.

ਸ਼ਸਤ੍ਰ ਨਾਮ ਮਾਲਾ

(ਦਸਮ ਗ੍ਰੰਥ ਪੰਨਾ 731 - 808)

ੴ ਵਾਹਿਗੁਰੂ ਜੀ ਕੀ ਫ਼ਤਹਿ

ਸ੍ਰੀ ਭਗਉਤੀ ਜੀ ਸਹਾਇ।।

ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ।।

ਪਾਤਿਸਾਹੀ 10. ।

ਹੁਣ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਦੇ ਹਾਂ। ਕਵੀ ਰਚਨਾ ਆਰੰਭ ਕਰਨ ਤੋਂ ਪਹਿਲਾਂ ਸ੍ਰੀ ਭਗਉਤੀ ਜੀ ਸਹਾਇ ਲਿਖਦਾ ਹੈ। ਕਵੀ ਭਗਉਤੀ ਦੇਵੀ ਦਾ ਉਪਾਸ਼ਕ ਹੈ, ਤੇ ਭਗਉਤੀ ਤੋਂ ਸਹਾਇਤਾ ਮੰਗਦਾ ਹੈ।

ਅਨੇਕਾਂ ਅਸਤ੍ਰਾਂ ਸੰਸਤ੍ਰਾਂ ਵਿੱਚ ਭਗਉਤੀ ਦੀ ਸ਼ਕਤੀ ਵਰਤਦੀ ਹੈ। ਕਵੀ ਕਹਿੰਦਾ ਹੈ ਤਲਵਾਰ, ਕ੍ਰਿਪਾਨ ਆਦਿ ਤੂੰ ਹੀ ਹੈਂ। ਸੰਸਤਰ ਅਸਤਰ ਮੇਰੇ ਪੀਰ ਅਥਵਾ ਗੁਰੂ ਹਨ। ਕਵੀ ਸਸਤਰਾਂ ਅਸਤਰਾਂ ਦੀ ਪੂਜਾ ਕਰਦਾ ਹੈ ਤੇ ਸਸਤਰਾਂ ਦੇ ਨਾਮ ਲੈ ਕੇ ਸ਼ਸਤਰਾਂ ਦਾ ਜਪ ਕਰਦਾ ਹੈ।

ਗੁਰਮਤਿ ਵਿੱਚ ਪੂਜਾ ਸਭ ਦੇ ਮਾਲਕ, ਇਕੋ ਇੱਕ ਸਦੀਵ ਹਸਤੀ, ਹੁਕਮ ਰੂਪ ਅਕਾਲ ਪੁਰਖ ਦੀ ਹੁੰਦੀ ਹੈ। ਕਿਸੇ ਸ਼ਸਤਰ, ਦੇਵੀ ਦੇਵਤੇ ਦੀ ਪੂਜਾ ਤੋਂ ਗੁਰੂ ਜੀ ਵਰਜਦੇ ਹਨ।

ਪਾਤਸ਼ਾਹੀ 10, ਭਗਉਤੀ ਦੇ ਉਪਾਸ਼ਕ ਨਹੀਂ ਤੇ ਸ਼ਸਤਰਾਂ ਨੂੰ ਪੀਰ ਅਥਵਾ ਗੁਰੂ ਨਹੀਂ ਮੰਨਦੇ। ਇਹ ਰਚਨਾ ਪਾ: 10 ਕ੍ਰਿਤ ਨਹੀਂ ਹੋ ਸਕਦੀ।

ਦਸਮ ਪਾਤਸ਼ਾਹ, ਬ੍ਰਹਮ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸਿੱਖ ਧਨ, ਸ਼ਸਤ੍ਰ, ਤਲਵਾਰ, ਬੰਦੂਕ, ਨੇਜ਼ਾ ਆਦਿ ਲਿਆ ਕੇ ਪਾ: 10 ਦੇ ਚਰਨਾਂ ਵਿੱਚ ਭੇਟਾ ਰਖਦੇ ਸਨ, ਤੇ ਅਰਦਾਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਪਾਸ ਹੁੰਦੀ ਸੀ। ਸ਼ਸਤ੍ਰਾਂ ਦਾ ਸਥਾਨ ਗੁਰੂ ਚਰਨਾਂ ਵਿੱਚ ਸੀ, ਧਨ ਪਦਾਰਥਾਂ ਦਾ ਸਥਾਨ ਵੀ ਗੁਰ ਚਰਨਾਂ ਵਿੱਚ ਸੀ। ਇਹ ਵਿਧਾਨ ਛੇਵੇਂ ਪਾਤਸ਼ਾਹ ਦੇ ਸਮੇਂ ਵਿੱਚ ਵੀ ਸੀ, ਜੋ ਸ਼ਸਤਰਧਾਰੀ ਸੀ, ਜਿੰਨ੍ਹਾਂ ਨੇ ਚਾਰ ਜੰਗ ਲੜੇ ਤੇ ਸਭ ਵਿੱਚ ਜਿੱਤ ਪ੍ਰਾਪਤ ਕੀਤੀ।

ਸ਼ਸਤਰ ਨਾਮ ਮਾਲਾ ਦੇ ਕੁੱਝ ਪਦੇ ਅਸੀਂ ਹੇਠਾਂ ਦਿੱਤੇ ਹਨ:

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।

ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ। 3.

(ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ), ਸੈਫ, ਸਰੋਹੀ ਅਤੇ ਸੈਹਥੀ (ਬਰਛੀ) ਆਦਿਕ ਇਹ (ਸ਼ਸਤ੍ਰ) ਮੇਰੇ ਪੀਰ (ਅਥਵਾ ਗੁਰੂ) ਹਨ।)

ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰਿ।

ਨਾਮ ਤਿਹਾਰੋ ਜੋ ਜਪੈ ਭਏ ਸਿੱਧੁ ਭਵ ਪਾਰ। 4.

(ਹੇ ਭਗਉਤੀ ਦੇਵੀ! ਤੂੰ ਹੀ ਤੀਰ ਹੈਂ, ਤੂੰ ਹੀ ਬਰਛੀ ਹੈਂ, ਤੂੰ ਹੀ ਛਵੀ ਅਤੇ ਤਲਵਾਰ ਹੈਂ। ਹੇ ਭਗਉਤੀ, ਜੋ ਤੇਰੇ ਨਾਮ ਨੂੰ ਜਪਦਾ ਹੈ (ਉਹ) ਭਵਸਾਗਰ ਤੋਂ ਪਾਰ ਹੋ ਜਾਂਦਾ ਹੈ।)

ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ।

ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ। 5.

(ਤੂੰ ਹੀ ਕਾਲ ਹੈਂ, ਤੂੰ ਹੀ ਕਾਲੀ ਹੈਂ, ਤੂੰ ਹੀ ਤੇਗ ਅਤੇ ਤੀਰ ਹੈਂ। ਤੂੰ ਹੀ ਜਿੱਤ ਦੀ ਨਿਸ਼ਾਨੀ ਹੈਂ ਅਤੇ ਅੱਜ ਤੂੰ ਹੀ ਜਗਤ ਵਿੱਚ ਪਰਮ ਸ੍ਰੇਸ਼ਠ ਸੂਰਮਾ ਹੈਂ।)

ਸ੍ਰੀ ਤੁਹੀ ਸਭ ਕਾਰਨ ਤੁਹੀ ਤੂ ਬਿਦਯਾ ਕੋ ਸਾਰ।

ਤੁਮ ਸਭ ਕੋ ਉਪਹਾਜਹੀ ਤੁਮਹੀ ਲੇਹੁ ਉਬਾਰ। 8.

(ਤੂੰ ਹੀ ਮਾਇਆ ਹੈਂ, ਸਭ ਦਾ ਕਾਰਨ ਰੂਪ ਤੂੰ ਹੀ ਹੈਂ, ਤੂੰ ਹੀ ਵਿੱਦਿਆ ਦਾ ਸਾਰ ਹੈਂ। ਤੂੰ ਸਭ ਨੂੰ ਉਤਪੰਨ ਕਰਨ ਵਾਲੀ ਹੈਂ ਅਤੇ ਤੂੰ ਹੀ (ਸਾਰਿਆਂ ਨੂੰ) ਉਬਾਰਦੀ ਹੈਂ (ਰਖਿਆ ਕਰਦੀ ਹੈਂ)।)

(ਇਤਿ ਸ੍ਰੀ ਨਾਮ ਮਾਲਾ ਪੁਰਾਣ 27 ਪਦਿਆਂ ਉਪਰੰਤ ਲਿਖਿਆ ਹੈ। ਸ੍ਰੀ ਭਗਉਤੀ ਉਸਤਤ ਪ੍ਰਥਮ ਧਿਆਇ ਸਮਾਪਤਮ ਸਭ ਸੁਭਮ ਸਤ।)

ਗੁਰਮਤਿ ਵਿੱਚ ਜਪ, ਸਿਮਰਣ, ਅਰਾਧਨਾ, ਪੂਜਾ ਇੱਕ ਏਕੰਕਾਰ, ਇਕੋ ਇੱਕ ਸਦੀਵ ਹਸਤੀ, ਅਕਾਲ ਪੁਰਖ ਦੀ ਹੁੰਦੀ ਹੈ। ਕਿਸੇ ਹੋਰ ਸ਼ਕਤੀ, ਦੇਵੀ ਦੇਵਤਾ ਦੀ ਪੂਜਾ ਤੋਂ ਸਤਿਗੁਰੂ ਜੀ ਵਰਜਦੇ ਹਨ।

* ਹਰਿ ਸਿਮਰਿ ਏਕੰਕਾਰ ਸਾਚਾ ਸਭੁ ਜਗਤੁ ਜਿੰਨ ਉਪਾਇਆ।।

(ਪੰਨਾ 1113, ਗੁਰੂ ਗ੍ਰੰਥ ਸਾਹਿਬ)

* ਮਾਈ ਆਨ ਸਿਮਰਿ ਮਰ ਜਾਹਿ।।

ਤਿਆਗ ਗੋਬਿੰਦ ਜੀਅਨ ਕੋ ਦਾਤਾ ਮਾਇਆ ਸੰਗ ਲਪਟਾਹਿ।।

ਨਾਮ ਬਿਸਾਰ ਚਲੇ ਅਨਮਾਰਗ ਨਰਕ ਘੋਰ ਮਹਿ ਪਾਹਿ।।

(ਪੰਨਾ 1225, ਗੁਰੂ ਗ੍ਰੰਥ ਸਾਹਿਬ)

ਇਸ ਰਚਨਾ ਨੂੰ ਸ੍ਰੀ ਮੁਖਵਾਕ ਪਾ: 10, ਪਾ: 10 ਕ੍ਰਿਤ ਮੰਨੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆਂ ਨੂੰ ਤੇ ਸ਼ਸਤਰਾਂ ਅਸਤਰਾਂ ਨੂੰ ਪੂਜਣ ਵਾਲੇ ਸਨ।

ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪਾ: 10 ਕ੍ਰਿਤ ਦੇ ਮੰਨਨ ਕਰਕੇ ਹਜ਼ੂਰ ਸਾਹਿਬ ਵਿੱਚ ਸ਼ਸਤਰਾਂ ਦੀ ਪੂਜਾ ਹੁੰਦੀ ਹੈ ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿੱਚ ਕੀਤਾ ਜਾਂਦਾ ਹੈ।

ਅਸੀਂ ਹਥਲੀ ਪੁਸਤਕ ਦੇ ਪਹਿਲੇ ਭਾਗ ਵਿੱਚ ਵਿਚਾਰ ਕਰ ਚੁੱਕੇ ਹਾਂ ਕਿ 1725 ਤੋਂ ਬਾਦ 18ਵੀਂ ਤੇ 19ਵੀਂ ਸਦੀ ਵਿੱਚ, ਦਸਮ ਗ੍ਰੰਥ, ਸਰਬ ਲੋਹ ਗ੍ਰੰਥ ਤੇ ਅਨੇਕਾਂ ਰਹਿਤਨਾਮੇ ਛਪੇ। ਇਹਨਾਂ ਪੁਸਤਕਾਂ ਨੂੰ ਲਿਖਣ ਦਾ ਮੰਤਵ, ਸਿੱਖਾਂ ਨੂੰ ਗੁਮਰਾਹ ਕਰਨਾ ਸੀ ਤੇ ਸਿੱਖ ਮਤ ਨੂੰ ਵੇਦ ਮਤ ਵਿੱਚ ਰਲਾਨ ਦਾ ਸੀ। ਸਾਡੇ ਵਿਦਵਾਨਾਂ ਨੇ ਇਹਨਾਂ ਨੂੰ ਪਾ: 10 ਕ੍ਰਿਤ ਮੰਨਨ ਵਿੱਚ ਵੱਡੀ ਭੁੱਲ ਕੀਤੀ।

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਗੁਰਬਾਣੀ ਦੇ ਆਧਾਰ ਤੇ ਵਿਚਾਰ ਕਰਕੇ ਇਹਨਾਂ ਪੁਸਤਕਾਂ ਨੂੰ ਗੁਰਮਤਿ ਵਿਰੋਧੀ ਇਤਿਹਾਸ ਘੋਸ਼ਿਤ ਕਰੀਏ।

ਮਹਾਂਕਾਲ ਅਤੇ ਕਾਲਕਾ (ਮਹਾਂਕਾਲੀ) ਦੇ ਉਪਾਸ਼ਕਾਂ ਵਾਸਤੇ ਸ਼ਸਤਰਾਂ ਦੇ ਨਾਮ ਰਟਨੇ ਅਤੇ ਉਹਨਾਂ ਦੀ ਪੂਜਾ ਕਰਨੀ ਜ਼ਰੂਰੀ ਹੈ। ਇਹ ਸ਼ਸਤਰ ਨਾਮ ਮਾਲਾ ਪੁਰਾਣ ਕਿਸੇ ਸਾਕਤ ਮਤੀਏ ਕਵੀ ਦੀ ਰਚਨਾ ਹੈ।

ਗਿਆਨੀ ਭਾਗ ਸਿੰਘ ਨੇ ਆਪਣੀ ਪੁਸਤਕ ‘ਦਸਮ ਗ੍ਰੰਥ ਦਰਪਣ’ ਵਿੱਚ ਸ਼ਸਤ੍ਰ ਨਾਮ ਮਾਲਾ ਪੁਰਾਣ ਬਾਰੇ ਆਪਣੇ ਵਿਚਾਰ ਦਿੱਤੇ ਹਨ। ਇਸ ਤੋਂ ਅੱਗੇ ਸਾਰੇ ਵਿਚਾਰ ਗਿਆਨੀ ਭਾਗ ਸਿੰਘ ਦੇ ਲਿਖੇ ਹਨ।

ਪੁਸਤਕ ਦੇ ਪੰਨਾ 23 ਤੇ 24 ਵਿੱਚ ਲਿਖਿਆ ਹੈ - “ਅਠ੍ਹਾਰਾਂ ਪੁਰਾਣਾਂ ਵਿੱਚ ਉਪ੍ਰੇਕਤ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਕੋਈ ਨਹੀਂ ਤੇ ਨਾ ਹੀ ਇਸ ਰਚਨਾ ਨੂੰ ਪੁਰਾਣ ਕਿਹਾ ਜਾ ਸਕਦਾ ਹੈ ਕਿਉਂਕਿ ਰਿਖੀ ਵਿਆਸ ਜੀ ਦੇ ਰਚੇ ਪ੍ਰਾਚੀਨ ਪ੍ਰਸੰਗਾਂ ਨੂੰ ਪੁਰਾਣ ਕਹਿੰਦੇ ਹਨ। ਦੂਜੀਆਂ ਭਾਸ਼ਾਵਾਂ ਵਿੱਚ ਪੁਰਾਣ ਨੂੰ ‘ਇਤਿਹਾਸ’ ਅਥਵਾ ‘ਤ੍ਹਾਰੀਖ’ ਜਾਂ ‘ਹਿਸਟਰੀ’ ਵੀ ਕਿਹਾ ਜਾਂਦਾ ਹੈ। ਜਿਵੇਂ ਕਿ ਵਿਸ਼ਨੂੰ, ਬ੍ਰਹਮਾਂਡ ਅਤੇ ਭਵਿੱਸ਼ ਪੁਰਾਣ ਦੇ ਪੰਜ ਲੱਖਣ ਦਰਸਾਏ ਗਏ ਹਨ, ਯਥਾ -

ਸਰਗਸ@ @, ਪ੍ਰਤਿਸਰਗਸ਼ਚ@ ਵਸ਼ੋ, ਮਨਵਂਤ੍ਰਾਣਿਚ।

ਵਂਸ਼ਾਨੁਚਰਿਤ ਚੈਵ, ਪੁਰਾਣਂ ਪਚ ਲਕਸ਼ਣਂ।

ਭਾਵ, ਸ੍ਰਿਸ਼ਟੀ ਦੀ ਸਾਜਨਾ, ਪ੍ਰਲੈ, (ਦੇਵਤਿਆਂ ਅਤੇ ਪਿਤਰਾਂ ਦੀ) ਬੰਸਾਵਲੀ ਮਨਵੰਤਰਾਂ (ਮਨੂ ਦੇ ਰਾਜ ਦੇ ਸਮੇਂ ਦੀ ਗਿਆਤ) ਅਤੇ ਵੰਸ਼ਾਂ ਦੇ ਚਰਿਤ੍ਰਾਂ (ਕਾਰਨਾਮਿਆਂ) ਦਾ ਜਿਸ ਗ੍ਰੰਥ ਵਿੱਚ ਵਰਨਣ ਹੋਵੇ, ਉਸਨੂੰ ਪੁਰਾਣ ਕਿਹਾ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਪੁਰਾਤਨ ਕੋਸ਼ ‘ਅਮਰਕੋਸ਼’ ਵਿੱਚ ਵੀ ਪੁਰਾਣ ਦੇ ਇਹੀ ਪੰਜ ਲੱਛਣ ਦੱਸੇ ਗਏ ਹਨ। ਅਤੇ ਇਸ ਦੀ ਪੁਸ਼ਟੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਤ ਪੁਸਤਕ ‘ਹਿੰਦੂ ਮਿਥਿਹਾਸ ਕੋਸ਼’ ਦੇ ਪੰਨਾ 353 ਉਤੇ ਪੁਰਾਣਾਂ ਸਬੰਧੀ ਵੇਰਵੇ ਤੋਂ ਵੀ ਹੁੰਦੀ ਹੈ।

ਤਾਂ ਤੇ ਦਸਮ ਗ੍ਰੰਥ ਵਿਚਲੀ ਸ਼ਸਤ੍ਰ ਨਾਮ ਮਾਲਾ ਪੁਰਾਣ ਨਾਮੀ ਰਚਨਾ ਪੁਰਾਣਾਂ ਦੇ ਉਪ੍ਰੋਕਤ ਲੱਛਣਾਂ ਤੇ ਪੂਰੀ ਨਹੀਂ ਉਤਰਦੀ ਤੇ ਨਾ ਹੀ ਇਸ ਰਚਨਾ ਵਿੱਚ ਇਤਿਹਾਸ ਨਾਲ ਮਿਲਦੇ ਕਿਸੇ ਪ੍ਰਸੰਗ ਦਾ ਵਰਨਣ ਹੈ। ਬਲਕਿ ਪਹਿਲੇ ਅਧਿਆਏ ਵਿੱਚ ਸ਼ਸਤਰਾਂ ਦੇ ਨਾਮ ਲੈ ਕੇ ਭਗਉਤੀ ਦੀ ਉਸਤਤਿ ਕਰਨ ਉਪ੍ਰੰਤ ਪਹੇਲੀਆਂ (ਬੁਝਾਰਤਾਂ) ਦੇ ਰੂਪ ਵਿੱਚ ਸ਼ਸਤਰਾਂ ਦੇ ਨਾਮ ਲਿਖੇ ਹਨ ਜਿੰਨ੍ਹਾਂ ਨੂੰ ਸਮਝਣ ਲਈ ਸਾਧਾਰਣ ਮਨੁੱਖ ਤਾਂ ਕਿਤੇ ਰਹੇ, ਚੰਗੀ ਭਲੀ ਸੂਝ-ਬੂਝ ਵਾਲੇ ਵਿਦਵਾਨਾਂ ਲਈ ਵੀ ਕਠਿਨ ਹੈ।

ਭਗਉਤੀ ਉਸਤਤਿ ਸਮੇਤ ਇਸ ਰਚਨਾ ਵਿੱਚ ਕੁਲ ਪੰਜ ਅਧਿਆਇ ਹਨ। ਖੜਗ (ਕ੍ਰਿਪਾਨ), ਚਕ੍ਰ, ਬਾਣ (ਤੀਰ), ਪਾਸ (ਫਾਹੀ) ਅਤੇ ਬੰਦੂਕ ਇਹ ਪੰਜ ਸ਼ਸਤਰ ਮੁਖ ਗਿਣੇ ਹਨ ਪ੍ਰੰਤੂ ਸ਼ਸਤਰਾਂ ਦੇ ਚਲਾਉਣ ਆਦਿਕ ਕਿਸੇ ਜੰਗੀ ਕਰਤਬ ਦੀ ਸਿੱਖਿਆ ਇਸ ਵਿੱਚ ਉੱਕੀ ਹੀ ਨਹੀਂ ਦਿੱਤੀ।

ਇਸ ਗ੍ਰੰਥ ਦੇ ਪਹਿਲੇ ਅਧਿਆਏ ਦੇ ਸ਼ੁਰੂ ਵਿੱਚ ਹੀ ਸ਼ਸਤਰਾਂ ਨੂੰ ਪੀਰ ਮੰਨਿਆ ਗਿਆ ਹੈ ਜੋ ਗੁਰਮਤਿ ਦੇ ਵਿਰੁਧ ਹੈ ਕਿਉਂਕਿ ਸਿੱਖ ਪੰਥ ਲਈ ਸ਼ਸਤਰਧਾਰੀ ਹੋਣਾ ਅਤੇ ਸ਼ਸਤਰਾਂ ਦੀ ਸਫਾਈ ਤਥਾ ਸੁਰਤ ਸੰਭਾਲ ਰਖਣੀ ਤਾਂ ਜ਼ਰੂਰੀ ਹੈ ਪਰ ਸ਼ਸਤਰਾਂ ਦੇ ਕੇਵਲ ਨਾਮ ਰੱਟਣੇ ਜਾਂ ਉਹਨਾਂ ਦੀ ਪੂਜਾ ਕਰਨੀ, ਸ਼ਸਤਰਾਂ ਅੱਗੇ ਮੱਥਾ ਟੇਕਣਾ, ਚੜ੍ਹਾਵੇ ਚਾੜ੍ਹਨੇ ਆਦਿਕ ਉਸੇ ਤਰ੍ਹਾਂ ਨਿਰੋਲ ਮਨਮਤਿ ਹੈ ਜਿਵੇਂ ਕਿ ਇੱਕ ਅਕਾਲ ਪੁਰਖ ਤੋਂ ਬਿਨਾ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕਿਸੇ ਨੂੰ ਗੁਰੂ ਮੰਨਣਾ ਗੁਰਮਤਿ ਵਿਰੁੱਧ ਹੈ।

ਤਾਂ ਤੇ ਉਪ੍ਰੋਕਤ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਕਿਸੇ ਸਾਕਤ ਮਤੀਏ ਕਵੀ ਨੇ ਆਪਣੀ ਮਨੌਤ ਅਨੁਸਾਰ ਲਿਖਿਆ ਹੈ ਕਿਉਂਕਿ ਮਹਾਂਕਾਲ ਅਤੇ ਕਾਲਿਕਾ (ਮਹਾਂਕਾਲੀ) ਦੇ ਉਪਾਸ਼ਕਾਂ ਵਾਸਤੇ ਸ਼ਸਤ੍ਰਾਂ ਦੇ ਨਾਮ ਰੱਟਣੇ ਅਤੇ ਉਹਨਾਂ ਦੀ ਪੂਜਾ ਕਰਨੀ ਜ਼ਰੂਰੀ ਹੈ। ਜਿਵੇਂ ਈਸਾਈ ਮਤ ਵਿੱਚ ਬਪਤਿਸਮਾ, ਹਿੰਦੂ ਕਰਮ ਕਾਂਡੀ ਵਾਸਤੇ ਯਗਯੋਪਵੀਤ (ਜਨੇਊ), ਮਸਲਮਾਨ ਲਈ ਸੁੰਨਤ ਦੀ ਰਸਮ, ਸਿੱਖਾਂ ਹਿਤ ਅੰਮ੍ਰਿਤ ਸੰਸਕਾਰ ਦੀ ਅਤਿਅੰਤ ਅਵੱਸ਼ਕਤਾ ਹੈ, ਤਿਵੇਂ ਹੀ ਸਾਕਤਾਂ ਵਾਸਤੇ ਉਹਨਾਂ ਦੇ ਇਸ਼ਟ ਸ਼ਕਤੀ ਦੇ ਹੇਤੂ ਸ਼ਸਤਰਾਂ ਦੀ ਪੂਜਾ ਨਿਹਾਇਤ ਜ਼ਰੂਰੀ ਹੈ। ਤਦੇ ਹੀ ਇਸ ਸ਼ਸਤ੍ਰ ਨਾਮ ਮਾਲਾ ਦੀ ਅਰੰਭਤਾ ਤੋਂ ਪਹਿਲਾਂ ਕਵੀ ਨੇ ਆਪਣੇ ਇਸ਼ਟ ਦਾ ਸੰਕੇਤ ਦਿੰਦਿਆਂ ‘ਸ੍ਰੀ ਭਗਉਤੀ ਜੀ ਸਹਾਇ’ ਲਿਖਿਆ ਹੈ ਅਤੇ ਸ਼ਸਤ੍ਰਾਂ ਦੇ ਨਾਮ ਲੈ-ਲੈ ਕੇ ਉਸ ਨੂੰ ਸੰਬੋਧਨ ਕੀਤਾ ਹੈ। ਤਾਂ ਤੇ ਮੰਨਣਾ ਪਵੇਗਾ ਕਿ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਗੁਰਮਤਿ ਦਾ ਗ੍ਰੰਥ ਨਹੀਂ, ਅਸਲ ਵਿੱਚ ਇਹ ਸਾਕਤ ਮਤ ਦਾ ਗ੍ਰੰਥ ਹੈ ਜਿਸਨੂੰ ਇਸ ਸਾਕਤ ਮਤੀਏ ਕਵੀ ਨੇ ਆਪਣੇ ਵਲੋਂ ਰਚ ਕੇ ਗੁਰੂ ਕਲਗੀਧਰ ਜੀ ਵਲੋਂ ਦਰਸਾਉਣ ਹਿਤ ਇਸ ਦੇ ਸਿਰਲੇਖ ਨਾਲ ‘ਪਾਤਸ਼ਾਹੀ 10’ ਲਿਖ ਦਿੱਤਾ ਹੈ ਤਾਂ ਕਿ ਸਿੱਖ ਪੰਥ ਇਸ ਰਚਨਾ ਨੂੰ ਦਸ਼ਮੇਸ਼ ਕ੍ਰਿਤ ਸਮਝ ਕੇ ਪ੍ਰਮਾਣੀਕ ਮੰਨ ਲਵੇ ਅਤੇ ਇਸ ਤਰ੍ਹਾਂ ਅਕਾਲ ਪੁਰਖ ਦੀ ਪੂਜਾ ਦੇ ਮੁਕਾਬਲੇ ਉਤੇ ਭਾਂਤ-ਭਾਂਤ ਦੇ ਸ਼ਸਤਰਾਂ ਅਤੇ ਮਹਾਂਕਾਲ-ਕਾਲਿਕਾ ਦਾ ਉਪਾਸ਼ਕ ਜਾਂ ਪੁਜਾਰੀ ਬਣ ਜਾਵੇ। ਇਸ ਪ੍ਰਯੋਜਨ ਹਿਤ ਹੀ ਤਾਂ ਕਵੀ ਨੇ 1318 ਅੰਕੜਿਆਂ ਲਈ 91 ਸਫ਼ੇ ਕਾਲੇ ਕੀਤੇ ਹਨ।

ਉਪ੍ਰੋਕਤ ਵਿਚਾਰ ਤੋਂ ਸਿੱਧ ਹੋਇਆ ਕਿ ਇਹ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਨਾਮੀ ਰਚਨਾ ਸਿੱਖ ਧਰਮ ਨੂੰ ਢਾਹ ਲਾਉਣ ਦੀਆਂ ਪੰਥ ਵਿਰੋਧੀ ਅਨਮਤੀਆਂ ਵਲੋਂ ਅਨੇਕਾਂ ਚਾਲਾਂ ਵਿਚੋਂ ਇੱਕ ਪ੍ਰਬਲ ਚਾਲ ਹੈ, ਜਿਸ ਤੋਂ ਸੁਚੇਤ ਅਤੇ ਸਾਵਧਾਨ ਰਹਿਣਾ ਅਤੀ ਜ਼ਰੂਰੀ ਹੈ।

ਡਾ: ਗੁਰਮੁਖ ਸਿੰਘ




.