.

ਮੈ ਅਧੇ ਕਰਾਏ ਵਿਚ ‘ਸਫ਼ਰ’ ਕਰਦਾ ਹਾਂ
ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ

ਮੇਰੀ ਵੱਡੀ ਬੱਚੀ ਰਵੀਨ, ਆਸਟ੍ਰੇਲੀਆ ਦੀ ਏਅਰ ਲਾਈਨ ਕਾਂਟਾਜ਼ ਵਿਚ ਉਚ ਅਹੁਦੇ ਉਪਰ ਨੌਕਰੀ ਕਰਦੀ ਹੈ। ਇਸ ਲਈ ਮੈ ਤੇ ਉਸਦੀ ਮਾਂ ਇਸ ਕੰਪਨੀ ਦੇ ਜਹਾਜ ਵਿਚ ਤਕਰੀਬਨ ਅਧੇ ਕਰਾਏ ਉਪਰ ਸਫ਼ਰ ਕਰ ਸਕਦੇ ਹਾਂ। ਬੱਚੀ ਦੇ ਪਤੀ ਤੇ ਉਹਨਾਂ ਦੇ ਬੱਚੇ ਹੋਰ ਵੀ ਬਹੁਤ ਘੱਟ ਕਰਾਇਆ ਭਰ ਕੇ ਯਾਤਰਾ ਕਰ ਸਕਦੇ ਹਨ ਪਰ ਸਾਰੇ ਪਰਵਾਰ ਵਿਚੋਂ ਸਿਰਫ਼ ਮੈ ਹੀ ਇਸ ਸਹੂਲਤ ਦਾ ‘ਲਾਭ’ ਉਠਾਉਂਦਾ ਹਾਂ। ਜਿੰਨਾ ਕਰਾਇਆ ਆਮ ਸਵਾਰੀ ਨੂੰ ਕਈ ਸ਼ਰਤਾਂ ਸਹਿਤ ਸਸਤੇ ਤੋਂ ਸਸਤਾ ਭਰਨਾ ਪੈਂਦਾ ਹੈ ਉਸ ਤੋਂ ਵੀ ਘੱਟ ਕਰਾਏ ਵਿਚ ਹੀ ਮੈ ਯਾਤਰਾ ਕਰ ਸਕਦਾ ਹਾਂ ਪਰ ਸਿਰਫ਼ ਇਕ ਸ਼ਰਤ ਹੀ ਲਾਗੂ ਹੁੰਦੀ ਹੈ ਮੇਰੇ ਤੇ। ਉਹ ਸ਼ਰਤ ਹੀ ਐਸੀ ਹੈ ਕਿ ਕਈ ਵਾਰ “ਲੇਨੇ ਕੇ ਦੇਨੇ ਪੜ ਜਾਤੇ ਹੈਂ।” ਉਹ ਸ਼ਰਤ ਇਹ ਹੈ ਕਿ ਜਹਾਜ ਉਡਣ ਤੋਂ ਸਿਰਫ ਵੀਹ ਮਿੰਟ ਤੇ ਕਈ ਵਾਰ ਇਸ ਤੋਂ ਵੀ ਘੱਟ ਸਮੇ ਤੇ ਮੈਨੂੰ ਪਤਾ ਲੱਗਦਾ ਹੈ ਕਿ ਜਹਾਜ ਮੈਨੂੰ ਆਪਣੇ ਵਿਚ ਬਿਠਾਏਗਾ ਜਾਂ ਕਿ ਖੋਟੇ ਪੈਸੇ ਵਾਂਗੂੰ ਵਾਪਸ ਮੋੜੇਗਾ! ਐਸੇ ਖਲਜਗਣ ਤੋਂ ਬਚਣ ਲਈ ਹੋਰ ਕੋਈ ਜੀ ਇਸ ਸਹੂਲਤ ਦਾ ਲਾਭ ਨਹੀ ਉਠਾਉਂਦਾ। ਮੈਨੂੰ ਦੁਨੀਆ ਵਿਚ ਵਿਚਰਨ ਦਾ ਸ਼ੌਕ ਹੋਣ ਕਰਕੇ ਤੇ ਮਾਨਸਕਤਾ ਸਸਤੇ ਕਰਾਏ ਵੱਲ ਦੀ ਖਿੱਚ ਸਦਕਾ ਮੈ ਇਸ ਸਹੂਲਤ ਦਾ ਲਾਭ ਉਠਾਉਣ ਲਈ, ਕਿਸੇ ਨਾ ਕਿਸੇ ਪਾਸੇ ਤੁਰਿਆ ਹੀ ਰਹਿੰਦਾ ਹਾਂ ਪਰ ਇਸ ਸਸਤੇ ਸਫ਼ਰ ਦੌਰਾਨ, ਕਈ ਵਾਰੀ ਮਹਿੰਗਾ ‘ਸਫ਼ਰ’ ਵੀ ਕਰਨਾ ਕਰਨਾ ਪੈਂਦਾ ਹੈ। ਇਹ ਕਦੀ ਕਦੀ ਦਿਲਚਸਪ ਵੀ ਹੋ ਨਿੱਬੜਦਾ ਹੈ।
ਜੇਕਰ ਰਾਹ ਵਿਚ ਕਿਤੇ ਜਹਾਜ ਬਦਲਣਾ ਪਵੇ ਤੇ ਅਗੋਂ ਦੀ ਸੀਟ ਨਾ ਮਿਲ਼ੇ ਤਾਂ ਫਿਰ ਨਵੇ ਸਿਰੇ ਹੋਰ ਟਿਕਟ ਇਕ ਪਾਸੇ ਦੀ ਆਮ ਸਵਾਰੀ ਵਾਂਗ ਹੀ, ਪੂਰੇ ਮੁੱਲ ਤੇ ਬਹੁਤ ਮਹਿੰਗੀ ਖ਼ਰੀਦਣੀ ਪੈਂਦੀ ਹੈ ਜੋ ਕਿ ਦਾਹੜੀ ਨਾਲ਼ੋਂ ਮੁੱਛਾਂ ਵਧਣ ਕਾਰਨ, “ਸਰਫਾ ਕਰਕੇ ਸੱੁਤੀ ਤੇ ਆਟਾ ਖਾ ਗਈ ਕੁੱਤੀ।” ਵਾਲ਼ੀ ਅਵੱਸਥਾ ਬਣ ਜਾਂਦੀ ਹੈ। ਦਿੱਲੀ ਤੋਂ ਤਾਂ ਕਦੀ ਮੈਨੂੰ ਸੀਟ ਮਿਲ਼ੀ ਹੀ ਨਹੀ। 2003 ਦੇ ਅਪ੍ਰੈਲ਼ ਮਹੀਨੇ ਵਿਚ ਮੈ ਅੰਮ੍ਰਿਤਸਰੋਂ ਰੇਲ ਰਾਹੀਂ ਦਿੱਲੀ ਗਿਆ। ਤਿੰਨ ਦਿਨ ਤੇ ਤਿੰਨ ਰਾਤਾਂ ਹਵਾਈ ਅੱਡੇ ਤੇ ਹੀ ਫਿਰਦਾ ਉਡੀਕ ਕਰਦਾ ਰਿਹਾ ਕਿ ਸ਼ਾਇਦ ਅਗਲੇ, ਸ਼ਾਇਦ ਹੋਰ ਅਗਲੇ ਜਹਾਜ ਵਿਚ ਮੈਨੂੰ ਬੈਠਾ ਲੈਣ ਪਰ ਇਹ ਊਠ ਦਾ ਬੁਲ੍ਹ ਨਾ ਡਿਗਦਾ ਵੇਖ ਕੇ, ਅਖੀਰ ਸੋਚਿਆ ਕਿ ਤਿੰਨ ਦਿਨ ਤੋਂ ਖਾਣ ਲਈ ਵੀ ਕੁਝ ਖਾਸ ਨਹੀ ਮਿਲ਼ਿਆ ਤੇ ਉਤੋਂ ਗਰਮੀ ਦਾ ਵੀ ਮੌਸਮ ਹੈ; ਕਿਤੇ ਕਮਜੋਰ ਸਰੀਰ ਨਾਲ਼ ਜਾਹ ਜਾਂਦੀਏ ਨਾ ਹੋ ਜਾਵੇ। ਉਤੋਂ ਜਵਾਨ ਜਿਹਾ ਦਿੱਸਣ ਵਾਲਾ ਮੋਨਾ ਸੱਜਣ, ਏਅਰ ਇੰਡੀਆ ਦਾ ਓਥੇ ਮੈਨੇਜਰ ਸੀ। ਉਸ ਨਾਲ਼ ਜਦੋਂ ਮੈ ਸੀਟ ਮਿਲ਼ਨ ਦੀ ਸੰਭਾਵਨਾ ਦੀ ਗੱਲ ਕਰਾਂ ਤਾਂ ਉਹ ਵਿਅੰਗਾਤਮਿਕ ਜਿਹੀ ਝਾਕਣੀ ਮੇਰੇ ਵੱਲ ਝਾਕੇ। ਮੈਨੂੰ ਇਉਂ ਜਾਪੇ ਜਿਵੇਂ ਕਿ ਉਹ ਜਾਣ ਕੇ ਮੇਰੇ ਨਾਲ਼ ਟਿੱਚਰਾਤਮਿਕ ਜਿਹਾ ਵਰਤਾ ਕਰ ਰਿਹਾ ਹੈ। ਅਖੀਰ ਮੈ ਹਵਾਈ ਅੱਡੇ ਤੋਂ ਜਲੰਧਰ ਜਾਣ ਵਾਲ਼ੀ ਬੱਸ ਫੜੀ ਤੇ ਵਾਪਸ ਚਾਲੇ ਪਾ ਦਿਤੇ। ਰਾਹ ਵਿਚ ਬੱਸ ਇਕ ਥਾਂ ਰੁਕੀ ਤਾਂ ਭਰਾ ਨੂੰ ਅੰਮ੍ਰਿਤਸਰ ਫ਼ੋਨ ਕਰਕੇ ਦੱਸ ਦਿਤਾ ਕਿ ਮੈ ਹੀ ਵਾਪਸ ਆ ਰਿਹਾ ਹਾਂ। ਕਿਤੇ ਮੈਨੂੰ ਗੇਟ ਤੇ ਵੇਖ ਕੇ ਡਰ ਨਾ ਜਾਇਓ ਇਹ ਸਮਝ ਕੇ ਭਾਊ ਦਾ ਸ਼ਾਇਦ ਭੂਤ ਆ ਗਿਆ ਹੈ। ਉਹ ਖ਼ੁਦ ਤਾਂ ਵਲੈਤ ਨੂੰ ਗਿਆ ਸੀ।
ਚਿਰਕਾਲੀ ਮਿੱਤਰ ਸ. ਕੁਲਜੀਤ ਸਿੰਘ ਜੀ ਰਾਹੀਂ ਇਕ ਬੱਸ ਅੱਡੇ ਲਾਗੇ ਟ੍ਰੈਵਲ ਏਜੰਟ ਨੂੰ ਛੇਤੀ ਤੋਂ ਛੇਤੀ ਲੰਡਨ ਦੀ ਸੀਟ ਲਈ ਆਖ ਦਿਤਾ ਤੇ ਖ਼ੁਦ ਮੈ ਬੇਫਿਕਰ ਹੋ ਗਿਆ। ਪੈਸੇ ਨਾ ਉਸਨੇ ਮੰਗੇ ਤੇ ਨਾ ਹੀ ਅਸੀਂ ਪੁਛੇ। ਮੈ ਤਾਂ ਇਹ ਸੋਚ ਕੇ ਨਾ ਪੁੱਛੇ ਕਿ ਮੇਰੇ ਮਿੱਤਰ ਦਾ ਮਿੱਤਰ ਹੈ। ਜਦੋਂ ਟਿਕਟ ਚੱੁਕਾਂਗੇ ਤਾਂ ਪੈਸੇ ਵੀ ਉਸ ਸਮੇ ਫੜਾ ਦਿਆਂਗੇ ਪਰ ਉਸ ਪਿਓ ਦੇ ਪੁੱਤ ਨੇ ਨਾ ਤਾਂ ਪੈਸੇ ਮੰਗੇ ਤੇ ਨਾ ਹੀ ਟਿਕਟ ਬਣਾਈ। ਇਸ ਤਰ੍ਹਾਂ ਨੌ ਦਿਨ ਹੋਰ ਅੰਮ੍ਰਿਤਸਰ ਵਿਚ ਮੈਨੂੰ ਰਹਿਣਾ ਪਿਆ। ਇਹ ਦਿਨ ਮੈਨੂੰ ਇਉਂ ਲੰਘੇ ਜਿਵੇ ਸ਼ਾਇਦ ਥਲ ਵਿਚ ਸੱਸੀ ਨੂੰ ਲੰਘੇ ਹੋਣ! ਅਖੀਰ ਪੈਸੇ ਪੇਸ਼ਗੀ ਮਿਲ਼ਨ ਤੇ, ਓਸੇ ਏਜੰਟ ਨੇ ਬਹੁਤ ਮਹਿੰਗੀ ਟਿਕਟ ਖ਼ਰੀਦ ਦਿਤੀ ਤੇ ਮੈ ਉਜ਼ਬੇਕਿਸਤਾਨ ਦੇ ਜਹਾਜ ਤੇ ਬੈਠ ਕੇ, ਤਾਸ਼ਕੰਦ ਰਾਹੀਂ ਲੰਡਨ ਅਪੜਿਆ। ਇਉਂ ਮੇਰੀ ‘ਕੰਜੂਸੀ’ ਦਾ ਕਚੂੰਬਰ ਨਿਕਲ਼ਿਆ।
ਫਿਰ 2007 ਵਿਚ ਵੀ ਦਿੱਲੀਉਂ ਲੰਡਨ ਜਾਣਾ ਸੀ। ਓਥੋਂ ਅੱਗੇ ਬੱਸ ਰਾਹੀਂ ਬੈਲਜੀਅਮ ਦੀ ਰਾਜਧਾਨੀ ਬਰੱਸਲ ਜਾਣਾ ਸੀ ਪਰ ਦਿੱਲੀਉਂ ਸੀਟ ਨਾ ਮਿਲ਼ੀ ਤੇ ਸ. ਤੇਜਿੰਦਰ ਪਾਲ ਸਿੰਘ ਜੀ ਦਿੱਲੀ ਵਾਲ਼ਿਆਂ ਦੀ ਸਹਾਇਤਾ ਨਾਲ਼ ਹੋਰ ਮਹਿੰਗੀ ਟਿਕਟ ਨਾਲ਼, ਆਸਟ੍ਰੀਆ ਦੇਸ ਦੀ ਰਾਜਧਾਨੀ ਵੀਆਨਾ ਰਾਹੀਂ, ਸਿਧਾ ਬਰੱਸਲ ਹੀ ਜਾ ਉਤਰਿਆ।
ਇਹੋ ਜਿਹੇ ਕਈ ਦਿਲਚਸਪ ਵਾਕਿਆਤ ਸਫ਼ਰ ਦੌਰਾਨ ਮੇਰੇ ਨਾਲ਼ ਅਕਸਰ ਵਾਪਰਦੇ ਹੀ ਰਹਿੰਦੇ ਹਨ। ਭਾਰਤ ਦੀ ਯਾਤਰਾ ਲਈ ਵੀ ਕਾਂਟਾਜ਼ ਉਪਰ ਸਿਰਫ ਬੰਬਈ ਤੱਕ ਹੀ ਜਾਇਆ ਜਾ ਸਕਦਾ ਹੈ ਕਿਉਂਕਿ ਉਸ ਤੋਂ ਅਗੇ ਇਹ ਨਹੀ ਜਾਂਦੀ। ਮੋਬਈ ਤੋਂ ਫਿਰ ਅੱਗੇ ਹੋਰ ਟਿਕਟ ਖ਼ਰੀਦਣੀ ਪੈਂਦੀ ਹੈ। ਉਸ ਟਿਕਟ ਉਤੇ ਖ਼ਰਚ ਆਮ ਵਾਂਗ ਪੂਰਾ ਹੀ ਲੱਗਦਾ ਹੈ ਪਰ ਮਨ ਨੂੰ ਧਰਵਾਸ ਜਿਹਾ ਰਹਿੰਦਾ ਹੈ ਕਿ ਮੈ ਹਿੰਦੁਸਤਾਨ ਵਿਚ ਤਾਂ ਥੋਹੜੇ ਕਰਾਏ ਨਾਲ਼ ਪਹੁੰਚ ਜਾਵਾਂਗਾ ਅਗਲੇ ਖ਼ਰਚ ਦਾ ਫਿਕਰ ਨਹੀ ਕਰਦਾ। ਹਰੇਕ ਵਾਰੀ ਹੀ ਸੋਚਦਾ ਹਾਂ ਕਿ ਮੋਬਈ ਤੋਂ ਰੇਲ ਰਾਹੀਂ ਅੰਮ੍ਰਿਤਸਰ ਚਲਿਆ ਜਾਵਾਂਗਾ ਪਰ ਅਜਿਹਾ ਕਦੀ ਕਰ ਨਹੀ ਸਕਿਆ। ਧਰਤੀ ਤੇ ਪੈਰ ਲੱਗਦਿਆਂ ਹੀ ਫੌਰਨ ਅੰਮ੍ਰਿਤਸਰ ਪੁੱਜਣ ਦੀ ਕਾਹਲ਼ੀ ਪੈ ਜਾਂਦੀ ਹੈ ਤੇ ਹਵਾਈ ਅੱਡੇ ਤੋਂ ਹੀ ਏਅਰ ਇੰਡੀਆ ਦੀ ਟਿਕਟ ਖ਼ਰੀਦ ਕੇ ਉਸ ਵਿਚ ਅੱਗੇ ਨੂੰ ਉਡ ਜਾਂਦਾ ਹਾਂ।
ਪਿਛਲੀ ਯਾਤਰਾ ਦੀ ਹੀ ਗੱਲ ਹੈ: ਲੰਡਨੋ ਦਿੱਲੀ ਜਾਣਾ ਸੀ। ਹੀਥਰੋ ਏਅਰ ਪੋਰਟ ਤੇ ਟਰਮੀਨਲ ਦੀ ਲਭ ਲਭਾਈ ਪਿੱਛੋਂ ਜਦੋਂ ਸਹੀ ਟਰਮੀਨਲ ਤੇ ਪਹੁੰਚਿਆ ਤਾਂ ਕਾਊਂਟਰ ਵਾਲ਼ੀ ਬੀਬੀ ਨੇ ਆਖਿਆ ਕਿ ਜਹਾਜ ਦਾ ਬੂਹਾ ਬੰਦ ਹੋ ਗਿਆ ਹੈ। ਮੈ ਲੇਟ ਹਾਂ ਪਰ ਜੇ ਮੈ ਸਮੇ ਪਹੁੰਚ ਵੀ ਜਾਂਦਾ ਤਾਂ ਵੀ ਸੀਟ ਕੋਈ ਨਹੀ ਸੀ ਮਿਲ਼ਨੀ। ਮੇਰੇ ਵੱਲੋਂ ਅੱਗੋਂ ਮਿਲ਼ਨ ਦੀ ਸੰਭਾਵਨਾ ਬਾਰੇ ਪੁਛਣ ਤੇ ਉਸਨੇ ਆਖਿਆ ਕਿ ਮਹੀਨੇ ਤੱਕ ਕੋਈ ਸੰਭਾਵਨਾ ਨਹੀ ਹੈ। ਮੈ ਮਦਰਾਸ, ਕਲਕੱਤੇ ਜਾਂ ਮੋਬਈ ਜਾ ਸਕਦਾ ਹਾਂ। ਮੈ ਮੋਬਈ ਦੀ ਰਜ਼ਾਮੰਦੀ ਪ੍ਰਗਟਾਈ ਤਾਂ ਉਸਨੇ ਟਰਮੀਨਲ ਦਾ ਨਾਂ ਦੱਸ ਕੇ ਆਖਿਆ ਕਿ ਮੈ ਭੱਜ ਜਾਵਾਂ। ਜਹਾਜ ਤਿਅਰ ਹੈੈ। ਓਥੋਂ ਭੱਜਿਆ। ਪੁਛ ਪੁਛਾ ਕੇ ਸਹੀ ਟਰਮੀਨਾਲ ਤਾਂ ਲਭ ਲਿਆ ਪਰ ਇਉ ਹਫ਼ੜਾ ਦਫ਼ੜੀ ਵਿਚ ਮੇਰਾ ਮੋਬਾਇਲ ਸੈਕਿਉਰਟੀ ਵਾਲ਼ਿਆਂ ਕੋਲ਼ ਹੀ ਰਹਿ ਗਿਆ। ਓਦੋਂ ਦੇ ਸੱਜਣ ਓਸੇ ਫ਼ੋਨ ਤੇ ਰਿੰਗੀ ਜਾਂਦੇ ਨੇ ਤੇ ਅੱਗੋ ਉਤਰ ਨਾ ਮਿਲ਼ਨ ਤੇ ਮੈਨੂੰ ਸਲਵਾਤਾਂ ਸੁਣਾਈ ਜਾਂਦੇ ਨੇ।
ਇਕ ਵਾਰੀਂ ਲੰਡਨ ਤੋਂ ਦਿੱਲੀ ਜਾਣਾ ਸੀ। ਮੁੜਨਾ ਤਾਂ ਭਾਵੇਂ ਸਿਡਨੀ ਨੂੰ ਹੀ ਸੀ ਪਰ ਲੰਡਨ ਰਹਿਣ ਸਮੇ ਪਤਾ ਲੱਗਾ ਕਿ ਮਿੱਤਰ ਸ. ਕੁਲਜੀਤ ਸਿੰਘ ਜੀ ਦੀ ਬੇਟੀ ਅੰਮ੍ਰਿਤ ਦਾ ਵਿਆਹ ਹੈ। ਸੋਚਿਆ ਕਿ ਚਲੋ ਬੇਟੀ ਦੇ ਵਿਆਹ ਵਿਚ ਵੀ ਸ਼ਾਮਲ ਹੁੰਦਾ ਜਾਵਾਂ। ਤਿੰਨ ਦਿਨ ਹਰ ਰੋਜ ਹੀਥਰੋ ਹਵਾਈ ਅੱਡੇ ਤੇ ਜਾ ਕੇ ਮੁੜਦਾ ਰਿਹਾ। ਅਚਾਨਕ ਪਤਾ ਲੱਗਾ ਕਿ ਸਾਨੂੰ ਡੀਲ ਕਰਨ ਵਾਲ਼ਾ ਨੌਜਵਾਨ ਪੰਜਾਬੀ ਹੈ। ਇਹ ਉਸਦੇ ਇਕ ਵਾਕ, “ਜਲਦੀ ਜਲਦੀ ਚੱਲੋ!” ਬੋਲਣ ਤੋਂ ਪਤਾ ਲੱਗਾ। ਮੈ ਪੁਛਿਆ, “ਤੈਨੂੰ ਪੰਜਾਬੀ ਆਉਂਦੀ ਆ? ਉਹ ਕਹਿੰੰਦਾ.” ਹਾਂ ਜੀ; ਮੈ ਪੰਜਾਬੀ ਸਿੱਖ ਹਾਂ ਜੀ!” ਇਹ ਸੁਣ ਕੇ ਮੈ ਕਿਹਾ, “ਮਾਰ ਫਿਰ ਕੋਈ ਰੇਖ ਵਿਚ ਮੇਖ! ਪੁਚਾ ਮੈਨੂੰ ਦਿੱਲੀ!” ਉਸ ਦਾ ਉਤਰ ਸੀ ਕਿ ਉਹ ਤਾਂ ਆਪਣੇ ਮਾਂ ਪਿਓ ਲਈ ਕੁਝ ਨਹੀ ਸੀ ਕਰ ਸਕਿਆ ਤੇ ਮੇਰੇ ਲਈ ਕੀ ਕਰ ਸਕਦਾ ਹੈ! ਉਸਦੀ ਸਪੱਸ਼ਟਵਾਦਤਾ ਤੋਂ ਮੈ ਪ੍ਰਭਾਵਤ ਹੋਇਆ ਤੇ ਆਖਿਆ ਕਿ ਦਿੱਲੀ ਨਹੀ ਤਾਂ ਮੋਬਈ, ਕਲਕੱਤਾ, ਮਦਰਾਸ, ਕਿਤੇ ਵੀ ਘੱਲ ਦੇਵੇ ਪਰ ਉਸਨੇ ਅਸਮਰਥਾ ਹੀ ਪ੍ਰਗਟਾਈ। ਫਿਰ ਮੈ ਕਿਹਾ “ਚੱਲ ਇੰਡੀਆ ਨਹੀ ਤਾਂ ਸਿਡਨੀ, ਸਿੰਘਾਪੁਰ, ਹਾਂਗ ਕਾਂਗ, ਬੈਂਕਾਕ, ਕਿਤੇ ਭੇਜ ਦੇਹ।“ ਉਸਨੇ ਬੈਂਕਾਕ ਦੀ ਹਾਮੀ ਭਰੀ। ਮੈ ਕਿਹਾ, “ਚੱਲ, ਮੈਨੂੰ ਲੰਡਨੋ ਕਢ! ਅਧ ਵਿਚ ਤਾਂ ਮੈ ਪਹੁੰਚ ਹੀ ਜਾਵਾਂਗਾ। ਅੱਗੋਂ ਫਿਰ ਵੇਖੀ ਜਾਵੇਗੀ!” ਉਸਨੇ ਮੈਨੂੰ ਬੈਂਕਾਕ ਵਾਲੇ ਜਹਾਜੇ ਚੜ੍ਹਾ ਦਿਤਾ। ਮੈ ਸੋਮਵਾਰ ਬੈਠ ਕੇ ਮੰਗਲਵਾਰ ਸ਼ਾਮ ਨੂੰ ਬੈਂਕਾਕ ਜਾ ਉਤਰਿਆ। ਹਵਾਈ ਅੱਡੇ ਤੋਂ ਹੀ ਸਿਡਨੀ ਦੇ ਜਹਾਜ ਦਾ ਪਤਾ ਕੀਤਾ ਤਾਂ ਉਤਰ ਮਿਲ਼ਿਆ, “ਤਿਆਰ ਹੈ; ਆਓ ਭੇਜੀਏ ਤੁਹਾਨੂੰ ਸਿਡਨੀ!” ਹੋਸਟੈਸ ਬੀਬੀ ਨੇ ਛੇਤੀ ਛੇਤੀ ਸਾਰੀ ‘ਕਾਰਵਾਈ’ ਪੂਰੀ ਕਰਕੇ ਸਾਨੂੰ ਇਮੀਗ੍ਰੇਸ਼ਨ ਦੀ ਲਾਈਨ ਵਿਚ ਜਾ ਖਲਿਆਰਿਆ। ਮੈ ਬੜਾ ਖ਼ੁਸ਼ ਸਾਂ। ਆਪਣੀ ਕਿਸਮਤ ਤੇ ਰਸ਼ਕ ਕਰ ਰਿਹਾ ਸਾਂ ਕਿ ਕੁਨੈਕਟਿੰਗ ਫਲਾਈਟ ਵਿਚ ਹੀ ਸੀਟ ਮਿਲ਼ ਗਈ ਹੈ। ਖੱਜਲ਼ ਨਹੀ ਹੋਣਾ ਪਿਆ ਪਰ ਇਹ ਖ਼ੁਸ਼ੀ ਥੋਹੜਚਿਰੀ ਹੀ ਸਾਬਤ ਹੋਈ। ਕੁਝ ਸਮੇ ਪਿਛੋਂ ਉਹੋ ਬੀਬੀ, “ਸੋਰੀ, ਸੌਰੀ” ਕਰਦੀ ਭੱਜੀ ਆਈ। ਕਹਿੰਦੀ ਕਿ ਉਸਨੂੰ ਗ਼ਲਤੀ ਲੱਗ ਗਈ; ਸੀਟ ਹੈ ਨਹੀ। ਸਾਡਾ ਅੰਦਰ ਜਾ ਚੁਕਿਆ ਸਾਮਾਨ ਵੀ ਉਸਨੇ ਵਾਪਸ ਮੰਗਵਾਇਆ। ਹਵਾਈ ਅੱਡੇ ਦੀ ਫੀਸ ਵਾਪਸ ਕਰਵਾਈ ਤੇ ਸਾਨੂੰ, “ਭਲ਼ਕੇ ਪਤਾ ਕਰਨਾ!” ਆਖ ਕੇ, ਲਾਵਰਸ ਛੱਡ ਕੇ ਕਿਸੇ ਪਾਸੇ ਨੂੰ ਭੱਜ ਗਈ।
ਕਿਸੇ ਤੋਂ ਪੁੱਛ ਪੁਛਾ ਕੇ, ਟੈਕਸੀ ਫੜ ਕੇ, ਮੈ ਸਿੰਘ ਸਭਾ ਗੁਰਦੁਆਰੇ ਅਧੀ ਰਾਤ ਨੂੰ ਜਾ ਉਤਰਿਆ। ਪਹਿਰੇਦਾਰ ਬਜ਼ੁਰਗ ਮੋਨੇ ਸੱਜਣ ਨੇ ਮੈਨੂੰ ਪੱੁਛਿਆ ਕਿ ਮੈ ਗਿਆਨੀ ਹਾਂ ਜਾਂ ਵਾਪਾਰੀ! ਮੇਰੇ ਇਹਨਾਂ ਵਿਚਲਾ ਫਰਕ ਪੁੱਛਣ ਤੇ ਉਸਨੇ ਆਖਿਆ, “ਜੇ ਗਿਆਨੀ ਏਂ ਤਾਂ ਅੰਦਰ ਆ ਜਾਹ ਤੇ ਜੇ ਵਾਪਾਰੀ ਏਂ ਤਾਂ ਕਿਸੇ ਹੋਟਲ ਵਿਚ ਜਾਹ!” ਇਹ ਸੁਣ ਕੇ ਮੈ ਆਖਿਆ ਕਿ ਮੈ ਅਧਾ ਕੁ ਗਿਆਨੀ ਹਾਂ। ਉਸਨੇ ਗੇਟ ਖੋਹਲ ਦਿਤਾ ਤੇ ਮੈ ਤੀਜੀ ਛੱਤ ਉਪਰ ਮੇਰੇ ਵਰਗਿਆਂ ਵਾਸਤੇ ਬਣੇ ਖੁਲ੍ਹੇ ਸਥਾਨ ਉਪਰ ਜਾ ਦਰੀ ਤੇ ਡੇਰਾ ਲਾਇਆ।
ਅਗਲੇ ਦਿਨ ਫਿਰ ਹਵਾਈ ਅੱਡੇ ਤੇ ਗਿਆ ਪਰ ਗੱਲ ਨਾ ਬਣੀ। ਮੁੜ ਆਇਆ ਪਰ ਹੌਲ਼ੀ ਹੌਲ਼ੀ ਇਸ ਜਾਣ ਆਉਣ ਦੌਰਾਨ ਮੈ ਹਵਾਈ ਤੇ ਜਾਣ ਦਾ ਸਸਤਾ ਤਰੀਕਾ ਲਭ ਲਿਆ। ਜਿਥੇ ਪਹਿਲੇ ਦਿਨ ਪੰਜ ਸੌ ਬਾਹਟ ਟੈਕਸੀ ਵਾਲੇ ਨੂੰ ਦੇ ਕੇ ਗੁਰਦੁਆਰੇ ਨੂੰ ਗਿਆ ਸਾਂ ਓਥੇ ਅਖੀਰਲੇ ਦਿਨ ਮੈ ਕੁੱਲ ਨੌ ਬਾਹਟਾਂ ਵਿਚ ਗੁਰਦੁਆਰੇ ਤੋਂ ਹਵਾਈ ਅੱਡੇ ਤੇ ਅੱਪੜ ਗਿਆ। ਉਹ ਇਸ ਤਰ੍ਹਾਂ ਕਿ ਗੁਰਦੁਆਰੇ ਤੋਂ ਪੰਜ ਬਾਹਟਾਂ ਵਿਚ ਬੱਸ ਰਾਹੀਂ ਰੇਲਵੇ ਸਟੇਸ਼ਨ ਤੇ; ਓਥੋਂ ਅੱਗੇ ਰੇਲ ਰਾਹੀਂ ਚਾਰ ਬਾਹਟਾਂ ਵਿਚ ਹਵਾਈ ਅੱਡੇ ਉਤੇ ਪਹੁੰਚ ਗਿਆ। ਇਸ ਤਰ੍ਹਾਂ ਹਰ ਰੋਜ ਇਸ ਆਵਾਜਾਈ ਉਪਰ ਹੋਣ ਵਾਲ਼ੇ ਨਾਜਾਇਜ਼ ਖ਼ਰਚੇ ਦਾ ਫਿਕਰ ਮੁਕ ਗਿਆ। ਇਹ ਦੋਵੇਂ ਖ਼ਰਚ ਮੈਨੂੰ ਬਹੁਤ ਚੁਭਦੇ ਹਨ। ਇਕ ਹੋਟਲ ਵਿਚ ਸੌਣ ਦਾ ਤੇ ਦੂਜਾ ਟੈਕਸੀ ਵਿਚ ਸਫ਼ਰ ਕਰਨ ਦਾ। ਜੇਕਰ ਇਹ ਦੋਵੇਂ ਖ਼ਰਚੇ ਮੈਨੂੰ ਨਾ ਕਰਨੇ ਪੈਣ ਤਾਂ ਫਿਰ ਤਾਂ ਮੈ ਛਾਲ਼ਾਂ ਮਾਰਦਾ ਦਸੋ ਦਿਸਾਂ ਵਿਚ ਭੱਜਾ ਫਿਰਦਾ ਹਾਂ ਕਿ!
ਇਸ ਹਵਾਈ ਅੱਡੇ ਤੇ ਇਕ ਦਿਨ ਇਕ ਖਾਸ ਘਟਨਾ ਵਾਪਰੀ। ਮੈ ਬਾਕੀ ਉਡੀਕਵਾਨਾਂ ਵਾਂਗ ਹੀ ਖਲੋਤਾ ਹੋਇਆ ਸਾਂ ਕਿ ਇਕ ਲੇਡੀ ਮੇਰੇ ਪਾਸ ਆਈ। ਆਖਣ ਲੱਗੀ ਕਿ ਉਹ ਅਫ਼ਗਾਨਿਸਤਾਨ ਤੋਂ ਹੈ ਤੇ ਉਸ ਨਾਲ਼ ਦੋ ਬੱਚੇ ਵੀ ਹਨ। ਉਹਨਾਂ ਨੂੰ ਜਹਾਜ ਵਿਚ ਸੀਟਾਂ ਤਾਂ ਸਿਡਨੀ ਦੀਆਂ ਮਿਲ਼ ਗਈਆਂ ਹਨ ਪਰ ਏਅਰ ਪੋਰਟ ਦੀ ਫੀਸ ਲਈ ਦਸ ਡਾਲਰ ਉਸ ਪਾਸ ਨਹੀ ਹਨ। ਸਿਰਫ ਪਾਕਿਸਤਾਨੀ ਕਰੰਸੀ ਹੀ ਉਸ ਕੋਲ਼ ਹੈ ਹੋਰ ਕੋਈ ਨਹੀ। ਦਸ ਡਾਲਰਾਂ ਦੀ ਕੋਈ ਗੱਲ ਨਹੀ ਸੀ। ਮੈ ਕਿਸੇ ਗੱਲ ਵੱਲ ਬਿਨਾ ਧਿਆਨ ਦਿਤਿਆਂ ਹੀ ਉਸਨੂੰ ਫੜਾ ਦਿਤੇ। ਮਾੜਾ ਜਿਹਾ ਵਿਚਾਰ ਵੀ ਆਇਆ ਕਿ ਏਨੇ ਵਿਅਕਤੀ ਹੋਰ ਹਵਾਈ ਅੱਡੇ ਉਪਰ ਹਨ। ਇਹ ਸਿਰਫ ਸ਼ਾਇਦ ਮੇਰੀ ਪੱਗ ਤੇ ਦਾਹੜੀ ਵੇਖ ਕੇ ਹੀ ਮੇਰੇ ਪਾਸ ਆਈ ਹੈ! ਕੁਝ ਸਮੇ ਬਾਅਦ ਫਿਰ ਆਈ ਉਸਨੇ ਆਖਿਆ ਕਿ ਦਸਾਂ ਨਾਲ ਗੱਲ ਨਹੀ ਬਣਦੀ; ਵੀਹ ਚਾਹੀਦੇ ਹਨ। ਥੋਹੜੀ ਝਿਜਕ ਨਾਲ਼ ਮੈ ਦਸ ਹੋਰ ਦੇ ਦਿਤੇ। ਕੁਝ ਸਮੇ ਬਾਅਦ ਉਹ ਬੀਬੀ ਫਿਰ ਆਈ ਤੇ ਉਸਨੇ ਆਖਿਆ ਕਿ ਤਿੰਨਾਂ ਸਵਾਰੀਆਂ ਦੇ ਤ੍ਰੇਹਠ ਡਾਲਰ ਲੱਗਣੇ ਹਨ। ਏਨੇ ਪੈਸੇ ਸੁਣ ਕੇ ਮੈ ਵਾਹਵਾ ਹੀ ਝਿਜਕ ਵਿਖਾਈ ਦੇਣ ਤੋਂ। ਤ੍ਰੇਹਠ ਦਾ ਮਤਲਬ ਕਿ ਪੈਂਹਠ ਡਾਲੇ ਇਕ ਅਣਜਾਣ ਵਿਅਕਤੀ ਨੂੰ ਪਰਦੇਸ ਵਿਚ ਦੇਣੇ ਕੋਈ ਬਹੁਤੀ ਚੰਗੀ ਗੱਲ ਨਾ ਮੈਨੂੰ ਲੱਗੀ। ਉਸਦੇ ਮੁੜ ਮੁੜ ਜੋਰ ਦੇਣ ਤੇ ਕਿ ਉਹ ਮੈਨੂੰ ਆਸਟ੍ਰੇਲੀਆ ਜਾ ਕੇ ਵਧ ਮੋੜ ਦੇਵੇਗੀ। ਉਸ ਨਾਲ਼ ਦੋ ਬੱਚਿਆਂ ਕਾਰਨ ਮੈ ਝਕਦੇ ਝਕਦੇ ਨੇ ਪੈਂਹਠ ਡਾਲਰ ਉਸਨੂੰ ਦੇ ਦਿਤੇ। ਦੋਹਾਂ ਨੇ ਫ਼ੋਨ ਨੰਬਰ ਵਟਾ ਲਏ। ਉਹ ਤਿੰਨੇ ਆਸਟ੍ਰੇਲੀਆ ਵਾਲ਼ੇ ਜਹਾਜ ਚੜ੍ਹ ਗਏ ਤੇ ਮੈ ਵਾਪਸ ਗੁਰਦੁਆਰੇ ਨੂੰ ਮੁੜ ਗਿਆ। ਹਾਲਾਂ ਕਿ ਜੇ ਮੈ ਉਸਨੂੰ ਪੈਸੇ ਨਾ ਦਿੰਦਾ ਤਾਂ ਤਿੰਨ ਸੀਟਾਂ ਖਾਲੀ ਰਹਿ ਜਾਣ ਕਰਕੇ ਮੈਨੂੰ ਸੀਟ ਮਿਲ਼ ਸਕਦੀ ਸੀ ਪਰ ਉਸਦੇ ਇਸਤਰੀ ਅਤੇ ਨਾਲ਼ ਬੱਚੇ ਹੋਣ ਕਰਕੇ ਮੈ ਸੋਚਿਆ ਕਿ ਬਿਨਾ ਪੈਸਿਆਂ ਤੋਂ ਇਹ ਤਿੰਨੇ ਰਾਤ ਕਿਥੇ ਕੱਟਣਗੇ! ਮੈ ਗੁਰਦੁਆਰੇ ਜਾ ਡੇਰਾ ਲਾਵਾਂਗਾ।
ਅਗਲੇ ਜਾਂ ਅਗਲੇਰੇ ਦਿਨ ਫਿਰ ਮੈ ਉਡੀਕ ਵਿਚ ਖਲੋਤਾ ਸਾਂ ਕਿ ਡੀਲ ਕਰ ਰਹੀ ਹੋਸਟੈਸ ਨੇ ਮੈਨੂੰ ਪੁੱਛਿਆ ਕਿ ਮੈ ਕਿਨੇ ਦਿਨਾਂ ਦਾ ਅੱਡੇ ਉਪਰ ਆਉਂਦਾ ਹਾਂ। ਮੇਰੇ ਮੰਗਲਵਾਰ ਤੋਂ ਆਖਣ ਤੇ ਉਸਨੇ ਆਖਿਆ ਕਿ ਇਕ ਸੀਟ ਖਾਲੀ ਹੈ ਤੇ ਉਹ ਸੀਟ ਉਹ ਬੀਬੀ ਮੈਨੂੰ ਦੇ ਦੇਵੇਗੀ। ਉਸਨੇ ਬਾਕੀ ਉਡੀਕਣ ਵਾਲ਼ਿਆਂ ਨੂੰ ਆਖਿਆ, “ਜਹਾਜ ਵਿਚ ਇਕੋ ਸੀਟ ਹੈ। ਇਹ ਜੈਂਟਲਮੈਨ ਮੰਗਲਵਾਰ ਦਾ ਆਉਂਦਾ ਹੈ। ਇਹ ਸੀਟ ਮੈ ਇਸਨੂੰ ਦੇ ਰਹੀ ਹਾਂ। ਤੁਸੀਂ ਸਾਰੇ ਜਣੇ ਭਲ਼ਕੇ ਫਿਰ ਯਤਨ ਕਰਿਓ। ਇਹ ਲਫ਼ਜ਼ ਸੁਣਦਿਆਂ ਹੀ ਇਕ ਗੋਰਾ ਨੌਜਵਾਨ, ਜੋ ਕਿ ਪਹਿਲਾਂ ਮਾਯੂਸ ਜਿਹਾ ਹੋਇਆ ਬੈਠਾ ਸੀ, ਇਉਂ ਭੁੜਕ ਕੇ ਉਠਿਆ ਜਿਵੇ ਚਿੱਤੜਾਂ ਥੱਲੇ ਸਪਰਿੰਗ ਲਗਾ ਹੋਇਆ ਹੇਵੇ। ਉਸਨੇ ਆਖਿਆ, “ਮੈ ਛਨਿਛਰਵਾਰ ਦਾ ਆਉਂਦਾ ਹਾਂ।” ਇਹ ਸੁਣ ਕੇ ਹੋਸਟੈਸ ਨੇ ਉਸਨੂੰ ਸੀਟ ਦੇਣ ਦਾ ਫੈਸਲਾ ਕਰ ਲਿਆ ਤੇ ਉਸਨੂੰ ਤੋਰ ਦਿਤਾ। ਮੇਰੇ ਵੱਲੋਂ ਆਪਣਾ ਟਿਕਟ ਦਾ ਕੂਪਨ ਵਾਪਸ ਮੰਗਣ ਤੇ ਉਸਨੇ ਕੁਝ ਭੇਦ ਭਰੇ ਤਰੀਕੇ ਨਾਲ਼ ਮੈਨੂੰ ਰੁਕਣ ਲਈ ਆਖਿਆ ਤੇ ਦੱਬਵੀਂ ਆਵਾਜ਼ ਵਿਚ ਇਉਂ ਬੋਲੀ, “ਉਹ ਜੋ ਲੇਡੀ ਫ਼ੋਨ ਕਰ ਰਹੀ ਹੈ ਉਹ ਵੱਡੀ ਅਫ਼ਸਰ ਹੈ। ਉਹ ਫ਼ੋਨ ਕਰ ਹਟੇ ਤਾਂ ਮੈ ਉਸਨੂੰ ਆਖਦੀ ਹਾਂ ਕਿ ਉਹ ਪਾਇਲਟ ਨਾਲ਼ ਗੱਲ ਕਰੇ। ਹੋ ਸਕਦਾ ਹੈ ਕਿ ਜੇ ਉਹ ਚਾਹਵੇ ਤਾਂ ਆਪਣੇ ਨਾਲ਼ ਦੀ ‘ਜੰਪ ਸੀਟ ਉਪਰ ਤੈਨੂੰ ਬੈਠਾ ਕੇ ਲਿਜਾ ਸਕਦਾ ਹੈ।“ ਫ਼ੋਨ ਮੁੱਕਣ ਤੇ ਉਸਨੇ ਫ਼ੋਨ ਵਾਲ਼ੀ ਵੱਡੀ ਅਫ਼ਸਰ ਨੂੰ ਆਖਿਆ। ਉਸਨੇ ਅੱਗੋਂ ਫ਼ੋਨ ਰਾਹੀਂ ਪਾਇਲਟ ਨਾਲ਼ ਗੱਲ ਕੀਤੀ। ਪਾਇਲਟ ਨੇ ਹਾਂ ਕਰ ਦਿਤੀ ਤੇ ਮੈਨੂੰ ਛੇਤੀ ਛੇਤੀ ਉਹਨਾਂ ਦੋਹਾਂ ਬੀਬੀਆਂ ਨੇ ਜਹਾਜੇ ਚਾਹੜਿਆ।
ਘਰ ਪਹੁੰਚ ਕੇ ਸਭ ਤੋਂ ਪਹਿਲਾਂ ਮੈ ਘਰਦਿਆਂ ਤੋਂ ਮੈਲਬਰਨ ਤੋਂ ਕਿਸੇ ਲੇਡੀ ਵੱਲੋਂ ਆਏ ਫ਼ੋਨ ਬਾਰੇ ਹੀ ਪੁੱਛਿਆ। ਉਤਰ ਨਾਂਹ ਵਿਚ ਮਿਲ਼ਨ ਤੇ ਮੈਨੂੰ ਇਉ ਹੀ ਕੁਝ ਮਹਿਸੂਸ ਹੋਇਆ ਜਿਵੇਂ ਘਰੋਂ ਘਰ ਗਵਾ ਕੇ ਬਾਹਰੋਂ ਭੜੂਆ ਅਖਵਾਇਆ ਹੋਵੇ! ਹਵਾਈ ਅੱਡੇ ਵਾਲ਼ੀ ਲੇਡੀ ਵੱਲੋਂ ਦਿਤੇ ਗਏ ਫ਼ੋਨ ਨੂੰ ਮੈ ਦੋ ਚਾਰ ਵਾਰ ਖੜਕਾਇਆ ਪਰ ਕੋਈ ਉਤਰ ਨਾ ਆਇਆ। ਦੋ ਕੁ ਦਿਨਾਂ ਬਾਅਦ ਮੇਰੇ ਰਿੰਗਣ ਤੇ ਉਸਦੇ ਪਤੀ ਦੀ ਅੱਗੋਂ ਆਵਾਜ਼ ਆਈ। ਮੈ ਫ਼ੋਨ ਕਰਨ ਦੀ ਵਜਾਹ ਬਿਆਨੀ ਤਾਂ ਉਸਨੇ ਆਖਿਆ ਕਿ ਉਹ ਦੁਕਾਨ ਤੇ ਗਈ ਹੈ; ਆਊਗੀ ਤਾਂ ਉਤਰ ਦਊੁਗੀ। ਉਸਨੇ ਦੱਸਿਆ ਕਿ ਇਸ ਘਟਨਾ ਬਾਰੇ ਉਸਨੂੰ ਪਤਾ ਹੈ। ਤਸੱਲੀ ਹੋਈ ਕਿ ਮੈ ਠੱਗਿਆ ਨਹੀ ਗਿਆ। ਉਸਨੇ ਨੰਬਰ ਸਹੀ ਹੀ ਦਿਤਾ ਸੀ ਪਰ ਉਸਨੇ ਮੇਰੇ ਫ਼ੋਨ ਨੰਬਰ ਤੇ ਮੇਰੇ ਘਰਦਿਆਂ ਨੂੰ ਸਮੇ ਸਿਰ ਇਸ ਘਟਨਾ ਬਾਰੇ ਸੂਚਤ ਕਿਉਂ ਨਹੀ ਕੀਤਾ! ਇਹ ਸ਼ੰਕਾ ਬਣੀ ਰਹੀ। ਉਸਦਾ ਫ਼ੋਨ ਉਡੀਕਣ ਪਿਛੋਂ ਅਗਲੇ ਦਿਨ ਮੈ ਫਿਰ ਕੀਤਾ ਤਾਂ ਉਸ ਬੀਬੀ ਨੂੰ ਮਿਲ਼ ਗਿਆ। ਉਸਨੇ ਕਿਹਾ ਕਿ ਉਹ ਫ਼ੋਨ ਕਰਦੀ ਰਹੀ ਸੀ ਪਰ ਫ਼ੋਨ ਨੰਬਰ ਸਹੀ ਨਹੀ ਸੀ। ਫਿਰ ਇਕ ਦਿਨ ਛੋਟੇ ਪੱੁਤਰ ਗੁਰਬਾਲ ਨੇ ਦੱਸਿਆ ਕਿ ਮੇਰੇ ਬਾਹਰ ਜਾਣ ਪਿਛੋਂ ਉਹਨਾਂ ਨੇ, ਲੋਕਾਂ ਦੀਆਂ ਮੇਰੇ ਬਾਰੇ ਪੁੱਛਾਂ ਤੋਂ ਤੰਗ ਆ ਕੇ, ਪਹਿਲਾ ਫ਼ੋਨ ਕਟਵਾ ਕੇ ਨਵਾਂ ਲਵਾ ਲਿਆ ਸੀ।
ਮੁਕਦੀ ਗੱਲ ਕਿ ਉਸਨੇ ਮੇਰਾ ਅਕਾਊਂਟ ਨੰਬਰ ਲੈ ਕੇ. ਤਿੰਨ ਕੁ ਹਫ਼ਤਿਆਂ ਪਿੱਛੋਂ ਉਸ ਵਿਚ 65 ਡਾਲਰ ਜਮ੍ਹਾਂ ਕਰਵਾ ਦਿਤੇ। ਮੈ ਉਸਨੂੰ ਆਖਿਆ ਸੀ ਸਿਰਫ ਜਿੰਨੇ ਲਏ ਹਨ ਓਨੇ ਹੀ ਜਮ੍ਹਾਂ ਕਰਵਾਏ ਵਧ ਨਾ ਕਰਵਾਏ। ਪੈਸੇ ਜਮ੍ਹਾਂ ਹੋਣ ਤੱਕ ਮੈ ਕਿਸੇ ਜੀ ਨੂੰ ਇਹ ਗੱਲ ਨਾ ਦੱਸੀ ਤਾਂ ਕਿ ਉਹ ਮੇਰੇ ਇਸ ਤਰ੍ਹਾਂ ਹਵਾਈ ਅੱਡੇ ਉਪਰ ਕਿਸੇ ਅਣਜਾਣ ਬੀਬੀ ਦੇ ਹੱਥੋਂ ਠੱਗੇ ਜਾਣ ਤੇ, ਮੇਰਾ ਮੌਜੂ ਨਾ ਉਡਾਉਣ।
ਇਕ ਦਿਨ ਰਾਤ ਦੀ ਰੋਟੀ ਸਮੇ ਸਾਰੇ ਪਰਵਾਰ ਨਾਲ਼ ਬੈਠਿਆਂ ਮੈ ਇਹ ਸਾਰਾ ਪ੍ਰਸੰਗ, ਸ਼ੁਗਲ ਵਜੋਂ ਸਾਰੇ ਜੀਆਂ ਨੂੰ ਸੁਣਾ ਕੇ, ਅੰਤ ਵਿਚ ਹਾਸੇ ਦੇ ਰਉਂ ਵਿਚ ਇਉਂ ਆਖਿਆ, “ਜੇ ਮੈਨੂੰ ਚੇਤਾ ਆ ਜਾਂਦਾ ਕਿ ਉਸਨੂੰ ਪੈਸੇ ਨਾ ਦੇਣ ਨਾਲ਼ ਉਸਦੀਆਂ ਤਿੰਨ ਖਾਲੀ ਸੀਟਾਂ ਵਿਚੋਂ ਇਕ ਮੈਨੂੰ ਮਿਲ਼ ਜਾਣੀ ਸੀ ਤਾਂ ਮੈ ਉਸਨੂੰ ਪੈਸੇ ਨਹੀ ਸੀ ਦੇਣੇ। ਇਸ ਤਰ੍ਹਾਂ ਖਾਸੇ ਹੋਰ ਖ਼ਰਚ ਤੇ ਖੇਚਲ਼ ਤੋਂ ਬਚ ਕੇ ਮੈ ਕੁਝ ਦਿਨ ਪਹਿਲਾਂ ਹੀ ਆ ਜਾਣਾ ਸੀ। ਮੇਰੇ ਇਹ ਬੋਲ ਸੁਣ ਕੇ ਮੇਰੀ ਨੂੰਹ ਬੇਟੀ ਨੇ ਤੁਰੰਤ ਆਖਿਆ, “ਪਾਪਾ, ਜੇ ਤੁਹਾਨੂੰ ਚੇਤਾ ਆ ਵੀ ਜਾਂਦਾ ਤੁਸੀਂ ਤਾਂ ਵੀ ਉਸਨੂੰ ਪੈਸੇ ਦੇ ਦੇਣੇ ਸੀ।




.