.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਜਿਉਂਦਿਆਂ ਜੂਨਾਂ ਵਿਚ

ਭਾਗ ਦੂਜਾ

ਸੂਰਾਂ ਵਾਂਗ ਖਾਣਾ, ਬੱਚਿਆਂ ਨੂੰ ਜਨਮ ਦਈ ਜਾਣਾ ਤੇ ਹਰ ਵੇਲੇ ਗੰਦਗੀ ਵਿੱਚ ਰਹਿਣਾ, ਗੱਧਿਆਂ ਵਾਂਗ ਦੁਲੱਤੇ ਮਾਰਨੇ ਤੇ ਰੂੜੀਆਂ ਵਿੱਚ ਲਿਟਣਾ, ਕਾਂ ਵਾਂਗ ਹਮੇਸ਼ਾਂ ਚਲਾਕੀਆਂ ਕਰਨੀਆਂ, ਗੰਦ ਫਰੋਲਦੇ ਰਹਿਣਾ ਤੇ ਸੱਪ ਵਾਂਗ ਜ਼ਹਿਰ ਉਗਲ਼ਦੇ ਰਹਿਣਾ ਹੀ ਵੱਖ ਵੱਖ ਜੂਨਾਂ ਵਿੱਚ ਇਨਸਾਨ ਘੁੰਮਦਾ ਰਹਿੰਦਾ ਹੈ। ਭੱਟਾਂ ਨੇ ਆਪਣੀ ਬਾਣੀ ਵਿੱਚ ਵੀ ਕਿਹਾ ਹੈ ਕਿ ਗੁਰੂ ਜੀ ਦੇ ਉਪਦੇਸ਼ ਨਾਲ ਪਸ਼ੂਆਂ ਤੇ ਪ੍ਰੇਤਾਂ ਵਰਗੀ ਸੋਚਣੀ ਤੋਂ ਦੈਵੀ ਗੁਣਾਂ ਵਾਲੇ ਮਨੁੱਖ ਬਣ ਸਕਦੇ ਹਾਂ ----

ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ, ਦੁਖ ਦਰਿਦ੍ਰ ਤਿਨ ਕੇ ਗਇਅ॥

ਸਤਿਗੁਰੂ ਚਰਨ ਜਿਨੑ ਪਰਸਿਆ, ਸੇ ਪਸੁ ਪਰੇਤ ਸੁਰਿ ਨਰ ਭਇਅ॥

-ਪੰਨਾ ੧੩੯੯

ਸਾਡੇ ਸਰੀਰ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨਹੀਂ ਹਨ ਇਸ ਲਈ ਚਰਨ ਪਰਸਣ ਦਾ ਅਰਥ ਹੈ ਗੁਰ-ਉਪਦੇਸ਼ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ, ਫਿਰ ਚੰਦਨ ਵਰਗੀ ਸੁਗੰਧੀ ਆ ਸਕਦੀ ਹੈ।

ਕਬੀਰ ਸਾਹਿਬ ਜੀ ਨੇ ਇੱਕ ਹੋਰ ਮਿੱਥ ਨੂੰ ਤੋੜਦਿਆਂ ਹੋਇਆਂ ਸਿੱਧ ਪੱਧਰੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਜਦੋਂ ਮੈਨੂੰ ਆਤਮਿਕ ਸੂਝ ਨਹੀਂ ਸੀ ਓਦੋਂ ਮੇਰਾ ਜੀਵਨ ਵੱਖ ਵੱਖ ਜੂਨਾਂ ਦੇ ਸੁਭਾਅ ਅਨੁਸਾਰ ਚੱਲ ਰਿਹਾ ਸੀ ---

ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥

ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ॥

ਰਾਗ ਆਸਾ ਬਾਣੀ ਭਗਤ ਕਬੀਰ ਜੀ ਕੀ ਪੰਨਾ 477—

ਪਰ ਹੁਣ ਜਦੋਂ ਦੀ ਸਮਝ ਆ ਗਈ ਹੈ ਤਾਂ ਹਾਥੀ ਦੀ ਕਾਮਕ ਬਿਰਤੀ ਵਾਲਾ ਸੁਭਾਅ ਤਿਆਗ ਕੇ ਰੱਬ ਜੀ ਦੀ ਸਿਫਤੋ ਸਲਾਹ ਵਾਲੀ ਰਬਾਬ ਵਜਾਉਣ ਲੱਗ ਪਿਆਂ ਹਾਂ। ਬਲਦ ਵਰਗੀ ਆਲਸ ਦੀ ਬਿਰਤੀ ਨੂੰ ਸਦਾ ਲਈ ਤਿਆਗ ਦਿੱਤਾ ਹੈ। ਕਾਂ ਵਰਗੀਆਂ ਚਲਾਕੀਆਂ ਤੋਂ ਹਮੇਸ਼ਾਂ ਲਈ ਕਿਨਾਰਾ ਕਰ ਲਿਆ ਹੈ। ਗੱਧਿਆਂ ਵਾਂਗ ਦੁਲੱਤੇ ਮਾਰਨੇ ਤੇ ਝੋਟੇ ਵਾਂਗ ਹਰੇਕ ਨਾਲ ਸਿਰ ਫਸਾਉਣ ਵਾਲੀ ਘਟੀਆ ਸੋਚ ਨੂੰ ਸਦਾ ਲਈ ਨਮਸਕਾਰ ਕਰ ਦਿੱਤੀ ਹੈ।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ, ਗੰਦੇ ਜੀਵਨ ਵਾਲਾ ਪਸ਼ੂ ਸੁਭਾਅ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦਾ --

ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ॥

ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ॥

ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ॥

ਸਿਰੀ ਰਾਗ ਮਹਲਾ ੫ ਪੰਨਾ ੪੭

ਰਤਨ, ਮੋਤੀ ਆਦਿਕ ਕੀਮਤੀ ਪਦਾਰਥ, ਸੋਨਾ, ਚਾਂਦੀ (ਇਹ ਸਭ) ਮਿੱਟੀ ਸਮਾਨ ਹੀ ਹਨ (ਕਿਉਂਕਿ ਇਥੇ ਹੀ ਪਏ ਰਹਿ ਜਾਣਗੇ)। ਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ—ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ। (ਇਹ ਵੇਖ ਕੇ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਗੰਦੇ ਜੀਵਨ ਵਾਲਾ ਪਸ਼ੂ-ਸੁਭਾਉ ਮਨੁੱਖ, ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ।

ਗੁਰੂ ਦੀ ਗੱਲ ਨੂੰ ਨਾ ਸੁਣਨ ਵਾਲਾ ਪਸ਼ੂ, ਪੰਛੀ ਤੇ ਟੇਢੀਆਂ ਜੂਨਾਂ ਵਾਂਗ ਹੀ ਹੈ ---

ਜੋ ਨ ਸੁਨਹਿ ਜਸੁ ਪਰਮਾਨੰਦਾ॥

ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ॥

ਗਉੜੀ ਮਹਲਾ ੫ ਪੰਨਾ ੧੮੮

ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ, ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ ਹਨ।

ਮਨੁੱਖੀ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਨੂੰ ਸਮਝਿਆ ਜਾ ਸਕਦਾ ਹੈ ਜੇ ਗੁਰੂ ਨਾਲ ਸਾਂਝ ਪਾਉਣ ਦਾ ਸਾਰਥਿਕ ਯਤਨ ਕੀਤਾ ਜਾਏ ---

ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥

ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥

ਪੰਨਾ ੨੫੧

ਜਗਤ ਵਿੱਚ ਉਹਨਾਂ ਬੰਦਿਆਂ ਨੇ ਸਿਰਫ਼ ਕਹਣ-ਮਾਤ੍ਰ ਹੀ ਮਨੁੱਖਾ ਜਨਮ ਲਿਆ, ਪਰ ਜੀਵਨ ਦਾ ਸਹੀ ਰਸਤਾ ਸਮਝਣ ਤੋਂ ਬਿਨਾ ਉਹ ਪਸ਼ੂ ਡੰਗਰ ਹੀ ਰਹੇ (ਪਸ਼ੂਆਂ ਵਾਲੀ ਜ਼ਿੰਦਗੀ ਹੀ ਗੁਜ਼ਾਰਦੇ ਰਹੇ)। ਹੇ ਨਾਨਕ ! ਉਹ ਮਨੁੱਖ ਗੁਰੂ ਦੀ ਰਾਹੀਂ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਦੇ ਮੱਥੇ ਉਤੇ (ਪੂਰਬਲੇ ਕਰਮਾਂ ਦੇ ਚੰਗੇ ਕਰਮਾਂ ਦੇ) ਭਾਗ ਜਾਗ ਪੈਣ।

ਪੱਥਰ ਕਦੇ ਕਿਸੇ ਨੇ ਸਿੱਧੇ ਰੂਪ ਵਿੱਚ ਨਹੀਂ ਤਰਦਾ ਦੇਖਿਆ ਪਰ ਗੁਰਬਾਣੀ ਦਾ ਇਹ ਫਰਮਾਣ ਹੈ ਕਿ ਪੱਥਰ ਵੀ ਤਰ ਸਕਦਾ ਹੈ ਅੰਤਰੀਵ ਭਾਵ ਕਿ ਪੱਥਰ ਦਿੱਲ ਇਨਸਾਨ ਤੇ ਪਸ਼ੂ ਤਲ਼ `ਤੇ ਜਿਉਣ ਵਾਲਾ ਆਤਮਿਕ ਸੋਝੀ ਦਾ ਮਾਲਕ ਹੋ ਸਕਦਾ ਹੈ ਕਦੋਂ, ਜਦੋਂ ਮਨੁੱਖੀ ਹਕੀਕਤਾਂ ਨੂੰ ਆਪਣੀ ਨਿਗਾਹ ਹੇਠ ਲਿਆਉਣ ਦਾ ਯਤਨ ਕਰਦਾ ਹੈ -----

ਕਰਿ ਕਿਰਪਾ ਅੰਤਰਿ ਉਰਧਾਰੈ॥

ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ॥

ਪੰਨਾ ੨੭੪

ਸੰਗਤ ਤੋਂ ਬਿਨਾ ਅਧੂਰੀ ਜ਼ਿੰਦਗੀ ਪਸ਼ੂਆਂ ਤੇ ਢੋਰਾਂ ਵਾਲੀ ਹੈ --

ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ॥

ਜਿਨਿੑ ਕੀਤੇ ਤਿਸੈ ਨ ਜਾਣਨੀੑ ਬਿਨੁ ਨਾਵੈ ਸਭਿ ਚੋਰ॥

ਆਸਾ ਮਹਲਾ ੩ ਪੰਨਾ ੪੨੭

ਸਾਧ ਸੰਗਤਿ ਤੋਂ ਬਿਨਾ ਸਾਰੇ ਮਨੁੱਖ ਪਸ਼ੂਆਂ ਵਾਂਗ ਤੁਰੇ ਫਿਰਦੇ ਹਨ, ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦੇ, ਉਸ ਦੇ ਨਾਮ ਤੋਂ ਬਿਨਾ ਸਾਰੇ ਉਸ ਦੇ ਚੋਰ ਹਨ।

ਜੇ ਮਨੁੱਖ ਨੇ ਸਿਰਫ ਪੇਟ ਦੀ ਹੀ ਪੂਰਤੀ ਕਰਨੀ ਹੈ ਤਾਂ ਇਸ ਵਿੱਚ ਤੇ ਪਸ਼ੂ ਵਿੱਚ ਕੋਈ ਵੀ ਅੰਤਰ ਨਹੀਂ ਹੈ -----

ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥

ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ॥

ਧਨਾਸਰੀ ਮਹਲਾ ੯ ਪੰਨਾ ੬੮੫

ਹੇ ਭਾਈ ! ਗੁਰੂ ਦੀ ਮਤਿ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਦੀ ਕੁੱਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ (ਨਿੱਤ) ਆਪਣਾ ਢਿੱਡ ਭਰ ਲੈਂਦਾ ਹਾਂ। ਹੇ ਨਾਨਕ ! ਆਖ—ਹੇ ਪ੍ਰਭੂ ! ਮੈਂ ਵਿਕਾਰੀ ਤਦੋਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਚੇਤੇ ਰੱਖੇਂ।

ਜ਼ਿੰਦਗੀ ਦੇ ਰਾਹਾਂ ਤੋਂ ਖੁੰਝਿਆ ਹੋਇਆ ਮਨੁੱਖ ਭਟਕਣਾਂ ਦੀਆਂ ਜੂਨਾਂ ਭੋਗਣ ਲਈ ਮਜ਼ਬੂਰ ਹੈ ਪਰ ਇਹ ਇਸ ਜੀਵਨ ਦੀ ਮਹਾਨਤਾ ਨੂੰ ਸਮਝਣ ਲਈ ਤਿਆਰ ਨਹੀਂ ਹੈ ----

ਪਸੁ ਪੰਖੀ ਭੂਤ ਅਰੁ ਪ੍ਰੇਤਾ॥ ਬਹੁ ਬਿਧਿ ਜੋਨੀ ਫਿਰਤ ਅਨੇਤਾ॥

ਜਹ ਜਾਨੋ ਤਹ ਰਹਨੁ ਨ ਪਾਵੈ॥ ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ॥

ਪੰਨਾ ੧੦੦੫

ਮੁੜ ਮੁੜ ਪਸ਼ੂ ਬਿਰਤੀ ਨਾਲ ਹੀ ਇਹ ਖੇਢਾਂ ਖੇਢ ਰਿਹਾ ਹੈ। ਪਰਮਾਤਮਾ ਨਾਲੋਂ ਵਿਥ ਰੱਖ ਕੇ ਚੱਲਣ ਵਾਲ ਨਿਰਾ ਪਸ਼ੂ ਹੀ ਹੈ ----

ਜਿਨ ਕੈ ਭੀਤਰਿ ਹੈ ਅੰਤਰਾ॥ ਜੈਸੇ ਪਸੁ ਤੈਸੇ ਓਇ ਨਰਾ॥

ਪੰਨਾ ੧੧੬੩

ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ ਭਾਵ ਰੱਬੀ ਗੁਣ ਨਹੀਂ ਹਨ ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ।

ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਨੂੰ ‘ਸਚਿਆਰ’ ਬਣਨ ਲਈ ਕਿਹਾ ਹੈ ਪਰ ਆਪਣੀਆਂ ਪਸ਼ੂ ਬਿਰਤੀਆਂ ਕਰਕੇ ਇਹ ਮਨੁੱਖ ਨਹੀਂ ਲੱਗਦਾ ਹੈ ਕਿਉਂਕਿ ਇਸ ਦੀਆਂ ਕਰਤੂਤਾਂ ਸਾਰੀਆਂ ਪਸ਼ੂਆਂ ਵਾਲੀਆਂ ਹੀ ਹਨ। ਦੁਖਾਂਤ ਇਹ ਹੈ ਕਿ ਗੁਰਬਾਣੀ ਨੇ ਅੱਜ ਦਾ ਜੀਵਨ ਸਵਾਰਨ ਦੀ ਗੱਲ ਕੀਤੀ ਹੈ ਪਰ ਅਸੀਂ ਅੱਜ ਬੰਦੇ ਬਣਨ ਲਈ ਤਿਆਰ ਨਹੀਂ ਹਾਂ ਇਸ ਲਈ ਇਹ ਸਾਰੀ ਅਵਸਥਾ ਅਗਲੇ ਜਨਮ ਜਾਂ ਜੀਵਨ `ਤੇ ਪਾ ਦਿੱਤੀ ਹੈ ਜਿੱਥੋਂ ਪੁਜਾਰੀ ਨੂੰ ਲੁੱਟਣ ਦਾ ਸੌਖਾ ਰਾਹ ਮਿਲ ਗਿਆ ਹੈ ----

ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ॥

ਭਜੁ ਸਾਧ ਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ॥

ਪੰਨਾ ੧੨੨੪

ਹੇ ਭਾਈ ! (ਪਾਪਾਂ ਦੀਆਂ ਪੰਡਾਂ ਦੇ ਕਾਰਨ) ਸੁਭਾਅ ਕਰਕੇ ਇਹ ਜੀਵ ਪਸ਼ੂ, ਪ੍ਰੇਤ, ਊਂਠ, ਖੋਤਾ ਆਦਿਕ ਅਨੇਕਾਂ ਜੂਨਾਂ ਵਿੱਚ ਰੁਲਦਾ ਫਿਰਦਾ ਹੈ । ਹੇ ਨਾਨਕ ! (ਆਖ—ਹੇ ਭਾਈ !) ਸਾਧ ਸੰਗਤਿ ਵਿੱਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ, ਭਾਵ ਗੁਰ-ਗਿਆਨ ਅਨੁਸਾਰ ਆਪਣੇ ਜੀਵਨ ਨੂੰ ਲਿਆਉਣ ਦਾ ਯਤਨ ਕਰ, ਫਿਰ (ਜਮਾਂ ਦੀ) ਰਤਾ ਭਰ ਭੀ ਚੋਟ ਨਹੀਂ ਲੱਗੇਗੀ।  

ਵਿਕਾਰਾਂ ਪਿੱਛੇ ਭੱਜਣਾ, ਠੱਗੀ ਦੇ ਕੰਮ ਕਰਨੇ—ਸਾਰੀ ਉਮਰ ਇਹ ਕੁੱਝ ਕਰਦਿਆਂ ਹੀ ਨਿਕਲ ਜਾਂਦੀ ਹੈ ਜਿਸ ਕਰਕੇ ਆਤਮਿਕ ਸੁਜੱਚਤਾ, ਜ਼ਿੰਦਗੀ ਜਿੳਣ ਦੀ ਜਾਚ, ਨੇਕ ਕਰਮ ਕਰਨੇ ਸਾਰੇ ਹੀ ਛੁੱਟ ਜਾਂਦੇ ਹਨ---ਤੇ ਫਿਰ ਬਾਕੀ ਰਹਿ ਗਈਆਂ ਸੁਭਾਅ ਦੀਆਂ ਵੱਖ ਵੱਖ ਜੂਨਾਂ ---

ਧਾਵਨ ਪਾਵਨ, ਕੂਰ ਕਮਾਵਨ, ਇਹ ਬਿਧਿ ਕਰਤ, ਅਉਧ ਤਨ ਜਾਰੀ॥

ਕਰਮ ਧਰਮ ਸੰਜਮ ਸੁਚ ਨੇਮਾ, ਚੰਚਲ ਸੰਗਿ ਸਗਲ ਬਿਧਿ ਹਾਰੀ॥

ਪਸੁ ਪੰਖੀ ਬਿਰਖ ਅਸਥਾਵਰ, ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ॥

ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ, ਦੀਨਾ ਨਾਥ ਪ੍ਰਾਨਪਤਿ ਸਾਰੀ॥

ਪੰਨਾ ੧੩੮੮

ਜਨੀ ਕਿ ਮਨੁੱਖੀ ਦੀ ਜ਼ਿੰਦਗੀ ਵਿੱਚ ਬਾਕੀ ਰਹਿ ਜਾਂਦੀ ਹੈ ਭਟਕਣਾ, ਤੇ ਅਜੇਹੇ ਨਾ ਸ਼ੁਕਰੇ ਆਦਮੀ ਨੂੰ ਹੀ ਗੁਰਬਾਣੀ ਕੁੱਤਾ ਜਾਂ ਸੁਆਨ ਆਖਦੀ ਹੈ –

ਅੰਮ੍ਰਿਤ ਰਸੁ ਖਾਵਹਿ ਖਾਨ ਪਾਨ॥

ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ॥

ਗਉੜੀ ਮਹਲਾ ੫ ਪੰਨਾ ੧੯੫

(ਹੇ ਭਾਈ !) ਕੁੱਤੇ (ਦੇ ਸੁਭਾਅ ਵਾਲੇ ਮਨੁੱਖ) ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ, ਪਰ ਜਿਸ ਪਰਮਾਤਮਾ ਨੇ (ਇਹ ਸਾਰੇ ਪਦਾਰਥ) ਦਿੱਤੇ ਹੋਏ ਹਨ ਉਸ ਨੂੰ ਜਾਣਦੇ-ਪਛਾਣਦੇ ਭੀ ਨਹੀਂ।

ਹੁਣ ਗੱਲ ਬਿਲਕੁਲ ਸਪੱਸ਼ਟ ਹੈ ਕਿ ਜੇ ਹੁਣ ਇਸ ਨੇ ਕਰਤਾਰ ਵਲੋਂ ਮੂੰਹ ਮੋੜਿਆ ਹੋਇਆ ਹੈ ਤਾਂ ਫਿਰ ਇਹ ਹੁਣ ਹੀ ਕ੍ਰੋੜਾਂ ਜੂਨਾਂ ਭਾਵ ਆਤਮਿਕ ਤਲ਼ `ਤੇ ਸੁਭਾਅ ਕਰਕੇ ਭੋਗ ਰਿਹਾ ਹੈ ---

ਖਾਦਾ ਪੈਨਦਾ ਮੂਕਰਿ ਪਾਇ॥ ਤਿਸ ਨੋ ਜੋਹਹਿ ਦੂਤ ਧਰਮਰਾਇ॥ 1॥

ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ॥ ਕੋਟਿ ਜਨਮ ਭਰਮਹਿ ਬਹੁ ਜੂਨਾ॥

ਗਉੜੀ ਮਹਲਾ ੫ ਪੰਨਾ ੧੯੫

“ਖਾਦਾ ਪੈਨਦਾ ਮੂਕਰਿ ਪਾਇ” ਦਾ ਭਾਵ ਅਰਥ ਹੈ ਸਦਾ-ਚਾਰਕ ਕੀਮਤਾਂ ਤੋਂ ਮੁਨਕਰ ਹੋਣਾ, ‘ਤਿਸ ਨੋ ਜੋਹਿਹ’ ਇਨਸਾਫ਼ ਦੀ ਨਿਗਾਹ ਵਿੱਚ ਹੋਣਾ, ਕਿਉਂਕਿ ਇਹ ਬੇ-ਮੁੱਖ ਹੈ, ਇਸ ਲਈ ਹੈ ਤੇ ਮਨੁੱਖ, ਪਰ ਖ਼ਿਆਲੀ ਪਲਾਅ ਕਰਕੇ ਕ੍ਰੋੜਾਂ ਜੂਨਾਂ ਭੋਗ ਰਿਹਾ ਹੈ।

ਇੱਕ ਬੜੀ ਸੁੰਦਰ ਘਟਨਾ ਪੜ੍ਹੀ ਸੀ ਕਿ ਇੱਕ ਆਦਮੀ ਨੇ ਗਰਮੀਆਂ ਦੀਆਂ ਛੁੱਟੀਆਂ ਕੱਟਣ ਦਾ ਕਿਤੇ ਘਰੋਂ ਬਾਹਰ ਪ੍ਰੋਗਰਾਮ ਬਣਾਇਆ। ਇਸ ਲਈ ਉਸ ਨੇ ਇੱਕ ਹੋਟਲ ਵਾਲ਼ੇ ਨੂੰ ਚਿੱਠੀ ਲਿਖੀ ਕੇ ਅਸੀਂ ਸਾਰਾ ਪਰਵਾਰ ਤੁਹਾਡੇ ਹੋਟਲ ਵਿੱਚ ਕੁੱਝ ਸਮਾਂ ਛੁੱਟੀਆਂ ਕੱਟਣ ਲਈ ਹੋਟਲ ਬੁੱਕ ਕਰਾਉਣਾ ਚਾਹੁੰਦੇ ਹਾਂ। ਪਰ ਸਾਡੀ ਇੱਕ ਸਮੱਸਿਆ ਹੈ ਕਿ ਅਸੀਂ ਆਪਣਾ ਕੁੱਤਾ ਪਿੱਛੇ ਨਹੀਂ ਛੱਡ ਕੇ ਆ ਸਕਦੇ ਕਿਰਪਾ ਕਰਕੇ ਸਾਡੇ ਕੁੱਤੇ ਦੇ ਰਹਿਣ ਦਾ ਵੀ ਪ੍ਰਬੰਧ ਕਰ ਦਿੱਤਾ ਜਾਏ। ਅੱਗੋਂ ਹੋਟਲ ਵਾਲੇ ਨੇ ਬਹੁਤ ਹੀ ਸੁੰਦਰ ਉੱਤਰ ਦਿੱਤਾ ਕਿ ਭਾਈ ਸਾਹਿਬ ਜੀ ਤੁਸੀਂ ਜ਼ਰੂਰ ਸਾਡੇ ਹੋਟਲ ਵਿੱਚ ਆਉ ਤੇ ਆਪਣਾ ਕੁੱਤਾ ਵੀ ਨਾਲ ਲੈ ਕੇ ਆਉ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਹੋਟਲ ਵਾਲਾ ਜੁਆਬ ਦੇਂਦਿਆਂ ਅੱਗੇ ਲਿਖਦਾ ਹੈ, ਭਾਈ ਸਾਹਿਬ ਜੀ ਅੱਜ ਤੀਕ ਕਦੀ ਵੀ ਕਿਸੇ ਕੁੱਤੇ ਨੇ ਸ਼ਰਾਬ ਪੀ ਕੇ ਉੱਲਟੀ ਨਹੀਂ ਕੀਤੀ। ਅੱਜ ਤੀਕ ਕਦੀ ਵੀ ਕਿਸੇ ਕੁੱਤੇ ਨੇ ਹੋਟਲ ਦੇ ਚਿਮਚੇ ਨਹੀਂ ਚੁਰਾਏ। ਵੀਰ ਜੀ ਅੱਜ ਤੀਕ ਕਦੀ ਵੀ ਕਿਸੇ ਕੁੱਤੇ ਨੇ ਹੋਟਲ ਵਿਚੋਂ ਜਾਣ ਲੱਗਿਆਂ ਬਿਸਤਰੇ ਦੀਆਂ ਚਾਦਰਾਂ ਨਾਲ ਆਪਣੀਆਂ ਜੁੱਤੀਆਂ ਨਹੀਂ ਸਾਫ਼ ਕੀਤੀਆਂ। ਵਿਆਂਗਅਤਮਿਕ ਢੰਗ ਨਾਲ ਬੰਦੇ ਨੂੰ ਹੀ ਸਮਝਾਇਆ ਹੈ ਕਿ ਇਹ ਸਾਰੀਆਂ ਇਨਸਾਨੀ ਸੁਭਾਅ ਤੋਂ ਥੱਲੇ ਦੀਆਂ ਹਰਕਤਾਂ ਮਨੁੱਖ ਖ਼ੁਦ ਹੀ ਕਰਦਾ ਹੈ।

ਗੁਰੂ ਰਾਮਦਾਸ ਜੀ ਨੇ ਬੜਾ ਪਿਆਰਾ ਖ਼ਿਆਲ਼ ਦਿੱਤਾ ਹੈ ਕਿ ਜਦੋਂ ਖ਼ੁਦਾ ਦੀ ਯਾਦ ਵਿਸਰ ਜਾਂਦੀ ਹੈ ਤਾਂ ਇਹ ਸੱਪ ਵਰਗੀਆਂ ਜੂਨਾਂ ਵਿੱਚ ਵਿਚਰ ਰਿਹਾ ਹੁੰਦਾ ਹੈ ---

ਹਰਿ ਬਿਸਰਤ ਸਦਾ ਖੁਆਰੀ॥

ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ॥ ਰਹਾਉ॥

ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ॥

ਰਾਗ ਬੈਰਾੜੀ ਮਹਲਾ ੪ ਪੰਨਾ ੭੧੧

ਇੰਜ ਕਹਿ ਲਿਆ ਜਾਏ ਕਿ ਮਨੁੱਖ ਖ਼ੁਦ ਆਪਣਾ ਸੁਭਾਅ ਤਬਦੀਲ ਕਰਨ ਲਈ ਤਿਆਰ ਨਹੀਂ ਹੈ ਇਸ ਲਈ ਇਸ ਨੇ ਮਰਨ ਤੋਂ ਬਆਦ ਵਾਲੀਆਂ ਜੂਨਾਂ ਰੱਖ ਲਈਆਂ ਹਨ। ਹਾਲਾਂ ਕਿ ਕਿਸੇ ਵੀ ਜਨਵਰ ਨੂੰ ਮਾਰੋ, ਉਹ ਮਰਨ ਲਈ ਤਿਆਰ ਨਹੀਂ ਹੈ। ਇਸ ਦਾ ਅਰਥ ਹੈ ਕਿ ਉਹ ਜਨਵਰ ਆਪਣੇ ਤਲ਼ `ਤੇ ਬਹੁਤ ਖੁਸ਼ ਹੈ ਇਹ ਅਸੀਂ ਹੀ ਕਹਿ ਰਹੇ ਹਾਂ ਕਿ ਜੀ ਸਾਡੀ ਜੂਨ ਬਹੁਤ ਵਧੀਆ ਹੈ। ਭਾਰਤ ਵਰਗੇ ਗ਼ਰੀਬ ਮੁਲਕ ਵਿੱਚ ਪੁੱਲ਼ਾਂ ਥੱਲੇ ਜਾਂ ਸੜਕਾਂ ਦੇ ਕਿਨਾਰਿਆਂ ਜਾਂ ਝੁੱਗੀਆਂ ਝੋਂਪੜੀਆਂ ਵਿੱਚ ਰਹਿ ਰਹੇ ਇਨਸਾਨ ਜਿਨ੍ਹਾਂ ਦੇ ਪਾਸ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਹਨ ਪਰ ਦੁਜੇ ਪਾਸੇ ਵਿਕਸਤ ਮੁਲਕਾਂ ਦੇ ਘਰਾਂ ਵਿੱਚ ਰੱਖੇ ਹੋਏ ਜਾਨਵਰਾਂ ਦੀ ਦੇਖ ਭਾਲ ਓਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਜਿਸ ਢੰਗ ਨਾਲ ਇਨਸਾਨ ਰਹਿੰਦੇ ਹਨ। ਮਨੁੱਖ ਖ਼ੁਦ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਜੂਨ, ਸਾਡੇ ਮੁਲਕ ਦੇ ਬੁਨਿਆਦੀ ਸਹੂਲਤਾਂ ਤੋਂ ਪਛੜੇ ਇਨਸਾਨਾਂ ਦੀ ਚੰਗੀ ਹੈ ਜਾਂ ਵਿਕਸਤ ਮੁਲਕਾਂ ਦੇ ਜਾਨਵਰਾਂ ਦੀ ਚੰਗੀ ਹੈ?

ਬਲਾਤਕਾਰ ਵਰਗੀਆਂ ਘਟਨਾਵਾਂ, ਕਿਸੇ ਨਾਲ ਧੱਕਾ ਕਰਨਾ, ਹੱਕ ਮਾਰਨਾ, ਜ਼ਿੰਦਗੀ ਵਿੱਚ ਰੁੱਖਾਂ ਵਾਂਗ ਖੜੇ ਹੀ ਰਹਿ ਜਾਣਾ, ਪੱਥਰ ਦਿੱਲ ਹੋ ਕੇ ਹੰਕਾਰ ਦੀ ਪ੍ਰਾਪਤੀ ਕਰਨੀ, ਬਾਂਦਰ ਵਾਗ ਟਪਸੂਣੀਆਂ ਮਾਰਨੀਆਂ, ਬਿੱਲੀ ਵਾਂਗ ਡਰਪੋਕਾਂ ਵਾਲੀ ਜੂਨ ਭੋਗਣੀ, ਬਿੱਲੀ ਰਸਤਾ ਕੱਟ ਜਾਏ ਥਾਏਂ ਖਲੋਅ ਜਾਣਾ, ਇਸ ਦਾ ਅਰਥ ਹੈ ਬਿੱਲੀ ਮਨੁੱਖ ਨਾਲੋਂ ਸ਼ਕਤੀ-ਸ਼ਾਲੀ ਹੋਈ, ਕਾਂ ਕਾਂ ਕਰਦੇ ਰਹਿਣਾ, ਬਗਲਿਆਂ ਵਾਲੀਆਂ ਸਮਾਧੀਆਂ, ਬਘਿਆੜ-ਚੀਤੇ ਵਾਂਗ ਸ਼ਿਕਾਰ ਦੀ ਭਾਲ ਵਿੱਚ ਰਹਿਣਾ, ਦਾਜ ਦੀ ਖ਼ਾਤਰ ਬੇ-ਗੁਨਾਹ ਨੂੰਹ ਨੂੰ ਸਾੜ ਦੇਣਾ ਇਹ ਸਾਰੀਆਂ ਜੂਨਾਂ ਮਨੁੱਖ ਹੀ ਆਪਣੇ ਜੀਵਨ ਵਿੱਚ ਭੋਗ ਰਿਹਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ

ਫ਼ਰਿਸਤੋਂ ਸੇ ਬਿਹਤਰ ਹੈ ਇਨਸਾਨ ਬਣਨਾ,

ਮਗਰ ਇਸ ਮੇਂ ਪੜਤੀ ਹੈ ਮਿਹਨਤ ਜ਼ਿਆਦਾ।

ਜੂਨਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਵੀ ਰੱਬ ਦੀਆਂ ਹੀ ਬਣਾਈਆਂ ਹੋਈਆਂ ਹਨ। ਪਰ ਜਿਹੜੀਆਂ ਮਾਨਸਿਕ ਤੌਰ `ਤੇ ਅਸੀਂ ਖ਼ੁਦ ਜੂਨਾਂ ਭੋਗ ਰਹੇ ਹਾਂ ਗੱਲ `ਤੇ ਉਹਨਾਂ ਨੂੰ ਸਮਝਣ ਦੀ ਹੈ। ਗਰੁਬਾਣੀ ਨੇ ਇਸ ਜੀਵਨ ਵਿੱਚ ‘ਸਚਿਆਰ ਮਨੁੱਖ’ ਬਣਨ ਦਾ ਸੁਨੇਹਾਂ ਏਸੇ ਲਈ ਦਿੱਤਾ ਹੈ ਕਿ ਮਾੜੀ ਬਿਰਤੀ ਵਾਲੇ ਕਰਮਾਂ ਦਾ ਤਿਆਗ ਕੀਤਾ ਜਾਏ।

ਸਚੁ ਸੁਹਾਵਾ ਕਾਢੀਐ, ਕੂੜੈ ਕੂੜੀ ਸੋਇ॥

ਨਾਨਕ ਵਿਰਲੇ ਜਾਣੀਅਹਿ, ਜਿਨ ਸਚੁ ਪਲੈ ਹੋਇ॥

ਸਲੋਕ ਮ: ੫ ਪੰਨਾ ੧੧੦੦




.