.

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ

Ultimate religion is that which reveals the secret of Akal Purkh

ਆਮ ਦੁਨੀਆਂ ਦੀ ਸੋਚ ਇਹੀ ਹੈ ਕਿ ਧਰਮ ਦਾ ਮੰਤਵ ਕੁੱਝ ਰਵਾਇਤਾਂ ਪੂਰੀਆਂ ਕਰਨੀਆਂ ਹਨ, ਜਿਸ ਨਾਲ ਅਕਾਲ ਪੁਰਖ (God) ਨੂੰ ਪਾਇਆ ਜਾ ਸਕਦਾ ਹੈ। ਜਿਆਦਾ ਤਰ ਲੋਕਾਂ ਦੀ ਸੋਚ ਅਨੁਸਾਰ ਅਕਾਲ ਪੁਰਖ ਦਾ ਕੋਈ ਸਰੀਰ ਹੈ ਅਤੇ ਕਿਸੇ ਖਾਸ ਥਾਂ ਤੇ ਰਹਿੰਦਾਂ ਹੈ। ਪਰੰਤੂ ਗੁਰਮਤਿ ਅਨੁਸਾਰ, ਨਾ ਤਾਂ ਉਸ ਦਾ ਕੋਈ ਖ਼ਾਸ ਸਰੀਰ ਹੈ, ਤੇ ਨਾ ਹੀ ਕਿਸੇ ਖ਼ਾਸ ਥਾਂ ਤੇ ਰਹਿੰਦਾ ਹੈ। ਉਸ ਨੂੰ ਰਵਾਇਤਾਂ ਪੂਰੀਆਂ ਕਰਕੇ ਜਾਂ ਕੋਈ ਖ਼ਾਸ ਪਦਾਰਥ ਦੇ ਕੇ ਨਹੀਂ ਪਾਇਆ ਜਾ ਸਕਦਾ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ, ਕਿਉਂਕਿ ਉਹ ਨਿਰੋਲ ਆਪ ਹੀ ਆਪ ਹੈ, ਨਾ ਤਾਂ ਉਹ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਬਣਾਇਆ ਜਾ ਸਕਦਾ ਹੈ। ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਹਿਰਦੇ ਵਿੱਚ ਵਸਾਇਆ ਹੈ, ਉਸ ਨੇ ਹੀ ਉਸ ਦੇ ਦਰ ਤੇ ਵਡਿਆਈ ਪਾਈ ਹੈ। ਇਸ ਲਈ ਆਓ, ਅਸੀਂ ਵੀ ਉਸ ਗੁਣਾਂ ਦੇ ਖ਼ਜ਼ਾਨੇ ਦੀ ਸਿਫ਼ਤਿ-ਸਾਲਾਹ ਕਰੀਏ, ਤੇ ਉਸ ਅਕਾਲ ਪੁਰਖ ਦੇ ਗੁਣ ਆਪਣੇ ਅੰਦਰ ਵਸਾ ਕੇ ਆਪਣਾ ਮਨੁੱਖਾ ਜੀਵਨ ਸਫਲ ਕਰੀਏ। ਅਕਾਲ ਪੁਰਖ ਦੇ ਗੁਣ ਗਾਵੀਏ, ਸੁਣੀਏ ਅਤੇ ਆਪਣੇ ਮਨ ਵਿੱਚ ਉਸਦਾ ਪ੍ਰੇਮ ਟਿਕਾਈਏ। ਪ੍ਰੇਮ ਨੂੰ ਮਨ ਵਿੱਚ ਵਸਾ ਕੇ ਜੋ ਮਨੁੱਖ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਦਾ ਹੈ, ਉਹ ਆਪਣਾ ਦੁਖ ਦੂਰ ਕਰਕੇ ਸੁਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਪਰ ਉਸ ਅਕਾਲ ਪੁਰਖ ਦਾ ਨਾਮੁ ਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰੂ ਰਾਹੀਂ ਹੀ ਇਹ ਪਰਤੀਤ ਹੁੰਦਾ ਹੈ, ਕਿ ਅਕਾਲ ਪੁਰਖ ਸਭ ਥਾਈਂ ਵਿਆਪਕ ਹੈ। ਗੁਰੂ ਹੀ ਸਾਡੇ ਲਈ ਸਭ ਕੁੱਝ ਹੈ (ਸ਼ਿਵ, ਗੋਰਖ ਤੇ ਬ੍ਰਹਮਾ, ਪਾਰਬਤੀ)। ਵੈਸੇ ਅਕਾਲ ਪੁਰਖ ਦੇ ਹੁਕਮੁ ਨੂੰ ਜੇ ਕਰ ਕੁੱਝ ਹੱਦ ਸਮਝ ਵੀ ਲਈਏ, ਤਾਂ ਵੀ ਉਸ ਦਾ ਵਰਨਣ ਨਹੀਂ ਕਰ ਸਕਦੇ ਹਾਂ, ਕਿਉਕਿ ਅਕਾਲ ਪੁਰਖ ਬੇਅੰਤ ਹੈ ਤੇ ਉਸ ਦਾ ਹੁਕਮੁ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਮੈਨੂੰ ਇਹ ਸਮਝ ਦਿਉ ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਅਕਾਲ ਪੁਰਖ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ। ਗੁਰੂ ਦੇ ਰਾਹੀਂ ਅਕਾਲ ਪੁਰਖ ਦੇ ਹੁਕਮੁ ਨੂੰ ਸਮਝ ਕੇ ਤੇ ਉਸ ਦੀ ਰਜ਼ਾ ਅਨੁਸਾਰ ਚਲ ਕੇ ਹੀ, ਮਨੁੱਖ ਉਸ ਨਾਲੋਂ ਵਿੱਥ ਦੂਰ ਕਰ ਸਕਦਾ ਹੈ।

ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੫॥ (੨)

ਗੁਰੂ ਨਾਨਕ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸਬਦ ਗੁਰੂ ਦੇ ਲੜ ਲਾਇਆ ਹੈ। ਸਿੱਖ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਗੁਰੂ ਹੈ ਤੇ ਉਸ ਵਿਚੋਂ ਮਨੁੱਖ ਜੀਵਨ ਦੇ ਸਾਰੇ ਸੁਖ (ਅੰਮ੍ਰਿਤੁ) ਪ੍ਰਾਪਤ ਕਰ ਸਕਦਾ ਹੈ। ਗੁਰੂ ਬਾਣੀ ਉਚਾਰਦਾ ਹੈ, ਗੁਰੂ ਦਾ ਸੇਵਕ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰਬਾਣੀ ਅਨੁਸਾਰ ਚਲਣ ਵਾਲੇ ਸੇਵਕ ਨੂੰ ਗੁਰੂ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।

ਨਟ ਮਹਲਾ ੪॥ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥ (੯੮੨)

ਇਸ ਲਈ ਆਪਣੀਆਂ ਮਨੋਕਾਮਨਾਂ ਪੂਰੀਆਂ ਕਰਨ ਲਈ ਕਿਸੇ ਹੋਰ ਦਾ ਓਟ ਆਸਰਾ ਨਹੀਂ ਲੈਣਾ ਹੈ, ਸਿਰਫ ਸਬਦ ਗੁਰੂ ਭਾਵ ਗੁਰਬਾਣੀ ਦਾ ਹੀ ਆਸਰਾ ਲੈਣਾ ਹੈ।

ਗੋਂਡ ਮਹਲਾ ੫॥ ਗੁਰੂ ਗੁਰੂ ਗੁਰੁ ਕਰਿ ਮਨ ਮੋਰ॥ ਗੁਰੂ ਬਿਨਾ ਮੈ ਨਾਹੀ ਹੋਰ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ॥ ਜਾ ਕੀ ਕੋਇ ਨ ਮੇਟੈ ਦਾਤਿ॥ (੮੬੪)

ਦੁਨੀਆਂ ਵਿੱਚ ਸੁੱਖ ਤੇ ਸ਼ਾਂਤੀ ਤਾਂ ਹੀ ਸੰਭਵ ਹੈ, ਜੇ ਕਰ ਅਕਾਲ ਪੁਰਖੁ ਜੋ ਕਿ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ, ਉਸ ਨੂੰ ਹਰੇਕ ਦੇ ਹਿਰਦੇ ਵਿੱਚ ਵਸਦਾ ਵੇਖਿਆ ਜਾਵੇ। ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਅਕਾਲ ਪੁਰਖੁ ਸਭ ਥਾਵਾਂ ਵਿੱਚ ਮੌਜੂਦ ਹੈ, ਉਸ ਨੂੰ ਸਭ ਥਾਵਾਂ ਵਿੱਚ ਸੁਖ ਹੀ ਪ੍ਰਤੀਤ ਹੁੰਦਾ ਹੈ।

ਸੰਤਹੁ ਸੁਖੁ ਹੋਆ ਸਭ ਥਾਈ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ॥ ਰਹਾਉ॥ (੬੨੮)

ਜਿਸ ਹਿਰਦੇ ਵਿੱਚ ਸਤਿਗੁਰੁ ਵੱਸਦਾ ਹੈ, ਉਥੇ ਸਤਸੰਗਤਿ ਬਣ ਜਾਂਦੀ ਹੈ। ਕਿਉਂਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿੱਚ ਟਿਕ ਕੇ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ। ਜਿਸ ਹਿਰਦੇ ਵਿੱਚ ਗੁਰੂ ਵੱਸਦਾ ਹੈ, ਉਸ ਵਿਚੋਂ ਗੁਰੂ ਦਾ ਸ਼ਬਦ, ਹਉਮੈਂ ਸਾੜ ਦਿੰਦਾ ਹੈ।

ਜਹ ਸਤਿਗੁਰੁ ਤਹ ਸਤਸੰਗਤਿ ਬਣਾਈ॥ ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ॥ ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ॥ (੧੬੦)

ਗੁਰਬਾਣੀ ਦੇ ਆਸਰੇ ਤੋਂ ਬਿਨਾ ਇਸ ਭਵਸਾਗਰ ਤੋਂ ਪਾਰ ਨਹੀ ਹੋਇਆ ਜਾ ਸਕਦਾ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮ ਤੋਂ ਵਾਂਝਿਆਂ ਰਹਿ ਕੇ ਜਗਤ ਦਵੈਤ ਭਾਵ ਤੇ ਮੇਰ-ਤੇਰ ਵਿਤਕਰੇ ਦੇ ਰੋਗ ਵਿੱਚ ਫਸਿਆ ਰਹਿੰਦਾ ਹੈ, ਤੇ ਆਤਮਕ ਮੌਤ ਸਹੇੜ ਲੈਂਦਾ ਹੈ।

ਭਵਜਲੁ ਬਿਨੁ ਸਬਦੈ ਕਿਉ ਤਰੀਐ॥ ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ॥ ੧॥ ਰਹਾਉ॥ (੧੧੨੫)

ਸਤਿਗੁਰੁ ਸਿੱਖ ਦੀ ਪ੍ਰਤਿਪਾਲਣਾਂ ਕਰਦਾ ਹੈ, ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ। ਸਤਿਗੁਰੁ ਆਪਣੇ ਸਿੱਖ ਦੀ ਭੈੜੀ ਮਤਿ ਦੂਰ ਕਰ ਦਿੰਦਾ ਹੈ, ਕਿਉਂਕਿ ਸਿੱਖ ਆਪਣੇ ਸਤਿਗੁਰੁ ਦੇ ਉਪਦੇਸ਼ ਰਾਹੀਂ ਅਕਾਲ ਪੁਰਖੁ ਦਾ ਨਾਮੁ ਯਾਦ ਕਰਦਾ ਹੈ। ਸਤਿਗੁਰੁ ਆਪਣੇ ਸਿੱਖ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ ਅਤੇ ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ। ਸਤਿਗੁਰੁ ਆਪਣੇ ਸਿੱਖ ਨੂੰ ਅਕਾਲ ਪੁਰਖੁ ਦਾ ਨਾਮ-ਰੂਪੀ ਧਨ ਦਿੰਦਾ ਹੈ ਤੇ ਇਸ ਤਰ੍ਹਾਂ ਸਤਿਗੁਰੁ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਸਤਿਗੁਰੁ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦਾ ਹੈ। ਸਤਿਗੁਰੁ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰਖਦਾ ਹੈ।

ਅਸਟਪਦੀ॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ॥ ਸੇਵਕ ਕਉ ਗੁਰੁ ਸਦਾ ਦਇਆਲ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰ ਬਚਨੀ ਹਰਿ ਨਾਮੁ ਉਚਰੈ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖੁ ਵਡਭਾਗੀ ਹੇ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥ ੧॥ (੨੮੬)

ਜਿਸ ਤਰ੍ਹਾਂ ਪੁੱਤਰ, ਮਾਂ ਦਾ ਕਰਜ਼ਾ ਨਹੀਂ ਉਤਾਰ ਸਕਦਾ, ਠੀਕ ਉਸੇ ਤਰ੍ਹਾਂ ਸਿੱਖ, ਗੁਰੂ ਦਾ ਕਰਜ਼ਾ ਵਾਪਿਸ ਨਹੀਂ ਕਰ ਸਕਦਾ। ਪਰੰਤੂ ਗੁਰੂ ਦਾ ਸਿੱਖ ਬਣਨ ਲਈ, ਅਕਾਲ ਪੁਰਖੁ ਦੇ ਦਰ ਤੇ ਪ੍ਰਵਾਨ ਹੋਣ ਲਈ, ਆਪਣੇ ਆਪ ਨੂੰ ਗੁਰੂ ਸਾਹਿਬ ਅੱਗੇ ਅਰਪਨ ਕਰਨਾ ਪੈਂਦਾ ਹੈ। ਗੁਰੂ ਸਾਹਿਬ ਦੇ ਦਰਸਾਏ ਗਏ ਮਾਰਗ ਤੇ ਚਲਣਾਂ ਪੈਂਦਾ ਹੈ। ਆਪਣੇ ਸੇਵਕ ਦਾ ਮਨੁੱਖਾ ਜੀਵਨ ਸਫਲ ਕਰਨ ਲਈ, ਗੁਰੂ ਦੋ ਚੀਜ਼ਾਂ ਮੰਗਦਾ ਹੈ:- ਸਮਰਪਣ ਅਤੇ ਵਿਸ਼ਵਾਸ।

ਕੂੰਜਾਂ ਆਪਣੇ ਬੱਚਿਆਂ ਨੂੰ ਛੱਡ ਕੇ ਦੁਰ ਦੂਰ ਤਕ ਚਲੀਆਂ ਜਾਂਦੀਆਂ ਹਨ ਤੇ ਉਹ ਆਪਣੇ ਮਨ ਵਿੱਚ ਕਰਤੇ ਦਾ ਧਿਆਨ ਰੱਖਦੀਆਂ ਹਨ। ਉਨ੍ਹਾਂ ਨੂੰ ਅਕਾਲ ਪੁਰਖੁ ਤੇ ਭਰੋਸਾ ਹੈ ਕਿ ਉਹ ਕਰਤਾ ਉਨ੍ਹਾਂ ਦੇ ਬੱਚਿਆਂ ਦਾ ਧਿਆਨ ਰੱਖੇਗਾ। ਜੇ ਕੂੰਜਾਂ ਅਕਾਲ ਪੁਰਖੁ ਤੇ ਭਰੋਸਾ ਰੱਖ ਸਕਦੀਆਂ ਹਨ, ਤਾਂ ਸਿੱਖ ਲਈ ਵੀ ਜਰੂਰੀ ਹੋ ਜਾਂਦਾ ਹੈ, ਕਿ ਉਹ ਗੁਰੂ ਤੇ ਵਿਸ਼ਵਾਸ ਰੱਖੇ, ਕਿ ਗੁਰੂ ਸਹੀ ਮਾਰਗ ਤੇ ਲਿਜਾਂਦਾ ਹੈ।

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥ ੩॥ (੧੦)

ਸਬਦ ਰੋਸ਼ਨੀ ਦੇਣ ਵਾਲਾ ਹੈ, ਜਿਸ ਦੁਆਰਾ ਜੀਵਨ ਵਿੱਚ ਚਲਣ ਲਈ ਸੋਝੀ ਪ੍ਰਾਪਤ ਹੁੰਦੀ ਹੈ। ਸਬਦ ਸੁਣ ਸਕਦੇ ਹਾਂ, ਪਰ ਵੇਖ ਨਹੀਂ ਸਕਦੇ, ਇਸੇ ਲਈ ਸਿੱਖ ਧਰਮ ਵਿੱਚ ਮੂਰਤੀ ਪੂਜਾ ਦਾ ਕੋਈ ਮਹੱਤਵ ਨਹੀਂ ਹੈ। ਜੋਗੀਆਂ ਦੇ ਧਰਮ ਦਾ ਮੰਤਵ ਗਿਆਨ ਪ੍ਰਾਪਤ ਕਰਨਾ ਹੈ। ਬ੍ਰਾਹਮਣਾਂ ਦੇ ਧਰਮ ਦਾ ਮੰਤਵ ਵੇਦਾਂ ਦੀ ਵਿਚਾਰ ਹੈ। ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ। ਗੁਰੂ ਸਾਹਿਬ ਨੇ ਸਾਰਿਆਂ ਦਾ ਮੁੱਖ-ਧਰਮ, ਉਸ ਅਕਾਲ ਪੁਰਖੁ ਨੂੰ ਹਰੇਕ ਜੀਵ ਵਿੱਚ ਵਸਦਾ ਵੇਖਣਾ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਂਣਾਂ ਤੇ ਗੁਰਬਾਣੀ ਦੁਆਰਾ ਉਸ ਦੇ ਗੁਣ ਗਾਇਨ ਕਰਨਾ ਦੱਸਿਆ ਹੈ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਅਕਾਲ ਪੁਰਖੁ ਦਾ ਰੂਪ ਹੈ। ਗੁਰੂ ਸਾਹਿਬਾਂ ਨੇ ਸਮੁੱਚੀ ਮਨੁੱਖਤਾ ਲਈ ਇਕੋ ਧਰਮ ਹੀ ਮੰਨਿਆ ਹੈ, ਉਹ ਹੈ ‘ਸਬਦ’। ਪੂਰੇ ਗੁਰੂ ਗਰੰਥ ਸਾਹਿਬ ਵਿੱਚ ਸਬਦ ਦਾ ਭੇਦ ਹੀ ਸਾਂਝਾ ਕੀਤਾ ਗਿਆ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੀ ਅਸਲੀਅਤ ਨੂੰ ਸਮਝ ਸਕੀਏ।

ਮਃ ੨॥ ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ (੪੬੯)

ਸਬਦ ਵੇਖਣ ਲਈ ਕੋਈ ਲਿਖਾਈ ਨਹੀਂ ਹੈ। ਇਸ ਨੂੰ ਪੜ੍ਹਨਾਂ, ਸੁਣਨਾਂ ਤੇ ਵਿਚਾਰਨਾ ਹੈ। ਆਮ ਆਦਮੀ ਆਪਣੀ ਹਉਮੈਂ ਕਰਕੇ ਸਬਦ ਨੂੰ ਅੰਦਰ ਨਹੀਂ ਵਸਾ ਸਕਦਾ। ਜੇ ਕਰ ਅੰਦਰ ਹਉਮੈਂ ਨਹੀਂ ਹੈ, ਤਾਂ ਉਹ ਸਬਦ ਦੁਆਰਾ ਗੁਰਮੁਖਿ ਦੀ ਅਵਸਥਾ ਤਕ ਪਹੁੰਚ ਸਕਦਾ ਹੈ। ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਲਦੀ, ਅਕਾਲ ਪੁਰਖੁ ਵਿੱਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਹੋ ਸਕਦੀ। ਸਿਰਫ ਇੱਕ ਅਕਾਲ ਪੁਰਖੁ ਦੀ ਹੀ ਸਿਫ਼ਤਿ-ਸਾਲਾਹ ਗੁਰੂ ਸਬਦ ਦੁਆਰਾ ਵਿਚਾਰਨੀ ਚਾਹੀਦੀ ਹੈ। ਜਿਹੜਾ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਹੋਰ ਹੋਰ ਆਸਾਂ ਛੱਡ ਦਿੰਦਾ ਹੈ। ਗੁਰੂ ਸਾਹਿਬ ਤਾਂ ਇਥੋਂ ਤਕ ਸਮਝਾਉਂਦੇ ਹਨ ਕਿ ਜਿਹੜਾ ਆਪ ਅਕਾਲ ਪੁਰਖੁ ਦੇ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।

ਸਿਰੀਰਾਗੁ ਮਹਲਾ ੧॥ ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ॥ ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ॥ ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ॥ ੪॥ ੧੨॥ (੧੮)

ਸਬਦ ਕੋਈ ਮੰਤਰ ਨਹੀਂ, ਜੋ ਕੰਨ ਵਿੱਚ ਗੁਪਤ ਰੂਪ ਵਿੱਚ ਦਿੱਤਾ ਜਾ ਸਕਦਾ ਹੈ। ਇਹ ਤਾਂਤ੍ਰਿਕ ਵਿਦਿਆ ਜਾਂ ਮਦਾਰੀ ਦਾ ਖੇਲ ਨਹੀਂ। ਸਬਦ ਦੀ ਪ੍ਰਾਪਤੀ ਕਰਮ ਜੋਗ, ਹੱਠ ਜੋਗ ਜਾਂ ਕਰਮ ਕਾਂਡਾ ਨਾਲ ਨਹੀਂ ਹੋ ਸਕਦੀ ਹੈ। ਸਿਰਫ਼ ਇੱਕ ਅਕਾਲ ਪੁਰਖੁ ਦੀ ਸਿਫਤ ਸਾਲਾਹ ਨਾਲ ਸੁਰਤ ਜੋੜਨੀ ਹੈ। ਇੱਕ ਅਕਾਲ ਪੁਰਖੁ ਦੇ ਪਿਆਰ ਤੋਂ ਬਿਨਾਂ ਦੁਨੀਆਂ ਦੀ ਸਾਰੀ ਦੌੜ-ਭੱਜ ਜੰਜਾਲ ਬਣ ਜਾਂਦੀ ਹੈ। ਜਿਸ ਮਾਇਆ ਦਾ ਮੋਹ ਵਿੱਚ ਇਹ ਸਾਰਾ ਜਗਤ ਫਸਿਆ ਹੋਇਆ ਹੈ, ਉਹ ਸਾਰਾ ਵਿਅਰਥ ਹੈ।

ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ ੧॥ ਰਹਾਉ॥ (੪੪)

ਗੁਰੂ ਅਤੇ ਗੁਰੂ ਸਬਦ ਵਿੱਚ ਕੋਈ ਭਿੰਨਤਾ ਨਹੀਂ ਹੈ। ਸਬਦ ਹੀ ਨਿਰੰਕਾਰ ਹੈ, ਅਬਿਨਾਸ਼ੀ ਹੈ, ਸ੍ਰਿਸ਼ਟੀ ਦਾ ਕਰਤਾ ਹੈ, ਭਵਜਲ ਪਾਰ ਕਰਨ ਲਈ ਬੋਹਿਥ ਹੈ, ਜੀਵਨ ਦੀ ਰੌ ਹੈ, ਆਤਮ ਪ੍ਰਕਾਸ਼ ਹੈ। ਪਰ ਸਬਦ ਸਾਡੇ ਬਾਹਰੀ ਮਨ ਦੀ ਬੁਧੀ ਤੇ ਵਿਚਾਰਾਂ ਦੀ ਪਕੜ ਤੋਂ ਪਰੇ ਹੈ। ਉਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ, ਜਿਹੜਾ ਆਪ ਨਿਰਲੇਪ ਹੈ, ਤੇ ਦੂਸਰਿਆਂ ਨੂੰ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ। ਜਿਹੜਾ ਗੁਰੂ-ਪਾਤਿਸ਼ਾਹ ਅਕਾਲ ਪੁਰਖੁ ਦਾ ਮਿਲਾਪ ਕਰਵਾਉਂਦਾ ਹੈ, ਉਸ ਨੂੰ ਸਦਾ ਸਿਰ ਨਿਵਾਂਣਾ ਚਾਹੀਦਾ ਹੈ।

ਨਾਰਾਇਨ ਨਰਪਤਿ ਨਮਸਕਾਰੈ॥ ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ॥ ੧॥ ਰਹਾਉ॥ (੧੩੦੧-੧੩੦੨)

ਜੇ ਕਰ ਅੰਦਰ ਸਬਦ ਨਹੀਂ ਵਸਿਆ ਤਾਂ ਵਿਕਾਰਾਂ ਕਰਕੇ ਮਨੁੱਖ ਦੁਖੀ ਹੁੰਦਾਂ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ, ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਨ੍ਹਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ। ਇਹ ਮੈਲ ਗੁਰੂ ਦੇ ਸਬਦ ਤੋਂ ਬਿਨਾ ਨਹੀਂ ਉਤਰਦੀ, ਸਬਦ ਤੋਂ ਬਿਨਾ ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਣ ਦੇ ਗੇੜ ਵਿੱਚ ਪਏ ਰਹਿੰਦੇ ਹਨ। ਉਹ ਮਾਇਆ ਦੀ ਨਾਸ਼ਵੰਤ ਜਗਤ-ਖੇਡ ਵਿੱਚ ਫਸੇ ਰਹਿੰਦੇ ਹਨ, ਇਸ ਵਿਚੋਂ ਉਨ੍ਹਾਂ ਨੂੰ ਨਾ ਉਰਲਾ ਬੰਨਾ ਲੱਭਦਾ ਹੈ, ਤੇ ਨਾ ਪਰਲਾ ਬੰਨਾ।

ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ॥ ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ॥ ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ॥ ੩॥ (੨੯)

ਸਬਦ ਦਾ ਮਨ ਵਿੱਚ ਵੱਸਣਾ ਜਰੂਰੀ ਹੈ। ਇਸ ਲਈ ਗੁਰੂ ਦੀ ਸਰਨ ਪੈ ਕੇ ਉਸ ਅਕਾਲ ਪੁਰਖੁ ਨੂੰ ਯਾਦ ਕਰਨਾ ਹੈ। ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸਬਦ ਵੱਸ ਜਾਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ।

ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ॥ ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ॥ ੧॥ ਰਹਾਉ(੩੨)

ਜੇ ਕਰ ਭਗਤੀ ਕਰਨ ਵਾਸਤੇ ਕੋਈ ਖ਼ਾਸ ਵੇਲਾ, ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਵੀ ਭਗਤੀ ਨਹੀਂ ਹੋ ਸਕਦੀ। ਇਸ ਲਈ ਇੰਤਜਾਰ ਨਹੀਂ ਕਰਦੇ ਰਹਿਣਾ ਹੈ, ਹਰ ਵੇਲੇ ਹੀ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗੇ ਰਹਿਣਾ ਹੈ, ਤਾਂ ਜੋ ਉਸ ਦੇ ਦਰ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲ ਸਕੇ।

ਸਿਰੀਰਾਗੁ ਮਹਲਾ ੩॥ ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥ ੧॥ (੩੫)

ਸਿਰਫ ਇਕੋ ਇੱਕ ਤਰੀਕਾ ਹੈ, ਜਿਸ ਨਾਲ ਹਉਮੈਂ ਦੂਰ ਕੀਤਾ ਜਾ ਸਕਦਾ ਹੈ, ਉਹ ਹੈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਉਸਤਤ। ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ, ਅਸੀਂ ਉਸ ਦਾ ਉਰਲਾ ਜਾਂ ਪਰਲਾ ਬੰਨਾ ਨਹੀਂ ਲੱਭ ਸਕਦੇ ਹਾਂ। ਉਹ ਅਕਾਲ ਪੁਰਖੁ ਆਪ ਹੀ ਆਪਣੇ ਹੁਕਮੁ ਅਨੁਸਾਰ ਹਰੇਕ ਵਿੱਚ ਵੱਸਦਾ ਹੈ, ਤੇ ਆਪਣੇ ਹੁਕਮੁ ਵਿੱਚ ਹੀ ਜੀਵਾਂ ਦੀ ਸੰਭਾਲ ਕਰਦਾ ਹੈ। ਗੁਰੂ ਦੇ ਸਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਹਉਮੈਂ ਦੂਰ ਕਰਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਜਿਹੜੀ ਜੀਵ-ਇਸਤ੍ਰੀ ਅਕਾਲ ਪੁਰਖੁ ਦੇ ਨਾਮੁ ਤੋਂ ਸੱਖਣੀ ਰਹਿੰਦੀ ਹੈ, ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁਖੀ ਹੁੰਦੀ ਹੈ।

ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ॥ ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ॥ ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ॥ ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ॥ (੩੭)

ਸਬਦ ਭਵਜਲ ਪਾਰ ਕਰਨ ਲਈ ਬੋਹਿਥ ਹੈ। ਇਸ ਲਈ ਗੁਰਬਾਣੀ ਦਾ ਪਾਠ, ਕੀਰਤਨ, ਭਾਵ ਅਰਥ, ਸਮਝ ਕੇ ਸਬਦ ਦੀ ਕਮਾਈ ਕਰਨੀ ਹੈ, ਸਬਦ ਵਿੱਚ ਆਪਣੀ ਸੁਰਤ ਜੋੜਨੀ ਹੈ ਤੇ ਸਦਾ ਲਈ ਉਸ ਵਿੱਚ ਲੀਨ ਹੋ ਜਾਣਾ ਹੈ। ਜਿਵੇਂ ਪਾਣੀ ਵਿੱਚ ਉੱਗਿਆ ਹੋਇਆ ਕਮਲ ਦਾ ਫੁੱਲ ਪਾਣੀ ਨਾਲੋਂ ਨਿਰਾਲਾ ਰਹਿੰਦਾ ਹੈ, ਉਸ ਉਪਰ ਆਸੇ ਪਾਸੇ ਦੇ ਪਾਣੀ ਦਾ ਅਸਰ ਨਹੀਂ ਹੁੰਦਾਂ ਹੈ। ਮੁਰਗਾਬੀ ਨਦੀ ਵਿੱਚ ਤਰਦੀ ਰਹਿੰਦੀ ਹੈ, ਪਰ ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ ਹਨ, ਇਸੇ ਤਰ੍ਹਾਂ ਗੁਰੂ ਦੇ ਸਬਦ ਵਿੱਚ ਸੁਰਤ ਜੋੜ ਕੇ, ਬਾਹਰੀ ਦੁਨੀਆਂ ਦੇ ਵਿਕਾਰਾਂ ਤੋਂ ਨਿਰਲੇਪ ਰਹਿ ਕੇ, ਸੰਸਾਰ-ਸਮੁੰਦਰ ਪਾਰ ਕਰ ਸਕਦੇ ਹਾਂ। ਗੁਰੂ ਸਾਹਿਬ ਨੇ ਰਵਾਇਤੀ ਤੌਰ ਤੇ ਕਿਸੇ ਅੱਖਰ ਨੂੰ ਦੁਹਰਾਈ ਜਾਣ ਨੂੰ ਨਾਮੁ ਜਪਣਾ ਨਹੀਂ ਕਿਹਾ ਹੈ। ਬਲਕਿ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਹੀ ਅਸਲੀ ਨਾਮੁ ਸਮਝਾਇਆ ਹੈ। ਇਸ ਲਈ ਸੰਸਾਰ ਦੀਆਂ ਆਸਾਂ ਵਲੋਂ ਨਿਰਲੇਪ ਰਹਿਣਾਂ ਹੈ ਤੇ ਇੱਕ ਅਕਾਲ ਪੁਰਖੁ ਨੂੰ ਆਪਣੇ ਮਨ ਵਿੱਚ ਵਸਾਣਾ ਹੈ।

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ (੯੩੮)

ਇਤਨਾਂ ਹੀ ਕਾਫੀ ਨਹੀਂ, ਸਾਵਧਾਨ ਤੇ ਇਕਾਗਰ ਚਿਤ ਹੋਣ ਦੀ ਭਾਰੀ ਜਰੂਰਤ ਹੈ। ਧਿਆਨ ਨਾਲ ਚਿੱਤ ਨੂੰ ਇੱਕ ਨਿਸ਼ਾਨੇ ਤੇ ਟਿਕਾ ਕੇ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਹੈ। ਅਕਾਲ ਪੁਰਖੁ ਦੇ ਗੁਣਾਂ ਨੂੰ ਮਨ ਵਿੱਚ ਵਸਾਣਾਂ ਹੀ ਅਸਲੀ ਨਾਮੁ ਹੈ ਤੇ ਇਨ੍ਹਾਂ ਗੁਣਾਂ ਨੂੰ ਮਨ ਵਿੱਚ ਵਸਾਣਾ ਤੇ ਅਡੋਲ ਅਵਸਥਾ ਵਿੱਚ ਟਿਕੇ ਰਹਿਣ ਨਾਲ ਹੀ ਸੁਖਾਂ ਦੀ ਮਣੀ ਪ੍ਰਾਪਤ ਹੁੰਦੀ ਹੈ।

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਏਕਾਗਰ ਚੀਤ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ॥ (੨੯੫)

ਲੋਕ ਸਮਝਦੇ ਹਨ ਕਿ ਸਤਿਗੁਰੁ ਦਾ ਸਬਦ ਕੋਈ ਗੀਤ ਹੈ, ਪਰ ਇਹ ਤਾਂ ਅਕਾਲ ਪੁਰਖੁ ਦੇ ਗੁਣਾਂ ਦੀ ਵਿਚਾਰ ਹੈ। ਸਤਿਗੁਰੁ ਦਾ ਸਬਦ ਮਨੁੱਖ ਨੂੰ ਇਸ ਜੀਵਨ ਵਿੱਚ ਮੁਕਤ ਕਰਦਾ ਹੈ। ਗੁਰਬਾਣੀ ਦਾ ਕੀਰਤਨ, ਗੀਤ ਦੀ ਤਰ੍ਹਾਂ, ਮਨ ਨੂੰ ਖੁਸ਼ ਕਰਨ ਲਈ, ਵੱਖ ਵੱਖ ਟਿਊਨਾਂ ਵਿੱਚ ਗਾਇਨ ਨਹੀਂ ਕਰਨਾ ਹੈ। ਕੀਰਤਨ ਮਨ ਨੂੰ ਸਿਧੇ ਰਸਤੇ ਤੇ ਪਾਉਂਣ ਲਈ, ਰਹਾਉ ਦੀ ਪੰਗਤੀ ਦੀ ਟੇਕ ਲੈ ਕੇ ਕਰਨਾ ਹੈ, ਤਾਂ ਜੋ ਸਬਦ ਦੀ ਵੀਚਾਰ ਮਨ ਵਿੱਚ ਟਿਕ ਸਕੇ ਤੇ ਸਾਡਾ ਸੁਧਾਰ ਹੋ ਸਕੇ। ਹੋਰ ਟਿਊਨਾਂ ਵਰਤਣ ਨਾਲ ਮਨ ਟਿਕਾ ਵਿੱਚ ਆਉਂਣ ਦੀ ਬਜਾਏ ਖਿੰਡਿਆ ਜਾਂਦਾ ਹੈ। ਅੱਜਕਲ ਅਸੀਂ ਵੱਖ ਵੱਖ ਟਿਊਨਾਂ ਵਿੱਚ ਗਾਇਨ ਕਰਨ ਵਾਲੇ ਰਾਗੀਆਂ ਕਰਕੇ ਗੁਰਬਾਣੀ ਦੇ ਅਸਲੀ ਮੰਤਵ ਤੋਂ ਭਟਕੇ ਪਏ ਹਾਂ।

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ (੩੩੫)

ਭਾਰਤ ਦਾ ਸਵਿਧਾਨ ਬਦਲਣਾਂ ਆਸਾਨ ਹੈ, ਇਸ ਲਈ ਕਈ ਵਾਰੀ ਬਦਲਿਆ ਜਾ ਚੁਕਾ ਹੈ। ਅਮਰੀਕਾ ਦਾ ਸਵਿਧਾਨ ਬਦਲਣਾਂ ਆਸਾਨ ਨਹੀਂ ਹੈ, ਇਸ ਲਈ ਬਹੁਤ ਘਟ ਵਾਰੀ ਬਦਲਿਆ ਗਿਆ ਹੈ। ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਕੋਈ ਬਦਲਾਵ ਨਹੀਂ ਕਰ ਸਕਦਾ ਹੈ। ਅੱਜਕਲ ਕਈ ਲੋਕ ਗੁਰਬਾਣੀ ਨੂੰ ਤੋੜ ਮਰੋੜ ਕਰਨ ਦੀਆਂ ਚਾਲਾਂ, ਕੀਰਤਨ ਦੁਆਰਾ ਕਰ ਰਹੇ ਹਨ, ਇਸ ਤੋਂ ਸਾਵਧਾਨ ਹੋਣ ਦੀ ਲੋੜ ਹੈ। ਬਿਹਤਰ ਇਹੀ ਹੈ ਕਿ ਅਸੀਂ ਸਬਦਾਂ ਦੀ ਪੋਥੀ ਕੋਲ ਰੱਖ ਕੇ ਕੀਤਰਨ ਸੁਣੀਏ, ਤਾਂ ਜੋ ਸਾਨੂੰ ਸਹੀ ਜਾਣਕਾਰੀ ਹੋ ਸਕੇ, ਤੇ ਇਹ ਵੀ ਪਤਾ ਲਗ ਸਕੇ ਕਿ ਗਾਇਨ ਕਰਨ ਵਾਲਾ, ਗੁਰਬਾਣੀ ਵਿੱਚ ਕੋਈ ਤੋੜ ਮਰੋੜ ਤਾਂ ਨਹੀਂ ਕਰ ਰਿਹਾ ਹੈ।

ਗੁਰੂ ਦਾ ਸਬਦ ਹੀਰੇ ਵਰਗਾ ਹੈ, ਇਸ ਲਈ ਸਬਦ ਅਨੁਸਾਰ ਚਲਣਾਂ ਹੈ। ਸਤਿਗੁਰੁ ਦਾ ਸਬਦ ਇੱਕ ਐਸੀ ਅਮੋਲਕ ਦਾਤ ਹੈ, ਜਿਸ ਵਿੱਚ ਅਕਾਲ ਪੁਰਖੁ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ। ਸਬਦ ਦੁਆਰਾ ਮਨੁੱਖ ਦਾ ਮਨ ਅਕਾਲ ਪੁਰਖੁ ਦੀ ਯਾਦ ਵਿੱਚ ਟਿਕ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਉਸ ਦਾ ਪ੍ਰੇਮ ਬਣ ਜਾਂਦਾ ਹੈ।

ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ॥ ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ॥ (੯੨੦)

ਗੁਰੂ ਗਰੰਥ ਸਾਹਿਬ ਕੋਈ ਵੇਦ ਜਾਂ ਸਿਮਰਤੀ ਨਹੀਂ ਹੈ, ਇਹ ਆਪ ਪੂਰਨ ਗੁਰੂ ਹਨ। ਇਹ ਧਿਆਨ ਵਿੱਚ ਰੱਖਣਾ ਹੈ ਕਿ ਜਦੋਂ ਅਸੀਂ ਗੁਰੂ ਘਰ ਵਿੱਚ ਜਾਂਦੇ ਹਾਂ, ਤਾਂ ਗੁਰੂ ਸਾਹਿਬ ਕੋਲੋ ਸਿੱਖਣ ਲਈ ਜਾਂਦੇ ਹਾਂ, ਗੁਰੂ ਸਾਹਿਬ ਨੂੰ ਪੜ੍ਹਾਉਣ ਲਈ ਨਹੀਂ। ਹਰੇਕ ਨੂੰ ਆਪਣੇ ਮਨ ਵਿੱਚ ਇਹ ਸਵਾਲ ਪੁਛਣਾਂ ਚਾਹੀਦਾ ਹੈ, ਕਿ ਮੈਂ ਅੱਜ ਗੁਰੂ ਸਾਹਿਬ ਦੀ ਪਾਠਸ਼ਾਲਾ ਤੋਂ ਕੀ ਸਿੱਖ ਕੇ ਘਰ ਜਾ ਰਿਹਾ ਹਾਂ। ਗੁਰੂ ਅਰਜਨ ਸਾਹਿਬ ਸਮਝਾਉਂਦੇ ਹਨ, ਕਿ ਜਿਹੋ ਜਿਹਾ ਸਤਿਗੁਰੁ ਸੁਣੀਦਾ ਸੀ, ਉਹੋ ਜਿਹਾ ਹੀ ਮੈਂ ਅੱਖੀਂ ਵੇਖ ਲਿਆ ਹੈ, ਗੁਰੂ ਅਕਾਲ ਪੁਰਖੁ ਦੀ ਹਜ਼ੂਰੀ ਦਾ ਵਿਚੋਲਾ ਹੈ, ਅਕਾਲ ਪੁਰਖੁ ਤੋਂ ਵਿੱਛੁੜਿਆਂ ਨੂੰ ਮੁੜ ਅਕਾਲ ਪੁਰਖੁ ਨਾਲ ਮਿਲਾ ਦਿੰਦਾ ਹੈ, ਅਕਾਲ ਪੁਰਖੁ ਦੇ ਨਾਮੁ ਦਾ ਉਪਦੇਸ਼ ਜੀਵ ਦੇ ਹਿਰਦੇ ਵਿੱਚ ਪੱਕਾ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਉਸ ਦਾ ਹਉਮੈਂ ਦਾ ਰੋਗ ਦੂਰ ਕਰ ਦਿੰਦਾ ਹੈ। ਪਰ ਅਕਾਲ ਪੁਰਖੁ ਉਨ੍ਹਾਂ ਨੂੰ ਹੀ ਗੁਰੂ ਮਿਲਾਉਂਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ।

ਸਲੋਕ ਮਃ ੫॥ ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥ ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ॥ ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ॥ ੧॥ (੯੫੭)

ਜਿਸ ਤਰ੍ਹਾਂ ਸਮੁੰਦਰ ਬੇੜੀ ਤੋਂ ਬਿਨਾ ਪਾਰ ਨਹੀਂ ਹੋ ਸਕਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਰੂਪੀ ਸਮੁੰਦਰ ਵਿਚ, ਸਬਦ ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ ਹੈ। ਇਹ ਸਾਰਾ ਜਗਤ ਮਾਇਆ-ਮੋਹ ਦੇ ਬੜੇ ਵੱਡੇ ਜਾਲ ਵਿੱਚ ਫਸਿਆ ਹੋਇਆ ਹੈ। ਇਸ ਜਾਲ ਵਿਚੋਂ ਜੀਊਂਦੇ ਉਹੀ ਨਿਕਲਦੇ ਹਨ, ਜੋ ਗੁਰੂ ਦੀ ਮੇਹਰ ਨਾਲ ਅਕਾਲ ਪੁਰਖੁ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ। ਗੁਰੂ ਉਹ ਜਹਾਜ਼ ਹੈ, ਜਿਹੜਾ ਆਪਣੇ ਸਬਦ ਦੁਆਰਾ, ਜੀਵ-ਮੁਸਾਫ਼ਿਰਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾਣ ਦੇ ਸਮਰੱਥ ਹੈ, ਗੁਰੂ ਆਪਣੇ ਸੇਵਕ ਨੂੰ ਉਸ ਆਤਮਕ ਅਵਸਥਾ ਤਕ ਅਪੜਾ ਦਿੰਦਾ ਹੈ, ਜਿਥੇ ਹਵਾ, ਅੱਗ, ਪਾਣੀ ਜੋ ਇਹ ਸਭ ਕੁੱਝ ਦਿੱਸ ਰਹੇ ਹਨ, ਆਪਣਾ ਕੋਈ ਜ਼ੋਰ ਨਹੀਂ ਪਾ ਸਕਦੇ ਹਨ। ਉਸ ਅਵਸਥਾ ਵਿੱਚ ਅੱਪੜਿਆ ਜੀਵ ਸਦਾ-ਥਿਰ ਅਕਾਲ ਪੁਰਖੁ ਨਾਲ ਇਕ-ਮਿਕ ਹੋ ਜਾਂਦਾ ਹੈ, ਤੇ ਉਸ ਦੇ ਨਾਮੁ ਵਿੱਚ ਲੀਨ ਰਹਿੰਦਾ ਹੈ।

ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ॥ ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ॥ ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ॥ ੨॥ (੧੦੦੯)

ਜਿਸ ਤਰ੍ਹਾਂ ਇੱਕ ਪਾਵਰ ਪਲਾਂਟ ਤੋਂ ਤਾਰਾਂ ਰਾਹੀਂ ਬਿਜਲੀ ਬਲਬ ਤਕ ਪਹੁੰਚਦੀ ਹੈ, ਤੇ ਉਸ ਦੇ ਅੰਦਰ ਦੇ ਫਿਲਾਮੈਂਟ ਵਿੱਚ ਰੋਸ਼ਨੀ ਪੈਦਾ ਕਰਦੀ ਹੈ। ਇਸੇ ਤਰ੍ਹਾਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ, ਜੋ ਕਿ ਦਸ ਗੁਰੂ ਸਾਹਿਬਾਂ ਦੀ ਮੇਹਰ ਸਦਕਾ ਸਾਡੇ ਤਕ ਪਹੁੰਚੀ ਹੈ, ਉਹ ਸਾਡੇ ਲਈ ਆਤਮਿਕ ਗਿਆਨ ਦਾ ਸੋਮਾਂ ਹੈ ਤੇ ਸਾਡੇ ਅੰਦਰੋ ਹਉਮੈ ਕੱਢ ਕੇ ਚਾਨਣ ਪੈਦਾ ਕਰਦੀ ਹੈ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਨਾਲ ਸਦਾ ਲਈ ਤਾਰਾਂ ਜੋੜ ਕੇ ਰੱਖਣੀਆਂ ਹਨ ਕਿ ਨਹੀਂ।

ਗੁਰੂ ਰੁੱਖ ਦੀ ਤਰ੍ਹਾਂ ਸੰਤੋਖ ਵਾਲਾ ਹੈ, ਜਿਸ ਨੂੰ ਧਰਮ ਰੂਪੀ ਫੁੱਲ ਲੱਗਦਾ ਹੈ ਤੇ ਗਿਆਨ ਰੂਪੀ ਫਲ ਲੱਗਦੇ ਹਨ। ਪ੍ਰੇਮ-ਜਲ ਨਾਲ ਰਸਿਆ ਹੋਇਆ ਇਹ ਰੁੱਖ ਸਦਾ ਹਰਾ ਰਹਿੰਦਾ ਹੈ। ਅਕਾਲ ਪੁਰਖੁ ਦੀ ਬਖ਼ਸ਼ਸ਼ ਨਾਲ ਉਸ ਦੇ ਚਰਨਾਂ ਵਿੱਚ ਧਿਆਨ ਜੋੜਿਆਂ, ਇਹ ਗਿਆਨ-ਫਲ ਪੱਕਦਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੀ ਮੇਹਰ ਨਾਲ ਉਸ ਦੇ ਚਰਨਾਂ ਵਿੱਚ ਸੁਰਤ ਜੋੜਦਾ ਹੈ, ਉਸ ਨੂੰ ਇਹ ਗਿਆਨ-ਫਲ ਪ੍ਰਾਪਤ ਹੁੰਦਾਂ ਹੈ ਤੇ ਉਹ ਹਮੇਸ਼ਾਂ ਆਨੰਦ ਮਾਣਦਾ ਰਹਿੰਦਾ ਹੈ। ਮਨੁੱਖ ਲਈ ਅਕਾਲ ਪੁਰਖੁ ਦੇ ਦਰ ਤੋਂ ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ।

ਸਲੋਕ ਮਃ ੧॥ ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥ (੧੪੭)

ਗੁਰੂ ਦੇ ਸਬਦ ਵਿੱਚ ਜੁੜ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਗੁਰੂ ਦੇ ਸਬਦ ਦੀ ਬਰਕਤ ਨਾਲ ਮਨੁੱਖ ਦੀ ਅੰਦਰਲੀ ਅਸ਼ਾਂਤੀ ਅੰਦਰ ਹੀ ਸੜ ਜਾਂਦੀ ਹੈ। ਉਹ ਮਨੁੱਖ ਆਪਣੇ ਚਿੱਤ ਵਿੱਚ ਗੁਰੂ ਦੇ ਸਬਦ ਰੂਪੀ ਧਨੁੱਖ ਨੂੰ ਅਜੇਹਾ ਕੱਸਦਾ ਹੈ ਕਿ ਸਤ, ਸੰਤੋਖ, ਦਇਆ, ਧਰਮ, ਧੀਰਜ ਦੇ ਪੰਜ ਤੀਰ ਲੈ ਕੇ ਮੌਤ ਦੇ ਡਰ ਨੂੰ ਮਾਰ ਲੈਂਦਾ ਹੈ।

ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ॥ ਅੰਤਰ ਕੀ ਦੁਬਿਧਾ ਅੰਤਰਿ ਜਰੀਐ॥ ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ॥ (੧੦੪੨)

ਇਸ ਲਈ ਗੁਰੂ ਦੇ ਸਬਦ ਵਿੱਚ ਜੁੜ ਕੇ ਵਿਕਾਰਾਂ ਵਲੋਂ ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜਿਹੜਾ ਮਨੁੱਖ ਗੁਰੂ ਦੇ ਸਬਦ ਦੀ ਰਾਹੀਂ ਹਰਿ-ਨਾਮੁ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮੁ ਸਦਾ ਲਈ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ।

ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ॥ (੬੦੩-੬੦੪)

ਅਕਾਲ ਪੁਰਖੁ ਦੇ ਦਰ ਉੱਤੇ ਪਹੁੰਚਣ ਵਾਸਤੇ ਗੁਰੂ ਪਉੜੀ ਹੈ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਗੁਰੂ ਬੇੜੀ ਹੈ, ਅਕਾਲ ਪੁਰਖੁ ਦਾ ਨਾਮੁ ਦੇਣ ਵਾਲਾ ਗੁਰੂ ਹੀ ਤੁਲਹਾ ਹੈ। ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰਿਆ ਹੈ। ਜੇ ਅਕਾਲ ਪੁਰਖੁ ਦੀ ਰਜ਼ਾ ਹੋਵੇ, ਤਾਂ ਗੁਰੂ ਨੂੰ ਮਿਲ ਕੇ ਮਨੁੱਖ ਦੀ ਮਤਿ ਚੰਗੀ ਹੋ ਜਾਂਦੀ ਹੈ, ਕਿਉਂਕਿ ਮਨੁੱਖ ਸਾਧ ਸੰਗਤਿ ਸਰੋਵਰ ਵਿੱਚ ਮਾਨਸਕ ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ।

ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ॥ (੧੭)

ਜਿਸ ਅਕਾਲ ਪੁਰਖੁ ਦਾ ਇਹ ਬਣਾਇਆ ਹੋਇਆ ਸਰੀਰ ਹੈ, ਉਸ ਨੇ ਹੀ ਇਸ ਸਰੀਰ ਨੂੰ ਹਉਮੈਂ, ਮਾਇਆ, ਮੋਹ, ਭਰਮ ਤੇ ਵਿਕਾਰਾਂ ਦਾ ਦਾ ਤਾਲਾ ਮਾਰਿਆ ਹੋਇਆ ਹੈ, ਤੇ ਕੁੰਜੀ ਗੁਰੂ ਨੂੰ ਸੌਂਪ ਦਿੱਤੀ ਹੈ। ਸਬਦ ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ, ਪਰ ਉਨ੍ਹਾਂ ਹੀਲਿਆਂ ਨਾਲ ਅਕਾਲ ਪੁਰਖੁ ਨੂੰ ਲੱਭ ਨਹੀਂ ਸਕਦਾ। ਬਦਾਮ ਦੇ ਉੱਪਰ ਦਾ ਖੋਲ ਹਉਮੈਂ ਦਾ ਪ੍ਰਤੀਕ ਹੈ, ਗਿਰੀ ਉੱਪਰ ਛਿਲਕਾ ਪੰਜ ਵਿਕਾਰ, ਤੇ ਚਿਟੀ ਗਿਰੀ ਸ਼ਾਂਤੀ ਦੀ ਪ੍ਰਤੀਕ ਹੈ। ਇਸ ਲਈ ਜੇ ਕਰ ਆਪਣੇ ਹਿਰਦੇ ਅੰਦਰ ਸ਼ਾਂਤੀ ਚਾਹੁੰਦੇ ਹਾਂ, ਤਾ ਆਪਣੀ ਹਉਮੈਂ ਦਾ ਸਖਤ ਖੋਲ ਤੋੜਨਾਂ ਪਵੇਗਾ ਅਤੇ ਪੰਜ ਵਿਕਾਰਾਂ ਤੇ ਸਬਦ ਗੁਰੂ ਦੁਆਰਾ ਕਾਬੂ ਪਾਣਾ ਪਵੇਗਾ।

ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ॥ (੨੦੫)

ਗੁਰੂ ਵਿੱਚ ਇੱਕ ਕਬਰ ਵਾਲੇ ਵੀ ਗੁਣ ਹਨ। ਕਬਰ ਨਿਥਾਵੇ ਨੂੰ ਥਾਂ ਦਿੰਦੀ ਹੈ, ਕਬਰ ਮਨੁੱਖ ਦੇ ਰੋਗ ਢੱਕ ਦਿੰਦੀ ਹੈ, ਕਬਰ ਆਦਮੀ ਨੂੰ ਆਪਣਾ ਰੂਪ ਦੇ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਨਿਥਾਵੇ ਨੂੰ ਥਾਂ ਦਿੰਦਾ ਹੈ, ਗੁਰੂ ਮਨੁੱਖ ਦੇ ਪੜਦੇ ਢੱਕ ਦਿੰਦਾ ਹੈ, ਗੁਰੂ ਸੇਵਕ ਨੂੰ ਆਪਣਾ ਰੂਪ ਦੇ ਦਿੰਦਾ ਹੈ, ਭਾਈ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣਾ ਦਿਤਾ।

ਨਿਥਾਵੇ ਕਉ ਗੁਰਿ ਦੀਨੋ ਥਾਨੁ॥ ਨਿਮਾਨੇ ਕਉ ਗੁਰਿ ਕੀਨੋ ਮਾਨੁ॥ ਬੰਧਨ ਕਾਟਿ ਸੇਵਕ ਕਰਿ ਰਾਖੇ॥ ਅੰਮ੍ਰਿਤ ਬਾਨੀ ਰਸਨਾ ਚਾਖੇ॥ ੩॥ (੩੯੫, ੩੯੬)

ਸਤਿਗੁਰੁ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ, ਸਤਿਗੁਰੁ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ, ਸਤਿਗੁਰੁ ਆਪਣੇ ਸਿੱਖ ਦੀ ਭੈੜੀ ਮਤਿ ਦੂਰ ਕਰ ਦਿੰਦਾ ਹੈ, ਸਤਿਗੁਰੁ ਆਪਣੇ ਉਪਦੇਸ਼ ਰਾਹੀਂ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਤੇ ਉਸ ਦਾ ਨਾਮੁ ਹਿਰਦੇ ਵਿੱਚ ਵਸਾਉਣਾਂ ਸਿਖਾਉਂਦਾ ਹੈ। ਸਤਿਗੁਰੁ ਆਪਣੇ ਸਿੱਖ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ ਤੇ ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ। ਸਤਿਗੁਰੁ ਆਪਣੇ ਸਿੱਖ ਨੂੰ ਅਕਾਲ ਪੁਰਖੁ ਦਾ ਨਾਮ-ਰੂਪੀ ਧਨ ਦਿੰਦਾ ਹੈ, ਤੇ ਇਸ ਤਰ੍ਹਾਂ ਸਤਿਗੁਰੁ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਸਤਿਗੁਰੁ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦਾ ਹੈ। ਸਤਿਗੁਰੁ ਦਾ ਆਪਣੇ ਸਿੱਖ ਨਾਲ ਇਤਨਾਂ ਡੂੰਘਾ ਸਬੰਧ ਹੋ ਜਾਂਦਾ ਹੈ, ਕਿ ਸਤਿਗੁਰੁ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ।

ਅਸਟਪਦੀ॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ॥ ਸੇਵਕ ਕਉ ਗੁਰੁ ਸਦਾ ਦਇਆਲ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰ ਬਚਨੀ ਹਰਿ ਨਾਮੁ ਉਚਰੈ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖੁ ਵਡਭਾਗੀ ਹੇ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥ ੧॥ (੨੮੬)

ਗੁਰਬਾਣੀ ਦੇ ਸਬਦ ਸੁਣਨ, ਵਿਚਾਰਨ, ਤੇ ਜੀਵਨ ਵਿੱਚ ਅਪਨਾਉਂਣ ਨਾਲ ਮਨੁੱਖ ਅੰਦਰ ਅਨੇਕਾਂ ਗੁਣ ਪੈਦਾ ਹੋ ਜਾਂਦੇ ਹਨ ਤੇ ਉਸ ਦਾ ਜੀਵਨ ਗੁਰੁ ਗਿਆਨ ਨਾਲ ਇੱਕ ਅਨਮੋਲਕ ਹੀਰੇ ਵਰਗਾ ਹੋ ਜਾਂਦਾ ਹੈ। ਜਿਸ ਮਨੁੱਖ ਨੇ ਗੁਰੂ ਦਾ ਸਬਦ ਕੰਨਾਂ ਨਾਲ ਸੁਣਿਆ ਹੈ, ਉਹ ਮਾਨੋ ਕੱਚ ਤੋਂ ਸੋਨਾ ਹੋ ਗਿਆ। ਜਿਸ ਨੇ ਸਤਿਗੁਰੁ ਦੁਆਰਾ ਨਾਮੁ, ਭਾਵ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਆਪਣੇ ਮੂੰਹੋਂ ਉਚਾਰੇ ਤਾਂ, ਉਹ ਜ਼ਹਿਰ ਤੋਂ ਅੰਮ੍ਰਿਤ ਬਣ ਗਿਆ। ਜੇ ਸਤਿਗੁਰੁ ਮੇਹਰ ਦੀ ਨਜ਼ਰ ਕਰੇ, ਤਾਂ ਜੀਵ ਲੋਹੇ ਤੋਂ ਲਾਲ ਬਣ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਅਪਨਾਇਆ ਹੈ, ਉਨ੍ਹਾਂ ਨੂੰ ਗੁਰੂ ਮਾਨੋ ਪੱਥਰਾਂ ਤੋਂ ਮਾਣਕ ਕਰ ਦਿੰਦਾ ਹੈ, ਸਤਿਗੁਰੁ ਨੇ ਉਨ੍ਹਾਂ ਨੂੰ ਮਾਨੋ ਕਾਠ ਤੋਂ ਚੰਦਨ ਬਣਾ ਦਿਤਾ ਹੈ, ਤੇ ਉਨ੍ਹਾਂ ਦੇ ਦੁਖ ਦਲਿਦਰ ਦੂਰ ਹੋ ਗਏ ਹਨ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੁ ਦੇ ਚਰਨ ਪਰਸੇ ਹਨ, ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ, ਉਹ ਪਸੂ ਤੇ ਪਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ ਹਨ।

ਸਵਈਏ ਮਹਲੇ ਚਉਥੇ ਕੇ ੪॥ ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ॥ ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ॥ ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ॥ ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ॥ ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ॥ ਸਤਿਗੁਰੂ ਚਰਨ ਜਿਨੑ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ॥ ੨॥ ੬॥ (੧੩੯੯)

ਸਤਿਗੁਰੁ ਨਾਮੁ ਦੀ ਦਾਤ ਦੇਣ ਵਾਲਾ ਹੈ, ਗੁਰੂ ਆਤਮਕ ਠੰਡ ਦਾ ਸੋਮਾ ਹੈ, ਗੁਰੂ ਹੀ ਤ੍ਰਿਲੋਕੀ ਵਿੱਚ ਚਾਨਣ ਕਰਨ ਵਾਲਾ ਹੈ। ਕਦੇ ਨਾ ਮੁੱਕਣ ਵਾਲਾ ਨਾਮ-ਰੂਪੀ ਪਦਾਰਥ, ਗੁਰੂ ਤੋਂ ਹੀ ਮਿਲਦਾ ਹੈ, ਪਰ ਮਨ ਦੁਆਰਾ ਮੰਨਣ ਨਾਲ ਹੀ ਆਤਮਿਕ ਸੁਖ ਪ੍ਰਾਪਤ ਹੋ ਸਕਦਾ ਹੈ।

ਸਲੋਕੁ ਮਃ ੧॥ ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ॥ ੧॥ (੧੩੭)

ਗੁਰੂ ਹੀ ਅਸਲ ਤੀਰਥ ਹੈ, ਗੁਰੂ ਹੀ ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ। ਗੁਰੂ ਹੀ ਉਹ ਦਾਤਾ ਹੈ, ਜੋ ਅਕਾਲ ਪੁਰਖੁ ਦਾ ਨਾਮੁ ਦਿੰਦਾ ਹੈ, ਜਿਸ ਦੀ ਬਰਕਤ ਨਾਲ ਸਾਰਾ ਸੰਸਾਰ ਵਿਕਾਰਾਂ ਤੋਂ ਬਚਦਾ ਹੈ। ਗੁਰੂ ਉਸ ਅਕਾਲ ਪੁਰਖੁ ਦਾ ਰੂਪ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਗੁਰੂ ਦੀ ਵਡਿਆਈ ਤਕ ਲਫ਼ਜ਼ਾਂ ਦੀ ਰਾਹੀਂ ਪਹੁੰਚਿਆ ਨਹੀਂ ਜਾ ਸਕਦਾ। ਕੋਈ ਵੀ ਸਿਆਣੇ ਤੋਂ ਸਿਆਣਾ ਬਿਆਨ ਕਰਨ ਵਾਲਾ, ਬਿਆਨ ਨਹੀਂ ਕਰ ਸਕਦਾ।

ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ॥ ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ॥ ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ॥ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ॥ ੩॥ (੫੨)

ਗੁਰੂ ਸਾਹਿਬ ਸਮਝਾਉਂਦੇ ਹਨ, ਕਿ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ ਸਰੀਰ ਦੇ ਅੰਦਰ ਵੱਸਦਾ ਅਕਾਲ ਪੁਰਖੁ ਦਾ ਨਾਮ-ਰੂਪੀ ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ। ਗੁਰੂ ਅਕਾਲ ਪੁਰਖੁ ਹੈ, ਤੇ ਅਕਾਲ ਪੁਰਖੁ ਗੁਰੂ ਹੈ, ਇਸ ਲਈ ਦੋਹਾਂ ਵਿੱਚ ਕੋਈ ਫ਼ਰਕ ਨਹੀਂ ਹੈ।

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇੱਕ ਵਸਤੁ ਅਨੂਪ ਦਿਖਾਈ॥ ਗੁਰ ਗੋਵਿੰਦੁ ਗ+ਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥ ੪॥ ੧॥ ੮॥ (੪੪੨)

ਪ੍ਰੇਮ ਦੀ ਬਰਕਤ ਨਾਲ, ਗੁਰੂ, ਸਿੱਖ ਨਾਲ ਇਕ-ਰੂਪ ਹੋ ਜਾਂਦਾ ਹੈ ਅਤੇ ਸਿੱਖ, ਗੁਰੂ ਵਿੱਚ ਲੀਨ ਹੋ ਜਾਂਦਾ ਹੈ। ਗੁਰਸਿਖ ਗੁਰੂ ਦੇ ਉਪਦੇਸੁ ਅਨੁਸਾਰ ਚਲਦਾ ਹੈ, ਤੇ ਗੁਰੂ ਵਾਲੇ ਉਪਦੇਸ਼ ਦੀ ਲੜੀ ਨੂੰ ਅਗਾਂਹ ਤੋਰਦਾ ਰਹਿੰਦਾ ਹੈ। ਜਿਸ ਮਨੁੱਖ ਨੂੰ ਗੁਰੂ, ਅਕਾਲ ਪੁਰਖੁ ਦੇ ਨਾਮੁ ਦਾ ਮੰਤਰ ਹਿਰਦੇ ਵਿੱਚ ਵਸਾਣ ਲਈ ਦਿੰਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ ਅਕਾਲ ਪੁਰਖੁ ਨਾਲ ਹੋ ਜਾਂਦਾ ਹੈ। ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਮਨ ਚਾਹੇ ਫਲ ਪ੍ਰਾਪਤ ਹੋ ਜਾਂਦੇ ਹਨ। ਪਰ ਇਹ ਤਾਂ ਹੀ ਸੰਭਵ ਹੈ, ਜੇ ਕਰ ਅਸੀਂ ਸੱਚੀ ਬਾਣੀ ਅਨੁਸਾਰ ਚਲੀਏ। ਕੱਚੀ ਬਾਣੀ ਪੜ੍ਹਨ ਤੇ ਉਸ ਅਨੁਸਾਰ ਚਲਣ ਵਾਲਾ, ਨਾ ਤਾਂ ਸਿੱਖ ਕਹਿਲਾ ਸਕਦਾ ਹੈ, ਤੇ ਨਾ ਹੀ ਅਕਾਲ ਪੁਰਖੁ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ।

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ (੪੪੪)

ਹਿਰਦੇ ਅੰਦਰ ਪ੍ਰੇਮ ਦੀ ਭਾਵਨਾ ਪੈਦਾ ਹੋਣ ਸਦਕਾ, ਸਿੱਖ ਦੀ ਗੁਰੂ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ। ਅਕਾਲ ਪੁਰਖੁ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨ ਨਾਲ ਸੇਵਕ ਦੇ ਅੰਦਰ ਗੁਰੂ ਤੋਂ ਕੁਰਬਾਨ ਹੋ ਜਾਣ ਲਈ ਅੰਦਰੂਨੀ ਖੁਸ਼ੀ ਪੈਦਾ ਹੋ ਜਾਂਦੀ ਹੈ।

ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ॥ (੪੫੨)

ਇਸ ਅਸਲੀਅਤ ਦਾ ਪ੍ਰਮਾਣ ਪੰਜਵੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਅੰਕਿਤ ਕਰ ਦਿਤਾ ਹੈ, ਕਿ ਜਿਹੋ ਜਿਹਾ ਸਤਿਗੁਰੁ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ ਅੱਖੀਂ ਵੇਖ ਲਿਆ ਹੈ। ਗੁਰੂ ਅਕਾਲ ਪੁਰਖੁ ਦੀ ਹਜ਼ੂਰੀ ਦਾ ਵਿਚੋਲਾ ਹੈ, ਤੇ ਅਕਾਲ ਪੁਰਖੁ ਤੋਂ ਵਿਛੁੜਿਆਂ ਨੂੰ ਮੁੜ ਉਸ ਨਾਲ ਮਿਲਾ ਦਿੰਦਾ ਹੈ। ਅਕਾਲ ਪੁਰਖੁ ਦੇ ਨਾਮੁ ਸਿਮਰਨ ਦਾ ਉਪਦੇਸ਼ ਜੀਵ ਦੇ ਹਿਰਦੇ ਵਿੱਚ ਪੱਕਾ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਉਸ ਦਾ ਹਉਮੈ ਦਾ ਰੋਗ ਦੂਰ ਕਰ ਦਿੰਦਾ ਹੈ। ਪਰ, ਅਕਾਲ ਪੁਰਖੁ ਉਨ੍ਹਾਂ ਨੂੰ ਹੀ ਗੁਰੂ ਮਿਲਾਉਂਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ।

ਸਲੋਕ ਮਃ ੫॥ ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥ ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ॥ ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ॥ ੧॥ (੯੫੭)

ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੁ ਪ੍ਰਸੰਨ ਹੁੰਦਾ ਹੈ, ਉਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮੁ ਵਸਾਉਂਦਾ ਹੈ, ਉਨ੍ਹਾਂ ਤੋਂ ਪਾਪ ਦੂਰੋਂ ਹੀ ਵੇਖ ਕੇ ਭੱਜ ਜਾਂਦਾ ਹੈ, ਉਨ੍ਹਾਂ ਮਨੁੱਖਾਂ ਦਾ ਅਹੰਕਾਰ ਦੂਰ ਕਰ ਦਿੰਦਾ ਹੈ, ਉਨ੍ਹਾਂ ਮਨੁੱਖਾਂ ਨੂੰ ਸਬਦ ਵਿੱਚ ਜੋੜ ਕੇ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੁ ਦਾ ਪ੍ਰਮਾਣਿਕ ਉਪਦੇਸ਼ ਪ੍ਰਾਪਤ ਕੀਤਾ ਹੈ, ਉਨ੍ਹਾਂ ਦਾ ਜੰਮਣਾ ਜਗਤ ਵਿੱਚ ਸਫਲ ਹੋ ਗਿਆ ਹੈ। ਗੁਰੂ ਦੀ ਸਰਨੀ ਪਿਆਂ ਹੀ ਮੁਕਤੀ ਅਤੇ ਸਾਰੇ ਪਦਾਰਥ ਮਿਲ ਸਕਦੇ ਹਨ, ਇਸ ਲਈ ਹਰ ਸਿੱਖ ਲਈ ਜਰੂਰੀ ਹੈ, ਕਿ ਸਬਦ ਗੁਰੂ ਦੀ ਸਰਨ ਵਿੱਚ ਆਵੇ, ਭਾਵ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੇ।

ਗੁਰੁ ਜਿਨੑ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ॥ ਜਿਨੑ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ॥ ਗੁਰੁ ਜਿਨੑ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ॥ ਜਿਨੑ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ॥ ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ॥ ਸ੍ਰੀ ਗੁਰੂ ਸਰਣਿ ਭਜੁ ਕਲ੍ਯ੍ਯ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ॥ ੧੧॥ (੧੩੯੮)

ਗੁਰੂ ਪੀਰ ਦੇ ਸਬਦ ਨੂੰ ਹਿਰਦੇ ਵਿੱਚ ਟਿਕਾ ਕੇ ਸਿੱਖ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸਬਦ ਤੋਂ ਖੁੰਝ ਕੇ ਜਗਤ, ਮਾਇਆ ਦੇ ਮੋਹ ਵਿੱਚ ਕਮਲਾ ਹੋਇਆ ਫਿਰਦਾ ਹੈ। ਪੂਰਨ ਤਿਆਗੀ ਮਨੁੱਖ, ਆਪਣਾ ਸਭ ਕੁੱਝ ਗੁਰੂ ਨੂੰ ਅਰਪਨ ਕਰ ਦਿੰਦਾਂ ਹੈ, ਤੇ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਯਾਦ ਨੂੰ ਹੀ ਆਪਣਾ ਜੀਵਨ ਦਾ ਮੰਤਵ ਮੰਨਦਾ ਹੈ।

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ॥ ੮॥ ੧॥ (੬੩੫)

ਜੂਏ ਵਾਲਾ ਹਮੇਸ਼ਾਂ ਹਾਰਦਾ ਹੈ, ਇਸ ਲਈ ਕਾਮ, ਕ੍ਰੋਧ, ਮਾਇਆ ਨੂੰ ਜੂਏ ਵਿੱਚ ਖੇਲ ਤਾਂ ਜੋ ਇਹ ਖਤਮ ਹੋ ਜਾਣ। ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿੱਚ ਮਿਲ ਬੈਠਦਾ ਹੈ, ਉਹ ਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ, ਈਰਖਾ, ਇਹਨਾਂ ਸਾਰੇ ਵਿਕਾਰਾਂ ਨੂੰ ਮਾਨੋ ਜੂਏ ਦੀ ਬਾਜ਼ੀ ਵਿੱਚ ਖੇਡ ਕੇ ਹਾਰ ਦਿੰਦਾ ਹੈ ਅਤੇ ਸਤ, ਸੰਤੋਖ, ਦਇਆ, ਧਰਮ, ਸੱਚ, ਇਹਨਾਂ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿੱਚ ਲੈ ਆਉਂਦਾ ਹੈ।

ਆਸਾ ਮਹਲਾ ੫॥ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ॥ ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ॥ (੩੭੯)

ਗੁਰਬਾਣੀ ਦੇ ਉਪਰ ਸਾਂਝੇ ਕੀਤੇ ਸਾਰੇ ਸਬਦ ਇਹੀ ਸਮਝਾਂਉਂਦੇ ਹਨ ਕਿ ਜੇ ਗੁਰੂ ਹੋ ਸਕਦਾ ਹੈ ਤਾਂ ਉਹ ਸਬਦ ਗੁਰੂ ਹੀ ਹੋ ਸਕਦਾ ਹੈ, ਧਰਮ ਹੋ ਸਕਦਾ ਹੈ ਤਾਂ ਉਹ ਸਬਦ ਹੀ ਹੋ ਸਕਦਾ ਹੈ। ਸਿਰਫ ਰਵਾਇਤਾ ਪੂਰੀਆਂ ਕਰਨੀਆਂ, ਧਰਮ ਅਨੁਸਾਰ ਚਲਣਾਂ ਨਹੀਂ ਹੋ ਸਕਦਾ ਹੈ। ਸਬਦ ਗੁਰੂ ਦੁਆਰਾ ਅਕਾਲ ਪੁਰਖ ਦੇ ਗੁਣ ਆਪਣੇ ਅੰਦਰ ਵਸਾਉਂਣੇ ਹਨ ਤੇ ਉਸ ਅਨੁਸਾਰ ਜੀਵਨ ਬਤੀਤ ਕਰਨਾ ਹੈ।

ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੇ ਅੰਤ ਵਿਚ, ਸੁਨਿਆਰੇ ਦੀ ਦੁਕਾਨ ਦੀ ਉਦਾਹਰਣ ਦੇ ਕੇ, ਇਹ ਤਰੀਕਾ ਵੀ ਸਮਝਾ ਦਿਤਾ ਹੈ ਕਿ ਗੁਰੂ ਦਾ ਸਬਦ ਕਿਸ ਤਰ੍ਹਾਂ ਘੜਨਾਂ ਹੈ ਤੇ ਸਚਖੰਡ ਦੀ ਅਵਸਥਾ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ। ਜਿਸ ਤਰ੍ਹਾਂ ਇੱਕ ਸੁਨਿਆਰਾ ਆਪਣੀ ਦੁਕਾਨ ਸਾਫ ਰੱਖਦਾ ਹੈ, ਉਸੇ ਤਰ੍ਹਾਂ ਆਪਣਾ ਆਚਰਨ ਵਿਕਾਰ ਰਹਿਤ ਤੇ ਪਵਿੱਤਰ ਰੱਖਣਾ ਹੈ। ਸੁਨਿਆਰਾ ਆਪਣਾ ਕੰਮ ਬੜੇ ਧੀਰਜ ਨਾਲ ਕਰਦਾ ਹੈ, ਇਸੇ ਤਰ੍ਹਾਂ ਆਪਣੇ ਜੀਵਨ ਵਿੱਚ ਸਬਰ ਸੰਤੋਖ ਰੱਖਣਾ ਹੈ, ਦੂਜਿਆਂ ਦੀ ਵਧੀਕੀ ਸਹਾਰਨ ਲਈ ਹਿੰਮਤ ਤੇ ਹੌਂਸਲਾ ਹੋਣਾ ਚਾਹੀਦਾ ਹੈ। ਮਨੁੱਖ ਦੀ ਆਪਣੀ ਮੱਤ ਅਹਿਰਣ ਦੀ ਤਰ੍ਹਾਂ ਨੀਵੀਂ ਹੋਵੇ, ਤੇ ਉਸ ਮੱਤ ਉੱਤੇ ਸਬਦ ਗੁਰੂ ਦੇ ਗਿਆਨ ਦਾ ਹਥੌੜਾ ਵੱਜੇ ਤਾਂ ਜੋ ਉਸ ਦੀ ਉੱਚੀ ਤੇ ਵਿਸ਼ਾਲ ਸਮਝ ਹੋ ਸਕੇ। ਅਕਾਲ ਪੁਰਖ ਦਾ ਡਰ ਧੌਂਕਣੀ ਹੋਵੇ, ਭਾਵ ਪ੍ਰਭੂ ਦਾ ਡਰ ਹਿਰਦੇ ਵਿੱਚ ਹਰ ਸਮੇਂ ਟਿਕਿਆ ਰਹੇ, ਧੌਂਕਣੀ ਦੀ ਤਰ੍ਹਾਂ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਆਪਣਾ ਜੀਵਨ ਬਤੀਤ ਕਰੇ। ਘਾਲ-ਕਮਾਈ ਅੱਗ ਹੋਵੇ, ਭਾਵ ਮਨੁੱਖਤਾ ਦੀ ਸੇਵਾ ਲਈ ਘਾਲ ਕਮਾਈ, ਉਦਮ ਤੇ ਉਪਰਾਲਾ ਕੀਤਾ ਜਾਏ। ਪ੍ਰੇਮ ਕੁਠਾਲੀ ਹੋਵੇ, ਭਾਵ ਖ਼ਾਲਕ ਤੇ ਖ਼ਲਕ ਦਾ ਪਿਆਰ ਦਿਲ ਵਿੱਚ ਹੋਵੇ। ਫਿਰ ਉਸ ਕੁਠਾਲੀ ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਮੁ ਗਲਾਵੋ, ਭਾਵ ਗੁਰਬਾਣੀ ਅਨੁਸਾਰ ਅਕਾਲ ਪੁਰਖ ਦੇ ਗੁਣ ਵਿਚਾਰੋ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇੱਕ ਸੱਚੀ ਟਕਸਾਲ ਹਨ, ਜਿਸ ਵਿੱਚ ਗੁਰੂ ਦਾ ਸਬਦ ਘੜਿਆ ਜਾਂਦਾ ਹੈ। ਜਿਸ ਉੱਚੀ ਆਤਮਕ ਅਵਸਥਾ ਵਿੱਚ ਸਤਿਗੁਰੁ ਨੇ ਸਬਦ ਉਚਾਰਿਆ ਹੈ, ਉੱਪਰ-ਦੱਸੇ ਜੀਵਨ ਵਾਲੇ ਸਿੱਖ ਨੂੰ ਵੀ ਉਹ ਸਬਦ, ਉਸੇ ਆਤਮਕ ਅਵਸਥਾ ਵਿੱਚ ਲੈ ਜਾਂਦਾ ਹੈ। ਇਹ ਕਾਰ ਉਨ੍ਹਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਮੇਹਰ ਦੀ ਨਜ਼ਰ ਹੁੰਦੀ ਹੈ ਤੇ ਬਖ਼ਸ਼ਸ਼ ਹੁੰਦੀ ਹੈ। ਫਿਰ ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ।

ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ॥ ੩੮॥ (੮)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

· ਆਮ ਦੁਨੀਆਂ ਦੀ ਸੋਚ ਅਨੁਸਾਰ ਅਕਾਲ ਪੁਰਖ ਦਾ ਕੋਈ ਸਰੀਰ ਹੈ ਤੇ ਕਿਸੇ ਖਾਸ ਥਾਂ ਤੇ ਰਹਿੰਦਾਂ ਹੈ। ਪਰੰਤੂ ਗੁਰਮਤਿ ਅਨੁਸਾਰ, ਨਾ ਤਾਂ ਉਸ ਦਾ ਕੋਈ ਖ਼ਾਸ ਸਰੀਰ ਹੈ, ਤੇ ਨਾ ਹੀ ਕਿਸੇ ਖ਼ਾਸ ਥਾਂ ਤੇ ਰਹਿੰਦਾਂ ਹੈ, ਨਾ ਤਾਂ ਉਹ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਬਣਾਇਆ ਜਾ ਸਕਦਾ ਹੈ।

· ਅਕਾਲ ਪੁਰਖ ਦਾ ਨਾਮੁ ਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰੂ ਰਾਹੀਂ ਹੀ ਇਹ ਪਰਤੀਤ ਹੁੰਦਾ ਹੈ, ਕਿ ਅਕਾਲ ਪੁਰਖ ਸਭ ਥਾਈਂ ਵਿਆਪਕ ਹੈ।

· ਆਪਣੇ ਦੁਖ ਦੂਰ ਕਰਨ ਲਈ ਤੇ ਹਿਰਦੇ ਵਿੱਚ ਸੁਖ ਨੂੰ ਵਸਾਉਣ ਲਈ ਅਕਾਲ ਪੁਰਖ ਦੇ ਗੁਣ ਗਾਵੀਏ, ਸੁਣੀਏ ਅਤੇ ਆਪਣੇ ਮਨ ਵਿੱਚ ਉਸਦਾ ਪ੍ਰੇਮ ਟਿਕਾਈਏ।

· ਅਕਾਲ ਪੁਰਖ ਬੇਅੰਤ ਹੈ ਤੇ ਉਸ ਦਾ ਹੁਕਮ ਬਿਆਨ ਨਹੀਂ ਕੀਤਾ ਜਾ ਸਕਦਾ। ਸਬਦ ਗੁਰੂ ਰਾਹੀਂ ਹੀ ਜੀਵ ਦੀ ਅਕਾਲ ਪੁਰਖ ਦੇ ਹੁਕਮੁ ਨੂੰ ਸਮਝ ਕੇ, ਤੇ ਉਸ ਦੀ ਰਜ਼ਾ ਅਨੁਸਾਰ ਚਲ ਕੇ, ਉਸ ਨਾਲੋਂ ਵਿੱਥ ਦੂਰ ਕਰ ਸਕਦਾ ਹੈ।

· ਸਤਿਗੁਰੁ ਸਿੱਖ ਦੀ ਰੱਖਿਆ ਕਰਦਾ ਹੈ, ਭੈੜੀ ਮਤਿ ਦੂਰ ਕਰਦਾ ਹੈ, ਨਾਮੁ ਯਾਦ ਕਰਾਂਦਾ ਹੈ, ਮਾਇਆ ਦੇ ਬੰਧਨ ਕੱਟਦਾ ਹੈ, ਵਿਕਾਰਾਂ ਵਲੋਂ ਹਟਾਂਦਾ ਹੈ, ਨਾਮ-ਰੂਪੀ ਧਨ ਦਿੰਦਾ ਹੈ, ਵੱਡੇ ਭਾਗਾਂ ਵਾਲਾ ਬਣਾਂਦਾ ਹੈ, ਲੋਕ ਪਰਲੋਕ ਸਵਾਰਦਾ ਹੈ ਤੇ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ।

· ਗੁਰੂ ਸਾਹਿਬਾਂ ਨੇ ਸਮੁੱਚੀ ਮਨੁੱਖਤਾ ਲਈ ਇਕੋ ਧਰਮ ਹੀ ਮੰਨਿਆ ਹੈ, ਉਹ ਹੈ ‘ਸਬਦ”। ਸਬਦ ਰੋਸ਼ਨੀ ਦੇਣ ਵਾਲਾ ਹੈ, ਜਿਸ ਦੁਆਰਾ ਸੋਝੀ ਪ੍ਰਾਪਤ ਹੁੰਦੀ ਹੈ।

· ਸਬਦ ਵੇਖਣ ਲਈ ਕੋਈ ਲਿਖਾਈ ਨਹੀਂ ਹੈ, ਇਸ ਨੂੰ ਪੜ੍ਹਨਾਂ, ਸੁਣਨਾਂ ਤੇ ਵਿਚਾਰਨਾ ਹੈ। ਗੁਰੂ ਸਬਦ ਦੁਆਰਾ ਇੱਕ ਅਕਾਲ ਪੁਰਖੁ ਦੇ ਗੁਣ ਵਿਚਾਰਨੇ ਹਨ ਤੇ ਉਸ ਨਾਲ ਸੁਰਤ ਜੋੜਨੀ ਹੈ।

· ਗੁਰੂ ਦੇ ਸਬਦ ਤੋਂ ਬਿਨਾ ਮਨ ਦੀ ਮੈਲ ਨਹੀਂ ਉਤਰਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਸਬਦ ਤੋਂ ਬਿਨਾ ਆਤਮਕ ਮੌਤ ਸਹੇੜ ਕੇ ਖ਼ੁਆਰ ਹੁੰਦੇ ਹਨ।

· ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸਬਦ ਵੱਸ ਜਾਂਦਾ ਹੈ, ਉਸ ਦਾ ਮਨ ਤੇ ਸਰੀਰ ਦੋਵੇ ਪਵਿੱਤਰ ਹੋ ਜਾਂਦੇ ਹਨ।

· ਗੁਰੂ ਦੇ ਸਬਦ ਵਿੱਚ ਸੁਰਤ ਜੋੜ ਕੇ, ਬਾਹਰੀ ਦੁਨੀਆਂ ਦੇ ਵਿਕਾਰਾਂ ਤੋਂ ਨਿਰਲੇਪ ਰਹਿਣਾਂ ਹੈ।

· ਗੁਰਬਾਣੀ ਦੁਆਰਾ ਸਾਵਧਾਨ ਤੇ ਇਕਾਗਰ ਚਿਤ ਹੋ ਕੇ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਹੈ।

· ਗੁਰਬਾਣੀ ਦਾ ਕੀਰਤਨ, ਗੀਤ ਦੀ ਤਰ੍ਹਾਂ, ਮਨ ਨੂੰ ਖੁਸ਼ ਕਰਨ ਲਈ, ਵੱਖ ਵੱਖ ਟਿਊਨਾਂ ਵਿੱਚ ਗਾਇਨ ਨਹੀਂ ਕਰਨਾ ਹੈ। ਕੀਰਤਨ ਮਨ ਨੂੰ ਸਿਧੇ ਰਸਤੇ ਤੇ ਪਾਉਂਣ ਲਈ, ਰਹਾਉ ਦੀ ਪੰਗਤੀ ਦੀ ਟੇਕ ਲੈ ਕੇ ਕਰਨਾ ਹੈ।

· ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਕੋਈ ਬਦਲ ਨਹੀਂ ਸਕਦਾ ਹੈ।

· ਗੁਰੂ ਦਾ ਸਬਦ ਹੀਰੇ ਵਰਗਾ ਹੈ, ਇਸ ਲਈ ਸਬਦ ਅਨੁਸਾਰ ਚਲਣਾਂ ਹੈ।

· ਜਿਸ ਤਰ੍ਹਾਂ ਸਮੁੰਦਰ ਬੇੜੀ ਤੋਂ ਬਿਨਾ ਪਾਰ ਨਹੀਂ ਹੋ ਸਕਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਰੂਪੀ ਸਮੁੰਦਰ ਵਿੱਚ ਸਬਦ ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ ਹੈ।

· ਗੁਰੂ ਰੁਖ ਦੀ ਤਰ੍ਹਾਂ, ਸੰਤੋਖ ਵਾਲਾ ਹੈ, ਜਿਸ ਨੂੰ ਧਰਮ ਰੂਪੀ ਫੁੱਲ ਲੱਗਦਾ ਹੈ ਤੇ ਗਿਆਨ ਰੂਪੀ ਫਲ ਲੱਗਦੇ ਹਨ। ਜਿਹੜਾ ਮਨੁੱਖ ਸਬਦ ਵਿੱਚ ਸੁਰਤ ਜੋੜਦਾ ਹੈ, ਉਹ ਹਮੇਸ਼ਾਂ ਆਨੰਦ ਮਾਣਦਾ ਰਹਿੰਦਾ ਹੈ।

· ਸਤਿਗੁਰ ਨਿਥਾਵੇ ਨੂੰ ਥਾਂ ਦਿੰਦਾ ਹੈ, ਪੜਦੇ ਢੱਕਦਾ ਹੈ, ਭੈੜੀ ਮਤਿ ਦੂਰ ਕਰਦਾ ਹੈ, ਮਾਇਆ ਦੇ ਬੰਧਨ ਕੱਟਦਾ ਹੈ, ਸੇਵਕ ਨੂੰ ਆਪਣਾ ਰੂਪ ਦੇ ਦਿੰਦਾ ਹੈ, ਰੱਖਿਆ ਕਰਦਾ ਹੈ, ਸਦਾ ਮੇਹਰ ਕਰਦਾ ਹੈ, ਨਾਮ-ਰੂਪੀ ਧਨ ਦਿੰਦਾ ਹੈ, ਲੋਕ ਪਰਲੋਕ ਸਵਾਰਦਾ ਹੈ।

· ਗੁਰੂ ਹੀ ਅਸਲ ਤੀਰਥ ਹੈ, ਪਾਰਜਾਤ ਰੁੱਖ ਹੈ, ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ।

· ਗੁਰੂ ਅਕਾਲ ਪੁਰਖੁ ਹੈ, ਤੇ ਅਕਾਲ ਪੁਰਖੁ ਗੁਰੂ ਹੈ, ਇਸ ਲਈ ਦੋਹਾਂ ਵਿੱਚ ਕੋਈ ਫ਼ਰਕ ਨਹੀਂ ਹੈ।

· ਗੁਰਸਿਖੁ, ਗੁਰੂ ਦੇ ਉਪਦੇਸੁ ਅਨੁਸਾਰ ਚਲਦਾ ਹੈ, ਤੇ ਗੁਰੂ ਵਾਲੇ ਉਪਦੇਸ਼ ਦੀ ਲੜੀ ਨੂੰ ਸੱਚੀ ਬਾਣੀ ਅਨੁਸਾਰ ਚਲਾਂਦਾ ਹੈ।

· ਗੁਰੂ ਅਕਾਲ ਪੁਰਖੁ ਦੀ ਹਜ਼ੂਰੀ ਦਾ ਵਿਚੋਲਾ ਹੈ, ਤੇ ਅਕਾਲ ਪੁਰਖੁ ਤੋਂ ਵਿੱਛੁੜਿਆਂ ਨੂੰ ਮੁੜ ਉਸ ਨਾਲ ਮਿਲਾ ਦਿੰਦਾ ਹੈ।

· ਗੁਰੂ ਪੀਰ ਦੇ ਸਬਦ ਨੂੰ ਹਿਰਦੇ ਵਿੱਚ ਟਿਕਾ ਕੇ ਸਿੱਖ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ, ਪਰ ਗੁਰ-ਸਬਦ ਤੋਂ ਖੁੰਝ ਕੇ ਜਗਤ ਮਾਇਆ ਦੇ ਮੋਹ ਵਿੱਚ ਕਮਲਾ ਹੋਇਆ ਫਿਰਦਾ ਹੈ।

· ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ, ਇੱਕ ਸੱਚੀ ਟਕਸਾਲ ਹਨ, ਜਿਨ੍ਹਾਂ ਵਿੱਚ ਗੁਰੂ ਦਾ ਸਬਦ ਘੜਿਆ ਜਾਂਦਾ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖ ਦੇ ਗੁਣ ਵਿਚਾਰਨ ਨਾਲ, ਜਿਸ ਉੱਚੀ ਆਤਮਕ ਅਵਸਥਾ ਵਿੱਚ ਸਤਿਗੁਰੁ ਨੇ ਸਬਦ ਉਚਾਰਿਆ ਹੈ, ਸਿੱਖ ਵੀ ਉਸੇ ਆਤਮਕ ਅਵਸਥਾ ਤਕ ਪਹੁੰਚ ਸਕਦਾ ਹੈ।

ਇਸ ਲਈ ਆਓ ਸਾਰੇ ਜਾਣੇ, ਸਰਬ ਸ੍ਰੇਸ਼ਟ ਧਰਮ, ਸਬਦ ਗੁਰੂ, ਗੁਰੂ ਗਰੰਥ ਸਾਹਿਬ ਤੋਂ ਸੇਧ ਲੈ ਕੇ ਆਪਣਾ ਮਨੁੱਖਾ ਜੀਵਨ ਸਫਲ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)

ਆਰ ਐਚ ੧ / ਈ - ੮, ਸੈਕਟਰ - ੮, RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩. Vashi, Navi Mumbai - 400703.

http://www.geocities.com/sarbjitsingh/, http://www.gurbani.us




.