.

ਗੁਰੂ ਨਾਨਕ ਸਾਹਿਬ ਜੀ ਦਾ ਧਰਮ

ਗੁਰੂ ਨਾਨਕ ਦੇਵ ਜੀ ਨੇ 1500 ਈਸਵੀ ਦੇ ਲਾਗੇ ਇੱਕ ਪਰਮਾਤਮਾ ਵਿਚ, ਜਿਹੜਾ ਅਕਾਰ ਰਹਿਤ ਤੇ ਜੂਨ ਰਹਿਤ ਹੈ ਦੇ ਬਣਾਏ ਜਾਤਿ ਰਹਿਤ ਸਮਾਜ ਵਿੱਚ ਆਪਣੇ ਵਿਸ਼ਵਾਸ਼ ਦਾ ਐਲਾਨ ਕੀਤਾ। ਉਨ੍ਹਾਂ ਨੇ ਪਰਚਾਰਿਆਂ ਕਿ ਇੱਕ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਅਤੇ ਇਹ ਉਸ ਦੇ ਹੀ ਬਣਾਏ ਹੋਏ ਸਿਧਾਂਤ ਅਨਕੂਲ ਚੱਲ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਾਦਰ ਦੀ ਕੁਦਰਤ ਦੇ ਅਸੂਲ਼ਾਂ ਅਨੁਸਾਰ ਚਲਣ ਦੀ ਸਿਖਿਆ ਦਿਤੀ। ਗੁਰੂ ਨਾਨਕ ਦੇਵ ਜੀ ਤੋਂ ਪਿਛੋਂ ਦੂਸਰੇ ਗੁਰੂ ਸਾਹਿਬਾਂ ਨੇ ਸਰਬੱਤ ਦੇ ਭਲੇ ਵਾਲੇ ਇਸ ਸਿਧਾਂਤ ਦਾ ਵਿਸਥਾਰ ਤੇ ਪਰਚਾਰ ਕੀਤਾ। ਗੁਰੂ ਗਰੰਥ ਸਾਹਿਬ ਸਾਂਝੀਵਾਲਤਾ ਦੀ ਇਸ ਵਿਚਾਰਧਾਰਾ ਦਾ ਲਿਖਤੀ ਰੂਪ ਹੈ।

ਪਰਮਾਤਮਾ ਨੇ ਇਹ ਧਰਤੀ ਬਣਾਈ ਹੈ, ਹਵਾ ਅਤੇ ਪਾਣੀ ਬਣਾਇਆ ਹੈ, ਅਕਾਸ਼ ਤੇ ਪਤਾਲ ਬਣਾਇਆ ਹੈ। ਪਰਮਾਤਮਾ ਦੀ ਬਣਾਈ ਹੋਈ ਇਸ ਧਰਤੀ ਤੇ ਬੇਅੰਤ ਜੀਆ-ਜੰਤ ਹਨ। ਇਹਨਾਂ ਸਭ ਦੇ ਸਰੀਰ ਇਕੋ ਹੀ ਮਿੱਟੀ ਦੇ ਬਣੇ ਹੋਏ ਹਨ ਅਤੇ ਇਹ ਸੱਭ ਦੇ ਸੱਭ ਇੱਕੋ ਇੱਕ ਹਵਾ ਨਾਲ ਸਾਹ ਲੈਂਦੇ ਹਨ। ਇਹਨਾਂ ਸਾਰਿਆਂ ਜੀਅ-ਜੰਤੂਆਂ ਵਿੱਚ ਇੱਕੋ-ਇੱਕ ਰੱਬੀ ਜੋਤ ਹੀ ਹੈ। ਅਕਾਲਪੁਰਖ ਨੇ ਚਉਰਾਸੀ ਲੱਖ ਜੂਨਾਂ’ ਚੋਂ ਮਾਨੁੱਖ ਜਾਤੀ ਨੂੰ ਉੱਤਮ ਰੁਤਬਾ ਦੇ ਕੇ ਵਡਿਆਈ ਬਖਸ਼ੀ ਹੈ। ਮਾਨੁੱਖ ਦੀ ਇਸ ਧਰਤੀ ਤੇ ਸਰਦਾਰੀ ਹੈ। ਦੂਸਰੀਆਂ ਸੱਭ ਜੂਨਾਂ ਮਾਨੁੱਖ ਦੀਆਂ ਪਾਣੀਹਾਰ ਹਨ।

ਸ੍ਰਿਸ਼ਟੀ ਦੇ ਚੇਤਨ ਜੀਅ-ਜੰਤੂਆਂ ਵਿੱਚ ਗਿਆਨ ਇੰਦਰੀਆਂ ਰਾਹੀਂ ਮਿਲੀ ਸੂਚਨਾ ਨੂੰ ਸਮਝਣ ਦੀ ਸ਼ਕਤੀ ਹੈ। ਮਾਨੁੱਖ ਇਸ ਗਿਆਨ ਸਮਗਰੀ ਨੂੰ ਵਰਤ ਕੇ ਇੱਕ ਨਵੀਂ ਕਿਰਤ ਦੀ ਸਿਰਜਨਾ ਕਰ ਸਕਦਾ ਹੈ। ਪਸ਼ੂ-ਪੰਛੀ ਇਸ ਗੁਣ ਤੋਂ ਵਾਂਝੇ ਹਨ, ਉਹਨਾਂ ਦਾ ਸਾਰਾ ਕਾਰ ਵਿਹਾਰ ਕੁਦਰਤੀ, ਸੁਭਾਵਕ ਅਤੇ ਮਸ਼ੀਨੀ ਹੈ। ਉਹ ਨਵੀਂ ਕਿਰਤ ਦੀ ਸਿਰਜਨਾ ਨਹੀਂ ਕਰ ਸਕਦੇ।

ਪਸ਼ੂ-ਪੰਛੀਆਂ ਕੋਲ ਆਪਣੀ ਜਾਨ ਬਚਾਉਣ ਦੀ ਸੁਭਾਵਕ ਰਹਿਨੁਮਾਈ ਹੈ। ਉਹ ਜੋ ਕੁੱਝ ਸਮਝਣ ਦੇ ਸਮਰੱਥ ਹਨ ਸਮਝਦੇ ਹਨ ਅਤੇ ਆਪਣੇ ਬਚਾਉ ਦਾ ਕੁਦਰੱਤ ਵਲੋਂ ਨਿਸ਼ਚਿਤ ਤਰੀਕਾ ਅਪਨਾਉਂਦੇ ਹਨ। ਉਹ ਆਪਣੇ ਆਲੇ-ਦੁਆਲੇ ਨਾਲ ਤਾਲ-ਮੇਲ ਕਰਕੇ ਆਪਣੀ ਹੋਂਦ ਕਾਇਮ ਰਖਦੇ ਹਨ। ਜੇ ਬਾਰਿਸ਼ ਦੀ ਘਾਟ ਨਾਲ ਔੜ ਲੱਗ ਜਾਵੇ ਤਾਂ ਪਸ਼ੂ-ਪੰਛੀ ਭੁੱਖ-ਪਿਆਸ ਨਾਲ ਮਰ ਜਾਂਦੇ ਹਨ। ਜੇ ਬਹੁਤੀ ਬਾਰਿਸ਼ ਨਾਲ ਹੜ੍ਹ ਆ ਜਾਣ ਤਾਂ ਰੁੜ੍ਹ ਜਾਂਦੇ ਹਨ।

ਮਾਨੁੱਖ ਕੋਲ ਆਪਣੀ ਜਾਨ ਬਚਾਉਣ ਦੀ ਸੁਭਾਵਕ ਰਹਿਨੁਮਾਈ ਨਹੀਂ ਹੈ। ਉਸ ਨੂੰ ਗਿਆਨ ਇੰਦਰੀਆਂ ਰਾਹੀ ਮਿਲੀ ਜਾਣਕਾਰੀ ਨੂੰ ਵਰਤਕੇ ਆਪਣੇ ਬਚਾਉ ਦਾ ਹੱਲ ਲੱਭਣਾ ਪੈਂਦਾ ਹੈ। ਮਾਨੁੱਖ ਆਪਣੇ ਬਚਾਉ ਅਤੇ ਖਾਤਮੇ ਦਾ ਆਪ ਫੈਸਲਾ ਕਰਦਾ ਹੈ। ਮਾਨੁੱਖ ਨੂੰ ਆਪਣਾ ਆਲਾ ਦੁਆਲਾ ਬਦਲਕੇ ਆਪਣੀ ਹੋਂਦ ਕਾਇਮ ਰਖਣੀ ਪੈਂਦੀ ਹੈ। ਜੇ ਬਾਰਿਸ਼ ਦੀ ਘਾਟ ਨਾਲ ਔੜ ਲੱਗ ਜਾਵੇ ਜਾਂ ਬਹੁਤੀ ਬਾਰਿਸ਼ ਨਾਲ ਹੜ੍ਹ ਆ ਜਾਣ ਤਾਂ ਮਾਨੁੱਖ ਖੂਹ ਪੁੱਟ ਕੇ, ਨਹਿਰਾਂ ਕੱਢ ਕੇ ਜਾਂ ਡੈਮ ਬਣਾ ਕੇ ਆਪਣਾ ਬਚਾ ਕਰ ਲੈਂਦਾ ਹੈ।

ਸਾਰੀ ਸ੍ਰਿਸ਼ਟੀ ਵਿੱਚ ਮਾਨੁੱਖ ਇੱਕ ਵਿਸ਼ੇਸ਼ ਚੇਤਨ ਪਰਾਣੀ ਹੈ। ਕੁਦਰਤ ਦੇ ਅਸੂਲਾਂ ਦੀ ਸੂਝ-ਬੂਝ ਨਾਲ ਇਸ ਨੇ ਵੱਡੇ ਵੱਡੇ ਜਾਨਵਰਾਂ ਨੂੰ ਕਾਬੂ ਕੀਤਾ ਹੋਇਆ ਹੈ। ਉਹ ਕੁਦਰਤ ਦੇ ਅਸੂਲਾਂ ਨੂੰ ਸਮਝ ਕੇ ਤੇ ਇਹਨਾਂ ਦੀ ਵਰਤੋਂ ਕਰਕੇ ਨਵੀਆਂ ਚੀਜ਼ਾਂ ਬਣਾ ਸਕਣ ਦੀ ਯੋਗਤਾ ਰੱਖਦਾ ਹੈ। ਮਾਨੁੱਖ ਇੱਕ ਕਰਤਾ ਵੀ ਹੈ। ਮਿੱਟੀ, ਪੱਥਰ, ਲੋਹਾ ਆਦਿ ਧਾਤੂਆਂ ਨੂੰ ਜੋ ਪਹਿਲਾਂ ਹੀ ਬਣੀਆਂ ਹੋਈਆਂ ਹਨ ਦਾ ਰੂਪਾਤਰਨ ਕਰਕੇ ਉਹ ਕਿਸੇ ਨਵੀਂ ਕਿਰਤ ਦਾ ਕਰਤਾ ਬਣਦਾ ਹੈ। ਮਨੁੱਖ ਨੇ ਨਹਿਰਾਂ, ਸੜਕਾਂ, ਇਮਾਰਤਾਂ ਤੇ ਮਸ਼ੀਨਾਂ ਆਦਿ ਦੀ ਸਿਰਜਨਾ ਕੀਤੀ ਹੈ। ਸੱਭ ਤੋਂ ਪਹਿਲਾਂ ਹਰ ਇੱਕ ਕਿਰਤ ਦਾ ਨਕਸ਼ਾ ਉਸ ਦੇ ਦਿਮਾਗ ਵਿੱਚ ਘੜਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੀ ਇੱਟ ਪੱਥਰ ਲੋਹਾ ਆਦਿ ਦੀ ਨਵੀਂ ਚੀਜ਼ ਬਣਦੀ ਹੈ। ਜੋ ਕੁੱਝ ਪਹਿਲਾਂ ਸਿਰਜਿਆ ਗਿਆ ਹੈ ਉਸ ਦਾ ਉਹ ਇਸਤੇਮਾਲ ਤਾਂ ਕਰ ਸਕਦਾ ਹੈ, ਨਵੇਂ ਨਵੇਂ ਰੂਪਾਂ ਵਿੱਚ ਪਰੀਵਰਤਨ ਵੀ ਕਰ ਸਕਦਾ ਹੈ, ਪਰ ਮੂਲੋਂ ਨਵੀਂ ਸਿਰਜਣਾ ਨਹੀਂ ਕਰ ਸਕਦਾ। ਉਤਪਨ ਹੋਣਾ, ਵਧਣਾ ਘਟਣਾ, ਰੂਪਾਤਰਿਤ ਹੋਣਾ ਅਤੇ ਅੰਤਿ ਵਿੱਚ ਨਸ਼ਟ ਹੋ ਜਾਣਾ ਕਿਸੇ ਵੀ ਵਸਤੂ ਦੇ ਸੁਭਾਵਕ ਗੁਣ ਹਨ। ਕੋਈ ਵੀ ਵਸਤੂ ਸਦਾ ਵਾਸਤੇ ਇੱਕ ਰਸ ਬਣੀ ਨਹੀਂ ਰਹਿ ਸਕਦੀ।

ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਉਸ ਨੇ ਪੰਜ ਤੱਤਾਂ ਨਾਲ ਸਾਰੇ ਚੇਤਨ ਪਰਾਨੀਆਂ ਦਾ ਤਨ ਰਚਿਆ ਹੈ ਅਤੇ ਆਪਣੀ ਜੋਤਿ ਨਾਲ ਸੱਭ ਨੂੰ ਨਿਵਾਜਿਆ ਹੈ। ਗੁਰਬਾਣੀ ਵਿੱਚ ਮਾਨੁੱਖਾ ਜੂਨੀ ਨੂੰ ਬਾਕੀ ਜੂਨੀਆਂ ਨਾਲੋਂ ਉੱਚਾ ਕਿਹਾ ਗਿਆ ਹੈ। ਗੁਰਮਤਿ ਅਨੁਸਾਰ ਮਾਨੁੱਖਾ ਦੇਹੀ ਸੱਭ ਤੋਂ ਸ੍ਰੇਸਟ ਅਤੇ ਦੁਰਲੱਭ ਹੈ। ਕੁਦਰਤ ਦੇ ਅਸੂਲਾਂ ਨੂੰ ਸਮਝ ਕੇ ਮਨੁੱਖ ਨੇ ਬਹੁ ਪ੍ਰਕਾਰ ਦੀਆਂ ਕਾਢਾਂ ਕਢੀਆਂ ਹਨ। ਮਾਨੁੱਖ ਦੇ ਤਨ ਦੇ ਅੰਦਰਿ ਮਨ ਹੈ ਅਤੇ ਮਨ ਦੀ ਪ੍ਰੇਰਨਾ ਨਾਲ ਸਾਡਾ ਸਰੀਰ ਚਲਦਾ ਹੈ। ਮਨ ਦਾ ਸਰੂਪ ਨਹੀਂ ਹੈ, ਇਹ ਅਰੂਪ ਹੈ। ਮਨ ਸੂਖਮ ਤੇ ਚੰਚਲ ਹੈ। ਮਨ ਹੀ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੇ ਅਪਮਾਨ ਦਾ ਕਾਰਨ ਬਣਿਆ ਹੈ।

ਸਿਰੀ ਗੁਰੂ ਗਰੰਥ ਸਾਹਿਬ ਜੀ ਦਾ ਉਪਦੇਸ ਮਨਿ ਨੂੰ ਵਸਿ ਕਰਨ ਦਾ ਤਰੀਕਾ ਦਸਦਾ ਹੈ। ਕਾਮ ਕ੍ਰੋਧ ਲੋਭ ਮੋਹ ਆਦਿ ਵਿੱਚ ਮਨ ਹੀ ਫਸਦਾ ਹੈ। ਮਨ ਦੀ ਭਟਕਣਾ ਦੁੱਖ ਅਤੇ ਮਨ ਦਾ ਟਿਕਾਉ ਹੀ ਸੁਖਾਂ ਦਾ ਭੰਡਾਰ ਹੈ। ਮਨ ਨੂੰ ਸੁਖੀ ਬਨਾਉਣ ਲਈ ਗੁਰਬਾਣੀ ਦੀ ਸਿਖਿਆ ਸਿੱਖਣੀ ਲਾਜ਼ਮੀ ਹੈ। ਗੁਰਬਾਣੀ ਨੂੰ ਸਮਝਣ ਲਈ ਧਿਆਨ ਨਾਲ ਲਿਵ ਲਾਕੇ ਪੜ੍ਹਣ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦਾ ਫੁਰਮਾਣ ਬਹੁਤ ਹੀ ਸਪਸ਼ਟ ਹੈ ਕਿ ਰਾਹੁ ਏਹੋ ਹੀ ਹੈ ਅਤੇ ਹੋਰ ਗਲਾਂ ਸ਼ਰਾਰਤੀ ਲੋਕਾਂ ਦੀਆਂ ਸ਼ੈਤਾਨੀਆਂ ਹਨ।

ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ --- 1413

ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ॥ ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ --- 340

ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ --- 124

ਹਉਮੈ ਵਿਚਿ ਪ੍ਰਭੁ ਕੋਇ ਨ ਪਾਏ === ਹਉਮੈ ਜਾਈ ਤਾ ਕੰਤ ਸਮਾਈ

ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ॥ 2॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ---610

ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ---39

ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ॥ ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ॥

ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ---960

ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ---39 === ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ --- 647

ਹੋਮ ਜਗ ਸਭਿ ਤੀਰਥਾ ਪੜਿੑ ਪੰਡਿਤ ਥਕੇ ਪੁਰਾਣ॥ ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ---1417

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ---641

ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ॥ ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ---33

ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ ---1133

ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ॥ ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ---558

ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ---495

ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ॥ ਮਹਾ ਉਦਾਸੁ ਤਪੀਸਰੁ ਥੀਵੈ॥ ਅਗਨਿ ਮਾਹਿ ਹੋਮਤ ਪਰਾਨ॥ ਕਨਿਕ ਅਸ੍ਵ ਹੈਵਰ ਭੂਮਿ ਦਾਨ॥

ਨਿਉਲੀ ਕਰਮ ਕਰੈ ਬਹੁ ਆਸਨ॥ ਜੈਨ ਮਾਰਗ ਸੰਜਮ ਅਤਿ ਸਾਧਨ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ---265

ਸਾਰਾ ਸੰਸਾਰ ਹਉਮੈ ਦੇ ਰੋਗ ਨਾਲ ਦੁਖੀ ਹੈ। ਧਰਮ ਗਰੰਥਾਂ ਦੇ ਪਾਠ ਪੜ੍ਹਣ ਤੇ ਗਾਉਣ, ਤੀਰਥ ਇਸਨਾਨ, ਹੋਮ ਜੱਗ, ਪੁਠੇ ਲਟਕ ਕੇ ਤੱਪ, ਹਰ ਤਰਾਂ ਦਾ ਪਹਿਰਾਵਾ, ਜੋਗੀਆਂ ਦੇ ਚਉਰਾਸੀ ਆਸਣ, ਜੈਨ ਮਾਰਗ ਦੇ ਸਾਧਨ, ਸਾਰੇ ਧਰਮਾਂ ਦੇ ਕਰਮਕਾਂਡ, ਨਿਉਲੀ ਕਰਮ, ਹਾਥੀ ਘੋੜੇ ਭੂਮ ਦਾਨ, ਬੰਦ ਬੰਦ ਕਟਾਉਣ ਜਾਂ ਜੀਂਦੇ-ਜੀਅ ਅੱਗ ਵਿੱਚ ਜਲਕੇ ਪਰਾਣ ਤਿਆਗਣ ਨਾਲ ਹਉਮੈ ਦਾ ਰੋਗ ਨਹੀਂ ਹਟਦਾ। ਇਸੇ ਕਰਕੇ ਸਤਿਗੁਰਾਂ ਸਿੱਖਾਂ ਨੂੰ ਕਰਮਕਾਂਡਾਂ ਤੋਂ ਵਰਜਿਆ ਹੈ।

ਮਃ 1॥ ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥

ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ --- 470

ਇਆ ਕਪਾਹ ਸੰਤੋਖੁ ਸੂਤ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ---471

ਪੰਡਤ ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ। ਗਲ ਵਿੱਚ ਮਾਲਾ ਪਾਂਦਾ ਹੈ, ਮਥੇ ਤੇ ਤਿਲਕ ਲਾਂਦਾ ਹੈ। ਕਪੜੇ ਨਾਲ ਸਿਰ ਢਕਦਾ ਹੈ ਤੇ ਆਪਣੇ ਕੋਲ ਦੋ ਧੋਤੀਆਂ ਰੱਖਦਾ ਹੈ।। ਨਿੱਤ ਤਿੰਨ ਵੇਲੇ ਗਾਯਤ੍ਰੀ ਮੰਤਰ ਦਾ ਪਾਠ ਕਰਦਾ ਹੈ। ਵੇਦ ਆਦਿਕ ਧਾਰਮਿਕ ਗਰੰਥ ਪੜ੍ਹ ਕੇ ਸੰਧਿਆ ਕਰਦਾ ਹੈ ਪਰ ਮਾਇਆ ਕਮਾਉਣ ਲਈ ਬਹੁਤੇ ਵਧੀਆ ਤਰੀਕੇ ਨਾਲ ਝੂਠ ਨੂੰ ਸੱਚ ਬਣਾ ਕੇ ਪਰਚਾਰਦਾ ਹੈ। ਗੁਰਮਤਿ ਅਨੁਸਾਰ ਅਜਿਹੇ ਸਾਰੇ ਕਰਮਕਾਂਡ ਲਾਹੇਬੰਦ ਨਹੀਂ ਹਨ।

ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ---1208 === ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ---58

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ---1 === ਹਉਮੈ ਨਿਵਰੈ ਗੁਰ ਸਬਦੁ ਵੀਚਾਰੈ---226

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ--- 466

ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ---906 === ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ---512

ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ---560

ਹਉਮੈ ਦੇ ਰੋਗ ਦੀ ਦਵਾਈ ਸਤਿਗੁਰਾਂ ਦੀ ਬਾਣੀ ਹੈ। ਗੁਰਮਤਿ ਧਾਰਕੇ, ਗੁਰ ਸ਼ਬਦ ਵਿਚਾਰ ਨਾਲ ਸਮਝ ਕੇ ਇਸ ਦੀ ਕਮਾਈ, ਸਤਿਗੁਰਾਂ ਦੇ ਹੁਕਮਾਂ ਨੂੰ ਬੁਝਿ ਕੇ ਇਨ੍ਹਾਂ ਨੂੰ ਮੰਨਣ ਵਾਲਿਆਂ ਦਾ ਰੋਗ ਹਟ ਜਾਂਦਾ ਹੈ। ਸਤਿਗੁਰਾਂ ਨੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਕੇ ਸਮਝਣ ਦਾ ਹੁਕਮ ਦਿਤਾ ਹੈ। ਹੁਕਮ ਅਦੂਲੀ ਕਰਨ ਵਾਲਿਆਂ ਨੂੰ ਗੁਰਬਾਣੀ ਸਿੱਖ ਨਹੀਂ ਮੰਨਦੀ।

ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ---432

ਗਲੀ ਜੋਗੁ ਨ ਹੋਈ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥ ਜੋਗੁ ਨ ਮੁੰਦੀ ਮੂੰਿ ਮੁਡਾਇਐ ਜੋਗੁ ਨ ਸਿੰਙੀ ਵਾਈਐ ---730

ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥ ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ---142

ਆਪਿ ਕਮਾਉ ਅਵਰਾ ਉਪਦੇਸ॥ ਰਾਮ ਨਾਮ ਹਿਰਦੈ ਪਰਵੇਸ ---185

ਗੁਰਬਾਣੀ ਅਨੁਸਾਰ ਹਉਮੈ ਤੋਂ ਛੁਟਕਾਰਾ, ਧਾਰਮਿਕ ਕਰਮਕਾਂਡਾਂ ਜਾਂ ਬਾਹਰਲੇ ਚਿੰਨ੍ਹ ਧਾਰਨ ਨਾਲ ਨਹੀਂ, ਸਗੋਂ ਮਾਨੁੱਖ ਜਾਤੀ ਦੇ ਸਾਰੇ ਲੋਕਾਂ ਨੂੰ ਆਪਣੇ ਵਰਗਾ ਸਮਝਣ ਨਾਲ ਹੁੰਦਾ ਹੈ। ਕੰਨਾਂ ਵਿੱਚ ਮੁੰਦਰਾਂ ਪਾ ਲੈਣੀਆਂ, ਹੱਥ ਵਿੱਚ ਡੰਡਾ ਫੜ ਲੈਣਾ, ਸਰੀਰ ਤੇ ਚੋਲਾ ਪਹਿਨ ਲੈਣਾ ਜਾਂ ਸੁਆਹ ਮਲ ਲੈਣੀ, ਮੂੰਹ ਨਾਲ ਸੰਖ ਵਜਾ ਲੈਣ ਨਾਲ ਅਸਲੀ ਜੋਗੀ (ਧਰਮੀ ਬੰਦਾ) ਨਹੀਂ ਬਣੀਦਾ। ਧਰਮੀ ਪੁਰਸ਼ ਤਾਂ ਸਤਿਗੁਰਾਂ ਦੀ ਸਿੱਖਿਆ ਕਮਾ ਕੇ ਹੀ ਬਣਿਆ ਜਾਂਦਾ ਹੈ; ਧੋਤੀਆਂ, ਜਨੇਊ, ਮਾਲਾ, ਤਿਲਕ ਆਦਿ ਵਰਗੀਆਂ ਬਾਹਰਲੀਆਂ ਧਾਰਮਿਕ ਨਿਸ਼ਾਨੀਆਂ ਧਾਰਨ ਨਾਲ ਨਹੀਂ। ਸਤਿਗੁਰਾਂ ਦਾ ਕਹਿਣਾ ਹੈ ਕਿ ਨਾਮ ਦੀ ਪਰਾਪਤੀ ਗੁਰ ਉਪਦੇਸਾਂ ਨੂੰ ਪਹਿਲਾਂ ਆਪ ਸਮਝ ਕੇ ਕਮਾਉਣ ਤੇ ਫਿਰ ਦੂਸਰਿਆਂ ਨੂੰ ਸਮਝਾਉਣ ਨਾਲ ਹੁੰਦੀ ਹੈ। ਪ੍ਰਮਾਤਮਾ ਤਿਨੀ ਪਾਇਆ ਹੈ ਜਿਨੀ ਗੁਰਬਾਣੀ ਦੀ ਸਿਖਿਆ ਸਮਝ ਕੇ ਧਾਰਨ ਕੀਤੀ ਹੈ। ਬਾਹਰਲੇ ਫੋਕੇ ਧਾਰਮਿਕ ਵੇਸ ਧਾਰਨ ਨਾਲ ਰੱਬ ਨਹੀਂ ਮਿਲਦਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਚੇਲਿਆਂ ਨੂੰ ਵੇਸ ਭੇਖ (ਧਾਰਮਿਕ ਦਿਖਾਵੇ ਦੇ ਬਾਹਰਲੇ ਸਾਰੇ ਚਿੰਨ੍ਹ) ਛੱਡਣ ਦਾ ਹੁਕਮ ਦਿਤਾ ਹੈ।

ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ --- 598

ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਿਖ ਸੁਣੀ ---785

ਗੁਰਬਚਨ ਮਾਰਗ: ਸ਼ਬਦ ਸਚੀ ਟਕਸਾਲ

ਜੁਗਰਾਜ ਸਿੰਘ




.