.

ਕੀ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਕਲਮ ਨਾਲ ਜੋੜਨਾਂ ਠੀਕ ਹੈ?

ਸਰਵਜੀਤ ਸਿੰਘ

‘ਸ਼ੇਰ-ਏ-ਪੰਜਾਬ’ ਰੇਡੀਓ ਕਨੇਡਾ ਤੇ ਦਸਮ ਗ੍ਰੰਥ ਬਾਰੇ ਹੋਈ ਵਿਚਾਰ ਚਰਚਾ (04/26/09) ਵਿਚ ਮੇਰੇ ਇਕ ਸਵਾਲ ਦੇ ਜਵਾਬ ਵਿਚ ਭਾਈ ਸਤਵਿੰਦਰਪਾਲ ਸਿੰਘ ਜੀ ਨੇ ਮੈਨੂੰ ਸਿਰਦਾਰ ਕਪੂਰ ਸਿੰਘ ਜੀ ਦਾ ਲੇਖ ‘ਕਿੱਸਾ ਰੂਪ ਕੌਰ ਦਾ’ ਪੜ੍ਹਨ ਦਾ ਸੁਝਾਓ ਦਿੱਤਾ ਸੀ। ਤਾਂ ਜੋ ਮੈ ‘ਸੁਧਿ ਜਬ ਤੇ ਹਮ ਧਰੀ’ ਦੀ ਅਸਲੀਅਤ ਨੂੰ ਸਮਝ ਸਕਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਰਦਾਰ ਕਪੂਰ ਸਿੰਘ ਜੀ ਬੁਹਤ ਹੀ ਸੁਲਝੇ ਹੋਵੇ ਵਿਦਵਾਨ ਸਨ। ਉਨ੍ਹਾਂ ਦੇ ਇਸ ਲੇਖ ਸਬੰਧੀ ਕੋਈ ਟਿੱਪਣੀ ਕਰਨੀ ਜਾਇਜ ਤਾਂ ਨਹੀਂ ਹੈ ਕਿਉਂਕਿ ਉਹ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ। ਪਰ ਹੁਣ ਉਨਾਂ ਦੇ ਇਸ ਲੇਖ ਦਾ ਜਿਕਰ ਦੁਨੀਆਂ ਦੇ ਕੋਨੇ-ਕੋਨੇ ਵਿਚ ਸੁਣੇ ਜਾਣ ਵਾਲੇ ਰੇਡੀਓ ਸ਼ੇਰ-ਏ-ਪੰਜਾਬ ਦੇ ਬੁਹਤ ਹੀ ਚਰਚਿਤ ਪ੍ਰੋਗਰਾਮ ‘ਦਿਲਾਂ ਦੀ ਸਾਂਝ’ ਵਿਚ ਹੋਇਆ ਹੈ ਇਸ ਲਈ ਕੁਝ ਬੇਨਤੀਆਂ ਕਰਨੀਆਂ ਜਰੂਰੀ ਸਮਝਦਾ ਹਾਂ।

ਸਿਰਦਾਰ ਕਪੂਰ ਸਿੰਘ ਜੀ ਨੇ ਇਹ ਲੇਖ, ਪੋ: ਰਾਮ ਪ੍ਰਕਾਸ਼ ਸਿੰਘ ਜੀ (ਖਾਲਸਾ ਕਾਲਜ, ਅੰਮ੍ਰਿਤਸਰ) ਦੇ ਲੇਖ ‘ਚਾਨਣ ਮੁਨਾਰਾ’ ਜੋ ਫਰਵਰੀ 1959 ਵਿਚ ‘ਗੁਰਮਤਿ ਪ੍ਰਕਾਸ’ ਵਿੱਚ ਛਪਿਆ ਸੀ ਦੇ ਸਬੰਧ ਵਿਚ ਲਿਖਿਆ ਸੀ। ਇਹ ਲੇਖ ਦੀ ਕਹਾਣੀ ਦਸਮ ਗ੍ਰੰਥ ਵਿੱਚ ਦਰਜ ‘ਤ੍ਰਿਆਚਰਿਤਰ’ ਜਿਨ੍ਹਾਂ ਦੀ ਗਿਣਤੀ 405 ਹੈ, ਵਿੱਚ ਚਰਿਤ੍ਰ 21,22 ਅਤੇ 23 ਤੇ ਦਰਜ ਹੈ। ਇਸ ਕਹਾਣੀ ਦਾ ਦੋਵਾਂ ਵਿਦਵਾਨਾਂ ਨੇ ਆਪਣੇ ਲੇਖਾਂ ਵਿੱਚ ਅੰਸ਼ਕ ਜਿਕਰ ਵੀ ਕੀਤਾ ਹੈ। ਇਸ ਤੋਂ ਪਹਿਲਾਂ ਕਿ ਸਿਰਦਾਰ ਜੀ ਦੇ ਲੇਖ ਬਾਰੇ ਵਿਚਾਰ ਕਰੀਏ, ਇਹ ਜਰੂਰੀ ਹੈ ਕਿ ਪਾਠਕ ਇਸ ਪੂਰੀ ਵਾਰਤਾ ਤੋਂ ਜਾਣੂ ਹੋਣ। ਦਸਮ ਗ੍ਰੰਥ ਵਿੱਚ ਪੰਨਾ 838 ਤੋਂ 844 ਤੱਕ ਦਰਜ ਇਹ ਕਹਾਣੀ ਜਿਸ ਦੇ ਕੁਲ (60+9+12) 81 ਛੰਦ ਹਨ ਦੀ ਸੰਖੇਪ ਵਾਰਤਾ ਇਓ ਹੈ।

ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿਚ ਸੀ।3। ਉੱਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ।4। ਇਕ ਧਨਵਾਨ ਇਸਤਰੀ ਉੱਥੋਂ ਦੇ ਰਾਜੇ ਤੇ ਮੋਹਿਤ ਹੋ ਗਈ ।5। ਮਗਨ ਨਾਮ ਦਾ ਵਿਅਕਤੀ ਜੋ ਰਾਜੇ ਦਾ ਦਾਸ ਸੀ, ਨੂੰ ਉਸ ਇਸਤਰੀ ਨੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ। ਮਗਨ ਨੇ ਲਾਲਚ ਵਿਚ ਆਕੇ ਰਾਜੇ ਨੂੰ ਬੇਨਤੀ ਕੀਤੀ, ਜੋ ਮੰਤ੍ਰ ਆਪ ਸਿੱਖਣਾ ਚਾਹੁੰਦੇ ਹੋ ਉਹ ਮੇਰੇ ਹੱਥ ਆ ਗਿਆ ਹੈ। ਹੁਣ ਜੋ ਮੈ ਕਰਨ ਨੂੰ ਕਹਾਂ, ਤੁਸੀਂ ਉਹੋ ਹੀ ਕਰੋ।9। ਮਗਨ ਦੇ ਕਹਿਣ ਤੇ ਰਾਜਾ ਸਾਧ ਦਾ ਭੇਸ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪਹੁੰਚਿਆ।10। ਇਸਤਰੀ ਨੇ ਫੁੱਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ।11। ਰਾਜੇ ਨੇ ਸਾਧ ਦਾ ਭੇਸ ਉਤਾਰ ਕੇ ਆਪਣੇ ਸ਼ਾਹੀ ਬਸਤਰ ਪਹਿਨ ਲਏ ਅਤੇ ਸੇਜ ਨੂੰ ਸੁਸ਼ੋਭਿਤ ਕੀਤਾ।12। ਜਦੋਂ ਇਸਤਰੀ ਨੇ ਆਪਣਾ ਅਸਲ ਮੰਤਵ ਰਾਜੇ ਨੂੰ ਦੱਸਿਆ ਤਾਂ ਰਾਜਾ ਸੋਚੀਂ ਪੈ ਗਿਆ ਕਿ ਮੈ ਤਾਂ ਮੰਤਰ ਲੈਣ ਲਈ ਆਇਆ ਸੀ ਇਥੇ ਤਾਂ ਗੱਲ ਹੀ ਹੋਰ ਹੈ। ਰਾਜੇ ਨੇ ਕਿਹਾ ਕਿ ਮੈ ਅਜੇਹਾ ਕਰਕੇ ਨਰਕ ਵਿੱਚ ਪੈਣ ਤੋਂ ਡਰਦਾ ਹਾ।14। ਔਰਤ ਨੇ ਕਿਹਾ ਮੇਰੇ ਸਰੀਰ ਵਿੱਚ ਕਾਮ ਦੀ ਅਗਨੀ ਬੁਹਤ ਫੈਲ ਗਈ ਹੈ ਇਸ ਨੂੰ ਸ਼ਾਂਤ ਕਰੋ ਨਹੀਂ ਤਾਂ ਮੈ ਇਸ ਅਗਨੀ ਵਿੱਚ ਸੜ ਕੇ ਮਰ ਜਾਵਾਂਗੀ।22। ਰਾਜੇ ਨੇ ਕਿਹਾ ਕਿ ਸ਼ਿਵਜੀ ਦਾ ਧਿਆਨ ਧਰ, ਪਰ ਮੈਂ ਤੇਰੈ ਨਾਲ ਕਾਮ-ਕ੍ਰੀੜਾ ਨਹੀਂ ਕਰਾਂਗਾ।24। ਨੂਪ ਕੁਅਰਿ (ਨੂਪ ਕੌਰ) ਨੇ ਕਿਹਾ ਕਿ ਹੇ ਮਿੱਤਰ! ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ ਨਹੀਂ ਤਾਂ ਮੇਰੀ ਟੰਗ ਹੇਠੋਂ ਲੰਘ ਕੇ ਚਲੇ ਜਾਓ।28। ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ ਜੋ ਨਿਪੁਸੰਕ ਹੋਵੇ ਮੈਂ ਤਾਂ ਅਪਜਸ ਹੋਣ ਤੋਂ ਡਰਦਾ ਹਾਂ।29। ਨੂਪ ਕੌਰ ਫੇਰ ਜਿਦ ਕਰਦੀ ਹੈ ਪਰ ਰਾਜੇ ਕਿ ਕਿਹਾ ਹੁਣ ਮੈਂ ਉਚ ਕੁਲ ਵਿੱਚ ਹਾਂ, ਫੇਰ ਮੇਰਾ ਜਨਮ ਨੀਚ ਕੁਲ ਵਿਚ ਹੋਵੇਗਾ, ਔਰਤ ਨੇ ਕਿਹਾ ਇਹ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਜੇ ਅੱਜ ਤੁਸੀਂ ਮੈਨੂੰ ਸ਼ਾਂਤ ਨਾਂ ਕੀਤਾ ਤਾਂ ਮੈ ਜ਼ਹਿਰ ਪੀ ਕੇ ਮਰ ਜਾਵਾਂਗੀ।33। ਰਾਜੇ ਨੂੰ ਡਰ ਹੈ ਕਿ ਜੇ ਇਸ ਨੇ ਮੈਨੂੰ ਭਗਵਤੀ ਦੀ ਸੌਂਹ ਦੇ ਦਿੱਤੀ ਤਾਂ ਮੈਨੂੰ ਨਰਕ ਵਿੱਚ ਜਾਣਾਂ ਹੀ ਪਵੇਗਾ।36। ਔਰਤ ਦਾ ਦਬਕਾ, ‘ਤੋਹਿ ਮਾਰਿ ਕੈਸੇ ਜਿਯੋ’ ਸੁਣ ਕੇ ਰਾਜਾ ਸੋਚੀਂ ਪੈ ਗਿਆ। ਜੇ ਇਸ ਨਾਲ ਰਮਣ ਕਰਾਂ ਤਾਂ ਧਰਮ ਜਾਂਦਾ ਹੈ ਜੇ ਭਜਦਾ ਹਾ ਤਾਂ ਮੌਤ।41। ਰਾਜੇ ਨੇ ਇਸਤਰੀ ਨੂੰ ਸਮਝਾਉਣ ਲਈ ਕਿਹਾ,

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।

ਜਿਵੇਂ ਪਰ ਨਾਰੀ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ, ਇਸੇ ਤਰਾਂ ਹੀ ਇੰਦਰ ਦੀ ਵੀ ਬਦਨਾਮੀ ਹੋਈ ਸੀ, ਪਰ ਨਾਰੀ ਕਾਰਨ ਹੀ ਰਾਵਣ ਅਤੇ ਕੌਰਵਾਂ ਦੀ ਸੈਨਾ ਮਾਰੀ ਗਈ ਸੀ।52। ਹੇ ਬਾਲਾ ! ਮੈ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੱਤਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ।54। ਇਹ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ।55। ਇਹ ਸ਼ੋਰ ਸੁਣਕੇ ਡੌਰ ਭੌਰ ਹੋਇਆ ਰਾਜਾ ਆਪਣੀ ਜੁਤੀ ਅਤੇ ਚਾਦਰ ਛਡ ਕੇ ਭੱਜ ਗਿਆ।

‘ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’।60। ( ਇਕੀਹਵੇ ਚਰਿਤ੍ਰ ਦੀ ਸਮਾਪਤੀ)

ਚੋਰ-ਚੋਰ ਦਾ ਰੌਲਾ ਸੁਣ ਕਿ ਉਸ ਔਰਤ ਦੇ ਸੇਵਕਾਂ ਨੇ ਰਾਜੇ ਨੂੰ ਘੇਰ ਲਿਆ ।2। ਸਾਰੇ ਤਲਵਾਰਾਂ ਕਢ ਕੇ ਰਾਜੇ ਵੱਲ ਵਧੇ। ਲਲਕਾਰ ਕੇ ਕਹਿਣ ਲੱਗੇ ਕਿ ਅੱਜ ਤੈਨੂੰ ਜਾਣ ਨਹੀ ਦੇਵਾਂਗੇ। ਹੇ ਚੋਰ! ਤੈਨੂੰ ਯਮਲੋਕ ਭੇਜਾਗੇ।3। ਰਾਜੇ ਨੇ ਵੀ ਅੱਗੋ ਸ਼ੈਤਾਨੀ ਵਰਤੀ, ਉਸ ਔਰਤ ਦੇ ਭਰਾ ਨੂੰ ਹੀ ਚੋਰ-ਚੋਰ ਕਹਿ ਕੇ ਦਾੜ੍ਹੀਓਂ ਫੜ ਲਿਆ ਅਤੇ ਉਸ ਦੀ ਪੱਗ ਲਾ ਦਿੱਤੀ ਅਤੇ ਬਾਕੀ ਸਾਰੇ ਵੀ ਉਸ ਨੂੰ ਕੁੱਟਣ ਲੱਗ ਪਏ।5। ਔਰਤ ਭਰਾ-ਭਰਾ ਕਹਿ ਕੇ ਬਚਾਉਣ ਦਾ ਜਤਨ ਕਰਨ ਲੱਗੀ ਪਰ ਕਿਸੇ ਨੇ ਵੀ ਉਸ ਨੂੰ ਨਾ ਸੁਣਿਆ ਅਤੇ ਉਸ ਦੇ ਭਰਾ ਦੀਆਂ ਹੀ ਮੁਸ਼ਕਾਂ ਕੱਸ ਕੇ ਬੰਦੀਖਾਨੇ ਵਿਚ ਬੰਦ ਕਰ ਦਿੱਤਾ।7। ਕੋਈ ਵੀ ਇਸ ਭੇਦ ਨੂੰ ਨਾ ਸਮਝ ਸਕਿਆ ਤੇ ਰਾਜਾ ਇਹ ਛਲ ਕਰਕੇ ਉਥੋ ਭੱਜ ਗਿਆ।9। (ਬਾਈਵੇਂ ਚਰਿਤ੍ਰ ਦੀ ਸਮਾਪਤੀ)

ਸਵੇਰ ਹੋਣ ਤੇ ਰਾਜਾ ਮਹੱਲ ਤੋ ਬਾਹਰ ਆਇਆ ਤੇ ਸਭਾ ਲਗਾਈ।1। ਉਧਰ ਔਰਤ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਜੁੱਤੀ ਅਤੇ ਪਾਮਰੀ ਸਭ ਨੂੰ ਵਿਖਾ ਦਿੱਤੀ।2। ਇਧਰ ਰਾਜੇ ਨੇ ਕਿਹਾ ਕਿ ਸਾਡੀ ਜੁੱਤੀ ਤੇ ਪਾਮਰੀ ਚੋਰੀ ਹੋ ਗਏ ਹਨ। (ਕੀ ਰਾਜਾ ਸੱਚ ਬੋਲਦਾ ਹੈ?) ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਕਾਲ ਉਸ ਦੇ ਨੇੜੇ ਨਹੀਂ ਆਵੇਗਾ। 3। ਇਹ ਬਚਨ ਸੁਣਕੇ ਸੇਵਕਾਂ ਨੇ ਉਸ ਔਰਤ ਬਾਰੇ ਦੱਸ ਦਿੱਤਾ।4। ਤਦ ਰਾਜੇ ਨੇ ਉਸ ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ। ਅਤੇ ਇਹ ਵੀ ਕਿਹਾ ਕੇ ਮੇਰੇ ਕਹੇ ਬਿਨਾ ਉਸ ਤੋਂ ਕੋਈ ਪੁਛ-ਪੜਤਾਲ ਨਹੀ ਕਰਨੀ।5। ਸੇਵਕਾਂ ਨੇ ਔਰਤ ਨੂੰ ਜੁੱਤੀ ਤੇ ਪਾਮਰੀ ਸਮੇਤ ਰਾਜੇ ਅੱਗੇ ਲਿਆ ਹਾਜ਼ਰ ਕੀਤਾ ।6। ਰਾਜੇ ਨੇ ਔਰਤ ਨੂੰ ਪੁਛਿਆ, ਤੂੰ ਮੇਰੇ ਬਸਤ੍ਰ ਕਿਉ ਚੁਰਾਏ ਹਨ? ਇਹ ਸੁਣਕੇ ਔਰਤ ਦਾ ਰੰਗ ਪੀਲਾ ਪੈ ਗਿਆ ਉਸ ਦੇ ਮੂੰਹੋ ਕੋਈ ਵੀ ਗੱਲ ਨਾ ਨਿਕਲੀ । ਰਾਜੇ ਨੇ ਤਰੀਕ ਅੱਗੇ ਪਾ ਦਿੱਤੀ।9। ਸਵੇਰ ਹੋਣ ਤੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ ਇਕਾਂਤ ਵਿਚ ਸਾਰੀ ਗੱਲ ਕੀਤੀ ਅਤੇ ਰਾਜੀਨਾਮਾ ਕਰਕੇ ਔਰਤ ਦੀ ਵੀਹ ਹਜਾਰ ਟੱਕੇ ਛਿਮਾਹੀ ਭੱਤਾ ਬੰਨ੍ਹ ਦਿੱਤਾ।12।

ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।

ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12। (ਤੇਈਸਵੋ ਚਰਿਤ੍ਰ ਸਮਾਪਤ। ਸਤੁ ਸੁਭਮ ਸਤੁ)

ਇਹ ਹੈ ਉਹ ਪੂਰੀ ਵਰਤਾ ‘ਕਿੱਸਾ ਰੂਪ ਕੌਰ ਦਾ’। ਸਿਰਦਾਰ ਕਪੂਰ ਸਿੰਘ ਜੀ ਦੇ ਲੇਖ ਤੇ ਵਿਚਾਰ ਕਰਨ ਤੋਂ ਪਹਿਲਾ, ਇਸ ਕਹਾਣੀ ਬਾਰੇ ਹੋਰ ਵਿਦਵਾਨਾਂ ਦੇ ਵਿਚਾਰ ਜਾਣ ਲੈਣੇ ਵੀ ਲਾਹੇਬੰਦ ਹੋਣਗੇ।

“ਇਹੋ ਹੀ ਗੱਲ ਇਧਰ ਚਰਿਤ੍ਰੋ ਪਾਖਿਆਨਾ ਵਿਚ ਵੀ ਹੈ, ਔਰਤਾਂ ਦੀਆਂ ਕਹਾਣੀ ਨੇ, ਇਹ ਬਿਲਕੁਲ ਗਲਤ ਹੈ। ਸਾਰੀਆਂ ਇਸਤਰੀਆਂ ਦੀਆਂ ਕਹਾਣੀਆਂ ਨਹੀ, ਸਗੋ ਘੱਟੋ-ਘੱਟੋ 20 ਕਹਾਣੀਆਂ ਮਰਦਾਂ ਦੇ ਨਾਲ ਵੀ ਸਬੰਧਤ ਹਨ ਕਿ ਇਹ ਵੀ ਧੂੜ ਧੋਂਦੇ ਜੇ ਬੁਹਤ। ਇਹ ਵੀ ਮਾੜੇ ਹੁੰਦੇ ਜੇ ਕਈ। ਸਾਰੇ ਹੀ ਨਾ ਚੰਗੇ ਹੁੰਦੇ ਨਾ ਮਾੜੇ ਹੁੰਦੇ ਲੇਕਿਨ ਜਿਹੜੇ ਮਾੜੇ ਵਿਅਕਤੀ ਨੇ, ਮਾੜੇ ਚਰਿਤ੍ਰ ਨੇ ਉਹਨਾ ਤੋ ਬਚਣ ਦੀ ਹਦਾਇਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹ ਥਾਂ-ਥਾਂ ਤੇ ਸਾਨੂੰ ਉਪਦੇਸ਼ ਵੀ ਦਿੱਤੇ ਹਨ। ਕਿ ‘ਸੁਧਿ ਜਬ ਤੇ ਤੁਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ। ਨਿਜ ਨਾਰੀ ਕੇ ਸੰਗ’ ਮੈ ਤੇ ਕਹਿਨਾ ਕਿ ਇਕੱਲਾ ਇਕ ਐਹੋ ਐਡਿਕਟ ਜੇਹੜਾ ਹੈ, ਜਿਹੜੀ ਇਜੰਕਸ਼ਨ ਹੈ ‘ਨਿਜ ਨਾਰੀ ਕਿ ਸੰਗ ਨੇਹੁ ਤੁਮ ਨਿਤ ਬਢੈਯਹੁ’ ਅੱਜ ਏਡਜ ਤੋ ਸਾਰੀ ਦੁਨੀਆ ਤਰੱਸਤ ਹੈ ਕਿ ਜੇ ਸਿੱਖ ਏਸ ਗੱਲ ਨੂੰ ਹੀ ਮੰਨ ਲੈਣ ਕਿ ਨਿਜ ਨਾਰੀ ਕੇ ਸੰਗ ਹੀ ਨੇਹੁ ਰੱਖਣਾ ਹੈ ਤਾਂ ਸ਼ਾਇਦ ਇਹ ਜੇਹੜੀ ਬਿਮਾਰੀ ਹੈ ਘੱਟੋ ਘੱਟ ਸਿੱਖਾਂ ਵਿਚ ਤਾ ਨਹੀ ਫੈਲ ਸਕਦੀ।” (ਡਾ: ਜੋਧ ਸਿੰਘ ਜੀ ਜੀ ਦੇ ਬਚਨ, 10 ਨਵੰਬਰ 2006, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ)

“ਸੋ ਥੋੜਾ ਜੇਹਾ ਜਿਕਰ ਮੈ ਚਤ੍ਰਿਰਾਂ ਦੇ ਬਾਰੇ ਕਹਾਂ, ਸਮਾਂ ਮੇਰਾ ਸੰਪੂਰਣ ਹੋਣ ਵਾਲਾ ਥੋੜੇ ਜੇਹੇ ਮਿੰਟ ਰਹਿੰਦੇ ਨੇ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਚਤ੍ਰਿਰਾ ਦੇ ਬਾਰੇ ਗਲ ਕਰਦੇ ਨੇ ਕੇ ਮਹਾਰਾਜ ਨੇ ਖੁਲੇ ਬਚਨ ਕੀਤੇ ਨੇ, ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਚਤ੍ਰਿਰ ਲਿਖੇ ਨੇ, ਉਹਦੇ ਵਿੱਚ ਮੇਰੇ ਗਰੂ ਗੋਬਿੰਦ ਸਿੰਘ ਨੇ ਆਪਣਾ ਚਤ੍ਰਿਰ ਲਿਖਿਆ ਸਾਧ ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ, ਗੁਰੂ ਗੋਬਿੰਦ ਸਿੰਘ ਦਾ ਅਨੂਪ ਕੌਰ ਦਾ ਚਤ੍ਰਿਰ ਕਿੱਦਾ ਆ ਗਿਆ ਉਹਦੇ ਵਿਚ? ਇਸ ਕਰਕੇ ਆਪ ਲਿਖੇ ਨੇ। ਅਨੂਪ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਲਣ ਦੀ ਕੋਸ਼ਿਸ਼ ਕੀਤੀ। ਕੇ ਗੁਰੂ ਮਹਾਰਾਜ ਬੜਾ ਬਲੀ ਯੋਧਾ, ਮੈ ਛਲ ਕੇ ਵਿਖਾਉਨੀ ਆਂ ਔਰ ਉਹ ਇੱਕ ਬੰਦੇ ਦਾ ਰੂਪ ਧਾਰ ਕੇ, ਜੋਗੀ ਬਣ ਕੇ, ਆਪਣੇ ਨਾਲ ਚੇਲੇ-ਚਾਟੜੇ ਬਣਾ ਕੇ, ਇੱਕ ਆਪਣੇ ਆਪ ਵਿੱਚ ਜੋਗੀ ਮਹਾਤਮਾ ਬਣਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਮਹਾਰਾਜ ਸਾਡੇ ਗੁਰੂ ਨੇ ਤੁਹਾਡੇ ਨਾਲ ਬਚਨ ਬਿਲਾਸ ਕਰਨੇ ਨੇ, ਗੁਰੂ ਜਾਣੀ ਜਾਣ ਸਨ, ਪਤਾ ਸੀ ਕੀ ਹੈ ਛਲ ਹੈ ਧੋਖਾ ਹੈ, ਸਭ ਕੁੱਝ ਜਾਣਦੇ ਨੇ, ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੋਈ ਜਤਨ ਤਾਂ ਕਰਨਾ ਸੀ ਨਾ।… ਇਸ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਸ ਨੇ ਜਦੋ ਫੇਰ ਸਾਨੂੰ ਪ੍ਰੇਰਿਆ, ਅਸੀ ਉਸ ਨੂੰ ਮਨ੍ਹਾਂ ਕੀਤਾ, ਉਸ ਨੇ ਅਨੇਕ ਪ੍ਰਕਾਰ ਦੀਆ ਟਾਂਚਾ ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ ਸੂਰਮਾ ਅਖਵਾਉਨਾ ਜਾਂ ਮੇਰੀ ਲੱਤ ਥੱਲੋ ਲੱਘ ਜਾਹ ਨਹੀਂ ਤੇ ਮੇਰੀ ਗੱਲ ਮੰਨਲਾ।…ਸਾਧ ਸੰਗਤ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਚਿਆਈ ਹੁੰਦੀ ਆ ਨਾਂ ਚਤ੍ਰਿਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ ਭੈਣ ਜੀ ਬੈਠੇ ਨੇ ਕਹਿੰਦੇ ਮੈ ਸਾਰਾ ਦਸਮ ਗ੍ਰੰਥ ਪੜ੍ਹਿਆ, ਕਹਿੰਦੇ ਕੇਹੜਾ ਜੇਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ਸਾਧ ਸੰਗਤ ਅੰਦਰੋ ਮਹਾਂਰਾਜ ਸੱਚੇ ਪਾਤਸ਼ਾਹ ਦੀ ਬਖਸ਼ਸ਼ ਹੋਵੇ ਫਿਰ ਜਿੱਦਾਂ ਆਹ ਬਚਨ ਲਿਖੈ ਪੜ੍ਹ ਲੋ। ਬਚਨ ਕੀਤੇ ਨਾਹ, ਕੈਰ ਬੁਜ਼ਦਿਲ ਜਿਹੜੇ, ਉਹ ਨਹੀਂ ਬਾਣੀ ਪੜ੍ਹ ਸਕਦੇ, ਜਿਹੜੇ ਸੂਰਮੇ ਯੋਧੇ ਨੇ ਉਹੋ ਹੀ ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਸਕਦੇ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ ਅਨੂਪ ਕੌਰ ਨੇ ਚਤ੍ਰਿਤ ਵਰਤੇ ਤੇ ਦਸਮ ਪਾਤਸ਼ਾਹ ਹਜੂਰ ਨੇ ਕੀ ਉਪਦੇਸ਼ ਦਿੱਤਾ, ਹੈ ਨਾ ਪੂਰਾ ਗੁਰੂ। ਇਕਾਂਤ ਹੋਵੇ, ਜਿਥੇ ਕੋਈ ਦੇਖਦਾ ਨਾਂ ਹੋਵੇ, ਕਿਸੇ ਦਾ ਕੋਈ ਡਰ ਨਾਂ ਹੋਵੇ, ਉਹਦੇ ਕੋਲ ਸਾਬਤ ਰਹਿਣਾ ਤੇ ਉਹਨੂੰ ਵੀ ਸਿਖਿਆ ਦੇਣੀ। ਉਥੇ ਦਸਮ ਪਾਤਸ਼ਾਹ ਜੀ ਨੇ ਕਿਹਾ:-

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।

ਪੂਤ ਇਹੈ ਪ੍ਰਾਨ ਤੋਹਿ ਪ੍ਰਾਨ ਜਬ ਲਗ ਗਟ ਥਾਰੇ।।

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ।

ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।।

ਜਰਾ ਖਿਆਲ ਕਰੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਅਨੂਪ ਕੌਰੇ, ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਆਹ ਗੱਲ ਕਹੀ ਹੋਈ ਐ। ਇਹਦਾ ਮੱਤਲਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਸੀ, ਕਿ ਤੁਸੀਂ ਆਪਣੀ ਏਕਾ ਨਾਰੀ ਜੁੱਤੀ ਵਿੱਚ ਰਹਿਣਾ, ਪਰਾਈ ਨਾਰੀ ਨੂੰ ਸੁਫਨੇ ਵਿੱਚ ਵੀ ਨਹੀ ਦੇਖਣਾ, ਗੁਰੂ ਤੇਗ ਬਹਾਦਰ ਸਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਝਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੰਥ ਵਾਸਤੇ ਲਿਖਤ ਕਰ ਦਿੱਤੀ, ਮੇਰਾ ਪੰਥ ਇਸ ਤੋਂ ਸਾਵਧਾਨ ਰਹੇ ਧੋਖਾ ਨਾ ਖਾਵੇ।” (‘ਸ੍ਰੀ ਦਸਮ ਗ੍ਰੰਥ ਸਾਹਿਬ’ ਬਾਰੇ ਅੰਤਰ ਰਾਸ਼ਟਰੀ ਸੈਮੀਨਾਰ ਵਿੱਚ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸਵਿੰਦਰ ਸਿੰਘ ਜੀ ਦੇ ਬਚਨ। 23 ਫਰਵਰੀ 2008 ਸੈਕਰਾਮੈਂਟੋ)

6-ਚਰਿਤ੍ਰੋਪਾਖਾਨ ਗ੍ਰੰਥ-ਸੰਮਤ ਸਤਾਰਾਂ ਸੈ 47-8 ਬਿੱ: (1690-91ਈ:) ਵਿਚ ਜਦੋਂ ਦਸਮੇਸ਼ ਪਿਤਾ ਜੋਗੀ, ਵੈਰਾਗੀ ਤੇ ਸੰਨਿਆਸੀ ਆਦਿ ਸੰਪਰਦਾਵਾਂ ਦੇ ਸਿੱਧਾਂ-ਸਾਧਾਂ ਦੇ ਪਰਖ-ਪ੍ਰਖਾਵੇ ਕਰ ਰਹੇ ਸਨ; ਤਾਂ ਵੈਸਾਖੀ ਤੇ ਦਿਵਾਲੀ ਦੇ ਮੋਕਿਆਂ ਪੁਰ ‘ਛਜੀਆ’ ਰਾਜਮਨੀ ਤੇ ‘ਅਨੂਪ ਕੌਰ’ ਲਾਹੌਰੀ ਖਤ੍ਰੇਟੀ ਆਦਿ ਰੂਪ-ਜੋਬਨ ਮੱਤੀਆਂ ਮੁੰਧ-ਮੁਟਿਆਰਾਂ ਭੀ ਅਨੰਦਪੁਰਿ ਆਈਆਂ; ਅਰੁ ਸੱਚੇ ਪਾਤਿਸ਼ਾਹ ਦੀ ਚੜ੍ਹਦੀ ਜੁਆਨੀ ਤੇ ਮਨੋਹਰ ਨੁਹਾਰ ਵੇਖ ਕੇ ਮੋਹਿਤ ਹੋ ਗਈਆਂ। ਸਤਿਗੁਰਾਂ, ਨਾਰੀ ਦੇ ਪ੍ਰਾਕ੍ਰਿਤਕ ਸੁਭਾਉ ਦੇ ਸਦਕੇ ਉਨ੍ਹਾਂ ਦੀਆਂ ਭੁੱਲਾਂ ਬਖਸ਼ੀਆਂ ਤੇ ਸੁਮੱਤੇ ਲਾਈਆਂ। ਲੇਕਿਨ ਸਿੱਖਾਂ ਨੂੰ ਐਸੇ ਛਲ-ਛਿੱਦ੍ਰਾਂ ਤੋਂ ਬਚਣ ਦੀ ਸਿੱਖਿਆ ਦੇਣ ਦੇ ਖਿਆਲ ਨਾਲ, ਉਨ੍ਹਾਂ ਹੀ ਦਿਨਾਂ ਤੋਂ ਨਰ-ਨਾਰੀਆਂ ਦੇ ਚਲਨ ਸੰਬੰਧੀ ਪਖਾਣੇ ਕਲਮ-ਬੰਦ ਕਰਨੇ ਅਰੰਭ ਦਿੱਤੇ। ਅਰੰਭ ਕਰਨ ਸਮੇਂ ਹੀ ਆਪ ਨੇ ਦੱਸਿਆ:-

ਅਰਘ, ਗਰਭ, ਨ੍ਰਿਪ, ਤ੍ਰਿਯਨ ਕੋ, ਬੇਦ ਨਾ ਪਾਯੋ ਜਾਇ।

ਤਊ ਤਿਹਾਰੀ ਕ੍ਰਿਪਾ ਤੇ, ਕੁਛ ਕੁਛ ਕਹੋਂ ਬਨਾਇ॥44

ਅਗਾੜੀ 16ਵੇਂ ਚਰਿਤ੍ਰ ਵਿੱਚ, ਗ੍ਰੰਥ ਕਰਤਾ ਜੀ ਨੇ, ‘ਇਸਤ੍ਰੀ-ਚਰਿਤ੍ਰ’ ਲਿਖਣ ਦੇ ਕਾਰਣਾਂ ਵਲਿ ਐਕੁਣ ਇਸ਼ਾਰਾ ਵੀ ਕੀਤਾ ਹੈ:-

ਤਬੈ ਰਾਇ ਗ੍ਰਿਹਿ ਆਇ ਸੁ ਪ੍ਰਣ ਐਸੋ ਕਿਯੋ। ਭਲੇ ਯਤਨ ਸੋਂ ਰਾਖਿ ਧਰਮ ਅਬ ਮੈ ਲਿਯੋ।

ਧੇਸ ਦੇਸਿ ਨਿਜੁ ਪ੍ਰਭੁ ਕੀ ਪ੍ਰਭਾ ਬਖੇਰਿ ਹੋਂ। ਹੋ, ਆਨ ਤ੍ਰਿਯਾ ਕਹ ਬਹੁਰਿ ਨ ਕਬਹੂੰ ਹੇਰਿ ਹੋਂ॥ 49

ਦੋਹਰਾ

ਵਹੈ ਪ੍ਰਤੱਗਯਾ ਤਦਿਨ ਤੇ , ਬਿਆਪਤਿ ਮੋ ਹਿਯ ਮਾਹਿ।

ਤਾ ਦਿਨ ਤੇ ਪਰਨਾਰਿ ਕੋ, ਹੇਰਤ ਕਬਹੂੰ ਨਾਹਿ॥ 50

ਇਨ੍ਹਾਂ 404 ਪਖਾਣਿਆ ਦਾ ਨਾਮ ਆਪ ਨੇ `ਚਰਿਤ੍ਰੋਪਾਖਾਨ ਰੱਖ ਕੇ, ਸੰਮਤ ਸਤਾਰਾਂ ਸੈ ਤ੍ਰਿਵੰਜਾਹ ਭਾਦਰੋਂ ਸ਼ੁਦੀ ਅੱਠੇ (? ਛਠਿ)* ਐਤਵਾਰਿ ‘ਸਤਲੁਜ’ ਨਦਿ ਕੰਢੇ- ਅਨੰਦਪੁਰ ਵਿਚ ਹੀ ਗ੍ਰੰਥ ਸਮਪੂਰਣ ਕੀਤਾ…। (ਸ਼ਬਦ-ਮੂਰਤਿ ਪੰਨਾ 21-22, ਲੇਖਕ- ਭਾਈ ਰਣਧੀਰ ਸਿੰਘ, ਰੀ: ਸਕਾਲਰ, ਸ਼ੋਮਣੀ ਗੁ: ਪ੍ਰ; ਕਮੇਟੀ)

ਗਿਆਨੀ ਹਰੰਬਸ ਸਿੰਘ ਜੀ ਦੀ ਲਿਖਤ ‘ਸ੍ਰੀ ਦਸਮ ਗ੍ਰੰਥ ਦਰਪਣ’ ਦੀ ਭੂਮਿਕਾ ਵਿਚ ਗੁਰਚਰਨ ਸਿੰਘ ਵੈਦ ਲਿਖਦੇ ਹਨ, “ਅਨੂਪ ਕੌਰ ਦੇ ਪ੍ਰਸੰਗ ਵਿੱਚ ਜੋ ਉਪਦੇਸ਼ ਪਿਤਾ ਜੀ ਨੇ ਦਿੱਤਾ ਉਹ ਅਦੁੱਤੀ ਅਤੇ ਅਲੌਕਿਕ ਹੈ। ਇਹ ਬਚਿਤ੍ਰ ਕਹਾਣੀ ਦੇ ਰੂਪ ਵਿੱਚ ਅੰਕਿਤ ਹੈ ਜਿਸ ਨੂੰ ਉਪ ਖਯਾਨ ਲਿਖਿਆ ਹੈ। ਇਹ ਕੋਈ ਹੱਡ ਬੀਤੀ ਯਥਾਰਤ ਸਾਖੀ ਹੈ। ਇਹ ਸੁੰਦਰ ਉਪਦੇਸ਼ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀਆਂ ਸੱਜੇ ਪਾਸੇ ਦੀਆਂ ਪਉੜੀਆਂ ਦੇ ਉਤਲੇ ਪਾਸੇ ਸੰਗਮਰਮਰ ਦੀ ਸ਼ਿਲਾ ਉਤੇ ਕਈ ਚਿਰ ਪਹਿਲਾ ਦਾ ਉਕਰਿਆ ਹੋਇਆ ਹੈ। ਜੇ ਕਰ ਚਰ੍ਰਿਤੋ ਪਖਿਆਨ ਵਾਲੀ ਰਨਚਾ ਸਤਿਗੁਰੂ ਜੀ ਵਲੋਂ ਨਾ ਹੁੰਦੀ ਤਾਂ ਪ੍ਰਚੀਨ ਸਿੰਘ, ਜੋ ਗੁਰਮੁਖ ਪੰਡਿਤ ਸਨ, ਕਿਉਂ ਲਿਖਦੇ, ਜਾਂ ਕਿਸੇ ਨੂੰ ਲਿਖਣ ਦੀ ਆਗਿਆ ਕਿਵੇ ਦਿੰਦੇ? ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਚਿਤ੍ਰ ਕਲਾ ਲਿਖਤ ਸਿੱਖਾਂ ਲਈ ਨਿਰਸੰਦੇਹ ਹੀ ਮਾਨਨੀਯ ਹੈ

ਭਾਵੇਂ ‘ਤ੍ਰੀਆ’ ਸ਼ਬਦ ਇਸਤਰੀ ਭਾਵ ਦਾ ਪ੍ਰਤੀਕ ਹੈ ਪਰ ਇਹਨਾਂ ਚਰਿਤ੍ਰਾਂ ਵਿਚ ਕੁਝ ਪੁਰਸ਼ਾਂ ਦੇ ਵੀ ਹਨ ਅਤੇ 3 ਚਰਿਤ੍ਰ ਅਜਿਹੇ ਹਨ ਜੋ ਗੁਰੁ ਗੋਬਿੰਦ ਸਿੰਘ ਜੀ ਉਪਰ ਹੀ ਢੁਕਦੇ ਹਨ। ਇਸ ਰਚਨਾ ਦੇ ਸੋਮੇ ਵਖੋ ਵੱਖ ਹਨ। ਇਨ੍ਹਾਂ ਵਿਚ ਕਈ ਇਤਿਹਾਸਕ, ਅਰਧ ਇਤਿਹਾਸਕ, ਮਿਥਿਹਾਸਕ, ਅਰਧ ਮਿਥਿਹਾਸਕ ਲੋਕ ਕਥਾਵਾਂ ਦੇ ਪਾਤਰ ਅਤੇ ਸਵੈ-ਬੀਤੀਆਂ ਹਨ।” ( ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 291, ਗਿਆਨੀ ਹਰੰਬਸ ਸਿੰਘ)

“ ਇਸ ਤੋ ਅਗਲੀ ਗਵਾਹੀ ਚਰਿਤ੍ਰ 21 ਵਿਚ ਹੈ ਜਿਸ ਦੇ ਨਾਇਕ ਸਾਹਿਬ ਆਪ ਹਨ। ‘ਅਨੂਪ ਕੁਅਰਿ’ ਦੇ ਬੁਹਤ ਜੋਰ ਦੇਣ ਤੇ ਵੀ ਨਾਇਕ ਉਸ ਨਾਲ ਭੋਗ ਕਰਨ ਨੂੰ ਤਿਆਰ ਨਹੀਂ ਹੁੰਦਾ ਅਰ ਉਸ ਨੂੰ ਉਤਰ ਦਿੰਦਾ ਹੈ:-

ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ।

ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਇ।

ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ।

ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ।

ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਹੋਰ ਕੌਣ ਲਿਖ ਸਕਦਾ ਹੈ? ਅਜਿਹੇ ਬਚਨ ਪਵਿਤਰ ਆਤਮਾ ਤੋਂ ਬਿਨਾ ਕੋਈ ਕਹਿ ਹੀ ਨਹੀਂ ਸਕਦਾ। ਉਪਰੋਕਤ ਸਾਰੀਆਂ ਦਲੀਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਚਰਿਤ੍ਰਾਂ ਦੇ ਕਰਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਇਕ ਵਿਸ਼ੇਸ਼ ਉਦੇਸ਼ ਸਾਹਮਣੇ ਰਖ ਕੇ ਇਨ੍ਹਾਂ ਚਰਿਤ੍ਰਾਂ ਦੀ ਰਚਨਾ ਕੀਤੀ। (ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 303, ਗਿਆਨੀ ਹਰੰਬਸ ਸਿੰਘ)

“ਜਿਥੋਂ ਤਕ ਸਿਖਾਂ ਦੀ ਕਮਾਈ ਵਿਚੋਂ ਮਾਇਆ ਦੇਣ ਦਾ ਸਬੰਧ ਹੈ, ਜਾਪਦਾ ਹੈ ਕਿ ਗਿਆਨੀ ਜੀ ਨੂੰ ਗੁਰੂ ਘਰ ਦੀ ਮਰਯਾਦਾ ਬਾਰੇ ਵਾਕਫੀਅਤ ਨਹੀਂ। ਇਤਨੀ ਮਾਇਆ ਨੂਪ ਕੁਅਰਿ ਨੇ ਆਪ ਕਿਥੋ ਤਕ ਖਰਚ ਕਰ ਲੈਣੀ ਸੀ। ਇਹ ਮਾਇਆ ਅਤੇ ਇਸੇ ਤਰ੍ਹਾਂ ਹੋਰ ਕਈ ਗੁਰੁਸਿਖਾਂ ਨੂੰ ਹਜੁਰ ਮਾਇਆ ਬਖ਼ਸ਼ਦੇ ਰਹਿੰਦੇ ਸਨ ਤਾਂ ਜੋ ਲੋਹ ਲੰਗਰ ਤਪਦੇ ਰਹਿਣ ਤੇ ਸਿਖ ਸੇਵਕ ਜਿਹੜੇ ਦੂਰੋਂ ਦੂਰੋਂ ਆਉਂਦੇ ਉਨ੍ਹਾਂ ਦੀ ਸੰਭਾਲ ਹੋਂਦੀ ਰਹੇ, ਇਤਿਹਾਸ ਗਵਾਹ ਹੈ ਕਿ ਬੁਹਤ ਸਾਰੇ ਮੁੱਖੀ ਸਿੱਖਾਂ ਦੇ ਪ੍ਰਬੰਧ ਵਿਚ ਵਖੋ ਵੱਖ ਥਾਵਾਂ ਤੇ ਲੰਗਰ ਚਲਦੇ ਸਨ। ਹੋ ਸਕਦਾ ਹੈ ਕਿ ਇਸ ਤਰ੍ਹਾਂ ਹੀ ਗੁਰੂ ਜੀ ਨੂਪ ਕੁਅਰਿ ਤੋਂ ਵੀ ਇਹ ਸੇਵਾ ਲਈ ਹੋਵੇ। ਵੀਹ ਹਜਾਰ ਦੀ ਛਿਮਾਹੀ ਉਸ ਸਮੇਂ ਦੇਣੀ ਤੇ ਇਸ ਸਬੰਧੀ ਲਿਖਣਾ ਸਾਹਿਬਾਂ ਦਾ ਹੀ ਕੰਮ ਹੈ ਜੇ ਕੋਈ ਹੋਰ ਕਵੀ ਹੁੰਦਾ ਤਾਂ ਅਤਿ ਕਥਨੀ ਦੇ ਭੈ ਕਰਕੇ ਇਹ ਰਕਮ ਇਤਨੀ ਕਦੇ ਨਾ ਲਿਖਦਾ। ਜਦੋਂ ਹਜ਼ੂਰ ਨੇ ਨੂਪ ਕੁਅਰਿ ਨੂੰ ਮਾਫ਼ ਕਰ ਦਿੱਤਾ। ‘ਛਿਮਾਂ ਕਰੋਂ ਅਬ ਤ੍ਰਿਯਾ ਤੁਮੇ ਬੁਹਰ ਨਾ ਕਰੀਯਹੁ ਰਾਂਧ’ ਤਾਂ ਹਜੂਰ ਉਸ ਨਾਲ ਭਿੰਨ ਭੇਦ ਕਿਵੇ ਵਰਤਦੇ।” (ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 314, ਗਿਆਨੀ ਹਰੰਬਸ ਸਿੰਘ)

ਗਿਆਨੀ ਹਰਬੰਸ ਸਿੰਘ ਨਿਰਨੇਕਾਰ ਦੀ ਕਰਤੂਤ:- ਅਸਲ ਲਿਖਤ ਵਿਚ ਸ਼ਬਦ ‘ਤੁਮੇ’ ਨਹੀ ‘ਹਮੈ’ ਹੈ।

ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।

ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12।

ਆਪਣੀ ਸੋਚ ਨੂੰ ਸਹੀ ਸਾਬਤ ਕਰਨ ਲਈ ਹੀ ‘ਹਮੈ’ ਦਾ ‘ਤੁਮੇ’ ਕਰ ਦਿੱਤਾ ਗਿਆ ਹੈ। ਗਿਆਨੀ ਹਰਬੰਸ ਸਿੰਘ ਦੇ ਮੁਤਾਕ ਤਾਂ ਗੁਰੂ ਜੀ ਨੇ ਉਸ ਔਰਤ ਨੂੰ ਮਾਫ ਕਰ ਦਿੱਤਾ ਹੈ ਜਦਕੇ ਅਸਲ ਲਿਖਤ ਵਿਚ ਔਰਤ ਤੋਂ ਮਾਫੀ ਮੰਗਦੇ ਹਨ। ਜੇ ਇਹ ਗੁਰੂ ਜੀ ਦੀ ਕਿਰਤ ਹੈ ਤਾਂ ਇਸ ਵਿਚ ਬਦਲੀ ਕਰਨ ਦਾ ਕਿਸੇ ਨੂੰ ਕੀ ਅਧਿਕਾਰ ਹੈ?

ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿੱਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋਕੇ ਨਿਕਲ ਜਾਣਾ ਸਿਆਣੇ ਪੁਰਸ਼ਾਂ ਦਾ ਕੰਮ ਹੈ। ਗੁਰੂ ਸਾਹਿਬ ਨੇ ਕੁਝ ਆਪ ਬੀਤੀਆਂ ਵੀ ਦਰਜ ਕੀਤੀਆਂ ਹਨ ਜੋ ਕਿ ਥਾਂ-ਥਾਂ ਆਏ ਹਵਾਲਿਆਂ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇ 16,21,22,23 ਆਦਿ। 15 ਨੰਬਰ ਕੀਰਤਪੁਰ ਦਾ ਹੈ”। (ਦਸਮ ਗ੍ਰੰਥ ਦਰਸ਼ਨ, ਪੰਨਾ 125, ਪਿਆਰਾ ਸਿੰਘ ਪਦਮ)

ੳਪੁਰ ਦਿੱਤੇ ਹਵਾਲਿਆ ਤੋਂ ਸਪੱਸ਼ਟ ਹੈ ਕੇ ਡਾ: ਜੋਧ ਸਿੰਘ ਜੀ, ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸਵਿੰਦਰ ਸਿੰਘ ਜੀ, ਭਾਈ ਰਣਧੀਰ ਸਿੰਘ, ਗਿਆਨੀ ਹਰੰਬਸ ਸਿੰਘ ਜੀ ਅਤੇ ਪਿਆਰਾ ਸਿੰਘ ਪਦਮ ਇਹ ਮੰਨਦੇ ਹਨ ਕੇ ਨੂਪ ਕੌਰ ਵਾਲਾ ਇਹ ਚਰਿਤ੍ਰ 21, 22 ਅਤੇ 23 ਜੋ ਆਖੇ ਜਾਂਦੇ ਦਸਮ ਗ੍ਰੰਥ ਵਿੱਚ ਪੰਨਾ 838 ਤੋਂ 844 ਤੱਕ ਦਰਜ ਅਤੇ ਡਾ: ਜੋਧ ਸਿੰਘ ਦਾ ਟੀਕਾ (ਹਿੰਦੀ) ਸੈਚੀ ਤੀਜੀ ਪੰਨਾ 217 ਤੋ 230 ਤੱਕ, ਜਿਸ ਦੇ ਕੁਲ (60+9+12) 81 ਛੰਦ ਹਨ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਬੀਤੀ ਹੈ।

ਇਹ ਠੀਕ ਹੈ ਕਿ ਹੋਰ ਵਿਦਵਾਨਾਂ ਦੀ ਤਰ੍ਹਾਂ ਸਿਰਦਾਰ ਕਪੂਰ ਸਿੰਘ ਜੀ ੳਪ੍ਰੋਕਤ ਕਹਾਣੀ ਨੂੰ ਗੁਰੂ ਗੋਬਿੰਦ ਸਿੰਘ ਦੀ ਆਪ ਬੀਤੀ ਤਾਂ ਨਹੀ ਲਿਖਿਆ ਪਰ ਉਹ ਇਹ ਮੰਨ ਕੇ ਚਲਦੇ ਹਨ ਕੇ ਇਹ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਹੈ। ਸਿਰਦਾਰ ਜੀ ਲਿਖਦੇ ਹਨ, “ਤ੍ਰਿਯਾ ਚਰਿਤ੍ਰ ਦੀ 21ਵੀਂ, 22ਵੀਂ ਅਤੇ 23ਵੀਂ ਸਾਖੀ ਵਿਚ, ਇਸ ਗ੍ਰੰਥ ਦੇ ਕਰਤਾ, ਗੁਰੂ ਗੋਬਿੰਦ ਸਿੰਘ ਜੀ ਨੇ ਸਥਾਨਿਕ ਤੇ ਵਾਸਤਵਿਕ ਰੰਗ, ਹੁਨਰ ਪੂਰਤੀ ਆਸ਼ੇ ਨੂੰ ਮੁੱਖ ਰੱਖ ਭਰਿਆ ਹੈ।” “ਇਹੋ ਅਨਾਦੀ ਤਿੰਨ ਕਾਲ ਸਤਯ ਸ਼ਕਤੀ ਇਸਤਰੀ ਦਾ ਦਿਬ ਤੇ ਸਨਾਤਨ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ…” “ ਇੱਥੇ ਭੀ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕਥਾ ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ…” “ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਹਿਤ ਕਲਾ ਦੇ ਭੇਦ ਨੂੰ ਇਨ੍ਹਾਂ ਤਿੰਨ੍ਹਾਂ ਚਰਿਤ੍ਰਾਂ ,21, 22 ਤੇ 23 ਵਿਚ, ਐਸੀ ਚਤੁਰਤਾ ਨਾਲ ਵਰਤਿਆ ਹੈ, ਕਿ ਸਾਧਾਰਣ ਪੁਰਖ ਦਾ ਭੁਲੇਖਾ ਖਾ ਜਾਣਾ ਅਚੰਭੇ ਦੀ ਗੱਲ ਨਹੀ ਭਾਸਦੀ।” “ਸਭ ਤੋਂ ਪਹਿਲਾ ਚਰਿਤ੍ਰ ਗੁਰੂ ਜੀ ਨੇ ਉਸਤ੍ਰਿਯਾ ਦਾ ਵਰਨਣ ਕੀਤਾ ਹੈ, ਜੋ ਅਕਲਾ ਪੁਰਖ, ਸਰਬਾਧਾਰ ਪਾਰਬ੍ਰਹਮ, ਸਿਸ਼ਟੀ ਦਾ ਕਰਤਾ ਹੈ” “ ਇਉਂ ਦਸਮ-ਗ੍ਰੰਥ ਵਿਚ ਪਾਤਸ਼ਾਹ ਨੇ ਤ੍ਰਿਯਾਚਰਿਤ੍ਰਦੇ ਅੰਤ ਵਿਚ, ਸਮਾਪਤ ਭਾਗ (Epilogue) ਰਾਹੀਂ ਆਪ ਕਿਹਾ ਹੈ; ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ॥404 (ਤ੍ਰਿਯਾ ਚਰਿਤ੍ਰ405)

ਉਪ੍ਰੋਕਤ ਹਵਾਲਿਆ ਤੋਂ ਇਹ ਸਪੱਸ਼ਟ ਹੈ ਕਿ ਸਿਰਦਾਰ ਕਪੂਰ ਸਿੰਘ ਜੀ ਦੀ ਖੋਜ ਮੁਤਾਬਕ ਇਹ ਗੁਰੂ ਜੀ ਦੀ ਲਿਖਤ ਹੈ।

ਅੱਗੇ ਆਪ ਜੀ ਲਿਖਦੇ ਹਨ, “ਇਸੇ ਬਾਈਵੇਂ ਚਰਿਤ੍ਰ ਵਿੱਚ, ਰੂਪ ਕੌਰ ਅਤੇ ਰਾਇ ਦੇ ਵਾਕਯੋਵਾਕ, ਯਾ ਸਵਾਲਾਂ ਦੇ ਰੂਪ ਵਿੱਚ, ਉਹ ਗੁਰਵਾਕ ਦਰਜ ਹਨ, ਜਿਹੜੇ ਕਿ ਕਿਸੇ ਸ਼ਰਧਾਵਾਨ ਤੇ ਹਿਤਕਰ ਜੱਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹੇਠਲੀਆਂ ਪਾਉੜੀਆਂ ਦੀ ਉਪਰਲੀ ਮਹਿਰਾਬ ਉਤੇ ਲਿਖੇ ਹੋਏ ਸਨ ਅਤੇ ਜਿੰਨ੍ਹਾਂ ਨੂੰ ਚਿਰੰਕਾਲ ਤੋਂ ਅਨੇ ਸਿੱਖ ਸ਼ਰਧਾਲੂ ਹਰ ਰੋਜ ਪੜ੍ਹਦੇ ਸਨ, ਉਹ ਵਾਕ ਹਨ:-

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।

ਪੂਤ ਇਹੈ ਪ੍ਰਾਨ ਤੋਹਿ ਪ੍ਰਾਨ ਜਬ ਲਗ ਗਟ ਥਾਰੇ।।

ਨਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ।

ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।।51॥…

ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ।

ਮਨ ਬਾਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਇ।

ਸਿੱਖਯ ਪੁੱਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ।

ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। 54।

ਇਹ ਛੰਦ ਤ੍ਰਿਯਾ ਚਰਿਤ੍ਰਨਾਮੀ ਗ੍ਰੰਥ ਦਾ, ਨਿਰਸੰਸੇ ਵਾਸਤਵਿਕ ਹੈ। ਇਹ ਇਤਿਹਾਸ ਹੈ ਕਿ ਗੁਰੁ ਤੇਗ ਬਹਾਦੁਰ ਜੀ ਨੇ ਆਪਣੇ ਪੁੱਤ੍ਰ ਗੁਰੁ ਗੋਬਿੰਦ ਸਿੰਘ ਨੂੰ ਉਪ੍ਰੋਕਤ ਉਪਦੇਸ਼ ਦਿੱਤਾ, ਜਿਸ ਨੂੰ ਕਿ ਹਿਤੋਨਪਦੇ ਨਮਿਤ ਤ੍ਰਿਯ ਚਰਿਤ੍ਰ ਦੇ ਕਰਤਾ ਨੇ, ਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ

ਇਥੇ ਪਾਠਕ ਨੂੰ ਵਿਸ਼ੇਸ਼ ਧਿਅਨਾ ਦੇਣ ਦੀ ਲੋੜ ਹੈ, “ਜਿਸ ਨੂੰ ਕਿ ਹਿਤੋਨਪਦੇ ਨਮਿਤ ਤ੍ਰਿਯ ਚਰਿਤ੍ਰ ਦੇ ਕਰਤਾ ਨੇ, ਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤ੍ਰਿਯ ਚਰਿਤ੍ਰ ਦਾ ਕਰਤਾ ਕੌਣ ਹੈ? ਇਸ ਸਵਾਲ ਦਾ ਜਵਾਬ ਸਿਰਦਾਰ ਕਪੂਰ ਸਿੰਘ ਜੀ ਦੇ ਸ਼ਬਦਾ `, “ਤ੍ਰਿਯਾ ਚਰਿਤ੍ਰ ਦੀ 21ਵੀਂ, 22ਵੀਂ ਅਤੇ 23ਵੀਂ ਸਾਖੀ ਵਿਚ, ਇਸ ਗ੍ਰੰਥ ਦੇ ਕਰਤਾ, ਗੁਰੂ ਗੋਬਿੰਦ ਸਿੰਘ ਜੀ ਨੇ ਸਥਾਨਿਕ ਤੇ ਵਾਸਤਵਿਕ ਰੰਗ, ਹੁਨਰ ਪੂਰਤੀ ਆਸ਼ੇ ਨੂੰ ਮੁੱਖ ਰੱਖ ਭਰਿਆ ਹੈ।

ਸਿਰਦਾਰ ਕਪੂਰ ਸਿੰਘ ਜੀ ਦੇ ਬਚਨ, “ਕੀ ਸਮਝ ਕੇ ਵਿਦਵਾਨ ਲੇਖਕ ਨੇ ਇਸ ਕਹਾਣੀ, ਜਿਹੜੀ ਕਿ ਲੋਕ ਵਾਰਤਾ (Folklore) ਤੇ ਲੋਕ ਸਾਹਿਤ (Folk Literature) ਤੋਂ ਉਚੇਚਾ ਕੋਈ ਵਾਸਤਵਿਕ ਦਰਜਾ ਨਹੀਂ ਰੱਖਦੀ, ਇਕ ਇਤਿਹਾਸਕ ਘਟਨਾਂ ਸਵੀਕਾਰ ਕਰ ਲਿਆ ਹੈ

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਿਰਦਾਰ ਕਪੂਰ ਸਿੰਘ ਜੀ, (I.C.S and national Professor of Sikhisam) ਆਪ ਹੀ ਤ੍ਰਿਯਾਚਰਿਤਰਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਦੇ ਹਨ ਤਾਂ ਵਿਚਾਰੇ ਪ੍ਰੋ: ਰਾਮ ਪ੍ਰਕਾਸ਼ ਸਿੰਘ ਜੀ ਦਾ ਕੀ ਦੋਸ਼ ? ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ, “ਇਉਂ ਦਸਮ ਗ੍ਰੰਥ ਵਿਚ, ‘ਤ੍ਰਿਆਚਰਿਤਰਦੇ ਆਰੰਭ ਵਿਚ ਹੀ, ਇਸ ਸਾਰੇ ਅਧਿਆਇ ਨੂੰ ਜਿਸ ਵਿਚ ਕਿ ਪ੍ਰੋਫੈਸਰ ਰਾਮ ਪ੍ਰਕਾਸ਼ ਸਿੰਘ ਜੀ ਵਾਲੀ ਰੂਪ ਕੌਰਦੀ ਵਾਰਤਾ ਦਰਜ ਹੈ, ਗੁਰੂ ਸਾਹਿਬ ਨੇ ਆਪ ਹੀ ਪਖਯਾਨ-ਚਲਿਤ੍ਰਲਿਖਯਤੇਦੇ ਅੰਤ, ਸਮਾਪਤ ਭਾਗ (Epilogue) ਰਾਹੀਂ ਆਪ ਕਿਹਾ ਹੈ:…”, “ਇਹੋ ਅਨਾਦੀ ਤਿੰਨ ਕਾਲ ਸਤਯ ਸ਼ਕਤੀ ਇਸਤਰੀ ਦਾ ਦਿਬ ਤੇ ਸਨਾਤਨ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ…” ਅਤੇ ਇੱਥੇ ਭੀ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕਥਾ ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ, ਉਹ ਵਾਸਤਵਿਕ ਇਤਿਹਾਸ ਨਹੀਂ, ਮਨ ਰੁਪੀ ਨਦੀ ਵਿੱਚ ਉਪਜੇ ਹੋਏ ਬਾਕ-ਤਰੰਗ ਹਨਇਥੇ ਇਕ ਹੋਰ ਸਵਾਲ ਪੈਦਾ ਹੂੰਦਾ ਹੈ, ਜਿਹੜੀ ਲਿਖਤ ਬਾਰੇ ਸਿਰਦਾਰ ਕਪੂਰ ਸਿੰਘ ਜੀ ਖੁਦ ਲਿਖਦੇ ਹਨ, “ਤ੍ਰਿਯਾ ਚਰਿਤ੍ਰ ਨੂੰ ਪੜ੍ਹ ਕੇ ਮਨ ਵਿਚ ਗਿਲਾਨੀ ਆਉਂਦੀ ਹੈ ਅਜੇਹੇ ਵਿਚਾਰ ਗੁਰੂ ਜੀ ਦੇ ਮਨ ਰੁਪੀ ਨਦੀ ਵਿੱਚ ਉਪਜੇ ਹੋਏ ਬਾਕ-ਤਰੰਗ ਕਿਵੇ ਹੋ ਸਕਦੇ ਹਨ?

ਸਿਰਦਾਰ ਕਪੂਰ ਸਿੰਘ ਜੀ ਆਪਣੀ ਲਿਖਤ ਵਿਚ ਵਾਰ-ਵਾਰ ਇਹ ਲਿਖ ਰਹੇ ਹਨ ਕਿ ਇਹ ਲਿਖਤ ਗੁਰੂ ਜੀ ਦੀ ਹੈ ਪਰ ਇਸ ਕਹਾਣੀ ਨਾਲ ਗੁਰੂ ਜੀ ਦਾ ਕੋਈ ਸਬੰਧ ਨਹੀਂ ਹੈ ਜਿਵੇਂ ਕਿ ਸ: ਰਾਮ ਪ੍ਰਕਾਸ਼ ਸਿੰਘ ਜੀ ਲਿਖਦੇ ਹਨ। ਆਪ ਜੀ ਲਿਖਦੇ ਹਨ, “ਇਹ 21ਵੀਂ, 22ਵੀਂ ਤੇ 23 ਵੀਂ ਕਹਾਣੀ ਹੀ ਰੂਪ ਕੌਰ ਦਾ ਕਿੱਸਾ ਹੈ, ਜਿਸ ਨੂੰ ਸ਼ਰਧਾਪੂਰਤ ਪਰ ਸਾਹਿਤ ਰਚਨਾ ਦੇ ਰੂਪਾਂਤਰਾਂ ਤੋਂ ਅਨਜਾਣ ਸਿੱਖ, ਗੁਰੂ ਗੋਬਿੰਦ ਸਿੰਘ, ਕਰਤਾ ਤ੍ਰਿਯ ਚਰਿਤ੍ਰਦੀ ਸ੍ਵੈ-ਜੀਵਨੀ ਇਤਿਹਾਸ ਸਮਝ ਲੈਦੇ ਹਨ ਅਤੇ ਪੁਸਤਕ ਕਰਤਾ ਜੋ ਮੁੜ ਮੁੜ ਚਰਿਤ੍ਰ ਪਖਯਾਨੇ”, “ਭੂਪ ਮੰਤ੍ਰੀ ਸਬਾਦੇਦਾ ਹੋਕਾ ਦੇਈ ਜਾਂਦਾ ਹੈ, ਉਸ ਨੂੰ ਅਣਡਿਠਾ ਕਰੀ ਜਾਂਦੇ ਹਨ।

ਉਪ੍ਰੋਕਤ ਲਿਖਤ ਵਿੱਚ ਦੋ ਨੁਕਤੇ ਬੜੇ ਹੀ ਸਪੱਸ਼ਟ ਹੁੰਦੇ ਹਨ। ਗੁਰੂ ਗੋਬਿੰਦ ਸਿੰਘ, ਕਰਤਾ ਤ੍ਰਿਯ ਚਰਿਤ੍ਰਅਤੇ ਭੂਪ ਮੰਤ੍ਰੀ ਸਬਾਦੇਮੰਤ੍ਰੀ ਭੂਪ ਸਬਾਦੇਬਾਰੇ ਸਿਰਦਾਰ ਕਪੂਰ ਸਿੰਘ ਜੀ ਆਪ ਹੀ ਲਿਖਦੇ ਹਨ, “ਅੱਗੇ ਜੋ ਤ੍ਰਿਯਾਚਰਿਤ੍ਰ ਦੀਆਂ ਕਹਾਣੀਆਂ ਆਂਉਦੀਆਂ ਹਨ, ਉਹ ਮੰਤ੍ਰੀ ਭੂਪ ਸੰਬਾਦੇਰਾਜਾ ਚਿਤ੍ਰ ਸਿੰਘ ਤੇ ਉਸ ਦੇ ਵਜੀਰ ਦੀ ਆਪੋ ਵਿੱਚ ਗੱਲਬਾਤ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੱਲਬਾਤ ਤਾਂ ਹੋ ਰਹੀ ਹੈ ਰਾਜਾ ਚਿਤ੍ਰ ਸਿੰਘ ਅਤੇ ਉਸ ਦੇ ਵਜੀਰ ਦੀ ਪਰ ਉਸ ਨੂੰ ਲਿਖ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ। ਕਿਉਂ? ਕੀ ਇਸ ਨਾਲ ਵਿਦਵਾਨ ਲੇਖਕ ਨੂੰ ਗੁਰੂ ਜੀ ਦੀ ਨਿਰਾਦਰੀ ਮਹਿਸੂਸ ਨਹੀ ਹੁੰਦੀ? ਜਦੋਂ ਕਿ ਦੂਜੇ ਪਾਸੇ ਆਪ ਹੀ ਲਿਖਦੇ ਹਨ ਕਿ, “ਇਹ ਤਿੰਨੇ ਕਹਾਣੀਆਂ (ਅਸਲ ਵਿਚ ਇੱਕ ਕਹਾਣੀ), ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਨ੍ਹਾਂ ਦਾ ਇਤਿਹਾਸਕ ਪਾਤ੍ਰ ਮੰਨੀਏ, ਤਾਂ ਸਪੱਸ਼ਟ ਅਜਿਹੀਆਂ ਹਨ, ਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਭਰਪੂਰ ਨਿਰਾਦਰੀ ਹੁੰਦੀ ਹੈ। ਅੱਗੇ ਆਪ ਜੀ ਲਿਖਦੇ ਹਨ, “ਇਸ ਲਈ ਇਹ ਨਿਜਕ੍ਰਿਤ (Self- Composed) ਤਾਂ ਹੈ ਪਰ ਸ੍ਵੈ-ਕ੍ਰਿਤ (Original Writing) ਨਹੀ ਹੈਅਤੇ ਤਿਯਾ ਚਰਿਤ੍ਰ ਦੀ ਰਚਨਾ ਸ਼ੈਲੀ (Literary Form) ਭੀ ਇਵੇਂ ਪ੍ਰਚੀਨ ਤੇ ਮਾਂਗਵੀਂ ਹੈ ਜਿਵੇਂ ਕਿ ਇਸ ਦੀ ਕਥਾ-ਵਸਤੂ। ਕੀ ਗੁਰੂ ਜੀ ਨੇ ਵੀ ਸਾਡੇ ਵਾਂਗੂੰ Copy-Paste ਹੀ ਕੀਤਾ ਸੀ? ਕੀ ਸਿਰਦਾਰ ਜੀ ਵਲੋਂ ਇਸ ਤਰਾਂ ਲਿਖਣਾ ਗੁਰੂ ਜੀ ਦੇ ਪ੍ਰਮਾਣੀਕ ਜੀਵਨ ਚਰਿਤ੍ਰ ਨਾਲ ਮੇਲ ਖਾਂਦਾ ਹੈ?

ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ, “ਇਸ ਕਹਾਣੀ ਦੀ ਅੰਦਰਲੀ ਗਵਾਹੀ ਮੁਤਾਬਕ ਇਹ ਘਟਨਾ ਅਨੰਦਪੁਰ ਸਹਿਰ ਵਿੱਚ ਵਾਪਰੀ ਹੈ।

ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉ। ਨੇਤ੍ਰ ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ। 3।

ਇਹ ਸਤਲੁਜ ਦੇ ਕੰਡੇ ਨੈਣਾ ਦੇਵੀ ਦੇ ਟਿੱਲੇ ਕੋਲ, ਕਾਹੂਲਰ ਰਾਜ ਵਿਚ, ਅਨੰਦਪੁਰ ਨਾਮੀ ਪਿੰਡ ਉਹੋ ਹੈ ਜੋ ਭੰਗਾਣੀ ਦੇ ਯੁੱਧ ਉਪਰੰਤ ਦਸਮ ਪਾਤਸ਼ਾਹ ਨੇ ਆਣ ਵਸਾਇਆ ਸੀ, ‘ਕਾਹੂਲਰ ਮੈ ਬਾਂਧਿਯੋ ਆਨ ਅਨੰਦਪੁਰ ਗਾਵ” (ਯਾਦ ਰਹੇ, ਭੰਗਾਈ ਦੇ ਯੁੱਧ ਦਾ ਦਸਮ ਗ੍ਰੰਥ ਵਿਚ ਕਿਤੇ ਵੀ ਜਿਕਰ ਨਹੀ ਹੈ)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਨੰਦਪੁਰ ਜੋ ਗੁਰੂ ਸਾਹਿਬ ਜੀ ਨੇ ਵਸਾਇਆ ਸੀ, ਵਿੱਚ ਗੁਰੁ ਗੋਬਿੰਦ ਸਿੰਘ ਜੀ ਤੋ ਇਲਾਵਾ ਵੀ ਕੋਈ ਹੋਰ ਕੌਣ ਸੀ ਜਿਸ ਤੋਂ ਸਿੱਖ ਸੰਗਤਾ ਆਪਣੀ ਮੁਰਾਦਾ ਪੂਰੀਆਂ ਕਰਨ ਲਈ ਅਤੇ ਦਰਸ਼ਨ ਦਿਦਾਰੇ ਕਰਨ ਲਈ ਆਉਦੀਆਂ ਸਨ?

ਤਹਾ ਸਿਖ ਸਾਖਾ ਬੁਹਤ ਆਵਤ ਮੋਦ ਬਢਾਇ।

ਮਨ ਬਾਛਤ ਮੁਖਿ ਮਾਗ ਬਰ ਜਾਤ ਗ੍ਰਿਹਨ ਸੁਖ ਪਾਇ। 4।

ਗੁਰੁ ਗੋਬਿੰਦ ਸਿੰਘ ਜੀ ਤੋਂ ਇਲਾਵਾ ਅਨੰਦਪੁਰ ਵਿਚ ਹੋਰ ਕੋਣ ਸੀ ਜਿਸ ਦੀ ਸੰਗਤਾਂ ਪੂਜਾ ਕਰਦੀਆਂ ਸਨ?

ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ। 32।

ਅਨੰਦਪੁਰ ਵਿਚ ਹੋਰ ਕੋਣ ਹੋ ਸਕਦਾ ਹੈ ਜਿਸ ਨੂੰ ਰੂਪ ਕੌਰ ਕਹਿੰਦੀ ਹੈ ਕਿ ਸਾਰੇ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ?

ਕਹਾ ਜਨਮ ਕੀ ਬਾਤ ਜਨਮ ਅਭ ਕਰੇ ਤਿਹਾਰੇ। 33।

ਅਨੰਦ ਪੁਰ ਵਿੱਚ ਗੁਰੂ ਜੀ ਤੋਂ ਇਲਾਵਾ ਹੋਰ ਕੋਣ ਸੀ ਜੋ ਸਿੱਖਾਂ ਨੂੰ ਆਪਣੇ ਪੁੱਤਰ ਅਤੇ ਧੀਆਂ ਸਮਝਦਾ ਸੀ?

ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ।

ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਇ।

ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ।

ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। 54।

ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ, “ਇਸੇ ਬਾਈਵੇਂ ਚਰਿਤ੍ਰ ਵਿੱਚ, ਰੂਪ ਕੌਰ ਅਤੇ ਰਾਇ ਦੇ ਵਾਕਯੋਵਾਕ, ਯਾ ਸਵਾਲਾਂ ਦੇ ਰੂਪ ਵਿੱਚ, ਉਹ ਗੁਰਵਾਕ ਦਰਜ ਹਨ-

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹੈ ਪ੍ਰਾਨ ਤੋਹਿ ਪ੍ਰਾਨ ਜਬ ਲਗ ਗਟ ਥਾਰੇ।

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ। ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ। 51।

ਇਹ ਛੰਦ, ‘ਤ੍ਰਿਯਚਰਿਤ੍ਰ’ ਨਾਮੀ ਗ੍ਰੰਥ ਦਾ ਨਿਰਸ਼ੰਸ਼ੇ ਵਾਸਤਵਿਕ ਹੈ ਇਹ ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਉਪਰੋਕਤ ਉਪਦੇਸ਼ ਦਿੱਤਾ, ਜਿਸ ਨੂੰ ਕਿ ਹਿਤੋਨਪਦੇ ਨਮਿਤ ਤ੍ਰਿਯ ਚਰਿਤ੍ਰ ਦੇ ਕਰਤਾ ਨੇ, ਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ”

ਜੇ ‘ਸੁਧਿ ਜਬ ਤੇ ਹਮ ਧਰੀ’ ਗੁਰਵਾਕ ਹਨ ਅਤੇ ਇਹ ਸਿਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਆਪਣੇ ਪੁੱਤਰ ਨੂੰ ਦਿੱਤੀ ਗਈ ਸੀ, (ਗੋਬਿੰਦ ਰਾਏ ਜੀ ਦਾ ਜਨਮ 1666 ਵਿੱਚ ਹੋਇਆ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ 1675 ਵਿੱਚ ਭਾਵ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸੀ 9 ਸਾਲ) ਤਾਂ ਸਵਾਲ ਪੈਦਾ ਹੁੰਦਾ ਹੈ ਕਿ 9 ਸਾਲ ਦੇ ਆਪਣੇ ਬੱਚੇ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਅਜੇਹੀ ਸਿਖਿਆ ਦੇਣ ਦੀ ਲੋੜ ਕਿਓ ਪਈ? ਸਿਰਦਾਰ ਕਪੂਰ ਸਿੰਘ ਜੀ ਦੇ ਬਚਨ, “ਜਿਸ ਨੂੰ ਕਿ ਹਿਤੋਂਪਦੇ ਨਮਿਤ ਤ੍ਰਿਯ ਚਰਿਤ੍ਰ ਦੇ ਕਰਤਾ ਨੇ, ਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ” ਇਸ ਦਾ ਭਾਵ ਤਾਂ ਇਹ ਹੈ ਕਿ ਤ੍ਰਿਯਾ ਚਰਿਤ੍ਰ ਦਾ ਕਰਤਾ ਕੋਈ ਅਨਯ ਪੁਰਖ ਹੈ। ਜਦੋਂ ਕਿ ਸਾਰੀ ਲਿਖਤ ਵਿੱਚ ਸਿਰਦਾਰ ਜੀ ਨੇ ਇਹ ਵਾਰ-ਵਾਰ ਸਾਬਤ ਕੀਤਾ ਹੈ ਕਿ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਸਿਰਦਾਰ ਜੀ ਲਿਖਦੇ ਹਨ, “ਇੱਥੇ ਭੀ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕਥਾ ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ…।”

ਪਾਠਕਾ ਨੂੰ ਯਾਦ ਹੋਵੇਗਾ ਕਿ ਇਸ ਸਾਰੀ ਕਹਾਣੀ ‘ਕਿੱਸਾ ਰੂਪ ਕੌਰ ਦਾ’ ਵਿਚ ਸਿਰਫ ਦੋ ਹੀ ਮੁਖ ਪਾਤਰ ਹਨ। ਰੂਪ ਕੌਰ ਅਤੇ ਰਾਜਾ। ਸਿਰਦਾਰ ਜੀ ਦੇ ਸ਼ਬਦਾਂ `ਚ, “ਇਸੇ ਬਾਈਵੇਂ ਚਰਿਤ੍ਰ ਵਿੱਚ, ਰੂਪ ਕੌਰ ਅਤੇ ਰਾਇ ਦੇ ਵਾਕਯੋਵਾਕ, ਯਾ ਸਵਾਲਾਂ ਦੇ ਰੂਪ ਵਿੱਚ, ਉਹ ਗੁਰਵਾਕ ਦਰਜ ਹਨ”। ਰੂਪ ਕੌਰ ਝੂਠ ਬੋਲਕੇ ਰਾਜੇ ਆਪਣੇ ਘਰ ਸੱਦਦੀ ਹੈ। ਰਾਜਾ ਉਸ ਦੀ ਸੇਜ ਨੂੰ ਸੁਸ਼ੋਭਿਤ ਕਰਦਾ ਹੈ ਅਤੇ ਰੂਪ ਕੌਰ ਰਾਜੇ ਦੀ ਪਾਨ ਅਤੇ ਸ਼ਰਾਬ ਨਾਲ ਸੇਵਾ ਕਰਦੀ ਹੈ। ਜਦੋ ਰੂਪ ਕੌਰ ਆਪਣਾ ਮੰਤਵ ਦੱਸਦੀ ਹੈ ਤਾਂ ਰਾਜਾ ਉਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਪਰ ਸਫਲ ਨਹੀ ਹੁੰਦਾ। ਅਖੀਰ ਰਾਜੇ ਵਲੋ ਇਨਕਾਰ ਕਰਨ ਤੇ ਰੂਪ ਕੌਰ ਚੋਰ-ਚੋਰ ਦਾ ਰੌਲਾ ਪਾ ਦਿੱਦੀ ਹੈ ਤੇ ਰਾਜਾ ਆਪਣੀ ਜੁਤੀ ਆਦਿ ਛੱਡ ਕੇ ਭੱਜ ਜਾਦਾ ਹੈ। ਕਹਾਣੀ ਦੇ ਅੰਤ ਤੇ ਰਾਜਾ ਉਸ ਰੂਪ ਕੌਰ ਨਾਲ ਰਾਜੀਨਾਮਾਂ ਕਰਕੇ ਉਸ 40,000 ਟਕਾ ਸਲਾਨਾ ਭੱਤਾ ਦਿੰਦਾ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਕਹਾਣੀ ਵਿਚ ਇਕੋ ਇਕ ਮਰਦ ਪਾਤਰ ਹੈ। ਉਹ ਹੈ ਰਾਜਾ। ਅਸਲ ਕਹਾਣੀ ਵਿਚ ਇਹ ਪਾਤਰ ਹੀ ਸਿਖਿਆ ਦਿੰਦਾ ਹੈ ਅਤੇ ਇਹ ਹੀ ਜੁਤੀ ਆਦਿ ਛੱਡ ਕੇ ਭੱਜ ਜਾਦਾਂ ਹੈ। ਤਾਂ ਕੋਈ ਇਹ ਕਿਸ ਦਲੀਲ ਨਾਲ ਸਾਬਤ ਕਰੇਗਾ ਕਿ ਸਿਖਿਆ ਦੇਣ ਵਾਲੇ ਤਾਂ ਗੁਰੂ ਜੀ ਸਨ ਪਰ ਜਾਨ ਬਚਾ ਕੇ ਭੱਜਣ ਵਾਲਾ ਕੋਈ ਹੋਰ?

ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇ, ਕਿ ਜਿਸ ਲਿਖਤ ਬਾਰੇ ਸਿਰਦਾਰ ਕਪੂਰ ਸਿੰਘ ਜੀ ਖੁਦ ਲਿਖਦੇ ਹਨ, “ਤ੍ਰਿਯਾ ਚਰਿਤ੍ਰ ਨੂੰ ਪੜ੍ਹ ਕੇ ਮਨ ਵਿਚ ਗਿਲਾਨੀ ਆਉਂਦੀ ਹੈ” ਫਿਰ ਅਜੇਹੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰਨ ਦਾ ਅਸਫਲ ਯਤਨ ਕਿਓ? ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦਸਮ ਗ੍ਰੰਥ ਦੀਆਂ ਅਜਿਹੀਆਂ ਲਿਖਤਾਂ ਨਾਂ ਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਮੇਲ ਖਾਂਦੀਆਂ ਹਨ ਤੇ ਨਾਂ ਹੀ ਗੁਰੂ ਸਾਹਿਬਾਨ ਦੇ ਜੀਵਨ ਨਾਲ ਫਿਰ ਵੀ ਪਤਾ ਨਹੀਂ ਕਈ ਵਿਦਵਾਨ, ਕੇਹੜੀ ਮਜਬੂਰੀ ਕਾਰਨ ਇਸ ਗੰਦ ਨੂੰ ਗੁਰੂ ਜੀ ਦੇ ਨਾਅ ਨਾਲ ਜੋੜਕੇ ਸਿੱਖ ਧਰਮ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿੰਨਾ ਚੰਗਾ ਹੁੰਦਾ ਜੇ ਸਿਰਦਾਰ ਕਪੂਰ ਸਿੰਘ ਜੀ ਇਹ ਲਿਖ ਦੇਂਦੇ ਕਿ ਦਸਮ ਗ੍ਰੰਥ ਨਾਲ ਗੁਰੂ ਜੀ ਦਾ ਕੋਈ ਵੀ ਸਬੰਧ ਨਹੀਂ, ਇਹ ਤਾਂ ਕਿਸੇ ਸਾਕਤ ਮੱਤ ਦੇ ‘ਰਾਮ’ ‘ਸਿਆਮ’ ਆਦਿਕ ਕਵੀਆਂ ਦੀ ਰਚਨਾ ਹੈ ਤਾਂ ਇਹ ਮਸਲਾ ਕਦੋਂ ਦਾ ਹੀ ਡੂੰਘੀ ਕਬਰ ਵਿੱਚ ਦਫਨ ਹੋ ਜਾਣਾ ਸੀ ਕਿਉਂਕਿ ਉਦੋਂ ਸਿਰਦਾਰ ਜੀ ਦੀ ਲਿਖਤ ਤੇ ਕਿਸੇ ਨੇ ਕਿੰਤੂ-ਪ੍ਰੰਤੂ ਵੀ ਨਹੀਂ ਸੀ ਕਰਨਾ।




.