.

ਹੋਲੀ ਤੇ ਹੋਲਾ ਮਹੱਲੇ `ਚ ਫ਼ਰਕ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

ਹੋਲੀ ਤੇ ਗੁਰਮਤਿ-ਪਹਿਲੇ ਤੋਂ ਦਸਵੇਂ ਜਾਮੇਂ ਤੀਕ ਇੱਕ ਵੀ ਮਿਸਾਲ ਨਹੀਂ ਮਿਲੇਗੀ, ਜਦੋਂ ਗੁਰੂ ਸਾਹਿਬਾਨ ਨੇ ਆਪ ਜਾਂ ਸਿੱਖਾਂ ਨੇ 239 ਵਰ੍ਹਿਆਂ `ਚ ਕਦੇ ਵੀ ਹੋਲੀ ਖੇਡੀ ਹੋਵੇ। ਜਿਹੜੇ ਸਿੱਖ ਆਪਣੀ ਹੂੜ੍ਹਮੱਤ ਜਾਂ ਅਗਿਆਨਤਾ ਵਸ ਹੋਲੀਆਂ ਦੇ ਹੁੜਦੰਗ `ਚ ਸ਼ਾਮਲ ਹੋ ਕੇ, ਆਪਣੇ ਸਿੱਖੀ ਸਰੂਪ ਦੀ ਬੇਅਦਬੀ ਕਰਦੇ ਹਨ, ਉਹਨਾਂ ਨੂੰ ਆਪਣੀ ਕਰਨੀ ਵਲ ਧਿਆਨ ਦੇਣ ਦੀ ਲੋੜ ਹੈ। ਬਲਕਿ ਲੋਕਾਈ ਨੂੰ ਵੀ ਇਹਨਾ ਅੱਧਮੂਲਾਂ `ਚੋਂ ਕੱਢ ਕੇ ਪ੍ਰਭੂ ਦੇ ਰੰਗ `ਚ ਰੰਗਿਆ ਜਾਵੇ ਅਸਲ `ਚ ਹੋਲੀਆਂ ਬਾਰੇ ਗੁਰਬਾਣੀ ਦਾ ਇਹੀ ਸੰਦੇਸ਼ ਹੈ ਜਿਵੇਂ “ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ…” ਪੂਰੇ ਸ਼ਬਦ ਦਾ ਅਰੰਭ ਹੈ “ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਚਾਰ॥ ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥   ॥ ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮੑ ਬੇਅੰਤ॥   ॥ ਰਹਾਉ॥ ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ (ਪੰ: 1180) ਭਾਵ ਮਨੁੱਖ ਲਈ ਹਮੇਸ਼ਾਂ ਕਰਤੇ ਦੇ ਰੰਗ `ਚ ਰੰਗੇ ਰਹਿਣਾ ਹੀ ਹੋਲੀ ਦਾ ਖੇਡਣਾ ਹੈ ਨਾ ਕਿ ਰੰਗ ਗੁਲਾਲ ਆਦਿ ਉਡਾਉਣਾ। ਕਮਾਲ ਇਹ ਕਿ ਪਾਤਸ਼ਾਹ ਨੇ ਇਥੇ ਹੋਲੀ ਦੇ ਲਫ਼ਜ਼ ਦਾ ਵਿਰੋਧ ਨਹੀਂ ਬਲਕਿ ਹੋਲੀ ਦੇ ਅਰਥ ਹੀ ਨਰੋਏ ਕਰ ਦਿੱਤੇ। ਦੂਜੇ ਸ਼ਬਦਾਂ `ਚ ਗੁਰੂ ਆਸ਼ੇ ਤੇ ਚਲਣ ਵਾਲਿਆਂ ਨੂੰ ਰੰਗ-ਗੁਲਾਲਾਂ-ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਮਨ੍ਹਾ ਕੀਤਾ ਤੇ ਨਾਮ ਬਾਣੀ ਵਾਲੇ ਰੰਗ `ਚ ਰੰਗੇ ਰਹਿਣ ਦੀ ਸੇਧ ਦਿੱਤੀ। ਉਂਝ ਵੀ ‘ਹੋਲੀਆਂ’ ਤੇ ‘ਹੋਲਾ ਮਹੱਲਾ’ ਦੋਵੇਂ ਵੱਖ ਵੱਖ ਤਿਉਹਾਰ ਹਨ, ਇਹਨਾ ਦੀ ਆਪਸ `ਚ ਕੋਈ ਸਾਂਝ ਨਹੀਂ। ਹੋਲੀ ਬ੍ਰਾਹਮਣੀ ਤਿਉਹਾਰ ਤੇ ਦੂਜਾ ਸਿੱਖ ਤਿਉਹਾਰ ਹੈ। ਇਹ ਕਹਿਣਾ ਗ਼ਲਤ ਹੈ ਕਿ ਗੁਰਦੇਵ ਨੇ ਹੋਲੀਆਂ, ਬਦਲੇ ‘ਹੋਲੇ ਮਹੱਲੇ’ ਦਾ ਆਰੰਭ ਕੀਤਾ। ਵੱਡਾ ਸਬੂਤ ਹੈ ਕਿ ਪਾਤਸ਼ਾਹ ਨੇ ‘ਹੋਲੇ ਮਹੱਲੇ’ ਦੀ ਸਥਾਪਨਾ ਹੋਲੀਆਂ ਦੇ ਦਿਨਾਂ `ਚ ਨਹੀਂ, ਬਲਕਿ ਹੋਲੀਆਂ ਮੁੱਕਣ ਬਾਅਦ ਕੀਤੀ, ਜੇ ਬਦਲਣਾ ਹੁੰਦਾ ਤਾਂ ਉਹਨਾਂ ਦਿਨਾਂ `ਚ ਹੀ ਅਰੰਭਦੇ। ਦੂਜਾ ਗੁਰਦੇਵ ਨੇ ਜਦੋਂ ਜੰਜੂ ਵਾਲਾ ਰਸਤਾ ਹੀ ਬੰਦ ਕਰ ਦਿੱਤਾ ਭਾਵ ਰਖੜੀ, ਟਿੱਕਾ, ਲੋਹੜੀ, ਦਿਵਾਲੀ ਆਦਿ ਬ੍ਰਾਹਮਣੀ ਤਿਉਹਾਰਾਂ ਨੂੰ ਹੀ ਮਨਜ਼ੂਰ ਨਹੀਂ ਕੀਤਾ ਤਾਂ ਹੋਲੀ ਲਈ ਦੂਜਾ ਮਾਪਦੰਡ ਕਿਵੇਂ? ਹਾਂ! ਜਿਨ੍ਹਾਂ ਦਾ ਤਿਉਹਾਰ ਹੈ, ਜਮ-ਜਮ ਮਨਾਉਣ ਇਸ ਨਾਲ ਸਾਡਾ ਲੈਣਾ ਦੇਣਾ ਨਹੀਂ ਪਰ ਹੋਲੀਆਂ ਸਿੱਖ ਤਿਉਹਾਰ ਨਹੀਂ ਹਨ।

ਹੋਲੀ ਦਾ ਪਿਛੋਕੜ- ਹੋਲੀ, ਭਾਰਤ ਦਾ ਮਿਥਿਹਾਸਕ ਪੌਰਾਣਿਕ ਤਿਉਹਾਰ ਹੈ। ਇਸ ਦਾ ਮੂਲ ਬ੍ਰਾਹਮਣ ਦੀ ਵਰਣਵੰਡ ਹੈ। ਉਸ ਅਨੁਸਾਰ ਬ੍ਰਾਹਮਣ ਲਈ ਵਿਸਾਖੀ, ਖਤ੍ਰੀਆਂ ਲਈ ਦੁਸਹਿਰਾ, ਵੈਸ਼ਾਂ ਲਈ ਦਿਵਾਲੀ ਤੇ ਅਖਉਤੀ ਸ਼ੂਦਰਾਂ ਲਈ ਹੋਲੀਆਂ ਹਨ। ਉਪ੍ਰੰਤ ਜਿਵੇਂ ਹੋਰ ਬ੍ਰਾਹਮਣੀ ਤਿਉਹਾਰਾਂ `ਚ ਦੂਜਿਆਂ ਨੂੰ ਉਲਝਾਉਣ ਲਈ ਕੁੱਝ ਇਤਿਹਾਸਿਕ-ਮਿਥਹਾਸਿਕ ਘਟਨਾਵਾਂ, ਮੌਸਮਾਂ-ਰੀਤਾਂ-ਰਿਵਾਜਾਂ ਦਾ ਨਾਮ ਦਿੱਤਾ ਗਿਆ, ਉਸੇ ਤਰ੍ਹਾਂ ਹੋਲੀਆਂ ਨਾਲ ਪ੍ਰਹਿਲਾਦ ਦੀ ਘਟਣਾ ਨੂੰ ਜੋੜਿਆ ਗਿਆ। ਠੀਕ ਹੈ, ਗੁਰਬਾਣੀ `ਚ ਬਹੁਤ ਵਾਰੀ ਪ੍ਰਹਿਲਾਦ ਵਾਲੀ ਘਟਣਾ ਦਾ ਜ਼ਿਕਰ ਆਇਆ ਹੈ, ਪਰ ਉਹ ਵੀ ਬਾਕੀ ਮਿਥਹਾਸਕ ਮਿਸਾਲਾਂ ਦੀ ਤਰ੍ਹਾਂ ਹੀ, ਵੱਧ ਨਹੀਂ। ਗੁਰਬਾਣੀ ਰਾਹੀਂ ਪ੍ਰਹਿਲਾਦ ਦੀ ਘਟਣਾ ਤੋਂ ਗੁਰਮਤਿ ਦੇ ਤਿੰਨ ਸਿਧਾਂਤ ਦ੍ਰਿੜ ਕਰਵਾਏ ਹਨ (ੳ) ਸਿੱਖ ਨੇ ਪ੍ਰਭੂ ਭਗਤੀ ਨਾਲ ਨਿਡੱਰ ਤੇ ਇੱਕ ਮਨ ਹੋ ਕੇ ਦ੍ਰਿੜ ਇਰਾਦੇ ਨਾਲ ਜੁੜਣਾ ਹੈ। (ਅ) ਸਦੀਵੀ ਹਸਤੀ, ਕੇਵਲ ਕਰਤਾਰ ਹੀ ਹੈ ਦੂਜਾ ਨਹੀਂ; ਜਿਵੇਂ “ਰਾਮੁ ਗਇਓ ਰਾਵਨੁ ਗਇਓ. .” (ਪੰ: 1429) ਬਾਕੀ ਤਾਂ ਸਭ ਆਵਣ-ਜਾਣ ਹੀ ਹੈ (ਇਥੇ ਹੋਲਿਕਾ, ਹਰਨਾਖਸ਼)। (ੲ) - “ਹਰਿ ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ. .” (ਪੰ: 451) ਅਕਾਲਪੁਰਖ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਸ਼ਰਣ `ਚ ਆਉਣ ਵਾਲਿਆਂ (ਭਗਤਾਂ ਇਥੇ ਪ੍ਰਹਲਾਦ) ਦੀ ਬਹੁੜੀ ਕਰਦਾ ਹੈ।

ਇਸੇ ਤਰ੍ਹਾਂ ਭਾਰਤ `ਚ ਮਹਾਭਾਰਤ ਪੁਰਾਣ ਵਿਚਲੀ ਕ੍ਰਿਸ਼ਨ ਵਾਲੀ ਘਟਣਾ ਨੂੰ ਆਧਾਰ `ਤੇ ਹੋਲੀ ਧਾਰਮਿਕ-ਤਿਉਹਾਰ ਮੰਨ ਕੇ, ਸਭ ਤੋਂ ਵੱਧ ਮਥੁਰਾ, ਗੋਕੁਲ, ਬਿੰਦ੍ਰਾਬਨ `ਚ ਹੀ ਖੇਡੀ ਜਾਂਦੀ ਹੈ ਪਰ ਉਥੇ ਇਸ ਰਸਤੇ ਅਨੇਕਾਂ ਕਾਮ-ਉਕਸਾਊ, ਅਸ਼ਲੀਲ, ਲੱਜਾਹੀਣ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ। ਗੁਰੂ ਨਾਨਕ ਪਾਤਸ਼ਾਹ, ਹੋਲੀ ਦੇ ਦਿਨਾਂ `ਚ ਉਚੇਚੇ ਮਥੁਰਾ ਪੁੱਜੇ। ਪਾਤਸ਼ਾਹ ਨੇ ਧਰਮ-ਤਿਉਹਾਰ ਦੇ ਪੱਜ ਖੇਡੀਆਂ ਜਾ ਰਹੀਆਂ ਅਸਭਯ ਖੇਡਾਂ ਤੋਂ ਵਰਜਿਆ, ਪਰ ਪਾਂਡਿਆਂ ਨੇ ਇਸ ਨੂੰ ਕਲਜੁਗ ਦਾ ਪ੍ਰਭਾਵ ਦਸਿਆ। ਪਾਤਸ਼ਾਹ ਨੇ ਉਥੇ “ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ” (ਪੰਨਾ ੯੦੨) ਵਾਲੇ ਸ਼ਬਦ ਰਾਹੀਂ ਦੱਸਿਆ ਕਿ ਪ੍ਰਭੂ ਰਚਨਾ `ਚ ਸਤਿਜੁਗ, ਤ੍ਰੇਤਾ, ਦੁਆਪਰ, ਕਲਜੁਗ ਸਮੇਂ ਦੀ ਕੋਈ ਵੰਡ ਨਹੀਂ ਤੇ ਨਾ ਹੀ ਇਕੋ ਸਮੇਂ ਸਾਰੇ ਲੋਕਾਂ ਦੇ ਸੁਭਾਅ ਬਦਲਦੇ ਹਨ। ਤਾਂ ਤੇ ਅਖੌਤੀ ਕਲਜੁਗ ਦਾ ਪਰਦਾ ਪਾ ਕੇ ਧਾਰਮਿਕ ਆਗੂ ਜਾਂ ਲੋਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ। ਇਥੇ ਤਾਂ “ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀਂ” (ਉਹੀ ਸ਼ਬਦ) ਲੋੜ ਹੈ ਕਿ ਮਨੁੱਖ, ਨੇਕ-ਪਰਉਪਕਾਰੀ ਬਣੇ ਅਤੇ ਆਪਣੇ ਜਨਮ ਨੂੰ ਪ੍ਰਭੂ ਰੰਗ `ਚ ਸਫ਼ਲਾ ਕਰੇ।

ਕੁਝ ‘ਹੋਲੇ ਮਹੱਲੇ’ ਬਾਰੇ-ਪਹਿਲੀ ਗੱਲ, ਇਸ ਨੂੰ ਕੇਵਲ ‘ਹੋਲਾ’ ਕਹਿ ਕੇ ਬੁਲਾਉਣਾ ਵੱਡੀ ਭੁਲ ਤੇ ਅਗਿਆਣਤਾ ਹੈ, ਇਸ ਦਾ ਸੰਬੋਧਨ ਹੈ ‘ਹੋਲਾ ਮਹੱਲਾ’। ਦੂਜਾ-ਗੁਰਬਾਣੀ ਵਿਚਾਰਧਾਰਾ ਦੇ ਅਮੋਘ ਬਾਣਾਂ ਨਾਲ ਸੰਸਾਰ `ਚੋਂ ਬੁਰਾਈਆਂ, ਗੁਣਾਹਾਂ, ਜੁਰਮਾਂ, ਐਬਾਂ, ਧਰਮ ਦੇ ਪਰਦੇ ਹੇਠ ਫ਼ੈਲਾਏ ਜਾ ਰਹੇ ਪਾਖੰਡਾ ਨਾਲ ਜੂਝਣਾ ਤੇ ਗੁਰਬਾਣੀ ਸੇਧ `ਚ ਚਲ ਕੇ ਵਿਕਾਰਾਂ ਨਾਲ ਹਰ ਸਮੇਂ ਦੀ ਜੰਗ, ਇਹੀ ਹੈ ਸਿੱਖ ਦੀ ਨਿੱਤ ਦੀ ਜੰਗ। ਨਾ ਕਿ ਉਸੇ ਗੰਦਗੀ `ਚ ਆਪ ਡੁੱਬਨਾ ਹੈ ਜਿਥੋਂ ਸੰਸਾਰ ਨੂੰ ਕਢਣਾ ਹੈ; ਜਿਵੇਂ ਕਿ ਅੱਜ ਹੋਇਆ ਪਿਆ ਹੈ। ਦੂਜਾ-ਗੁਰਬਾਣੀ ਸੱਚ ਦੇ ਪ੍ਰਸਾਰ ਲਈ ਲੋੜ ਪਵੇ ਤਾਂ ਜਾਨ `ਤੇ ਖੇਡ ਕੇ ਕੁਰਬਾਨੀ ਤੀਕ ਦੇ ਦੇਣੀ, ਪਰ ਰੱਬੀ ਸਚਾਈ ਨੂੰ ਆਂਚ ਨਹੀਂ ਆਉਣ ਦੇਣੀ। ਸਿੱਖ ਨੇ ਆਪਣੇ ਜੀਵਨ `ਚ ਜੰਗ ਦੇ ਇਹਨਾ ਦੋਨਾਂ ਢੰਗਾਂ ਨੂੰ ਨਿੱਤ ਚਾਲੂ ਰਖਣਾ ਹੈ। ਸ਼ੱਕ ਨਹੀਂ, ਜ਼ਿੰਦਗੀ ਦੀ ਇਸ ਦੂਜੀ ਜੰਗਾਂ ਲਈ ਹਥਿਆਰਾਂ ਦੀ ਵੀ ਲੋੜ ਪੈ ਸਕਦੀ ਹੈ ਪਰ ਸਿੱਖ ਲਈ ‘ਮੂਰਖ ਗੰਢੁ ਪਵੈ ਮੁਹਿ ਮਾਰ’ (ਪੰ: 143) ਅਨੁਸਾਰ ਇਸ ਦੇ ਲਈ ਇਹ ਜੰਗ ਦਾ ਆਖਰੀ ਢੰਗ ਹੈ, ਪਹਿਲਾ ਨਹੀਂ। ਇਹੀ ਕਾਰਨ ਹੈ ਕਿ ਪਹਿਲੇ ਪੰਜ ਜਾਮਿਆਂ ਤੀਕ ਬਾਣੀ ਸੇਧ `ਚ ਵਿਚਾਰਾਂ ਦੀ ਜੰਗ ਦੀ ਜਾਚ ਸਿਖਾਈ। ਦੂਜੇ ਨੰਬਰ `ਤੇ ਇਲਾਹੀ ਸੱਚ ਦੀ ਰਾਖੀ ਲਈ ਕੁਰਬਾਨੀ ਤੀਕ ਦੇ ਦਿੱਤੀ ਪਰ ਇਸ ਰੱਬੀ ਸੱਚ `ਤੇ ਆਂਚ ਨਹੀਂ ਆਉਣ ਦਿੱਤੀ। ਅੰਤ ਛੇਵੇਂ ਤੇ ਦਸਵੇਂ ਜਾਮੇ ਸਮੇਂ ਹਥਿਆਰਾਂ ਦੀਆਂ ਜੰਗਾਂ ਲੜੀਆਂ, ਤਾਂ ਵੀ ਕਿਸੇ `ਤੇ ਹਮਲੇ ਲਈ ਨਹੀਂ ਤੇ ਨਾ ਹੀ ਜ਼ਰ-ਜ਼ੋਰੂ-ਜ਼ਮੀਨ ਲਈ। ਹੱਥਿਆਰ ਵਰਤੇ ਵੀ ਤਾਂ, ਕੇਵਲ ਉਹਨਾਂ `ਤੇ ਜਿਹੜੇ ਹਮਲਾਵਰ ਹੋ ਕੇ ਆਏ। ਉਪ੍ਰੰਤ, ਜੰਗ ਦੇ ਮੈਦਾਨ `ਚ ਡਿੱਗੇ ਵੈਰੀ ਨੂੰ ਵੀ ਉਹੀ ਪਿਆਰ, ਸਤਿਕਾਰ, ਹਮਦਰਦੀ ਮਿਲੀ, ਜਿਹੜੀ ਆਪਣੇ ਵਲੋਂ ਹੋ ਕੇ ਲੜਣ ਵਾਲਿਆਂ ਨੂੰ। ਭਾਈ ਘਣਈਆ ਸਿੰਘ ਦੀ ਮਿਸਾਲ, ਸਾਹਮਣੇ ਹੈ ਤੇ ਇਸੇ ਤੋਂ ਜਨਮ ਹੁੰਦਾ ਹੈ ਅਜੋਕੀ ਰੈਡ-ਕਰਾਸ ਦਾ।

ਇਸ ਤਰ੍ਹਾਂ, ਜਦੋਂ ਸੰਨ 1699 `ਚ ਹਰ ਸਮੇਂ ਸ਼ਸਤ੍ਰਧਾਰੀ ਰਹਿਣ ਦਾ ਹੁਕਮ ਕੀਤਾ ਤਾਂ ਉਥੇ ਵੀ ਲਫ਼ਜ਼ ਤਲਵਾਰ, ਸ਼ਮਸ਼ੀਰ ਆਦਿ ਨਹੀਂ ਬਲਕਿ ਲਫ਼ਜ਼ ਦਿੱਤਾ ‘ਕ੍ਰਿਪਾਨ’। ਲਫ਼ਜ਼ ਕ੍ਰਿਪਾਨ, ਦੋ ਲਫ਼ਜ਼ਾਂ ਦੀ ਸੰਧੀ ਕ੍ਰਿਪਾ+ਆਨ ਤੋਂ ਹੈ। ਭਾਵ ਹਰ ਸਮੇਂ ਗਲ `ਚ ਪਈ ਕ੍ਰਿਪਾਨ ਸਿੱਖ ਨੂੰ ਚੇਤਾਵਨੀ ਦੇਂਦੀ ਹੈ-ਬੇਸ਼ਕ ਉਸ ਨੇ ਆਧੁਨਿਕ ਤੋਂ ਆਧੁਨਿਕ ਹੱਥਿਆਰ ਵੀ ਵਰਤਣੇ ਹੋਣ ਤਾਂ ਵੀ ਉਸ ਨੇ ਕ੍ਰਿਪਾਨ ਵਾਲੇ ਸਿਧਾਂਤ ਨੂੰ ਭੁਲਾ ਕੇ ਨਹੀਂ ਵਰਤਣੇ। ਸਿੱਖ ਨੇ ਦੋਨਾਂ `ਚੋਂ ਕਿਸੇ ਇੱਕ ਕਾਰਨ ਲਈ ਹੀ ਹੱਥਿਆਰਾਂ ਦੀ ਵਰਤੋਂ ਕਰਨੀ ਹੈ, ਉਸ ਤੋਂ ਬਾਹਿਰ ਨਹੀਂ, ੧. ਮਜ਼ਲੂਮ, ਅਸਹਾਇ ਦੀ ਮਦਦ ਲਈ। ੨. ਪੰਥ ਤੇ ਮਨੁੱਖਤਾ ਦੀ ਆਣ-ਸ਼ਾਨ ਨੂੰ ਕਾਇਮ ਰਖਣ ਲਈ। ਸਿੱਖ ਨੇ ਹੱਥਿਆਰ ਨੂੰ ਕਿਸੇ `ਤੇ ਜ਼ੁਲਮ-ਧੱਕਾ, ਖੋਹਾ-ਖੁਹਾਈ, ਹੱਕ ਮਾਰਣ, ਜ਼ਾਤੀ ਦੁਸ਼ਮਣੀ, ਨਿਜੀ ਵੈਰ-ਵਿਰੋਧ ਆਦਿ ਲਈ ਨਹੀਂ ਵਰਤਣਾ। ਇਸ ਤਰ੍ਹਾਂ ਹਜ਼ੂਰ ਨੇ ਜਦੋਂ ਕ੍ਰਿਪਾਨ ਨੂੰ ਪੰਜਾਂ ਕਕਾਰਾਂ ਨਾਲ ਜੋੜ ਦਿੱਤਾ ਤਾਂ ਅਗਲੇ ਹੀ ਸਾਲ ਸੰਨ 1700 `ਚ ਸਿੱਖ ਦੇ ਹੱਥਿਆਰਾਂ ਦੇ ਸਦੀਵੀ ਅਭਿਆਸ ਦਾ ਸੂਚਕ, ‘ਹੋਲਾ ਮਹੱਲਾ’ ਵੀ ਕਾਇਮ ਕਰ ਦਿੱਤਾ। ਠੀਕ ਉਸੇ ਤਰ੍ਹਾਂ ਜਿਵੇਂ ਹਰੇਕ ਦੇਸ਼ ਜੰਗ ਤਾਂ ਹਰ ਸਮੇਂ ਨਹੀਂ ਲੜਦਾ ਪਰ ਸ਼ਸਤ੍ਰਾਂ ਫ਼ੌਜਾਂ ਦੇ ਅਭਿਆਸ ਕਦੇ ਵੀ ਬੰਦ ਨਹੀਂ ਹੁੰਦੇ। ਇਸੇ ਤਰ੍ਹਾਂ ਸਿੱਖ ਨੇ ਵੀ ਹਰ ਸਮੇਂ ਸ਼ਸਤ੍ਰਾਂ ਦੀ ਵਰਤੋਂ ਤਾਂ ਨਹੀਂ ਕਰਨੀ ਪਰ ਉਸ ਦੇ ਸ਼ਸਤ੍ਰਾਂ ਦੇ ਅਭਿਆਸ ਸਦਾ ਚਲਦੇ ਰਹਿਣੇ ਹਨ, ਨਾ ਕਿ ਅੱਜ ਦੀ ਤਰ੍ਹਾਂ ਸਾਲ ਬਾਅਦ ਰੀਤ ਪੂਰੀ ਕੀਤੀ ਤੇ ਵਿਹਲੇ ਹੋਏ। #039Gs03.03s09#

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ Ph 9811292808, 011-26236119

ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: 12 “ਹੋਲੀ ਅਤੇ ਹੋਲਾ ਮਹੱਲਾ” (ਡੀਲਕਸ ਕਵਰ) ਸੰਗਤਾਂ `ਚ ਵੰਡਣ ਲਈ ਪ੍ਰਾਪਤ ਹੈ ਜੀ




.