.

ਸ਼ਰਧਾ ਅਤੇ ਗਿਆਨ

ਅਵਤਾਰ ਸਿੰਘ ਮਿਸ਼ਨਰੀ (510) 432-5827

ਭਾਈ ਕਾਨ੍ਹ ਸਿੰਘ ਨ੍ਹਾਭਾ ਅਤੇ ਭਾਈ ਵੀਰ ਸਿੰਘ ਅਨੁਸਾਰ ਸ਼ਰਧਾ ਸੰਸਕ੍ਰਿਤ ਦਾ ਲਫਜ਼ ਹੈ। ਜਿਸ ਦੇ ਗੁਰਬਾਣੀ ਵਿੱਚ ਪ੍ਰਕਰਣ ਅਨੁਸਾਰ ਅਲੱਗ ਅਲੱਗ ਅਰਥ ਹਨ। ਮਹਾਨ ਕੋਸ਼ ਅਨੁਸਾਰ ਸ਼ਰਧਾ ਦਾ ਅਰਥ ਹੈ ਯਕੀਨ ਅਤੇ ਭਰੋਸਾ। ਭਾਈ ਵੀਰ ਸਿੰਘ ਅਨੁਸਾਰ ਵਿਸ਼ਵਾਸ਼ ਅਤੇ ਪਿਆਰ ਦਾ ਮਿਲਵਾਂ ਭਾਵ ਜਿਸ ਵਿੱਚ ਸਤਿਕਾਰ ਸ਼ਾਮਲ ਹੁੰਦਾ ਹੈ। ਆਓ ਪਹਿਲਾਂ ਗੁਰਬਾਣੀ ਵਿਖੇ ਆਏ ਇਸ ਸ਼ਬਦ ਨੂੰ ਵਾਚੀਏ। ਬਹੁਤ ਪ੍ਰਮਾਣ ਹਨ ਜਿਵੇਂ ਕਿ-

ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ (ਖਿੱਚ) ਹਰਿ ਪਿਆਸ॥ (੧੦) ਅੰਤਰਜਾਮੀ ਪੁਰਖ ਬਿਧਾਤੇ ਸਰਧਾ (ਇਛਾ) ਮਨ ਕੀ ਪੂਰੇ॥ (੧੩) ਮੇਰੀ ਸਰਧਾ (ਇਛਾ) ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ॥ ੧॥ (੯੫) ਸਤਿਗੁਰੁ ਹੋਇ ਦਇਆਲੁ ਤ ਸਰਧਾ (ਪੱਕਾ ਭਰੋਸਾ) ਪੂਰੀਐ॥ (੧੪੯) ਗੁਰ ਸਰਧਾ ਪੂਰਿ (ਇਛਾ) ਅੰਮ੍ਰਿਤੁ ਮੁਖਿ ਪਾਈ ਜੀਉ॥ (੧੭੫) ਪਾਰਬ੍ਰਹਮ ਮੇਰੀ ਸਰਧਾ (ਇਛਾ) ਪੂਰਿ॥ (੨੮੯) ਇਛ ਪੁਨੀ ਸਰਧਾ (ਭਾਵਨਾ) ਸਭ ਪੂਰੀ॥ (੨੮੯) ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ॥ (੩੭੦) ਜੋ ਜੋ ਸੁਨੈ ਪੇਖੈ ਲਾਇ ਸਰਧਾ (ਸਿਦਕ ਧਾਰ ਕੇ) ਤਾ ਕਾ ਜਨਮ ਮਰਨ ਦੁਖੁ ਭਾਗੈ॥ (੩੮੧) ਜਿਨ ਸਰਧਾ (ਪ੍ਰੀਤ) ਰਾਮ ਨਾਮਿ ਲਗੀ ਤਿਨੑ ਦੂਜੈ ਚਿਤੁ ਨ ਲਾਇਆ ਰਾਮ॥ (੪੪੪) ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ (ਚਰਨਾਂ ਦੀ ਪ੍ਰੀਤ) ਹਰਿ ਪਿਆਸ॥ (੪੯੨) ਜੋ ਜਨੁ ਸੁਣੈ ਸਰਧਾ (ਭਾਵਨਾ) ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ॥ ੧॥ (੪੯੩) ਭਗਤ ਜਨਾ ਕਉ ਸਰਧਾ (ਚਰਨਾਂ ਦੀ ਪ੍ਰੀਤ) ਆਪਿ ਹਰਿ ਲਾਈ॥ ਵਿਚੇ ਗ੍ਰਿਹਸਤ ਉਦਾਸ ਰਹਾਈ॥ (੪੯੪) ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ (ਇਛਾ) ਪੂਰਿ ਹਰਿ ਰਾਇਆ॥ (੫੭੩) ਗੁਰਸਿਖ ਮੇਲਿ ਮੇਰੀ ਸਰਧਾ (ਇਛਾ) ਪੂਰੀ ਅਨਦਿਨੁ ਰਾਮ ਗੁਣ ਗਾਏ॥ (੫੭੩) ਹਰਿ ਆਪੇ ਸਰਧਾ (ਪ੍ਰੀਤ) ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ॥ (੫੭੩) ਜਨ ਨਾਨਕ ਕੀ ਸਰਧਾ (ਸ਼ਰਧਾ-ਭਾਵਨਾ) ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ॥ ੨॥ ੯॥ ੪੦॥ (੬੮੧) ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ (ਪ੍ਰੀਤ) ਲਾਇ ਮੁਖਿ ਧੂੜਾ॥ (੬੯੮) ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ (ਪ੍ਰੀਤ) ਲਾਇਹਿ॥ ੨॥ (੭੪੯) ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ (ਭਾਵਨਾ) ਸੇਜ ਵਿਛਾਈ॥ (੭੭੭) ਗੁਰ ਚਰਣੀ ਇੱਕ ਸਰਧਾ (ਪ੍ਰੀਤ) ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ॥ ੪॥ (੮੩੪) ਹਰਿ ਹਰਿ ਸਰਧਾ ਸੇਜ (ਵਿਸ਼ਵਾਸ਼ ਭਾਵਨਾ) ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ॥ ੬॥ (੮੩੬) ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ (ਤੀਬਰ ਤਾਂਘ) ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ (ਪ੍ਰੀਤ) ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ॥ (੮੫੩) ਨਾਨਕ ਕੀ ਪ੍ਰਭ ਸਰਧਾ (ਇਛਾ) ਪੂਰਿ॥ ੪॥ ੨੨॥ ੩੩॥ (੮੯੩) ਸਰਧਾ (ਪ੍ਰੀਤ) ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ॥ (੯੨੮) ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ ਮਨਿ ਸਰਧਾ (ਤਾਂਘ ਲੱਗੀ ਰਹਿੰਦੀ ਹੈ) ਕਰਿ ਹਰਿ ਧਾਰੇ॥ (੯੮੨) ਮੇਰੇ ਪ੍ਰਭਿ ਸਰਧਾ ਭਗਤਿ (ਭਗਤੀ ਭਾਵਨਾ) ਮਨਿ ਭਾਵੈ ਜਨ ਕੀ ਪੈਜ ਸਵਾਰੇ॥ ੧॥ (੯੮੨) ਸਤਿਗੁਰ ਕੀ ਨਿਤ ਸਰਧਾ (ਪ੍ਰੀਤ) ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ॥ ੧॥ (੯੮੨) ਸਰਧਾ ਸਰਧਾ ਉਪਾਇ (ਭਾਵਨਾ ਪੈਦਾ ਕਰਕੇ) ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ॥ ੬॥ (੯੮੩) ਮਿਲਿ ਸੰਗਤਿ ਸਰਧਾ (ਪ੍ਰੀਤ) ਊਪਜੈ ਗੁਰ ਸਬਦੀ ਹਰਿ ਰਸੁ ਚਾਖੁ॥ (੯੯੭) ਸੁਖ ਸੀਤਲ ਸਰਧਾ (ਇਛਾ) ਸਭ ਪੂਰੀ ਹੋਏ ਸੰਤ ਸਹਾਈ॥ (੧੦੦੦) ਚੀਤਿ ਆਵੈ ਤਾਂ ਸਰਧਾ (ਇਛਾ) ਪੂਰੀ॥ (੧੧੪੧) ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ (ਵਿਸ਼ਵਾਸ਼) ਮਿਲਿਆ ਗੁਰਮੁਖਿ ਹਰਿ ਮਿਲਿਆ॥ (੧੨੦੧) ਗਾਵਤ ਸੁਨਤ ਸੁਨਾਵਤ ਸਰਧਾ (ਪ੍ਰੀਤ ਭਾਵਨਾ) ਹਰਿ ਰਸੁ ਪੀ ਵਡਭਾਗੇ॥ (੧੨੦੬) ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ ਮੈ ਸਰਧਾ (ਪ੍ਰੀਤ) ਨਾਮਿ ਲਗਾਵੈਗੋ॥ (੧੩੧੦)

ਉਪ੍ਰੋਕਤ ਸਾਰੇ ਪ੍ਰਮਾਣਾਂ ਵਿੱਚ ਸੱਚੀ ਸੁੱਚੀ ਗਿਆਨਮਈ ਸ਼ਰਧਾ ਦੀ ਗੱਲ ਕੀਤੀ ਗਈ ਹੈ ਨਾਂ ਕਿ ਗੂੰਗੀ ਬੋਲੀ ਅੰਨ੍ਹੀ ਅਤੇ ਫੋਕਟ ਸ਼ਰਧਾ ਦੀ। ਗੁਰਬਾਣੀ ਸੱਚੇ ਸੁੱਚੇ ਗਿਆਨ ਅਤੇ ਅਕਲ (ਬਿਬੇਕ ਬੁੱਧੀ) ਦੀ ਸਿਖਿਆ ਦਿੰਦੀ ਹੈ-ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਹ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕ ਆਖੈ ਰਾਹੁ ਇਹੁ ਹੋਰਿ ਗਲਾਂ ਸੈਤਾਨ॥ (1245) ਭਾਵ ਗੁਰਬਾਣੀ ਯਥਾਰਥ ਪ੍ਰਚਾਰਦੀ ਹੈ ਨਾਂ ਕਿ ਨਿਰਾਰਥ। ਅਕਾਲ ਪੁਰਖ ਦੇ ਅਟੱਲ ਨਿਯਮਾਂ ਅਨੁਸਾਰ ਹੀ ਗੁਰਮਤਿ ਵਿੱਚ ਸ਼ਰਧਾ ਦੀ ਗੱਲ ਕੀਤੀ ਗਈ ਹੈ। ਫੋਕਟ-ਨਿਰਾਰਥਕ ਕਰਮਾਂ ਅਤੇ ਵਿਸ਼ਵਾਸ਼ਾਂ ਰਾਹੀਂ ਪੈਦਾ ਕੀਤੀ ਕਰਾਈ ਗਈ ਅੰਨ੍ਹੀ ਸ਼ਰਧਾ ਗੁਰਮਤਿ ਗਿਆਨ ਧਿਆਨ ਵਿਸ਼ਵਾਸ਼ ਵਿੱਚ ਪ੍ਰਵਾਨ ਨਹੀਂ। ਹਾਂ ਹਰੇਕ ਧਰਮ ਮਜ਼ਹਬ ਦੇ ਮੰਨਣ ਵਾਲਿਆਂ ਦੀ ਸ਼ਰਧਾ ਵੱਖਰੀ-ਵੱਖਰੀ ਹੈ। ਬਹੁਤੇ ਧਰਮ ਅੱਖਾਂ ਮੀਟੀ ਅੰਨ੍ਹੀ ਸ਼ਰਧਾ ਆਪਣੇ ਸ਼ਰਧਾਲੂਆਂ ਤੇ ਜਬਰੀ ਠੋਸਦੇ ਹਨ ਪਰ ਗੁਰਮਤਿ ਦਾ ਸਿਧਾਂਤ ਹੈ-ਗਾਇ ਸੁਨੈ ਆਂਖੇਂ ਮੀਚੈਂ ਪਾਈਐ ਨ ਪਰਮਪਦ, ਗੁਿਰ ਉਪਦੇਸ਼ਿ ਗਹਿ ਜੌ ਲੌ ਨ ਕਮਾਈਐ॥ (ਭਾ. ਗੁ) ਅੰਨ੍ਹੀ ਸ਼ਰਧਾ ਕਹਿੰਦੀ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਪੂਜ ਕੇ ਰੱਬ ਪਾਇਆ ਸੀ ਪਰ ਭਗਤ ਧੰਨਾ ਜੀ ਖੁਦ ਗਿਆਨਮਈ ਸ਼ਰਧਾ ਨਾਲ ਦਰਸਾਉਂਦੇ ਹਨ ਕਿ-ਧੰਨੇ ਧੰਨ ਪਾਇਆ ਧਰਨੀਧਰ (ਧਰਤੀ ਦਾ ਆਸਰਾ ਪ੍ਰਮਾਤਮਾਂ) ਮਿਲਿ ਜਨ ਸੰਤ ਸੰਮਾਨਿਆਂ॥ (487) ਗੁਰੂ ਅਰਜਨ ਦੇਵ ਜੀ ਵੀ ਭਗਤ ਧੰਨਾ ਜੀ ਬਾਰੇ ਖੁਦ ਫੁਰਮਾਂਦੇ ਹਨ-ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ 1॥ ਰਹਾਉ॥ ਬੁਣਨਾ ਤਣਨਾ ਤਿਆਗ ਕੈ ਪ੍ਰੀਤਿ ਚਰਨ ਕਬੀਰਾ॥ ਨੀਚਕੁਲਾ ਜੋਲਾਹਰੋ ਭਇਓ ਗੁਨੀਯ ਗਹੀਰਾ॥ 1॥ ਰਵਿਦਾਸ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ 2॥ ਸੈਨ ਨਾਈ ਬੁਤਕਾਰੀਆ ਉਹ ਘਰਿ ਘਰਿ ਸੁਣਿਆ॥ ਹਿਰਦੈ ਵਸਿਆ ਪਾਰਬ੍ਰਹਮੁ ਭਗਤਾਂ ਮਹਿ ਗਨਿਆ॥ 3॥ ਇਹ ਬਿਧਿ ਸੁਣ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆਂ ਧੰਨਾ ਵਡਭਾਗਾ॥ 4॥ 2॥ (ਪੰਨਾ 487) ਇਵੇਂ ਹੀ ਭਗਤ ਧੰਨਾ ਜੀ ਵੀ ਭਗਤ ਨਾਮਦੇਵ, ਕਬੀਰ, ਰਵਿਦਾਸ ਅਤੇ ਸੈਣ ਜੀ ਆਦਿਕ ਭਗਤ ਗਿਆਨੀਆਂ ਦੀ ਸੰਗਤ ਕਰਕੇ ਰੱਬੀ ਭਗਤ ਬਣ ਗਿਆ ਨਾਂ ਕਿ ਭਗਤ ਧੰਨਾ ਜੀ ਨੇ ਕਿਸੇ ਬ੍ਰਾਹਮਣ ਕੋਲੋਂ ਪੱਥਰ ਲੈ ਕੇ ਉਸਨੂੰ ਪੂਜਣ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਕੀਤੀ ਸੀ ਪਰ ਅੰਨ੍ਹੀ ਸ਼ਰਧਾ ਵਾਲੇ ਟਕਸਾਲੀ ਅਤੇ ਸੰਪ੍ਰਦਾਈ ਡੇਰੇਦਾਰ ਪੱਥਰ ਪੂਜਾ ਕਰਕੇ ਰੱਬ ਦੀ ਪ੍ਰਾਪਤੀ ਦਸਦੇ ਹਨ। ਅੰਨ੍ਹੀ ਸਰਧਾ ਪਾਣੀ ਤੇ ਪੱਥਰ ਤਾਰਦੀ ਹੈ ਪਰ ਗਿਆਨਮਈ ਸ਼ਰਧਾ ਫੁਰਮਾਂਦੀ ਹੈ ਕਿ-ਕਬੀਰ ਪਾਹਨ ਪਰਮੇਸ਼ਰ ਕੀਆ ਪੂਜੇ ਸਭਿ ਸੰਸਾਰ॥ ਇਸ ਭਵਾਸੈ ਜੋ ਰਹੈ ਬੂਢੇ ਕਾਲੀਧਾਰ॥ (ਕਬੀਰ ਜੀ) ਭਾਵ ਪੱਥਰ ਪੂਜਣ ਵਾਲੇ ਇਉਂ ਭਰਮਾਂ ਦੇ ਪਾਣੀ ਵਿੱਚ ਡੁਬ ਜਾਂਦੇ ਹਨ ਜਿਵੇਂ ਪੱਥਰ ਪਾਣੀ ਵਿੱਚ ਡੁੱਬ ਜਾਂਦਾ ਹੈ।

ਅੰਨ੍ਹੀ ਸ਼ਰਧਾ ਅੰਨ ਵਿੱਚੋਂ ਖੁਨ ਅਤੇ ਦੁੱਧ ਚੁਵਾਉਂਦੀ ਹੈ ਪਰ ਗਿਆਨਮਈ ਸ਼ਰਧਾ ਦਰਸਾਉਂਦੀ ਹੈ ਕਿ ਹੇਰਾ ਫੇਰੀ ਦੀ ਕਮਾਈ ਪਰਾਇਆ ਹੱਕ ਮਾਰਨਾ ਹੀ ਤੇਰੇ ਮ੍ਹਾਲ ਪੂੜਿਆਂ ਵਿੱਚ ਗਰੀਬਾਂ ਦਾ ਖੂਨ ਹੈ। ਅੰਨ੍ਹੀ ਸ਼ਰਧਾ ਲੋਕ ਦਿਖਾਵੇ ਲਈ ਪ੍ਰਲੋਕ ਸਿਧਾਰ ਚੁੱਕੇ ਪਿਤਰਾਂ ਨੂੰ ਪਾਣੀ ਦਿੰਦੀ, ਸਰਾਧ ਕਰਾਉਂਦੀ ਅਤੇ ਬ੍ਰਾਹਮਣ ਨੂੰ ਦਾਨ ਕਰਦੀ ਹੈ-ਜੀਵਤ ਪਿਤਰ ਨਾ ਮਾਨੈ ਕੋਊ ਮੂਏ ਸਿਰਾਧ ਕਰਾਈ॥ (332) ਪਰ ਗਿਆਨਮਈ ਸਰਧਾ ਜੀਂਦੇ ਮਾਂ ਬਾਪ ਦੀ ਸੇਵਾ ਕਰਨੀ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਪ੍ਰਤੀਕ ਹੈ। ਅੰਨ੍ਹੀ ਸ਼ਰਧਾ ਕੇਵਲ ਗਿਣਤੀ ਮਿਣਤੀ ਦੇ ਪਾਠ ਕਰਨ ਅਤੇ ਕਰਾਉਂਣ ਤੱਕ ਸੀਮਤ ਹੈ ਪਰ ਗਿਆਨਮਈ ਸ਼ਰਧਾ ਸੋਚ ਸਮਝ ਅਤੇ ਵਿਚਾਰ ਨਾਲ ਪਾਠ ਕਰਨ ਦੀ ਪ੍ਰੇਰਨਾਂ ਦਿੰਦੀ ਹੋਈ ਦਰਸਾਉਂਦੀ ਹੈ ਕਿ-ਪੜ੍ਹਿਐ ਨਾਹੀਂ ਭੇਦੁ ਬੁਝਿਐਂ ਪਾਵਣਾ॥ (148) ਵੇਦਾਂ ਸ਼ਾਸ਼ਤਰਾਂ, ਬ੍ਰਾਹਮਣਾਂ, ਜੋਗੀਆਂ, ਸਾਧਾਂ ਸੰਤਾਂ ਅਤੇ ਡੇਰਾਵਾਦੀ ਸੰਪ੍ਰਦਾਈਆਂ ਉੱਪਰ ਰੱਖੀ ਅੰਨ੍ਹੀ ਸ਼ਰਧਾ ਜਗਤ-ਜਨਨੀ ਔਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਨਹੀਂ ਦਿੰਦੀ ਪਰ ਗੁਰਮਤਿ ਗਿਆਨਮਈ ਸ਼ਰਧਾ ਨਾਲ ਡੰਕੇ ਤੇ ਚੋਟ ਵਜਾਉਂਦੀ ਹੋਈ ਫੁਰਮਾਂਦੀ ਹੈ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ॥ (473) ਜੰਗੇ ਮੈਦਾਨ ਵਿੱਚ ਦੁਸ਼ਮਣ ਦਾ ਮੁਕਬਲਾ ਕਰਨ ਲਈ ਅੰਨ੍ਹੀ ਸ਼ਰਧਾ ਮੰਤ੍ਰ ਜਾਪ ਕਰਦੀ ਹੈ ਪਰ ਗਿਆਨਮਈ ਸ਼ਰਧਾ ਸ਼ਸ਼ਤ੍ਰ ਵਿਦਿਆ, ਬਾਹੂਬਲ ਅਤੇ ਸੂਝ ਬੂਝ ਨਾਲ ਵੈਰੀ ਦਾ ਮੁਕਾਬਲਾ ਕਰਨ ਦਾ ਉਪਦੇਸ਼ ਦਿੰਦੀ ਹੈ। ਅੰਨ੍ਹੀ ਸ਼ਰਧਾ ਪੱਥਰਾਂ, ਦਰੱਖਤਾਂ, ਪਸ਼ੂਆਂ ਪੰਛੀਆਂ ਅਤੇ ਮਨੋ ਕਲਪਿਤ ਦੇਵੀ ਦੇਵਤਿਆਂ ਨੂੰ ਰੱਬ ਮੰਨ ਕੇ ਪੂਜਦੀ ਹੈ ਪਰ ਗਿਆਨਮਈ ਸ਼ਰਧਾ ਨਿਰੰਕਾਰ ਕਰਤਾਰ ਨੂੰ ਹੀ ਰੱਬ ਸਮਝਦੀ ਹੈ। ਅੰਨ੍ਹੀ ਸ਼ਰਧਾ ਮੰਨਦੀ ਹੈ ਕਿ ਬ੍ਰਹਮਾਂ ਜੀਵਾਂ ਨੂੰ ਪੈਦਾ ਕਰਦਾ, ਵਿਸ਼ਨੂੰ ਰਿਜ਼ਕ ਦਿੰਦਾ ਅਤੇ ਸ਼ਿਵਜੀ ਖਤਮ ਕਰਦਾ ਹੈ ਪਰ ਗਿਆਨਮਈ ਸ਼ਰਧਾ ਮੰਨਦੀ ਹੈ ਕਿ ਜੀਵਾਂ ਨੂੰ ਪੈਦਾ ਕਰਨ, ਪਾਲਨ ਅਤੇ ਮਾਰਨ ਵਾਲਾ ਨਿਰੰਕਾਰ ਆਪ ਹੀ ਹੈ। ਅੰਨ੍ਹੀ ਸ਼ਰਧਾ ਸੂਰਜ ਦੇਵਤਾ ਜੋ ਇੱਕ ਅੱਗ ਦਾ ਗੋਲਾ ਹੈ ਨਾਲ ਵਿਸ਼ਵਕਰਮਾਂ ਦੀ ਲੜਕੀ ਦੀ ਸ਼ਾਦੀ ਕਰਾਉਂਦੀ ਹੈ ਜਦ ਕਿ ਗਿਆਨਮਈ ਸ਼ਰਧਾ ਅਨੁਸਾਰ ਐਸਾ ਨਹੀਂ ਹੋ ਸਕਦਾ ਕਿ ਕੋਈ ਔਰਤ ਅੱਗ ਦੇ ਗੋਲੇ ਨਾਲ ਸ਼ਾਦੀ ਕਰਵਾਵੇ। ਜੇ ਕੋਈ ਜਰਵਾਣਾ ਧੀ ਭੈਣ ਦੀ ਇਜ਼ਤ ਲੁੱਟ ਲਵੇ ਤਾਂ ਅੰਨ੍ਹੀ ਸ਼ਰਧਾ ਇਸ ਨੂੰ ਰੱਬ ਦਾ ਭਾਣਾਂ ਸਮਝ ਕੇ ਅੱਖਾਂ ਮੀਟ ਲੈਂਦੀ ਹੈ ਪਰ ਗਿਆਨਮਈ ਸ਼ਰਧਾ ਅਜਿਹੇ ਜਰਵਾਣੇ ਦਾ ਹਿਮਤ ਨਾਲ ਮੂੰਹ ਭੰਨਦੀ ਹੈ। ਅੰਨ੍ਹੀ ਸ਼ਰਧਾ ਹਮੇਸ਼ਾਂ ਹੀ ਜਰਵਾਣੇ ਅੱਗੇ ਹੱਥ ਜੋੜ ਕੇ ਲਿਲਕੜੀਆਂ ਕੱਢਦੀ ਹੈ।

ਅੰਨ੍ਹੀ ਸ਼ਰਧਾ ਇਹ ਮੰਨਦੀ ਹੈ ਕਿ ਸਭ ਧਰਮ ਬਰਾਬਰ ਹਨ ਪਰ ਗਿਆਨਮਈ ਸ਼ਰਧਾ ਸਭ ਧਰਮਾਂ ਦਾ ਵਿਸ਼ਲੇਸ਼ਣ ਕਰਕੇ ਸਭ ਦੇ ਗੁਣ ਅਤੇ ਔਗੁਣ ਪ੍ਰਗਟ ਕਰਦੀ ਹੈ। ਇਹ ਸਚਾਈ ਹੈ ਕਿ ਸਾਰੇ ਧਰਮ ਬਾਰਬਰ ਨਹੀਂ ਹਨ ਕਿਉਂਕਿ ਹਰੇਕ ਦੀਆਂ ਮਨੌਤਾਂ ਅਤੇ ਸ਼ਰਧਾ ਵੱਖਰੀ ਵੱਖਰੀ ਹੈ। ਵੰਨਗੀ ਮਾਤ੍ਰ ਦੇਖੋ-ਈਸਾਈ ਧਰਮ ਕਹਿੰਦਾ ਹੈ ਕਿ ਰੱਬ ਨੂੰ ਸ੍ਰਿਸ਼ਟੀ ਪੈਦਾ ਕਰਨ ਵੇਲੇ 6 ਦਿਨ ਲੱਗੇ ਅਤੇ 7ਵੇਂ ਦਿਨ ਅਰਾਮ ਕੀਤਾ। ਰੱਬ ਨੇ ਪਹਿਲੇ ਆਦਮ ਪੈਦਾ ਕੀਤਾ ਅਤੇ ਉਸ ਦੀ ਪਸਲੀ ਚੋਂ ਹਵਾ (ਔਰਤ) ਪੈਦਾ ਕੀਤੀ। ਇਸਲਾਮ ਕਹਿੰਦਾ ਹੈ ਅੱਲ੍ਹਾ ਨੇ ਕੁਨ ਕਿਹਾ ਤੇ ਦੁਨੀਆਂ ਪੈਦਾ ਹੋ ਗਈ। ਈਸਾਈ ਯਹੂਦੀ ਆਦਿਕ ਆਵਾਗਵਣ ਨੂੰ ਨਹੀਂ ਮੰਨਦੇ। ਸਨਾਤਨ ਧਰਮ (ਅਜੋਕਾ ਹਿੰਦੂ ਧਰਮ) ਅਵਾਗਵਣ (ਪੁੰਨਰ ਜਨਮ) ਨੂੰ ਮੰਨਦਾ ਹੈ। ਸੂਰ ਦਾ ਪੀਟ ਇਸਲਾਂਮ ਵਿੱਚ ਹਰਾਮ ਅਤੇ ਗਊ (ਬੀਫ) ਖਾਣੀ ਹਿੰਦੂ ਧਰਮ ਵਿਖੇ ਪਾਪ ਹੈ। ਇਸਲਾਮ ਵਿਖੇ ਮਰਦ ਦਾ ਗੁਪਤ ਅੰਗ ਕੱਟ ਕੇ ਸੁੰਨਤ ਕਰਕੇ ਅਤੇ ਕਲਮਾ ਪੜ੍ਹਾ ਕੇ ਮੁਸਲਮਾਨ ਬਣਾਇਆ ਜਾਂਦਾ ਹੈ ਅਤੇ ਔਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਨਹੀਂ। ਬ੍ਰਾਹਮਣ ਜਨੇਊ ਧਾਰਨ ਕਰਦਾ ਅਤੇ ਗਾਇਤ੍ਰੀ ਪਾਠ, ਮੰਤ੍ਰ ਪਾਠ ਅਤੇ ਟੂਣੇ ਟਾਮਣ ਵਿੱਚ ਵਿਸ਼ਵਾਸ਼ ਰੱਖਦਾ, ਮੂਰਤੀਆਂ ਦੀ ਪੂਜਾ ਕਰਦਾ ਅਤੇ 33 ਕਰੋੜ ਦੇਵਤੇ ਮੰਨਦਾ ਹੈ। ਕੋਈ ਵਰਤ ਰੱਖਦਾ ਅਤੇ ਕੋਈ ਰੋਜੇ ਰੱਖਦਾ ਹੈ। ਕੋਈ ਤਿੰਨ ਲੋਕ ਤੇ ਕੋਈ ਚੌਦਾਂ ਤਬਕ ਮੰਨਦਾ ਹੈ। ਇਸਲਾਮ ਕਹਿੰਦਾ ਹੈ ਕਿ ਜੋ ਕੇਵਲ ਮੁਹੰਮਦ ਤੇ ਵਿਸ਼ਵਾਸ਼ ਲਿਆਵੇਗਾ ਉਹ ਹੀ ਕਿਅਮਤ ਤੋਂ ਬਾਅਦ ਕਬਰਾਂ ਚੋਂ ਉਠਾ ਕੇ ਬਹਿਸ਼ਤ ਵਿਖੇ ਭੇਜਿਆ ਜਾਵੇਗਾ ਓਥੇ ਹੂਰਾਂ ਪਰੀਆਂ ਅਤੇ ਅੰਗੂਰਾਂ ਦੀ ਸ਼ਰਾਬ ਮਿਲੇਗੀ। ਹਿੰਦੂ ਧਰਮ ਕਹਿੰਦਾ ਹੈ ਕਿ ਜੋ ਤੁਸੀਂ ਬ੍ਰਾਹਮਣ ਨੂੰ ਦਾਨ ਕਰਦੇ ਹੋ ਸਿੱਧਾ ਹਜਾਰਾਂ ਯੋਜਨਾਂ ਦੂਰ ਗਏ ਪਿੱਤਰਾਂ ਨੂੰ ਮਿਲਦਾ ਹੈ। ਜਰਾ ਸੋਚੋ! ਜੇ ਸਾਰੇ ਧਰਮ ਬਰਾਬਰ ਹੋਣ ਤਾਂ ਵੱਖ ਵੱਖ ਮਨੌਤਾਂ ਮੰਨ ਕੇ ਆਪਸ ਵਿੱਚ ਲੜਨ ਕਿਉਂ?

ਸਿੱਖ ਧਰਮ ਗਿਆਨ ਵਿਗਿਆਨ ਨੂੰ ਕੰਡਮ ਨਹੀਂ ਕਰਦਾ ਸਗੋਂ ਉਸ ਦੀਆਂ ਉਪਲਭਦੀਆਂ ਦੇ ਫੈਦੇ ਲੈਣ ਦੀ ਗੱਲ ਕਰਦਾ ਹੈ ਜਦ ਕਿ ਇਸਲਾਮ ਸਾਇੰਸ ਵਿਗਿਆਨ ਆਦਿਕ ਨੂੰ ਮੂਲੋਂ ਹੀ ਰੱਦ ਕਰਦਾ ਹੈ। ਕੋਈ ਦੱਖਣ ਕਾਂਸ਼ੀ ਵਿਖੇ ਹੀ ਭਗਵਾਨ ਦਾ ਵਾਸਾ ਅਤੇ ਕੋਈ ਪੱਛਮ ਵਿੱਚ ਅੱਲ੍ਹਾ ਦਾ ਨਿਵਾਸ ਮੰਨਦਾ ਹੈ। ਹਿੰਦੂ ਮੁਸਲਮਾਨ ਨੂੰ ਮਲੇਛ ਅਤੇ ਮੁਸਲਮਾਨ ਹਿੰਦੂ ਨੂੰ ਕਾਫਰ ਕਹਿੰਦੇ ਹਨ। ਹਿੰਦੂ ਜਾਤ ਪਾਤ ਤੇ ਵਰਣਵੰਡ ਅਤੇ ਛੂਆ-ਛਾਤ ਤੇ ਜੋਰ ਦਿੰਦਾ ਹੈ। ਇਉਂ ਸਭ ਧਰਮ ਬਾਰਬਰ ਨਹੀਂ ਹਨ ਸਗੋਂ ਸਭ ਦੀ ਸ਼ਰਧਾ ਅਤੇ ਮਨੌਤਾਂ ਵੱਖਰੀਆਂ ਵੱਖਰੀਆਂ ਹਨ ਪਰ ਸਿੱਖ ਧਰਮ ਅਧੁਨਿਕ ਧਰਮ ਹੈ ਜੋ ਧਰਮ ਦੇ ਨਾਂ ਤੇ ਕੀਤੇ ਜਾਂਦੇ ਸਭ ਫੋਕਟ ਕਰਮਾਂ ਅਤੇ ਮਨੌਤਾਂ ਨੂੰ ਪਾਖੰਡ ਦਾ ਨਾਂ ਦਿੰਦਾ ਹੈ-ਕਰਮ ਧਰਮ ਪਾਖੰਡ ਜੋ ਦੀਸਹਿ ਤਿਨਿ ਜਮੁ ਜਾਗਾਤੀ ਲੂਟੈ॥ (747) ਸਿੱਖ ਧਰਮ ਧਰਮੀ ਬਣਨ ਵਾਸਤੇ ਆਪੇ ਬਣਾਏ ਕਸਟਮ, ਸ਼ਰਾ, ਮਰਯਾਦਾ ਅਤੇ ਫੋਕਟ ਰੀਤੀ ਰਿਵਾਜ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਸਗੋਂ ਕਹਿੰਦਾ ਹੈ ਕਿ-ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮ ਜਪ ਨਿਰਮਲ ਕਰਮ॥ (266) ਚੰਗੇ ਕਰਮ ਕਰੋ ਅਤੇ ਰੱਬ ਦਾ ਨਾਮ ਜਪੋ ਭਾਵ ਉਸ ਨੂੰ ਸਦਾ ਯਾਦ ਰੱਖੋ, ਇਹ ਹੀ ਸਾਰੀ ਦੁਨੀਆਂ ਦਾ ਸਰਬ ਸਾਂਝਾ ਧਰਮ ਹੈ। ਦੁਨੀਆਂ ਦਾ ਕੋਈ ਮਨੁੱਖ ਵੀ ਭਾਵੇਂ ਉਹ ਕਿਸੇ ਵੀ ਜਾਤ ਬਰਾਦਰੀ ਦੇਸ਼ ਕਾਲ ਕਬੀਲੇ ਵਿੱਚ ਰਹਿੰਦਾ ਹੈ, ਉਹ ਚੰਗੇ ਕੰਮ ਕਰ ਅਤੇ ਰੱਬ ਨੂੰ ਯਾਦ ਰੱਖ ਸਕਦਾ ਹੈ ਉਹ ਧਰਮੀ ਹੈ। ਉਸ ਨੂੰ ਧਰਮ ਦੇ ਕਿਸੇ ਵੀ ਠੇਕੇਦਾਰ ਕੋਲੋਂ ਸਰਟੀਫੀਕੇਟ ਲੈਣ ਦੀ ਲੋੜ ਨਹੀਂ।

ਸੋ ਅੰਨ੍ਹੀ ਸ਼ਰਧਾ ਫੋਕਟ ਕਰਮਾਂ, ਕਰਾਮਾਤਾਂ, ਭੂਤਾਂ-ਪ੍ਰੇਤਾਂ, ਜਾਤਾਂ-ਜਾਤਾਂ, ਊਚ-ਨੀਚ, ਮੜ੍ਹੀਆਂ-ਮੱਟਾਂ, ਧਰਮੀ ਵਿਖਾਵੇ ਵਾਲੇ ਲਿਬਾਸਧਾਰੀ ਪਾਖੰਡੀ ਸਾਧਾਂ-ਸੰਤਾਂ, ਯੋਗੀਆਂ-ਜੋਤਸ਼ੀਆਂ, ਰਾਜਨੀਤੀ ਹੇਠ ਦੱਬੇ ਭੇਖੀ ਧਾਰਮਿਕ ਜਥੇਦਾਰਾਂ ਜਾਂ ਮੁਲਾਂ ਮੁਲਾਣਿਆਂ ਦੇ ਹੁਕਮਨਾਮਿਆਂ ਰੂਪ ਫਤਵੇ, ਟੂਣੇ-ਟਾਮਣ, ਵਹਿਮ-ਭਰਮ, ਆਵਾਗਵਣ, ਪੁੰਨ-ਪਾਪ, ਰੋਜੇ-ਵਰਤ, ਅਣਹੋਣੀਆਂ ਗੱਲਾਂ ਭਾਵ ਸਭ ਕੂੜ ਕਾਬਾੜ ਨੂੰ ਅੱਖਾਂ ਮੀਟ ਕੇ ਮੰਨਦੀ ਹੈ ਪਰ ਗਿਆਨਮਈ ਸ਼ਰਧਾ ਇਨ੍ਹਾਂ ਸਭ ਕੂੜੇ ਬੰਧਨਾਂ ਤੋਂ ਗੁਰੂ ਗਿਆਨ ਅਤੇ ਹਿਮਤ ਨਾਲ ਛੁਟਕਾਰਾ ਪਾ ਕੇ, ਅਜ਼ਾਦੀ, ਸੁਖਸ਼ਾਂਤੀ, ਰੱਬੀ ਰਜ਼ਾ ਵਿੱਚ ਰਹਿੰਦਿਆਂ ਧਰਮ ਦੀ ਕਿਰਤ ਕਰਨੀ, ਵੰਡ ਛੱਕਣ ਅਤੇ ਨਾਮ ਜਪਣ ਦਾ ਸੁਨਹਿਰੀ ਉਪਦੇਸ਼ ਦਿੰਦੀ ਹੋਈ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਸਰਬਸਾਂਝਾ ਰੱਬੀ ਗਿਆਨ ਪ੍ਰਦਾਨ ਕਰਦੀ ਹੈ।

ਗੁਰਮਤਿ ਵਿਖੇ ਸ਼ਰਧਾ ਅਤੇ ਗਿਆਨ ਦਾ ਸੁਮੇਲ ਹੈ। ਸ਼ਰਧਾ ਤੋਂ ਬਿਨਾਂ ਗਿਆਨ ਲੰਗੜਾ ਹੈ ਅਤੇ ਗਿਆਨ ਤੋਂ ਬਿਨਾ ਸ਼ਰਧਾ ਅੰਨ੍ਹੀ ਅਤੇ ਗੂੰਗੀ ਬੋਲੀ ਹੈ। ਗੁਰਮਤਿ ਮਾਰਤੰਡ ਵਿਖੇ ਭਾਈ ਕਾਨ੍ਹ ਸਿੰਘ ਨ੍ਹਾਭਾ ਵੀ ਭਾਈ ਮਨੀ ਸਿੰਘ ਦੀ ਲਿਖਤ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ ਘਿਓ ਅਤੇ ਮਿੱਠਾ ਜੋ ਰਲ ਕੇ ਫਾਇਦਾ ਕਰਦੇ ਹਨ ਉਹ ਜੁਦਾ ਜੁਦਾ ਨਹੀਂ ਕਰ ਸਕਦੇ। ਜ਼ਿਆਦਾ ਘਿਓ ਖਾਣਾ ਬਦਹਜ਼ਮੀ ਦਸਤ ਅਤੇ ਕਫ ਪੈਦਾ ਕਰਦਾ ਹੈ ਪਰ ਜੇ ਵਿੱਚ ਮਿਠਾ ਮਿਲਾਲਿਆ ਜਾਵੇ ਤਾਂ ਘਿਓ ਸੌਖਾ ਪਚ ਜਾਂਦਾ ਹੈ ਕਫ ਵੀ ਨਹੀਂ ਹੁੰਦੀ। ਇਵੇਂ ਹੀ ਗਿਆਨ ਤੇ ਸ਼ਰਧਾ ਦੀ ਗੱਲ ਹੈ, ਜਿਵੇਂ ਵਧੀਆ ਮਿੱਠੇ ਦੀ ਲੋੜ ਹੈ, ਇਵੇਂ ਹੀ ਸੱਚੀ ਸੁੱਚੀ ਗਿਆਨ-ਵਿਗਿਆਨਮਈ ਸ਼ਰਧਾ ਦੀ ਲੋੜ ਹੈ ਨਾਂ ਕਿ ਅੱਖਾਂ ਮੀਟ ਕੇ ਜ਼ਹਿਰ ਖਾਣ ਦੀ-ਗਲਾਂ ਉਪਰਿ ਤਪਾਵਸੁ ਨ ਹੋਵਈ ਵਿਸੁ ਖਾਦੀ ਤਤਕਾਲ ਮਰਿ ਜਾਏ॥ (308) ਗੁਰੂ ਸਾਹਿਬ ਕਹਿੰਦੇ ਹਨ ਕਿ ਜ਼ਹਿਰ ਖਾਣ ਵਾਲਾ ਮਰ ਜਾਂਦਾ ਹੈ ਭਾਵੇਂ ਉਹ ਰਾਜਾ ਹੈ ਰੰਕ ਹੈ, ਸੰਤ ਹੈ ਜਾਂ ਸੇਵਕ ਹੈ। ਇਸ ਲਈ ਸੁਖੀ ਜੀਵਨ ਵਾਸਤੇ ਅੰਨ੍ਹੀ ਬੋਲੀ ਅਤੇ ਫੋਕਟ ਸ਼ਰਧਾ ਦਾ ਤਿਆਗ ਕਰਕੇ ਗਿਆਨਮਈ ਸ਼ਰਧਾ ਧਾਰਨ ਦੀ ਅਤਿਅੰਤ ਲੋੜ ਹੈ। ਸੱਚੀ ਗਿਆਨਮਈ ਸ਼ਰਧਾ ਦ੍ਰਿੜਤਾ ਅਤੇ ਭਰੋਸੇ ਨਾਲ ਇਨਸਾਨ ਵੱਡੀਆਂ ਵੱਡੀਆਂ ਮੱਲ੍ਹਾਂ ਮਾਰ ਸਕਦਾ ਹੈ। ਸੋ ਅੰਨ੍ਹੀ ਅਤੇ ਗੂੰਗੀ ਬੋਲੀ ਅਰਥਹੀਨ ਫੋਕਟ ਸ਼ਰਧਾਜਾਲ ਵਿੱਚ ਫਸ ਕੇ ਕਦੇ ਵੀ ਯਥਾਰਥ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਅਕਾਲ ਪੁਰਖ ਹੀ ਸ਼ਰਧਾ ਪੂਰਨ ਵਾਲਾ ਹੈ ਨਾਂ ਕਿ ਕੋਈ ਅਖੌਤੀ ਸ਼ਰਧਾ-ਪੂਰਨ ਗ੍ਰੰਥ ਜੋ ਕਿਸੇ ਅੰਨ੍ਹੀ ਸ਼ਰਧਾਂ ਵਾਲੇ ਲੁਟੇਰੇ ਚਾਲਬਾਜ ਬ੍ਰਾਹਮਣਨੁਮਾਂ ਲਿਖਾਰੀ ਦਾ ਲਿਖਿਆ ਹੋਇਆ ਹੈ ਕਿਉਂਕਿ-ਪੜ੍ਹਿਐ ਨਾਹੀਂ ਭੇਦੁ ਬੁਝਿਐ ਪਾਵਣਾ॥ (148) ਇਕੱਲਾ ਅੰਨ੍ਹੀ ਸ਼ਰਧਾ ਨਾਲ ਪੜ੍ਹਿਆਂ ਨਹੀਂ ਸਗੋਂ ਭੇਦ ਸਮਝ ਵੀਚਾਰ ਨਾਲ ਹੀ ਪਾਇਆ ਜਾ ਸਕਦਾ ਹੈ। ਸ਼ਰਧਾਮਈਗਿਆਨ ਮਨੁੱਖ ਦੀਆਂ ਅੰਦਰੂੰਨੀ ਅੱਖਾਂ ਖੋਲ੍ਹਦਾ ਹੈ ਇਕੱਲੀ ਸ਼ਰਧਾ ਤਾਂ ਬੰਦ ਹੀ ਕਰਦੀ ਹੈ। ਗਿਆਨ ਵਿਹੂਣਾ ਗਾਵੇ ਗੀਤ ਭੁਖੇ ਮੁਲਾਂ ਘਰੇ ਮਸੀਤਿ॥ (1245) ਜਿੱਥੇ ਰੱਬੀ ਗਿਆਨ ਹੈ ਓਥੇ ਹੀ ਧਰਮ ਹੈ-ਕਬੀਰ ਜਹਾਂ ਗਿਆਨੁ ਤਹ ਧਰਮੁ ਹੈ ਜਹਾਂ ਝੂਠੁ (ਝੂਠੀ ਸ਼ਰਧਾ) ਤਹ ਪਾਪੁ॥ (1372) ਸਿੱਖ ਧਰਮ ਗਿਆਨ ਦੇ ਪਾਂਧੀਆਂ ਦਾ ਧਰਮ ਹੈ ਨਾਂ ਕਿ ਫੌਕੀ ਸ਼ਰਧਾ ਵਾਲਿਆਂ ਲਖਰਿ ਦੇ ਫਕੀਰਾਂ ਦਾ। ਸੋ ਅੰਨ੍ਹੀ ਸ਼ਰਧਾ ਦਾ ਪ੍ਰਚਾਰ ਕਰਕੇ ਜਨਤਾ ਨੂੰ ਠੱਗਣਵਾਲੇ ਲੇਖਕਾਂ, ਪ੍ਰਚਾਰਕਾਂ ਅਤੇ ਸੰਪ੍ਰਦਾਈ ਸਾਧ ਲਾਣੇ ਤੋਂ ਗੁਰਬਾਣੀ ਗਿਆਨ ਦੁਆਰਾ ਬਚ ਜਾਈਏ ਤਾਂ ਇਸ ਵਿੱਚ ਹੀ ਸਾਡਾ ਤੁਹਾਡਾ ਭਲਾ ਹੈ। ਬੋਲੋ ਭਾਈ ਵਾਹਿਗੁਰੂ! ! ! ! !




.