.

“ਦੇਦਾ ਦੇ ਲੈਦੇ ਥਕਿ ਪਾਹਿ”

ਪਰਮਾਤਮਾ ਸਾਰੇ ਜੀਵਾਂ ਨੂੰ ਰਿਜਕ ਦੇ ਰਿਹਾ ਹੈ ਅਤੇ ਜੁਗਾਂ ਜੁਗੰਤਰਾਂ ਤੋਂ ਦਿੰਦਾ ਆ ਰਿਹਾ। ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ ਪਰ ਦੇਣ ਵਾਲਾ ਦਿੰਦਾ ਥੱਕਦਾ ਨਹੀਂ।

“ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰ ਖਾਹੀ ਖਾਹਿ॥”

“ਪਉੜੀ॥ ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰੁ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ (ਪੰਨਾ-257)।

ਪ੍ਰਭੂ ਹਰ ਇੱਕ ਜੀਵ ਨੂੰ ਰਿਜ਼ਕ ਦੇਈ ਜਾਂਦਾ ਹੈ। ਬਲਕਿ ਉਹ ਜੀਵਾਂ ਨੂੰ ਸੰਸਾਰ ਤੇ ਮਗ਼ਰੋਂ ਭੇਜਦਾ ਹੈ ਪਹਿਲਾਂ ਉਨ੍ਹਾਂ ਵਾਸਤੇ ਰਿਜਕ ਦਾ ਪ੍ਰਬੰਧ ਕਰਦਾ ਹੈ।

“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੈ ਕਰਿ ਧਰਿਆ॥ ੧॥ (ਪੰਨਾ 10)। (ਆਗੈ- ਪਹਿਲਾਂ ਹੀ)

ਅਰਥ: ਹੇ ਮਨ! (ਤੇਰੀ ਖਾਤਰ) ਜਿਸ ਆਹਰ ਵਿੱਚ ਪਰਮਾਤਮਾ ਆਪ ਲੱਗਾ ਹੋਇਆ ਹੈ ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫਿਕਰ ਕਰਦਾ ਰਹਿੰਦਾ ਹੈਂ? ਜਿਹੜੇ ਜੀਵ ਪ੍ਰਭੂ ਨੇਂ ਚੱਟਾਨਾਂ ਤੇ ਪੱਥਰਾਂ ਵਿੱਚ ਪੈਦਾ ਕੀਤੇ ਹਨ, ਉਨ੍ਹਾਂ ਦਾ ਭੀ ਰਿਜ਼ਕ ਉਸ ਨੇ (ਉਨ੍ਹਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰੱਖਿਆ ਹੈ।

ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ॥ ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ॥ ੬॥” (ਪੰਨਾ-130)

ਅਰਥ: (ਹੇ ਪ੍ਰਭੂ! ਜੀਵ ਨੂੰ ਪੈਦਾ ਕਰਨ ਤੋਂ) ਪਹਿਲਾਂ ਤੂੰ (ਮਾਂ ਦੇ ਥਣਾਂ ਵਿੱਚ ਉਸ ਦੇ ਵਾਸਤੇ ਦੁੱਧ) ਰਿਜ਼ਕ ਦਾ ਪ੍ਰਬੰਧ ਕਰਦਾ ਹੈਂ, ਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈਂ। ਹੇ ਸੁਆਮੀ! ਤੇਰੇ ਜੇਡਾ ਵੱਡਾ ਹੋਰ ਨਹੀਂ ਹੈ, ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ।

“ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ॥ ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ॥ ੧॥ ਕੁੰਮੀ ਜਲ ਮਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ੍ਹ ਨਾਹੀ॥ ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ॥ ੨॥ (ਪੰਨਾ- 488)।

ਅਰਥ: ਮਾਂ ਦੇ ਪੇਟ ਦੇ ਜਲ ਵਿੱਚ ਉਸ ਪ੍ਰਭੂ ਨੇ ਸਾਡਾ ਦਸ ਸ੍ਰੋਤਾਂ ਵਾਲਾ ਸਰੀਰ ਬਣਾ ਦਿੱਤਾ ਹੈ, ਖੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿੱਚ ਉਹ ਸਾਡੀ ਰੱਖਿਆ ਕਰਦਾ ਹੈ (ਵੇਖ ਹੇ ਮਨ!) ਉਹ ਸਾਡਾ ਮਾਲਕ ਇਹੋ ਜਿਹਾ (ਦਿਆਲ) ਹੈ।

ਕੱਛੂ-ਕੁਮੀਂ ਪਾਣੀ ਵਿੱਚ (ਰਹਿੰਦੀ ਹੈ) ਉਸ ਦੇ ਬੱਚੇ ਬਾਹਰ (ਰੇਤੇ ਉਤੇ ਰਹਿੰਦੇ ਹਨ) ਨਾਹ (ਬਚਿਆਂ ਨੂੰ) ਖੰਭ ਹਨ (ਕਿ ਉਡ ਕੇ ਕੁੱਝ ਖਾ ਲੈਣ) ਨਾਹ (ਕੱਛੂ-ਕੁਮੀਂ ਨੂੰ) ਥਣ (ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ); (ਪਰ ਹੇ ਜਿੰਦੇ!) ਮਨ ਵਿੱਚ ਵਿਚਾਰ ਕੇ ਵੇਖ ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ (ਉਹਨਾਂ ਦੀ ਭੀ ਪਾਲਣਾ ਕਰਦਾ ਹੈ)। (ਨੋਟ: ਕੱਛੂ-ਕੁਮੀਂ ਸਮੁੰਦਰ ਤੋਂ ਦੂਰ ਪੱਥਰਾਂ ਜਾਂ ਰੇਤਾ ਵਿੱਚ ਆਂਡੇ ਦੇ ਕੇ ਉਨ੍ਹਾਂ ਨੂੰ ਪੱਥਰਾਂ ਜਾਂ ਰੇਤਾ ਨਾਲ ਢਕ ਕੇ ਆਪ ਵਾਪਸ ਸਮੁੰਦਰ ਵਿੱਚ ਚਲੀ ਜਾਂਦੀ ਹੈ। ਕੁੰਮੀਂ ਦੇ ਬੱਚੇ ਆਪੇ ਆਂਡਿਆਂ ਚੋਂ ਨਿਕਲ ਕੇ ਸਮੁੰਦਰ ਦਾ ਰੁਖ਼ ਕਰ ਲੈਂਦੇ ਹਨ ਅਤੇ ਆਪਣੇ ਖਾਣ ਦਾ ਪ੍ਰਬੰਧ ਕਰ ਲੈਂਦੇ ਹਨ)।

ਇਸੇ ਤਰ੍ਹਾਂ ਹਰ ਜੀਵ ਦੇ ਰਿਜਕ ਦਾ ਪ੍ਰਬੰਧ ਹੋਈ ਜਾਂਦਾ ਹੈ ਅਤੇ ਜੁਗਾਂ-ਜੁਗੰਤਰਾਂ ਤੋਂ ਹੋਈ ਜਾ ਰਿਹਾ ਹੈ। ਪਰ ਉਸ ਦੇ ਖਜਾਨੇ ਵਿੱਚ ਕੋਈ ਤੋਟ ਨਹੀਂ ਆਈ ਅਤੇ ਨਾ ਹੀ ਆਵੇਗੀ। ਜੀਵ ਜਿੰਨਾ ਮਰਜੀ ਖਾਈ ਜਾਣ, ਜੀਵ ਖਾਂਦੇ ਖਾਂਦੇ ਥੱਕ ਜਾਣ ਪਰ ਉਹ ਦਿੰਦਾ ਕਦੇ ਥੱਕਦਾ ਨਹੀਂ।

ਹੁਣ ਸਵਾਲ ਉਠਦਾ ਹੈ ਕਿ ਬਹੁਤੇ ਜੀਵ ਆਪਣੇ ਜੀਵਨ ਦੀਆਂ ਬੁਨਿਆਦੀ ਅਤੇ ਮੁਢਲੀਆਂ ਲੋੜਾਂ ਨੂੰ ਹੀ ਤਰਸਦੇ ਮਰ ਜਾਂਦੇ ਹਨ। ਮੰਗਣ ਤੇ ਉਹ (ਦਾਤਾਰ) ਕਿਸੇ ਗ਼ਰੀਬ ਬਿਮਾਰ ਨੂੰ ਦਵਾਈ ਵਾਸਤੇ ਪੈਸਾ ਵੀ ਨਹੀਂ ਦਿੰਦਾ। ਫਿਰ ਇਹ ਦੇਣ ਵਾਲਾ ਉਨ੍ਹਾਂ ਨੂੰ ਕੀ ਅਤੇ ਕਿਵੇਂ ਦਿੰਦਾ ਹੈ?

ਆਪਾਂ ਦੇਖਦੇ ਹਾਂ ਕਿ ਦੁਨੀਆਂ ਤੇ ਕਈ ਜੀਵ ਐਸੇ ਥਾਂ ਜਨਮ ਲੈਂਦੇ ਹਨ ਕਿ ਸਾਰੀ ਉਮਰ ਸੁਖ ਦੀ ਜਿੰਦਗ਼ੀ ਬਸਰ ਕਰਦੇ ਹਨ ਅਤੇ ਕਈ ਐਸੇ ਥਾਂ ਜਨਮ ਲੈਂਦੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਅਤੇ ਉਹ ਸਾਰੀ ਉਮਰ ਦੁਖ ਹੀ ਭੋਗਦੇ ਹਨ। ਐਸਾ ਕਿਉਂ ਹੁੰਦਾ ਹੈ?

ਜੀਵ ਨੂੰ ਸੁਖ ਦੁਖ ਪ੍ਰਭੂ ਦੇ ਭਾਣੇ ਵਿੱਚ ਹੀ ਮਿਲਦੇ ਹਨ।

“ਸੁਖ ਦੁਖ ਭਾਣੇ ਤਿਸੈ ਰਜਾਇ॥” (ਪੰਨਾ- 223)।

“ਸੁਖ ਦੁਖ ਤੇਰੈ ਭਾਣੈ ਹੋਵੈ ਕਿਸੁ ਥੈ ਜਾਇ ਰੁਆਈਐ॥” (ਪੰਨਾ-418)।

“ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਲਿਆ॥” (ਪੰਨਾ-125)।

ਸੁਖ ਦੁਖ ਪ੍ਰਭੂ ਦੇ ਭਾਣੇ ਵਿੱਚ ਜੀਵ ਨੂੰ ਮਿਲਦੇ ਹਨ। ਕਿਸੇ ਨੂੰ ਦੁਖ ਤੇ ਕਿਸੇ ਨੂੰ ਸੁਖ ਦੇਈ ਜਾਂਦਾ ਹੈ। ਤਾਂ ਕੀ ਉਹ ਜੀਵਾਂ ਨਾਲ ਵਿਤਕਰਾ ਕਰਦਾ ਹੈ?

ਨਹੀਂ, ਉਸ ਦਾ ਨਿਆਉਂ ਸੱਚਾ ਹੈ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਪ੍ਰਭੂ ਦੇ ਹੁਕਮ ਵਿੱਚ ਜੀਵ ਸੁਖ ਦੁਖ ਆਪਣੇ ਹੀ ਕੀਤੇ ਕਰਮਾਂ ਕਰਕੇ ਭੋਗਦਾ ਹੈ।

“ਰਾਮ ਨਾਮੁ ਗੁਰ ਬਚਨੀ ਬੋਲਹੁ॥ ਸੰਤ ਸਭਾ ਮਹਿ ਇਹੁ ਰਸੁ ਟੋਲਹੁ॥ ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ॥ ੪॥ …ਸਾਕਤ ਕੂੜ ਕਪਟ ਮਹਿ ਟੇਕਾ॥ ਅਹਿਨਿਸਿ ਨਿੰਦਾ ਕਰਹਿ ਅਨੇਕਾ॥ ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ॥ ੯॥ ਸਾਕਤ ਜਮ ਕੀ ਕਾਣਿ ਨ ਚੂਕੈ॥ ਜਮ ਕਾ ਡੰਡੁ ਨ ਕਬਹੂ ਮੂਕੈਬਾਕੀ ਧਰਮਰਾਇ ਕੀ ਲੀਜੈ ਸਿਰਿ ਅਪਰਿਓ ਭਾਰੁ ਅਪਾਰਾ ਹੇ॥ ੧੦॥ ਬਿਨੁ ਗੁਰ ਸਾਕਤ ਕਹਹੁ ਕੋ ਤਰਿਆ॥ ਹਉਮੈ ਕਰਤਾ ਭਵਜਲਿ ਪਰਿਆ॥ ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ॥ ੧੧॥ ਗੁਰ ਤੇ ਭੂਲੇ ਆਵਹੁ ਜਾਵਹੁਜਨਮਿ ਮਰਹੁ ਫੁਨਿ ਪਾਪ ਕਮਾਵਹੁ॥ ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ॥ ੧੨॥ ਸੁਖੁ ਦੁਖੁ ਪੂਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸੁ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ॥ ੧੨॥ (ਪੰਨਾ 1030)।

ਸੋ ਪ੍ਰਭੂ ਨੂੰ ਚੇਤੇ ਰੱਖਣ ਵਾਲੇ ਦਾ ਜਨਮ ਮਰਨ ਦਾ ਗੇੜਾ ਮੁੱਕ ਜਾਂਦਾ ਹੈ ਉਹ ਮੁੜ ਗਰਭ ਜੂਨਾਂ ਵਿੱਚ ਨਹੀਂ ਪੈਂਦਾ। ਪਰ ਮਾਇਆ ਵੇੜ੍ਹਿਆ ਬੰਦਾ ਪ੍ਰਭੂ ਦਾ ਨਾਮ ਨਹੀਂ ਸਿਮਰਦਾ ਪਰਾਈ ਨਿੰਦਾ ਕਰਦਾ ਰਹਿੰਦਾ ਹੈ ਅਤੇ ਇਸ ਕਾਰਨ ਅਨੇਕਾਂ ਜੂਨਾਂ ਵਿੱਚ ਜੰਮਦਾ ਮਰਦਾ ਰਹਿੰਦਾ ਹੈ। ਅਨੇਕਾਂ ਜੂਨਾਂ ਵਿੱਚ ਜੰਮਦੇ ਮਰਦੇ ਰਹਿਣਾ ਇਹੀ ਹੈ ਜਮ ਦਾ ਡੰਡਾ। ਕਈ ਜੀਵਾਂ ਦੀਆਂ ਬੁਨਿਆਦੀ ਅਤੇ ਮੁਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ। ਇਹੀ ਹੈ ਧਰਮਰਾਇ ਦੀ ਬਾਕੀ ਜੋ ਕਿ ਨਾ ਇਹ ਮੁਕਦੀ ਹੈ ਅਤੇ ਨਾ ਬੰਦਾ ਸੁਖੀ ਹੁੰਦਾ ਹੈ। ਹੋਰ ਕੋਈ ਧਰਮਰਾਜ ਜਾਂ ਜਮ ਕੋਈ ਵੱਖਰੇ ਕਿਸੇ ਹੋਰ ਧਰਤੀ ਤੇ ਡਰਾਉਣੀਆਂ ਸ਼ਕਲਾਂ ਵਾਲੇ ਨਹੀਂ। ਪਿਛਲੇ ਜਨਮ ਦੇ ਕੀਤੇ ਕਰਮਾਂ ਕਰਕੇ ਜੀਵ ਦੀ ਸਾਰੀ ਉਮਰ ਰੋਂਦਿਆਂ ਕੁਰਲਾਉਂਦਿਆ ਨਿਕਲ ਜਾਂਦੀ ਹੈ ਕੋਈ ਸੁਖ ਦਾ ਸਾਹ ਨਹੀਂ ਆਉਂਦਾ ਇਹੀ ਹੈ ਗਲ ਵਿੱਚ ਜਮਾਂ ਦੀ ਜੰਜੀਰ, ਕੋਹਲੂ ਵਿੱਚ ਪੀੜੇ ਜਾਣਾ। ਪਹਿਲਾਂ ਕਦੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ ਭੀੜ ਪਈ ਤੋਂ ਰਾਮ ਦਾ ਨਾਮ ਚਿਤਾਰਦਾ ਹੈ, ਪਰ ਉਸ ਵੇਲੇ (ਗ਼ਰੀਬੀ, ਭੁਖ-ਮਰੀ ਦੀ ਜ਼ਿੰਦਗ਼ੀ ਵਿੱਚ) ਉਸ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਆਪਣੇ ਕੀਤੇ ਕਰਮਾਂ ਦਾ ਫ਼ਲ ਇਸ ਨੂੰ ਭੁਗਤਣਾ ਹੀ ਪੈਣਾ ਹੈ।

ਸੋ ਸੁਖ ਦੁਖ ਬੰਦੇ ਦੇ ਆਪਣੇ ਕੀਤੇ ਕਰਮਾਂ ਦੇ ਹਨ। ਆਪਣੇ ਕੀਤੇ ਕਰਮਾਂ ਕਰਕੇ ਕੋਈ ਬਾਦਸ਼ਾਹਾਂ ਵਾਲੀ ਜਿੰਦਗ਼ੀ ਬਸਰ ਕਰਦਾ ਹੈ ਅਤੇ ਕੋਈ ਸਾਰੀ ਉਮਰ ਦੁਖ ਭੋਗਦਾ ਹੈ।

“ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ॥ ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ॥ ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ॥ ਸਭਿ ਇਕੋ ਸਬਦੁ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮੁ ਧਿਆਇਆ ਜੀਉ॥ ੪॥ (ਪੰਨਾ-173)।

ਪ੍ਰਭੂ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਸਾਰੇ ਜੀਵਾਂ ਦੀ ਦੇਖ-ਭਾਲ ਕਰਦਾ ਹੈ। (ਪਰ) ਕਈਆਂ ਨੂੰ ਏਨਾ ਦਿੰਦਾ ਹੈ ਕਿ ਜਿੰਨਾ ਮਰਜੀ ਖਾਈ ਜਾਣ ਵਰਤੀ ਜਾਣ, ਕਦੇ ਕਮੀ ਹੀ ਨਹੀਂ ਆਉਂਦੀ ਅਤੇ ਕਈ ਐਸੇ ਹਨ ਜੇਹੜੇ ਹਰ ਵੇਲੇ ਭੁਖ-ਮਰੀ ਦੀ ਜਿੰਦਗ਼ੀ ਬਸਰ ਕਰਨ ਲਈ ਮਜਬੂਰ ਹਨ। ਕਈ ਰਾਜਿਆਂ ਮਹਾ ਰਾਜਿਆਂ ਵਾਲੀ ਜਿੰਦਗ਼ੀ ਬਸਰ ਕਰਦੇ ਹਨ ਅਤੇ ਕਈ ਭੀਖ ਮੰਗ ਮੰਗ ਕੇ ਗੁਜ਼ਾਰਾ ਕਰਦੇ ਹਨ।

ਪ੍ਰਭੂ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਸਾਰਿਆਂ ਵਾਸਤੇ ਇਕੋ ਜਿਹਾ ਹੀ ਹੁਕਮ ਵਰਤਦਾ ਹੈ। ਸੁਖ ਦੁਖ ਜੀਵ ਦੇ ਆਪਣੇ ਹੀ ਸਹੇੜੇ ਹੋਏ ਹਨ। ਪ੍ਰਭੂ ਕਿਸੇ ਨਾਲ ਬੇ-ਇਨਸਾਫ਼ੀ ਨਹੀਂ ਕਰਦਾ।

ਕਿਸੇ ਗ਼ਰੀਬ ਦੀਆਂ ਬੁਨਿਆਦੀ ਲੋੜਾਂ ਦੀ ਅਰਦਾਸ ਵੀ ਪ੍ਰਭੂ ਨਹੀਂ ਸੁਣਦਾ, ਐਸਾ ਕਿਉਂ, ਇਸ ਸੰਬੰਧ ਵਿੱਚ ਪ੍ਰੋ: ਸਾਹਿਬ ਸਿੰਘ ਦੇ ਲੇਖ “ਅਰਦਾਸ ਅਰਜੋਈ ਦੀਆਂ ਬਰਕਤਾਂ” - ਕਿਤਾਬ, “ਸਰਬੱਤ ਦਾ ਭਲਾ” ਵਿੱਚੋਂ ਕੁੱਝ ਅੰਸ਼ ਪੇਸ਼ ਹਨ:

“ਸਾਡੇ ਨਿੱਕੇ ਬਾਲ ਸਾਥੋਂ ਕਈ ਵਾਰੀਂ ਆਪਣੀਆਂ ਮਨ-ਭਾਉਂਦੀਆਂ ਸ਼ੈਆਂ ਮੰਗਦੇ ਹਨ। ਕਦੇ ਕਦੇ ਤਾਂ ਅਸੀਂ ਉਨ੍ਹਾਂ ਦੀ ਲੋੜ ਪੂਰੀ ਕਰ ਦਿੰਦੇ ਹਾਂ ਪਰ ਕਦੇ ਕਦੇ ਜਾਣ-ਬੁੱਝ ਕੇ ਚੁੱਪ ਕਰ ਰਹਿੰਦੇ ਹਾਂ, ਤੇ ਉਨ੍ਹਾਂ ਦੇ ਘੜੀ ਮੁੜੀ ਜ਼ਿਦ ਕਰਨ ਤੇ ਵੀ ਅੱਖਾਂ ਮੀਟੀ ਰੱਖਦੇ ਹਾਂ। ਕਈ ਵਾਰੀਂ ਅਸੀਂ ਆਪਣੇ ਕਿਸੇ ਸੁਆਰਥ ਕਾਰਨ, ਕਈ ਵਾਰੀਂ ਆਲਸ ਕਾਰਨ, ਕਈ ਵਾਰੀਂ ਖਰਚ ਤੋਂ ਸੰਕੋਚ ਕਾਰਨ, ਕਈ ਵਾਰੀਂ ਇਹ ਸੋਚਦੇ ਹੋਏ ਕਿ ਇਹ ਚੀਜ ਬੱਚੇ ਦੇ ਭਲੇ ਲਈ ਠੀਕ ਨਹੀਂ, ਜਿਸ ਦੇ ਹਾਨੀ ਲਾਭ ਦਾ ਬੱਚੇ ਨੂੰ ਪਤਾ ਨਹੀਂ ਹੁੰਦਾ, ਆਦਿ ਕਈ ਕਾਰਨਾਂ ਕਰਕੇ ਅਸੀਂ ਬੱਚੇ ਦੀ ਮੰਗ ਪੂਰੀ ਨਹੀਂ ਕਰਦੇ।

ਕਈ ਵਾਰੀਂ ਆਪਣੇ ਆਲਸ ਕਾਰਨ ਬੱਚੇ ਦੀ ਜਾਇਜ਼ ਮੰਗ ਭੀ ਪੂਰੀ ਨਹੀਂ ਕਰਦੇ ਅਤੇ ਕਈ ਵਾਰੀਂ ਬੱਚੇ ਦੀ ਜ਼ਿਦ ਕਾਰਨ ਬੱਚੇ ਦੀ ਨਜਾਇਜ਼ ਮੰਗ ਭੀ ਪੂਰੀ ਕਰ ਦਿੰਦੇ ਹਾਂ।

ਪਰ ਪਰਮਾਤਮਾ ਨਾ ਤਾਂ ਸਾਨੂੰ ਉਹ ਪਦਾਰਥ ਦੇਣੋਂ ਸੰਕੋਚ ਕਰਦਾ ਹੈ ਜੋ ਸਾਡੇ ਭਲੇ ਲਈ ਹੁੰਦੇ ਹਨ ਅਤੇ ਨਾ ਹੀ ਸਾਡੇ ਘੜੀ ਮੁੜੀ ਦੇ ਤਰਲੇ ਸੁਣ ਕੇ ਸਾਨੂੰ ਉਹ ਕੁੱਝ ਦੇਣ ਨੂੰ ਤਿਆਰ ਹੁੰਦਾ ਹੈ ਜੋ ਸਾਡੇ ਭਲੇ ਵਾਸਤੇ ਨਹੀਂ ਹੁੰਦੇ।

ਜੇ ਆਪਾਂ ਇਹ ਸੋਚੀਏ ਕਿ ਪਰਮਾਤਮਾ ਆਪੇ ਹੀ ਬਿਨਾ ਮੰਗਿਆਂ ਦੇਈ ਜਾਂਦਾ ਹੈ ਅਤੇ ਮੇਰੇ ਮੰਗਣ ਦਾ ਉਦਮ ਬੇਲੋੜਵਾਂ ਹੈ। ਅਤੇ ਦੂਜੇ ਪਾਸੇ ਜਿਹੜੀ ਸ਼ੈਅ ਪ੍ਰਭੂ ਸਮਝਦਾ ਹੈ ਕਿ ਮੇਰੇ ਲਈ ਮਾੜੀ ਹੈ, ਤੇ ਉਸ ਦੇ ਨਾ ਦੇਣ ਤੇ ਭੀ ਮੈਂ ਮੰਗੀ ਹੀ ਜਾਵਾਂ, ਤਾਂ ਕੀ ਇਸ ਦਾ ਭਾਵ ਇਹ ਨਹੀਂ ਨਿਕਲੇਗਾ ਕਿ ਮੈਂ ਆਪਣੇ ਆਪ ਨੂੰ ਪ੍ਰਭੂ ਨਾਲੋਂ ਵਧੀਕ ਸਿਆਣਾ ਸਮਝ ਰਿਹਾ ਹਾਂ? ਕੀ ਦਾਤਾਰ ਪ੍ਰਭੂ ਇਤਨਾ ਕਮਜ਼ੋਰ-ਦਿਲ ਹੈ ਕਿ ਉਸ ਦੀ ਮਰਜ਼ੀ ਦੇ ਵਿਰੁੱਧ ਭੀ ਉਸ ਨੂੰ ਅੱਕ-ਅਕਾ ਕੇ ਉਸ ਪਾਸੋਂ ਉਹ ਪਦਾਰਥ ਭੀ ਲੈ ਸਕੀਦੇ ਹਨ ਜੋ ਉਹ ਸਾਡੇ ਲਈ ਵਿਗਾੜ ਕਰਨ ਵਾਲੇ ਸਮਝਦਾ ਹੈ? ਸਵਾਲ ਉਠਦਾ ਹੈ ਕਿ ਪ੍ਰਭੂ ਅੱਗੇ ਅਰਦਾਸ ਕਰਨ ਦੀ ਫੇਰ ਲੋੜ ਕੀ ਹੋਈ?

ਪ੍ਰਭੂ ਸਭ ਨੂੰ ਬਿਨਾਂ ਮੰਗਿਆਂ ਸਭ ਦਾਤਾਂ ਦੇਈ ਜਾਂਦਾ ਹੈ। “ਦੇਦਾ ਦੇ ਲੈਂਦੇ ਥਕਿ ਪਾਹ”।

ਪਰ ਮਨੁੱਖ ਉਸ ਦੀਆਂ ਦਾਤਾਂ ਤੇ ਬਖਸ਼ਿਸ਼ਾਂ ਲੈਣ ਲਈ ਉਤਨੇ ਤਿਆਰ ਨਹੀਂ ਹਨ ਜਿਤਨਾ ਉਹ ਦਾਤਾਂ ਦੇਣ ਨੂੰ ਤਤਪਰ ਹੈ।

ਕੋਈ ਦਵਾਈ ਆਪਾਂ ਨੂੰ ਬਹੁਤ ਮਹਿੰਗੇ ਭਾਅ ਮਿਲੀ ਹੋਵੇ, ਆਪਾਂ ਉਸ ਨੂੰ ਬਿਨਾ ਨਾਗਾ, ਦੱਸੇ ਹੋਏ ਸਮੇਂ ਅਨੁਸਾਰ ਲਈ ਜਾਂਦੇ ਹਾਂ। ਸਾਨੂੰ ਯਕੀਨ ਹੁੰਦਾ ਹੈ ਕਿ ਇਸ ਨਾਲ ਮੈਂ ਠੀਕ ਹੋ ਜਾਵਾਂਗਾ। ਇਸ ਦੇ ਉਲਟ ਜੇ ਕੋਈ ਸਾਡਾ ਸੱਜਣ ਮਿੱਤਰ ਮੁਫ਼ਤ ਕੋਈ ਦਵਾਈ ਦੇ ਜਾਵੇ ਤਾਂ ਆਮ ਤੌਰ ਤੇ ਉਹ ਦਵਾਈ ਵਰਤਣ ਦਾ ਆਪਾਂ ਨੂੰ ਧਿਆਨ ਹੀ ਨਹੀਂ ਰਹਿੰਦਾ, ਇੱਕ ਖੂੰਜੇ ਹੀ ਪਈ ਰਹਿ ਜਾਂਦੀ ਹੈ। ਜਾਂ ਉਸ ਦਵਾਈ ਤੇ ਯਕੀਨ ਹੀ ਨਹੀਂ ਬੱਝਦਾ। ਉਸ ਦੀ ਕਦਰ ਹੀ ਨਹੀਂ ਹੁੰਦੀ।

ਪ੍ਰਭੂ ਸਾਡੇ ਨਾਲੋਂ ਜਿਆਦਾ ਸਮਝਦਾ ਹੈ ਕਿ ਸਾਡੀ ਭਲਾਈ ਕਿਸ ਵਿੱਚ ਹੈ। ਪਰ ਸਾਡਾ ਸਤਿਗੁਰੂ ਚਾਹੁੰਦਾ ਹੈ ਕਿ ਜੋ ਬਖਸ਼ਸ਼ਾਂ ਸਾਡਾ ਮਾਲਕ ਪ੍ਰਭੂ ਸਾਡੇ ਤੇ ਨਿੱਤ ਕਰ ਰਿਹਾ ਹੈ ਸਾਡੇ ਹਿਰਦੇ ਵਿੱਚ ਉਨ੍ਹਾਂ ਦੀ ਕੀਮਤ ਪੈਦਾ ਹੋਵੇ। ਕਿਸੇ ਪਦਾਰਥ ਦੀ ਖਾਤਰ ਅਸੀਂ ਪ੍ਰਭੂ ਅੱਗੇ ਅਰਜੋਈ ਕਰਦੇ ਹਾਂ; ਇਸ ਵਾਸਤੇ ਨਹੀਂ ਕਿ ਸਾਡੀ ਅਰਜੋਈ ਦੀ ਪ੍ਰਭੂ ਨੂੰ ਲੋੜ ਹੈ। ਬਲਕਿ ਇਸ ਅਰਜੋਈ ਦੀ ਸਾਨੂੰ ਆਪ ਨੂੰ ਲੋੜ ਹੈ ਕਿ ਕਿਵੇਂ ਉਸ ਦੀ ਬਖਸ਼ੀ ਹੋਈ ਦਾਤ ਦਾ ਪੂਰਾ ਅਨੰਦ ਲੈ ਸਕੀਏ। ਇਸ ਤਰ੍ਹਾਂ ਸਾਨੂੰ ਦੋ ਲਾਭ ਹੁੰਦੇ ਹਨ; ਇੱਕ ਤਾਂ ਦਾਤਾਰ ਦੀ ਬਖਸ਼ਸ਼ ਦੀ ਪ੍ਰਾਪਤੀ ਹੁੰਦੀ ਹੈ, ਦੂਜੇ ਇਸ ਦਾਤ ਦੇ ਮੰਗਣ ਵੇਲੇ ਅਸੀਂ ਆਪਣੇ ਮਨ ਦੀਆਂ ਉਚੀਆਂ ਤਾਕਤਾਂ ਨੂੰ ਵਰਤੋਂ ਵਿੱਚ ਲਿਆਉਂਦੇ ਹਾਂ। ਅਸੀਂ ਉਸ ਅੱਗੇ ਅਰਦਾਸ ਇਸ ਲਈ ਨਹੀਂ ਕਰਦੇ ਕਿ ਉਸ ਨੂੰ ਬਖਸ਼ਸ਼ ਕਰਨ ਲਈ ਪ੍ਰੇਰਿਆ ਜਾਏ। ਕੋਈ ਮੰਗਤਾ ਕਿਸੇ ਦੇ ਬੂਹੇ ਤੇ ਭੀਖ ਮੰਗਣ ਜਾਂਦਾ ਹੈ। ਜੇ ਦੇਣ ਵਾਲਾ ਵਿਅਕਤੀ ਕਿਸੇ ਕਾਰਣ ਮੰਗਤੇ ਨੂੰ ਕੁੱਝ ਨਾ ਦੇਣਾ ਚਾਹੇ ਪਰ ਮੰਗਤੇ ਦੀ ਜਿਦ ਕਾਰਣ ਉਹ ਮੰਗਤੇ ਨੂੰ ਗਲ਼ੋਂ ਲਾਹੁਣ ਲਈ ਉਸ ਦੀ ਮੂੰਹ ਮੰਗੀ ਮੁਰਾਦ ਪੂਰੀ ਕਰ ਦਿੰਦਾ ਹੈ। ਮੰਗਤੇ ਦੀ ਜਿਦ ਪੂਰੀ ਹੋਣ ਤੇ ਕੀ ਮੰਗਤੇ ਅਤੇ ਭੀਖ ਦੇਣ ਵਾਲੇ ਦਾ ਆਪਸ ਵਿੱਚ ਪਿਆਰ ਪੈ ਗਿਆ? ਨਹੀ, ਸਗੋਂ ਦੇਹਾਂ ਦੇ ਦਿਲਾਂ ਵਿੱਚ ਨਫ਼ਰਤ ਵਧ ਗਈ। ਲੈਣ ਵਾਲਾ ਸੋਚਦਾ ਹੈ ਕਿ ਕਿੰਨੇ ਔਖੇ ਹੋ ਕੇ ਚੀਜ ਲੈਣੀ ਪਈ ਅਤੇ ਦੇਣ ਵਾਲਾ ਸੋਚਦਾ ਹੈ ਕਿ ਵਸਤੂ ਲਏ ਬਿਨਾਂ ਮਗ਼ਰੋਂ ਹੀ ਨਹੀਂ ਲਿਹਾ। ਸੋ ਜੇ ਸਾਡਾ ਇਹ ਖਿਆਲ ਬਣਿਆ ਹੋਇਆ ਹੈ ਕਿ ਪਰਮਾਤਮਾ ਤਾਂ ਸਾਨੂੰ ਕੋਈ ਦਾਤ ਬਖਸ਼ਣ ਲਈ ਰਾਜ਼ੀ ਨਹੀਂ ਪਰ ਅਸੀਂ ਮੁੜ ਮੁੜ ਅਰਜੋਈ ਕਰਕੇ ਉਸ ਨੂੰ ਤੰਗ ਕਰਕੇ ਆਪਣੀ ਲੋੜ ਪੂਰੀ ਕਰਨੀ ਹੀ ਹੈ। ਤਾਂ ਕੀ ਇਸ ਤਰ੍ਹਾਂ ਆਪਾਂ ਪਰਮਾਤਮਾ ਨਾਲ ਪਿਆਰ ਪਾ ਸਕਾਂ ਗੇ? ਨਹੀਂ। ਸਾਹਿਬ ਫੁਰਮਾਉਂਦੇ ਹਨ:

“ਇਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥”

ਜੇ ਆਪਾਂ ਸੋਚੀਏ ਕਿ ਪ੍ਰਭੂ ਦੇ ਦਾਤਾਂ ਨਾਂ ਦੇਣ ਵਾਲੇ ਰੁੱਖੇ-ਪਨ ਨੂੰ ਦੂਰ ਕਰਨ ਲਈ ਮੈਂ ਜੀ ਤੋੜ ਜਤਨ ਕਰਨਾ ਹੈ। ਤਾਂ ਕੀ ਇਸ ਤਰ੍ਹਾਂ ਅਰਦਾਸਾਂ ਅਰਜੋਈਆਂ ਕਰਨ ਨਾਲ ਸਾਨੂੰ ਮਨ ਜਾਂ ਆਤਮਾ ਦੀ ਖੁਸ਼ੀ ਮਿਲ ਸਕਦੀ ਹੈ? ਮੰਨ ਲਓ ਕਿ ਸਾਡੀ ਜਿਦ ਕਾਰਨ ਉਹ ਸਾਡੀਆਂ ਮੰਗਾਂ ਪੂਰੀਆਂ ਕਰ ਵੀ ਦਿੰਦਾ ਹੈ ਤਾਂ, ਇਹ ਆਸ ਭੀ ਅਸੀਂ ਕਿਵੇਂ ਕਰ ਸਕਦੇ ਹਾਂ ਕਿ ਜਿਸ ਦਾਤੇ ਨੇਂ ਇਤਨਾ ਤੰਗ ਆ ਕੇ ਖਿਝ ਕੇ ਸਾਨੂੰ ਕੋਈ ਪਦਾਰਥ ਦਿੱਤਾ ਹੋਵੇ ਉਹ ਸਾਡੇ ਨਾਲ ਰਤਾ ਪਿਆਰ ਭੀ ਕਰ ਸਕਦਾ ਹੈ? ਫੁਰਮਾਨ ਹੈ:

“ਬਧਾ ਚਟੀ ਜੇ ਭਰੇ ਨਾ ਗੁਣ ਨਾ ਉਪਕਾਰ॥ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ॥”

ਭਲਾਂ ਜੇ ਇਹ ਮੰਨ ਲਈਏ ਕਿ ਸਾਡੀ ਅਰਜ਼ੋਈ ਨੂੰ ਪ੍ਰਭੂ ਦੇ ਦਰ ਤੋਂ ਇਸ ਤਰ੍ਹਾਂ ਅੱਕ ਅਕਾ ਕੇ ਫ਼ਲ ਲੱਗਦਾ ਹੈ, ਤਾਂ ਭੀ ਅਸੀਂ ਕਿਸ ਤਰ੍ਹਾਂ ਉਸ ਦੇ ਨੇੜੇ ਆ ਸਕਦੇ ਹਾਂ? ਸੋ ਪ੍ਰਭੂ ਦੀ ਰਜ਼ਾ ਨੂੰ ਹੁਲਾਰਾ ਦੇਣ ਲਈ ਸਾਡੀ ਅਰਜੋਈ ਦੀ ਲੋੜ ਨਹੀਂ।

ਪਰ ਇਸ ਦਾ ਇਹ ਵੀ ਭਾਵ ਨਹੀਂ ਕਿ ਪ੍ਰਭੂ ਅੱਗੇ ਅਰਜੋਈ ਕਰਨੀ ਛੱਡ ਦਿੱਤੀ ਜਾਵੇ ਜਾਂ ਇਸ ਉਦਮ ਵਿੱਚ ਮਨ ਨੂੰ ਕੁੱਝ ਢਿੱਲਾ ਛੱਡ ਦਿੱਤਾ ਜਾਵੇ।

ਪ੍ਰਭੂ ਨੇਂ ਸਾਡੇ ਭਲੇ ਲਈ ਆਤਮਕ ਨਿਯਮ ਬੱਧੇ ਹਨ। ਉਹ ਸਮਰੱਥ ਹੈ, ਸਾਡੀ ਅਰਜੋਈ ਤੋਂ ਬਿਨਾ ਬਖਸ਼ਸ਼ ਕਰ ਸਕਦਾ ਹੈ, ਪਰ ਇਸ ਨੂੰ ਉਹ ਸਾਡੇ ਲਈ ਗੁਣਕਾਰੀ ਨਹੀਂ ਸਮਝਦਾ। ਅਰਦਾਸ ਕਰਨੀਂ ਹੈ ਤਾਂ ਕਿ ਉਸ ਦੀ ਬਖਸ਼ਸ਼ ਦਾ ਦਰ ਖੁਲ੍ਹੇ। ਉਸ ਦੀ ਬਖਸ਼ਸ਼ ਹਾਸਲ ਕਰਨ ਲਈ ਉਸ ਤੇ ਯਕੀਨ ਬੱਝਣਾ ਜਰੂਰੀ ਹੈ, ਉਸ ਤੇ ਸ਼ਰਧਾ ਹੋਣੀ ਜਰੂਰੀ ਹੈ, ਕਿ ਉਹ ਸ਼ਰਨ ਪਿਆਂ ਦੇ ਕਾਰਜ ਸਿਰੇ ਚਾੜ੍ਹਦਾ ਹੈ।

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ॥ ਸਤਿਗੁਰ ਤੁਮਰੇ ਕਾਜ ਸਵਾਰੇ॥ (ਪੰਨਾ-201)। ਅਰਥ: ਹੇ ਪਿਆਰੇ ਭਗਤ ਜਨੋਂ! ਆਪਣੇ ਹਿਰਦੇ ਵਿੱਚ ਇਹ ਪੂਰੀ ਸ਼ਰਧਾ ਬਣਾਓ ਕਿ ਸਤਿਗੁਰੁ ਨੇ ਸਾਡੇ ਕਾਰਜ ਸਵਾਰ ਦਿੱਤੇ ਹਨ (ਕਿ ਸਤਿਗੁਰੁ ਸ਼ਰਨ ਪਿਆਂ ਦੇ ਕਾਰਜ ਸਿਰੇ ਚਾੜ੍ਹ ਦੇਂਦਾ ਹੈ)।

ਜਦ ਤਾਈਂ ਮਨੁੱਖ ਦੀ ਅਰਜ਼ੋਈ ਸੱਚੇ ਦਿਲੋਂ ਨਾ ਹੋਵੇ, ਸ਼ਰਧਾ ਨਾਲ ਭਰੀ ਹੋਈ ਨਾ ਹੋਵੇ ਤੇ ਅਥੱਕ ਨਾਂ ਹੋਵੇ, ਤਦ ਤਾਈਂ ਇਸ ਜ਼ਰੂਰੀ ਨਿਯਮ ਦੀ ਪੂਰੀ ਪਾਲਣਾ ਨਾ ਹੋਣ ਕਰਕੇ ਪ੍ਰਭੂ ਦੀ ਬਖਸ਼ਸ਼ ਦਾ ਦਰ ਖੁਲ੍ਹ ਕਹੀਂ ਸਕਦਾ।

ਦਿਲਹੁ ਮੁਹਬਤਿ ਜਿਨ ਸੇਈ ਸਚਿਆ॥ ਜਿਨ ਮਨ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ॥” (ਫਰੀਦ)

ਸਾਡੀ ਭਲਾਈ ਦੀ ਖਾਤਰ ਸਾਡਾ ਸਿਰਜਨ ਵਾਲਾ ਬਖਸ਼ਿੰਦ ਦਾਤਾ ਆਪਣੀ ਬਖਸ਼ਸ਼ ਦਾ ਦਰ ਖੋਲ੍ਹਣ ਵੇਲੇ ਇਸ ਨਿਯਮ ਦਾ ਭੀ ਉਲੰਘਣ ਨਹੀਂ ਕਰਦਾ ਕਿ ਉਸ ਨਾਲ ਦਿਲੋਂ ਮੁਹੱਬਤ ਹੋਵੇ, ਕੇਵਲ ਪਦਾਰਥਾਂ ਦੀ ਪਰਾਪਤੀ ਲਈ ਉਸ ਨਾਲ ਸੰਬੰਧ ਨਾ ਜੋੜਿਆ ਹੋਵੇ। ਸ਼ਰਧਾ-ਭਰੀ ਅਰਜੋਈ ਭਾਵੇਂ ਪ੍ਰਭੂ ਦੀ ਰਜ਼ਾ ਨੂੰ ਪ੍ਰੇਰਦੀ ਨਹੀਂ ਪਰ ਤਾਂ ਭੀ ਉਸ ਦੀ ਬਖਸ਼ਸ਼ ਦਾ ਦਰ ਖੁਲ੍ਹਣ ਲਈ ਅਤਿ ਜਰੂਰੀ ਹੈ।

ਅਰਦਾਸ ਕਰਨ ਵੇਲੇ ਇਹ ਸ਼ਰਧਾ ਹੋਣੀ ਜਰੂਰੀ ਹੈ ਕਿ ਦਾਤਾਰ ਪ੍ਰਭੂ ਕਦੇ ਕਿਸੇ ਜੀਵ ਦਾ ਮਾੜਾ ਨਹੀਂ ਲੋਚਦਾ। ਸ਼ਰਧਾ ਸਾਨੂੰ ਅਰਦਾਸ ਕਰਨ ਵੇਲੇ ਮਨ ਵਿੱਚ ਇਹ ਸ਼ਕ ਨਹੀਂ ਉਠਣ ਦੇਂਦੀ ਕਿ ਪ੍ਰਭੂ ਪਤਾ ਨਹੀਂ ਕਦੋਂ ਤਰੁੱਠੇ? ਪਤਾ ਨਹੀਂ ਤਰੁੱਠੇ ਕਿ ਨਾਹ?

ਸ਼ਰਧਾ ਨਾਲ ਇਹ ਯਕੀਨ ਬੱਝ ਜਾਂਦਾ ਹੈ ਕਿ ਉਸ ਨੇਂ ਜੋ ਨਿਯਮ ਬਣਾਏ ਹਨ ਸਾਡੇ ਆਤਮਕ ਭਲੇ ਲਈ ਬਣਾਏ ਹਨ। ਸੋ ਅਰਦਾਸ ਕਰਨੀਂ ਪ੍ਰਭੂ ਲਈ ਜਰੂਰੀ ਨਹੀਂ ਬਲਕਿ ਸਾਡੇ ਆਪਣੇ ਆਤਮਕ ਜੀਵਨ ਲਈ ਜਰੂਰੀ ਹੈ। ਅਰਦਾਸ ਇੱਕ ਤਰ੍ਹਾਂ ਸਾਡੇ ਆਤਮਕ ਜੀਵਨ ਦੀ ਕਸਰਤ (ਵਰਜਸ਼) ਹੈ।

ਅੱਜ-ਕਲ੍ਹ ਮਨੁੱਖ ਦਾ ਮਨ ਵਧੀਕ ਚੰਚਲ ਹੁੰਦਾ ਜਾ ਰਿਹਾ ਹੈ; ਸ਼ਰਧਾ ਭਾਵ ਘਟ ਰਿਹਾ ਹੈ। ਇਸ ਗੱਲ ਵੱਲ ਰੁਝਾਨ ਵਧ ਰਿਹਾ ਹੈ ਕਿ ਇਹ ਸਾਰੀ ਦੁਨੀਆਂ ਕਿਸੇ ਖ਼ਾਸ ਨਿਯਮਾਂ ਦੇ ਆਸਰੇ ਆਪਣੇ ਆਪ ਬਣੀ ਹੋਈ ਹੈ। ਇਸ ਦਾ ਖ਼ਾਸ ਕਰਤਾ ਕੋਈ ਨਹੀਂ ਹੈ। ਅਤੇ ਹੁਣ ਦੀ ਵਿੱਦਿਆ ਚੰਚਲ ਮਨਾਂ ਨੂੰ ਕਰਤਾਰ ਦੀ ਹੋਂਦ ਤੋਂ ਨਮੁੱਕਰ ਕਰਾਈ ਜਾ ਰਹੀ ਹੈ। ਜੇ ਮਨੁੱਖ ਦੇ ਮਨ ਅੰਦਰ ਇਹ ਯਕੀਨ ਹੀ ਨਾ ਹੋਵੇ ਕਿ ਪ੍ਰਭੂ ਸੱਚ-ਮੁੱਚ ਮੌਜੂਦ ਹੈ ਤਾਂ ਉਸ ਦੀ ਅਰਦਾਸ-ਅਰਜੋਈ ਦਾ ਕੋਈ ਅਰਥ ਹੀ ਨਹੀਂ ਹੋ ਸਕਦਾ, ਨਿਰਾ ਸਮੇਂ ਤੇ ਉਦਮ ਨੂੰ ਵਿਅਰਥ ਗਵਾਉਣ ਵਾਲੀ ਗੱਲ ਹੈ। ਸ੍ਰਿਸ਼ਟੀ ਦੀ ਰਚਨਾ ਵਾਲੇ ਕਿਸੇ ਖ਼ਾਸ ਨਿਯਮਾਂ ਅੱਗੇ ਅਰਜੋਈ ਕਰਨੀ ਇੱਕ ਹਾਸੇ ਵਾਲੀ ਗੱਲ ਹੈ। ਪ੍ਰਭੂ ਅੱਗੇ ਅਰਦਾਸ ਕਰਨ ਵੇਲੇ ਸਭ ਤੋਂ ਪਹਿਲਾਂ ਸਾਡੇ ਧੁਰ ਅੰਦਰ ਇਹ ਨਿਸਚਾ ਹੋਣਾ ਜਰੂਰੀ ਹੈ ਕਿ ਅਸੀਂ ਕਿਸੇ ਹਾਜਰਾ ਹਜੂਰ ਮਾਲਕ ਦੀ ਹਜੂਰੀ ਵਿੱਚ ਖਲੋਣ ਲੱਗੇ ਹਾਂ ਅਤੇ ਉਹ ਸਾਡੀ ਅਰਜੋਈ ਸੁਣ ਰਿਹਾ ਹੈ।

ਇਹ ਠੀਕ ਹੈ ਕਿ ਸਾਡੇ ਮੰਗਣ ਤੋਂ ਬਿਨਾ ਭੀ ਦਾਤਾ ਆਪਣੀਆਂ ਦਾਤਾਂ ਕਰੀ ਜਾ ਰਿਹਾ ਹੈ, ਪਰ ਅਣਮੰਗੀਆਂ ਦਾਤਾਂ ਮਿਲਣ ਕਰਕੇ ਅਸੀਂ ਆਮ ਤੌਰ ਤੇ ਇਹ ਖਿਆਲ ਬਣਾ ਬੈਠਦੇ ਹਾਂ ਕਿ ਸਾਡੇ ਆਪਣੇ ਉਦਮ ਨਾਲ ਹੀ ਸਾਨੂੰ ਸਭ ਕੁੱਝ ਮਿਲ ਰਿਹਾ ਹੈ। ਅਤੇ ਇਹ ਖਿਆਲ ਵੀ ਸਾਨੂੰ ਪ੍ਰਭੂ ਦੀ ਹੋਂਦ ਤੋਂ ਨਮੁੱਕਰ ਕਰਾ ਦਿੰਦਾ ਹੈ।

ਅੱਜ-ਕਲ੍ਹ ਦੀ ਵਿੱਦਿਆ ਅਨੁਸਾਰ ਧੁੱਪ, ਚਾਨਣ, ਭਾਪ, ਬਿਜਲੀ, ਪਾਣੀ ਆਦਿਕ ਵਾਂਗ ਪਰਮਾਤਮਾ ਭੀ ਇੱਕ ਤਾਕਤ ਹੀ ਹੈ, ਜਿਸ ਵਿੱਚ ਪਿਆਰ ਦਾ ਜਜ਼ਬਾ ਨਹੀਂ ਹੈ, ਜੋ ਜੀਆਂ ਦੇ ਦੁੱਖ-ਕਲੇਸ਼ ਦੂਰ ਕਰਨ ਲਈ ਕਿਸੇ ਤਰ੍ਹਾਂ ਦੇ ਤਰਲੇ ਨਾਲ ਭੀ ਪ੍ਰੇਰਿਆ ਨਹੀਂ ਜਾ ਸਕਦਾ, ਅਤੇ ਅਸੀਂ ਕੁਦਰਤ ਦੇ ਬਣ ਚੁੱਕੇ ਨਿਯਮਾਂ ਅਨੁਸਾਰ ਸੁਖ-ਦੁੱਖ ਪਾ ਰਹੇ ਹਾਂ।

ਪ੍ਰਭੂ ਨੇਂ ਖਾਸ ਨਿਯਮ ਤੇ ਤਾਕਤਾਂ ਰਚ ਕੇ ਉਹਨਾਂ ਦੇ ਅਧੀਨ ਸਾਰੀ ਕੁਦਰਤ ਨੂੰ ਬਣਾ ਦਿੱਤਾ ਹੈ। ਆਪਣੇ ਆਪ ਨੂੰ ਉਸ ਨੇਂ ਇਸ ਕੁਦਰਤ ਦੇ ਉਹਲੇ ਰੱਖਿਆ ਹੋਇਆ ਹੈ।

ਦੁਨਿਆਵੀ ਲੋੜਾਂ ਦੇ ਪੂਰੇ ਹੋਣ ਜਾਂ ਨਾ ਹੋਣ ਦੇ ਸੁਆਲ ਨੂੰ ਲਾਂਭੇ ਰੱਖ ਕੇ ਭੀ ਇਸ ਗੱਲ ਦੀ ਬੜੀ ਲੋੜ ਹੈ ਕਿ ਮਨੁੱਖ ਆਪਣੇ ਸਿਰਜਣਹਾਰ ਦੇ ਚਰਨਾਂ ਵਿੱਚ ਅਰਜੋਈ ਕਰਦਾ ਰਹੇ ਜੋ ਕਿ ਆਤਮਾ ਦੀ ਵਰਜਿਸ਼ ਲਈ ਅਤਿ ਜਰੂਰੀ ਹੈ।

ਨਚੋੜ:

ਪ੍ਰਸ਼ਨ: ਪ੍ਰਭੂ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਦੀ ਹਜੂਰੀ ਵਿੱਚ ਅਰਦਾਸ–ਬੇਨਤੀ ਕਰੀਏ?

ਜਵਾਬ: ਇਸ ਵਾਸਤੇ ਕਿ ਉਹ ਸਾਨੂੰ ਪਿਆਰ ਕਰਦਾ ਹੈ ਤੇ ਅਰਦਾਸ ਨੂੰ ਸਾਡੇ ਆਤਮਾ ਲਈ ਬਹੁਤ ਗੁਣਕਾਰੀ ਸਮਝਦਾ ਹੈ” - ਪ੍ਰੋ: ਸਾਹਿਬ ਸਿੰਘ।

(ਨੋਟ- ਪ੍ਰੋ: ਸਾਹਿਬ ਸਿੰਘ ਦੇ ਇਸ ਲੇਖ “ਅਰਦਾਸ ਅਰਜੋਈ ਦੀਆਂ ਬਰਕਤਾਂ” ਨੂੰ ਛੋਟੇ ਰੂਪ ਵਿੱਚ ਕਰਨ ਲੱਗਿਆਂ ਹੋ ਸਕਦਾ ਹੈ ਕੁੱਝ ਗ਼ਲਤੀਆਂ ਰਹਿ ਗਈਆਂ ਹੋਣ ਸੋ ਭੁੱਲ ਚੁੱਕ ਲਈ ਮੁਆਫ਼ੀ ਚਾਹੁੰਦਾ ਹਾਂ)।

ਜਸਬੀਰ ਸਿੰਘ (ਕੈਲਗਰੀ)




.