.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘---ਗੋਬਿਦ ਨਾਮੁ ਮਤਿ ਬੀਸਰੈ’

ਭਾਗ ਦੂਜਾ

ਰਾਗ ਗੂਜਰੀ॥

ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਸਰਪ ਜੋਨਿ ਵਲਿ ਵਲਿ ਅਉਤਰੈ॥ 1॥

ਅਰੀ ਬਾਈ, ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਬੇਸਵਾ ਜੋਨਿ ਵਲਿ ਵਲਿ ਅਉਤਰੈ॥ 2॥

ਅੰਤਿ ਕਾਲਿ ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਸੂਕਰ ਜੋਨਿ ਵਲਿ ਵਲਿ ਅਉਤਰੈ॥ 3॥

ਅੰਤਿ ਕਾਲਿ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ 4॥

ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਬਦਤਿ ਤਿਲੋਚਨੁ, ਤੇ ਨਰ ਮੁਕਤਾ, ਪੀਤੰਬਰੁ ਵਾ ਕੇ ਰਿਦੈ ਬਸੈ॥ 5॥ 2॥

ਬਾਣੀ ਭਗਤ ਤ੍ਰਿਲੋਚਣ ਜੀ ਕੀ ਪੰਨਾ ੫੨੬

ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਹਨ---

“ਅਰੀ ਬਾਈ, ਗੋਬਿਦ ਨਾਮੁ ਮਤਿ ਬੀਸਰੈ”॥

ਤੇ ਇਹਨਾਂ ਤੁਕਾਂ ਦੇ--- ਅਰਥ : —ਹੇ ਭੈਣ ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭਾਵ ਜਦੋਂ ਵੀ ਕੋਈ ਕਿਰਦਾਰ ਤੋਂ ਗਿਰਿਆ ਹੋਇਆ ਕਰਮ ਕਰਨ ਲੱਗਾਂ ਜਿਸ ਨੂੰ ਆਤਮਕ ਮੌਤ ਕਿਹਾ ਹੈ ਤਾਂ ਮੈਨੂੰ ਉਹ ਪਰਮਾਤਮਾ ਹੀ ਚੇਤੇ ਆਵੇ)।

ਸ਼ਬਦ ਦੀ ਬਣਤਰ ਦੇ ਹਿਸਾਬ ਨਾਲ ਤਾਂ ਏਹੀ ਅਰਥ ਹਨ ਕਿ ਮੈਨੂੰ ਕਦੇ ਵੀ ਪਰਮਾਤਮਾ ਦਾ ਨਾਂ ਨਾ ਭੁੱਲੇ। ਮੈਂ ਪਰਮਾਤਮਾ ਦੇ ਨਾਂ ਨੂੰ ਨਾ ਭੁੱਲ ਜਾਂਵਾਂ। ਸਵਾਲ ਪੈਦਾ ਹੁੰਦਾ ਹੈ ਕਿ ਜੇ ਰੱਬ ਜੀ ਦਾ ਨਾਮ ਭੁੱਲ ਜਾਏ ਤਾਂ ਫਿਰ ਕੀ ਹੁੰਦਾ ਹੈ? ਜਾਂ ਫਿਰ ਜਿਉਂਦਿਆਂ ਮਨੁੱਖ ਕਿਸ ਜੂਨ ਵਿੱਚ ਚਲਾ ਜਾਂਦਾ ਹੈ? ਇਸ ਵਿਚਾਰ ਨੂੰ ਸਮਝਣ ਲਈ ਅਸੀਂ ਗੁਰੂ ਰਾਮਦਾਸ ਜੀ ਦਾ ਇੱਕ ਵਾਕ ਜ਼ਰੂਰ ਧਿਆਨ ਵਿੱਚ ਲਿਅਵਾਂਗੇ ਕਿ ਜਦੋਂ ਪਰਮਾਤਮਾ ਦਾ ਨਾਂ ਜਾਂ ਰੱਬ ਜੀ ਦੇ ਸ਼ੁਭ ਗੁਣ ਵਿਸਰ ਜਾਂਦੇ ਹਨ ਤਾਂ ਫਿਰ ਅਸੀਂ ਸੁਭਾਅ ਕਰਕੇ ਕਿਸ ਜੂਨ ਵਿੱਚ ਹੋਵਾਂਗੇ---

ਹਰਿ ਬਿਸਰਤ ਸਦਾ ਖੁਆਰੀ॥

ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ॥ ਰਹਾਉ॥

ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ॥

ਰਾਗ ਬਰੈੜੀ ਮਹਲਾ 4 ਪੰਨਾ 711

ਅਰਥ --- ਹੇ ਭਾਈ ! ਪਰਮਾਤਮਾ (ਦੇ ਸ਼ੁਭ ਗੁਣਾਂ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ। ਰਹਾਉ।

ਹੇ ਭਾਈ ! ਪਰਮਾਤਮਾ ਦੇ ਗੁਣਾਂ ਰੂਪੀ ਗਿਆਨ ਦੇ ਪ੍ਰਕਾਸ਼ ਤੋਂ ਬਿਨਾ ਭਾਵ ਸ਼ੁਭ ਗੁਣਾਂ ਨੂੰ ਧਾਰਨ ਕਰਨ ਤੋਂ ਬਿਨਾਂ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)। ਹੁਣ ਕਹਾਣੀ ਸਪੱਸ਼ਟ ਹੈ ਕਿ ਜੇ ਪਰਮਾਤਮਾ ਦਾ ਨਾਂ ਜੋ ਸ਼ੁਭ ਗੁਣਾਂ ਦੇ ਰੂਪ ਹੈ, ਵਿਸਰ ਜਾਂਦਾ ਹੈ ਤਾਂ ਉਹ ਸੱਪ ਦੀ ਜੂਨ ਭੋਗ ਰਿਹਾ ਹੈ। ਇਸ ਦਾ ਅਰਥ ਹੈ ਗੁਰਬਾਣੀ ਹੱਥਲੇ ਜੀਵਨ ਦੀਆਂ ਕਾਲ਼ੀਆਂ ਕਰਤੂਤਾਂ ਨੂੰ ਵੱਖ ਵੱਖ ਜੂਨਾਂ ਦਾ ਨਾਂ ਦੇਂਦੀ ਹੈ। ਤੇ ਰੱਬ ਜੀ ਦਾ ਨਾਂ ਵਿਸਾਰਿਆਂ ਆਤਮਿਕ ਮੌਤ ਹੈ ਤੇ ਇਸ ਆਤਮਕ ਮੌਤੇ ਮਰਿਆ ਹੋਇਆ ਮਨੁੱਖ ਆਪਣੇ ਸੁਭਾਅ ਕਰਕੇ ਵੱਖ ਵੱਖ ਜੂਨਾਂ ਦੇ ਦਰਸ਼ਨ ਦੇ ਰਿਹਾ ਹੁੰਦਾ ਹੈ।

ਪਰਮਾਤਮਾ ਵਿਸਰ ਜਾਏ ਤਾਂ ਕੀ ਹੁੰਦਾ ਹੈ ਕੁੱਝ ਪਰਮਾਣ ਪੇਸ਼ ਹਨ---

ਮਨ, ਏਕੁ ਨ ਚੇਤਸਿ ਮੂੜ ਮਨਾ॥ ਹਰਿ ਬਿਸਰਤ ਤੇਰੇ ਗੁਣ ਗਲਿਆ॥

ਪੰਨਾ ੧੨

ਅਰਥ---- ਹੇ ਮਨ ! ਹੇ ਮੂਰਖ ਮਨ ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ਜੋ ਆਤਮਕ ਮੌਤ ਤੇ ਅੰਤ ਕਾਲ ਦੀਆਂ ਨਿਸ਼ਾਨੀਆਂ ਹਨ।

ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ॥

ਪੰਨਾ ੧੨੧੭

ਪਰਮਾਤਮਾ ਬਿਸਰ ਜਾਏ ਤਾਂ ਬੰਦਾ ਜਿਉਂਦਿਆਂ ਹੀ ਅਨੇਕ ਪਰਕਾਰ ਦੀਆਂ ਜੂਨਾਂ ਵਿੱਚ ਸੁਭਾਅ ਕਰਕੇ ਰਹਿੰਦਾ ਹੈ। ਏਸੇ ਜੀਵਨ ਵਿੱਚ ਜੂਨ ਦੀ ਗੱਲ ਕਰਦਿਆਂ ਕਿਹਾ ਹੈ —

ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ॥

ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ॥

ਪੰਨਾ ੧੨੬੭

ਪਰਮਾਤਮਾ ਨੂੰ ਵਿਸਾਰਿਆਂ ਜਿੱਥੇ ਆਤਮਕ ਮੌਤ ਹੈ ਓੱਥੇ ਸੁਭਾਵਕ ਜੂਨਾਂ ਵੀ ਹਨ। ਮਰਣ ਤੋਂ ਬਾਅਦ ਦੀ ਗੱਲ ਤਾਂ ਕੀਤੀ ਜਾਏ ਜੇ ਅਸੀਂ ਹੁਣ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝ ਲਿਆ ਹੋਵੇ।

ਮਰਿ ਨ ਜਾਹੀ ਜਿਨਾ ਬਿਸਰਤ ਰਾਮ॥

ਪੰਨਾ ੧੮੮----

ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ॥

ਪੰਨਾ ੨੯੮

ਪਰਮਾਤਮਾ ਨੂੰ ਵਿਸਾਰਨ ਵਾਲਾ ਮਰਿਆ ਪਿਆ ਹੈ ----

ਹਰਿ ਬਿਸਰਤ ਸੋ ਮੂਆ॥ ਪੰਨਾ ੪੦੭

ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ॥ ਪੰਨਾ ੭੦੬

ਅਰਥ--- ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ, ਤੇ ਰੱਬੀ ਗੁਣਾਂ ਦਾ ਤਿਆਗ ਕਰਨ ਵਾਲਾ ਸਰੀਰ ਰੱਖਦਾ ਹੋਇਆ ਵੀ ਅੰਦਰੋਂ ਮਰਿਆ ਪਿਆ। 1.

ਹੁਣ ਇਹ ਸਾਫ਼ ਜ਼ਾਹਰ ਹੈ ਕਿ ਅਸਲ ਵਿੱਚ ਮਰਿਆ ਹੋਇਆ ਹੀ ਉਹ ਹੈ ਜਿਸ ਨੇ ਰੱਬ ਜੀ ਤਥਾ ਉਹਨਾਂ ਦੇ ਗੁਣਾਂ ਨੂੰ ਵਿਸਾਰਿਆ ਹੋਇਆ ਹੋਵੇ ਤੇ ਪ੍ਰੇਤ ਵੀ ਆਤਮਕ ਤੌਰ ਤੇ ਮਰੇ ਹੋਏ ਨੂੰ ਹੀ ਕਹਿੰਦੇ ਹਨ –

ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ॥

ਪੰਨਾ ੫੨੯

--ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੍ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭੁਲਾਇਆਂ ਮੈਨੂੰ ਆਤਮਕ ਮੌਤ ਆ ਜਾਂਦੀ ਹੈ।

ਸੋ ਗੁਰਬਾਣੀ ਵਿੱਚ ਅਨੇਕਾਂ ਪ੍ਰਮਾਣ ਹਨ ਕਿ ਪਰਮਾਤਮਾ ਦੇ ਬਿਸਰਨ ਨਾਲ ਮਨੁੱਖ ਦੀ ਆਤਮਕ ਮੌਤ ਹੈ ਤੇ ਅਜੇਹੀ ਆਤਮਕ ਮੌਤ ਹੀ ਸਾਨੂੰ ਵੱਖ ਵੱਖ ਸੁਭਾਵਾਂ ਦੀਆਂ ਜੂਨਾਂ ਵਿੱਚ ਲਿਜਾਂਦੀ ਹੈ।

ਜੇ ਗੁਰਬਾਣੀ ਨੂੰ ਵਰਤਮਾਨ ਜੀਵਨ ਵਿੱਚ ਲਿਆ ਕੇ ਦੇਖਣ ਦਾ ਯਤਨ ਕਰਾਂਗੇ, ਤਾਂ ਸਾਨੂੰ ਇਹ ਪਤਾ ਲੱਗਦਾ ਹੈ, ਕਿ ਇਹ ਤੇ ਸਾਰੀਆਂ ਸਾਡੀਆਂ ਹੀ ਜੂਨਾਂ ਹਨ। ਪਰ ਅਸੀਂ ਇਹ ਸਾਰਾ ਕੁੱਝ ਮੰਨਣ ਲਈ ਤਿਆਰ ਨਹੀਂ ਹਾਂ, ਕਿਉਂਕਿ ਅਸੀਂ ਇਹ ਭਰਮ ਪਾਲ਼ ਲਿਆ ਹੈ, ਕਿ ਜੂਨਾਂ ਦੀ ਗੱਲ ਤਾਂ ਮਰਣ ਤੋਂ ਬਾਅਦ ਹੀ ਸ਼ੁਰੂ ਹੋਣੀ ਹੈ ਇਸ ਲਈ ਹੁਣ ਸੁਭਾਅ ਨੂੰ ਠੀਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜਦ ਕੇ ਗਰੁਬਾਣੀ ਵਰਤਮਾਨ ਜੀਵਨ ਸੁਧਾਰਣ ਦੀ ਗੱਲ ਕਰ ਰਹੀ ਹੈ।

ਰਹਾਉ ਦੀ ਤੁਕ ਵਿੱਚ ਭਗਤ ਤ੍ਰਿਲੋਚਨ ਸਾਹਿਬ ਜੀ ਕਹਿ ਰਹੇ ਹਨ ਕਿ ਹੇ ਮੇਰੀਏ ਭੈਣੇ! ਮੈਨੂੰ ਕਦੇ ਵੀ ਪਰਮਾਤਮਾ ਦਾ ਨਾਂ ਨਾ ਵਿਸਰੇ। ਸ਼ਬਦ ਦੀ ਪਹਿਲੀ ਤੁਕ ਵਿੱਚ ਮਨੁੱਖੀ ਸੋਚ ਦੀ ਡੂੰਘਾਈ ਵਿੱਚ ਜਾਂਦਿਆਂ ਦੱਸਿਆ ਹੈ ਕਿ ਜੇ ਪਰਮਾਤਮਾ ਭੁੱਲ ਜਾਂਦਾ ਹੈ ਤਾਂ ਆਤਮਕ ਮੌਤ ਮਰੇ ਹੋਏ ਦੀ ਦਸ਼ਾ ਇੱਕ ਸੱਪ ਵਰਗੀ ਹੈ---- ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਸਰਪ ਜੋਨਿ ਵਲਿ ਵਲਿ ਅਉਤਰੈ॥

ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਜੋ ਮਨੁੱਖ ਮਰਨ ਵੇਲੇ ਖ਼ਿਆਲ ਰੱਖਦਾ ਹੈ ਤੇ ਓਸੇ ਦੀ ਹੀ ਉਹ ਜੂਨ ਵਿੱਚ ਪੈਂਦਾ ਹੈ। ਇਹ ਕਈ ਵਾਰ ਵਿਚਾਰ ਕੀਤੀ ਜਾ ਚੁੱਕੀ ਹੈ ਕਿ ਗੁਰਬਾਣੀ ਦੇ ਜਿੱਥੇ ਅੱਖਰੀ ਅਰਥ ਵਿਚਾਰਨੇ ਹਨ ਓੱਥੇ ਗੁਰਬਾਣੀ ਦਾ ਭਾਵ ਅਰਥ ਵੀ ਸਮਝਣਾ ਹੈ, ਤਾਂ ਹੀ ਸਾਨੂੰ ਗੁਰਬਾਣੀ ਵਿਚੋਂ ਜੀਵਨ ਜਾਚ ਦੀ ਸਮਝ ਮਿਲ ਸਕਦੀ ਹੈ। ਮਿਸਲ ਦੇ ਤੌਰ `ਤੇ ਗੁਰਬਾਣੀ ਫਰਮਾਣ ਹੈ---

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥

ਪੰਨਾ ੧੪੧੨

ਅਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਪ੍ਰੇਮ ਦੀ ਗੱਲ਼ੀ ਵਿੱਚ ਚਲਣਾ ਈਂ ਤਾਂ ਆਪਣੇ ਸੀਸ ਨੂੰ ਕੱਟ ਕੇ ਤਲ਼ੀ `ਤੇ ਰੱਖ ਕੇ ਚੱਲ। ਪਰ ਅਖਰਾਂ ਦੇ ਅਰਥਾਂ ਨਾਲ ਕਦੇ ਸਵੇਰੇ ਕੋਈ ਇੰਜ ਗੁਰਦੁਆਰੇ ਆਇਆ ਨਹੀਂ ਹੈ, ਫਿਰ ਇਸ ਦਾ ਭਾਵ ਅਰਥ ਸਮਝਣ ਦੀ ਜ਼ਰੂਰਤ ਹੈ---- ਹੇ ਭਾਈ! ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ, ਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ)। (ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ (ਜਦੋਂ) ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ)

ਹੁਣ ਇਹਨਾਂ ਤੁਕਾਂ ਦੇ ਭਾਵ ਅਰਥ ਦੀ ਵਿਚਾਰ ਵਲ ਵੱਧਦੇ ਹਾਂ, ਪਿੰਡਾਂ ਦਿਆਂ ਲੋਕਾਂ ਦੀਆਂ ਕੁੱਝ ਲੋਕ ਧਾਰਨਾਵਾਂ ਬਣੀਆਂ ਹੋਈਆਂ ਹਨ ਕਿ ਜੀ ਫਲਾਣੇ ਥਾਂ `ਤੇ ਸੱਪ ਦੀ ਵਰਮੀ ਹੈ ਓੱਥੇ ਮੋਹਰਾਂ ਦੀ ਦੇਗ ਨੱਪੀ ਹੋਈ ਹੈ ਜਿਸ `ਤੇ ਸੱਪ ਕੁੰਡਲ਼ ਮਾਰ ਕੇ ਬੈਠਾ ਹੋਇਆ ਹੈ। ਪਾਕਿਸਤਾਨ ਬਣਨ ੳਪਰੰਤ ਜ਼ਮੀਨ ਦੀ ਜਦੋਂ ਵੰਡ ਹੋਈ ਤਾਂ ਸਾਰੀਆਂ ਵਰਮੀਆਂ ਲੋਕਾਂ ਪੁੱਟ ਮਾਰੀਆਂ ਪਰ ਮੋਹਰਾਂ ਵਾਲੀ ਦੇਗ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋਈ। ਅਸਲ ਵਿੱਚ ਇਹ ਇੱਕ ਮੁਹਾਵਰਾ ਹੈ ਸੱਪ ਦੇ ਮੂੰਹ ਵਿਚੋਂ ਰੁਪਿਆ ਕੱਢਣਾਂ ਭਾਵ ਸਖਤ ਤੋਂ ਸਖਤ ਮਿਹਨਤ ਕਰਨੀ ਹੈ। ਦੂਸਰਾ ਸੱਪ ਦਾ ਇੱਕ ਭਿਆਨਕ ਡਰ ਵੀ ਬਣਿਆ ਹੋਇਆ ਹੈ ਕਿ ਇਸ ਦੇ ਡੰਗ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ।

ਸਾਡੇ ਮੁਲਕ ਵਿੱਚ ਸਰਕਾਰੀ ਜਾਂ ਅਰਧ ਸਰਕਾਰੀ ਦਫ਼ਤਰਾਂ ਵਿੱਚ ਤਨਖਾਹ `ਤੇ ਬਹੁਤ ਘੱਟ ਯਕੀਨ ਕੀਤਾ ਜਾਂਦਾ ਹੈ ਉੱਪਰਲੀ ਕਮਾਈ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਆਪਣੀ ਕਿਰਤ ਨੂੰ ਛੱਡ ਕੇ ਸਹੀ ਕੰਮ ਕਰਨ ਦੇ ਵੀ ਜੇ ਸਬੰਧਤ ਅਧਿਕਾਰੀ ਪੈਸੇ ਲੈ ਕੇ ਕੰਮ ਕਰ ਰਿਹਾ ਹੈ ਤਾਂ ਸਮਝਣਾਂ ਚਾਹੀਦਾ ਹੈ ਕਿ ਇਸ ਦੀ ਆਤਮਾ ਮਰ ਚੁੱਕੀ ਹੈ। ਇਸ ਆਤਮਕ ਤਲ਼ `ਤੇ ਮਰਿਆ ਹੋਇਆ ਇਨਸਾਨ ਅਸਲ ਵਿੱਚ ਜਿਉਂਦਿਆਂ ਹੀ ਸੱਪ ਦੀ ਜੂਨ ਭੋਗ ਰਿਹਾ ਹੈ।

ਫਿਰ ‘ਅੰਤਿ ਕਾਲਿ’ ਤਨ ਦਾ ਮਰਣਾ ਨਹੀਂ ਸਗੋਂ ਆਤਮਾ ਦਾ ਮਰ ਜਾਣਾ ਹੀ ਅੰਤ ਕਾਲ ਹੈ ਭਾਵ ਕੁਰੱਪਸ਼ਨ ਵਿੱਚ ਅਤ ਕਰ ਦੇਣੀ। ਪਰਮਾਤਮਾ ਨੂੰ ਵਿਸਾਰਨ ਤੇ ਆਤਮਕ ਮਰਣ ਦੇ ਅਸੀਂ ਬਹੁਤ ਸਾਰੇ ਪ੍ਰਮਾਣ ਉੱਪਰ ਗੁਰਬਾਣੀ ਵਿਚੋਂ ਦੇਖ ਚੁੱਕੇ ਹਾਂ। ਗੁਰਬਾਣੀ--ਸਿਧਾਂਤ ਦੀ ਇਹ ਸਿੱਖਰਤਾ ਹੈ ਕਿ ਇਹ ਵਰਤਮਾਨ ਜੀਵਨ ਨੂੰ ‘ਸਚਿਆਰ’ ਬਣਾ ਰਹੀ ਹੈ। ਪਰ ਸਾਡੀ ਬਿਮਾਰ ਮਾਨਸਕਤਾ ਹੈ ਕਿ ਅਸੀਂ ਬ੍ਰਹਮਣੀ ਕਰਮ-ਕਾਂਡ ਦੇ ਅਧਾਰਤ ਮਰਨ ਤੋਂ ਬਾਅਦ ਦੀਆਂ ਜੂਨਾਂ ਦੀ ਬੇ-ਲੋੜੀ ਆਸ ਲਗਾਈ ਬੈਠੇ ਹਾਂ।




.