.

ਸਰੀਰ ਅਤੇ ਜੀਵਾਤਮਾ

ਆਵਾਗਉਣ ਨੂੰ ਨਾ ਮੰਨਣ ਵਾਲੇ ਵਿਦਵਾਨਾਂ ਦਾ ਵਿਚਾਰ ਹੈ ਕਿ ਜੀਵ ਦਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੈ। ਮੌਤ ਹੋ ਜਾਣ ਤੇ ਸਰੀਰ ਨੂੰ ਅੱਗ, ਪਾਣੀ ਜਾਂ ਮਿੱਟੀ ਆਦਿ ਦੇ ਸਪੁਰਦ ਕਰ ਦਿੱਤਾ ਜਾਂਦਾ ਹੈ। ਤੱਤ, ਤੱਤਾਂ ਵਿੱਚ ਮਿਲ ਜਾਂਦੇ ਹਨ। ਪੰਜਾਂ ਤੱਤਾਂ ਤੋਂ ਬਿਨਾਂ ਜਨਮ ਵੇਲੇ ਨਾ ਕੁੱਝ ਬਾਹਰੋਂ ਆਉਂਦਾ ਹੈ ਅਤੇ ਨਾ ਹੀ ਮੌਤ ਹੋ ਜਾਣ ਤੇ ਕੁੱਝ ਬਾਹਰ ਜਾਂਦਾ ਹੈ। ਆਓ ਗੁਰਬਾਣੀ ਦੇ ਚਾਨਣ ਵਿੱਚ ਦੇਖੀਏ ਕਿ ਕੀ ਜੀਵ ਸਿਰਫ਼ ਸਰੀਰ ਹੀ ਹੈ ਜੋ ਕਿ ਪੰਜਾਂ ਤੱਤਾਂ ਤੋਂ ਬਣਿਆ ਹੈ ਜਾਂ ਇਸ ਤੋਂ ਬਿਨਾਂ ਵੀ ਕੁੱਝ ਹੋਰ ਹੈ।

ਪੇਸ਼ ਹਨ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥਾਂ ਸਮੇਤ ਗੁਰਬਾਣੀ ਦੀਆਂ ਕੁੱਝ ਉਦਾਹਰਣਾਂ।

“ਪਵੜੀ॥ ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥ ਮੂਰਖੁ ਭੋਗੇ ਭੋਗੁ ਦੁਖੁ ਸਬਾਇਆ॥ ਸੁਖਹੁ ਉਠੇ ਰੋਗ ਪਾਪ ਕਮਾਇਆ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ॥ ਮੂਰਖ ਗਣਤ ਗਣਾਇ ਝਗੜਾ ਪਾਇਆ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ॥ ੪॥” (ਪੰਨਾ 139)।

ਅਰਥ: ਸਰੀਰ ਅਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿੱਚ) ਇਕੱਠਾ ਕਰ ਦਿੱਤਾ ਹੈ। ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ। (ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ ਜੀਵ ਭੋਗ ਭੋਗਦਾ ਰਹਿੰਦਾ ਹੈ ਜੋ ਸਾਰੇ ਦੁਖਾਂ ਦਾ (ਮੂਲ ਬਣਦਾ) ਹੈ। ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ। (ਭੋਗਾਂ ਦੀ) ਖੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਕਰਕੇ ਜਨਮ ਮਰਨ ਦਾ ਲੰਮਾ ਝਮੇਲਾ ਸਹੇੜ ਲੈਂਦਾ ਹੈ

“ਸਲੋਕ ਮਹਲਾ ੧॥ ਪਹਿਲੈ ਪਿਆਰਿ ਲਗਾ ਥਣ ਦੁਧਿ॥ ਦੂਜੈ ਮਾਇ ਬਾਪ ਕੀ ਸੁਧਿ॥ ਤੀਜੈ ਭਯਾ ਭਾਭੀ ਬੇਬ॥ ਚਉਥੈ ਪਿਆਰਿ ਉਪੰਨੀ ਖੇਡ॥ ਪੰਜਵੈ ਖਾਣ ਪੀਅਣ ਕੀ ਧਾਤੁ॥ ਛਿਵੈ ਕਾਮ ਨ ਪੁਛੈ ਜਾਤਿ॥ ਸਤਵੈ ਸੰਜਿ ਕੀਆ ਘਰ ਵਾਸੁ॥ ਅਠਵੈ ਕ੍ਰੋਧੁ ਹੋਆ ਤਨ ਨਾਸੁ॥ ਨਾਵੈ ਧਉਲੈ ਉਭੇ ਸਾਹ॥ ਦਸਵੈ ਦਧਾ ਹੋਆ ਸੁਆਹ॥ ਗਏ ਸਿਗਿਤ ਪੁਕਾਰੀ ਧਾਹ॥ ਉਡਿਆ ਹੰਸੁ ਦਸਾਏ ਰਾਹ॥ ਆਇਆ ਗਇਆ ਮੁਇਆ ਨਾਉ॥ ਪਿਛੈ ਪਤਲ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ ੨॥” (ਪੰਨਾ 137)।

ਅਰਥ: ……ਨੌਵੇਂ ਹਿੱਸੇ ਵਿੱਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ ਦਮ ਚੜ੍ਹਨ ਲੱਗ ਪੈਂਦਾ ਹੈ), ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।

ਜੋ ਸਾਥੀ (ਮਸਾਣਾਂ ਤੱਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ, ਜੀਵਾਤਮਾ (ਸਰੀਰ ਵਿੱਚੋਂ) ਨਿਕਲ ਕੇ (ਅਗਾਹਾਂ ਦੇ) ਰਾਹ ਪੁੱਛਦਾ ਹੈ।

“ਆਸਾ ਕਬੀਰ ਜੀ: ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ ਘਟ ਫੁਟੈ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥ ੨॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ॥ ੩॥” (ਪੰਨਾ 478)।

ਅਰਥ: ਇਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ ਰੂਪ ਭਾਂਡਾ ਭੱਜਦਾ ਹੈ ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ।

ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ। ਕੇਸ ਖਿਲਾਰ ਕੇ ਵਹੁਟੀ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ

“ਸਲੋਕ ਮ: ੩॥ ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ॥ ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ॥ ਕਾਇਆ ਮਿਟੀ ਅੰਧੁ ਹੈ ਪਵਣੈ ਪੁਛਹੁ ਜਾਇ॥ ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ॥ ਨਾਨਕ ਹੁਕਮੁ ਨਾ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ॥ ੧॥” (ਪੰਨਾ 510)।

ਅਰਥ: ਸਰੀਰ ਅਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ, ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ; ਜਦੋਂ (ਆਖਰ) ਤੁਰਨ ਵੇਲੇ ਇਹ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ ਬੋਲ ਕੇ ਪਾਲਣ ਦਾ ਕੀਹ ਲਾਭ? (ਸਰੀਰ ਤਾਂ ਮਿੱਟੀ ਸਮਝੋ) ਗ੍ਯਾਨਹੀਣ ਹੈ (ਝੂਠ ਬੋਲ ਬੋਲ ਕੇ ਇਸ ਨੂੰ ਪਾਲਿਆਂ ਆਖ਼ਰ ਲੇਖਾ ਜੀਵਾਤਮਾ ਤੋਂ ਹੀ ਮੰਗਿਆ ਜਾਂਦਾ ਹੈ)। ਜੀਵਾਤਮਾ ਨੂੰ ਜੇ ਪੁੱਛੋ (ਕਿ ਇਹ ਸਰੀਰ ਪਾਲਣ ਵਿੱਚ ਹੀ ਕਿਉਂ ਲੱਗਾ ਰਿਹਾ, ਤਾਂ ਇਸ ਦਾ ਉਤਰ ਇਹ ਹੈ ਕਿ) ਮੈਂ ਮਾਇਆ ਦੇ ਮੋਹ ਵਿੱਚ ਫ਼ਸਿਆ ਮੁੜ ਮੁੜ ਜਨਮ ਮਰਣ ਵਿੱਚ ਪਿਆ ਰਿਹਾ; ਹੇ ਨਾਨਕ! ਮੈਂ ਖਸਮ ਦਾ ਹੁਕਮ ਨਾਂਹ ਪਛਾਣਿਆ ਜਿਸ ਦੀ ਬਰਕਤਿ ਨਾਲ ਮੈਂ ਸੱਚੇ ਪ੍ਰਭੂ ਵਿੱਚ ਟਿਕਿਆ ਰਹਿੰਦਾ।

“ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ॥ ੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ॥ ੩॥” (ਪੰਨਾ 654)। (ਸਠੋਰਿ= ਮੂਰਖ ਨੇ)।

ਅਰਥ: ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇੱਕਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ- ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।

ਘਰ ਦੀ (ਬਾਹਰਲੀ) ਦਲੀਜ਼ ਤੱਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤੱਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ ਪਰ ਪਰਲੋਕ ਵਿੱਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।

“ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ॥ ੧॥” (ਪੰਨਾ-1124)।

“ਸੂਹੀ ਕਬੀਰ ਜੀ॥ ਥਰਹਰ ਕੰਪੈ ਬਾਲਾ ਜੀਉ॥ ਨਾ ਜਾਨਉ ਕਿਆ ਕਰਸੀ ਪੀਉ॥ ੧॥ ਰੈਨਿ ਗਈ ਮਤ ਦਿਨੁ ਭੀ ਜਾਇ॥ ਭਵਰ ਗਏ ਬਗ ਬੈਠੇ ਆਇ॥ ੧॥ ਰਹਾਉ॥ ਕਾਚੈ ਕਰਵੈ ਰਹੇ ਨ ਪਾਨੀ॥ ਹੰਸੁ ਚਲਿਆ ਕਾਇਆ ਕੁਮਲਾਨੀ॥ ੨॥” (ਪੰਨਾ 792)।

ਅਰਥ: (ਇਤਨੀ ਉਮਰ ਭਗਤੀ ਤੋਂ ਬਿਨਾ ਲੰਘ ਜਾਣ ਕਰਕੇ ਹੁਣ) ਮੇਰੀ ਅੰਞਾਣ ਜਿੰਦ ਬਹੁਤ ਸਹਿਮੀ ਹੋਈ ਹੈ ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ।

(ਮੇਰੇ) ਕਾਲੇ ਕੇਸ ਚਲੇ ਗਏ ਹਨ (ਉਨ੍ਹਾਂ ਦੇ ਥਾਂ) ਧੋਲੇ ਆ ਗਏ ਹਨ। (ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ। (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ। ਰਹਾਉ।

(ਹੁਣ ਤੱਕ ਬੇ ਪਰਵਾਹੀ ਵਿੱਚ ਖਿਆਲ ਹੀ ਨਹੀਂ ਕੀਤਾ ਕਿ ਇਹ ਸਰੀਰ ਤਾਂ ਕੱਚੇ ਭਾਡੇ ਵਾਂਗ ਹੈ) ਕੱਚੇ ਕੁੱਜੇ ਵਿੱਚ ਪਾਣੀ ਟਿਕਿਆ ਨਹੀਂ ਰਹਿ ਸਕਦਾ (ਸੁਆਸ ਬੀਤਦੇ ਗਏ ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੋਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾ ਸਵਾਰਿਆ।

“ਕਹੈ ਫਰੀਦੁ ਸਹੇਲੀਹੋ ਸਹੁ ਅਲਾਇਸੀ॥ ਹੰਸੁ ਚਲਸੀ ਡੂੰਮਣਾ ਅਹਿ ਤਨੁ ਢੇਰੀ ਥੀਸੀ॥” (ਪੰਨਾ 794)॥ (ਅਲਾਇਸੀ= ਬੁਲਾਏਗਾ, ਸੱਦੇਗਾ, ਸੱਦਾ ਭੇਜੇਗਾ। ਹੰਸੁ= ਜੀਵਆਤਮਾ)।

ਅਰਥ- ਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿੱਚੋਂ ਤੁਰਨ ਲਈ) ਆਵੇਗਾ ਤਾਂ (ਮਾਇਆ ਵਿੱਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜਕੋ ਤੱਕੇ ਕਰਦਾ ਹੋਇਆ (ਇੱਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ।

“ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ॥ ਹੰਸੁ ਚਲੈ ਉਠਿ ਡੁਮਣੋ ਮਾਇਆ ਭੁਲੀ ਆਥਿ॥ ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ॥ ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ॥ ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ॥ ਗੜ ਮੰਦਰ ਮਹਲਾ ਕਹਾਂ ਜਿਉ ਬਾਜੀ ਦੀਬਾਣੁ॥ ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ॥ ਆਪੇ ਚਤੁਰੁ ਸਰੂਪ ਹੈ ਆਪੇ ਜਾਣੁ ਸੁਜਾਣ॥” (ਪੰਨਾ-935)।

ਅਰਥ- (ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ ਪਰ ਮਾਇਆ ਕਿਸੇ ਦੇ ਨਾਲ ਨਾਂਹ ਨਿਭੀ, ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ। ਜੋ ਮਨ ਮਾਇਆ ਵਿੱਚ ਫਸਿਆ ਹੁੰਦਾ ਹੈ ਉਸ ਨੂੰ ਜਮ ਵੱਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), ਮਾਇਆ ਤਾਂ ਇੱਥੇ ਰਹਿ ਗਈ, ਤੇ ਮਾਇਆ ਦੀ ਖਾਤਰ ਕੀਤੇ ਹੋਏ ਅਉਗਣ ਨਾਲ ਤੁਰ ਪੈਂਦੇ ਹਨ …. . ।

“ਪਉੜੀ॥ ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ॥ ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ॥ ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ॥ ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ॥ ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ॥” (ਪੰਨਾ 945)।

ਅਰਥ- ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ……।

“ਕਾਇਆ ਹੰਸ ਪ੍ਰੀਤਿ ਬਹੁ ਧਾਰੀ॥ ਓਹੁ ਜੋਗੀ ਪੁਰਖੁ ਓਹੁ ਸੁੰਦਰਿ ਨਾਰੀ॥ ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ॥” (ਪੰਨਾ-1028)।

ਅਰਥ- ਇਹ ਜੀਵਾਤਮਾ (ਮਾਨੋ) ਇੱਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆ (ਮਾਨੋ) ਇੱਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿੱਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ। ਰੰਗ-ਰਲੀਆਂ ਵਿੱਚ ਮਸਤ ਜੋਗੀ-ਜੀਵਾਤਮਾ ਦਿਨ ਰਾਤ ਕਾਂਇਆ ਨੂੰ ਭੋਗਦਾ ਹੇ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ॥

ਜੀਵਾਤਮਾ ਅਤੇ ਦੇਹੀ (ਸਰੀਰ) ਸਿਰਲੇਖ ਹੇਠ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰੂ ਗ੍ਰੰਥ ਸਾਹਿਬ ਚੋਂ ਦੋ ਉਦਾਹਰਣਾਂ ਦਿੱਤੀਆਂ ਹਨ:

“ਆਸਾ ਮਹਲਾ ੫: ਉਨ ਕੈ ਸੰਗਿ ਤੂ ਕਰਤੀ ਕੇਲ॥ ਉਨ ਕੇ ਸੰਗਿ ਹਮ ਤੁਮ ਸੰਗਿ ਮੇਲ॥ ਉਨ੍ਹ ਕੈ ਸੰਗਿ ਤੁਮ ਸਭੁ ਕੋਊ ਲੋਰੈ॥ ਓਸੁ ਬਿਨਾ ਕੋਊ ਮੁਖੁ ਨਹੀ ਜੋਰੈ॥ ੧॥ ਤੇ ਬੈਰਾਗੀ ਕਹਾ ਸਮਾਏ॥ ਤਿਸੁ ਬਿਨੁ ਤੁਹੀ ਦੁਹੇਰੀ ਰੇ॥ ੧॥ ਰਹਾਉ॥ ਉਨ੍ਹ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ॥ ਉਨ੍ਹ ਕੈ ਸੰਗਿ ਤੂ ਹੋਈ ਹੈ ਜਾਹਰਿ॥ ਉਨ੍ਹ ਕੈ ਸੰਗਿ ਤੂ ਰਖੀ ਪਪੋਲਿ॥ ਓਸੁ ਬਿਨਾ ਤੂੰ ਛੁਟਕੀ ਰੋਲਿ॥ ੨॥ ਉਨ੍ਹ ਕੈ ਸੰਗਿ ਤੇਰਾ ਮਾਨੁ ਮਹਤੁ॥ ਉਨ ਕੈ ਸੰਗਿ ਤੁਮ ਸਾਕੁ ਜਗਤ॥ ਉਨ੍ਹ ਕੈ ਸੰਗਿ ਤੇਰੀ ਸਭ ਬਿਧਿ ਥਾਟੀ॥ ਓਸੁ ਬਿਨਾ ਤੂੰ ਹੋਈ ਹੈ ਮਾਟੀ॥ ੩॥ ਓਹੁ ਬੈਰਾਗੀ ਮਰੈ ਨ ਜਾਇ॥ ਹੁਕਮੇ ਬਾਧਾ ਕਾਰ ਕਮਾਇ॥ ਜੋੜਿ ਵਿਛੋੜੇ ਨਾਨਕ ਥਾਪਿ॥ ਅਪਨੀ ਕੁਦਰਤਿ ਜਣੈ ਆਪਿ॥ ੪॥ (ਪੰਨਾ 390)।

ਭਾਵ- ਜਦੋਂ ਸਰੀਰ ਵਿੱਚ ਜੀਵਾਤਮਾ ਹੁੰਦੀ ਹੈ ਉਸ ਵਕਤ ਹੀ ਇਸ ਦੀ ਪੁੱਛ-ਗਿੱਛ ਹੈ, ਮਾਣ-ਵਡਿਆਈ ਹੈ। ਜੀਵਾਤਮਾ ਨਾਲ ਹੀ ਸਰੀਰ ਦੇ ਨਾਲ ਸਾਕ ਸੰਬੰਧੀ ਰਿਸਤੇਦਾਰ ਹਨ। ਜੀਵਾਤਮਾ ਦੇ ਵਿੱਛੜ ਜਾਣ ਤੇ ਸਰੀਰ ਦੀ ਕੋਈ ਪੁਛ-ਗਿੱਛ ਨਹੀਂ, ਸਿਰਫ਼ ਮਿੱਟੀ ਦੀ ਢੇਰੀ ਹੈ। ਜੀਵਾਤਮਾ ਕਦੇ ਜੰਮਦੀ ਮਰਦੀ ਨਹੀਂ। ਪ੍ਰਭੂ ਦੇ ਹੁਕਮ ਵਿੱਚ ਹੀ ਜੀਵ ਦੁਨੀਆਂ ਤੇ ਆਉਂਦਾ ਹੈ ਅਤੇ ਕਾਰ ਵਿਹਾਰ ਕਰਦਾ ਹੈ। ਇਸ ਸਾਰੀ ਖੇਡ ਬਾਰੇ ਪ੍ਰਭੂ ਆਪ ਹੀ ਜਾਣਦਾ ਹੈ।

2- “ਮਾਰੂ ਮਹਲਾ ੫ ਸੋਲਹਾ: ਸੰਗੀ ਜੋਗੀ ਨਾਰਿ ਲਪਟਾਣੀ॥ ਉਰਝਿ ਰਹੀ ਰੰਗ ਰਸ ਮਾਣੀ॥ ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ॥ ੧॥ ਜੋ ਪਿਰੁ ਕਰੈ ਸੁ ਧਨ ਤਤੁ ਮਾਨੈ॥ ਪਿਰੁ ਧਨਹਿ ਸੀਗਾਰਿ ਰਖੈ ਸਗਾਨੈ॥ ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ॥ ੨॥ ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ॥ ਜੋ ਪਾਵੈ ਸੋ ਆਣਿ ਦਿਖਾਵੈ॥ ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ॥ ੩॥ ਧਨ ਕਰੈ ਬਿਨਉ ਦੋਊ ਕਰ ਜੋਰੈ॥ ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ॥ ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ॥ ੪॥ ਸਗਲੇ ਕਰਮ ਧਰਮ ਜੁਗ ਸਾਧਾ॥ ਬਿਨੁ ਹਰਿ ਰਸੁ ਸੁਖੁ ਤਿਲੁ ਨਹੀ ਲਾਧਾ॥ ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ॥ ੫॥ ਧਨ ਅੰਧੀ ਪਿਰੁ ਚਪਲੁ ਸਿਆਨਾ॥ ਪੰਚ ਤਤੁ ਕਾ ਰਚਨੁ ਰਚਾਨਾ॥ ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ॥ ੬॥ ਧਨ ਕਹੈ ਤੂ ਵਸੁ ਮੈ ਨਾਲੇ॥ ਪ੍ਰਿਅ ਸੁਖਵਾਸੀ ਬਾਲ ਗੁਪਾਲੇ॥ ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ॥ ੭॥ ਪਿਰਿ ਕਹਿਆ ਹਉ ਹੁਕਮੀ ਬੰਦਾ॥ ਓਹੁ ਭਾਰੋ ਠਕੁਰੁ ਜਿਸੁ ਕਾਣਿ ਨ ਛੰਦਾ॥ ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ॥ ੮॥ ਜਉ ਪ੍ਰਿੳ ਬਚਨ ਕਹੇ ਧਨ ਸਾਚੇ॥ ਧਨ ਕਛੂ ਨ ਸਮਝੈ ਚੰਚਲਿ ਕਾਚੇ॥ ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ॥ ੯॥ ਆਈ ਆਗਿਆ ਪਿਰਹੁ ਬੁਲਾਇਆ॥ ਨਾ ਧਨ ਪੁਛੀ ਨ ਮਤਾ ਪਕਾਇਆ॥ ਊਠਿ ਸਿਧਾਇਓ ਛੁਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ੇ॥ ੧੦॥ (ਪੰਨਾ 1072)।

ਭਾਵ: ਜੀਵਾਤਮਾ ਮਾਨੋਂ ਵਿਰਕਤ ਜੋਗੀ ਹੈ। ਕਾਇਆਂ ਇਸਤਰੀ ਨਾਲ ਜਦੋਂ ਇਸ ਦਾ ਸਾਥ ਬਣ ਜਾਂਦਾ ਹੈ ਤਾਂ ਇਹ ਉਸ ਨੂੰ ਆਪਣੇ ਮੋਹ ਵਿੱਚ ਫ਼ਸਾਈ ਰੱਖਦੀ ਹੈ। ਸਰੀਰ ਅਤੇ ਜੀਵਾਤਮਾ ਰਲ ਕੇ ਦੁਨੀਆਂ ਦੇ ਭੋਗ ਬਿਲਾਸ ਮਾਣਦੇ ਰਹਿੰਦੇ ਹਨ। ਕਾਇਆਂ ਇਸਤ੍ਰੀ ਜੋ ਭੀ ਮੰਗ ਕਰਦੀ ਹੈ ਜੀਵਾਤਮਾ ਪਤੀ ਹਾਸਲ ਕਰਨ ਲਈ ਦੌੜ ਭੱਜ ਕਰਦਾ ਰਹਿੰਦਾ ਹੈ ਪਰ ਪ੍ਰਭੂ ਦੇ ਨਾਮ ਧਨ ਤੋਂ ਬਿਨਾ ਇਸ ਦੀ ਭੁੱਖ ਤ੍ਰੇਹ ਟਿਕੀ ਰਹਿੰਦੀ ਹੈ। ਕਾਇਆ ਇਸਤ੍ਰੀ ਜੀਵਾਤਮਾ ਪਤੀ ਅੱਗੇ ਬੇਨਤੀ ਕਰਦੀ ਹੈ ਕਿ ਮੇਰੇ ਨਾਲ ਇਕਰਾਰ ਕਰ ਕਿ ਤੂੰ ਮੈਨੂੰ ਛੱਡ ਕੇ ਕਿਤੇ ਨਹੀਂ ਜਾਏਂ ਗਾ ਅਤੇ ਮੇਰੀਆਂ ਲੋੜਾਂ ਪੂਰੀਆਂ ਕਰਦਾ ਰਹੇਂਗਾ। ਪਰ ਅੱਗੋਂ ਜੀਵਾਤਮਾ ਪਤੀ ਕਹਿੰਦਾ ਹੈ ਕਿ ਮੈਂ ਤਾਂ ਮਾਲਕ ਦੇ ਹੁਕਮ ਵਿੱਚ ਤੁਰਨ ਵਾਲਾ ਬੰਦਾ ਹਾਂ, ਜਿਨਾਂ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ ਉਤਨਾ ਚਿਰ ਹੀ ਰਹਿ ਸਕਦਾ ਹਾਂ। ਜਦੋਂ ਸੱਦੇਗਾ ਉਠ ਕੇ ਤੁਰ ਪਵਾਂਗਾ।

ਜਦੋਂ ਪ੍ਰਭੂ ਦਾ ਹੁਕਮ ਆਉਂਦਾ ਹੈ ਜੀਵਾਤਮਾ-ਪਤੀ ਕਾਇਆਂ-ਪਤਨੀਂ ਨੂੰ ਪੁੱਛਦਾ ਵੀ ਨਹੀਂ ਅਤੇ ਨਾਂ ਹੀ ਕੋਈ ਸਲਾਹ ਕਰਦਾ ਹੈ, ਕਾਇਆਂ ਇਸਤ੍ਰੀ ਨੂੰ ਛੁੱਟੜ ਕਰਕੇ ਉਠ ਕੇ ਤੁਰ ਪੈਂਦਾ ਹੈ।

ਸੋ ਗੁਰਬਾਣੀ ਅਨੁਸਾਰ ਮਨੁੱਖ ਸਿਰਫ਼ ਪੰਜਾਂ ਤੱਤਾਂ ਦਾ ਬਣਿਆ ਸਰੀਰ ਹੀ ਨਹੀਂ। ਪ੍ਰਭੂ ਦੇ ਹੁਕਮ ਨਾਲ ਜੀਵਾਤਮਾ ਅਤੇ ਸਰੀਰ ਦਾ ਮੇਲ ਬਣਿਆ ਹੈ। ਜਦੋਂ ਜੀਵਾਤਮਾ ਸਰੀਰ ਦਾ ਸਾਥ ਛੱਡ ਜਾਂਦੀ ਹੈ ਤਾਂ ਸਰੀਰ ਮਿੱਟੀ ਦੀ ਢੇਰੀ ਰਹਿ ਜਾਂਦਾ ਹੈ। ਸਰੀਰ ਖ਼ਤਮ ਹੋ ਜਾਂਦਾ ਹੈ (ਮਿੱਟੀ ਵਿੱਚ ਮਿਲ ਜਾਂਦਾ ਹੈ) ਪਰ ਆਤਮਾ ਕਦੇ ਖ਼ਤਮ ਨਹੀਂ ਹੁੰਦੀ, ਕਦੇ ਜੰਮਦੀ ਮਰਦੀ ਨਹੀਂ, ਪ੍ਰਭੂ ਦੇ ਹੁਕਮ ਨਾਲ ਕੋਈ ਹੋਰ ਸਰੀਰ ਧਾਰ ਕੇ ਜਗਤ ਵਿੱਚ ਆ ਜਾਂਦੀ ਹੈ।

ਆਵਾਗਉਣ ਨੂੰ ਮੰਨਣ ਵਾਲਿਆਂ ਨਾਲ ਇਹ ਗੱਲ ਜੋੜ ਕੇ ਬਦਨਾਮ ਕੀਤਾ ਜਾਂਦਾ ਹੈ ਕਿ ਆਤਮਾ, ਰੂਹਾਂ ਉਪਰ ਅਕਾਸ਼ ਵਿੱਚ ਉਡੀਆਂ ਫਿਰਦੀਆਂ ਹਨ, ਜਿੱਥੇ ਜੀ ਕਰਦਾ ਹੈ ਉਸ ਸਰੀਰ ਵਿੱਚ ਸਮਾ ਜਾਂਦੀਆਂ ਹਨ। ਪਰ ਗੁਰਮਤ ਅਨੁਸਾਰ ਕਾਇਆਂ ਅਤੇ ਜੀਵਾਤਮਾ ਦਾ ਮੇਲ ਪ੍ਰਭੂ ਨੇ ਬਣਾਇਆ ਹੈ। ਜਗਤ ਤੇ ਆ ਕੇ ਸਰੀਰ ਅਤੇ ਜੀਵਾਤਮਾ ਮਾਇਆ ਦੇ ਭੋਗਾਂ ਵਿੱਚ ਫਸ ਕੇ ਅਵਗੁਣ ਕਮਾਂਦੇ ਰਹਿੰਦੇ ਹਨ। ਮੌਤ ਆ ਜਾਣ ਤੇ ਕੁੱਝ ਵੀ ਨਾਲ ਨਹੀਂ ਜਾਂਦਾ। ਸਰੀਰ ਇੱਥੇ ਹੀ ਮਿੱਟੀ ਵਿੱਚ ਰਲ ਜਾਂਦਾ ਹੈ, ਮਨੁੱਖ ਨੇ ਜੋ ਅਵਗੁਣ ਕਮਾਏ ਹੁੰਦੇ ਹਨ ਉਹਨਾਂ ਅਨੁਸਾਰ ਅੱਗੇ ਦੇ ਰਾਹ ਪੈਂਦੀ ਹੈ (ਉਡਿਆ ਹੰਸੁ ਦਸਾਏ ਰਾਹ॥) ਅਰਥਾਤ ਹੋਰ ਸਰੀਰ ਧਾਰ ਲੈਂਦੀ ਹੈ।

ਜਸਬੀਰ ਸਿੰਘ (ਕੈਲਗਰੀ)




.