.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਧਰਮਰਾਜ-ਰੱਬੀ ਨਿਯਮਾਵਲੀ

ਭਾਗ ਪਹਿਲਾ

ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਵਿੱਚ ਲਿਖਦੇ ਹਨ, ਕਿ “ਸੰਸਕ੍ਰਿਤ ਗ੍ਰੰਥਾਂ ਵਿੱਚ ਧਰਮ ਅਤੇ ਧਰਮਰਾਜ ਨਾਮ ਯਮ ਅਥਵਾ ਯਮਰਾਜ ਦਾ ਹੈ। ਗੁਰਮਤ ਵਿੱਚ ਨਿਆਂ-ਕਾਰੀ ਕਰਤਾਰ ਲਈ ਇਹ ਸ਼ਬਦ ਵਰਤਿਆ ਹੈ। ਪੌਰਾਣਕ ਧਰਮਰਾਜ ਦਾ ਸਿੱਖਾਂ ਨਾਲ ਵਾਹ-ਵਾਸਤਾ ਨਹੀਂ ਪੈਂਦਾ, ਅਰ ਨਾ ਸਿੱਖਾਂ ਨੂੰ ਯਮ ਦਾ ਭੈ ਸੰਤਾਪ ਦੇਂਦਾ ਹੈ”।

ਗੁਰਬਾਣੀ ਵਿੱਚ ਜਿੱਥੇ ਮੁਸਲਮਾਨੀ ਸਭਿਆਚਾਰ ਦੀ ਸ਼ਬਦਾਵਲੀ ਆਈ ਹੈ ਓੱਥੇ ਬ੍ਰਹਾਮਣੀ ਕਰਮ-ਕਾਂਡ ਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ ਹੈ। ਇਸਲਾਮਕ ਸਭਿਆਚਾਰ ਦੀ ਤਹਿ ਬਹੁਤੀ ਨਹੀਂ ਚੜ੍ਹ ਸਕੀ ਪਰ ਬ੍ਰਹਾਮਣੀ ਕਰਮ-ਕਾਂਡ ਦੀ ਤਹਿ ਬਹੁਤ ਜ਼ਿਆਦਾ ਚੜ੍ਹ ਚੁੱਕੀ ਹੈ। ਗੁਰਬਾਣੀ ਵਿੱਚ ਪੁਰਣਾਕ ਹਵਾਲੇ ਜਾਂ ਜੋ ਪ੍ਰਤੀਕ ਵਰਤੇ ਗਏ ਹਨ, ਅਸੀਂ ਉਹਨਾਂ ਦੇ ਹੂ-ਬ-ਹੂ ਅਰਥ ਕਰਕੇ ਓਸੇ ਹੀ ਕਰਮ-ਕਾਂਡ ਨੂੰ ਸਿਰਜ ਲਿਆ ਹੈ, ਜਿੱਥੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਚਾਇਆ ਸੀ। ਗੁਰਬਾਣੀ ਦੇ ਭਾਵ ਅਰਥ ਨੂੰ ਨਾ ਸਮਝਣ ਕਰਕੇ ਮ੍ਰਿਤਕ ਸੰਸਕਾਰ ਦੇ ਸਮਿਆਂ `ਤੇ ਜੋ ਕੀਰਤਨ ਜਾਂ ਵਿਆਖਿਆ ਕੀਤੀ ਗਈ ਹੈ, ਉਹ ਸਾਰੀ ਗਰੜ-ਪੁਰਾਣ ਦੀਆਂ ਕਥਾਵਾਂ ਜਾਂ ਪੁਰਾਣਕ ਮਿੱਥਾਂ ਦੇ ਅਧਾਰਤ ਹੁੰਦੀ ਰਹੀ ਹੈ ਇਸ ਲਈ ਸਾਡੀ ਮਾਨਸਕਤਾ ਵਿੱਚ ਸਨਾਤਨ ਮਤ ਦਾ ਕਰਮ-ਕਾਂਡ ਕੁੱਟ ਕੁੱਟ ਕੇ ਭਰਿਆ ਪਿਆ ਹੈ।

ਇੱਕ ਦਾਦੀ ਮਾਂ ਰਾਤ ਦੀ ਚਾਨਣੀ ਵਿੱਚ ਆਪਣੇ ਛੋਟੇ ਜੇਹੇ ਪੋਤਰੇ ਨੂੰ ਆਪਣੇ ਹੱਥ ਦੀ ਉਂਗਲ਼ ਨਾਲ ਦੱਸ ਰਹੀ ਹੁੰਦੀ ਹੈ ਕਿ ਮੇਰੇ ਜਿਉਣ ਜੋਗਿਆ ਔਹ ਦੇਖ ਚੰਦਰਮਾ ਕਿੰਨਾ ਸੋਹਣਾ ਲੱਗ ਰਿਹਾ ਈ। ਪੋਤਰਾ ਸਹਿਜ ਸੁਭਾਅ ਹੀ ਦਾਦੀ ਮਾਂ ਦੀ ਉਂਗਲ਼ ਫੜ ਕੇ ਬੈਠ ਜਾਂਦਾ ਹੈ ਕਿ ਸ਼ਾਇਦ ਇਹੋ ਹੀ ਚੰਦਰਮਾ ਹੈ। ਜੇ ਦੇਖਿਆ ਜਾਏ ਤਾਂ ਅਸੀਂ ਸਾਰੇ ਹੀ ਚੰਦਰਮਾ ਦੇਖਣ ਦੀ ਥਾਂ `ਤੇ ਦਾਦੀ ਮਾਂ ਦੀ ਉਂਗਲ਼ ਹੀ ਫੜ ਕੇ ਬੈਠ ਗਏ ਹਾਂ। ਗੁਰਬਾਣੀ ਵਿੱਚ ਦੋ ਵਿਚਾਰ ਬਹੁਤ ਮਹੱਤਵ ਪੂਰਨ ਹਨ ਇੱਕ ਪ੍ਰਤੀਕ ਵਜੋਂ ਆਇਆ ਹੈ ਤੇ ਦੂਜਾ ਆਦਰਸ਼ ਵਜੋਂ ਵਿਚਾਰ ਆਇਆ ਹੈ। ਅਦਰਸ਼ ਨੂੰ ਅਸੀਂ ਵਿਚਾਰਿਆ ਨਹੀਂ ਹੈ ਤੇ ਪ੍ਰਤੀਕ ਉੱਤੇ ਕਿਲ੍ਹੇ ਉਸਾਰ ਲਏ ਹਨ। ਏਸੇ ਤਰ੍ਹਾਂ ਹੀ ਗੁਰਮਤ ਨੇ ਸਨਾਤਨੀ ਮਤ ਵਾਲੇ ਧਰਮਰਾਜ ਦੀ ਹੋਂਦ ਨੂੰ ਖਤਮ ਕਰਦਿਆਂ ਸਦੀਵ-ਕਾਲ ਰੱਬ ਦੀ ਬਣਾਈ ਹੋਈ ਮਰਯਾਦਾ ਨੂੰ ਸਵੀਕਾਰਿਆ ਹੈ, ਜਿਸ ਨੂੰ ਹੁਕਮ ਦੀ ਕਾਰ ਕਿਹਾ ਗਿਆ ਹੈ---

ਧਰਮਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ॥

ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥

ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕ ਮੁਰਾਰਿ॥

ਤਿਨ ਕੀ ਸੇਵਾ ਧਰਮਰਾਇ ਕਰੈ ਧੰਨੁ ਸਵਾਰਣਹਾਰੁ॥

ਸਿਰੀ ਰਾਗ ਮਹਲਾ ੩ ਪੰਨਾ ੩੮

ਪਰਮਾਤਮਾ ਤੇ ਉਹਦੀ ਬਣਾਈ ਹੋਈ ਮਰਯਾਦਾ ਸਾਡੀ ਚੇਤੰਤਾ ਵਿੱਚ ਹੀ ਕੰਮ ਕਰ ਰਹੀ ਹੈ। ਪਰ ਵਿਕਾਰ ਵੀ ਨਾਲ ਰਹਿੰਦੇ ਹਨ। ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿਣ ਵਾਲਾ, ਦਰੱਖਤਾਂ ਦੇ ਪੱਤੇ ਖਾਣ ਵਾਲਾ ਹੌਲ਼ੀ ਹੌਲ਼ੀ ਹੱਥਾਂ ਦੀ ਵਰਤੋਂ ਕਰਕੇ ਵਿਕਾਸ ਦੀਆਂ ਮੰਜ਼ਿਲਾਂ ਤਹਿ ਕਰਦਾ ਹੋਇਆ ਚੰਦਰਮਾਂ `ਤੇ ਘਰ ਪਾਉਣ ਦੀ ਤਿਆਰੀ ਕਰੀ ਬੈਠਾ ਹੈ। ਸਿਆਣਿਆਂ ਲੋਕਾਂ ਨੇ ਮੁਲਕਾਂ ਨੂੰ ਤਰੱਕੀ ਦੇ ਰਾਹ ਪਾ ਲਿਆ, ਉਸ ਦਾ ਇਕੋ ਇੱਕ ਕਾਰਨ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਕਨੂੰਨ ਵਿੱਚ ਬੰਨ੍ਹ ਲਿਆ। ਜਿੱਥੇ ਚੰਗਿਆ ਮੁਲਕਾਂ ਨੇ ਲੋਕਾਂ ਦੀ ਸੁੱਖ ਸਹੂਲਤ ਲਈ ਕਨੂੰਨ ਬਣਾਏ ਹਨ ਓੱਥੇ ਕਨੂੰਨਾਂ ਦੀ ਉਲੰਘਣਾਂ ਕਰਨ ਵਾਲੇ ਵੀ ਪੈਦਾ ਹੋ ਗਏ। ਜਿੰਨਾਂ ਮਨੁੱਖਾਂ ਨੇ ਕਨੂੰਨ ਤੋੜੇ ਉਹਨਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ। ਹੁਣ ਦੇਖਿਆ ਜਾਏ ਤਾਂ ਕਨੂੰਨ ਵਿੱਚ ਰਹਿਣ ਵਾਲੇ ਨੂੰ ਆਮ ਕਰਕੇ ਪੁਲੀਸ ਕਦੀ ਵੀ ਤੰਗ ਨਹੀਂ ਕਰਦੀ ਪਰ ਜੋ ਕਨੂੰਨ ਤੋੜਦਾ ਹੈ ਉਹਨਾਂ ਨੂੰ ਪੁਲੀਸ ਘਰਾਂ ਵਿਚੋਂ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦੇਂਦੀ ਹੈ। ਇਸ ਦਾ ਅਰਥ ਹੈ ਕਨੂੰਨ ਤੋੜਨ ਵਾਲੇ ਨੂੰ ਸਜਾ ਮਿਲਦੀ ਹੈ। ਜੇ ਦੁਨੀਆਂ ਦਾ ਕਨੂੰਨ ਆਪਣੇ ਆਨੁਸਾਰ ਕੰਮ ਕਰਦਾ ਹੈ ਤਾਂ ਰੱਬ ਦਾ ਕਨੂੰਨ ਆਪਣੀ ਕੁਦਰਤੀ ਚਾਲ ਨਾਲ ਕੰਮ ਕਰਦਾ ਹੈ। “ਧਰਮਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ”। ਧਰਮਰਾਇ ਨੋ ਹੁਕਮੁ ਹੈ ਭਾਵ ਰੱਬ ਜੀ ਦਾ ਹੁਕਮ ਹੈ ਸੱਚ ਦੀ ਵਿਚਾਰ ਕੀਤੀ ਜਾਏ। “ਬਹਿ ਸਚਾ ਧਰਮੁ ਬੀਚਾਰ” ਭਾਵ ਵਿਚਾਰ ਕਰਕੇ ਕੇ ਦੇਖ, ਕਿ ਬੁਰਾਈ ਤੇ ਚੰਗਿਆਈ ਵਿੱਚ ਫਰਕ ਕੀ ਹੈ? ‘ਸਚਾ ਧਰਮੁ ਬੀਚਾਰਿ’ ਜੋ ਸੱਚ ਦੇ ਅਧਾਰਤ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਹੈ।

ਸਾਡੇ ਮਨ ਵਿੱਚ ਹਰ ਵੇਲੇ ਭਲਾ ਤੇ ਬੁਰਾ ਦੋ ਵੀਚਾਰ ਚਲਦੇ ਰਹਿੰਦੇ ਹਨ ਜਿਸ ਦੀ ਸੰਗਤ ਮਿਲ ਗਈ ਉਹ ਹੀ ਕਰਮ ਪ੍ਰਗਟ ਹੋ ਜਾਣਾ ਹੈ। ਰੱਬੀ ਨਿਯਮ ਅਨੁਸਾਰ ਨੇਕ ਕਰਮ ਕਰਦਿਆਂ ਸਮਾਜਕ-ਭਾਈਚਾਰੇ ਵਿਚ, ਆਪਣੇ ਪਰਵਾਰ ਜਾਂ ਆਪਣੇ ਨਿਜ ਦੇ ਜੀਵਨ ਵਿੱਚ ਆਤਮਕ ਤ੍ਰਿਪਤੀ ਦਾ ਸੁੱਖ ਤੇ ਅਨੰਦ ਮਈ ਜੀਵਨ ਦੀ ਫਿਰ ਸਾਫ਼ ਝਲ਼ਕ ਦਿਸਦੀ ਹੈ। ਬੁਰਾ ਕਰਮ ਕਰਦਿਆਂ ਜਿੱਥੇ ਆਤਮਾ ਮਲੀਨ ਹੁੰਦੀ ਹੈ ਓੱਥੇ ਮਨੁੱਖ ਨੂੰ ਭਾਈਚਾਰਕ ਸਾਂਝ ਵਿੱਚ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਸਰਕਾਰ ਜਾਂ ਪੁਲੀਸ ਦੋਸ਼ੀਆਂ ਨੂੰ ਸਜਾ ਦੇਂਦੀ ਹੈ, ਇੰਜ ਹੀ ਅੰਤਰ ਆਤਮੇ ਦੀ ਸ਼ੁਧ-ਸੋਚ ਜੋ ਧਰਮਰਾਜ ਦੇ ਰੂਪ ਵਿੱਚ ਬੈਠੀ ਹੈ, ਉਹ ਅੰਦਰਲੀ ਘਟੀਆ ਸੋਚ ਜਿਸ ਵਿਚੋਂ ਵਿਕਾਰ ਉਤਪੰਨ ਹੁੰਦੇ ਹਨ, ਧਰਮਰਾਜ ਭਾਵ ਰੱਬੀ ਕਨੂੰਨ ਅਜੇਹਾ ਕਰਨ ਦੀ ਆਗਿਆ ਨਹੀਂ ਦੇਂਦਾ। ਜੇ ਫਿਰ ਵੀ ਮਨੁੱਖੀ ਮਨ, ਧਰਮਰਾਜ ਭਾਵ ਸੱਚ ਦੇ ਗਿਆਨ ਤੇ ਸਦਾ-ਚਾਰਕ ਕੀਮਤਾਂ ਤੋਂ ਬਾਹਰਾ ਹੋ ਕੇ ਕਰਦਾ ਹੈ ਤਾਂ ਜਿੱਥੇ ਆਤਮਕ ਤੌਰ `ਤੇ ਦੁਖੀ ਹੁੰਦਾ ਹੈ ਓੱਥੇ ਕੋਰਟ ਕਹਿਚਰੀ ਵਲੋਂ ਮਿਲੀ ਸਜਾ ਸਰੀਰਕ ਤੌਰੇ ਵੀ ਭੁਗਤਣੀ ਪੈਂਦੀ ਹੈ। ਹੁਣ ਪਹਿਲੀਆਂ ਦੋ ਤੁਕਾਂ ਵਿੱਚ ਇਹ ਅਹਿਸਾਸ ਕਰਾਇਆ ਹੈ ਕਿ ਧਰਮਰਾਜ, ਸੱਚ ਦੀ ਵਿਚਾਰ, ਕੁਦਰਤੀ ਨਿਯਮਮਾਵਲੀ ਜਾਂ ਰੱਬੀ ਕਨੂੰਨ ਦਾ ਨਾਂ ਹੈ। ਜੇ ਰੱਬੀ ਹੁਕਮ ਤੋੜਿਆ ਜਾਂਦਾ ਹੈ ਤਾਂ ਧਰਮ ਰਾਜ (ਅੰਦਰਲੀ ਆਤਮਾ ਦੀ ਅਵਾਜ਼) ਇੱਕ ਵਾਰ ਤਾਂ ਜ਼ਰੂਰ ਅਹਿਸਾਸ ਕਰਾਉਂਦਾ ਹੈ ਕਿ ਐ ਮਨੁੱਖ! ਤੂੰ ਗਲਤੀ ਕਰ ਰਿਹਾ ਏਂ। ਗੁਰੂ ਦਾ ਗਿਆਨ ਸੱਚ ਦੇ ਮਾਰਗ ਨੂੰ ਸਮਝਾਉਣ ਦੇ ਯਤਨ ਵਿੱਚ ਰਹਿੰਦਾ ਹੈ, ਕਿ ਮੇਰੇ ਮਨ! ਤੂੰ ਆਪਣੇ ਅਸਲੀ ਰਾਹ `ਤੇ ਚੱਲਣ ਦਾ ਯਤਨ ਕਰ। ਜਨੀ ਕਿ ਧਰਮਰਾਜ (ਸੱਚੀ ਮਰਯਾਦਾ) ਦੀ ਵਿਕਾਰੀ ਮਨ ਨਾਲ ਪੱਕੀ ਦੁਸ਼ਮਣੀ ਹੈ।

ਸ਼ਬਦ ਦੀ ਤੀਸਰੀ ਤੁਕ ਵਿੱਚ --- “ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕ ਮੁਰਾਰਿ” ਧਰਮਰਾਜ ਭਾਵ ਰੱਬ ਜੀ ਦੇ ਕਨੂੰਨ ਨੂੰ ਸਮਝਣ ਵਾਲਾ ਹਰ ਵੇਲੇ ਸ਼ੁਭ ਗੁਣਾਂ ਦਾ ਖ਼ਜ਼ਾਨਾ ਇਕੱਠਾ ਕਰਦਾ ਰਹਿੰਦਾ ਹੈ ਤੇ “ਮਨਿ ਜਪਹਿ ਏਕ ਮੁਰਾਰਿ” ਸਿਰਫ ਇਕੋ ਰਸਤਾ ਜੋ ਕੇਵਲ ਸ਼ੁਭ ਗੁਣਾਂ ਵਾਲੇ ਪਾਸੇ ਨੂੰ ਖੁਲ੍ਹਦਾ ਹੈ ਓਸੇ ਰਸਤੇ `ਤੇ ਹੀ ਤੁਰਨ ਦਾ ਪਾਂਧੀ ਹੁੰਦਾ ਹੈ। ਸਕੂਲਾਂ ਕਾਲਜਾਂ ਵਿੱਚ ਇੱਕ ਆਮ ਮੁਹਾਵਰਾ ਪੜ੍ਹਾਇਆ ਜਾਂਦਾ ਹੈ ਕਿ “ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ”। ਆਪਣੀ ਮਦਦ ਆਪੇ ਕਰਨ ਵਾਲਿਆਂ ਦੀ ਧਰਮਰਾਜ ਖ਼ੁਦ ਸੇਵਾ ਕਰਦਾ ਹੈ-- “ਤਿਨ ਕੀ ਸੇਵਾ ਧਰਮਰਾਇ ਕਰੈ ਧੰਨੁ ਸਵਾਰਣਹਾਰੁ”॥ ਕੋਈ ਵਿਦਿਆਰਥੀ ਮਨ ਮਾਰ ਕੇ, ਮਿਹਨਤ ਕਰਕੇ, ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ ਪਰ ਮਾਪੇ ਕਹਿੰਦੇ ਨੇ ਕਿ ਜੀ ਸਾਡੇ ਬੱਚੇ ਦੀ ਮਦਦ ਪਰਮਾਤਮਾ ਨੇ ਕੀਤੀ ਹੈ। ਇਸ ਦਾ ਅਰਥ ਇਹ ਨਹੀਂ ਹੈ ਕਿ ਪਰਮਾਤਮਾ ਨੇ ਆਪ ਸਰੀਰ ਦੇ ਤਲ਼ `ਤੇ ਆ ਕੇ ਬੱਚੇ ਦੇ ਕੋਈ ਪੇਪਰ ਦਿੱਤੇ ਹੋਣ। ਇਹ ਤੇ ਬੱਚੇ ਨੇ ਰੱਬੀ ਹੁਕਮ ਨੂੰ ਸਮਝਦਿਆਂ ਹੋਇਆਂ ਮਿਹਨਤ ਕੀਤੀ, ਤੇ ਉਸ ਨੂੰ ਉਸ ਦਾ ਫਲ਼ ਮਿਲਿਆ ਹੈ। ਸ਼ੁਭ ਗੁਣਾਂ ਨੂੰ ਮੁੱਖ ਰੱਖ ਕੇ ਜੇ ਮਿਹਨਤ ਕੀਤੀ ਜਾਏਗੀ ਤਾਂ ਸਮਝੋ ਧਰਮਰਾਜ ਮਨੁੱਖ ਦੀ ਖ਼ੁਦ ਸੇਵਾ ਕਰ ਰਿਹਾ ਹੈ। ਜੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਸਮਝਿਆ ਤਾਂ ਬੱਚਾ ਫੇਲ੍ਹ ਹੋ ਜਾਂਦਾ ਹੈ ਤਾਂ ਇਹ ਧਰਮਰਾਜ ਦੀ ਸਜਾ ਹੈ ਜੋ ਖ਼ੁਦ ਹੀ ਬੱਚੇ ਨੇ ਪ੍ਰਾਪਤ ਕੀਤੀ। ਸੋ ਕਿਹਾ ਜਾ ਸਕਦਾ ਹੈ ਰੱਬੀ ਕਨੂੰਨ ਜਾਂ ਧਰਮਰਾਜ ਸਾਡੇ ਨਾਲੋਂ ਕੋਈ ਵੱਖਰਾ ਨਹੀਂ ਹੈ। ਆਤਮਕ ਗਿਆਨ ਦੀ ਸੋਝੀ ਨੂੰ ਧਰਮਰਾਜ ਦੀ ਸੇਵਾ ਕਿਹਾ ਹੈ।

ਏਸੇ ਹੀ ਸ਼ਬਦ ਦੇ ਤੀਸਰੇ ਪਦੇ ਵਿੱਚ ਆਪਣੇ ਮਨ ਦੇ ਵਿਕਾਰ, ਆਪਣੇ ਹੀ ਮਨ ਵਿਚੋਂ ਤਿਆਗ ਦੇਣ ਦੀ ਭਾਵਨਾ ਪ੍ਰਗਟ ਕਰ ਲਏ ਤਾਂ ਸਮਝਿਆ ਜਾ ਸਕਦਾ ਹੈ ਕਿ ਇਸ ਨੇ ਅਸਲੀਅਤ ਦੀ ਪਕੜ ਕਾਇਮ ਕਰ ਲਈ ਹੈ---

ਮਨ ਕੇ ਬਿਕਾਰ ਮਨਹਿ ਤਜੈ, ਮਨਿ ਚੁਕੈ ਮੋਹੁ ਅਭਿਮਾਨੁ॥

ਆਤਮਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ॥

ਬਿਨੁ ਸਤਿਗੁਰ ਮੁਕਿਤ ਨ ਪਾਈਐ ਮਨਮੁਖਿ ਫਿਰੇ ਦਿਵਾਨੁ॥

ਸਬਦੁ ਨਾ ਚੀਨੈ, ਕਥਨੀ ਬਦਨੀ ਕਰੇ, ਬਿਖਿਆ ਮਾਹਿ ਸਮਾਨੁ॥

ਪੰਨਾ ੩੮

ਧਰਮਰਾਜ ਦੇ ਸ਼ਿਕਾਰ ਸੰਸਾਰਕ ਮੋਹ ਤੇ ਅੰਹਕਾਰ ਦੀ ਪ੍ਰਬਲ ਬਿਰਤੀ ਦੀ ਸਮਝ ਆਉਂਦਿਆਂ ਹੀ ਸਹਿਜ ਅਵਸਥਾ ਦੀ ਸਿਰਜਣਾ ਦਾ ਮੁੱਢ ਬੱਝਦਾ ਹੈ। ਇਹਨਾਂ ਦੀ ਅਰੰਭਤਾ ਸਤਿਗੁਰ ਦੇ ਨਾਮ ਤੋਂ ਰੱਖੀ ਗਈ ਹੈ, ਜਿਸ ਦਾ ਪ੍ਰਕਾਸ਼ ਉਪਦੇਸ਼ ਵਿਚੋਂ ਨਿਕਲਦਾ ਹੈ।

ਦਹੀਂ ਨੂੰ ਰਿੜਕਣ ਨਾਲ ਮੱਖਣ ਦੀ ਪ੍ਰਾਪਤੀ ਵਾਂਗ, ਸ਼ਬਦ ਨੂੰ ਰਿੜਕਣ ਨਾਲ ਸ਼ੁਭ ਵਿਚਾਰਾਂ ਦਾ ਜਨਮ ਤੇ ਵਿਕਾਰਾਂ ਦਾ ਖਾਤਮਾ ਹੁੰਦਾ ਹੈ। ਅਸੀਂ ਧਰਮਰਾਜ ਜਾਂ ਗਿਆਨ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਾਂ ਪਰ ਮੋਹ ਤੇ ਹੰਕਾਰ ਵਿੱਚ ਹਮੇਸ਼ਾਂ ਗਰਕ ਹੀ ਰਹਿੰਦੇ ਹਾਂ।

ਕਹਿੰਦੇ ਨੇ ਬੰਦਾ ਜਵਾਨੀ ਵਿੱਚ ਮੋਢਿਆਂ ਦੇ ਪਿੱਛੋਂ ਦੀ ਥੁੱਕਦਾ ਹੈ, ਭਾਵ ਜਦੋਂ ਜਵਾਨੀ ਆਉਂਦੀ ਹੈ ਤਾਂ ਇਸ ਨੂੰ ਬੁਰੇ ਭਲੇ ਦੀ ਪਹਿਛਾਣ ਹੀ ਨਹੀਂ ਰਹਿੰਦੀ। ਕਈ ਦਫ਼ਾ ਰਾਹ ਜਾਂਦਿਆਂ ਵੀ ਇਹ ਲੜਾਈ ਮੁੱਲ ਲੈਣ ਤੋਂ ਨਹੀਂ ਡਰਦਾ, ਕਿਉਂਕਿ ਜੀਵ ਦਾ ਮਨ ਹਉਮੇ-ਅੰਹਕਾਰ ਵਿੱਚ ਮਸਤ ਹੋ ਕੇ ਕਈ ਉਪੱਦਰ ਮਚਾ ਦੇਂਦਾ ਹੈ। ਅਜੇਹੀ ਅਵਸਥਾ ਵਿੱਚ ਜਦੋਂ ਮਾਨਸਕ ਤੇ ਸਰੀਰਕ ਸਜਾ ਭੋਗਣੀ ਪੈਂਦੀ ਤਾਂ ਇਸ ਪਾਸ ਸਵਾਏ ਝੂਰਨ ਦੇ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ---

ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ, ਭਰਿ ਜੁਆਨੀ ਲਹਰੀ ਦੇਇ॥

ਬੁਰਾ ਭਲਾ ਨ ਪਛਾਣਈ, ਵਣਜਾਰਿਆ ਮਿਤ੍ਰਾ, ਮਨੁ ਮਤਾ ਅਹੰਮੇਇ॥

ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ॥

ਪੂਰਾ ਸਤਿਗੁਰੂ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ॥

ਧਰਮਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ॥

ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ॥

ਪੰਨਾ ੭੭

ਹੁਣ ਇਸ ਸ਼ਬਦ ਵਿਚ, ਮਨੁੱਖੀ ਜਵਾਨੀ ਦੀਆਂ ਬੇ-ਰੋਕ ਹੰਕਾਰੀ ਛੱਲਾਂ “ਭਰਿ ਜੁਆਨੀ ਲਹਰੀ ਦੇਇ” ਦੀ ਗੱਲ ਕਰਦਿਆਂ ਸਮਝਾਇਆ ਹੈ, ਕਿ ਤੈਨੂੰ ਤਾਂ ਹੁਣ ਬੁਰੇ ਭਲੇ “ਬੁਰਾ ਭਲਾ ਨ ਪਛਾਣਈ” ਦੀ ਵੀ ਕੋਈ ਪਹਿਛਾਣ ਨਹੀਂ ਰਹੀ। ਕਿਉਂਕਿ ਸਤਿਗੁਰ ਦੀ ਮਤ ਨੂੰ ਲੈਣ ਦਾ “ਪੂਰਾ ਸਤਿਗੁਰੂ ਕਬਹੂੰ ਨ ਸੇਵਿਆ” ਯਤਨ ਨਹੀਂ ਕੀਤਾ, ਇਸ ਲਈ ਵਿਕਾਰਾਂ ਰੂਪੀ ਜਮਾਂ ਨੇ ਤੇਰੇ ਗਲ਼ ਵਿੱਚ ਆਤਮਕ ਔਗੁਣਾਂ ਦੀ ਫਾਹੀ ਪਾਈ ਹੋਈ ਹੈ।

ਜੇ ਇਹ ਵਰਤਮਾਨ ਜੀਵਨ ਦੀ ਗੱਲ ਹੋ ਰਹੀ ਹੈ ਤਾਂ ਫਿਰ ਲੇਖਾ ਹੁਣ ਹੀ ਦੇਣਾ ਪਏਗਾ। ਤਿੰਨ ਗੱਲਾਂ ਸਪੱਸ਼ਟ ਕੀਤੀਆਂ ਹਨ। ੧. ਜੁਆਨੀ ਦੀਆਂ ਹੁਸੀਨ ਤੇ ਹੰਕਾਰ ਭਰੀਆਂ ਲਹਿਰਾਂ, ੨. ਬੁਰੇ ਭਲੇ ਦੀ ਪਹਿਛਾਣ ਨਹੀਂ, ੩. ਸਤਿਗੁਰ ਦੀ ਸਿੱਖਿਆ ਨੂੰ ਸਮਝਿਆ ਹੀ ਨਹੀਂ। ਜਦੋਂ ਤਿੰਨ ਜ਼ਿੰਮੇਵਾਰੀਆਂ ਨਹੀਂ ਸਮਝੀਆਂ ਤਾਂ ਅੰਦਰ ਬੈਠੀ ਸੱਚ ਦੀ ਅਵਾਜ਼ ਨੂੰ ਫਿਰ ਪੁੱਛਣ ਦਾ ਹੱਕ ਹੈ ਕਿ ਐ ਇਨਸਾਨ! ਤੂੰ ਆਪਣੇ ਫ਼ਰਜ਼ ਨੂੰ ਤਨ ਦੇਹੀ ਨਾਲ ਕਿਉਂ ਨਹੀਂ ਨਿਭਾਇਆ? “ਧਰਮਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ” ਅਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਧਰਮਰਾਜ ਦੀ ਕਹਿਚਰੀ ਵਿੱਚ ਤੈਨੂੰ ਪੁਛਿਆ ਜਾਏਗਾ। ਜਦੋਂ ਗੱਲ ਬੁਰੇ ਭਲੇ ਦੀ ਹੋ ਰਹੀ ਹੈ ਤਾਂ ਏਸੇ ਜੀਵਨ ਦੇ ਵਿੱਚ ਹੀ ਸੱਚ ਦੇ ਅਧਾਰਤ ਇਮਾਨਦਾਰੀ ਨਾਲ ਤੇਰੀ ਅੰਦਰਲੀ ਆਤਮਾ ਹੀ ਤੈਨੂੰ ਪੁੱਛੇ, ਕੀ ਤੂੰ ਬੁਰੇ ਔਗੁਣਾਂ ਦੀ ਪਹਿਛਾਣ ਕਰਕੇ ਭਲਿਆਂ ਕੰਮਾਂ ਵਲ ਨੂੰ ਤੁਰ ਪਿਆ ਏਂ?




.