.

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ (੭੮੪)

ਗਿਆਨੀ ਸੰਤੋਖ ਸਿੰਘ

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਨੇ ਉਪ੍ਰੋਕਤ ਬਚਨ ਆਪਣੇ ਸੁਆਮੀ ਰੱਬ ਜੀ ਬਾਰੇ ਆਖੇ ਹਨ। ਮਹਾਂਰਾਜ ਜੀ ਦਾ ਫੁਰਮਾਨ ਹੈ ਕਿ ਉਹਨਾਂ ਦਾ ਪਿਆਰਾ ਮਾਲਕ ਵਾਹਿਗਰੂ ਕਦੀ ਕੌੜਾ ਬੋਲ ਨਹੀ ਬੋਲਦਾ। ਅਗਲੀ ਤੁਕ:

ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥

ਵਿਚ ਇਹ ਦੱਸਦੇ ਹਨ ਕਿ ਮੈ ਯਾਦ ਕਰ ਕਰਕੇ ਵੀ ਥੱਕ ਗਈ ਹਾਂ ਪਰ ਉਹ ਕਦੀ ਵੀ ਮੈ ਉਸ ਦੇ ਮੁਖ ਤੋਂ ਕੌੜਾ ਬੋਲ ਨਹੀ ਸੁਣਿਆ। ਵਾਰ ਵਾਰ ਗੁਰਬਾਣੀ ਵਿੱਚ ਚੰਗੇ ਬੋਲ ਬੋਲਣ ਤੇ ਮੰਦੇ ਬੋਲ ਬੋਲਣ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੋਈ ਹੈ। ਗੁਰੂ ਨਾਨਕ ਜੀ ਤਾਂ ਵਿੱਚ ਵੀ ਫੁਰਮਾਉਂਦੇ ਹਨ:

ਗੰਢੁ ਪਰੀਤੀ ਮਿਠੇ ਬੋਲ॥ (੧੪੩)

ਅਰਥਾਤ ਸੰਸਾਰ ਨਾਲ਼ ਪ੍ਰੀਤ ਦੀ ਗੰਢ ਮਿਠੇ ਬੋਲਾਂ ਸਦਕਾ ਹੀ ਪੈਂਦੀ ਹੈ। ਦੂਜੇ ਬੰਨੇ:

ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ (੧੫)

ਆਖ ਕੇ, ਫਿੱਕੇ ਬਚਨ ਬੋਲਣ ਉਪ੍ਰੰਤ ਮਨੁਖ ਨੂੰ ਪਛਤਾਉਣਾ ਹੀ ਪੈਂਦਾ ਹੈ, ਵੀ ਦੱਸਿਆ ਹੈ। ਇਸ ਲਈ ਪਿਛੋਂ ਪਛਤਾਵਾ ਕਰਨ ਨਾਲ਼ੋਂ ਪਹਿਲਾਂ ਹੀ ਫਿੱਕਾ ਬੋਲਣ ਤੋਂ ਬਚ ਕੇ, ਮਿਠੇ ਬੋਲ ਬੋਲਣੇ ਮਨੁਖ ਨੂੰ ਸੋਭਾ ਦਿੰਦੇ ਹਨ।

ਇਸ ਪ੍ਰਥਾਇ ਕਿਸੇ ਧਾਰਮਿਕ ਸੋਝੀ ਵਾਲ਼ੇ ਵਿਦਵਾਨ ਦੁਆਰਾ ਰਚਿਤ ਇੱਕ ਦੋਹਰਾ ਵੀ ਇਉਂ ਹੈ:

ਕਊਆ ਕਾਕਉ ਧਨ ਹਰੇ ਕੋਇਲ ਕਾਕਉ ਧਨ ਦੇਤ।

ਮੀਠੇ ਬਚਨ ਸੁਣਾਇਕੇ ਜੱਗ ਅਪਨਾ ਕਰ ਲੇਤ।

ਮਿਠੇ ਬੋਲਾਂ ਤੋਂ ਉਲ਼ਟ ਫਿੱਕਾ ਬੋਲ ਬੋਲਣ ਵਾਲ਼ੇ ਨੂੰ ਤਾਂ ਗੁਰੂ ਨਾਨਕ ਪਾਤਿਸ਼ਾਹ ਜੀ ਨੇ ‘ਆਸਾ ਕੀ ਵਾਰ’ ਵਿੱਚ ਬੜੇ ਵਿਸਥਾਰ ਨਾਲ਼ ਅਜਿਹਾ ਨਾ ਕਰਨ ਲਈ ਤਾੜਨਾ ਕਰਦਿਆਂ ਫੁਰਮਾਇਆ ਹੈ:

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥

ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥

ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਹਿ॥

ਮੂਰਖੁ ਆਖੀਐ ਪਾਣਾ ਲਹੈ ਸਜਾਇ॥ (੪੭੩)

ਮਿਠੇ ਬੋਲਾਂ ਦੀ ਤਾਂ ਸੰਸਾਰ ਵਿੱਚ ਏਨੀ ਕਦਰ ਹੈ ਕਿ ਇੱਕ ਦੁਨਿਆਵੀ ਪ੍ਰੇਮਿਕਾ ਨੂੰ ਵੀ ਮਿਠੇ ਬੋਲ ਬੋਲਣ ਵਾਲ਼ਾ ਮਾਹੀ ਹੀ ਚੰਗਾ ਲੱਗਦਾ ਹੈ। ਉਹ ਕੋਲ਼ੋਂ ਤੁਰਨ ਲੱਗੇ ਮਿੱਠ ਬੋਲੜੇ ਮਾਹੀ ਨੂੰ ਤਰਲੇ ਭਰੇ ਬੋਲਾਂ ਰਾਹੀਂ ਬੈਠਣ ਲਈ ਬੇਨਤੀ ਕਰਦੀ ਹੋਈ ਇਉਂ ਆਖ ਉਠਦੀ ਹੈ:

ਇੱਕ ਪਲ ਬਹੀ ਜਾਣਾ, ਬਹੀ ਜਾਣਾ ਮੇਰੇ ਕੋਲ਼।

ਤੇਰੇ ਮਿਠੜੇ ਓਇ, ਤੇਰੇ ਮਿਠੜੇ ਤਾਂ ਲੱਗਦੇ ਬੋਲ।

ਮਨੁਖ ਦਾ ਸੁਭਾ ਹੈ ਕਿ ਹਰੇਕ ਚੰਗੀ ਗੱਲ, ਚੰਗੀ ਸਿਖਿਆ, ਚੰਗਾ ਅਸੂਲ, ਧਰਮ, ਕੌਮ, ਦੇਸ਼, ਬੋਲੀ, ਸਭਿਆਚਾਰ ਆਦਿ ਵਰਗੀਆਂ, ਮਨੁਖੀ ਸਮਾਜ ਦੀ ਭਲਾਈ ਵਾਸਤੇ ਵਰਤਣ ਵਾਲੀਆਂ ਵਸਤੂਆਂ ਨੂੰ ਵੀ ਆਪਣੇ ਸਵਾਰਥ ਵੱਸ ਹੋ ਕੇ, ਇਹਨਾਂ ਦੀ ਦੁਰਵਰਤੋਂ ਕਰਦਾ ਹੈ। ਆਪਣਾ ਕਾਰਜ ਸਾਧਣ ਲਈ, ਦੂਜਿਆਂ ਨੂੰ ਧੋਖਾ ਦੇਣ ਲਈ ਇਹਨਾਂ ਉਚ ਪਾਏ ਦੀਆਂ ਸਦਾਚਾਰਕ ਚੰਗਿਆਈਆਂ ਦਾ ਵੀ ਦੁਰਉਪਯੋਗ ਕਰਨ ਤੋਂ ਨਹੀ ਟਲ਼ਦਾ। ਏਸੇ ਤਰ੍ਹਾਂ ਇਹ ਮਿਠੇ ਬੋਲਾਂ ਨੂੰ ਵੀ ਦੂਸਰਿਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਵਰਤਦਾ ਹੈ। ਜਿਵੇਂ ਭਲਾਈ ਲਈ ਵਰਤਿਆ ਜ਼ਹਿਰ ਵੀ ਦਵਾਈ ਬਣ ਜਾਂਦਾ ਹੈ ਏਸੇ ਤਰ੍ਹਾਂ ਸਵਾਰਥ ਹਿਤ ਵਰਤਿਆ ਅੰਮ੍ਰਿਤ ਵੀ ਜ਼ਹਿਰ ਸਮਾਨ ਹੋ ਜਾਂਦਾ ਹੈ। ਸੋਹਣੀ ਸੂਰਤ ਅਤੇ ਮਿਠੇ ਬੋਲਾਂ ਦੇ ਜਾਦੂ ਨਾਲ਼ ਹੀ ਮਨੁਖ ਦੂਜੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ, ਉਹਨਾਂ ਦੇ ਧਨ, ਮਾਲ, ਜਾਨ, ਜਜ਼ਬਾਤ ਨਾਲ਼ ਖਿਲਵਾੜ ਕਰਦਾ ਹੈ। ਜਿਸ ਤਰ੍ਹਾਂ ਬਗਲਾ ਮੱਛੀਆਂ ਫੜਨ ਵਾਸਤੇ ਸਮਾਧੀ ਲਾਉਂਦਾ ਹੈ ਪਰ ਕਿਸੇ ਤਰ੍ਹਾਂ ਆਪਣੀ ਅੱਖ ਦੀ ਕਿਸੇ ਟੇਢੀ ਕੋਣ ਰਾਹੀਂ:

ਨਿਤ ਬੈਠਾ ਮਛੀ ਨੋ ਤਾਰ ਲਾਵੈ॥ (੯੬੦)

ਅਨੁਸਾਰ, ਇਸ ਤਾੜ ਵਿੱਚ ਹੀ ਰਹਿੰਦਾ ਹੈ ਕਿ ਕਦੋਂ ਮੱਛੀ ਮੇਰੀ ਮਾਰ ਹੇਠ ਆਵੇ ਤੇ ਮੈ ਦਬੋਚਾਂ। ਜਦੋਂ ਹੀ ਮੱਛੀ ਮਾਰ ਹੇਠ ਆ ਜਾਂਦੀ ਹੈ ਤਾਂ ਫੱਟ ਝਪੱਟਾ ਮਾਰ ਕੇ ਨਿਗਲ਼ ਜਾਂਦਾ ਹੈ। ਏਸੇ ਤਰ੍ਹਾਂ ਹੀ ਵਿਖਾਵੇ ਦੇ ਮਿਠੇ ਬੋਲ ਬੋਲਣ ਵਾਲ਼ਾ ਵੀ ਆਪਣੇ ਚੰਗੇ ਬੋਲਾਂ ਨੂੰ ਹਥਿਆਰ ਵਜੋਂ ਵਰਤ ਕੇ ਦੂਜਿਆਂ ਨੂੰ ਧੋਖਾ ਦਿੰਦਾ ਹੈ। ਦੁਨਿਆਵੀ ਹਿਕਮਤਾਂ ਵਿੱਚ ਕਾਮਯਾਬ ਵਿਅਕਤੀ, ਸੱਜਣ ਨੂੰ ਵੀ ਸਿੱਖ ਇਤਿਹਾਸ ਵਿਚ, ਠੱਗ ਏਸੇ ਕਰਕੇ ਲਿਖਿਆ ਗਿਆ ਹੈ ਕਿ ਉਹ ਆਪਣੇ ਮਿੱਠੇ ਬੋਲ, ਧਰਮ, ਸੇਵਾ, ਨਿਮਰਤਾ, ਭੇਖ ਆਦਿ ਦੀ ਦੁਰਵਰਤੋਂ ਕਰਕੇ, ਰਾਹੀਆਂ ਨੂੰ ਧੋਖਾ ਦੇ ਕੇ ਲੁੱਟਣ ਤੇ ਕੁੱਟਣ ਲਈ ਹੀ ਵਰਤਦਾ ਸੀ। ਉਸਨੂੰ ਤਾਂ ਬਾਬਾ ਨਾਨਕ ਵਰਗਾ ਕਾਬਲ ਵੈਦ ਮਿਲ਼ ਗਿਆ ਜੋ:

ਰੋਗੁ ਦਾਰੂ ਦੋਵੈਂ ਬੁਝੈ ਤ ਵੈਦੁ ਸੁਜਾਣੁ॥ (੧੪੮)

ਦੇ ਮਹਾਂਵਾਕ ਅਨੁਸਾਰ, ਰੋਗ ਤੇ ਦਵਾਈ ਦੋਨਾਂ ਨੂੰ ਜਾਣ ਕੇ, ਉਸਨੂੰ ਸਹੀ ਦਵਾਈ ਦੇ ਕੇ ਸੱਚੇ ਸੱਜਣ ਦੇ ਰੂਪ ਵਿੱਚ ਲੈ ਆਂਦਾ ਅਤੇ ਠੱਗੀ ਤੇ ਕਤਲਾਂ ਵਾਲੀ ਝੂਠੀ ਧਰਮਸਾਲਾ ਨੂੰ ‘ਸਚੀ ਧਰਮਸਾਲ’ ਬਣਾ ਦਿਤਾ। ਉਸਦੀ ਕਾਇਆਂ ਕਲਪ ਕਰਕੇ ਇਸ ਮਰਤਬੇ ਤੇ ਪੁਚਾ ਦਿਤਾ ਜਿਥੋਂ ਉਹ “ਕੇਤੀ ਛੁਟੀ ਨਾਲਿ॥” ਦੇ ਮਹਾਂਵਾਕ ਉਪਰ ਪੂਰਾ ਉਤਰਨ ਦੇ ਯੋਗ ਹੋ ਗਿਆ। ਅਸੀਂ ਕਦੋਂ ਕੁ ਤੱਕ ਅਜਿਹੇ ਮਹਾਂਪੁਰਖ ਦੀ ਉਡੀਕ ਕਰਦੇ ਰਹਾਂਗੇ ਜੋ ਆ ਕੇ ਸਾਨੂੰ ਬੋਲ, ਧਰਮ, ਸੇਵਾ, ਦਾ ਸਹੀ ਗਿਆਨ ਦੇ ਕੇ, ਸਾਡਾ ਉਧਾਰ ਕਰੇਗਾ! ਜਾਂ ਸ਼ਾਇਦ ਅਸੀਂ ਇੰਜ ਹੀ ਤੁਰ ਜਾਵਾਂਗੇ!




.