ ਦੀ ਰੁਸਵਾਈ ਲਏ, ਸਹਿਜੇ ਹੀ ਛੁਟਕਾਰਾ ਮਿਲ ਸਕੇਗਾ ਤੇ ਬੇਅੰਤ ਅਨਮਤੀ ਸਗਨਾਂ-ਰੀਤਾਂ-ਕਰਮਕਾਂਡਾਂ ਤੋਂ ਵੀ ਜਾਣ ਛੁੱਟ ਜਾਏਗੀ। ਅਜਿਹੇ ਸਮੇਂ ਸੰਬੰਧੀਆਂ ਨਾਲ ਫ਼ੋਟੋਆਂ ਖਿਚਵਾਣੀਆਂ ਮਾੜਾ ਸ਼ੌਂਕ ਨਹੀਂ ਪਰ ਅਜਿਹਾ ਕੰਮ ਪਾਤਸ਼ਾਹ ਦੀ ਹਜ਼ੂਰੀ `ਚ ਉੱਕਾ ਨਹੀਂ ਸ਼ੋਭਦਾ, ਇਹ ਤਸਵੀਰਾਂ ਲੰਗਰ ਲਈ ਤਿਆਰ ਕੀਤੇ ਪੰਡਾਲ ਆਦਿ `ਚ ਯੋਗ ਢੰਗ ਨਾਲ ਖਿਚਵਾਈਆਂ ਜਾ ਸਕਦੀਆਂ ਹਨ।

ਵੱਡੀ ਲੋੜ ਹੈ ਕਿ, ਬੱਚੀ ਵਾਲਿਆਂ ਨੇ ਜਿਸ ਗੁਰਦੁਆਰਾ ਸਾਹਿਬ ਦੇ ਸਥਾਨ `ਤੇ ਅਨੰਦ ਕਾਰਜ ਦਾ ਪ੍ਰਬੰਧ ਕੀਤਾ ਹੋਵੇ, ਬੱਚੀ-ਬੱਚਾ ਤੇ ਦੋਨਾਂ ਦੇ ਮਾਤਾ ਪਿਤਾ ਆਪਣੇ ਆਪ ਤੇ ਸਮੇਂ ਸਿਰ ਪੁੱਜਣ। ਦਿੱਤੇ ਸਮੇਂ `ਤੇ ਸ਼ਬਦ-ਕੀਰਤਨ ਦਾ ਆਰੰਭ ਹੋ ਜਾਵੇ। ਬੱਚੀ-ਬੱਚਾ ਤੇ ਦੋਨਾਂ ਪ੍ਰਵਾਰਾਂ ਦੀ ਥੋੜ੍ਹੀ ਜਿਹੀ ਹਿੰਮਤ ਨਾਲ, ਨਿਯਤ ਸਮੇਂ ਅਨੰਦ ਕਾਰਜ ਤੇ ਗੁਰਮਤਿ ਸਿੱਖਿਆ ਤੋਂ ਵਿਹਲੇ ਹੋਇਆ ਜਾ ਸਕਦਾ ਹੈ। ਜੇ ਬਹੁਤ ਕਰਨਾ ਹੋਵੇ ਤਾਂ ‘ਅਨੰਦ ਕਾਰਜ’ ਬਾਅਦ ਵਿਦਾਈ ਸਮੇਂ ਸਾਦੇ ਢੰਗ ਨਾਲ, ਖੁਸ਼ੀ ਦੇ ਪ੍ਰਗਟਾਵੇ ਲਈ ਬੈਂਡ ਵਜਵਾ ਲਿਆ ਜਾਵੇ, ਉਂਝ ਉਸਦੀ ਵੀ ਲੋੜ ਨਹੀਂ। ਇਸ ਤਰ੍ਹਾਂ ਸਾਨੂੰ ਮੋਜੂਦਾ ਅਨੰਦਕਾਰਜਾਂ `ਚ ਘੁਸ ਚੁੱਕੀਆਂ ਅਨੇਕਾਂ ਹੂੜਮੱਤਾਂ ਤੇ ਗੁਰਮਤਿ ਵਿਰੋਧੀ ਕਰਮਕਾਂਡਾਂ ਤੋਂ ਸਹਿਜੇ ਛੁਟਕਾਰਾ ਮਿਲ ਸਕਦਾ ਹੈ।

ਅਨਜਾਣੇ `ਚ ਸਿੱਖੀ ਦੇ ਦੁਸ਼ਮਣ- ਜਦੋਂ ਮੂਲ ਰੂਪ `ਚ ਅੱਜ ਅਨੰਦਕਾਰਜ ਦਾ ਅਧਾਰ ਹੀ ਬ੍ਰਾਹਮਣੀ ਜਾਂ ਹਿੰਦੂ ਵਿਆਹ ਚੱਲ ਰਿਹਾ ਹੋਵੇ ਤਾਂ ਮਹਿੰਦੀ ਦੀ ਰਾਤ, ਰੁੱਸਣਾ, ਗਾਨਾ, ਵਟਨਾ, ਮਾਈਏਂ ਪੈਣਾ, ਘੜੋਲੀ ਭਰਣਾ, ਖਾਰੇ ਬਿਠਾਉਣਾ, ਸੇਹਰਾਬੰਦੀ, ਘੋੜੀ ਚੜ੍ਹਣਾ, ਸਰਬਾਲਾ, ਬਰਾਤ, ਢੁਕਾਅ, ਮਿਲਨੀ, ਜੈਮਾਲਾ, ਦਾਜ-ਦਹੇਜ, ਜੁੱਤੀਆਂ ਛੁਪਾਉਣੀਆਂ, ਕਲੀਚੜੀਆਂ ਭਾਵ ਹਰੇਕ ਅਨਮਤੀ ਕਰਮਕਾਂਡ ਤੇ ਉਹਨਾਂ ਨਾਲ ਜੁੜੇ ਸਾਰੇ ਵਹਿਮ-ਭਰਮ-ਰੀਤਾਂ, ਸਗਨ-ਅਪਸਗ਼ਨ, ਜਾਤ-ਪਾਤ, ਚੰਗੇ-ਮੰਦੇ ਦਿਨਾਂ ਵਾਲੀ ਸੋਚਣੀ, ਥਿੱਤ-ਵਾਰ, ਸਰਾਧ-ਨਰਾਤੇ, ਤਾਰੇ ਡੁੱਬੇ-ਚੜ੍ਹੇ ਆਦਿ ਦੇ ਭਰਮ ਆਪਣੇ ਆਪ ਹੀ ਸਾਡੇ ਅਨੰਦ ਕਾਰਜਾਂ ਦਾ ਹਿੱਸਾ ਬਣ ਜਾਂਦੇ ਹਨ। ਖੁਸ਼ੀ ਦੇ ਕੰਮ ਦੇ ਨਾਂ `ਤੇ ਸਮਾਜ ਦੁਸ਼ਮਣ ਸ਼ਰਾਬ ਨੂੰ ਵੀ ਬਿਨਾ ਰੋਕ ਖੁੱਲ੍ਹਾ ਰਸਤਾ ਮਿਲ ਜਾਂਦਾ ਹੈ। ਚਲ ਰਹੇ ਰੁਝਾਣ ਦਾ ਭਿਆਨਕ ਸਿੱਟਾ ਹੈ ਕਿ ਇਸ ਤਰ੍ਹਾਂ ਨਾ ਅਸੀਂ ਦੁਨੀਆਂ ਨੂੰ ਦਸ ਸਕਦੇ ਅਤੇ ਨਾ ਹੀ ਆਪਣੀ ਔਲਾਦ ਨੂੰ ਕਿ ਸਿੱਖੀ ਦਾ ਨਿਆਰਾਪਣ ਕੀ ਹੈ? ਇਹੀ ਸਭ ਹਨ ਪਨੀਰੀ ਲਈ ਪਤਿਤਪੁਣੇ ਦੇ ਸੱਦੇ ਲਈ ਖੁੱਲੇ ਰਸਤੇ ਵੀ।

ਸੰਗਤ ਰੂਪ `ਚ ਅਨੰਦ ਕਾਰਜਾਂ ਦਾ ਵੱਡਾ ਲਾਭ-ਕਿਉਂਕਿ ਬੱਚੇ ਵਾਲਿਆਂ ਨੇ ਬਰਾਤ ਨੂੰ ਤਾਂ ਆਪਣੇ ਘਰ ਇਕਤ੍ਰ ਨਹੀਂ ਕਰਣਾ। ਸਾਰਿਆਂ ਨੇ ਨਿਯਤ ਸਮੇਂ, ਆਪਣੇ ਉੱਦਮ ਨਾਲ ਮਿਥੇ ਸਥਾਨ `ਤੇ ਪੁੱਜਣਾ ਹੈ। ਇਸ ਲਈ ਜਦੋਂ ਬਰਾਤ ਹੀ ਨਹੀਂ ਤਾਂ ਕਿਸੇ ਦਾ ਉਲ੍ਹਾਮਾ ਵੀ ਕਾਹਦਾ ਕਿ ‘ਬਰਾਤ ਲੈ ਕੇ ਚਲੇ ਗਏ, ਸਾਡੀ ਇੰਤਜ਼ਾਰ ਨਹੀਂ ਕੀਤੀ’। ਇਸ ਕਾਰਨ ਸੰਬੰਧੀਆਂ-ਮਿੱਤਰਾਂ ਵਿਚਕਾਰ ਪੈਦਾ ਹੁੰਦੀ ਜਾ ਰਹੀ ਵਾਧੂ ਦੀ ਖਿਚਾਤਾਣ-ਨਾਰਾਜ਼ਗੀ ਤੋਂ ਵੀ ਸਹਿਜੇ ਹੀ ਬਚਿਆ ਜਾ ਸਕਦਾ ਹੈ।

ਤਾਂ ਤੇ ਚੰਗਾ ਹੈ ਕਿ ਅਨੰਦਕਾਰਜ ਸੰਗਤ ਰੂਪ `ਚ ਹੀ ਕੀਤੇ ਜਾਣ। ਦੋਵੇਂ ਧਿਰਾਂ, ਖਾਸਕਰ ਬੱਚੇ ਵਾਲੇ ਜੇਕਰ ਪੂਰਾ ਸਹਿਯੋਗ ਦੇਣ ਤਾਂ ਮਿਥੇ ਸਮੇਂ `ਤੇ ਕੀਰਤਨ ਦਾ ਆਰੰਭ, ਗੁਰਮਤਿ ਸਿੱਖਿਆ, ਚਾਰ ਲਾਵਾਂ; ਸਾਰੇ ਕਾਰਜ ਸਮੇਂ ਸਿਰ ਹੋ ਜਾਣਗੇ। ਦੋਨਾਂ ਧਿਰਾਂ ਵਲੋਂ ਕੋਈ ਮਿੱਤਰ-ਸੰਬੰਧੀ ਦੇਰ ਨਾਲ ਆਏ ਜਾਂ ਅੱਗੇ-ਪਿੱਛੇ, ਕਿਸੇ ਨੂੰ ਉਲ੍ਹਾਮਾ ਨਹੀਂ ਹੋਵੇਗਾ। ਸਾਰਾ ਕਾਰਜ ਸੁਖਲੇ ਵਾਤਾਵਰਣ `ਚ ਹੋਵੇਗਾ। ਅੱਜ ਤਾਂ ਅਨੰਦ ਕਾਰਜਾਂ ਦਾ ਅਰਥ ਹੀ ਬਣ ਚੁੱਕਾ ਹੈ ਕਿ ‘ਕੁਝ ਵੀ ਸਮੇਂ ਸਿਰ ਨਹੀਂ’। ਅਸਲ `ਚ ਇਸ ਸਾਰੇ ਦੀ ਜੜ੍ਹ ਹੈ ਅਨੰਦਕਾਰਜਾਂ ਦਾ ਬ੍ਰਾਹਮਣੀ-ਕਰਨ। ਇਸਦੇ ਉਲਟ ਜੇਕਰ ਅਨੰਦਕਾਰਜ ਸੰਗਤ ਰੂਪ `ਚ, ਸਿੱਖ ਮਰਿਯਾਦਾ ਅਨੁਸਾਰ ਹੋਣ ਤਾਂ ਇਸ ਦਾ ਮੁੱਖ ਲਾਭ ਸਿੱਖ ਪ੍ਰਵਾਰਾਂ ਤੇ ਸਿੱਖ ਸੰਗਤਾਂ ਨੂੰ ਤਾਂ ਹੋਵੇਗਾ ਹੀ ਬਲਕਿ ਸਮੁਚੇ ਤੌਰ `ਤੇ ਦੂਜਿਆਂ ਵਿਚਕਾਰ ਵੀ ਸਿੱਖ ਧਰਮ ਦਾ ਮਾਨ-ਸਤਿਕਾਰ ਵਧੇਗਾ, ਪਤਿੱਤਪੁਣੇ `ਚ ਵੀ ਰੋਕ ਆਵੇਗੀ। #53Gs09.02s09#

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ Phone 011-26236119, 9811292808 Web site gurbaniguru.org

Also Available at www.sikhmarg.com




.