.

ਅਰਥ ਨਿਖਾਰ

ਅਰਬਦ ਨਰਬਦ ਧੁੰਧੂਕਾਰਾ”

ਪ੍ਰਿੰਸੀਪਲ ਗਿ: ਸੁਰਜੀਤ ਸਿੰਘ, ਸਿਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਰਾਗ ਮਾਰੂ `ਚ, “ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਪੰਨਾ 1035 `ਤੇ ਪਹਿਲੇ ਪਾਤਸ਼ਾਹ ਦਾ ਇੱਕ ਸ਼ਬਦ ਜੋ 16 ਬੰਦਾਂ ਦਾ ਕਾਫ਼ੀ ਲੰਮਾਂ ਸ਼ਬਦ ਹੈ ਉਹ ਇਸ ਤਰ੍ਹਾਂ ਹੈ:

“ਮਾਰੂ ਮਹਲਾ ੧॥ ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ ੧ ॥ ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨ ਨੀਰੁ ਵਹਾਇਦਾ॥ ੨ ॥ ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀਂ ਖੈ ਕਾਲਾ॥ ਨਰਕ ਸੁਰਗੁ ਨਹੀਂ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ ੩ ॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ ਨਾਰਿ ਪੁਰਖੁ ਨਹੀਂ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ ੪ ॥ ਨਾ ਤਦਿ ਜਤੀ ਸਤੀ ਬਨਵਾਸੀ॥ ਨਾ ਤਦਿ ਸਿਧ ਸਾਧਿਕ ਸੁਖਵਾਸੀ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ॥ ੫ ॥ ਜਪ ਤਪ ਸੰਜਮ ਨਾ ਬ੍ਰਤ ਪੂਜਾ॥ ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ ੬ ॥ ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗ+ਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥ ੭ ॥ ਕਰਮ ਧਰਮ ਨਹੀਂ ਮਾਇਆ ਮਾਖੀ॥ ਜਾਤਿ ਜਨਮੁ ਨਹੀਂ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀਂ ਮਾਥੈ ਨਾ ਕੋ ਕਿਸੈ ਧਿਆਇਦਾ॥ ੮ ॥ ਨਿੰਦੁ ਬਿੰਦੁ ਨਹੀਂ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨ ਮਾਛਿੰਦੋ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣ ਗਣਾਇਦਾ॥ ੯ ॥ ਵਰਨ ਭੇਖ ਨਹੀਂ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥ ਹੋਮ ਜਗ ਨਹੀਂ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥ ੧੦ ॥ ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥ ੧੧ ॥ ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀਂ ਰਕਤੀ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ॥ ੧੨ ॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ ਪੁਰਾਣ ਉਦੈ ਨਹੀਂ ਆਸਤ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥ ੧੩ ॥ ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪ ॥ ਵਿਰਲੇ ਕਉ ਗੁਰ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ ੧੫ ॥ ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ ੧੬ ॥ ੩ ॥ ੧੫ ॥”

ਇਹ ਉਹ ਸ਼ਬਦ ਹੈ ਜਿੱਥੇ ਸਾਡੇ ਬਹੁਤੇ ਪ੍ਰਚਾਰਕ-ਕਥਾਵਾਚਕ, ਗੁਰਬਾਣੀ ਸਿਧਾਂਤਾਂ ਨੂੰ ਸਮਝੇ-ਪੜਚੋਲੇ ਬਿਨਾ ਸ਼ਬਦ ਦੇ ਗ਼ਲਤ ਅਰਥ ਪੇਸ਼ ਕਰ ਰਹੇ ਹਨ। ਹੋਰ ਤਾਂ ਹੋਰ, ਅਜਿਹੇ ਦਰਦੀ ਤੇ ਸੂਝਵਾਣ ਸੱਜਨ ਵੀ ਹਨ ਜੋ ਉਂਝ ਤਾਂ ਸੁਲਝੇ ਵਿਚਾਰਾਂ ਦੇ ਹੁੰਦੇ ਹਨ, ਫ਼ਿਰ ਵੀ ਸ਼ਬਦ ਦੇ ਮੂਲ ਅਰਥਾਂ ਬਾਰੇ ਗੁੰਝਲਾਂ `ਚ ਪਏ ਨਜ਼ਰ ਆਉਂਦੇ ਹਨ। ਉਹ ਵੀ ਇਸ ਸ਼ਬਦ ਲਈ ਇਹੀ ਮੰਨ ਕੇ ਚਲ ਰਹੇ ਹੁੰਦੇ ਹਨ ਜਿਵੇਂ ਕਿ ਪਾਤਸ਼ਾਹ ਕਹਿ ਰਹੇ ਹੋਣ “ਰਚਨਾ ਤੋਂ ਪਹਿਲਾਂ ਅਕਾਲਪੁਰਖ ਸਚਮੁਚ ਹੀ ਸਮਾਧੀ ਲਗਾ ਕੇ ਬੈਠਾ ਸੀ”। ਉਪ੍ਰੰਤ ਜਿਵੇਂ ਅਕਾਲਪੁਰਖ ਨੇ ਬਖ਼ਸ਼ਿਸ਼ ਕੀਤੀ, ਸਮੇਂ ਸਮੇਂ ਵੱਖ ਵੱਖ ਸੱਜਨਾਂ ਨਾਲ ਵਿਚਾਰ ਵਿਟਾਂਦਰੇ ਸਮੇਂ ਸ਼ਬਦ ਦੇ ਅਰਥਾਂ ਨੂੰ ਸਪਸ਼ਟ ਕਰਣ ਦਾ ਅਵਸਰ ਬਣਿਆ। ਇਸ ਲਈ ਜ਼ਰੂਰੀ ਹੈ ਕਿ ਇਸਦੇ ਅਰਥਾਂ ਨੂੰ ਲਿਖਤ ਰੂਪ `ਚ ਵੀ ਦੇ ਦਿੱਤਾ ਜਾਵੇ। ਨਾਲ ਨਾਲ, ਗੁਰਬਾਣੀ ਬਾਰੇ ਅਸਾਂ ਇਸ ਸਚਾਈ ਨੂੰ ਵੀ ਧਿਆਨ `ਚ ਰਖਨਾ ਹੈ ਕਿ ਗੁਰਬਾਣੀ ਸਮੁੰਦਰ `ਚ ਚੁਭੀਆਂ ਲਗਾ ਲਗਾ ਕੇ, ਇਥੋਂ ਜੀਵਨ ਦੀ ਸੰਭਾਲ ਲਈ ਗੁਰਬਾਣੀ ਸਿਧਾਂਤਾਂ ਦਾ ਪ੍ਰਗਟ ਹੋ ਜਾਣਾ ਹੋਰ ਗੱਲ ਹੈ, ਤਾਕਿ ਅਸੀਂ ਆਪਣੇ ਜੀਵਨ ਦੀ ਗੁਰੂ ਅਗਿਆ `ਚ ਸੰਭਾਲ ਕਰ ਸਕੀਏ। ਇਸਦੇ ਬਾਵਜੂਦ ਗੁਰਬਾਣੀ ਦੀ ਗਹਿਰਾਈ ਜਾਂ ਕਿਸੇ ਵੀ ਸ਼ਬਦ ਦੇ ਅੰਤਿਮ ਅਰਥਾਂ ਤੀਕ ਪੁਜਣਾ ਕਦੇ ਵੀ ਸੰਭਵ ਨਹੀਂ ਹੋਵੇਗਾ। ਕਾਰਨ, ਗੁਰਬਾਣੀ `ਚ ਅਨੰਤ ਕਾਲ ਤੀਕ ਦੀਆਂ ਸਚਾਈਆਂ ਮੌਜੂਦ ਹਨ ਅਤੇ ਸਾਡੇ ਕੀਤੇ-ਸਮਝੇ ਅਰਥਾਂ ਦਾ ਆਧਾਰ ਸਮੇਂ ਦੀ ਰਹਿਣੀ-ਜੀਵਨ ਹੀ ਹੋਣਾ ਹੈ, ਵਧ ਨਹੀਂ। ਇਸੇ ਕਰਕੇ ਅਜੋਕੇ ਵਿਗਿਆਨ ਦੇ ਯੁਗ `ਚ ਵੀ ਵਿਗਿਆਨੀ ਮੇਹਨਤਾਂ-ਮੁਸ਼ੱਕਤਾ-ਖੋਜਾਂ ਤੇ ਵੱਡੇ ਵੱਡੇ ਤਜੁਰਬੇ ਕਰ-ਕਰ ਕੇ ਜਿੱਥੇ ਪੁਜਦੇ ਹਨ, ਉਸ ਪ੍ਰਾਪਤੀ ਦਾ ਆਧਾਰ ਗੁਰਬਾਣੀ `ਚ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ। ਕਿਉਂਕਿ ਗੁਰਬਾਣੀ ਦਾ ਦੂਜਾ ਸਿਰਾ ਉਸ ਅਕਾਲਪੁਰਖ ਨਾਲ ਜੁੜਿਆ ਹੈ ਜਿਸ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਇਸੇ ਕਾਰਨ ਸਿਧਾਂਤਕ ਪੱਖੋਂ ਤਾਂ ਨਹੀਂ, ਅਰਥਾਂ ਪਖੋਂ ਸਮੇਂ ਸਮੇਂ ਨਾਲ ਗੁਰਬਾਣੀ ਦੇ ਅਰਥਾਂ `ਚ ਨਿਖਾਰ ਸਦਾ ਆਉਂਦਾ ਹੀ ਰਵੇਗਾ ਤੇ ਇਸਨੂੰ ਕੋਈ ਵੱਡੇ ਤੋਂ ਵੱਡਾ ਗੁਰਬਾਣੀ ਦਾ ਵਿਦਵਾਨ ਵੀ ਕਦੇ ਨਹੀਂ ਰੋਕ ਸਕੇਗਾ।

“ਰੂਪੁ ਨ ਰੇਖ ਨ ਰੰਗੁ ਕਿਛੁ” -ਚੇਤਾ ਰਹੇ! ਗੁਰਦੇਵ ਨੇ ਗੁਰਬਾਣੀ ਰਾਹੀਂ ਜੀਵ ਨੂੰ ਜਿਸ ਅਕਾਲਪੁਰਖ ਦੀ ਸੋਝੀ ਬਖਸ਼ੀ ਤੇ ਜਿਸ ਪ੍ਰਭੂ ਨਾਲ ਜੋੜਿਆ ਹੈ ਉਹ ਕਰਤਾਰ, ਰੂਪ ਰੰਗ ਰੇਖ ਤੋਂ ਨਿਆਰਾ ਤੇ ਸੰਪੂਰਣ ਰਚਨਾ `ਚ ਵੱਸ ਰਿਹਾ ਹੈ। ਜੀਵ ਅੰਦਰ ਵੀ ਜੋ ਜੀਵਨ ਸੱਤਾ ਹੈ ਉਹ ਪ੍ਰਭੂ ਦੀ ਹੀ ਹੋਂਦ ਹੈ, ਲੋੜ ਹੈ ਤਾਂ ਗੁਰਬਾਣੀ ਰਾਹੀਂ ਪ੍ਰਭੂ ਦੀ ਪਹਿਚਾਣ ਕਰਣ ਦੀ। ਗੁਰਬਾਣੀ `ਚ ਇੱਕ ਨਹੀਂ ਬੇਅੰਤ ਵਾਰੀ ਅਕਾਲਪੁਰਖ ਪ੍ਰਤੀ ਦ੍ਰਿੜ ਕਰਵਾਇਆ ਹੈ ਕਿ “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ” (ਪੰ: 283)। ਭਾਵ ਪ੍ਰਭੂ ਦਾ ਰੂਪ, ਰੰਗ, ਰੇਖ, ਕੁਲ ਆਦਿ ਨਹੀਂ ਹੁੰਦੀ। ਪ੍ਰਭੂ ਅਜੂਨੀ ਤੇ ਸੈਭੰ ਹੈ। ਉਪ੍ਰੰਤ ਉਸ ਰੂਪ, ਰੰਗ, ਰੇਖ ਤੋਂ ਨਿਆਰੇ, ਅਨੰਤ ਪ੍ਰਭੂ ਅਕਾਲਪੁਰਖ ਬਾਰੇ ਅਜਿਹਾ ਪ੍ਰਭਾਵ ਜਾਂ ਅਰਥ ਲੈਣੇ ਕਿ ਰਚਨਾ ਦੇ ਅਰੰਭ ਤੋਂ ਪਹਿਲਾਂ, ਪ੍ਰਭੂ ਅਨੰਤ ਸਮੇਂ ਤੀਕ ਸਮਾਧੀ ਲਗਾ ਕੇ ਬੈਠਾ ਸੀ, ਗੁਰਮਤਿ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਵਿਸ਼ੇ ਅਨੁਸਾਰ ਕੁੱਝ ਹੋਰ ਪ੍ਰਮਾਣ “ਨਾ ਤਿਸੁ ਮਾਤ ਪਿਤਾ ਸੁਤ ਬੰਧਪ, ਨਾ ਤਿਸੁ ਕਾਮੁ ਨ ਨਾਰੀ॥ ਅਕੁਲ ਨਿਰੰਜਨ ਅਪਰ ਪਰੰਪਰੁ, ਸਗਲੀ ਜੋਤਿ ਤੁਮਾਰੀ॥ ੨ ॥ ਘਟ ਘਟ ਅੰਤਰਿ ਬ੍ਰਹਮੁ ਲੁਕਾਇਆ, ਘਟਿ ਘਟਿ ਜੋਤਿ ਸਬਾਈ॥ ਬਜਰ ਕਪਾਟ ਮੁਕਤੇ ਗੁਰਮਤੀ, ਨਿਰਭੈ ਤਾੜੀ ਲਾਈ(ਪੰ: 597) ਗੁਰਦੇਵ ਤਾਂ ਇਹ ਵੀ ਬਾਰ ਬਾਰ ਸਪਸ਼ਟ ਕਰਦੇ ਹਨ ਕਿ ਪ੍ਰਭੂ ਆਪਣੀ ਇਸ ਰਚਨਾ ਤੋਂ ਵੱਖ ਨਹੀਂ, ਪ੍ਰਭੂ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਹੈ। ਇਸੇ ਤਰ੍ਹਾਂ ਇਥੇ “ਨਿਰਭੈ ਤਾੜੀ ਲਾਈ” ਦੇ ਵੀ ਕੁੱਝ ਲੋਕ ‘ਸਮਾਧੀ’ ਵਾਲੇ ਅਰਥ ਹੀ ਲੈਂਦੇ ਹਨ, ਜਦਕਿ ਅਰਥ ਹਨ “ਗੁਰੂ ਦੀ ਮਤਿ ਤੇ ਤੁਰ ਕੇ ਜਿਸ ਮਨੁੱਖ ਅੰਦਰੋਂ (ਵਿਕਾਰਾਂ ਤੇ ਮੋਹ ਮਾਇਆ ਆਦਿ ਵਾਲੇ) ਕਰੜੇ ਕਿਵਾੜ ਖੁਲ੍ਹ ਜਾਂਦੇ ਹਨ ਤਾਂ ਉਸ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਜੀਵ `ਚ ਵਿਆਪਕ ਹੋ ਕੇ ਵੀ ਪ੍ਰਭੂ ਆਪ ਹੀ ਨਿਰਭਉ ਅਵਸਥਾ `ਚ ਟਿਕਿਆ ਹੋਇਆ ਹੈ”। ਇਥੇ ‘ਤਾੜੀ ਲਾਈ’ ਦੇ ਅਰਥ ਹਨ ‘ਟਿਕਿਆ ਹੋਇਆ’ ਨਾ ਕਿ ‘ਸਮਾਧੀ’।

“ਜਹ ਦੇਖਾ ਤਹ ਅਵਰੁ ਨ ਕੋਇ” - ਗੁਰਦੇਵ ਦ੍ਰਿੜ ਕਰਵਾਉਂਦੇ ਹਨ, ਐ ਮਨੁੱਖ! ਇਹ ਜਾਨਣਾ ਤੇਰਾ ਕੰਮ ਨਹੀਂ ਕਿ ਰੱਬ ਜੀ ਕਦੋਂ ਹੋਏ? ਰਚਨਾ ਕਦੋਂ ਬਣੀ? ਕਿਵੇਂ ਬਣੀ ਆਦਿ. . । ਅਜਿਹੇ ਸੁਆਲ ਕਰਨੇ ਕੇਵਲ ਤੇਰੀ ਮੂਰਖਤਾ ਦਾ ਹੀ ਪ੍ਰਗਟਾਵਾ ਹਨ। ਦਰਅਸਲ ਸਮੁਚੀ ਰਚਨਾ ਪ੍ਰਭੂ ਦਾ ਆਪਣਾ ਹੀ ਵਿਸਤਾਰ ਤੇ ਨਾਸ਼ਵਾਨ ਹੈ, ਜਦਕਿ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਕੇਵਲ ਇਕਲਾ ਪ੍ਰਭੂ ਹੀ ਸਦੀਵੀ ਹੈ। ਗੁਰਬਾਣੀ ਅਨੁਸਾਰ ਰਚਨਾ, ਪ੍ਰਭੂ ਦਾ ਸਰਗੁਣ ਸਰੂਪ ਹੈ, ਉਸਤੋਂ ਭਿੰਨ ਨਹੀਂ। ਫ਼ੁਰਮਾਣ ਹੈ “ਤੂੰ ਪੇਡੁ ਸਾਖ ਤੇਰੀ ਫੂਲੀ॥ ਤੂੰ ਸੂਖਮੁ ਹੋਆ ਅਸਥੂਲੀ॥ ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ” (ਪੰ: 102) ਜਾਂ “ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: 294) ਨਿਰਗੁਣ ਪ੍ਰਭੂ ਤਾਂ ਰਚਨਾ ਦੇ ਜ਼ਰੇ ਜ਼ਰੇ `ਚ ਵਿਚਰ ਰਿਹਾ ਤੇ ਰਚਨਾ `ਚ ਜੀਵਨ ਸਤਿਆ ਦੇ ਰੂਪ `ਚ ਹੈ। ਜਿਸ ਰਚਨਾ ਬਾਰੇ ਨਾਸਮਝ ਇਨਸਾਨ ਸੁਆਲ ਕਰਦਾ ਹੈ ‘ਪਹਿਲਾਂ ਮੁਰਗੀ ਹੋਈ ਜਾਂ ਆਂਡਾ’ ਜੇਕਰ ਉਸ ਨੂੰ ਸਮਝ ਆ ਜਾਵੇ “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ” (ਬਾਣੀ ਜਪੁ)) ਤਾਂ ਇਹ ਘੁੰਣਤਰਾਂ ਹੀ ਮੁੱਕ ਜਾਣ। ਰਚਨਾ ਤਾਂ ਕਰਤੇ ਲਈ ਕੇਵਲ “ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ” (ਪੰ: 284) ਹੀ ਹੈ। ਜਦੋਂ ਚਾਹੇ ਪ੍ਰਭੂ ਇਸ ਨੂੰ ਫੈਲਾਅ ਦੇਵੇ ਜਾਂ ਸਮੇਟ ਲਵੇ, ਤਾਂ ਉਥੇ ਅਜੇਹੇ ਸੁਆਲਾਂ-ਜੁਆਬਾਂ ਦਾ ਕੀ ਮੁੱਲ? ਜਦੋਂ “ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ॥ ਸਗਲੇ ਸੈਲ ਉਪਾਇ ਸਮਾਏ, ਅਲਖੁ ਨ ਲਖਣਾ ਜਾਈ ਹੇ” (ਪੰ: 1021) ਇਹੀ ਨਹੀਂ “ਸਹਜਿ ਮਿਲੈ ਮਿਲਿਆ ਪਰਵਾਣੁ॥ ਨਾ ਤਿਸੁ ਮਰਣੁ ਨ ਆਵਣੁ ਜਾਣੁ॥ ਠਾਕੁਰ ਮਹਿ ਦਾਸੁ, ਦਾਸ ਮਹਿ ਸੋਇ॥ ਜਹ ਦੇਖਾ ਤਹ ਅਵਰੁ ਨ ਕੋਇ” (ਪੰ: 686) ਭਾਵ ਰੂਪ ਰੰਗ, ਰੇਖ ਤੋਂ ਨਿਆਰਾ ਹੋਣ ਦੇ ਬਾਵਜੂਦ ਪ੍ਰਭੂ ਰਚਨਾ `ਚ ਵਿਆਪਕ ਹੈ ਤੇ ਰਚਨਾ ਦੇ ਹਰੇਕ ਅੰਗ `ਚ ਪ੍ਰਭੂ ਦੀ ਆਪਣੀ ਹੀ ਜੀਵਨ ਸੱਤਾ ਕੰਮ ਕਰ ਰਹੀ ਹੈ। ਪ੍ਰਭੂ ਸਦੀਵੀ ਹੈ ਜਦਕਿ ਰਚਨਾ ਦਾ ਆਪਣਾ ਕੋਈ ਵਜੂਦ ਨਹੀਂ। ਤਾਂ ਤੇ ਜਗਿਆਸੂ ਜਦੋਂ ਇਸ ਸ਼ਬਦ ਦੀ ਗਹਿਰਾਈ `ਚ ਜਾਵੇਗਾ ਤਾਂ ਉਸ ਨੂੰ ਸ਼ਬਦ ਦੀ ਇੱਕ ਇੱਕ ਪੰਕਤੀ ਚੋਂ ਰਚਨਾ ਦੇ ਮੂਲ਼, ਪ੍ਰਭੂ ਤੇ ਉਸ ਦੀ ਖੇਡ ਦੇ ਹੀ ਦਰਸ਼ਨ ਹੋਣਗੇ। ਬਲਕਿ ਪ੍ਰਭੂ ਨੂੰ ਭੁਲਾਅ ਕੇ ਮਨੁੱਖ ਰਾਹੀਂ ਫੈਲਾਏ ਪਾਖੰਡ ਜਾਲ ਦੀ ਵੀ ਸਮਝ ਆਉਂਦੀ ਜਾਵੇਗੀ

“ਪਿਤਾ ਕਾ ਜਨਮੁ ਕਿ ਜਾਨੈ ਪੂਤੁ” -ਕਈ ਵਾਰੀ ਗੋਦ ਲਏ ਬੱਚੇ ਨੂੰ ਤਾਂ ਜੀਵਨ ਭਰ ਪਤਾ ਨਹੀਂ ਹੁੰਦਾ ਕਿ ਉਸ ਦੇ ਮਾਤਾ-ਪਿਤਾ, ਅਸਲੀ ਨਹੀਂ ਹਨ। ਉਪ੍ਰੰਤ ਔਲਾਦ ਨੂੰ ਆਪਣੇ ਮਾਤਾ ਪਿਤਾ ਤੋਂ ਹੀ ਗਿਆਨ ਹੁੰਦਾ ਹੈ ਕਿ ਅਮੁਕੇ ਮਾਤਾ ਪਿਤਾ ਹੀ ਉਸ ਨੂੰ ਜਨਮ ਦੇਣ ਵਾਲੇ ਹਨ। ਫ਼ਿਰ ਬੱਚਾ, ਜਿਸ ਆਪਣਾ ਹੀ ਜਨਮ ‘ਧੁੰਧੂਕਾਰਾ’ ਭਾਵ ਹਨੇਰੇ `ਚ ਹੈ ਉਹ ਕਿਵੇਂ ਦੱਸ ਸਕਦਾ ਹੈ ਕਿ ਉਸ ਦੇ ਮਾਤਾ ਜਾਂ ਪਿਤਾ ਕਦੋਂ ਪੈਦਾ ਹੋਏ। ਠੀਕ ਜਾਂ ਗ਼ਲਤ, ਉਸ ਨੂੰ ਉਤਨਾ ਹੀ ਪਤਾ ਹੁੰਦਾ ਹੈ ਜਿਤਨਾ ਉਸ ਨੂੰ ਕਿਸੇ ਦਸਿਆ। ਖੂਬੀ ਇਹ ਕਿ ਉਹੀ ਮਨੁੱਖ ਜੋ ਆਪਣੇ ਮਾਤਾ-ਪਿਤਾ ਬਲਕਿ ਆਪੇ ਜਨਮ ਦੀ ਅਸਲੀਅਤ ਬਾਰੇ ਬੁੱਝ ਸਕਦਾ, ਮਨ `ਚ ਅਜੇਹੇ ਸੁਆਲ ਲੈ ਕੇ ਬੈਠਾ ਹੁੰਦਾ ਹੈ ਜੋ ਉਸ ਦੀ ਸੀਮਾ ਦੇ ਵੀ ਨਹੀਂ ਹੁੰਦੇ ਬਲਕਿ ਉਸ ਦੀ ਮੂਰਖਤਾ ਦੀ ਹੀ ਉਪਜ ਹੁੰਦੇ ਹਨ।

ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਲੋਕਾਈ `ਚ ਅਜੇਹੇ ਹੀ ਅਨੇਕਾਂ ਸੁਆਲ ਪ੍ਰਚਲਤ ਸਨ। ਜਿਸਦਾ ਨਤੀਜਾ, ਧਰਮ ਦੇ ਬਨਾਵਟੀ ਠੇਕੇਦਾਰਾਂ-ਠੱਗਾਂ ਨੇ ਭੋਲੀ ਭਾਲੇ ਲੋਕਾਂ ਨੂੰ ਅਗਿਆਣਤਾ ਚੋਂ ਕੱਢਣ ਦੀ ਬਜਾਏ, ਆਪਣੇ ਹਲਵੇ-ਮਾਂਡੇ ਤੇ ਫੋਕੀ ਵਾਹ! ਵਾਹ ਲਈ, ਇਨਸਾਨ ਨੂੰ ਹੋਰ ਗੁੰਝਲਾਂ `ਚ ਪਾਇਆ ਤੇ ਉਲਝਾਇਆ। ਗੁਰਦੇਵ ਨੇ ਅਜਿਹੇ ਮੂਰਖਤਾ ਪੂਰਣ ਸੁਆਲਾਂ ਨੂੰ ਨਕਾਰਿਆ ਤੇ ਫ਼ੁਰਮਾਇਆਂ “ਪਿਤਾ ਕਾ ਜਨਮੁ ਕਿ ਜਾਨੈ ਪੂਤੁ” (ਪੰ: 284)। ਇਸ ਤਰ੍ਹਾਂ ਲੋਕਾਈ ਨੂੰ ਸੁਚੇਤ ਕੀਤਾ ਤੇ ਤੱਤ ਦੀ ਗੱਲ ਸਮਝਾਈ ਕਿ ਜਦੋਂ ਕੋਈ ਬੱਚਾ ਆਪਣਾ ਤੇ ਮਾਤਾ, ਪਿਤਾ ਬਾਰੇ ਨਹੀਂ ਦਸ ਸਕਦਾ ਤਾਂ ਉਹ ਪ੍ਰਭੂ ਤੇ ਉਸਦੀ ਰਚਨਾ ਬਾਰੇ ਅਜਿਹੇ ਸੁਆਲ ਕਿਵੇਂ ਕਰਦਾ ਹੈ?

ਕਵਣੁ ਸੁ ਵੇਲਾ ਵਖਤੁ ਕਵਣੁ” - ਮਨੁੱਖ ਦੇ ਅਜਿਹੇ ਮੂਰਖਤਾ ਪੂਰਨ ਸੁਆਲ ਤੇ ਧਾਰਮਕ ਠੇਕੇਦਾਰਾਂ ਦੇ ਉੱਤਰਾਂ ਦੀਆਂ ਹੀ ਕੁੱਝ ਵੰਨਗੀਆਂ ਹਨ (i) ਧਰਤੀ ਕਿਸ ਦੇ ਆਸਰੇ ਟਿਕੀ ਹੈ? () ਜੀਵ ਦੀ ਰਚਨਾ ਕਿਵੇਂ ਹੋਈ? (i) ਸੰਸਾਰ ਦੀ ਰਚਨਾ ਕਿਵੇਂ ਤੇ ਕਦੋਂ ਹੋਈ? ਇਸੇ ਤਰ੍ਹਾਂ ਇਹਨਾ ਸੁਆਲਾਂ ਦੇ ਉੱਤਰ `ਚ ਮਿਥਿਹਾਸਕ ਪ੍ਰਚਲਣ ਵੀ ਸਨ ਜਿਵੇਂ (i) ਧਰਤੀ ਨੂੰ ਕਿਸੇ ਬੈਲ ਨੇ ਆਪਣੇ ਸਿਂਗ ਤੇ ਚੁੱਕਿਆ ਹੈ। ਬੈਲ਼ ਸਿਂਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ। ਇਸੇ ਤਰ੍ਹਾਂ ਇੱਕ ਹੋਰ ਮਿਥ. ਧਰਤੀ ਹੇਠਾਂ ਖੀਰ (ਦੁਧ) ਸਮੁੰਦਰ `ਚ ਬੈਠੇ 1001 ਫਨਾਂ ਵਾਲੇ ਸ਼ੇਸ਼ਨਾਗ ਨੇ ਧਰਤੀ ਨੂੰ, ਆਪਣੇ ਫਣ `ਤੇ ਚੁਕਿਆ ਹੋਇਆ ਹੈ। () ਪਹਿਲੇ ਪਹਿਲ ਇੱਕ ਮਾਈ (ਮਾਤਾ) ਸੀ ਜੋ ਕਿਸੇ ਢੰਗ ਪ੍ਰਸੂਤੀ ਗਈ। ਉਸ ਤੋਂ ਤਿੰਨ ਚੇਲੇ (ਬ੍ਰਹਮਾ, ਵਿਸ਼ਨ, ਮਹੇਸ਼) ਪੈਦੇ ਹੋਏ ਮੰਨੇ ਜਾਂਦੇ ਹਨ। ਉਪ੍ਰੰਤ ਮਾਤਾ ਅਧੀਨ, ਤਿੰਨੇ ਚੇਲੇ ਸੰਸਾਰ ਦੀ ਉਤਪਤੀ, ਸੰਭਾਲ ਤੇ ਦਿਬਾਣ (ਸਮੇਟਣ) ਵਾਲੇ ਕਾਰਜ ਨਿਭਾਅ ਰਹੇ ਹਨ। (i) ਇੱਕ ਪਾਸੇ ਇਹ ਪ੍ਰਚਲਣ ਕਿ ਬ੍ਰਹਮਾ ਨੇ ਜਗਤ ਪੈਦਾ ਕੀਤਾ। ਫ਼ਿਰ ਇਹ ਵੀ ਮਿਥ ਹੈ ਕਿ ਬ੍ਰਹਮਾ ਆਪ ‘ਕਵਲ’ ਤੋਂ ਜੰਮਿਆ। ਸੁਆਲ ਪੈਦਾ ਹੁੰਦਾ ਹੈ ਕਿ ਜਦੋਂ ਸੰਸਾਰ ਹੀ ਨਹੀਂ ਸੀ ਤਾਂ ਕੰਵਲ ਦਾ ਜਨਮ ਕਿਥੋਂ ਤੇ ਕਿਵੇਂ ਹੋਇਆ? ਆਦਿ ਬੇਅੰਤ ਅਜਿਹੇ ਬੇਸਿਰਪੈਰ ਸੁਆਲ ਤੇ ਊਟ-ਪਟਾਂਗ ਜੁਆਬ।

“ਬੈਠਾ ਤਾੜੀ ਲਾਇ ਕਵਲੁ ਛਪਾਇਆ” - ਉਪ੍ਰੰਤ ਗੁਰਦੇਵ ਨੇ ਇਹਨਾ ਸੁਆਲਾਂ -ਜੁਆਬਾਂ ਦੀ ਕਲਈ ਖੋਲੀ ਹੈ ਜਿਵੇਂ (i) ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜੇ ਕੋ ਬੂਝੈ ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ? () ਮਾਈ (ਮਾਤਾ) ਵਾਲੇ ਪ੍ਰਚਲਣ ਦੇ ਖੋਖਲੇਪਣ ਬਾਰੇ ਦਸਦੇ ਹਨ। ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ. .” (ਬਾਣੀ ਜਪੁ, ਪਉੜੀ 30) ਅਤੇ “ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ॥ ੧ ॥” (i) “ਬੈਠਾ ਤਾੜੀ ਲਾਇ ਕਵਲੁ ਛਪਾਇਆ॥ ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ॥ ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ॥ ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ॥ ਨਾ ਤਿਸੁ ਭੁਖ ਪਿਆਸ ਰਜਾ ਧਾਇਆ॥ ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ॥ ਸਚੇ ਹੀ ਪਤੀਆਇ ਸਚਿ ਸਮਾਇਆ” (ਪੰ: 1279) ਭਾਵ ਜੇਕਰ ‘ਕਵਲ’ `ਚੋਂ ਬ੍ਰਹਮਾ ਪੈਦਾ ਹੋਇਆ ਤਾਂ ਕੰਵਲ ਦੀ ਉਤਪੱਤੀ ਕਿਥੋਂ ਹੋਈ? ਕਿਉਂਕਿ ਮਿਥ ਅਨੁਸਾਰ ਤਾਂ ਉਦੋਂ ਅਜੇ ਸੰਸਾਰ ਹੀ ਨਹੀਂ ਸੀ। ਗੁਰਦੇਵ ਫ਼ੁਰਮਾਉਂਦੇ ਹਨ “ਬੈਠਾ ਤਾੜੀ ਲਾਇ ਕਵਲੁ ਛਪਾਇਆ” ਦਰਅਸਲ ਮਿਥ ਹੀ ਕਹਿ ਰਹੀ ਹੈ ਕਿ ਪ੍ਰਭੂ ਦਾ ਵਜੂਦ ਉਸ ਤੋਂ ਵੀ ਪਹਿਲਾਂ ਸੀ।

ਇਸੇ ਤਰ੍ਹਾਂ “ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ” ਸਪਸ਼ਟ ਹੈ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” (ਪੰ: ੯੫੩) ਅਥਵਾ “ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ” (ਪੰ: 1248) ਗੁਰਦੇਵ ਨੇ ਅਜਿਹੇ ਸੁਆਲਾਂ-ਜੁਆਬਾਂ ਦੀ ਕਲਈ ਵੀ ਖੋਲੀ ਤੇ ਰੱਬੀ ਸੱਚ ਨੂੰ ਪ੍ਰਗਟ ਵੀ ਕੀਤਾ, ਉਹ ਰੱਬੀ ਸੱਚ ਜੋ ਸਤ ਪੜਦੇ ਪਾੜ ਕੇ ਵੀ ਜ਼ਾਹਿਰ ਹੋ ਜਾਂਦਾ ਹੈ।

ਧੁੰਧੂਕਾਰਾ” ਸੁੰਨ ਸਮਾਧਿ” “ਹੁਕਮੁ ਅਪਾਰਾ” - ਅਸਲ `ਚ ਵਿਚਾਰ ਅਧੀਨ ਸ਼ਬਦ ਦੇ ਮੂਲ਼ ਅਰਥਾਂ ਨੂੰ ਸਮਝਣ ਲਈ ਸ਼ਬਦ `ਚੋਂ “ਧੁੰਧੂਕਾਰਾ” ਸੁੰਨ ਸਮਾਧਿ” “ਹੁਕਮੁ ਅਪਾਰਾ” ਅਤੇ ਅੰਤਮ ਬੰਦ ੧੫, ੧੬ ਨੂੰ ਖਾਸ ਤੌਰ ਤੇ ਸਮਝਣ ਦੀ ਲੋੜ ਹੈ। ਵਿਚਾਰਣਾ ਹੈ ਕਿ “ਪਿਤਾ ਕਾ ਜਨਮੁ ਕਿ ਜਾਨੈ ਪੂਤੁ” ਅਨੁਸਾਰ ਜੇਕਰ ਔਲਾਦ ਲਈ ਪਿਤਾ ਦਾ ਜਨਮ ਹੀ “ਧੁੰਧੂਕਾਰਾ” (ਹਨੇਰਾ) ਹੈ ਤਾਂ ਜਦੋਂ ਰਚਨਾ ਹੀ ਨਹੀਂ ਸੀ ਤਾਂ ਕੀ ਉਹ ਸਭ ਜੀਵਾਂ ਲਈ ਘੋਰ ਹਨੇਰਾ ਨਹੀਂ ਤਾਂ ਕੀ ਹੋਵੇਗਾ? ਉਪ੍ਰੰਤ ਮਨੁੱਖ ਵਲੋਂ ਅਜਿਹੇ ਸੁਆਲ ਕਾਹਦੇ ਤੇ ਜੁਆਬ ਕਾਹਦੇ? ਬਸ ਇਹੀ ਹਨ “ਧੁੰਧੂਕਾਰਾ” ਦੇ ਅਰਥ। ਉਪ੍ਰੰਤ “ਸੁੰਨ ਸਮਾਧਿ” `ਚੋਂ ਲਫ਼ਜ਼ ‘ਸੁੰਨ’, ਸੰਸਕ੍ਰਿਤ ਦੇ ਲਫ਼ਜ਼ ‘ਸ਼ੂਨਯ’ ਦਾ ਪੰਜਾਬੀ ਰੂਪ ਹੈ ਜਿਸ ਨੂੰ ਅੰਗ੍ਰੇਜ਼ੀ `ਚ ‘ਜ਼ੀਰੋ’ (Zero) ਕਿਹਾ ਹੈ ਭਾਵ ਜਦੋਂ ਕੁੱਝ ਹੈ ਹੀ ਨਹੀਂ ਸੀ। ਉਪ੍ਰੰਤ ‘ਸਮਾਧ’ ਪ੍ਰਭੂ ਦੀ ਹੋਂਦ ਦਾ ਹੀ ਪ੍ਰਤੀਕ ਹੈ। ਭਾਵ ਜਦੋਂ ਕੁੱਝ ਨਹੀਂ ਸੀ ਤਾਂ ਵੀ ਪ੍ਰਭੂ ਦੀ ਹੋਂਦ ਹੈ ਸੀ। ਨਾ ਕਿ ਰੂਪ, ਰੰਗ, ਰੇਖ ਤੋਂ ਨਿਆਰਾ, ਅਜੂਨੀ ਪ੍ਰਭੂ ਕੋਈ ਵਿਸ਼ੇਸ਼ ਸਮਾਧੀ ਲਗਾ ਕੇ ਬੈਠਾ ਸੀ, ਜਦਕਿ ਪ੍ਰਭੂ ਤਾਂ “ਆਦਿ ਸਚੁ’ ਹੈ। ਠੀਕ ਇਸੇ ਤਰ੍ਹਾਂ ਹੈ ਜਿਵੇਂ ਆ ਚੁੱਕੇ ਦੋਨਾਂ ਪ੍ਰਮਾਣਾਂ `ਚ “ਨਿਰਭੈ ਤਾੜੀ ਲਾਈ” (ਪੰ: 597) ਅਤੇ “ਬੈਠਾ ਤਾੜੀ ਲਾਇ” (ਪੰ: 1279) ਦੇ ਅਰਥ ਹਨ ਕਿ ਪ੍ਰਭ ਤਾਂ ਵੀ ਮੌਜੂਦ ਸੀ। ਇਸੇ ਤਰ੍ਹਾਂ “ਅਕਾਲਮੂਰਤਿ” `ਚ ਮੂਰਤਿ ਉਪ੍ਰੰਤ “ਹੁਕਮੁ ਅਪਾਰਾ” ਦੇ ਅਰਥ ਹਨ ਜਦੋਂ ਪ੍ਰਭੂ ਦੀ ਹੋਂਦ ਹੈ ਸੀ ਤਾਂ ਪ੍ਰਭੂ ਦੀ ਹੁਕਮ ਵਾਲੀ ਸਤਿਆ ਵੀ ਹੈ ਸੀ (ਇਸੇ ਲਈ ਜਦੋਂ ਇਛਾ ਹੋਈ ਤਾਂ ਰਚਨਾ ਕਾਇਮ ਕਰ ਦਿੱਤੀ)।

ਪਦ ਅਰਥ-ਸਪਤ-ਸਤ। ੨। ਖੈ-ਨਾਸ ਕਰਨ ਵਾਲਾ। ਕਾਲਾ-ਕਾਲ। ੩। ਸਤੀ-ਸਦਾਚਾਰੀ ਜਤੀ- (ਬਿੰਦ ਸਾਂਭ ਕੇ ਰੱਖਣ ਦਾ ਜਤਨ ਕਰਨ ਵਾਲਾ) ਬ੍ਰਹਮਚਾਰੀ, ਜੰਗਮ-ਸ਼ਿਵ-ਉਪਾਸਕ ਜੋਗੀਆਂ ਦਾ ਇੱਕ ਭੇਖ। ੫। ਵੰਸੁ-ਬੰਸਰੀ। ੭। ਮਾਖੀ-ਮਾਖਿਓ, ਸ਼ਹਿਦ, ਮਿੱਠੀ। ਆਖੀ-ਅੱਖਾਂ ਨਾਲ। ੮। ਮਾਛਿੰਦੋ-ਮਾਛਿੰਦ੍ਰ ਨਾਥ। ਨਿੰਦੁ- ਨਿੰਦਾ। ਬਿੰਦੁ- ਉਸਤਤ, ਖ਼ੁਸ਼ਾਮਦ। ਕੁਲ ਗਣ ਗਣਾਇਦਾ- ਗਿਣਤੀਆਂ ਮਿੰਤੀਆਂ, ਲੇਖਾ ਜੋਖਾ। ਓਪਤਿ-ਕੁਲਾਂ ਦੀ ਉਤਪੱਤੀ। ੯। ਭਾਉ ਨ ਭਗਤੀ। ਸਿਵ-ਚੇਤਨ। ਸਕਤੀ-ਜੜ। ਬਿੰਦੁ ਨਹੀਂ ਰਕਤੀ. - ਰਕਤ, ਬਿੰਦ। ੧੨। ਉਦੈ ਨਹੀਂ ਆਸਤ- ਸੂਰਜ ਦਾ ਉਦੇ-ਅਸਤ (ਦਿਨ ਰਾਤ)। ੧੩। ਬਾਝੁ ਕਲਾ- (ਕਿਸੇ ਦਿੱਸਦੇ) ਸਹਾਰੇ ਬਿਨਾ। ਆਡਾਣੁ-ਪਸਾਰਾ। ਰਹਾਇਆ-ਟਿਕਾਇਆ। ੧੪।

ਅਰਥ - ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ ੧ 

ਅਰਥ-ਜਗਤ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਲਈ ਅਰਬਦ ਭਾਵ ਦਸ ਕਰੋੜ ਵਰ੍ਹੇ ਕਹਿਣਾ ਵੀ ਨਰਬਦ ਹੈ, ਭਾਵ ਇਹ ਲਫ਼ਜ਼ ਵੀ ਨਹੀਂ ਵਰਤਿਆ ਜਾ ਸਕਦਾ। ਇਸ ਤਰ੍ਹਾਂ ਉਦੋਂ ਜਦੋਂ ਰਚਨਾ ਹੈ ਹੀ ਨਹੀਂ ਸੀ ਤਾਂ ਉਸ ਸਮੇਂ ਨੂੰ ਬਿਆਨਿਆ ਹੀ ਕਿਵੇਂ ਜਾ ਸਕਦਾ ਹੈ? ਭਾਵ ਨਹੀਂ ਬਿਆਨਿਆ ਜਾ ਸਕਦਾ, ਇਸ ਲਈ ਉਸ ਸਮੇਂ ਨੂੰ ਰਚਨਾ ਪੱਖੋਂ ਕੇਵਲ) ਘੁਪ ਹਨੇਰਾ (Unknown time & not discribe-able) ਹੀ ਕਿਹਾ ਜਾ ਸਕਦਾ ਹੈ। ਓਦੋਂ ਪ੍ਰਭੂ ਦਾ ਪਸਾਰਾ ਭਾਵੇਂ ਸ਼ੂਨਯ (Zero) ਸੀ ਤਾਂ ਵੀ ਪ੍ਰਭੂ ਦੀ ਹੋਂਦ ਹੈ ਸੀ, ਪ੍ਰਭੂ ਟਿਕਿਆ ਹੋਇਆ ਸੀ। ਚੂੰਕਿ ਪ੍ਰਭੂ ਦੀ ਹੋਂਦ ਤਾਂ ਸੀ ਹੀ, ਫ਼ਿਰ ਜਦੋਂ ਉਸ ਦੀ ਇਛਾ ਹੋਈ ਉਸ ਨੇ “ਹੁਕਮੁ ਅਪਾਰਾ” ਭਾਵ ਆਪਣੇ ਹੁਕਮ ਦੀ ਖੇਡ ਨਾਲ ( “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ” ) ਅਨੁਸਾਰ ਰਚਨਾ ਪ੍ਰਗਟ ਕਰ ਦਿੱਤੀ। ਇਸਲਈ ਜਦੋਂ ਰਚਨਾ ਹੀ ਨਹੀਂ ਸੀ ਤਾਂ ਸਪਸ਼ਟ ਹੋਇਆ ਕਿ ਉਦੋਂ ਨਾ ਧਰਤੀ ਸੀ, ਨਾ ਆਕਾਸ਼; ਨਾ ਦਿਨ ਸੀ ਨਾ ਰਾਤ; ਨਾ ਚੰਦ ਸੀ ਨਾ ਸੂਰਜ। ਤਦੋਂ ਪ੍ਰਮਾਤਮਾ ਆਪਣੇ ਆਪ `ਚ ਹੀ ਲੀਨ ਸੀ ਜਾਂ ਉਸਦੀ ਹੁਕਮ ਵਾਲੀ ਸਤਿਆ ਸੀ। ਭਾਵ ਪ੍ਰਭੂ ਅਜਿਹੀ ਸਮਾਧੀ ਲਾਈ ਬੈਠਾ ਸੀ ਜਿਸ `ਚ ਕਿਸੇ ਤਰ੍ਹਾਂ ਦਾ ਫੁਰਨਾ ਹੈ ਹੀ ਨਹੀਂ ਸੀ। ੧।

ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨ ਨੀਰੁ ਵਹਾਇਦਾ॥ ੨॥

ਤਦੋਂ ਜਦੋਂ ਰਚਨਾ ਹੀ ਨਹੀਂ ਸੀ ਤਾਂ ਨਾ ਖਾਣੀਆਂ ਸਨ ਨਾ ਬਾਣੀਆਂ (ਨਾਦ) ਸਨ; ਨਾ ਹਵਾ ਸੀ ਨਾ ਪਾਣੀ ਸੀ; ਨਾ ਉਤਪੱਤੀ ਸੀ ਨਾ ਪਰਲੋ (ਅੰਤ) ਸੀ; ਨਾ ਜਨਮ ਸੀ ਨਾ ਮਰਨ ਸੀ; ਨਾ ਧਰਤੀ ਦੇ ਖੰਡ (ਟੁਕੜੇ) ਸਨ ਨਾ ਪਾਤਾਲ ਸੀ। ਨਾ ਨਦੀਆਂ `ਚ ਪਾਣੀ ਵਹਿ ਰਿਹਾ ਸੀ ਭਾਵ ਨਦੀਆਂ ਵਾਲਾ ਸਿਲਸਿਲਾ ਵੀ ਨਹੀਂ ਸੀ ਇਸ ਲਈ ਨਾ ਸਤ ਸਮੁੰਦਰ ਸਨ। ੨।

ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀਂ ਖੈ ਕਾਲਾ॥ ਨਰਕੁ ਸੁਰਗੁ ਨਹੀਂ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ ੩॥

ਤਦੋਂ ਨਾ (ਪ੍ਰਚਲਤ) ਸੁਰਗ, ਮਾਤ ਜਾਂ ਪਾਤਾਲ ਲੋਕ ਸਨ। ਨਾ ਦੋਜ਼ਖ਼-ਬਹਿਸ਼ਤ ਤੇ ਨਾ ਮੌਤ ਲਿਆਉਣ ਵਾਲਾ (ਮੰਨਿਆਂ ਜਾਂਦਾ) ਕਾਲ (ਦੇਵਤਾ) ਸੀ। ਤਦੋਂ ਨਾ ਨਰਕ- ਸੁਰਗ, ਨਾ ਜਨਮ-ਮਰਨ; ਨਾ ਸੰਸਾਰ `ਚ ਕੋਈ ਆਉਂਦਾ ਸੀ ਤੇ ਨਾ ਵਾਪਸ ਜਾਂਦਾ (ਮਰਦਾ) ਸੀ। ੩।

ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ ਨਾਰਿ ਪੁਰਖੁ ਨਹੀਂ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ ੪॥

ਤਦੋਂ ਨਾ (ਪ੍ਰਚਲਤ) ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ਸਨ। ਤਦੋਂ ਪ੍ਰਭੂ ਆਪ ਹੀ ਆਪ ਸੀ। ਤਦੋਂ ਨਾ ਕੋਈ ਇਸਤ੍ਰੀ ਸੀ ਨਾ ਮਰਦ, ਨਾ ਜਾਤ-ਜਨਮ ਦਾ ਸਿਲਸਿਲਾ ਸੀ ਇਸ ਲਈ ਦੁੱਖ-ਸੁਖ ਭੋਗਣ ਵਾਲਾ ਵੀ ਕੋਈ ਨਹੀਂ ਸੀ। ੪।

ਨਾ ਤਦਿ ਜਤੀ ਸਤੀ ਬਨਵਾਸੀ॥ ਨਾ ਤਦਿ ਸਿਧ ਸਾਧਿਕ ਸੁਖਵਾਸੀ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ॥ ੫॥

ਤਦੋਂ ਨਾ ਕੋਈ ਜਤੀ ਸੀ ਨਾ ਸਤੀ ਤੇ ਨਾ ਕੋਈ ਪ੍ਰਵਾਰ ਤਿਆਗ ਕੇ ਜੰਗਲਾਂ `ਚ ਜਾਣ ਵਾਲਾ ਤਿਆਗੀ ਸੀ। ਨਾ ਸਿੱਧ ਸਨ ਨਾ ਸਾਧਿਕ ਤੇ ਨਾ ਸੁਖਵਾਸੀ ਭਾਵ ਗ੍ਰਿਹਸਤੀ ਲੋਕ ਸਨ। ਤਦੋਂ ਨਾ ਕੋਈ ਜੋਗੀ ਸੀ ਨਾ ਜੰਗਮ ਤੇ ਨਾ ਉਹਨਾਂ ਦੇ ਗੁਰੂ ਅਖਵਾਉਣ ਵਾਲੇ (ਨਾਥ) ਸਨ। ੫।

ਜਪ ਤਪ ਸੰਜਮ ਨਾ ਬ੍ਰਤ ਪੂਜਾ॥ ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ ੬॥

ਤਦੋਂ ਨਾ ਜਪ-ਤਪ-ਬ੍ਰਤ-ਪੂਜਾ-ਸੰਜਮ ਆਦਿ ਕਰਮਕਾਂਡ ਸਨ। ਤਦੋਂ ਕੋਈ ਵੀ ਨਹੀਂ ਸੀ ਜੋ ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ। ਤਦੋਂ ਪ੍ਰਭੂ ਆਪ ਹੀ ਆਪਣੇ ਆਪ `ਚ ਪ੍ਰਗਟ ਤੇ ਪ੍ਰਸੰਨ ਰਹਿ ਕੇ ਆਪਣੀ ਹੋਂਦ ਦੀ ਕੀਮਤ ਵੀ ਆਪ ਹੀ ਪਾ ਰਿਹਾ ਸੀ। ੬।

ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗ+ਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥ ੭॥

ਤਦੋਂ ਨਾ ਕਿਤੇ ਸੁੱਚ-ਸੰਜਮ ਸੀ ਨਾ ਤੁਲਸੀ ਮਾਲਾ ਵਾਲੇ ਵਿਸ਼ਵਾਸ ਸਨ। ਤਦੋਂ ਨਾ ਕਿਤੇ ਕਾਨ੍ਹ ਭਾਵ ਕ੍ਰਿਸ਼ਨ ਸੀ, ਨਾ ਗਊਆਂ ਸਨ, ਨਾ ਗਊਆਂ ਲਈ ਕੋਈ ਗੁਆਲਾ ਸੀ। ਤਦੋਂ ਨਾ ਕੋਈ ਤੰਤ੍ਰਾਂ ਮੰਤਾਂ ਆਦਿ ਦੇ ਪਾਖੰਡ ਕਰਮ ਸਨ ਤੇ ਨਾ ਕੋਈ (ਕ੍ਰਿਸ਼ਨ) ਬੰਸਰੀ ਵਜਾ ਰਿਹਾ ਸੀ। ੭।

ਕਰਮ ਧਰਮ ਨਹੀਂ ਮਾਇਆ ਮਾਖੀ॥ ਜਾਤਿ ਜਨਮੁ ਨਹੀਂ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀਂ ਮਾਥੈ ਨਾ ਕੋ ਕਿਸੈ ਧਿਆਇਦਾ॥ ੮॥

ਤਦੋਂ ਨਾ ਕੋਈ ਧਾਰਮਿਕ ਕਰਮ-ਕਾਂਡ ਸਨ ਨਾ ਮਾਇਆ ਵਾਲੀ ਮਿਠਾਸ (ਮਮਤਾ) ਸੀ। ਤਦੋਂ ਨਾ ਕਿਤੇ ਕੋਈ (ਉੱਚੀ ਨੀਵੀਂ) ਜਾਤ (ਵਾਲਾ ਝਮੇਲਾ) ਸੀ ਤੇ ਨਾ ਕਿਸੇ ਜਾਤਿ `ਚ ਕੋਈ ਜਨਮ ਲੈਂਦਾ (ਅਖੀਂ) ਦਿਸਦਾ ਸੀ। ਤਦੋਂ ਨਾ ਕਿਤੇ ਮੋਹ ਮਾਇਆ ਵਾਲਾ ਜਾਲ ਸੀ, ਨਾ ਕਿਸੇ ਦੇ ਸਿਰ ਤੇ ਕਾਲ (ਕੂਕਦਾ ਸੀ) ਤੇ ਨਾ ਕੋਈ ਕਿਸੇ ਦਾ ਸਿਮਰਨ-ਧਿਆਨ ਹੀ ਧਰਦਾ ਸੀ। ੮।

ਨਿੰਦੁ ਬਿੰਦੁ ਨਹੀਂ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨਾ ਮਾਛਿੰਦੋ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ॥ ੯॥

ਤਦੋਂ ਨਾ ਕਿਤੇ ਨਿੰਦਿਆ ਸੀ ਨਾ ਖ਼ੁਸ਼ਾਮਦ, ਨਾ ਜੀਵਾਤਮਾ ਸੀ ਨਾ ਜਿੰਦ। ਤਦੋਂ ਨਾ ਗੋਰਖ ਨਾਥ ਸੀ ਨਾ ਮਾਛਿੰਦ੍ਰ। ਨਾ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾ ਸਮਾਧੀਆਂ। ਨਾ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾ ਕੋਈ (ਉਚੀ ਕੁਲ ਵਾਲਾ) ਹੰਕਾਰ ਹੀ ਕਰਦਾ ਸੀ। ੯।

ਵਰਨ ਭੇਖ ਨਹੀਂ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥ ਹੋਮ ਜਗ ਨਹੀਂ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥ ੧੦॥

ਤਦੋਂ ਨਾ ਬ੍ਰਾਹਮਣ ਖੱਤ੍ਰੀ ਆਦਿ ਵਰਣ ਸਨ; ਨਾ ਜੋਗੀਆਂ, ਸਨਿਆਸੀਆਂ, ਬੈਰਾਗੀਆਂ ਆਦਿ ਵਾਲੇ ਭੇਖ ਸਨ। ਨਾ ਕੋਈ ਦੇਵਤਾ ਸੀ ਤੇ ਨਾ ਦੇਵਤਿਆਂ ਦੇ ਮੰਦਰ; ਨਾ ਗਊ ਸੀ, ਨਾ ਗਾਇਤ੍ਰੀ ਆਦਿ ਦੇ ਮੰਤਰ ਸਨ। ਨਾ ਕਿਤੇ ਹਵਨ ਸਨ ਨਾ ਜੱਗ ਹੋ ਰਹੇ ਸਨ, ਨਾ ਤੀਰਥਾਂ ਦੇ ਸਨਾਨ ਸਨ ਤੇ ਨਾ ਕੋਈ (ਦੇਵਤਿਆਂ-ਭਗਵਾਨਾ ਦੀ) ਪੂਜਾ ਕਰ ਰਿਹਾ ਸੀ। ੧੦।

ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥ ੧੧॥

ਦੋਂ ਨਾ ਕੋਈ ਮੌਲਵੀ ਸੀ ਨਾ ਕਾਜ਼ੀ ਸੀ, ਨਾ ਸ਼ੇਖ਼ ਸੀ ਤੇ ਨਾ ਹਾਜੀ ਸੀ। ਤਦੋਂ ਨਾ ਪਰਜਾ ਸੀ ਨਾ ਕੋਈ ਰਾਜਾ। ਨਾ ਕਿਧਰੇ ਹਉਮੈ ਸੀ, ਨਾ ਹੀ ਕੋਈ ਅਜਿਹੀ ਗੱਲ ਕਰਨ ਵਾਲਾ ਸੀ। ੧੧।

ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀਂ ਰਕਤੀ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ॥ ੧੨॥

ਤਦੋਂ ਨਾ ਕਿਤੇ ਪ੍ਰੇਮ ਸੀ ਨਾ ਕਿਸੇ ਲਈ ਭਗਤੀ ਸੀ; ਨਾ ਜੜ੍ਹ ਸੀ ਨਾ ਚੇਤਨ। ਤਦੋਂ ਨਾ ਕੋਈ ਸੱਜਨ ਸੀ ਨਾ ਮਿੱਤਰ; ਨਾ ਪਿਤਾ ਦਾ ਵੀਰਜ ਸੀ ਨਾ ਮਾਂ ਦੀ ਰੱਤ; ਤਦੋਂ ਪ੍ਰਭੂ ਵੀ ਆਪ ਸੀ ਤੇ ਵਣਜਾਰਾ ਵੀ ਆਪ ਹੀ ਸੀ, ਕਿੳਂਕਿ ਸਦਾ-ਥਿਰ ਪ੍ਰਭੂ ਨੂੰ ਉਦੋਂ ਇਹੀ ਚੰਗਾ ਲੱਗਦਾ ਸੀ। ੧੨।

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ ਪੁਰਾਣ ਉਦੈ ਨਹੀਂ ਆਸਤ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥ ੧੩॥

ਤਦੋਂ ਨਾ ਵੇਦ ਸ਼ਾਸਤ੍ਰ ਸਿੰਮ੍ਰਿਤੀਆਂ ਸਨ, ਨਾ ਤੋਰਤੇ, ਅੰਜੀਲ, ਕੁਰਾਨ, ਬਾਈਬਲ ਸ਼ਾਮੀ ਕਿਤਾਬਾਂ ਸਨ। ਨਾ ਪੁਰਾਣਾਂ ਦੇ ਪਾਠ ਸਨ ਤੇ ਨਾ ਸੂਰਜ ਚੜ੍ਹਦਾ-ਡੁੱਬਦਾ ਸੀ। ਤਦੋਂ ਅਗੋਚਰ ਪ੍ਰਭੂ, ਆਪ ਹੀ ਬੋਲਣ ਚਾਲਣ ਵਾਲਾ ਸੀ, ਪ੍ਰਗਟ ਤੇ ਅਦ੍ਰਿਸ਼ਟ ਵੀ ਉਹ ਆਪ ਹੀ ਸੀ। ੧੩।

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥

ਜਦੋਂ ਪ੍ਰਭੂ ਨੂੰ ਚੰਗਾ ਲੱਗਾ, ਉਸ ਨੇ ਜਗਤ ਰਚਨਾ ਕਰ ਦਿੱਤੀ। ਇਸ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ। ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ (ਭਾਵ ਉਤਪਤੀ ਸੰਭਾਲ ਤੇ ਦੀਬਾਣ ਵਾਲਾ ਸਿਲਸਿਲਾ ਵੀ ਚਾਲੂ ਕਰ ਦਿੱਤਾ) ਤੇ ਇਹ ਮਾਇਆ ਮੋਹ ਵਾਲਾ ਨਿਯਮ ਵੀ ਘੜ ਦਿੱਤਾ। ੧੪।

ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ ੧੫॥

ਵਿਰਲਿਆਂ ਨੂੰ ਗੁਰੂ ਨੇ ਉਪਦੇਸ਼ ਤੋਂ ਸੋਝੀ ਹੁੰਦੀ ਹੈ ਕਿ ਪ੍ਰਮਾਤਮਾ ਜਗਤ ਪੈਦਾ ਕਰ ਕੇ ਸੰਭਾਲ ਵੀ ਆਪ ਹੀ ਕਰਦਾ ਅਤੇ ਹਰ ਥਾਂ ਉਸੇ ਪ੍ਰਭੂ ਦੇ ਹੁਕਮ ਦੀ ਖੇਡ ਵੀ ਚੱਲ ਰਹੀ ਹੈ। ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਦੀਪਾਂ ਆਦਿ ਵਾਲੀ ਰਚਨਾ ਪ੍ਰਭੂ ਦੀ ਆਪਣੀ ਹੀ ਖੇਡ ਹੈ। ਰਚਨਾ `ਚ ਹੀ ਉਹ ਆਪ (ਨਿਰਾਕਾਰ ਹੋ ਕੇ) ਗੁਪਤ ਵੀ ਹੈ ਤੇ (ਆਪਣੇ ਸਰਗੁਣ ਸਰੂਪ `ਚ) ਪ੍ਰਗਟ ਵੀ ਆਪ ਹੀ ਹੈ ਭਾਵ ਸਾਰੀ ਰਚਨਾ ਉਸ ਦੀ ਪਹਿਚਾਣ ਵੀ ਹੈ। ੧੫।

ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ ੧੬॥ ੩॥ ੧੫॥ {ਪੰਨਾ ੧੦੩੫-੧੦੩੬}

ਪੂਰੇ ਗੁਰੂ ਤੋਂ ਹੀ ਸਮਝ ਪੈਂਦੀ ਹੈ ਕਿ ਕੋਈ ਵੀ ਜੀਵ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਜਿਹੜੇ ਬੰਦੇ ਉਸ ਸਦਾ-ਥਿਰ ਪ੍ਰਭੂ ਦੇ ਰੰਗ `ਚ ਰੰਗੇ ਜਾਂਦੇ ਹਨ ਉਹ ਰਚਨਾ `ਚ ਪ੍ਰਭੂ ਦੇ ਬੇਅੰਤ ਕੌਤਕ ਵੇਖ ਵੇਖ ਕੇ ਵਿਸਮਾਦਤ ਹੁੰਦੇ ਤੇ ਉਸ ਦੇ ਗੁਣ ਗਾਉਂਦੇ ਰਹਿੰਦੇ ਹਨ। ੧੬। ੩। ੧੫।

ਸ਼ਬਦ ਦਾ ਭਾਵ- ਜਿਸ ਮਨੁੱਖ ਨੂੰ ਗੁਰੂ-ਗੁਰਬਾਣੀ ਦੀ ਸਿੱਖਿਆ `ਤੇ ਚਲ ਕੇ ਸਮਝ ਪੈ ਜਾਂਦੀ ਹੈ ਕਿ ਸਾਰੀ ਰਚਨਾ ਦਾ ਮੂਲ ਕੇਵਲ ਅਕਾਲਪੁਰਖ ਹੀ ਹੈ ਤਾਂ ਉਹ ਫ਼ਿਰ ਧਰਮ ਦੇ ਨਾਮ ਹੇਠ ਪਾਏ ਗਏ ਭਰਮਾ-ਭੁਲੇਖਿਆਂ ਦਾ ਸ਼ਿਕਾਰ ਨਹੀਂ ਹੁੰਦਾ। ਉਸ ਅੰਦਰ ਵਿਤਕਰੇ-ਦਵੈਤ, ਮੇਰ-ਤੇਰ ਹਉਮੈ ਮੁੱਕ ਜਾਂਦੀ ਹੈ, ਵਿਕਾਰ ਅਉਗੁਣ ਉਸ `ਤੇ ਭਾਰੂ ਨਹੀਂ ਹੁੰਦੇ। ਜੀਵਨ `ਚ ਨਿਖਾਰ ਆ ਜਾਂਦਾ ਹੈ। ਜੀਵਨ `ਚ ਪ੍ਰਭੂ ਦਾ ਨਿਰਮਲ ਭਉ, ਦਇਆ, ਸੰਤੋਖ, ਪਰਉਪਕਾਰ ਆਦਿ ਇਲਾਹੀ ਗੁਣ ਪ੍ਰਗਟ ਹੋ ਜਾਂਦੇ ਹਨ। ਹਿਰਦੇ `ਚ ਸਦੀਵੀ ਅਨੰਦ ਤੇ ਖੇੜਾ ੳੇੁਗਮ ਆਉਂਦਾ ਹੈ।

ਅਜਿਹੇ ਮਨੁੱਖ ਸੁੱਚਮਾ-ਸੰਜਮਾ ਵਾਲੇ ਲੰਮੇ ਚੌੜੇ ਕਰਮਕਾਂਡਾਂ ਦੇ ਜਾਲ `ਚ ਨਹੀਂ ਫ਼ਸਦੇ। ਜੰਤ੍ਰਾਂ, ਮੰਤ੍ਰਾਂ, ਤੰਤ੍ਰਾਂ, ਰੂਹਾਂ-ਬਦਰੂਹਾਂ, ਭੁਤਾ-ਪ੍ਰੇਤਾਂ, ਜਨਮਪਤ੍ਰੀਆਂ ਟੇਵਿਆਂ, ਮਹੂਰਤਾਂ, ਨਖਤ੍ਰਾਂ ਦੇ ਪਾਖੰਡ, ਦੇਵੀ-ਦੇਵਤਾ-ਅਵਤਾਰ ਵਾਦ, ਸਨਿੰਆਸੀਆਂ, ਜੋਗੀਆਂ, ਬੈਰਾਗੀਆਂ, ਸਾਧਾਂ, ਸੰਤਾ, ਮਹਾਤਮਾਵਾਂ, ਮਹਾਪੁਰਸ਼ਾਂ, ਬਾਬਿਆਂ, ਦੰਭੀ ਪਾਖੰਡੀ ਗੁਰੂਆਂ ਵਾਲੇ ਭੇਖਾਂ-ਪਾਖੰਡਾਂ ਦਾ ਸ਼ਿਕਾਰ ਨਹੀਂ ਹੁੰਦੇ। ਜੀਵਨ ਅੰਦਰ ਜਾਤਾਂ-ਪਾਤਾ, ਵਰਣਾ-ਗੋਤਾਂ, ਦੇਸ਼ੀ-ਵਿਦੇਸ਼ੀ, ਬ੍ਰਾਹਮਣ-ਸ਼ੁਦਰ, ਇਸਤ੍ਰੀ-ਪੁਰਖ ਵਾਲੇ ਵਿਤਕਰੇ ਨਹੀਂ ਰਹਿ ਜਾਂਦੇ। ਕਾਰਣ ਹੁੰਦਾ ਹੈ, ਉਸਨੂੰ ਹਰੇਕ ਅੰਦਰ ਪ੍ਰਭੂ ਦਾ ਨੂਰ ਤੇ ਉਸਦੇ ਬੇਅੰਤ ਰਚਨਾ ਵਿਚੋਂ ਪ੍ਰਭੂ ਦੀ ਹੋਂਦ ਤੇ ਉਸਦੇ ਦਰਸ਼ਨ ਹੋ ਰਹੇ ਹੁੰਦੇ ਹਨ। ਧਾਰਮਿਕ ਵਖ੍ਰੇਵੇ ਮੁੱਕ ਜਾਂਦੇ ਤੇ ਇਕੋ ਇੱਕ ਰੱਬੀ ਧਰਮ ਦੇ ਰਾਹੀ ਹੋ ਜਾਂਦੇ ਹਨ #167s09.02s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 167

ਅਰਥ ਨਿਖਾਰ

ਅਰਬਦ ਨਰਬਦ ਧੁੰਧੂਕਾਰਾ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.