.

ਪ੍ਰਸ਼ਨ: ਕੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਉਠਾਈ ਸੀ?

ਉੱਤਰ: ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਲਿਖਣ ਵਾਲੇ ਜ਼ਿਆਦਾਤਰ ਲਿਖਾਰੀਆਂ ਨੇ ਹਜ਼ੂਰ ਦੇ ਹਰੇਕ ਕਰਮ ਨੂੰ ਹੀ ਇਸ ਢੰਗ ਨਾਲ ਪੇਸ਼ ਕੀਤਾ ਹੈ, ਜਿਸ ਤੋਂ ਇਹ ਪ੍ਰਗਟ ਹੋ ਸਕੇ ਕਿ ਆਪ ਦਾ ਇਹ ਕਰਮ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਤੋਂ ਭਿੰਨ ਸੀ। ਅਜੇਹੇ ਵਿਦਵਾਨ ਦਸਮੇਸ਼ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਵਾਲੇ ਮੰਨਣ ਦੀ ਬਜਾਇ ਹਜ਼ੂਰ ਵਲੋਂ ਉਠਾਏ ਹਰੇਕ ਕਦਮ ਦਾ ਮਨੋਰਥ ਕੇਵਲ ਹਿੰਦੂ ਧਰਮ ਨੂੰ ਬਚਾਉਣ ਅਤੇ ਮੁਗਲੀਆ ਹਕੂਮਤ ਦੀਆਂ ਜੜਾਂ ਨੂੰ ਉਖੇੜਨਾ ਆਦਿ ਹੀ ਦੱਸਿਆ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੇਖਕਾਂ ਨੇ ਹੀ ਦਸਵੇਂ ਪਾਤਸ਼ਾਹ ਬਾਰੇ ਇਹ ਲਿਖਿਆ ਹੈ ਕਿ ਆਪ ਜੀ ਨੇ ਗੁਰੂ ਤੇਗਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਹੀ ਤਲਵਾਰ ਉਠਾਈ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਜ਼ੁਲਮ, ਅਨਿਆਇ, ਜਬਰ ਆਦਿ ਦੇ ਵਿਰੁੱਧ ਉਠਾਈ ਸੀ ਨਾ ਕਿ ਗੁਰੂ ਤੇਗਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ। ਗੁਰੂ ਤੇਗ ਬਹਾਦਰ ਜੀ ਨੇ ਘੋਰ ਅਨਿਆਂ, ਮਨੁੱਖ ਦੇ ਜਮਾਂਦਰੂ ਹੱਕਾਂ ਦੀ ਰਾਖੀ ਅਤੇ ਮਜ਼ਲੂਮਾਂ ਆਦਿ ਦੀ ਖ਼ਾਤਰ ਖ਼ੁਦ – ਬਖ਼ੁਦ ਆਪਣਾ ਆਪ ਵਾਰਿਆ ਸੀ। ਇਹ ਆਪਾ ਵਾਰਨ ਲਈ ਹਕੂਮਤ ਨੇ ਸਤਿਗੁਰੂ ਜੀ ਨੂੰ ਮਜਬੂਰ ਨਹੀਂ ਸੀ ਕੀਤਾ ਬਲਕਿ ਹਜ਼ੂਰ ਨੇ ਆਪ ਹੀ ਇਹਨਾਂ ਅਦਰਸ਼ਾਂ ਦੀ ਖ਼ਾਤਰ ਖ਼ੁਦ ਹੀ ਆਪਣਾ ਆਪ ਪੇਸ਼ ਕੀਤਾ ਸੀ ਤਾਂ ਕਿ ਧਰਮ ਦੇ ਨਾਮ `ਤੇ ਹੋਏ ਰਹੇ ਅਤਿਆਚਾਰ ਨੂੰ ਰੋਕਿਆ ਜਾ ਸਕੇ। ਔਰੰਗਜ਼ੇਬ ਵਲੋਂ ਤਲਵਾਰ ਦੇ ਜ਼ੋਰ ਨਾਲ ਜ਼ਬਰਦਸਤੀ ਹਿੰਦੂਆਂ ਨੂੰ ਇਸਲਾਮ ਦਾ ਪੈਰੋਕਾਰ ਬਣਾਉਣ, ਮੰਦਰਾਂ ਨੂੰ ਢਾਹ ਕੇ ਉਹਨਾਂ ਦੀ ਥਾਂ ਮਸਜਿਦਾਂ ਬਣਾਉਣ, ਪਾਠਸ਼ਾਲਾਵਾਂ ਨੂੰ ਬੰਦ ਕਰਨ, ਧਾਰਮਿਕ ਉਤਸਵਾਂ `ਤੇ ਪਾਬੰਦੀ, ਅਤੇ ਗ਼ੈਰਮੁਸਲਮਾਨਾਂ `ਤੇ ਟੈਕਸ ਦਾ ਬੋਝ ਆਦਿ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਸ ਨੂੰ ਗੁਰੂ ਨਾਨਕ ਜੋਤ ਦੇ ਨੌਵੇਂ ਪ੍ਰਕਾਸ਼ ਨੇ ਆਪਣਾ ਬਲੀਦਾਨ ਦੇ ਕੇ ਰੋਕਿਆ। ਸੋ, ਆਪ ਜੀ ਨੇ ਆਪਣਾ ਬਲੀਦਾਨ ਆਪਣੀ ਮਰਜ਼ੀ ਨਾਲ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ, ਜੋ ਉਸ ਵੇਲੇ ਨੌਂ ਕੁ ਸਾਲਾਂ ਦੇ ਹੀ ਸਨ, ਆਪਣੇ ਪਿਤਾ ਜੀ ਨੂੰ ਆਪਾ ਵਾਰਨ ਲਈ ਖ਼ੁਸ਼ੀ ਨਾਲ ਤੋਰਿਆ ਸੀ।
ਜੇਕਰ ਇਸ ਕਥਨ ਵਿੱਚ ਰੰਚ - ਮਾਤਰ ਵੀ ਸਚਾਈ ਹੁੰਦੀ ਕਿ ਕਲਗੀਧਰ ਮਹਾਰਾਜ ਨੇ ਪਿਤਾ ਗੁਰਦੇਵ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਹੀ ਤਲਵਾਰ ਉਠਾਈ ਸੀ ਤਾਂ ਫਿਰ ਘੱਟੋ - ਘੱਟ ਬਾਈਧਾਰ ਦੇ ਪਹਾੜੀ ਰਾਜੇ ਹਜ਼ੂਰ ਦਾ ਵਿਰੋਧ ਨਾ ਕਰਦੇ। ਇੱਥੇ ਇਹ ਜ਼ਿਕਰ ਕਰਨਾ ਯੋਗ ਹੋਵੇ ਗਾ ਕਿ ਗੁਰਦੇਵ ਨੂੰ ਜੋ ਪਹਿਲਾ ਭੰਗਾਨੀ ਦਾ ਯੁੱਧ ਕਰਨਾ ਪਿਆ, ਉਹ ਮੁਗਲੀਆ ਹਕੂਮਤ ਨਾਲ ਨਹੀਂ ਸਗੋਂ ਬਾਈਧਾਰ ਦੇ ਰਾਜਿਆਂ ਨਾਲ ਹੀ ਕਰਨਾ ਪਿਆ ਸੀ। ਬਾਈਧਾਰ ਦੇ ਰਾਜੇ ਗੁਰੂ ਜੀ ਨੂੰ ਔਰੰਗਜ਼ੇਬ ਨਾਲੋਂ ਵੀ ਆਪਣਾ ਵਧੇਰੇ ਖ਼ਤਰਨਾਕ ਦੁਸ਼ਮਨ ਸਮਝਦੇ ਸਨ। ਚੂੰਕਿ ਕੁੱਝ ਹਿੰਦੂ ਰਾਜੇ ਇਹ ਸਮਝਦੇ ਸਨ ਕਿ ਸਤਿਗੁਰੂ ਹਿੰਦੂ ਧਰਮ ਨੂੰ ਨਸ਼ਟ ਕਰਨ `ਤੇ ਤੁਲੇ ਹੋਏ ਹਨ, ਉਹ ਕਿਸੇ ਵੀ ਕੀਮਤ `ਤੇ ਜਾਤ – ਪਾਤ ਖੰਡਨ ਅਤੇ ਬਰਾਬਰੀ ਵਾਲੇ ਸਿਧਾਂਤ ਨੂੰ ਮੰਨਣ ਲਈ ਤਿਆਰ ਨਹੀਂ ਸਨ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਇੱਕ ਅਕਾਲ – ਪੁਰਖ ਦੀ ਹੀ ਉਪਾਸ਼ਨਾ ਵਾਲਾ ਉਪਦੇਸ਼ ਵੀ ਨਹੀਂ ਸੀ ਭਾਉਂਦਾ। ਇਹਨਾਂ ਰਾਜਿਆਂ ਨੇ ਰਾਜਸੀ ਕਾਰਨਾਂ ਨਾਲੋਂ ਵਧੇਰੇ ਧਾਰਮਿਕ ਕਾਰਨਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਰੋਧ ਅਖ਼ੀਰਲੇ ਦੰਮ ਤੱਕ ਕੀਤਾ ਸੀ। ਇੰਦੂ ਭੂਸ਼ਨ ਬੈਨਰਜੀ ਦੇ ਲਿਖੇ ਇਹ ਸ਼ਬਦ ਇਸ ਸੱਚ ਵਲ ਹੀ ਇਸ਼ਾਰਾ ਕਰਨ ਵਾਲੇ ਹਨ ਕਿ, “ਇਹ ਕੋਈ ਅਚੰਭੇ ਦੀ ਗੱਲ ਨਹੀਂ ਕਿ ਪਹਾੜੀ ਰਾਜੇ ਗੁਰੂ ਜੀ ਨਾਲ ਵੈਰ ਤੇ ਘਿਰਣਾ ਕਰਦੇ। ਗੁਰੂ ਜੀ ਉਸ ਧਰਮ ਦੀ ਪ੍ਰਤੀਨਿਧਤਾ ਕਰਦੇ ਸਨ ਜੋ ਜਨਤਾ ਵਿੱਚ ਭਰਾਤ੍ਰੀ, ਮੈਤਰੀ ਅਤੇ ਸਮਦ੍ਰਿਸ਼ਟੀ ਦੇ ਖ਼ਿਆਲ ਭਰ ਰਿਹਾ ਸੀ। …ਪਹਾੜੀ ਰਾਜਿਆਂ ਦੀ ਰਾਜਨੀਤਿਕ ਵਿਸ਼ੇਸ਼ਤਾ, ਸਮਾਜਕ ਉੱਚਤਾ ਅਤੇ ਕੌਮੀ ਹੈਂਕੜ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਦੂਰ ਰੱਖਿਆ।”
ਇਸ ਵਿੱਚ ਰਾਈ – ਮਾਤਰ ਵੀ ਸ਼ੱਕ ਨਹੀਂ ਹੈ ਕਿ ਦਸਮੇਸ਼ ਪਾਤਸ਼ਾਹ ਦੇ ਅਦਰਸ਼ ਨੂੰ ਸਮਝਣ ਵਾਲਿਆਂ ਵਿੱਚ ਹਿੰਦੂ ਵੀ ਸਨ ਅਤੇ ਮੁਸਲਮਾਨ ਵੀ ਸਨ। ਇਹੀ ਕਾਰਨ ਹੈ ਕਿ ਕਲਗੀਧਰ ਜੀ ਦੇ ਉਦੇਸ਼ ਨੂੰ ਸਮਝਣ ਵਾਲੇ, ਇਹਨਾਂ ਧਰਮਾਂ ਦੇ ਪੈਰੋਕਾਰਾਂ ਨੇ ਜੰਗ ਸਮੇਂ ਵੀ ਮਹਾਰਾਜ ਦਾ ਸਾਥ ਦਿੱਤਾ ਸੀ। ਇਹ ਸੱਚ ਦੇ ਉਪਾਸ਼ਕ ਨਾ ਤਾਂ ਹਕੂਮਤ, ਅਤੇ ਨਾ ਹੀ ਗੁਰਮਤਿ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਦੇ ਗੁਮਰਾਹਕੁੰਨ ਪ੍ਰਚਾਰ ਤੋਂ ਪ੍ਰਭਾਵਤ ਹੋਏ। ਇਨਸਾਨੀਅਤ ਦਾ ਦਰਦ ਰੱਖਣ ਵਾਲੇ ਇਹ ਲੋਕ ਜਾਣ ਚੁਕੇ ਸਨ ਕਿ ਹਜ਼ੂਰ ਕਿਸੇ ਧਰਮ, ਫ਼ਿਰਕੇ, ਇਲਾਕੇ ਆਦਿ ਦੇ ਵਿਰੁੱਧ ਨਹੀਂ ਹਨ; ਉਹ ਤਾਂ ਕੇਵਲ ਜ਼ੁਲਮ ਅਤੇ ਅਨਿਆਇ ਦੇ ਹੀ ਵਿਰੁੱਧ ਹਨ। ਇਹਨਾਂ ਸੱਚ ਦੇ ਮੁਦਈਆਂ ਨੇ ਇਹ ਗੱਲ ਸਮਝ ਲਈ ਸੀ ਕਿ ਗੁਰੂ ਜੀ ਤਾਂ ਸਹੀ ਅਰਥਾਂ ਵਿੱਚ ਮਨੁੱਖਤਾ ਦੇ ਸੱਚੇ ਹਿਤੈਸ਼ੀ ਅਥਵਾ ਰੱਖਵਾਲੇ ਹਨ। ਹਕੂਮਤ ਭਾਂਵੇ ਇਹ ਪਰਚਾਰ ਕਰ ਰਹੀ ਸੀ ਕਿ ਆਪ ਬਾਗ਼ੀ ਹਨ, ਪਰੰਤੂ ਸਤਿਗੁਰੂ ਜੀ ਨੂੰ ਜਾਣਨ ਵਾਲੇ ਆਪ ਜੀ ਨੂੰ ਇਨਸਾਨੀਅਤ ਦਾ ਸੱਚਾ ਹਮਦਰਦ ਸਮਝਕੇ ਆਪ ਜੀ ਤੋਂ ਸਭ ਕੁੱਝ ਵਾਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ। ਇਹਨਾਂ ਪ੍ਰਾਣੀਆਂ ਨੇ ਇਹਨਾਂ ਅਫਵਾਹਾਂ `ਚ ਵੀ ਵਿਸਵਾਸ਼ ਨਹੀਂ ਕੀਤਾ, ਜਿਨ੍ਹਾਂ ਰਾਂਹੀ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦਾ ਮਾਰਗ ਤਿਆਗ ਦਿੱਤਾ ਹੈ। ਮਜ਼ਬੀ ਪੱਖ – ਪਾਤ ਆਦਿ ਤੋਂ ਉੱਪਰ ਉੱਠ ਕੇ ਸਚਿਆਰ ਜੀਵਨ ਜਿਊਂਣ ਦੇ ਇਹ ਆਸ਼ਕ ਸਮਝਦੇ ਸਨ ਕਿ, “ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦਾ ਕੰਮ ਉਸ ਉਨਤੀ ਦਾ ਨਤੀਜਾ ਸੀ, ਜੋ ਮੁੱਢ ਤੋਂ ਹੁੰਦੀ ਆਈ ਸੀ। (ਗੁਰੂ ਨਾਨਕ ਸਾਹਿਬ ਤੋਂ) ਜਿਸ ਖੇਤੀ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ, ਉਸ ਦੀ ਬੀਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਅਤੇ ਬਾਕੀ ਅੱਠ ਗੁਰੂ ਸਾਹਿਬਾਨ ਨੇ ਉਸ ਨੂੰ ਸਿੰਚਿਆ ਸੀ। ਜਿਸ ਤੇਗ਼ ਨੇ ਖ਼ਾਲਸੇ ਦੀ ਸ਼ਾਨ ਫੈਲਾਈ ਸੀ, ਇਹ ਜ਼ਰੂਰ ਹੈ ਕਿ ਉਸ ਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ, ਪਰ ਫੌਲਾਦ ਗੁਰੂ ਨਾਨਕ ਦੇਵ ਕਮਾ ਕੇ ਦੇ ਗਏ ਸਨ।” (ਡਾਕਟਰ ਗੋਕਲ ਚੰਦ ਨਾਰੰਗ)
ਗੁਰੂ ਨਾਨਕ ਸਾਹਿਬ ਦੀ ਜੋਤ ਦੇ ਦਸਵੇਂ ਪ੍ਰਕਾਸ਼ ਦੇ ਮਨ ਵਿੱਚ ਜੇਕਰ ਧਰਮ ਦੀ ਚਾਦਰ ਦੀ ਸ਼ਹੀਦੀ ਦੇ ਬਦਲੇ ਦੀ ਭਾਵਨਾ ਹੁੰਦੀ ਤਾਂ ਉਹ ਸਿੱਖਾਂ ਨੂੰ ਮੁਗਲ ਹਕੂਮਤ ਨਾਲ ਯੁੱਧ ਦੌਰਾਨ ਵੀ ਮਨੁੱਖੀ ਉਚ ਕਦਰਾਂ - ਕੀਮਤਾਂ ਨੂੰ ਬਰਕਰਾਰ ਰੱਖਣ ਦੀ ਹਿਦਾਇਤ ਨਾ ਦੇਂਦੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਕੁੱਝ ਸਿੰਘਾਂ ਨੂੰ, ਜੇਹੜੇ ਕਿਸੇ ਅਮੀਰ ਹਾਕਮ ਦੀ ਨੌਜਵਾਨ ਔਰਤ, ਜੇਹੜੀ ਇਹਨਾਂ ਦੇ ਕਬਜ਼ੇ `ਚ ਸੀ, ਨਾਲ ਬਦ –ਸਲੂਕੀ ਕਰਕੇ ਬਦਲਾ ਲੈਣ ਦੇ ਇੱਛਕ ਸਨ, ਪਰੰਤੂ ਕਲਗੀਧਰ ਮਹਾਰਾਜ ਨੇ ਕਰੜੇ ਸ਼ਬਦਾਂ ਵਿੱਚ ਇਹਨਾਂ ਨੂੰ ਇਸ ਕੁਕਰਮ ਤੋਂ ਵਰਜਦਿਆਂ ਹੋਇਆਂ ਕੇਵਲ ਖ਼ਾਲਸੇ ਦੇ ਅਦਰਸ਼ ਤੋਂ ਹੀ ਜਾਣੂੰ ਨਹੀਂ ਕਰਾਇਆ ਸਗੋਂ ਅਜੇਹੇ ਕਰਮ ਨੂੰ ਬਜਰ ਕੁਰਹਿਤ ਕਰਾਰ ਆਖਿਆ ਸੀ। ਇਤਿਹਾਸ ਵਿੱਚ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ:
ਪੁਨ ਸਿੰਘਨ ਬੂਝੈ ਗੁਨ ਖਾਨੀ। ਬ੍ਰਿੰਦ ਤੁਰਕ ਭੁਗਵਹਿ ਹਿੰਦਵਾਨੀ।
ਸਿਖ ਬਦਲਾ ਲੈ ਭਲਾ ਜਨਾਏ। ਕਯੋਂ ਗੁਰ ਸ਼ਾਸਤ੍ਰ ਕਿਉਂ ਬਰਜ ਹਟਾਏ?
ਸੁਨਿ ਸਤਿਗੁਰ ਬੋਲੇ ਤਿਸ ਬੇਰੇ। ਹਮ ਲੇ ਜਾਨੋਂ ਪੰਥ ਉਚੇਰੇ।
ਨਹੀਂ ਅਧੋਗਤ ਬਿਖੈ ਪੁਚਾਵਹਿ। ਤਾਂਤੇ ਕਲਮਲ ਕਰਤ ਹਟਾਵਹਿ। (ਭਾਈ ਸੰਤੋਖ ਸਿੰਘ)

ਗੁਰੂ ਗੋਬਿੰਦ ਸਿੰਘ ਜੀ ਦੀ ਸਿੰਘਾਂ ਨੂੰ ਇਹ ਤਾੜਨਾ ਸਤਿਗੁਰੂ ਜੀ ਦੇ ਅਦਰਸ਼ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਦੀ ਹੈ। ਗੁਰਦੇਵ ਕਿਸੇ ਵੀ ਸਥਿਤੀ ਵਿੱਚ ਸਿੱਖ ਨੂੰ ਮਨੁੱਖੀ ਕਦਰਾਂ – ਕੀਮਤਾਂ ਤੋਂ ਮੂੰਹ ਮੋੜਨ ਦੀ ਇਜ਼ਾਜ਼ਤ ਨਹੀਂ ਦੇਂਦੇ। ਜਿਨ੍ਹਾਂ ਦੇ ਮਨਾਂ ਵਿੱਚ ਬਦਲੇ ਦੀ ਭਾਵਨਾ ਹੋਵੇ ਉਹਨਾਂ ਲਈ ਇਹੋ ਜੇਹੀਆਂ ਕਦਰਾਂ – ਕੀਮਤਾਂ ਦੀ ਕੋਈ ਅਹਿਮੀਅਤ ਨਹੀਂ ਹੋਇਆ ਕਰਦੀ। ਅਜੇਹੀ ਜੀਵਨ – ਜਾਚ ਸਿਖਾਉਣ ਵਾਲੇ ਸਤਿਗੁਰੂ ਬਾਰੇ ਇਹ ਆਖਣਾ ਕਿ ਉਹਨਾਂ ਨੇ ਬਦਲੇ ਦੀ ਭਾਵਨਾਂ ਨਾਲ ਤਲਵਾਰ ਉਠਾਈ ਸੀ, ਇਹ ਉਸ ਮਹਾਨ ਮਰਦ ਅੰਗਮੜੇ ਨਾਲ ਘੋਰ ਅਨਿਆਂ ਨਹੀਂ ਤਾਂ ਹੋਰ ਕੀ ਹੈ?
ਮਹਾਰਾਜ ਨੇ ਹਰੇਕ ਤਰ੍ਹਾਂ ਦੇ ਜ਼ੁਲਮ, ਜਬਰ, ਅਨਿਆਂ ਦਾ ਵਿਰੋਧ ਕੀਤਾ ਹੈ ਭਾਂਵੇ ਉਹ ਜ਼ਾਲਮ, ਇਨਸਾਨੀਅਤ ਦੇ ਦੁਸ਼ਮਨ ਮਸੰਦ ਦੇ ਰੂਪ ਵਿੱਚ ਸੀ, ਚਾਹੇ ਉਹ ਬਾਈਧਾਰ ਦੇ ਰਾਜਿਆਂ ਦੇ ਰੂਪ ਵਿੱਚ ਅਤੇ ਭਾਂਵੇ ਉਹ ਮੁਗਲੀਆ ਹਕੂਮਤ ਦੇ ਰੂਪ `ਚ ਸੀ। ਸਤਿਗੁਰੂ ਜੀ ਨੇ ਇਸ ਅਧਾਰ `ਤੇ ਕਿਸੇ ਦਾ ਵਿਰੋਧ ਨਹੀਂ ਕੀਤਾ ਕਿ ਉਹ ਹਿੰਦੂ ਜਾਂ ਮੁਸਲਮਾਨ ਹੈ। ਅਨੰਦਪੁਰ ਦੀ ਇੱਕ ਜੰਗ ਦੌਰਾਨ ਕੁੱਝ ਸਿੰਘਾਂ ਨੇ ਭਾਈ ਘਨੱਈਆ ਜੀ ਨੂੰ ਹਮਲਾਵਰ ਧਿਰ ਦੇ ਜ਼ਖ਼ਮੀਆਂ ਨੂੰ ਵੀ ਪਾਣੀ ਪਿਲਾਂਦੇ ਦੇਖ ਕੇ ਹਜ਼ੂਰ ਪਾਸ ਭਾਈ ਸਾਹਿਬ ਦੀ ਸ਼ਿਕਾਇਤ ਕੀਤੀ। ਹਜ਼ੂਰ ਦੇ ਪੁੱਛਣ `ਤੇ ਭਾਈ ਸਾਹਿਬ ਨੇ ਉੱਤਰ ਦਿੱਤਾ ਮਹਾਰਾਜ ਮੈਨੂੰ ਤਾਂ ਕੋਈ ਵੈਰੀ ਨਜ਼ਰ ਨਹੀਂ ਆਇਆ; ਮੈਂ ਤਾਂ ਜਿਸ ਨੂੰ ਵੀ ਪਾਣੀ ਪਿਲਾਇਆ ਹੈ ਉਹ ਤੁਹਾਡਾ ਹੀ ਰੂਪ ਨਜ਼ਰ ਆਇਆ ਹੈ। ਸਤਿਗੁਰੂ ਜੀ ਭਾਈ ਸਾਹਿਬ ਦਾ ਉੱਤਰ ਸੁਣ ਕੇ ਕੇਵਲ ਖ਼ੁਸ਼ ਹੀ ਨਹੀਂ ਹੋਏ ਸਗੋਂ ਮਲ੍ਹਮ ਪੱਟੀ ਵੀ ਭਾਈ ਸਾਹਿਬ ਨੂੰ ਦੇਂਦਿਆਂ ਕਹਿਣ ਲੱਗੇ ਲੋੜ ਅਨੁਸਾਰ ਇਨ੍ਹਾਂ ਨੂੰ ਵੀ ਜ਼ਖ਼ਮੀਆਂ ਲਈ ਵਰਤ ਲੈਣਾ। ਦਸਮੇਸ਼ ਪਾਤਸ਼ਾਹ ਭਾਈ ਘਨੱਈਆ ਜੀ ਨੂੰ ਇਹ ਹਿਦਾਇਤ ਨਹੀਂ ਕਰਦੇ ਕਿ ਕੇਵਲ ਸਿੰਘਾਂ ਨੂੰ ਹੀ ਪਾਣੀ ਪਿਲਾਉਣਾ ਹੈ ਜਾਂ ਮਲ੍ਹਮ ਪੱਟੀ ਜ਼ਖ਼ਮੀ ਹੋਏ ਸਿੰਘਾਂ ਦੀ ਹੀ ਕਰਨੀ ਹੈ। ਜੇਕਰ ਬਦਲਾ ਲੈਣ ਵਾਲੀ ਗੱਲ ਹੁੰਦੀ ਤਾਂ ਮਹਾਰਾਜ ਭਾਈ ਸਾਹਿਬ ਨੂੰ ਸਪਸ਼ਟ ਕਹਿ ਦੇਂਦੇ ਕਿ ਅਸੀਂ ਤਾਂ ਇਹਨਾਂ ਪਾਸੋਂ ਬਦਲਾ ਲੈਣਾ ਹੈ, ਇਹਨਾਂ ਦਾ ਖੁਰਾ – ਖੋਜ ਮਿਟਾਉਣਾ ਹੈ ਇਸ ਲਈ ਇਹਨਾਂ ਉੱਤੇ ਕਿਸੇ ਤਰ੍ਹਾਂ ਦਾ ਵੀ ਰਹਿਮ ਨਾ ਕੀਤਾ ਜਾਵੇ।
ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ `ਤੇ ਵੀ ਪਹਿਲਾਂ ਹਮਲਾ ਨਹੀਂ ਕੀਤਾ, ਹਮਲਾਵਰ ਦਾ ਮੂੰਹ ਤੋੜਵਾਂ ਜਵਾਬ ਦੇਣਾ ਆਪਣਾ ਫ਼ਰਜ਼ ਸਮਝਿਆ। ਹਾਂ, ਧਾਵਾ ਉਸ ਥਾਂ `ਤੇ ਜ਼ਰੂਰ ਪਹਿਲਾਂ ਕੀਤਾ ਗਿਆ ਜਿੱਥੇ ਕਿਸੇ ਜ਼ਾਲਮ ਨੇ ਕਿਸੇ ਅਬਲਾ ਨੂੰ ਅਗਵਾ ਕਰਕੇ ਉਸ ਨਾਲ ਜ਼ਬਰਦਸਤੀ ਕਰਨੀ ਚਾਹੀ, ਖ਼ਬਰ ਮਿਲਣ `ਤੇ ਸਤਿਗੁਰੂ ਜੀ ਨੇ ਜ਼ਰੂਰ ਆਪਣੇ ਸ਼ੂਰਬੀਰਾਂ ਨੂੰ ਉਸ ਅਬਲਾ ਦੀ ਪਤ ਬਚਾਉਣ ਲਈ ਭੇਜਿਆ। ਜੰਗ ਤਾਂ ਮਹਾਰਾਜ ਨੂੰ ਕੇਵਲ ਸਵੈ –ਰੱਖਿਆ ਲਈ ਹੀ ਕਰਨੇ ਪਏ ਸਨ। ਹਮਲਾਵਰ ਭਾਂਵੇ ਬਾਈ ਧਾਰ ਦੇ ਰਾਜੇ ਸਨ ਚਾਹੇ ਸੂਬਾ ਲਾਹੌਰ, ਸਰਹੰਦ ਜਾਂ ਦਿੱਲੀ, ਹਜ਼ੂਰ ਨੇ ਸਾਰਿਆਂ ਤੋਂ ਸਵੈ –ਰੱਖਿਆ ਲਈ ਇਕੋ ਜੇਹਾ ਹੀ ਢੰਗ ਅਪਣਾਇਆ ਸੀ। ਸਤਿਗੁਰੂ ਜੀ ਦੀ ਨਿਜੀ ਦੁਸ਼ਮਨੀ ਕਿਸੇ ਵੀ ਫ਼ਿਰਕੇ ਜਾਂ ਧਰਮ ਦੇ ਪੈਰੋਕਾਰਾਂ ਨਾਲ ਨਹੀਂ ਸੀ। ਇਹ ਠੀਕ ਹੈ ਕਿ ਆਪ ਜੀ ਦੇ ਨਾਲ ਦੁਸ਼ਮਨੀ ਵਾਲਾ ਭਾਵ ਰੱਖਣ ਵਾਲਿਆਂ ਵਿੱਚ ਕੁੱਝ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੇ ਅਤੇ ਕੁੱਝ ਇਸਲਾਮ ਨਾਲ ਸਬੰਧ ਰੱਖਣ ਵਾਲੇ ਸਨ। ਪਰ ਦੂਜੇ ਪਾਸੇ ਮਹਾਰਾਜ ਤੋਂ ਆਪਾ ਵਾਰਨ ਵਾਲਿਆਂ ਵਿੱਚ ਕੇਵਲ ਸਿੱਖ ਹੀ ਨਹੀਂ ਸਗੋਂ ਸੱਚ ਦੇ ਉਪਾਸ਼ਕ ਹਿੰਦੂ ਅਤੇ ਮੁਸਲਮਾਨ ਵੀ ਸਨ।
ਗੁਰੂ ਗੋਬਿੰਦ ਸਿੰਘ ਜੀ ਵਲੋਂ ਉਠਾਈ ਤਲਵਾਰ ਬਾਰੇ ਇੰਜ ਆਖਿਆ ਜਾ ਸਕਦਾ ਹੈ ਕਿ ਇਹ ਉਸ ਸਰਜਨ ਵਾਂਗ ਸੀ, ਜੇਹੜਾ ਮਰੀਜ਼ ਦਾ ਓਪਰੇਸ਼ਨ ਕਰਦਾ ਹੈ, ਉਸ ਨੂੰ ਜਾਨੋ ਮਾਰਨ ਲਈ ਨਹੀਂ ਬਲਕਿ ਉਸ ਨੂੰ ਜੀਵਨ ਦਾਨ ਦੇਣ ਲਈ। ਜੀ ਹਾਂ, ਉਸ ਨੂੰ ਬੀਮਾਰੀ ਤੋਂ ਛੁਟਕਾਰਾ ਦਿਵਾਉਣ ਲਈ, ਸਰਜਨ ਦੇ ਮਨ `ਚ ਮਰੀਜ਼ ਲਈ ਘਿਰਨਾ ਨਹੀਂ ਹੁੰਦੀ ਸਗੋਂ ਉਸ ਲਈ ਸ਼ੁਭ ਇਛਾਵਾਂ ਹੀ ਹੁੰਦੀਆਂ ਹਨ। ਜਦ ਕਿਸੇ ਜ਼ਾਲਮ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਹੋ ਜਾਵੇ ਕਿ ਉਸ ਵਿਚੋਂ ਇਨਸਾਨੀਅਤ ਖੰਭ ਲਾ ਕੇ ਉੱਡ – ਪੁੱਡ ਜਾਵੇ ਤਾਂ ਉਸ ਨੂੰ ਇਨਸਾਨੀਅਤ ਦਾ ਅਹਿਸਾਸ ਕਰਾਉਣ ਲਈ ਅਜੇਹਾ ਕਦਮ ਉਠਾਉਣਾ ਜ਼ਰੂਰੀ ਹੋ ਜਾਂਦਾ ਹੈ। ਅਜੇਹੀ ਪਰਿਸਥਿਤੀ ਵਿੱਚ ਤਲਵਾਰ ਦੀ ਵਰਤੋਂ ਇੱਕ ਤਰ੍ਹਾਂ ਦਾ ਸਤਿਆਗ੍ਰਹ ਵਾਂਗੂੰ ਹੀ ਹੋਇਆ ਕਰਦੀ ਹੈ। ਜ਼ਫਰਨਾਮੇ ਵਿੱਚ ਇਸ ਸਚਾਈ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ: ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ੱਸਤ॥ ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ॥ (ਭਾਵ –ਜਦ ਗੱਲ ਸਾਰੇ ਹੀਲਿਆਂ ਤੋਂ ਲੰਘ ਗਈ ਹੋਵੇ, ਕੇਵਲ ਤਦ ਹੀ ਤਲਵਾਰ ਚੁਕਣੀ ਜਾਇਜ਼ ਹੈ।) (ਨੋਟ: ਸ਼ੇਖ ਸ਼ਾਅਦੀ ਨੇ ਵੀ ਹੂ- ਬਹੂ ਅਜੇਹਾ ਆਖਿਆ ਹੈ।) ਚੂੰਕਿ ਇਸ ਪਰਿਸਥਿਤੀ ਵਿੱਚ ਸ਼ਸ਼ਤ੍ਰ ਹੀ ਜਰਵਾਣੇ ਦੀ ਭਾਖਿਆ ਹੋਇਆ ਕਰਦੇ ਹਨ, ਕਿਸੇ ਹੋਰ ਭਾਸ਼ਾ ਅਥਵਾ ਢੰਗ ਨਾਲ ਉਸ ਨੂੰ ਸਮਝਾਉਣਾ ਮੁਸ਼ਕਲ ਹੁੰਦਾ ਹੈ। ਜਰਵਾਣੇ ਨੂੰ ਸਮਝਾਉਣ ਲਈ ਸ਼ਾਂਤੀ ਵਾਲਾ ਰਾਹ ਕੁੱਝ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਜਿਵੇਂ ਕਿਸੇ ਖੂੰਖਾਰ ਜਾਨਵਰ ਦੇ ਅੱਗੇ ਲੰਮੇ ਪੈ ਕੇ ਉਸ ਦੇ ਸੁਭਾਅ ਨੂੰ ਬਦਲਣ ਦੀ ਕੋਸ਼ਸ਼ ਕਰਨ ਵਾਲੇ ਨੂੰ ਕਦੇ ਸਫਲਤਾ ਨਹੀਂ ਮਿਲਿਆ ਕਰਦੀ। ਉਹ ਆਪਣੀ ਜਾਨ ਗਵਾ ਕੇ ਵੀ ਖੂੰਖਾਰ ਜਾਨਵਰ ਦਾ ਸੁਭਾਅ ਬਦਲਣ ਵਿੱਚ ਕਾਮਯਾਬ ਨਹੀਂ ਹੁੰਦਾ।
ਸੋ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗਬਹਾਦਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਤਲਵਾਰ ਨਹੀਂ ਸੀ ਉਠਾਈ ਬਲਕਿ ਮਨੁੱਖ ਨੂੰ ਸੰਤ ਸਿਪਾਹੀ ਬਣਾਉਣ ਲਈ ਉਠਾਈ ਸੀ। ਹਜ਼ੂਰ ਦੀ ਤਲਵਾਰ ਮੀਰੀ ਪੀਰੀ ਦਾ ਪ੍ਰਤੀਕ ਸੀ; ਇਹ ਮਨੁੱਖ ਨੂੰ ਆਤਮਕ ਅਤੇ ਸਰੀਰਕ ਪੱਖੋਂ ਬਲਵਾਨ ਬਣਾ ਕੇ ਇਸ ਨੂੰ ਪੂਰਨ ਮਨੁੱਖ ਬਣਾਉਣ ਲਈ ਸੀ। ਇਹ ਹਰ ਤਰ੍ਹਾਂ ਦੇ ਜ਼ੁਲਮ ਦੇ ਖ਼ਿਲਾਫ ਅਵਾਜ਼ ਉਠਾਉਣ ਦਾ ਚਿੰਨ੍ਹ ਸੀ। ਇਹ ਸ਼ਾਂਤੀ ਦਾ ਪ੍ਰਤੀਕ ਸੀ ਨਾ ਕਿ ਅਸ਼ਾਂਤੀ ਦਾ। ਇਹ ਜਿੱਥੇ ਸੰਤ ਨੂੰ ਇੱਕ ਸੰਦੇਸ਼ ਦੇਣ ਲਈ ਸੀ ਕਿ ਪੂਰਨ ਮਨੁੱਖ ਬਣਨ ਲਈ ਸਰੀਰਕ ਬਲ ਦੀ ਵੀ ਲੋੜ ਹੈ ਉੱਥੇ ਸਿਪਾਹੀ ਨੂੰ ਵੀ ਇਹ ਚੇਤਾਵਨੀ ਦੇਣ ਵਾਲੀ ਸੀ ਕਿ ਜੇਕਰ ਸੰਤਗਿਰੀ ਵਾਲਾ ਗੁਣ ਨਹੀਂ ਤਾਂ ਤਲਵਾਰ ਦਾ ਧਾਰਨੀ ਇਨਸਾਨ ਜਾਬਰ ਬਣ ਜਾਂਦਾ ਹੈ। ਇਸ ਲਈ ਪੂਰਨ ਮਨੁੱਖ ਬਣਨ ਲਈ ਇਹਨਾਂ ਦੋਹਾਂ ਗੁਣਾਂ (ਸੰਤ ਸਿਪਾਹੀ) ਦੀ ਜ਼ਰੂਰਤ ਹੈ।
ਜਸਬੀਰ ਸਿੰਘ ਵੈਨਕੂਵਰ




.