.

ਆਤਮਾ ਅਤੇ ਆਵਾਗਉਣ

ਅੱਜ ਗੁਰਮਤ ਵਿੱਚ ਬਹੁਤ ਸਾਰੇ ਭੁਲੇਖੇ ਪਏ ਹੋਏ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਚਰਚਾ ਦਾ ਵਿੱਸ਼ਾ ਜੋ ਬਣਿਆ ਹੋਇਆ ਹੈ ਉਹ ਹੈ, ਕੀ ਗੁਰਮਤ ਅਨੁਸਾਰ ਆਵਾਗਉਣ ਹੁੰਦਾ ਹੈ ਕਿ ਨਹੀਂ? ਆਤਮਾ ਨਾਮ ਦੀ ਕੋਈ ਚੀਜ ਹੁੰਦੀ ਵੀ ਹੈ ਕਿ ਨਹੀਂ? ਜੇ ਹੈ ਤਾਂ ਇਸ ਦਾ ਨਿਵਾਸ ਕਿੱਥੇ ਹੈ? ਆਦਿ।

ਆਵਾਗਉਣ ਨੂੰ ਮੰਨਣ ਵਾਲਿਆਂ ਅਨੁਸਾਰ ਗੁਰਮੁਖ ਬੰਦਿਆਂ ਨੂੰ ਆਵਾਗਉਣ ਨਹੀਂ ਹੁੰਦਾ। ਉਨ੍ਹਾਂ ਦੀ ‘ਆਤਮਾ’ ਪਰਮਾਤਮਾ (ਪਰਮ ਆਤਮਾ) ਨਾਲ ਮਿਲ ਜਾਂਦੀ ਹੈ। ਉਨ੍ਹਾਂ ਦਾ ਜਨਮ ਮਰਣ ਦਾ ਚੱਕਰ ਖ਼ਤਮ ਹੋ ਜਾਂਦਾ ਹੈ। ਇਸ ਦੇ ਉਲਟ ਮਨਮੁਖ ਬੰਦੇ ਨੂੰ ਉਸਦੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਅਨੇਕਾਂ ਜੂਨਾਂ ਵਿੱਚ ਭਟਕਣਾ ਪੈਂਦਾ ਹੈ।

ਆਵਾਗਉਣ ਨੂੰ ਨਾ ਮੰਨਣ ਵਾਲੇ ਵਿਦਵਾਨਾਂ ਵੱਲੋਂ ਸਵਾਲ ਅਤੇ ਤਰਕ ਖੜੇ ਕੀਤੇ ਜਾਂਦੇ ਹਨ ਕਿ ਦੱਸੋ ਜੇ ਆਤਮਾ ਹੈ ਤਾਂ ਉਸ ਦਾ ਟਿਕਾਣਾ ਕਿੱਥੇ ਹੈ? ਇੱਕ ਜੀਵ ਚੋਂ ਨਿੱਕਲਕੇ ਦੂਸਰੇ ਜੀਵ ਵਿੱਚ ਆਤਮਾ ਕਦੋਂ ਅਤੇ ਕਿਸ ਤਰ੍ਹਾਂ ਵੜਦੀ ਹੈ? ਜਦੋਂ ਜੀਵ ਦਾ ਮੁੱਢ ਬੱਝਣਾ ਹੁੰਦਾ ਹੈ ਤਾਂ ਕੀ ਪਰਮਾਤਮਾ ਪਤੀ ਪਤਨੀ ਨੂੰ ਕਹਿੰਦਾ ਹੈ ਕਿ ਠਹਰੋ ਪਹਿਲਾਂ ਮੈਂ ਆਤਮਾ ਵਿੱਚ ਟਿਕਾ ਦਿਆਂ ਫੇਰ ਤੁਸੀਂ ਆਪਣਾ ਗਰਹਿਸਤੀ ਜੀਵਨ ਸ਼ੁਰੂ ਕਰਿਓ… ਆਦਿ। ਇਸ ਦੇ ਨਾਲ ਆਵਾਗਉਣ ਦਾ ਹਿੰਦੂ ਧਰਮ ਵਿੱਚ ਜੋ ਸਰੂਪ ਮੰਨਿਆ ਗਿਆ ਹੈ ਅਤੇ ਗੁਰੂ ਸਾਹਿਬਾਂ ਨੇ ਜਿਸ ਦਾ ਖੰਡਣ ਕੀਤਾ ਹੋਇਆ ਹੈ ਉਹ ਗੱਲਾਂ ਪੇਸ਼ ਕਰਕੇ ਦਰਸਾਇਆ ਜਾਂਦਾ ਹੈ ਕਿ ਜੇ ਆਵਾਗਉਣ ਮੰਨਣਾ ਹੈ ਤਾਂ ਇਹ ਬ੍ਰਹਮਣੀ ਗੱਲਾਂ ਵੀ ਮੰਨਣੀਆਂ ਜਰੂਰੀ ਹਨ। ਇਸ ਸੰਬੰਧ ਵਿੱਚ ਵੈਤਰਣੀ ਨਦੀ, ਧਰਮਰਾਜ ਦੇ ਕੁੱਤੇ (ਜਿਨ੍ਹਾਂ ਦਾ ਬਹੁਤ ਸਾਰੇ ਲੋਕਾਂ ਨੇਂ ਕਦੇ ਨਾਮ ਵੀ ਨਹੀਂ ਸੁਣਿਆਂ ਹੁੰਦਾ), ਵੈਤਰਣੀ ਨਦੀ ਪਾਰ ਕਰਨ ਲਈ ਬ੍ਰਹਮਣ ਨੂੰ ਗਊ ਦਾਨ ਕਰਨੀਂ ਆਦਿ ਗੱਲਾਂ ਜੋੜੀਆਂ ਜਾਂਦੀਆਂ ਹਨ। ਇਹ ਦਰਸੌਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਵਾਗਉਣ ਮੰਨਣ ਵਾਲਿਆਂ ਅਨੁਸਾਰ “ਅਗੈ” ਕਿਤੇ ਸੱਤਵੇਂ ਅਸਮਾਨ ਵਿੱਚ ਹੈ। ਜਦਕਿ ਗੁਰਬਾਣੀ ਅਨੁਸਾਰ ਮਨਮੁੱਖ ਬੰਦੇ ਦੇ ਮਰ ਜਾਣ ਤੇ ਉਸ ਦੇ ਕੀਤੇ ਕਰਮਾਂ ਅਤੇ ਪ੍ਰਭੂ ਦੇ ਹੁਕਮ ਵਿੱਚ ਇਸੇ ਧਰਤੀ ਤੇ ਉਸ ਨੂੰ ਅਨੇਕਾਂ ਜੂਨਾਂ ਵਿੱਚ ਜਨਮ ਲੈਣਾ ਪੈਂਦਾ ਹੈ। ਇਸੇ ਧਰਤੀ ਤੇ ਇਸ ਜਨਮ ਤੋਂ ਪਹਿਲਾਂ ਜਿਸ ਜੂਨੀਂ ਵਿੱਚ ਜੀਵ ਸੀ ਉਹ ਉਸਦਾ ‘ਪਿੱਛੇ ਜਾਂ ਪੂਰਬ’ ਸੀ ਅਤੇ ਇਸੇ ਧਰਤੀ ਤੇ ਇਸ ਜਨਮ ਤੋਂ ਮਗ਼ਰੋਂ ਜਿਸ ਜੂਨੀਂ ਵਿੱਚ ਉਸ ਨੂੰ ਜਨਮ ਲੈਣਾ ਪੈਣਾ ਹੈ ਉਹ ਉਸ ਦਾ “ਅਗੈ’ ਹੈ। ਇਨ੍ਹਾਂ ਵਿਦਵਾਨਾਂ ਵੱਲੋਂ ਇੱਕ ਹੋਰ ਭੁਲੇਖਾ ਪਾਇਆ ਜਾਂਦਾ ਹੈ ਕਿ ਆਵਾਗਉਣ ਮੰਨਣ ਵਾਲਿਆਂ ਅਨੁਸਾਰ ਬੰਦੇ ਦੇ ਮਰ ਜਾਣ ਤੇ ਉਸ ਦੀ ਆਤਮਾ ਕਿਤੇ ਸੱਤਵੇਂ ਅਸਮਾਨ ਤੇ ਬੈਠੇ ਧਰਮਰਾਜ ਕੋਲ ਜਾ ਕੇ ਕਰਮਾਂ ਦਾ ਲੇਖਾ-ਜੋਖਾ ਕਰਵਾਉਣ ਜਾਂਦੀ ਹੈ। ਜਦਕਿ ਗੁਰਬਾਣੀ ਕਹਿੰਦੀ ਹੈ ਕਿ ਬੰਦੇ ਦੇ ਕੀਤੇ ਕਰਮਾਂ ਦਾ ਲੇਖਾ ਜੋਖਾ ਸੰਸਕਾਰ ਰੂਪ ਵਿੱਚ ਨਾਲ ਦੀ ਨਾਲ ਹੀ ਦਰਜ/ ਅੰਕਿਤ ਹੋਈ ਜਾਂਦਾ ਹੈ। ਪਰ ਇਸ ਦਾ ਭੁਗਤਾਨ/ ਫ਼ਲ ਪ੍ਰਭੂ ਦੇ ਹੱਥ ਵਿੱਚ ਹੈ। ਕਰਮਾਂ ਦਾ ਭੁਗਤਾਨ ਹੁਣੇ ਵੀ ਹੋ ਸਕਦਾ ਹੈ, ਕੁੱਝ ਚਿਰ ਮਗ਼ਰੋਂ ਵੀ ਹੋ ਸਕਦਾ ਹੈ, ਅਗਲੇ ਜਨਮ ਵਿੱਚ ਵੀ ਹੋ ਸਕਦਾ ਹੈ ਜਾਂ ਅਗਲੇ ਅਨੇਕਾਂ ਜਨਮਾਂ ਵਿੱਚ ਵੀ ਹੋ ਸਕਦਾ ਹੈ। ਪਰ ਆਵਾਗਉਣ ਨੂੰ ਮੰਨਣ ਵਾਲਿਆਂ ਨਾਲ ਬਹੁਤ ਸਾਰੀਆਂ ਬ੍ਰਹਮਣੀ ਗੱਲਾਂ ਜੋੜ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੇ ਆਵਾਗਉਣ ਮੰਨਣਾ ਹੈ ਤਾਂ ਸਾਰੀਆਂ ਬ੍ਰਹਮਣੀ ਗੱਲਾਂ ਮੰਨਣੀਆਂ ਪੈਣਗੀਆਂ। ਜਿਸ ਤਰ੍ਹਾਂ ਕਿ ਇਸ ਤੋਂ ਬਿਨਾਂ ਗੁਰਮਤ ਵਿੱਚ ਆਵਾਗਉਣ ਦਾ ਹੋਰ ਕੋਈ ਸਰੂਪ ਹੋ ਹੀ ਨਹੀਂ ਸਕਦਾ।

ਇਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਬੰਦੇ ਦੇ ਕੀਤੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਨਾਲ ਦੀ ਨਾਲ ਹੀ ਮੁੱਕ ਜਾਂਦਾ ਹੈ। ਇਸ ਜਨਮ ਵਿੱਚ ਕੀਤੇ ਕਰਮਾਂ ਦਾ ਫ਼ਲ ਅਗਲੇ ਜਨਮ ਵਿੱਚ ਮਿਲਣ ਦਾ ਭਰਮ-ਜਾਲ ਬ੍ਰਹਮਣ ਦਾ ਫੈਲਾਇਆ ਹੋਇਆ ਹੈ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਪ੍ਰਭੂ ਆਪਣੇ ਅੰਦਰ ਹੀ ਹੈ ਤਾਂ ਉਸ ਦਾ ਦਰਬਾਰ/ ਕਚਹਿਰੀ ਵੀ ਆਪਣੇ ਅੰਦਰ ਹੋਈ। ਬੰਦੇ ਦੇ ਕੀਤੇ ਕਰਮਾਂ ਦਾ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ। ਬੰਦੇ ਦੇ ਮਰ ਜਾਣ ਤੇ ਬੰਦੇ ਦਾ ਸਰੀਰ ਅਗਨੀਂ ਜਾਂ ਮਿੱਟੀ ਦੀ ਭੇਟ ਕਰ ਦਿੱਤਾ। ਸਰੀਰ ਦੇ ਨਾਲ ਹੀ ਸਭ ਕੁੱਝ ਖ਼ਤਮ ਹੋ ਗਿਆ। ਆਤਮਾ ਆਦਿ ਕੁੱਝ ਵੀ ਹੋਰ ਨਾ ਕਿਤੋਂ ਆਉਂਦਾ ਹੈ ਅਤੇ ਨਾਂ ਹੀ ਕਿਤੇ ਕੁੱਝ ਜਾਂਦਾ ਹੈ। ਦੂਜੇ ਪਾਸੇ ਇਹ ਲੋਕ ਮੰਨਦੇ ਹਨ ਕਿ ਪਰਮਾਤਮਾ ਆਪਣੇ ਅੰਦਰ ਹੈ। ਤਾਂ ਫੇਰ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਪਰਮਾਤਮਾ ਆਪਣੇ ਅੰਦਰ ਹੀ ਹੈ, ਤਾਂ ਜਿਸਤਰ੍ਹਾਂ ਪਰਮਾਤਮਾ ਜਨਮ ਵੇਲੇ ਜੀਵ ਦੇ ਅੰਦਰ ਕਿਤੋਂ ਬਾਹਰੋਂ ਵੜ ਸਕਦਾ ਹੈ ਤਾਂ ਜੀਵਾਤਮਾ (ਜੋ ਕਿ ਪਰਮਾਤਮਾ ਦੀ ਹੀ ਅੰਸ਼ ਹੈ) ਕਿਉਂ ਨਹੀਂ ਵੜ ਸਕਦੀ? ਜੀਵ ਦੇ ਮਰ ਜਾਣ ਤੇ ਜੇ ਪਰਮਾਤਮਾ ਕਿਤੇ ਜਾ ਸਕਦਾ ਹੈ ਤਾਂ ਆਤਮਾ ਕਿਉਂ ਨਹੀਂ ਜਾ ਸਕਦੀ? ਜੇ ਜੀਵ ਦੇ ਮਰ ਜਾਣ ਤੇ ਉਸ ਦੇ ਅੰਦਰ ਦਾ ਪਰਮਾਤਮਾ ਖ਼ਤਮ ਨਹੀਂ ਹੁੰਦਾ ਤਾਂ ਉਸ ਦੇ ਕੀਤੇ ਕਰਮਾਂ ਦਾ ਲੇਖਾ ਆਪੇ ਕਿਸ ਤਰ੍ਹਾਂ ਖ਼ਤਮ ਹੋ ਸਕਦਾ ਹੈ?

ਬੰਦੇ ਦੇ ਕੀਤੇ ਕਰਮਾਂ ਦਾ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਇਸ ਸੰਬੰਧੀ ਉਹ ਵਿਦਵਾਨ ਗੁਰੂ ਗ੍ਰੰਥ ਸਾਹਿਬ ਚੋਂ ਉਦਾਹਰਣ ਪੇਸ਼ ਕਰਦੇ ਹਨ: “ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਹਿ॥ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥ (ਪੰਨਾ-406)। ਇੱਥੇ ਸਾਫ਼ ਅਰਥ ਹਨ ਕਿ, ਹੇ ਭਾਈ! ……ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਓਹੀ ਹੱਥ ਉਸਦਾ ਫ਼ਲ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਣ) ਫ਼ੜਿਆ ਨਹੀਂ ਜਾਂਦਾ।

ਪਰ ਆਵਾਗਉਣ ਨੂੰ ਨਾ ਮੰਨਣ ਵਾਲੇ ਵਿਦਵਾਨ ਗੁਰਬਾਣੀ ਦੇ ਆਪਣੇ ਹੀ ਡੂੰਘੇ (?) ਅਰਥ ਘੜ ਕੇ ਪੇਸ਼ ਕਰਦੇ ਹਨ। ਇਸ ਨਾਲ ਗੁਰਬਾਣੀ ਦੇ ਅਸਲੀ ਸੁਨੇਹੇ ਦਾ ਕੀ ਬਣਦਾ ਹੈ, ਇਸ ਨਾਲ ਇਨ੍ਹਾਂ ਨੂੰ ਕੋਈ ਮਤਲਬ ਨਹੀਂ। ਉਪਰ ਦਿੱਤੇ ਸ਼ਬਦ ਵਿੱਚ ਕਿਤੇ ਵੀ ਮਨੁੱਖ ਦੇ ਕੀਤੇ ਕਰਮਾਂ ਦਾ ਹਿਸਾਬ ਇਸੇ ਜਨਮ ਵਿੱਚ ਚੁਕਤਾ ਹੋਣ ਦਾ ਜਿਕਰ ਨਹੀਂ ਹੈ। ਪਰ ਇਹ ਵਿਦਵਾਨ ‘ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨਾ ਪਕੜੀਐ ਕਿਸੈ ਥਾਇ’ ਦੇ ਅਰਥ ‘ਕਰਮਾਂ ਦੇ ਲੇਖੇ ਦਾ ਭੁਗਤਾਨ ਨਾਲ ਦੀ ਨਾਲ ਇਸੇ ਜਨਮ ਵਿੱਚ ਹੋਈ ਜਾਂਦਾ ਹੈ’ ਪਤਾ ਨਹੀਂ ਕਿਸਤਰ੍ਹਾਂ ਕਰਦੇ ਹਨ? ਗੁਰੂ ਸਾਹਿਬ ਦੀ ਫਿਲੌਸਫ਼ੀ ਇਹ ਹੈ ਕਿ ਜਿਹੜਾ ਬੰਦਾ ਕੋਈ ਚੰਗੇ ਜਾਂ ਮਾੜੇ ਕਰਮ ਕਰਦਾ ਹੈ ਉਹੀ ਉਸ ਦਾ ਫ਼ਲ ਭੁਗਤਦਾ ਹੈ, ਉਸ ਦੇ ਥਾਂ ਤੇ ਕੋਈ ਹੋਰ ਨਹੀਂ। ਜਦਕਿ ਬ੍ਰਹਮਣ ਫਲੌਸਫੀ ਇਹ ਹੈ ਕਿ ਮਰੇ ਪ੍ਰਾਣੀ ਨਮਿਤ ਬ੍ਰਹਮਣ ਨੂੰ ਕੱਪੜੇ, ਭੋਜਨ, ਬਿਸਤਰਾ ਗਊ ਅਤੇ ਹੋਰ ਸਮਗਰੀ ਦਾਨ ਪੁੰਨ ਕੀਤੀ ਜਾਵੇ ਅਤੇ ਸ਼ਰਾਧ ਕਰਾਏ ਜਾਣ ਤਾਂ ਬ੍ਰਹਮਣ ਦੇ ਜਰੀਏ ਭੇਜੀਆਂ ਵਸਤੂਆਂ ਅਤੇ ਸੁਖ ਸਹੂਲਤਾਂ ਉਸ ਮਰੇ ਪ੍ਰਾਣੀ ਨੂੰ ਮਿਲ ਜਾਂਦੀਆਂ ਹਨ। ਅਤੇ ਦਾਨ ਕੀਤੀ ਹੋਈ ਗਾਂ ਦੀ ਪੂਛ ਫ਼ੜ ਕੇ ਲਹੂ ਅਤੇ ਰਾਧ (ਪਾਕ) ਦੀ ਭਰੀ ਹੋਈ ਨਦੀ ਉਹ ਪਾਰ ਕਰ ਸਕਦਾ ਹੈ। ਜਦਕਿ ਗੁਰੂ ਸਾਹਿਬਾਂ ਦੀ ਫਲੌਸਫੀ ਇਹ ਹੈ ਕਿ ਪ੍ਰਾਣੀ ਨੂੰ ਅੱਗੇ ਓਹੀ ਕੁੱਝ ਮਿਲਦਾ ਹੈ ਜੋ ਉਹ ਆਪ ਆਪਣੇ ਹੱਥੀਂ ਕਮਾਈ ਕਰਕੇ ਉਸ ਵਿੱਚੋਂ ਕਿਸੇ ਲੋੜ-ਵੰਦ ਦੀ ਮਦਦ ਕਰਦਾ ਹੈ, ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ। ਗੁਰਮਤ ਕਿਸੇ ਵੈਤਰਣੀ ਨਦੀ ਨੂੰ ਨਹੀਂ ਮੰਨਦੀ। ਗੁਰਮਤ ਵਿੱਚ ਕਿਸੇ ਦਾਨ ਪੁੰਨ ਆਦਿ ਦੀ ਕੋਈ ਮਹੱਤਤਾ ਨਹੀਂ ਹੈ, (ਨੋਟ: ਲੋੜ-ਬੰਦ ਦੀ ਸਹਾਇਤਾ ਕਰਨੀ ਅਤੇ ਦਾਨ-ਦੱਖਣਾ ਦੇਣ ਵਿੱਚ ਫ਼ਰਕ ਹੈ)। ਮੁਕਤੀ ਹਾਸਲ ਕਰਨ ਲਈ ਕਿਸੇ ਵਿਚੋਲੇ (ਬ੍ਰਹਮਣ, ਪਜਾਰੀ) ਜਾਂ ਕਿਸੇ ਵੀ ਕਰਮ-ਕਾਂਡ ਦੀ ਜਰੂਰਤ ਨਹੀਂ ਸਿਰਫ਼ ਅਤੇ ਸਿਰਫ਼ ਗੁਰਮੁਖ ਬਣਨ ਦੀ ਜਰੂਰਤ ਹੈ, ਅਤੇ ਗੁਰਮੁਖਾਂ ਵਾਲਾ ਜੀਵਨ ਜਿਉਣ ਲਈ ਕਿਸੇ ਕਰਮ-ਕਾਂਡ ਦੀ ਕਿਸੇ ਵਿਚੋਲੇ ਦੀ, ਕਿਸੇ ਪੁੰਨ-ਦਾਨ ਦੀ ਜਰੂਰਤ ਨਹੀਂ ਪੈਂਦੀ। ਜਦਕਿ ਆਵਾਗਉਣ ਨੂੰ ਮੰਨਣ ਵਾਲਿਆਂ ਨਾਲ ਇਸ ਤਰ੍ਹਾਂ ਦੀਆਂ ਬ੍ਰਹਮਣੀ ਗੱਲਾਂ ਖੁਆਮ-ਖਾਹ ਹੀ ਜੋੜੀਆਂ ਜਾਂਦੀਆਂ ਹਨ। ਕਈ ਵਿਦਵਾਨ ਸੋਚਦੇ ਹਨ ਕਿ ਇਨ੍ਹਾਂ ਆਵਾਗਉਣ ਨੂੰ ਨਾ ਮੰਨਣ ਵਾਲਿਆਂ ਨੂੰ ਬ੍ਰਹਮਣੀ ਫੌਬੀਆ ਹੈ ਇਸ ਲਈ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਪਰ ਮੈਂ ਸਮਝਦਾ ਹਾਂ ਕਿ ਇਨ੍ਹਾਂ ਲੋਕਾਂ ਨੂੰ ਕੋਈ ਫੌਬੀਆ ਨਹੀਂ ਬਲਕਿ ਆਵਾਗਉਣ ਨੂੰ ਮੰਨਣ ਵਾਲਿਆਂ ਨਾਲ ਬ੍ਰਹਮਣੀ ਗੱਲਾਂ ਜੋੜ ਕੇ ਉਨ੍ਹਾਂ ਨੂੰ ਬਦਨਾਮ ਕਰਕੇ, ਆਪਣੀ ਗੱਲ ਨੂੰ ਵਜਨਦਾਰ ਬਨਾਉਣ ਦਾ ਇਹ ਇੱਕ ਜਰੀਆ ਹੈ।

ਇਨ੍ਹਾਂ ਲੋਕਾਂ ਮੁਤਾਬਕ ਗੁਰਬਾਣੀ ਵਿੱਚ ਆਏ ਲਫ਼ਜ਼ ‘ਜਨਮ ਜਾਂ ਜਨਮ-ਜਨਮ’ ਦਾ ਅਰਥ ਇਸੇ ਜਨਮ ਵਿੱਚ ਬਹੁਤ ਚਿਰ ਹੈ। ਅਤੇ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਪੇਸ਼ ਕੀਤਾ ਜਾਂਦਾ ਹੈ:

“ਭਹੁਤ ਜਨਮ ਬਿਛੁਰੇ ਥੇ ਮਾਧਉ ਇਹ ਜਨਮੁ ਤੁਮ੍ਹਾਰੇ ਲੇਖੇ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ”॥ (ਪੰਨਾ 694)। ਇਹ ਪੰਗਤੀਆਂ ਪੇਸ਼ ਕਰਕੇ ਕਿਹਾ ਜਾਂਦਾ ਹੈ ਕਿ ਇਥੇ ਲਫ਼ਜ਼ ‘ਜਨਮ’ ਸਾਰੇ ਜਨਮ ਵਾਸਤੇ ਨਹੀਂ ਬਲਕਿ ਕੁੱਝ ਸਮੇਂ ਵਾਸਤੇ ਵਰਤਿਆ ਗਿਆ ਹੈ। ਕਿਉਂਕਿ ਇੱਥੇ ਪਹਿਲੀ ਪੰਗਤੀ ਵਿੱਚ ਸ਼ਬਦ ‘ਜਨਮ’ ਅਤੇ ਦੂਜੀ ਵਿੱਚ ‘ਚਿਰ’ ਲਫ਼ਜ਼ ਵਰਤਿਆ ਗਿਆ ਹੈ। ਲਫ਼ਜ਼ ‘ਚਿਰ’ ਦਾ ਅਰਥ ਇਹ ਵਿਦਵਾਨ ਲੋਕ, ਇਸੇ ਜਨਮ ਵਿੱਚ ਬਹੁਤ ਚਿਰ ਕਰਦੇ ਹਨ। ਜਿਸਤਰ੍ਹਾਂ ਕਿ ਹਜਾਰਾਂ, ਲੱਖਾਂ ਜੂਨਾਂ ਤੋਂ ਬਾਅਦ ਮਨੁੱਖਾ ਜਨਮ ਮਿਲਣ ਨੂੰ ‘ਬਹੁਤ ਚਿਰ’ ਲਫ਼ਜ਼ ਵਰਤਿਆ ਹੀ ਨਹੀਂ ਜਾ ਸਕਦਾ। ਇਨ੍ਹਾਂ ਪੰਗਤੀਆਂ ਨੂੰ ਧਿਆਨ ਨਾਲ ਦੇਖੋ ਲਫ਼ਜ਼ ‘ਜਨਮ’ ਦੋ ਵਾਰੀਂ ਆਇਆ ਹੈ ਅਤੇ ਦੋਨੋਂ ਵਾਰੀਂ ਵੱਖ ਵੱਖ ਰੂਪ ਵਿੱਚ ਹੈ। ਪਹਿਲੀ ਵਾਰੀ ਲਫ਼ਜ਼ ਜਨਮ, ਮੁਕਤਾ ਅੰਤ ਹੈ ਅਰਥਾਤ ‘ਮ’ ਔਂਕੜ ਰਹਿਤ ਹੈ। ਅਰਥਾਤ ਜਨਮ ਬਹੁ ਵਚਨ ਹੈ। ਅਤੇ ਦੂਸਰੀ ਵਾਰੀਂ ਜਨਮ ਦਾ ‘ਮ’ ਔਂਕੜ ਸਮੇਤ ਹੈ ਅਰਥਾਤ ‘ਜਨਮੁ’ ਇੱਕ ਵਚਨ, ਅਰਥਾਤ ਇਹ ਮੌਜੂਦਾ ਜੀਵਨ। ਇਥੇ ਕਿਸੇ ਕਿਸਮ ਦਾ ਭੁਲੇਖਾ ਨਹੀਂ ਕਿ ਪਹਿਲੀ ਵਾਰੀਂ ਆਇਆ ਲਫ਼ਜ਼ ‘ਜਨਮ’ (ਬਹੁ ਵਚਨ) ਪਿਛਲੇ ਜਨਮਾਂ ਲਈ ਅਤੇ ਦੂਜੀ ਵਾਰੀਂ ‘ਜਨਮੁ’ ਇੱਕ ਵਚਨ ਇਸ ਮੌਜੂਦਾ ਜੀਵਨ ਲਈ ਆਇਆ ਹੈ।

ਗੁਰੂ ਗ੍ਰੰਥ ਸਾਹਿਬ `ਚ ਕਿਤੇ ਨਹੀਂ ਲਿਖਿਆ ਕਿ ਬੰਦੇ ਦੇ ਕੀਤੇ ਕਰਮਾਂ ਦਾ ਹਿਸਾਬ ਇਸੇ ਜਨਮ ਵਿੱਚ ਚੁਕਤਾ ਹੋਈ ਜਾਂਦਾ ਹੈ। ਕਬੀਰ ਜੀ ਕਹਿੰਦੇ ਹਨ:

“ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ”॥ (ਪੰਨਾ-1104)। ਬਾਕੀ ਦੇਣ-ਦਾਰੀ ਭਾਰੀ ਤਾਂ ਹੀ ਨਿਕਲ ਸਕਦੀ ਹੈ ਜੇ ਨਾਲ ਦੀ ਨਾਲ ਹਿਸਾਬ ਚੁਕਤਾ ਨਾ ਹੋਵੇ।

ਜੇ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾਂਦਾ ਹੈ ਤਾਂ ਹੋਰ ਜੂਨੀਆਂ ਦੇ ਜੀਵਾਂ ਦੀ ਗੱਲ ਛੱਡੋ, ਕਈ ਬੱਚੇ ਜਨਮ ਤੋਂ ਹੀ ਅਪਾਹਜ ਹੁੰਦੇ ਹਨ, ਕਈ ਦੋ-ਦੋ, ਚਾਰ-ਚਾਰ ਸਾਲ ਦੇ ਬੱਚੇ ਜਿਨ੍ਹਾਂ ਨੇਂ ਦੁਨੀਆਂ ਤੇ ਹਜੇ ਚੰਗਾ ਮਾੜਾ ਕੰਮ ਤਾਂ ਕੀ ਕਰਨਾ ਹੈ ਜਿਨ੍ਹਾਂ ਨੂੰ ਹਜੇ ਆਪਣੇ ਆਪ ਦੀ ਵੀ ਸੋਝੀ ਨਹੀਂ ਹੁੰਦੀ ਉਨ੍ਹਾਂ ਨਾਲ ਐਸੇ ਐਸੇ ਹਾਦਸੇ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਸਾਰੀ ਉਮਰ ਦਾ ਸੰਤਾਪ ਬਣ ਜਾਂਦੇ ਹਨ। ਉਹ ਕਿਹੜੇ ਮਾੜੇ ਕੰਮਾਂ ਦਾ ਨਕਦ ਫ਼ਲ ਭੁਗਤਦੇ ਹਨ?

ਆਵਾਗਉਣ ਨੂੰ ਨਾ ਮੰਨਣ ਵਾਲੇ ਵਿਦਵਾਨਾਂ ਵੱਲੋਂ ਆਵਾਗਉਣ ਅਤੇ ਆਤਮਾ ਸੰਬੰਧੀ ਲਫ਼ਜ਼ਾਂ ਦੇ ‘ਪ੍ਰੋ: ਸਾਹਿਬ ਸਿੰਘ’ ਅਤੇ ‘ਭਾਈ ਕਾਨ੍ਹ ਸਿੰਘ ਨਾਭਾ’ ਦੁਆਰਾ ਦਰਸਾਏ ਗਏ ਅਰਥਾਂ ਦੀ ਬੜੀ ਲੰਮੀ ਚੌੜੀ ਲਿਸਟ ਪੇਸ਼ ਕੀਤੀ ਜਾਂਦੀ ਹੈ ਤਾਂ ਕਿ ਪੜ੍ਹਨ ਵਾਲਾ ਸਮਝੇ ਕਿ ਇਹ ਸੱਜਣ ਜੀ ਤਾਂ ਉਹੀ ਕੁੱਝ ਪੇਸ਼ ਕਰ ਰਹੇ ਹਨ ਜੋ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖਿਆ ਹੈ। ਪਰ ਅਸਲ ਵਿੱਚ ਇਨ੍ਹਾਂ ਵਲੋਂ ਗੁਰਬਾਣੀ ਦੀਆਂ ਜੋ ਉਦਾਹਰਣਾਂ ਪੇਸ਼ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਦੇ ਆਪਣੇ ਹੀ ਘੜੇ ਹੋਏ ‘ਡੂੰਘੇ’ (?) ਅਰਥ ਲਿਖ ਦਿੱਤੇ ਜਾਂਦੇ ਹਨ। ਅਸਲ ਵਿੱਚ ਕਿਉਂਕਿ ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਹਨ ਜਿਨ੍ਹਾਂ ਦੇ ਸਿੱਧੇ ਅਰਥ ਕਰਨੇ ਨਾ-ਮੁਮਕਿਨ ਹਨ। ਸੋ ਏਹ ਵਿਦਵਾਨ ਇਸ ਗੱਲ ਦਾ ਸਹਾਰਾ ਲੈਕੇ ਆਵਾਗਉਣ ਸੰਬੰਧੀ ਹਰ ਸ਼ਬਦ ਦੇ ਅਰਥ ਆਪਣੀ ਮਰਜੀ ਦੇ ਹੀ ਕਰੀ ਜਾ ਰਹੇ ਹਨ। ਮਿਸਾਲ ਦੇ ਤੌਰ ਤੇ ਇਹ ਸ਼ਬਦ ਪੇਸ਼ ਕੀਤਾ ਜਾਂਦਾ ਹੈ: ਫੀਲ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ ਭੈਂਸਾ ਭਗਤਿ ਕਰਾਵੈ…॥ (ਪੰਨਾ-477)। ਕਿਉਂਕਿ ਇਸ ਸਾਰੇ ਸ਼ਬਦ ਦੇ ਜੇ ਅੱਖਰੀਂ ਅਰਥ ਕੀਤੇ ਜਾਣ ਤਾਂ ਅਰਥ ਹੋ ਹੀ ਨਹੀਂ ਸਕਦੇ। ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਆਪਣੀ ਮਰਜੀ ਦੇ ਹੀ ਅਰਥ ਕਰ ਦਿੱਤੇ ਜਾਣ। ਆਮ ਤੌਰ ਤੇ ਹਰ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਸ਼ਬਦ ਦਾ ਅਸਲੀ ਭਾਵ ਦਿੱਤਾ ਹੁੰਦਾ ਹੈ ਜਿਸ ਤੋਂ ਸੇਧ ਲੈ ਕੇ ਸਾਰੇ ਸ਼ਬਦ ਦੇ ਅਰਥ ਕੀਤੇ ਜਾ ਸਕਦੇ ਹਨ। ਉਪਰ ਵਰਣਿਤ ਸ਼ਬਦ ਵਿੱਚ ਵੀ ਰਹਾਉ ਦੀ ਤੁਕ ਵਿੱਚ ਸ਼ਬਦ ਦਾ ਭਾਵ ਅਰਥ ਸ਼ਾਮਲ ਹੈ ਅਤੇ ਪ੍ਰੋ: ਸਾਹਿਬ ਸਿੰਘ ਨੇ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਇਸ ਸੰਬੰਧੀ ਤਿੰਨ ਨੋਟ ਲਿਖੇ ਹਨ ਜਿਨ੍ਹਾਂ ਦੋਂ ਪਤਾ ਲੱਗਦਾ ਹੈ ਕਿ ਸ਼ਬਦ ਦੇ ਅਸਲੀ ਅਰਥ ਕੀ ਅਤੇ ਕਿਉਂ ਹਨ। ਇਸੇ ਤਰ੍ਹਾਂ ਗੁਰਬਾਣੀ ਵਿੱਚ ਆਏ ਹਰ ਸ਼ਬਦ ਜਿਸ ਦੀ ਕਿ ਸਿੱਧੇ ਅਰਥ ਕਰ ਕੇ ਵਿਆਖਿਆ ਨਹੀਂ ਹੋ ਸਕਦੀ ਉਸ ਦੀ ਗੁਰਬਾਣੀ ਵਿੱਚੋਂ ਹੀ ਸੇਧ ਮਿਲ ਜਾਂਦੀ ਹੈ। ਪਰ ਆਵਾਗਉਣ ਨੂੰ ਨਾ ਮੰਨਣ ਵਾਲੇ ਵਿਦਵਾਨ ਕੋਈ ਇੱਕ ਵੀ ਐਸੀ ਉਦਾਹਰਣ ਪੇਸ਼ ਨਹੀਂ ਕਰਦੇ ਜਿਸ ਵਿੱਚ ਸਾਫ਼ ਲਿਖਿਆ ਹੋਵੇ ਕਿ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਜਾਂ ਕੋਈ ਹੋਰ ਜੀਵ ਕਿਸੇ ਦਾ ਮਰਨ ਤੋਂ ਪਿੱਛੋਂ ਫੇਰ ਜਨਮ ਨਹੀਂ ਹੁੰਦਾ। ‘ਆਵਾਗਉਣ’ ਨਾ ਹੋਣ ਬਾਰੇ ਵੀ ਗੁਰਬਾਣੀ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਹਨ, ਪਰ ਐਸੀਆਂ ਤੁਕਾਂ ਵਿੱਚ ਆਵਾਗਉਣ ਨਾ ਹੋਣ ਲਈ ਕੋਈ ਨਾ ਕੋਈ ‘ਗੁਰਮੁਖ’ ਹੋਣ ਦੀ ਸ਼ਰਤ ਹੁੰਦੀ ਹੈ। ਗੁਰਮੁਖ ਹੋਣ ਦੀ ‘ਸ਼ਰਤ’ ਏਸ ਗੱਲ ਨੂੰ ਹੋਰ ਪੱਕਿਆਂ ਕਰਦੀ ਹੈ ਕਿ ਜੇ ਬੰਦਾ ਗੁਰਮੁਖ ਹੈ ਤਾਂ ਉਸ ਨੂੰ ਆਵਾਗੳੇੁਣ ਨਹੀਂ ਹੈ, ਨਹੀਂ ਤਾਂ ਉਸ ਨੂੰ ਆਵਾਗਉਣ ਭੋਗਣਾ ਪੈਣਾ ਹੈ।

ਆਤਮਾ ਅਤੇ ਆਵਾਗਉਣ-2

ਭਾਈ ਕਾਨ੍ਹ ਸਿੰਘ ਨਾਭਾ ਨੇ ਆਵਾਗਉਣ ਬਾਰੇ ਕੀ ਲਿਖਿਆ ਹੈ ਪੇਸ਼ ਹਨ ਉਨ੍ਹਾਂ ਦੀ ਲਿਖਤ ਦੇ ਅੰਸ਼:

1- “ਆਵਾਗਮਨ ਸਿੱਖ ਔਰ ਹਿੰਦੂ ਹੀ ਨਹੀਂ ਮੰਨਦੇ ਸਗੋਂ ਪ੍ਰਾਚੀਨ ਸਮੇਂ ਵਿੱਚ ਮਿਸਰ ਔਰ ਯੁਨਾਨ ਨਿਵਾਸੀ ਭੀ ਇਸ ਬਾਤ ਦੇ ਵਿਸ਼੍ਵਾਸੀ ਸੇ। ਔਰ ਇੰਗਲਿਸਤਾਨ ਦੇ ਡਰੂਇਡ (Druid) ਪਾਦਰੀ, ਤਥਾ ਪੀਥਾਗੋਰਸ (Pythagors) ਐਮਪੀ ਡੇਕਲਸ (Empedocles) ਆਦਿਕ ਫਿਲੌਸਫ਼ਰ ਭੀ ਆਵਾਗਮਨ ਮੰਨਣ ਵਾਲੇ ਹੋਏ ਹਨ”। (ਦੇਖੋ ‘ਹਮ ਹਿੰਦੂ ਨਹੀਂ’ - ਪੰਨਾ 142)।

2- “ਆਵਾਗਉਣ= 1-ਆਉਣ ਜਾਣ ਦੀ ਕਿਰਿਆ, ਆਗਮਨ ਅਤੇ ਗਮਨ, ਆਵਾਜਾਈ, 2- ਜਨਮ ਮਰਣ, ਪੈਦਾ ਹੋਣਾ ਅਤੇ ਮਰਨਾ। 3- ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾਂ ਦੇ ਫ਼ਲ ਭੋਗਣ ਲਈ ਮਨੁੱਖ ਪਸ਼ੂ ਪੰਖੀ ਆਦਿ ਚੌਰਾਸੀ ਲੱਖ ਜੂਨਾਂ ਵਿੱਚ ਜੰਮਣਾ ਅਤੇ ਮਰਨਾ, ਇਸ ਸੰਸਾਰ ਚਕ੍ਰ ਤੋਂ, ਆਤਮ- ਗ੍ਯਾਨ ਪ੍ਰਾਪਤ ਹੋਣ ਪੁਰ, ਜਦ ਕਰਮ ਜਾਲ ਤੋਂ ਛੁਟਕਾਰਾ ਹੁੰਦਾ ਹੈ ਤਦ ਜੀਵ ਮੁਕਤਿ ਪਾਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ। …ਬੌਧ, ਜੈਨੀ, ਹਿੰਦੂ, ਸਿੱਖ ਅਤੇ ਨਵੀਨ ਬ੍ਰਹਮਵੇਤਾ (Theosophists) ਸਾਰੇ ਇਸ ਸਿਧਾਂਤ ਨੂੰ ਅੰਗੀਕਾਰ ਕਰਦੇ ਹਨ”। (ਦੇਖੋ ‘ਮਹਾਨ ਕੋਸ਼’ - ਆਵਾਗਉਣ)।

3- “ਆਵਾਗੌਣ- ਜੀਵ ਆਪਣੇ ਸ਼ੁਭ ਅਸ਼ੁਭ ਕਰਮਾਂ ਅਨੁਸਾਰ ਜੋ ਊਚ ਨੀਚ ਜਨਮ ਜੂਨੀਆਂ ਵਿੱਚ ਆਉਂਦਾ ਜਾਂਦਾ ਹੈ ਇਸ ਦਾ ਨਾਉਂ ਆਵਾਗੌਣ (ਆਵਾਗਮਨ) ਹੈ।

ਗਉੜੀ ਮਹਲਾ ੫- ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ॥ ਮਿਲ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਏਹ ਦੇਹ ਸੰਜਰੀਆ॥ ਕਈ ਜਨਮ ਸਾਖ ਕਰ ਉਪਾਇਆ ਲਖ ਚਉਰਾਸੀਹ ਜੋਨਿ ਭ੍ਰਮਾਇਆ॥ ਸਾਧਸੰਗ ਭਇਓ ਜਨਮ ਪਰਾਪਤ ਕਰ ਸੇਵਾ ਭਜ ਹਰਿ ਹਰਿ ਗੁਰਮਤ॥

2- ਆਸਾ ਮਹਲਾ ੧- ਏਤੁ ਮੋਹ ਫਿਰ ਜੂਨੀ ਪਾਹਿ ਮੋਹੇ ਲਾਗਾ ਜਮਪੁਰਿ ਜਾਹਿ॥

3- ਵਾਰ ਆਸਾ- ਏਹ ਜੀਉ ਬਹੁਤੇ ਜਨਮ ਭਰਮਿਆ. .॥

4-ਵਾਰ ਆਸਾ- ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ…॥

5- ਜੈਤਸਰੀ ਮਹਲਾ ੫-ਉਦਮ ਕਰਹਿ ਅਨੇਕ ਹਰਿ ਨਾਮ ਨ ਗਾਵਹੀ॥ ਭਰਮਹਿ ਜੋਨਿ ਅਸੰਖ ਮਰ ਜਨਮਹਿ ਆਵਹੀ॥ ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸ ਭੋਗ ਭੋਗਹਿ ਕੀਆ ਅਪਣਾ ਪਾਵਏ॥

6- ਰਾਮਕਲੀ ਮਹਲਾ ੫- ਮਨ ਤਨ ਥਾਪ ਕੀਆ ਸਭ ਆਪਣਾ ਏਹੋ ਆਵਣ ਜਾਣਾ॥”

ਫੁਟ-ਨੋਟ: “ਬ੍ਰਿਖ ਜੋਇਓ= ਬੈਲ ਹੋ ਕੇ ਹਲ ਆਦਿਕ ਵਿੱਚ ਜੋਤਿਆ ਗਿਆ” {ਨੋਟ: ਕਈ ਵਿਦਵਾਨ ਬ੍ਰਿਖ ਦਾ ਅਰਥ ਬਿਰਖ, ਦਰਖਤ ਕਰਦੇ ਹਨ ਜੋ ਕਿ ਠੀਕ ਨਹੀਂ ਹੈ- ਇਹ ਨੋਟ ਭਾਈ ਕਾਨ੍ਹ ਸਿੰਘ ਜੀ ਦਾ ਨਹੀਂ ਹੈ} ਚਿਰੰਕਾਲ ਇਹ ਦੇਹ ਸੰਜਰੀਆ= ਚਿਰ ਪਿੱਛੋਂ ਏਹ ਮਾਨੁਸ਼ ਦੇਹ ਮਿਲੀ ਹੈ। ਬੀਜ ਬੋਵਸ ਭੋਗ ਭੋਗਹਿ ਕੀਆ ਆਪਣਾ ਪਾਵਏ= ਜੇਹਾ ਕਰਮ ਦਾ ਬੀਜ ਬੀਜਦੇ ਹਨ ਤੇਹਾ ਆਪਣੇ ਕੀਤੇ ਦਾ ਫ਼ਲ ਭੋਗਦੇ ਹਨ। ਉਪਦੇਸ਼ ਏਹ ਹੈ ਕਿ ਕੁਕਰਮਾਂ ਤੋਂ ਸਦਾ ਬਚਣਾ ਚਾਹੀਏ. ਸ੍ਰੀ ਗੁਰੂ ਨਾਨਕ ਦੇਵ ਆਸਾ ਦੀ ਵਾਰ ਵਿੱਚ ਆਗ੍ਯਾ ਕਰਦੇ ਹਨ- “ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ”।

ਭਾਈ ਕਾਨ੍ਹ ਸਿੰਘ ਨਾਭਾ ਆਵਾਗਉਣ ਦੀ ਸਮਾਪਤੀ ਇਸ ਤਰ੍ਹਾਂ ਦੱਸਦੇ ਹਨ:

ਗੁਰਮਤ ਨੂੰ ਮਨ ਵਸਾ ਕੇ ਜਦ ਪੁਰਸ਼ ਕੁਕਰਮਾਂ ਤੋਂ ਮਨ ਫੇਰਦਾ ਹੈ ਔਰ ਸ਼ੁਭਗੁਣਾਂ ਨੂੰ ਚਿੱਤ ਵਿੱਚ ਨਿਵਾਸ ਦਿੰਦਾ ਹੋਇਆ ਗੁਰਉਪਦੇਸ਼ ਪਰ ਅਮਲ ਕਰਦਾ ਹੈ ਤਦ ਅਗ੍ਯਾਨ ਦਾ ਨਾਸ਼ ਔਰ ਗ੍ਯਾਨ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਕਰਕੇ ਆਵਾਗੌਣ ਦੀ ਸਮਾਪਤੀ ਹੋ ਜਾਂਦੀ ਹੈ

ਸਿਰੀ ਰਾਗ ਮਹਲਾ ੫- ਪੈ ਪਾਇ ਮਨਾਈ ਸੋਇ ਜੀਉ…. . ਹਉ ਬਾਹੁੜ ਛਿੰਝ ਨ ਨਚਊ ਨਾਨਕ ਅਉਸਰ ਲਧਾ ਭਾਲ ਜੀਉ॥ (ਨੋਟ: ਸਾਰਾ ਸ਼ਬਦ ਲੰਮਾ ਹੋਣ ਕਰਕੇ ਸਿਰਫ ਪਹਿਲੀ ਅਤੇ ਆਖੀਰਲੀ ਪੰਗਤੀ ਹੀ ਲਿਖੀ ਗਈ ਹੈ। ਸਾਰੇ ਸ਼ਬਦ ਦਾ ਭਾਵ ਅਰਥ ਇਹੀ ਹੈ (ਗੁਰੂ ਸਾਹਿਬ ਕਹਿੰਦੇ ਹਨ) ਕਿ ਗੁਰੂ ਦੀ ਕਿਰਪਾ ਨਾਲ ਮੈਂ ਮੰਦੇ ਕੰਮਾਂ ਦਾ ਤਿਆਗ ਕਰਕੇ ਸੁਭ ਗੁਣਾਂ ਨੂੰ ਅਪਣਾ ਲਿਆ ਹੈ। ਕਾਮ ਕ੍ਰੋਧ ਆਦਿ ਪੰਜਾਂ ਵਕਾਰਾਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ ਬਲਕਿ ਮੁਜਾਰਿਆਂ ਦੀ ਤਰ੍ਹਾਂ ਹੁਣ ਇਹ ਮੇਰੇ ਆਖੇ ਲੱਗਦੇ ਹਨ। ਹੁਣ ਮੈਨੂੰ ਬਾਰ ਬਾਰ ਜੱਗ ਤੇ ਜੀਵਨ ਦੀ ਖੇਡ ਖੇਡਣ ਲਈ ਨਹੀਂ ਆਉਣਾ ਪੈਣਾ)।

2- ਗਉੜੀ ਮਹਲਾ ੫- ਨਿਜਘਰ ਮਹਿਲ ਪਾਵਹੁ ਸੁਖ ਸਹਜੇ ਬਹੁਰ ਨ ਹੋਇਗੋ ਫੇਰਾ॥

ਨਿਜਘਰ ਮਹਲ= ਆਪਣੇ ਆਤਮ ਸ੍ਵਰੂਪ ਵਿੱਚ ਇਸਥਿਤੀ।

(ਇਸੇ ਤਰ੍ਹਾਂ ਦੀਆਂ 4-5 ਹੋਰ ਉਦਾਹਰਣਾਂ ਭਾਈ ਸਾਹਬ ਵੱਲੋਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਗੁਰਮੁਖਾਂ ਦਾ ਆਵਾਗਉਣ ਕੱਟੇ ਜਾਣ ਦਾ ਜ਼ਿਕਰ ਹੈ)

ਪੇਸ਼ ਹਨ ਆਤਮਾ, ਜੀਵਾਤਮਾ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰੋ: ਸਾਹਿਬ ਸਿੰਘ ਦੇ ਮਿਲਵੇਂ ਵਿਚਾਰ।

ਕਾਨ੍ਹ ਸਿੰਘ ਨਾਭਾ ਨੇ ਜੀਵਾਤਮਾ ਸਿਰਲੇਖ ਹੇਠ ਗੁਰੁਮਤ ਪ੍ਰਭਾਕਰ ਵਿੱਚ ਕੁੱਝ ਉਦਾਹਰਣਾਂ ਗੁਰੂ ਗ੍ਰੰਥ ਸਾਹਬ ਚੋਂ ਪੇਸ਼ ਕੀਤੀਆਂ ਹਨ ਅਤੇ ਪੇਸ਼ ਹਨ ਪ੍ਰੋ: ਸਾਹਿਬ ਸਿੰਘ ਨੇ ਉਨ੍ਹਾਂ ਦੇ ਜੋ ਅਰਥ/ਭਾਵਾਰਥ ਕੀਤੇ ਹਨ। (ਨੋਟ: ਜਿਨ੍ਹਾਂ ਅੱਖਰਾਂ ਦੇ ਥੱਲੇ ਲਾਇਨ ਹੈ ਉਹੀ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਉਦਾਹਰਣ ਵਜੋਂ ਪੇਸ਼ ਕੀਤੇ ਗਏ ਹਨ)।

1- “ਕਾ ਕੀ ਮਾਈ ਕਾ ਕੋ ਬਾਪੁ॥ ਨਾਮ ਧਾਰੀਕ ਝੂਠੇ ਸਭਿ ਸਾਕ॥ ਕਾਹੇ ਕਉ ਮੂਰਖ ਭਖਲਾਇਆ॥ ਮਿਲਿ ਸੰਜੋਗ ਹੁਕਮਿ ਤੂੰ ਆਇਆ॥ ੧॥ ਰਹਾਉ॥ ਏਕਾ ਮਾਟੀ ਏਕਾ ਜੋਤਿ॥ ਏਕੋ ਪਵਨੁ ਕਹਾ ਕਉਨੁ ਰੋਤਿ॥ ੨॥ ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥ ੩॥ ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ॥ ੪॥” (ਪੰਨਾ-188)।

ਅਰਥ: “(ਅਸਲ ਵਿੱਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ। (ਮਾਂ ਪਿਉ, ਪੁੱਤ੍ਰ, ਇਸਤ੍ਰੀ, ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ ਕਹਿਣ-ਮਾਤ੍ਰ ਹੀ ਹਨ॥ ੧॥ ਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ? (ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿੱਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿੱਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ)॥ ੧॥ ਸਭ ਜੀਵਾਂ ਦੀ ਇੱਕੋ ਹੀ ਮਿੱਟੀ ਹੈ, ਸਭ ਵਿੱਚ (ਕਰਤਾਰ ਦੀ) ਇੱਕੋ ਹੀ ਜੋਤ ਮੌਜੂਦ ਹੈ, ਸਭ ਵਿੱਚ ਇੱਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇੱਕਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ। (ਕਿਸੇ ਨੂੰ ਕਿਸੇ ਵਾਸਤੇ ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ)॥ ੨॥

ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) ‘ਮੇਰਾ, ਮੇਰਾ ਆਖਕੇ ਵਿਲਕਦੇ ਹਨ (ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ‘ਮੇਰਾ’ ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ॥ ੩॥

ਹੇ ਨਾਨਕ! ਆਖ- ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ, ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਨ੍ਹਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ॥ ੪॥”

ਇੱਥੇ ਸ਼ਬਦ ਦਾ ਭਾਵ ਸਾਫ ਹੈ ਕਿ ਜੀਵਾਤਮਾ ਕਦੇ ਮਰਦੀ ਨਹੀਂ। ਕਿਸੇ ਦੇ ਮਰ ਜਾਣ ਤੇ ਸਰੀਰ/ਮਿੱਟੀ, ਮਿੱਟੀ ਵਿੱਚ ਮਿਲ ਜਾਂਦੀ ਹੈ। ਪਿਛਲੇ ਸੰਜੋਗਾਂ ਕਰਕੇ ਜੀਵ ਇੱਥੇ ਜਨਮ ਲੈ ਕੇ ਆਉਂਦਾ ਹੈ। ਹੁਣ ਜਿਨ੍ਹਾਂ ਨੂੰ ਆਪਾਂ ਆਪਣੇ ਮਾਂ ਪਿਉ ਸਮਝਦੇ ਹਾਂ ਇਹ ਸਦਾ ਦਾ ਰਿਸ਼ਤਾ ਨਹੀਂ ਹੈ। ਸਭ ਜੀਵ ਇੱਕੋ ਮਿੱਟੀ ਤੋਂ ਬਣੇ ਹਨ ਅਤੇ ਸਭ ਵਿੱਚ ਉਸ ਪ੍ਰਭੂ ਦੀ ਇੱਕੋ ਹੀ ਜੋਤ ਹੈ। ਪਰ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦੇ ਸੰਜੋਗ ਨਾਲ ਕਿਸੇ ਹੋਰ ਮਾਂ ਪਿਉ ਦੇ ਘਰ ਜਨਮ ਲੈ ਕੇ ਆ ਜਾਂਦੇ ਹਾਂ। ਪਰ ਗੁਰੂ ਦੇ ਲੜ ਲੱਗਣ ਵਾਲਿਆਂ ਦੇ ਮੋਹ ਮਾਇਆ ਦੇ ਸਾਰੇ ਬੰਧਨ (ਜਨਮ ਮਰਣ ਦੇ ਬੰਧਨ) ਮੁੱਕ ਜਾਂਦੇ ਹਨ।

2- “ਬਾਂਛਤ ਨਾਹੀ ਸੁ ਬੇਲਾ ਆਈ॥ ਬਿਨੁ ਹੁਕਮੈ ਕਿਉ ਬੁਝੈ ਬੁਝਾਈ॥ ੧॥ ਠੰਢੀ ਤਾਤੀ ਮਿਟੀ ਖਾਈ॥ ਓਹ ਨ ਬਾਲਾ ਬੂਢਾ ਭਾਈ॥ ੧॥ ਰਹਾਉ॥ ਨਾਨਕ ਦਾਸ ਸਾਧ ਸਰਣਾਈ॥ ਗੁਰ ਪ੍ਰਸਾਦਿ ਭਉ ਪਾਰਿ ਪਰਾਈ॥ ੨॥ (ਪੰਨਾ-378)।

ਅਰਥ: (ਹੇ ਭਾਈ!) ਜਿਸ ਨੂੰ ਕੋਈ ਪਸੰਦ ਨਹੀਂ ਕਰਦਾ, ਮੌਤ ਦਾ ਉਹ ਸਮਾਂ ਜ਼ਰੂਰ ਆ ਜਾਂਦਾ ਹੈ (ਮਨੁੱਖ ਫਿਰ ਭੀ ਨਹੀਂ ਸਮਝਦਾ ਕਿ ਮੌਤ ਜ਼ਰੂਰ ਆਉਣੀ ਹੈ) ਜਦ ਪਰਮਾਤਮਾ ਦਾ ਹੁਕਮ ਨਾਹ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ।

ਹੇ ਭਾਈ! ਜੀਵਾਤਮਾ (ਪਰਮਾਤਮਾ ਦੀ ਅੰਸ਼ ਹੈ ਜੋ) ਨਾਹ ਕਦੇ ਬਾਲਕ ਹੈ ਤੇ ਨਾਹ ਕਦੇ ਬੁੱਢਾ ਹੈ (ਉਹ ਕਦੇ ਨਹੀਂ ਮਰਦਾ। ਸਰੀਰ ਹੀ ਕਦੇ ਬਾਲਕ ਹੈ ਕਦੇ ਜਵਾਨ ਹੈ, ਕਦੇ ਬੁੱਢਾ ਹੈ ਤੇ ਫਿਰ ਮਰ ਜਾਂਦਾ ਹੈ। ਮਰੇ ਸਰੀਰ ਨੂੰ) ਜਲ ਪ੍ਰਵਾਹ ਕੀਤਾ ਜਾਂਦਾ ਹੈ, ਅੱਗ ਸਾੜ ਦੇਂਦੀ ਹੈ ਜਾਂ (ਦੱਬਿਆਂ) ਮਿੱਟੀ ਖਾ ਜਾਂਦੀ ਹੈ॥ ਰਹਾਉ॥

ਹੇ ਦਾਸ ਨਾਨਕ! ਗੁਰੂ ਦੀ ਸ਼ਰਨ ਪਿਆਂ ਹੀ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਮੌਤ ਦੇ) ਡਰ-ਸਹਮ ਤੋਂ ਪਾਰ ਲੰਘ ਸਕਦਾ ਹੈ।

3- “ਅਚਰਜ ਕਥਾ ਮਹਾ ਅਨੂਪ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪ॥ ਰਹਾਉ॥ ਨਾ ਇਹੁ ਬੂਢਾ ਨਾ ਇਹੁ ਬਾਲਾ॥ ਨਾ ਇਸੁ ਦੂਖੁ ਨਹੀ ਜਮ ਜਾਲਾ॥ ਨਾ ਇਹੁ ਬਿਨਸੈ ਨਾ ਇਹੁ ਜਾਇ॥ ਆਦਿ ਜੁਗਾਦੀ ਰਹਿਆ ਸਮਾਇ॥ ੧॥ ਨਾ ਇਸੁ ਉਸਨੁ ਨਹੀ ਇਸੁ ਸੀਤ॥ ਨਾ ਇਸੁ ਦੁਸਮਨੁ ਨਾ ਇਸੁ ਮੀਤ॥ ਨਾ ਇਸੁ ਹਰਖੁ ਨਹੀ ਇਸ ਸੋਗੁ॥ ਸਭੁ ਕਿਛੁ ਇਸੁ ਕਾ ਇਹੁ ਕਰਨੇ ਜੋਗੁ॥ ੨॥ ਨਾ ਇਸੁ ਬਾਪੁ ਨਹੀ ਇਸੁ ਮਾਇਆ॥ ਇਹੁ ਅਪਰੰਪਰੁ ਹੋਤਾ ਆਇਆ॥ ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ॥ ਘਟ ਘਟ ਅੰਤਰਿ ਸਦ ਹੀ ਜਾਗੈ॥ ੩॥ (ਪੰਨਾ-868)।

ਅਰਥ: ਹੇ ਭਾਈ! ਜੀਵਾਤਮਾ ਉਸ ਪਰਮਾਤਮਾ ਦਾ ਰੂਪ ਹੈ ਜਿਸ ਦੀ ਸਿਫ਼ਤ ਸਾਲਾਹ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਤੇ ਬੜੀਆਂ ਅਦੂਤੀ ਹਨ॥ ਰਹਾਉ॥

(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਨਾਹ ਇਹ ਕਦੇ ਬੁੱਢਾ ਹੁੰਦਾ ਹੈ, ਨਾਹ ਹੀ ਇਹ ਕਦੇ ਬਾਲਕ (ਅਵਸਥਾ ਵਿੱਚ ਪਰ-ਅਧੀਨ) ਹੁੰਦਾ ਹੈ। ਇਸ ਨੂੰ ਕੋਈ ਦੁਖ ਨਹੀਂ ਪੋਹ ਸਕਦਾ, ਜਮਾਂ ਦਾ ਜਾਲ ਫਸਾ ਨਹੀਂ ਸਕਦਾ। (ਪਰਮਾਤਮਾ ਐਸਾ ਹੈ ਕਿ) ਨਾਹ ਇਹ ਕਦੇ ਮਰਦਾ ਹੈ ਨਾਹ ਜੰਮਦਾ ਹੈ, ਇਹ ਤਾਂ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ (ਹਰ ਥਾਂ) ਵਿਆਪਕ ਚੱਲਿਆ ਆ ਰਿਹਾ ਹੈ।

ਹੇ ਭਾਈ! ਜੀਵਾਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਨੂੰ (ਵਿਕਾਰਾਂ ਦੀ) ਤਪਸ਼ ਨਹੀਂ ਪੋਹ ਸਕਦੀ, (ਚਿੰਤਾ ਫਿਕਰ ਦਾ) ਪਾਲਾ ਨਹੀਂ ਵਿਆਪ ਸਕਦਾ। ਨਾਹ ਇਸ ਦਾ ਕੋਈ ਵੈਰੀ ਹੈ ਨਾਹ ਮਿੱਤਰ ਹੈ (ਕਿਉਂਕਿ ਇਸ ਦੇ ਬਰਾਬਰ ਦਾ ਕੋਈ ਨਹੀਂ)। ਕੋਈ ਖੁਸ਼ੀ ਜਾਂ ਗਮੀ ਭੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। (ਜਗਤ ਦੀ) ਹਰੇਕ ਸ਼ੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ, ਇਹ ਸਭ ਕੁੱਝ ਕਰਨ ਦੇ ਸਮਰੱਥ ਹੈ।

ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਦਾ ਨਾਹ ਕੋਈ ਪਿਉ ਹੈ, ਨਾਹ ਇਸ ਦੀ ਕੋਈ ਮਾਂ ਹੈ। ਇਹ ਤਾਂ ਪਰੇ ਤੋਂ ਪਰੇ ਹੈ, ਤੇ ਸਦਾ ਹੀ ਹੋਂਦ ਵਾਲਾ ਹੈ। ਪਾਪਾਂ ਅਤੇ ਪੁੰਨਾਂ ਦਾ ਭੀ ਇਸ ਉਤੇ ਕੋਈ ਅਸਰ ਨਹੀਂ ਪੈਂਦਾ। ਇਹ ਪ੍ਰਭੂ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ, ਅਤੇ ਸਦਾ ਹੀ ਸੁਚੇਤ ਰਹਿੰਦਾ ਹੈ।

4- ਗੌਂਡ ਕਬੀਰ_ ਨਾ ਇਹੁ ਮਾਨਸੁ ਨਾ ਇਹੁ ਦੇਉ॥ ਨਾ ਇਹੁ ਜਤੀ ਕਹਾਵੈ ਸੇਉ॥ ਨਾ ਇਹੁ ਜੋਗੀ ਨਾ ਅਵਧੂਤਾ॥ ਨਾ ਇਸੁ ਮਾਇ ਨ ਕਾਹੂ ਪੂਤਾ॥ ੧॥ ਇਆ ਮੰਦਰ ਮਹਿ ਕੌਨ ਬਸਾਈ॥ ਤਾ ਕਾ ਅੰਤ ਨਾ ਕੋਊ ਪਾਈ॥ ੧॥ ਰਹਾਉ॥ ਨਾ ਇਹੁ ਗਿਰਹੀ ਨਾ ਓਦਾਸੀ॥ ਨਾ ਇਹੁ ਰਾਜ ਨ ਭੀਖ ਮੰਗਾਸੀ॥ ਨਾ ਇਸੁ ਪਿੰਡੁ ਨ ਰਕਤੁ ਰਾਤੀ॥ ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ॥ ੨॥ ਨਾ ਇਹੁ ਤਪਾ ਕਹਾਵੈ ਸੇਖੁ॥ ਨਾ ਇਹੁ ਜੀਵੈ ਨ ਮਰਤਾ ਦੇਖੁ॥ ਇਸੁ ਮਰਤੇ ਕਉ ਜੇ ਕੋਊ ਰੋਵੈ॥ ਜੋ ਰੋਵੈ ਸੋਈ ਪਤਿ ਖੋਵੈ॥ ੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ॥ ਜੀਵਨ ਮਰਨੁ ਦੋਊ ਮਿਟਵਾਇਆ॥ ਕਹੁ ਕਬੀਰ ਇਹ ਰਾਮ ਕੀ ਅੰਸੁ॥ ਜਸੁ ਕਾਗਦ ਪਰ ਮਿਟੈ ਨ ਮੰਸੁ॥ ੪॥ (ਪੰਨਾ 871)।

ਇਸ ਸਾਰੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ: ਸਦਾ ਲਈ ਨਾ ਕੋਈ ਜਤੀ ਹੈ ਨਾ ਜੋਗੀ ਹੈ ਨਾ ਸਦਾ ਲਈ ਇਸ ਦੀ ਕੋਈ ਮਾਂ ਹੈ ਨਾ ਪਿਉ (ਕਦੇ ਕਿਸੇ ਮਾਂ ਪਿਉ ਦੇ ਘਰ ਜਨਮ ਲੈ ਕੇ ਆ ਜਾਂਦਾ ਹੈ ਕਦੇ ਕਿਸੇ)। ਜਿਸ ਜੂਨ ਵਿੱਚ ਜਿਸ ਤਰ੍ਹਾਂ ਦਾ ਸਰੀਰ ਧਾਰਦਾ ਹੈ ਅਤੇ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਹੀ ਕੁੱਝ ਅਖਵਾਉਂਦਾ ਹੈ।

ਜਿਹੜੇ ਲੋਕ ਆਤਮਾ ਬਾਰੇ ਕਿਸਮ ਕਿਸਮ ਦੇ ਸਵਾਲ ਕਰਦੇ ਹਨ ਉਨ੍ਹਾਂ ਨੂੰ ਸ਼ਬਦ ਦੀ ਰਹਾਉ ਦੀ ਪੰਗਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਰਹਾਉ ਦੀ ਪੰਗਤੀ ਦੇ ਅਰਥ: (ਸਾਡੇ) ਇਸ ਸਰੀਰ ਰੂਪ ਘਰ ਵਿੱਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ? ਇਸ ਗੱਲ ਦੀ ਤਹਿ ਵਿੱਚ ਕੋਈ ਨਹੀਂ ਅਪੜਿਆ। ਰਹਾਉ।

ਇਸ ਸ਼ਬਦ ਦੇ ਆਖਰੀ ਬੰਦ (੪) ਦੇ ਅਰਥ: ਹੇ ਕਬੀਰ! ਆਖ (ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜਿੰਦਗੀ ਦਾ ਸਹੀ) ਰਸਤਾ ਲੱਭਾ ਹੈ, ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਣ ਦਾ ਗੇੜ ਮੁੱਕ ਗਿਆ ਹੈ; ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ਼ ਹੈ, ਤੇ ਇਹ ਦੋਵੇਂ ਆਪੋ ਵਿੱਚ ਇਉਂ ਜੁੜੇ ਹੋਏ ਹਨ ਜਿਵੇਂ ਕਾਗਜ਼ ਅਤੇ (ਕਾਗਜ਼ ਉਤੇ ਲਿਖੇ ਅਖਰਾਂ ਦੀ) ਸਿਆਹੀ।

‘ਕਰਮ’ ਸਿਰਲੇਖ ਹੇਠ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ: ਜੋ ਕਰਣ ਵਿੱਚ ਆਵੇ ਉਸ ਦਾ ਨਾਉਂ ਕਰਮ ਹੈ, ਆਪਣੇ ਕੀਤੇ ਹੋਏ ਕਰਮ ਹੀ ਜੀਵ ਨੂੰ ਸੁੱਖ ਦੁਖ ਔਰ ਜੌਨੀਆਂ ਦਾ ਕਾਰਣ ਹੁੰਦੇ ਹਨ, ਸਾਨੂੰ ਗੁਰੂ ਸਾਹਿਬ ਦਾ ਉਤਮ ਉਪਦੇਸ਼- “ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ (ਵਾਰ ਆਸਾ) –ਸਦਾ ਮਨ ਵਿੱਚ ਵਸਾਕੇ, ਕੁਕਰਮਾਂ ਦਾ ਤ੍ਯਾਗ ਔਰ ਸ਼ੁਭਕਰਮਾਂ ਦੇ ਕਰਣ ਦਾ ਯਤਨ ਕਰਣਾ ਚਾਹੀਏ. (ਨੋਟ: ਇਥੇ ਭਾਈ ਸਾਹਿਬ ਵੱਲੋਂ ਪੇਸ਼ ਬੁਹਤ ਸਾਰੀਆਂ ਉਦਾਹਰਣਾਂ ਵਿੱਚੋਂ ਕੁੱਝ ਕੁ ਹੀ ਪੇਸ਼ ਕੀਤੀਆਂ ਜਾ ਰਹੀਆਂ ਹਨ)

ਜਪੁ: “ਆਪੇ ਬੀਜ ਆਪੇ ਹੀ ਖਾਹੁ”.

ਸਿਰੀ ਰਾਗ ਮਹਲਾ ੩: ਜੇਹਾ ਕੀਤੋਨ ਤੇਹਾ ਹੋਆ ਜੇਹੇ ਕਰਮ ਕਮਾਇ.

ਸਿਰੀ ਰਾਗ ਮਹਲਾ ੫ (ਪਹਿਰੇ): ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ.

ਜੈਤਸਰੀ ਮਹਲਾ ੫, ਛੰਤ: ਪਾਧਾਣੂ ਸੰਸਾਰੁ ਗਾਰਬਿ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ॥ ਲੋਭਿ ਮੋਹਿ ਅਭਿਮਾਨਿ ਬੂਡੈ ਮਰਣੁ ਚੀਤਿ ਨ ਆਵਏ॥ ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ॥ ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ॥ ਕਿਰਤ ਕਰਮ ਨ ਮਿਟੈ ਨਾਨਕ ਹਰਿਨਾਮੁ ਧਨੁ ਨਹੀ ਖਟਿਆ॥ ੧॥ ਉਦਮ ਕਰਹਿ ਅਨੇਕ ਹਰਿ ਨਾਮ ਨ ਗਾਵਹੀ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਂਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥ ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ॥ ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ॥ ੨॥ (ਪੰਨਾ 705)।

ਅਰਥ: ਹੇ ਭਾਈ! ਜਗਤ ਮੁਸਾਫ਼ਿਰ ਹੈ (ਫਿਰ ਭੀ) ਅਹੰਕਾਰ ਵਿੱਚ ਲਿਬੜਿਆ ਰਹਿੰਦਾ ਹੈ। ਮਾਇਆ ਦੇ ਕੌਤਕਾਂ ਵਿੱਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਹਨ। (ਜੀਵ) ਲੋਭ ਵਿੱਚ, (ਮਾਇਆ ਦੇ) ਮੋਹ ਵਿੱਚ, ਅਹੰਕਾਰ ਵਿੱਚ ਡੁੱਬੇ ਰਹਿੰਦੇ ਹਨ (ਇਹਨਾਂ ਨੂੰ) ਮੌਤ ਯਾਦ ਹੀ ਨਹੀਂ ਆਉਂਦੀ। ਪੁੱਤਰ ਮਿੱਤਰ ਇਸਤ੍ਰੀ (ਆਦਿਕ) ਦੇ ਮੇਲ-ਮਿਲਾਪ-ਇਹੀ ਕਰਦਿਆਂ (ਜੀਵ ਦੀ ਉਮਰ) ਗੁਜ਼ਰਦੀ ਜਾਂਦੀ ਹੈ। ਹੇ ਮਾਂ! (ਧੁਰੋਂ) ਲਿਖੇ ਹੋਏ (ਉਮਰ ਦੇ) ਦਿਨ ਜਦੋਂ ਮੁੱਕ ਜਾਂਦੇ ਹਨ ਤਾਂ ਧਰਮਰਾਜ ਦੇ ਦੂਤਾਂ ਨੂੰ ਵੇਖਿਆਂ ਬੜੀ ਤਕਲੀਫ਼ ਹੁੰਦੀ ਹੈ। ਹੇ ਨਾਨਕ! (ਮਨੁੱਖ ਇੱਥੇ) ਪਰਮਾਤਮਾ ਦਾ ਨਾਮ ਧਨ ਨਹੀਂ ਕਮਾਂਦਾ, (ਹੋਰ ਹੋਰ) ਕੀਤੇ ਕਰਮਾਂ (ਦਾ ਲੇਖਾ) ਨਹੀਂ ਮਿਟਦਾ। ੧। ਹੇ ਭਾਈ! ਜੇਹੜੇ ਮਨੁੱਖ ਹੋਰ ਹੋਰ ਉਦਮ ਤਾਂ ਅਨੇਕਾਂ ਹੀ ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਅਣਗਿਣਤ ਜੂਨਾਂ ਵਿੱਚ ਭਟਕਦੇ ਫਿਰਦੇ ਹਨ, ਆਤਮਕ ਮੌਤ ਸਹੇੜ ਕੇ (ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿੱਚ) ਆਉਂਦੇ ਹਨ। (ਉਹ ਮਨੁੱਖ) ਪਸ਼ੂ, ਪੰਛੀ, ਪੱਥਰ, ਰੁੱਖ (ਆਦਿਕ ਅਨੇਕਾਂ ਜੂਨਾਂ ਵਿੱਚ ਪੈਂਦੇ ਹਨ, ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ(ਹੇ ਭਾਈ! ਚੇਤੇ ਰੱਖ, ਜਿਹੋ ਜਿਹਾ) ਤੂੰ ਬੀ ਬੀਜੇਂਗਾ (ਉਹੋ ਜਿਹੇ) ਫ਼ਲ ਖਾਏਂਗਾ। (ਹਰੇਕ ਮਨੁੱਖ) ਆਪਣਾ ਕੀਤਾ ਪਾਂਦਾ ਹੈ। ਜੇਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿੱਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਭੀ ਚੰਗੇ ਨਹੀਂ ਲੱਗਦੇ। ਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੀ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿੱਚ) ਭਟਕਦੇ ਫਿਰਦੇ ਹਨ (ਜੂਨਾਂ ਦੇ ਗੇੜ ਵਿੱਚੋਂ) ਇੱਕ ਛਿਨ ਭਰ ਭੀ ਟਿਕ ਨਹੀਂ ਸਕਦੇ

(ਨੋਟ: ਇਸ ਸ਼ਬਦ ਵਿੱਚ ਆਏ ਲਫ਼ਜ਼ ‘ਪਾਧਾਣੂ’ ਨੂੰ ਧਿਆਨ ਨਾਲ ਪੜ੍ਹਣ ਦੀ ਜਰੂਰਤ ਹੈ। ਪਾਧਾਣੂ ਦਾ ਅਰਥ ਹੈ ਪਾਂਧੀ, ਰਾਹੀ, ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਹਜੇ ਅੱਗੇ ਕਿਤੇ ਜਾਣਾਂ ਹੈ)।

ਸੋ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ ਅਤੇ ਇਸ ਦੇ ਬੁਨਿਆਦੀ ਗੁਣ ਵੀ ਪਰਮਾਤਮਾ ਵਾਲੇ ਹੀ ਹਨ। ਜੀਵਾਤਮਾ ਕਦੇ ਜੰਮਦੀ ਮਰਦੀ ਨਹੀਂ ਕੇਵਲ ਸਰੀਰ ਹੀ ਉਪਜਦਾ-ਬਿਨਸਦਾ ਹੈ। ਮੋਹ-ਮਾਇਆ, ਆਸ਼ਾ-ਤ੍ਰਿਸ਼ਨਾਂ ਦਾ ਬਝਿਆ ਹੋਇਆ, ਪਿਛਲੇ ਕੀਤੇ ਕਰਮਾਂ ਅਤੇ ਪ੍ਰਭੂ ਦੇ ਹੁਕਮ ਵਿੱਚ ਜੀਵ ਪਸ਼ੂ, ਪੰਛੀ ਆਦਿ ਅਨੇਕਾਂ ਜੂਨਾਂ ਵਿੱਚ ਜੰਮਦਾ ਮਰਦਾ ਹੈ ਅਰਥਾਤ ਸਰੀਰ ਰੂਪੀ ਚੋਲਾ ਬਦਲਦਾ ਰਹਿੰਦਾ ਹੈ। ਮਨੁੱਖਾ ਜਨਮ ਪ੍ਰਭੂ ਦੀ ਕਿਰਪਾ ਨਾਲ ਬੜਾ ਔਖਾ ਮਿਲਦਾ ਹੈ। ਮਨਮੁਖਾਂ ਵਾਲੇ ਕਰਮ ਕਰਕੇ ਆਵਾਗਉਣ ਦਾ ਗੇੜ ਬਣਿਆਂ ਰਹਿੰਦਾ ਹੈ। ਕਈ ਭਾਗਾਂ ਵਾਲੇ ਗੁਰਮੁਖਾਂ ਵਾਲਾ ਜੀਵਨ ਬਿਤਾ ਕੇ ਆਪਣਾ ਜਨਮ ਸਵਾਰ ਕੇ ਉਸ ਪ੍ਰਭੂ ਦੀ ਦਰਗਹ ਵਿੱਚ ਪ੍ਰਵਾਨ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਜਨਮ ਮਰਨ ਦਾ ਗੇੜਾ ਖ਼ਤਮ ਹੋ ਜਾਂਦਾ ਹੈ।

ਜਸਵੀਰ ਸਿੰਘ ਕੈਲਗਰੀ




.