.

ਸਤਿਗੁਰਿ ਏਕੁ ਵਿਖਾਲਿਆ (ਪੰ: ੭੮੮)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ

ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

ਦੰਭੀ ਪਾਖੰਡੀਆਂ ਦਾ ਬੋਲਬਾਲਾ ਕਿਉਂ? ਅੱਜ ਦੰਭੀ ਪਾਖੰਡੀ ਗੁਰੂਆਂ, ਸਤਿਗੁਰਆਂ ਤੇ ਢੋਂਗੀ ਸੰਤਾ-ਬਾਬਿਆਂ ਦੀਆਂ ਡਾਰਾਂ ਹਨ ਤੇ ਉਹ ਵੀ ਖਾਸਕਰ ਸਿੱਖਾਂ ਦੀ ਜਨਮ ਭੂਮੀ ਪੰਜਾਬ `ਚ। ਇਸ ਤੋਂ ਦੁਖਦਾਈ ਬਾਤ ਹੈ ਕਿ ਪਾਖੰਡੀਆਂ ਦੀਆਂ ਜਾਗੀਰਾਂ ਤੇ ਬਿਲਡਿੰਗਾਂ ਵੀ ਜੋ ਬਣ ਰਹੀਆਂ ਹਨ ਜਾਂ ਢਿੱਡ ਵੱਡੇ ਹੋ ਰਹੇ ਹਨ ਉਹ ਵੀ ਉਹਨਾਂ ਲੋਕਾਂ ਦੇ ਧੰਨ-ਪੈਸੇ-ਤਾਕਤ ਨਾਲ ਜੋ ਆਪਣੇ ਆਪ ਨੂੰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਸਿੱਖ ਤਾਂ ਅਖਵਾਉਂਦੇ ਹਨ ਪਰ ਗੇੜੇ ਕੱਟ ਰਹੇ ਹੁੰਦੇ ਹਨ ਇਹਨਾ ਪਾਖੰਡੀਆਂ ਦੇ। ਬੇਸ਼ਕ ਇਸ `ਚ ਬਹੁਤਾ ਦੋਸ਼ ਸੰਗਤਾਂ ਦਾ ਵੀ ਨਹੀਂ, ਇਸ ਦੇ ਲਈ ਵੱਡੇ ਦੋਸ਼ੀ ਹਨ ਬਹੁਤੇ ਗੁਰਦੁਆਰਾ ਪ੍ਰਬੰਧਕ, ਪ੍ਰਚਾਰਕ ਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਮੌਜੂਦਾ ਚੋਣਾ ਵਾਲਾ ਰਾਖਸ਼।

ਫ਼ਿਰ ਵੀ, ਜੇਕਰ ਗੁਰਦੁਆਰਾ ਤੱਲ `ਤੇ ਹੀ ਘਟੋਘੱਟ ਸੰਗਤਾਂ ਨੂੰ ਸਪਸ਼ਟ ਕੀਤਾ ਜਾ ਰਿਹਾ ਹੁੰਦਾ ਕਿ ਗੁਰੂਦਰ `ਤੇ ਗੁਰਬਾਣੀ ਰਾਹੀਂ ਸਿੱਖ ਨੂੰ ਜਿਸ “ਸ਼ਬਦ ਗੁਰੂ, ਗੁਰੂ, ਸਤਿਗੁਰੂ” ਦੇ ਲੜ ਲਾਇਆ ਹੈ ਉਹ ਕਦੇ ਸਰੀਰ ਹੋ ਹੀ ਨਹੀਂ ਸਕਦਾ ਕਿਉਂਕਿ ਇਥੇ ਇਹਨਾ ਲਫ਼ਜ਼ਾਂ ਦੀ ਪ੍ਰੀਭਾਸ਼ਾ ਹੀ ਬਿਲਕੁਲ ਭਿੰਨ ਹੈ। ਭਾਰਤ `ਚ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ‘ਗੁਰੂ’ ਦੇ ਅਰਥ ਸਿੱਖ `ਤੇ ਲਾਗੂ ਨਹੀਂ ਹੁੰਦੇ। ਇਸ ਦੇ ਅਰਥ ਕੇਵਲ ਗੁਰਬਾਣੀ ਚੋਂ ਹੀ ਮਿਲਣਗੇ, ਬਾਹਰੋਂ ਨਹੀਂ। ਜੇਕਰ ਸੰਗਤਾਂ ਨੂੰ ਇੰਨਾ ਵੀ ਸਪਸ਼ਟ ਹੁੰਦਾ ਤਾਂ ਵੀ ਕੌਮ ਦਾ ਇੰਨਾ ਨੁਕਸਾਨ ਨਾ ਹੁੰਦਾ। ਆਖਿਰ ਗੁਰੂ ਜਾਮਿਆਂ ਸਮੇਂ ਤਾਂ ਗੁਰੂ ਪ੍ਰਵਾਰਾਂ `ਚੋਂ ਹੀ ਦੁਕਾਨਾਂ ਖੁੱਲੀਆਂ, ੨੨-੨੨ ਮੰਜੀਦਾਰਾਂ ਗੁਰੂ ਬਣ ਬੈਠੇ ਪਰ ਸਫ਼ਲ ਨਾ ਹੋਇਆ। ਕਿਉਂਕਿ ਸੰਗਤਾਂ ਗੁਰਬਾਣੀ ਪਖੋਂ ਜਾਗ੍ਰਤ ਸਨ। ਇਸ ਨਾਲ ਅਜੋਕੀ ਵੋਟਾਂ ਦੀ ਗੰਦੀ ਰਾਜਨੀਤੀ ਰੂਪੀ ਜੋਕ ਤੇ ਪੁਜਾਰੀਵਾਦ ਆਪਣੇ ਪਰ ਮਾਰ ਰਿਹਾ ਹੈ। ਉਪ੍ਰੰਤ ਅੱਜ ਸੰਗਤਾਂ `ਚ ਗੁਰਬਾਣੀ ਪੱਖੋਂ ਅਗਿਆਨਤਾ ਦਾ ਵੀ ਸ਼ਿਖਰ ਹੈ ਜੋ ਸਾਰੇ ਪਾਸੇ ਭੰਨਿਆਰੇ, ਆਸ਼ੂਤੋਸ਼, ਸੌਦਾ ਸਾਧ ਵਰਗੇ ਪਾਖੰਡੀ-ਡੰਮੀ –ਬਰਸਾਤੀ ਗੁਰੂਆਂ ਦੀਆਂ ਡਾਰਾਂ ਲੱਗੀਆਂ ਹਨ।

“ਸਤਿਗੁਰੁ ਮੇਰਾ ਸਦਾ ਸਦਾ” -ਅਜੋਕੇ ਸਤਿਗੁਰੂ ਅਖਵਾਉਣ ਵਾਲਿਓ! ਕਿਧਰੇ ਤੁਸਾਂ ਗੁਰਬਾਣੀ `ਚੋਂ ਲਫ਼ਜ਼ ‘ਸਤਿਗੁਰੂ’ ਦੇ ਅਰਥਾਂ ਲਈ ਹੀ ਇਮਾਨਦਾਰੀ ਵਰਤ ਲਈ ਹੁੰਦੀ। ਇਥੇ ‘ਸਤਿਗੁਰੂ’ ਦੇ ਅਰਥ ਹਨ ਜੋ ਸਦੀਵੀ ਹੈ ਤੇ ਜਨਮ ਮਰਣ ਤੋਂ `ਚ ਆਉਂਦਾ ਹੀ ਨਹੀਂ। ਬਾਣੀ ਤਾਂ ਸਤਿਗੁਰੂ ਬਾਰੇ ਕਹਿ ਰਹੀ ਹੈ ਕਿ ਉਹ ਹਸਤੀ ਜੋ ਸਾਰਿਆਂ ਅੰਦਰ ਨਿਵਾਸ ਕਰਦੀ ਹੈ ਜਿਵੇਂ “ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ” (ਪੰ: 759) ਖੈਰ ਤੁਹਾਨੂੰ ਕੀ, ਕਿਉਂਕਿ ਜੇ ਗੁਰੂ ਨਾਨਕ ਦੇ ਸਿੱਖਾਂ `ਚ ਫੈਲੇ “ਸਚਿ ਕਾਲੁ ਕੂੜੁ ਵਰਤਿਆ” (ਪੰ: 468) ਸਮੇਂ ਸਚਾਈ ਹੀ ਉਘੜ ਆਈ ਤਾਂ ਤੁਹਾਡੀਆਂ ਦੁਕਾਨਾਂ ਚਲਣ ਗੀਆਂ ਕਿਵੇਂ? ਆਖਿਰ ਤੁਸਾਂ ਗੁਰਬਾਣੀ ਵਾਲਾ ਬੁਰਕਾ ਵੀ ਤਾਂ ਇਸੇ ਲਈ ਪਾਇਆ ਹੈ ਕਿ ਸਿੱਖ ਧੋਖਾ ਖਾ ਜਾਣ। ਇਹੀ ਕਾਰਣ ਹੈ ਕਿ ਤੁਹਾਨੂੰ ਆਪਣੀਆਂ ਕਰਤੂਤਾਂ ਲਈ ਪੰਜਾਬ ਤੋਂ ਬਿਨਾਂ ਹੋਰ ਇਲਾਕਾ ਹੀ ਰਾਸ ਨਹੀਂ ਆਉਂਦਾ ਪਰ ਚੇਤੇ ਰਖੋ! ਕਰਤੇ ਦੇ ਦਰਬਾਰ `ਚ ਤਾਂ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” (ਪੰ: ੯੫੩) ਅਨੁਸਾਰ ਅੱਜ ਨਹੀਂ ਤਾਂ ਕਲ, ਸੱਚ ਨੇ ਹੀ ਉਤੇ ਆਉਣਾ ਹੈ।

ਦੰਭੀਆਂ, ਪਖੰਡੀਆਂ ਦੇ ਢੋਲ ਦੀ ਪੋਲ- (੧) ਪਹਿਲੀ ਗੱਲ ਸਮਝਣ ਵਾਲੀ ਹੈ, ਜੇਕਰ ਇਹਨਾ ਦੰਭੀਆਂ, ਪਾਖੰਡੀਆਂ ਅੰਦਰ ਸਚਮੁਚ ਹੀ ਕੁੱਝ ਸਚਾਈ ਹੁੰਦੀ ਤਾਂ ਇਹ ਗੁਰਬਾਣੀ ਦਾ ਬੁਰਕਾ ਪਾਉਂਦੇ ਹੀ ਕਿਉਂ? ਇਸ ਲਈ ਕਿ ਜੇਕਰ ਇਹ ਅਜਿਹਾ ਨਾ ਕਰਣ ਤਾਂ ਇਹਨਾ ਨੂੰ ਕੋਈ ਘਾਹ ਵੀ ਨਾ ਪਾਵੇ। (੨) ਦੂਜਾ ਇਹ ਵੀ ਦੇਖਣਾ ਹੈ, ਆਖਿਰ ਇਹ ਦੰਭੀ-ਪਾਖੰਡੀ ਗੁਰਬਾਣੀ ਦਾ ਹੀ ਬੁਰਕਾ ਪਾ ਕੇ, ਗੁਰਬਾਣੀ ਪੱਖੋਂ ਅਗਿਆਨਤਾ ਦਾ ਸ਼ਿਕਾਰ ਹੋ ਚੁਕੀਆਂ ਸੰਗਤਾਂ ਨਾਲ ਧੋਖਾ ਕਿਹੜੇ ਰਸਤਿਉਂ ਕਰਦੇ ਹਨ। ਕਿਉਂਕਿ ਇਹ ਉਹ ਰਸਤਾ ਹੈ ਜਿਹੜਾ ਹਰੇਕ ਦੀ ਸਮਝ `ਚ ਨਹੀਂ ਆ ਸਕਦਾ। ਦਰਅਸਲ ਗੁਰਬਾਣੀ `ਚ ਹੀ ਹਜ਼ਾਰਹਾਂ ਵਿਸ਼ੇਸ਼ਣ ਤੇ ਗੁਣ ਹਨ ਜੋ ਗੁਰੂ-ਸਤਿਗੁਰੂ ਦੀ ਸਮ੍ਰਥਾ ਨੂੰ ਪ੍ਰਗਟ ਕਰਦੇ ਹਨ ਤੇ ਜਿਨ੍ਹਾਂ ਨੂੰ ਇਹ ਲੋਕ, ਚੋਰ ਦਰਵਾਜ਼ੇ ਤੋਂ ਆਪਣੇ ਨਾਲ ਜੋੜ ਕੇ ਭੋਲ਼ੀਆਂ-ਭਾਲੀਆਂ ਸੰਗਤਾਂ ਨੂੰ ਧੋਖਾ ਦੇਂਦੇ ਹਨ। ਉਪ੍ਰੰਤ ਗੁਰਬਾਣੀ ਰਾਹੀਂ ਬਿਆਨੇ ‘ਗੁਰੂ-ਸਤਿਗੁਰੂ’ ਦੇ ਉਹ ਵਿਸ਼ੇਸ਼ ਗੁਣ ਵੀ ਹਨ, ਜਿਨ੍ਹਾਂ ਨੂੰ ਇਹ ਲੋਕ ਸੰਗਤਾਂ ਤੋਂ ਛੁਪਾਉਂਦੇ ਹਨ। ਇਸ ਲਈ ਇਥੇ ਕੇਵਲ ਉਹਨਾਂ ਕੁੱਝ ਨੁੱਕਤਿਆਂ ਦਾ ਹੀ ਸੰਖੇਪ ਜ਼ਿਕਰ ਕਰਣਾ ਚਾਹਾਂਗੇ ਜਿਨ੍ਹਾਂ ਨੂੰ ਇਹ ਲੋਕ ਖਾਸ ਤੌਰ `ਤੇ ਸੰਗਤਾਂ ਤੋਂ ਛੁਪਾਉਂਦੇ ਤੇ ਆਪਣੀਆਂ ਦੁਕਾਨਾਂ ਚਲਾਂਦੇ ਹਨ।

ਨੁਕਤਾ ੧ “ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ” -ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ- ਸਤਿਗੁਰੂ’ ਦਾ ਸਰਵ ਉਚ ਲਛਣ ਹੈ ਕਿ ਉਹ ਜਗਿਆਸੂ ਨੂੰ ਆਪਣੇ ਨਾਲ ਨਹੀਂ, ਬਲਕਿ ਸਿਧਾ, ਮਨੁੱਖ ਦੇ ਅਸਲੇ ਅਕਾਲਪੁਰਖ ਨਾਲ ਜੋੜਦਾ ਹੈ। ਜਦਕਿ ਅਜਿਹੇ ਡੇਰਿਆਂ `ਤੇ ਜਾਣ ਵਾਲੇ ਇਮਾਨਦਾਰੀ ਨਾਲ ਆਪਣੇ ਅੰਦਰ ਝਾਤ ਮਾਰਣ ਕਿ ਉਥੇ ਜਾ-ਜਾ ਕੇ ਉਹਨਾਂ ਅੰਦਰ ਅਕਾਲਪੁਰਖ-ਕਰਤੇ ਪ੍ਰਭੂ ਲਈ ਸੋਝੀ ਆਉਂਦੀ ਹੈ ਜਾਂ ਪਾਖੰਡੀਆਂ ਲਈ ਫੋਕੀ ਵਾਹ! ਵਾਹ, ਉਹਨਾਂ ਨੂੰ ਨਿਰਣਾ ਲੈਂਦੇ ਦੇਰ ਨਹੀਂ ਲਗੇਗੀ। ਇਸ ਤੋਂ ਇਲਾਵਾ ਜੇਕਰ ਉਹਨਾਂ ਨੂੰ ਇਹ ਵੀ ਅੰਦਾਜ਼ਾ ਹੋ ਜਾਵੇ ਕਿ ਜਿਨ੍ਹਾਂ ਦੇ ਜੀਵਨ `ਚ ਅਕਾਲਪੁਰਖ ਦਾ ਵਾਸਾ ਉਘੜਦਾ ਹੈ ਤਾਂ ਜੀਵਨ `ਚ ਕੀ ਤਬਦੀਲੀਆਂ ਆਉਂਦੀਆਂ ਹਨ? ਤਾਂ ਉਹ ਸੱਜਨ, ਅਜੇਹੇ ਪਾਖੰਡੀਆਂ ਤੋਂ ਧੋਖਾ ਖਾਣ ਵੀ ਨਹੀਂ। ਇਸ ਸੱਚ ਦੀ ਪ੍ਰੌੜਤਾ `ਚ ਗੁਰਬਾਣੀ `ਚੋਂ ਕੁੱਝ ਹੋਰ ਪ੍ਰਮਾਣ (ੳ) “ਸੋ ਗੁਰੁ ਕਰਉ ਜਿ ‘ਸਾਚੁ’ ਦ੍ਰਿੜਾਵੈ॥ ਅਕਥੁ ਕਥਾਵੈ ‘ਸਬਦਿ’ ਮਿਲਾਵੈ॥’ ਹਰਿ ਕੇ ਲੋਗ’ ਅਵਰ ਨਹੀਂ ਕਾਰਾ॥’ ਸਾਚਉ ਠਾਕੁਰੁ ਸਾਚੁ’ ਪਿਆਰਾ” (ਪੰ: ੬੮੬) (ਅ) “ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ, ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸਿ ਸਵਾਰੀ” (ਪੰ: ੫੮੬) (ੲ) “ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ” (ਪੰ: ੪੪੯) (ਸ) “ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ” (ਪੰ: ੪੭੦) (ਹ) “ਸਤਿਗੁਰਿ ਏਕੁ ਵਿਖਾਲਿਆ” (ਪੰ: ੭੮੮)

ਧਿਆਣ ਰਹੇ! ਇਹਨਾ ਸਾਰੇ ਪ੍ਰਮਾਣਾਂ `ਚ ਜਿਤਨੇ ਵੀ ਲਫ਼ਜ਼ਾਂ ਹੇਠਾਂ ਨਿਸ਼ਾਨ (Under Line) ਦਿੱਤਾ ਗਿਆ ਹੈ ਇਹ ਸਾਰੇ ਲਫ਼ਜ਼ ਅਕਾਲਪੁਰਖ ਬੋਧਕ ਹਨ। ਇਹਨਾ ਡੇਰਿਆਂ `ਤੇ ਜਾਣ ਵਾਲੇ ਸੱਜਨ ਤੇ ਆਮ ਸੰਗਤਾਂ ਘੋਖਣ ਤਾਂ ਪਤਾ ਲਗ ਜਾਵੇਗਾ ਕਿ ਜਾਂ ਤਾਂ ਉਹ ਲੋਕ ਗੁਰਬਾਣੀ `ਚੋਂ ਅਜਿਹੇ ਪ੍ਰਮਾਣ ਵਰਤਦੇ ਹੀ ਨਹੀਂ। ਉਪ੍ਰੰਤ ਜੇਕਰ ਗ਼ਲਤੀ ਨਾਲ ਵਰਤ ਵੀ ਲੈਣ ਤਾਂ ਖੁਦ ਹੀ ਅਕਾਲਪੁਰਖ ਦੇ ਠੇਕੇਦਾਰ ਬਣ ਕੇ ਗੱਲ ਕਰਦੇ ਹਨ ਜਾਂ ਸਬੰਧਤ ਲਫ਼ਜ਼ਾਂ ਦੇ ਅਰਥ ਉਲਟਾ-ਪੁਲਟ ਕੇ ਆਪਣੀ ਲੋੜ ਅਨੁਸਾਰ ਢਾਲਦੇ ਹਨ। ਕਿਉਂਕਿ ਉਹਨਾਂ ਨੂੰ ਤਾਂ ਗੁਰਬਾਣੀ `ਚੋਂ ਉਹੀ ਪ੍ਰਮਾਣ ਜੱਚਦੇ ਹਨ ਜਿਹੜੇ ਗੁਰੂ-ਸਤਿਗੁਰੂ ਨੂੰ ਸਰਵ ਸਮ੍ਰਥ ਦੱਸਣ ਤੇ ਸਿਧਾ ਆਪਣੇ ਨਾਲ ਜੋੜ ਕੇ ਭੋਲੇ ਭਾਲੇ ਲੋਕਾਂ ਨੂੰ ਉਪਾਸ਼ਕ ਬਨਾਉਣ ਲਈ ਵਰਤ ਸਕਣ।

ਨੁਕਤਾ ੨- “ਜਿਨਿ ਤ੍ਰਿਸਨਾ ਅਗਨਿ ਬੁਝਾਈ” -ਸਮੁਚੀ ਗੁਰਬਾਣੀ `ਚ ਦਰਸ਼ਨ ਕਰੋ! ਜੀਵ ਦੀ ਪ੍ਰਭੂ ਨਾਲੋ ਵਿੱਥ ਦਾ ਕਾਰਨ ਜੀਵ ਦੀ ‘ਹਉਮੈ’ ਹੀ ਹੈ। ਜਦਕਿ ਇਸ ਹਉਮੈ ਦੀ ਛੱਤ ਹੇਠ ਪਲ ਰਹੇ ਮਨੁੱਖ ਨੂੰ ਤ੍ਰਿਸ਼ਨਾ, ਭਟਕਣਾ, ਵਿਕਾਰਾਂ, ਮੰਗਾਂ-ਆਸ਼ਾਵਾਂ `ਚੋ ਸੁਰਖਰੂ ਕਰਕੇ ਗੁਰਬਾਣੀ ਤਾਂ ਜੀਵਨ ਨੂੰ “ਮਾਗਨਾ ਮਾਗਨੁ ਨੀਕਾ, ਹਰਿ ਜਸੁ ਗੁਰ ਤੇ ਮਾਗਨਾ” (ਪੰ: ੧੦੧੮) ਭਾਵ ਰਜ਼ਾ `ਚ ਲਿਆਉਂਦੀ ਹੈ। ਮਨੁੱਖ ਅੰਦਰੋਂ ਸੰਤੋਖ, ਸਦਾਚਾਰ, ਉੱਚਾ ਆਚਰਣ, ਪ੍ਰਭੂ ਦਾ ਨਿਰਮਲ ਭਉ ਆਦਿ ਰੱਬੀ ਗੁਣ ਪ੍ਰਗਟ ਕਰਦੀ ਹੈ। ਇਸ ਤਰ੍ਹਾਂ ‘ਗੁਰਬਾਣੀ-ਗੁਰੂ’ ਤਾਂ (ੳ) “ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ॥ ਧਾਵਤ ਪੰਚ ਰਹੇ ਹਰਿ ਧਿਆਇਆ॥ ਅਨਦਿਨੁ ਨਗਰੀ ਹਰਿ ਗੁਣ ਗਾਇਆ” (ਪੰ: ੧੬੫) (ਅ) “ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ॥ ਹਉਮੈ ਤ੍ਰਿਸਨਾ ਸਭ ਅਗਨਿ ਬੁਝਈ” (ਪੰ: ੨੩੩) (ੲ) “ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ॥ ਗੁਰ ਤੇ ਨਾਮੁ ਪਾਈਐ ਵਡੀ ਵਡਿਆਈ” (ਪੰ: ੪੨੪) ਜਦਕਿ ਗੁਰਬਾਣੀ ਦਾ ਬੁਰਕਾ ਪਾਈ ਇਹ ਆਪ ਬਣੇ ਦੰਭੀ ਗੁਰੂ, ਸਤਿਗੁਰੂ ਤੇ ਸੰਤ-ਬਾਬੇ, ਸ਼੍ਰਧਾਲ਼ੂਆਂ ਅੰਦਰ ਮੰਗਾਂ, ਤ੍ਰਿਸ਼ਨਾ ਦੀ ਭੁਖ ਵਧਾਉਂਦੇ ਤੇ ਉਹਨਾਂ ਅੰਦਰ ਪੈਦਾ ਕੀਤੀਆਂ ਭੁਖਾਂ ਦੇ ਠੇਕੇਦਾਰ ਬਣ ਕੇ, ਲੋਕਾਈ ਨੂੰ ਆਪਣੇ ਗ੍ਰਾਹਕ ਬਨਾਉਂਦੇ ਹਨ? #40Gs09.02.09#

ਹੋਰ ਵੇਰਵੇ ਲਈ ਗੁਰਮਤਿ ਪਾਠ ੧੦੯ ‘ਗੁਰਬਾਣੀ ਅਨੁਸਾਰ-ਗੁਰੂ, ਸਤਿਗੁਰੂ, ਸ਼ਬਦ ਗੁਰੂ’ (ਡੀਲਕਸ ਕਵਰ) ਸੰਗਤਾਂ ਲਈ ਪ੍ਰਾਪਤ ਹੈ ਜੀ

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ Ph 9811292808, 011-26236119




.