.

ਆਤਮਾ

ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਦੇਖਿਆ ਕਿ ਦੁਨੀਆ "ਤੰਤ ਮੰਤ ਰਾਸਾਇਣਾ ਕਾਰਮਾਤ ਕਾਲਖਿ ਲਪਟਾਏ।" ਵਾਰ 1, ਪਉੜੀ 19. ਜਾਦੂ ਟੂਣਿਆਂ ਵਿੱਚ ਫਸੀ ਪਾਈ ਹੈ ਤੇ ਸਮਾਜਿਕ ਕਰਤੇ ਧਰਤੇ ਲੋਕਾਂ ਦੀ ਛਿੱਲ ਉਤਾਰ ਉਤਾਰ ਕੇ ਆਪਣਾ ਹੀ ਪੇਰ ਭਰੀ ਜਾ ਰਹੇ ਹਨ। ਜਨਤਾ ਭੁਖੀ ਮਰੀ ਜਾ ਰਹੀ ਹੈ। ਭੁਖੇ ਮਰਨ ਦੇ ਨਾਲ ਨਾਲ ਮਾਨਸਿਕ ਰੋਗੀ ਹੋ ਰਹੀ ਹੈ। ਜਿਵੇਂ ਬਾਬਾ ਫਰੀਦ ਜੀ ਉਚਾਰਣ ਕਰਦੇ ਹਨ "ਫਰੀਦਾ ਮੈ ਜਾਨਿਆ ਦੁਖੁ ਮੁਝ ਕੂ, ਦੁਖੁ ਸਬਾਇਐ ਜਗਿ॥ ਊਚੇ ਚੜਿ ਕੈ ਦੇਖਿਆ, ਤਾਂ ਘਰਿ ਘਰਿ ਏਹਾ ਅਗਿ॥ 81॥ (ਪੰਨਾ 1382) "ਕਿ ਸਾਰੀ ਦੁਨੀਆ ਦੁਖੀ ਹੈ ਤਾਂ ਕਾਰਣ ਲੱਭਿਆ ਕਿ ਦੁਨੀਆ ਦੁਖੀ ਕਿਉਂ ਹੈ। ਫਿਰ ਬਾਬਾ ਧਰਤੀ ਤੇ ਵੱਸਦੇ ਲੋਕਾ ਦੀ ਸਾਰ ਲੈਣ ਲਈ ਜਿਵੇਂ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 24ਵੀਂ ਪਉੜੀ ਵਿੱਚ ਲਿਖਦੇ ਹਨ, "ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੋਕਾਈ॥ 24॥ ਆਪਣੇ ਪ੍ਰਚਾਰ ਦੌਰਿਆਂ ਰਾਹੀਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਪੁਰਾਣੇ ਅੰਧ-ਵਿਸ਼ਵਾਸ਼ ਵਿਚੋਂ ਬਾਹਰ ਕੱਢਣ ਦੇ ਉਪਰਾਲੇ ਕੀਤੇ। ਬ੍ਰਾਹਮਣ ਦੇ ਵਿਛਾਏ ਹੋਏ ਕਰਮ-ਕਾਂਢ ਦੇ ਜਾਲ ਵਿਚੋਂ ਲੋਕਾਂ ਨੂੰ ਕੱਢਣ ਦਾ ਉਪਦੇਸ਼ ਦਿੱਤਾ। ਬ੍ਰਾਹਮਣ ਦਾ ਕਰਮ-ਕਾਂਢ ਕੀ ਹੈ? ਸਵਰਗ ਨਰਕ, ਇਸ ਵਿੱਚ ਜਾਣ ਦਾ ਤਰੀਕਾ, ਉੱਥੇ ਲੇਖਾ ਜੋਖਾ, ਲੇਖਾ ਜੋਖਾ ਕਰਨ ਲਈ ਧਰਮ ਰਾਜ, ਜਮਦੂਤ, ਧਰਮ ਰਾਜ ਦੇ ਕੁਤੇ ਜ੍ਹਿਨਾਂ ਦਾ ਨਾਮ ਹਿੰਦੂ ਮਥਿਹਾਸ ਕੋਸ਼ ਮੁਤਾਬਕ ਸ਼ਰਮਾ ਹੈ ਤੇ ਉਹ ਮਰੇ ਹੋਏ ਜੀਵ ਦੀ ਆਤਮਾ ਨੂੰ ਭੌਂਕ ਭੌਂਕ ਕੇ ਜਲਦੀ ਧਰਮ ਰਾਜ ਕੋਲ ਪਹੂੰਚਾਣ `ਚ ਮੱਦਦ ਕਰਦੇ ਹਨ ਵੈਸੇ 365 ਦਿੱਨ ਲੱਗਦੇ ਹਨ ਪਤਾ ਨਹੀਂ ਕਿਥੇ ਜਾਣ ਵਾਸਤੇ ੳਤੇ ਕਦੀ ਕਿਸੇ ਨੇ ਕੋਈ ਸਿਰਨਾਵਾ ਵੀ ਨਹੀਂ ਦਿੱਤਾ, ਆਤਮਾ ਤੇ ਪਿਛਲੇ ਜਨਮ ਦਾ ਲੇਖਾ ਕਰਕੇ ਅਗਲੇ ਜਨਮ ਵਿੱਚ ਭੇਜਣ ਦਾ ਪ੍ਰਬੰਧ ਮਤਲਬ ਪੁਨਰ-ਜਨਮ, ਮਿਲ ਰਹੇ ਮਾੜੇ ਜਨਮ ਵਿਚੋਂ ਬਾਹਰ ਨਿਕਲਣ ਦਾ ਤਰੀਕਾ ਬ੍ਰਾਹਮਣ ਕੋਲੋਂ ਮੰਤਰ ਲੈ ਕੇ ਪੂਜਾ ਕਰਕੇ, ਦਾਨ ਦੇ ਕੇ ਚੰਗਾ ਜਨਮ ਪ੍ਰਾਪਤ ਕਰਨ ਦਾ ਤਰੀਕਾ ਆਦਿ ਇਹ ਸਾਰੇ ਦਾ ਸਾਰਾ ਇਕ ਨਿਯਮ ਬ੍ਰਾਹਮਣ ਦੀ ਲਾਗੂ ਕੀਤੀ ਲੁਟ-ਯੋਜਨਾ ਹੈ। ਇਸ ਵਿਚੋਂ ਕੋਈ ਵੀ ਚੀਜ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਤੇ ਕਿਸੇ ਵੀ ਇਕ ਚੀਜ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ "ਸਬਦਿ ਜਿਤੀ ਸਿਧਿ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ॥ ਕਲਜੁਗਿ ਨਾਨਕ ਨਾਮੁ ਸੁਖਾਲਾ"। ਵਾਰ 1, ਪਉੜੀ 31॥

ਲਫਜ ਆਤਮਾ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਪਰ ਅੱਗੇ ਦਿੱਤੇ ਸਲੋਕਾਂ ਵਿੱਚ ਕਿਸੇ ਇੱਕ ਵਿੱਚ ਵੀ ਗੁਰੂ ਜੀ ਇਹ ਨਹੀਂ ਫੁਰਮਾਉਂਦੇ ਕਿ ਕਿਸੇ ਜੀਵ ਦੇ ਮਰਨ ਤੋਂ ਬਾਅਦ ਕੋਈ ਆਤਮਾ ਨਾਮ ਦੀ ਚੀਜ਼ ਵਿਚੋਂ ਨਿਕਲ ਕੇ ਕਿਸੇ ਫਰਜੀ ਧਰਮ ਰਾਜ ਕੋਲ ਲੇਖਾ-ਜੋਖਾ ਕਰਨ ਜਾਂਦੀ ਹੈ ਤੇ ਫਿਰ ਉਸਦੇ ਹਿਸਾਬ ਕਿਤਾਬ ਮੁਤਾਬਕ ਹੀ ਉਸ ਜੀਵ ਨੂੰ ਜਨਮ ਮਿਲਦਾ ਹੈ ਜਾਂ ਪੁਰਨ ਜਨਮ ਹੁੰਦਾ ਹੈ।

ਜਦੋਂ ਗੁਰੂ ਨਾਨਕ ਸਾਹਿਬ ਇਸ ਦੁਨੀਆ ਵਿੱਚ ਆਏ ਤਾ ਲਫਜ ‘ਆਤਮਾ’ ਉਸ ਸਮਾਜਕ ਬੋਲੀ ਦਾ ਅੰਗ ਸੀ। ਜਿਨ੍ਹਾਂ ਜਿਨ੍ਹਾਂ ਕਰਮ ਕਾਂਢਾ ਕਰਕੇ ਲੋਕਾਈ ਲੁਟੀਂਦੀ ਜਾ ਰਹੀ ਸੀ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਫਰਜ਼ ਨਿਭਾਉਣ ਲਈ ਉਨ੍ਹਾਂ ਕਰਮ-ਕਾਂਢਾਂ ਤੇ ਕਟਾਖਸ਼ ਕਰਨਾ ਸੀ ਤਾਂ ਉਨ੍ਹਾਂ ਕਰਮ-ਕਾਂਢਾ ਦਾ ਨਾਮ ਲੈ ਕੇ ਹੀ ਆਰਾ ਫੇਰਨਗੇ। ਇਸ ਕਰਕੇ ਆਤਮਾ ਨਾਮ ਦਾ ਲਫਜ਼ ਤਾਂ ਗੁਰਬਾਣੀ ਵਿੱਚ ਆਉਣਾ ਹੀ ਸੀ।

ਆਓ ਹੁਣ ਦੇਖੀਏ ਕਿ ਗੁਰਬਾਣੀ ਮੁਤਾਬਕ ਆਤਮਾ ਦਾ ਕੀ ਮਤਲਬ ਹੈ।

ਸਿਰੀਰਾਗੁ ਮਹਲਾ 3॥ ਹਰਿ ਜੀ ਸਚਾ ਸਚੁ ਤੂ, ਸਭੁ ਕਿਛੁ ਤੇਰੈ ਚੀਰੈ। ਲਖ ਚਉਰਾਸੀਹ ਤਰਸਦੇ ਫਿਰੇ, ਬਿਨੁ ਗੁਰ ਭੇਟੇ ਪੀਰੈ॥ ਹਰਿ ਜੀਉ ਬਖਸੇ ਬਖਸਿ ਲਏ, ਸੁਖ ਸਦਾ ਸਰੀਰੈ॥ ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ॥ 1॥ ਮਨ ਮੇਰੇ, ਨਾਮਿ ਰਤੇ ਸੁਖੁ ਹੋਇ॥ ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨਾ ਕੋਇ॥ 1॥ ਰਹਾਉ॥ ਧਰਮਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ॥ ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥ ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕ ਮੁਰਾਰਿ॥ ਤਿਨ ਕੀ ਸੇਵਾ ਧਰਮਰਾਇ ਕਰੈ ਧੰਨੁ ਸਵਾਰਣਹਾਰੁ॥ 2॥ ਮਨ ਕੇ ਬਿਕਾਰ ਮਨਹਿ ਤਜੈ, ਮਨਿ ਚੁਕੈ ਮੋਹੁ ਅਭਿਮਾਨੁ॥ ਆਤਮਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ॥ ਬਿਨੁ ਸਤਿਗੁਰ ਮੁਕਿਤ ਨ ਪਾਈਐ ਮਨਮੁਖਿ ਫਿਰੇ ਦਿਵਾਨੁ॥ ਸਬਦੁ ਨਾ ਚੀਨੈ, ਕਥਨੀ ਬਦਨੀ ਕਰੇ, ਬਿਖਿਆ ਮਾਹਿ ਸਮਾਨੁ॥ 3॥ ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨਾ ਕੋਇ॥ ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ॥ ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ॥ ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ॥ 4॥ 30॥ 63॥ {ਪੰਨਾ 38-39}

ਇਸ ਸਲੋਕ ਵਿੱਚ ਤਾਂ ਗੁਰੂ ਸਹਿਬਾਨ ਨੇ ਹਿੰਦੂਆਂ ਦੇ ਫਰਜੀ ਧਰਮ ਰਾਇ ਨੂੰ ਸੱਚ ਨਾਲ ਜੁੜਨ ਵਾਲੇ ਜੀਵਾਂ ਦੀ ਸੇਵਾ ਕਰਨ ਲਈ ਖੜਾ ਕਰ ਦਿੱਤਾ ਹੈ ਤੇ ਆਤਮਾ ਦਾ ਮਤਲਬ ਮਰਨ ਤੋਂ ਬਾਅਦ ਸ਼ਰੀਰ ਵਿਚੋਂ ਨਿਕਲਣ ਵਾਲੀ ਕਿਸੇ ਚੀਜ਼ ਦਾ ਨਾਮ ਕਿਵੇਂ ਕਰੋਗੇ?

ਸਲੋਕ ਮ: 3॥ ਆਤਮਾ ਦੇਉ ਪੂਜੀਐ, ਗੁਰ ਕੈ ਸਹਜਿ ਸੁਭਾਇ॥ ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ॥ ਆਤਮਾ ਅਡੋਲੁ ਨ ਡੋਲਈ, ਗੁਰ ਕੈ ਭਾਇ ਸੁਭਾਇ॥ ਗੁਰ ਵਿਣੁ ਸਹਜੁ ਨ ਆਵਈ, ਲੋਭੁ ਮੈਲੁ ਨ ਵਿਚਹੁ ਜਾਇ॥ ਖਿਨੁ ਪਲੁ ਹਰਿ ਨਾਮੁ ਮਨਿ ਵਸੈ, ਸਭ ਅਠਸਠਿ ਤੀਰਥ ਨਾਇ॥ ਸਚੇ ਮੈਲੁ ਨ ਲਗਈ, ਮਲੁ ਲਾਗੈ ਦੂਜੈ ਭਾਇ॥ ਧੋਤੀ ਮੂਲਿ ਨ ਉਤਰੈ, ਜੇ ਅਠਸਠਿ ਤੀਰਥ ਨਾਇ॥ ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁਖੋ ਦੁਖੁ ਕਮਾਇ॥ ਨਾਨਕ ਮੈਲਾ ਊਜਲੁ ਤਾ ਥੀਐ, ਜਾ ਸਤਿਗੁਰ ਮਾਹਿ ਸਮਾਇ॥ 1॥ {ਪੰਨਾ 87}

ਇਸ ਸਲੋਕ ਵਿੱਚ ਆਤਮਾ ਦਾ ਮਤਲਬ ਮਨੁੱਖੀ ਸ਼ਰੀਰ ਖਤਮ ਹੋਣ ਤੋਂ ਬਾਅਦ ਨਿਕਲਣ ਵਾਲੀ ਕਿਸੇ ਸ਼ੈ ਤੋਂ ਨਹੀਂ। ਪਹਿਲੀ ਪੰਗਤੀ ਆਤਮਾ ਦੇਉ—ਪਰਮਾਤਮਾ, ਸਹਜਿ—ਸਹਜ ਵਿਚ, ਗਿਆਨ ਅਵਸਥਾ ਵਿਚ, ਸੁਭਾਇ—ਸੁਭਾਵ ਵਿੱਚ (ਲੀਨ ਹੋ ਕੇ) ਆਏ ਇਹ ਲਫਜ਼ ਤਾਂ ਇਹ ਦੱਸਦੇ ਹਨ ਕਿ ਜਦੋਂ ਅਸੀਂ ਗਿਆਨਵਾਨ ਹੋ ਕੇ ਗਿਆਨ ਰੂਪੀ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਾ ਤਾਂ ਫਿਰ ਸਾਡੇ ਹਿਰਦੇ ਵਿੱਚ ਪਰਮਾਤਮਾ ਪ੍ਰਤੀ ਪਿਆਰ ਟਿਕ ਜਾਂਦਾ ਹੈ।

ਸਲੋਕੁ॥ ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ॥ ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ॥ 12॥ ਪਉੜੀ॥ ਦੁਆਦਸੀ ਦਾਨੁ ਨਾਮੁ ਇਸਨਾਨੁ॥  ਹਰਿ ਕੀ ਭਗਤਿ ਕਰਹੁ ਤਜਿ ਮਾਨੁ॥ ਹਰਿ ਅੰਮ੍ਰਿਤ ਪਾਨ ਕਰਹੁ ਸਾਧ ਸੰਗਿ॥ ਮਨੁ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ॥ ਕੋਮਲ ਬਾਣੀ ਸਭ ਕਉ ਸੰਤੋਖੈ॥ ਪੰਚ ਭੂ ਆਤਮਾ ਹਰਿਨਾਮ ਰਸਿ ਪੋਖੈ॥ ਗੁਰ ਪੂਰੇ ਤੇ ਏਹੁ ਨਿਹਚਉ ਪਾਈਐ॥ ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ॥ 12॥ {ਪੰਨਾ 299} ਪੰਚ ਭੂ ਆਤਮਾ—ਪੰਜਾਂ ਤੱਤਾਂ ਦੇ ਸਤੋ ਅੰਸ ਤੋਂ ਬਣਿਆ ਹੋਇਆ ਮਨ [

ਇਸ ਸਲੋਕ ਵਿੱਚ ਵੀ ਆਤਮਾ ਕਿਸੇ ਸ਼ਰੀਰ ਵਿਚੋਂ ਮਰਨ ਤੋਂ ਬਾਅਦ ਨਿਕਲਣ ਵਾਲੀ ਕਿਸੇ ਸ਼ੈ ਦਾ ਨਾਮ ਨਹੀਂ। ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਨੇ "ਚੜ੍ਹਿਆ ਸੋਧਣਿ ਧਰਤਿ ਲੋਕਾਈ" ਵਾਲਾ ਕੰਮ ਕਰਨ ਦਾ ਫੈਸਲਾ ਕੀਤਾ।

ਮਃ 2॥ ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ 3॥ {ਪੰਨਾ 469}

ਪਦ ਅਰਥ : —ਏਕ ਕ੍ਰਿਸਨੰ—ਇਕ ਪਰਮਾਤਮਾ। ਸਰਬ ਦੇਵ ਆਤਮਾ—ਸਾਰੇ ਦੇਵਤਿਆਂ ਦਾ ਆਤਮਾ। ਦੇਵ ਦੇਵਾ ਆਤਮਾ—ਦੇਵਤਿਆਂ ਦੇ ਦੇਵਤਿਆਂ ਦਾ ਆਤਮਾ। ਤ—ਭੀ। ਵਾਸਦੇਵ— (ਜਿਵੇਂ ਸ਼ਬਦ ‘ਕ੍ਰਿਸ਼ਨ’ ਦਾ ਅਰਥ ‘ਪਰਮਾਤਮਾ’ ਭੀ ਹੈ, ਤਿਵੇਂ ‘ਕ੍ਰਿਸ਼ਨ’ ਜੀ ਦਾ ਇਹ ਨਾਮ ਭੀ ‘ਪਰਮਾਤਮਾ’ ਅਰਥ ਵਿੱਚ ਹੀ ਲੈਣਾ ਹੈ) ਪਰਮਾਤਮਾ। ਬਾਸੁਦੇਵਸਿ੍ਯ੍ਯ—ਪਰਮਾਤਮਾ ਦਾ। ਬਾਸੁਦੇਵਸਿ੍ਯ੍ਯ ਆਤਮਾ—ਪ੍ਰਭੂ ਦਾ ਆਤਮਾ। ਨਿਰੰਜਨ—ਅੰਜਨ (ਭਾਵ, ਮਾਇਆ ਰੂਪ ਕਾਲਖ) ਤੋਂ ਰਹਿਤ ਹਰੀ। 3.

ਅਰਥ : —ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ/ਨਿਯਮਾਂ ਦਾ ਭੇਦ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ। 3.

ਗੂਜਰੀ ਮਹਲਾ 3 ਪੰਚਪਦੇ॥ ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ॥ 1॥ ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ॥ ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ॥ 1॥ ਰਹਾਉ॥ ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ॥ ਪੰਚਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ॥ 2॥ ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ॥ ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ॥ 3॥ ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ॥ ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ॥ 4॥ ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ॥ ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ॥ 5॥ 6॥ 8॥ {ਪੰਨਾ 491}

ਇਸ ਸਲੋਕ ਦੀਆਂ ਪਹਿਲੀਆਂ ਪੰਗਤੀਆਂ, ‘ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ॥ 1॥’ ਵਿੱਚ ਮਤਿ ਦੀ ਗੱਲ ਇਹ ਦੱਸਦੀ ਹੈ ਕਿ ਆਤਮਾ ਦਾ ਮਤਲਬ ਮਨੁੱਖੀ ਸੋਚ ਤੋਂ ਹੈ। ਸੋਚ ਕੋਲੂ ਵਿੱਚ ਪੀੜੀ ਨਹੀਂ ਜਾ ਸਕਦੀ। ਸੋਚ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ। ਸੋਚ ਮੈਲੀ ਹੋ ਜਾਂਦੀ ਹੈ ਮੈਲੀ ਸੋਚ ਨੂੰ ਹੀ ਮਨੁੱਖ ਨੇ ਸਾਫ ਕਰਨਾ ਹੈ। ਇਸੇ ਹੀ ਮੈਲੀ ਹੋਈ ਸੋਚ ਨੂੰ ਸਾਫ/ਚੰਗਾ ਬਾਣਾਉਣ ਲਈ ਹੀ ਗੁਰੂ ਬਾਬਾ ਜੀ ਨੇ ਫੈਸਲਾ ਕਰਕੇ 25-30 ਸਾਲਾਂ ਦਾ ਲੰਮਾ ਪੈਂਡਾ ਤਹਿ ਕਰਕੇ ਆਪਣਾ ਨਿਰਾਲਾ ਪੰਥ ਕਾਇਮ ਕੀਤਾ।

ਧਨਾਸਰੀ ਮਹਲਾ 1॥ ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥ 1॥ ਗੁਰ ਪਰਸਾਦੀ ਪਾਇਆ ਜਾਇ॥ ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ॥ 1॥ ਰਹਾਉ॥ ਸਚਿ ਸਿਮਰਿਐ ਹੋਵੈ ਪਰਗਾਸੁ॥ ਤਾ ਤੇ ਬਿਖਿਆ ਮਹਿ ਰਹੈ ਉਦਾਸੁ॥ ਸਤਿਗੁਰ ਕੀ ਐਸੀ ਵਡਿਆਈ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ 2॥ ਐਸੀ ਸੇਵਕੁ ਸੇਵਾ ਕਰੈ॥ ਜਿਸ ਕਾ ਜੀਉ ਤਿਸੁ ਆਗੈ ਧਰੈ॥ ਸਾਹਿਬ ਭਾਵੈ ਸੋ ਪਰਵਾਣੁ॥ ਸੋ ਸੇਵਕੁ ਦਰਗਹ ਪਾਵੈ ਮਾਣੁ॥ 3॥ ਸਤਿਗੁਰ ਕੀ ਮੂਰਤਿ ਹਿਰਦੈ ਵਸਾਏ॥ ਜੋ ਇਛੈ ਸੋਈ ਫਲੁ ਪਾਏ॥ ਸਾਚਾ ਸਾਹਿਬੁ ਕਿਰਪਾ ਕਰੈ॥ ਸੋ ਸੇਵਕੁ ਜਮ ਤੇ ਕੈਸਾ ਡਰੈ॥ 4॥ ਭਨਤਿ ਨਾਨਕੁ ਕਰੇ ਵੀਚਾਰੁ॥ ਸਾਚੀ ਬਾਣੀ ਸਿਉ ਧਰੇ ਪਿਆਰੁ॥ ਤਾ ਕੋ ਪਾਵੈ ਮੋਖ ਦੁਆਰੁ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ॥ 5॥ 2॥ 4॥ {ਪੰਨਾ 661}

ਜੇ ਕਿਸੇ ਮਨੁੱਖ ਦੀ ਸੋਚ ਤੇ ਦੂਸਰੇ ਦੀ ਸੋਚ ਇੱਕ ਹੋ ਜਾਵੇ ਤਾਂ ਵੱਖਰੇਵਾ ਖਤਮ ਹੋ ਜਾਂਦਾ ਹੈ।

ਕਲਿਪਤਰੁ ਰੋਗ ਬਿਦਾਰੁ, ਸੰਸਾਰ ਤਾਪ ਨਿਵਾਰੁ, ਆਤਮਾ ਤ੍ਰਿਬਿਧਿ, ਤੇਰੈ ਏਕ ਲਿਵ ਤਾਰ॥ ਕਹੁ ਕੀਰਤਿ ਕਲਸਹਾਰ, ਸਪਤ ਦੀਪ ਮਝਾਰ, ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥ 3॥ (ਪੰਨਾ 1391)

ਪਦ ਅਰਥ: — ਕਲਿਪਤਰੁ—ਕਲਪ ਰੁੱਖ, ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ ਰੁੱਖ। (ਸੰਸਕ੍ਰਿਤ ਦੇ ਵਿਦਵਾਨਾਂ ਨੇ ਮੰਨਿਆ ਹੈ ਕਿ ਇਹ ਰੁੱਖ ਇੰਦ੍ਰ ਦੇ ਸ੍ਵਰਗ ਵਿੱਚ ਹੈ। ਵੇਖੋ, ਆਸਾ ਦੀ ਵਾਰ ਸਟੀਕ, ਪਉੜੀ 13, ‘ਪਾਰਿਜਾਤੁ’ )। ਰੋਗ ਬਿਦਾਰੁ—ਰੋਗਾਂ ਨੂੰ ਦੂਰ ਕਰਨ ਵਾਲਾ। ਸੰਸਾਰ ਤਾਪ ਨਿਵਾਰੁ—ਸੰਸਾਰ ਦੇ ਤਾਪਾਂ ਦਾ ਨਿਵਾਰਨ ਵਾਲਾ। ਆਤਮਾ ਤ੍ਰਿਬਿਧਿ—ਤਿੰਨਾਂ ਕਿਸਮਾਂ ਵਾਲੇ (ਭਾਵ, ਤਿੰਨਾਂ ਗੁਣਾਂ ਵਿੱਚ ਵਰਤਨ ਵਾਲੇ) ਜੀਵ, ਸੰਸਾਰੀ ਜੀਵ। ਤੇਰੈ—ਤੇਰੇ ਵਿੱਚ (ਹੇ ਗੁਰੂ ਅੰਗਦ!)। ਏਕ ਲਿਵ ਤਾਰ—ਇੱਕ-ਰਸ ਲਿਵ ਲਾਈ ਰੱਖਦੇ ਹਨ। 3.

ਅਰਥ: — (ਹੇ ਗੁਰੂ ਅੰਗਦ!) ਤੂੰ ਕਲਪ ਰੁੱਖ ਹੈਂ, ਰੋਗਾਂ ਦੇ ਦੂਰ ਕਰਨ ਵਾਲਾ ਹੈਂ, ਸੰਸਾਰ ਦੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈਂ। ਸਾਰੇ ਸੰਸਾਰੀ ਜੀਵ ਤੇਰੇ (ਚਰਨਾਂ) ਵਿੱਚ ਇਕ-ਰਸ ਲਿਵ ਲਾਈ ਬੈਠੇ ਹਨ। ਹੇ ਕਲ੍ਯ੍ਯਸਹਾਰ! ਆਖ— ‘ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸੱਤਾਂ ਦੀਪਾਂ ਵਿੱਚ ਫੈਲ ਰਹੀ ਹੈ’। 3.

ਮਨਮੁਖ ਨਾਮੁ ਨ ਚੇਤਨੀ ਬਿਨੁ ਨਾਵੈ ਦੁਖ ਰੋਇ॥ ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ॥ ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ॥ ਨਾਨਕ ਬਿਨੁ ਨਾਵੈ ਮੈਲਿਆ ਮੁਏ, ਜਨਮੁ ਪਦਾਰਥੁ ਖੋਇ॥ 20॥ ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ॥ ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ॥ ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ॥ ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ॥ ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ॥ ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ॥ 21॥ (ਪੰਨਾ 1415)

ਅਰਥ: — ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਮਨੁੱਖ (ਸਦਾ ਆਪਣੇ) ਦੁੱਖ ਫਰੋਲਦਾ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਸਰਬ-ਵਿਆਪਕ ਪ੍ਰਭੂ ਦੀ ਭਗਤੀ ਨਹੀਂ ਕਰਦੇ। (ਭਲਾ) ਮਾਇਆ ਦੇ ਮੋਹ ਵਿੱਚ (ਫਸੇ ਰਹਿ ਕੇ ਉਹਨਾਂ ਨੂੰ) ਸੁਖ ਕਿਵੇਂ ਹੋ ਸਕਦਾ ਹੈ? ਉਹਨਾਂ ਦੇ ਅੰਦਰ ਹਉਮੈ ਦੀ ਮੈਲ ਟਿਕੀ ਰਹਿੰਦੀ ਹੈ ਜਿਸ ਨੂੰ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਧੋ ਕੇ ਨਹੀਂ ਕੱਢਦੇ। ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਕੇ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ, ਤੇ ਆਤਮਕ ਮੌਤ ਸਹੇੜੀ ਰੱਖਦੇ ਹਨ। 2.

ਇਨ੍ਹਾਂ ਉਪਰ ਲਿਖੇ ਸਲੋਕਾਂ ਵਿਚੋਂ ਕਿਸੇ ਇੱਕ ਸਲੋਕ ਵਿੱਚ ਕਿਸੇ ਪ੍ਰਾਣੀ ਦੇ ਮਰਨ ਦੀ ਗੱਲ ਨਹੀਂ ਤੇ ਨਾ ਹੀ ਆਏ ‘ਆਤਮਾ’ ਲਫਜ਼ ਦਾ ਮਤਲਬ ਇਹ ਬਣਦਾ ਹੈ ਕਿ ਮਰੇ ਹੋਏ ਪ੍ਰਾਣੀ ਦੇ ਸ਼ਰੀਰ ਵਿਚੋਂ ਕੁੱਝ ਨਿਕਲ ਕੇ ਕਿਤੇ ਜਾਂਦਾ ਹੈ ਤੇ ਉਹ ਆਤਮਾ ਹੈ। ਉਪਰਲੇ ਸਾਰੇ ਸਲੋਕਾਂ ਦੀ ਵਿਆਖਿਆ ਵੀ ਪ੍ਰੋ. ਸਾਹਿਬ ਸਿੰਘ ਵਾਲੀ ਹੀ ਲਿਖੀ ਗਈ ਹੈ

ਜਿਨ੍ਹਾਂ ਜਿਨ੍ਹਾਂ ਸੱਜਣਾਂ ਨੂੰ ਹੁਣ ਮਨੁੱਖਾ ਦੇਹੀ ਮਿਲੀ ਹੋਈ ਹੈ ਕੀ ਉਹ ਹੁਣ ਦੱਸ ਸਕਣਗੇ:

ਕਿ ਪਿਛਲੇ ਜਨਮ ਵਿੱਚ ਉਨ੍ਹਾਂ ਨੇ ਕਿਹੜੀ ਭਗਤੀ ਕੀਤੀ ਸੀ ਜਿਸ ਕਰਕੇ ਉਨ੍ਹਾਂ ਨੂੰ ਹੁਣ ਇਹ ਜਨਮ ਪ੍ਰਾਪਤ ਹੋਇਆ?

ਜੇ ਕਰ ਉਹ ਲੋਕ ਪਿਛਲੇ ਜਨਮ ਵਿੱਚ ਕੁੱਤੇ, ਗੰਗੀ ਦੇ ਕੀੜੇ, ਮੱਝ, ਗਾਂ, ਝੋਟਾ ਆਦਿ ਸਨ ਤਾਂ ਪ੍ਰਮਾਤਮਾ ਨੇ ਉਨ੍ਹਾਂ ਨੂੰ ਕਿਹੜੀ ਸੇਵਾ/ਭਗਤੀ ਕਾਰਣ ਮਨੁੱਖਾ ਦੇਹੀ ਦਿੱਤੀ ਹੈ?

ਪਿਛਲੇ ਜਨਮ ਵਿੱਚ ਉਹ ਕਿਥੇ ਲੇਖਾ ਦੇਣ ਗਏ ਸਨ?

ਉਨ੍ਹਾਂ ਨੂੰ ਕਿਵੇਂ ਪਤਾ ਚੱਲਿਆ ਕਿ ਉਨ੍ਹਾਂ ਨੇ ਕਿਤੇ ਲੇਖਾ ਦਿੱਤਾ ਸੀ?

ਗੁਰਬਾਣੀ ਤਾ ਗੁਰੂ ਪਿਆਰਿਓ ਇਸ ਦੇਹੀ ਦੇ ਧਾਰਣ ਨੂੰ ਵੀ ਜਨਮ ਲੈਣਾ ਨਹੀਂ ਮੰਨਦੀ। ਗੁਰੂ ਵਾਕ ਇਸ ਤਰ੍ਹਾਂ ਹਨ:

ਗੁਰ ਸੇਵਾ ਤੇ, ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ, ਭਜੁ ਹਰਿ ਕੀ ਸੇਵ॥ 1॥ ਪੰਨਾ 1159॥

ਐ ਬੰਦੇ ਜੇ ਤੂੰ ਚੰਗੇ ਗੁਣ ਧਾਰਨ ਕੀਤੇ ਹਨ ਤਾਂ ਤੂੰ ਇਹ ਦੇਹੀ ਪਾਈ ਹੈ। ਨਹੀਂ ਤਾਂ ਕੀ ਹੈ? ਕਰਤੂਤਿ ਪਸੂ ਕੀ ਮਾਨਸ ਜਾਤਿ॥

ਇਸੇ ਹੀ ਵਿਚਾਰ ਨੂੰ ਗੁਰੂ ਜੀ ਪੰਨਾ 176 ਤੇ ਇਉਂ ਫੁਮਾਉਂਦੇ ਹਨ:

ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ 3॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ 4॥ 3॥ 72॥ {ਪੰਨਾ 176}

ਬ੍ਰਾਹਮਣ ਵਾਲੀ ਆਤਮਾ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।




.