.

ਬੈਲਜੀਅਮ ਦੀ ਮੇਰੀ ਪਹਿਲੀ ਫੇਰੀ

ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ

ਬਚਪਨ ਤੋ ਇੱਕ ਲੋਕ ਕਥਾ ਸੁਣਦੇ ਆ ਰਹੇ ਸਾਂ:
ਇਕ ਮੁਸਾਫਰ ਨੇ ਪੱਲੇ ਆਟਾ ਬਧਾ ਹੋਇਆ ਸੀ ਤਾਂ ਕਿ ਰਸਤੇ ਵਿੱਚ ਭੁੱਖ ਲੱਗਣ ਤੇ ਰੋਟੀ ਪਕਾ ਕੇ ਖਾਧੀ ਜਾ ਸਕੇ। ਸਫਰ ਦੌਰਾਨ ਇੱਕ ਘਰ ਜਾ ਕੇ ਉਸਨੇ ਸਵਾਣੀ ਨੂੰ ਰੋਟੀ ਪਕਾ ਕੇ ਦੇਣ ਲਈ ਬੇਨਤੀ ਕੀਤੀ। ਘਰ ਵਾਲ਼ੀ ਨੇ ਲੋੜਵੰਦ ਮੁਸਾਫਰ ਤੇ ਭਲਾ ਪੁਰਸ਼ ਜਾਣ ਕੇ ਉਸਦੇ ਹੱਥੋਂ ਆਟਾ ਫੜ ਕੇ, ਮੰਜੇ ਵੱਲ ਇਸ਼ਾਰਾ ਕਰਕੇ, “ਬਹਿ ਜਾ ਵੀਰਾ!” ਆਖ ਦਿਤਾ ਤੇ ਆਪ ਚੌਂਕੇ ਵਿੱਚ ਜਾ ਕੇ ਪ੍ਰਾਤ ਵਿੱਚ ਆਟਾ ਉਲ਼ੱਦ ਕੇ ਵਿੱਚ ਪਾਣੀ ਪਾ ਕੇ ਗੁੰਨ੍ਹਣ ਲੱਗੀ। ਏਸੇ ਦੌਰਾਨ ਆਲ਼ੇ ਦੁਆਲ਼ੇ ਨਿਗਾਹ ਮਾਰੀ ਤਾਂ ਉਸਨੂੰ ਕਿੱਲੇ ਤੇ ਬਧੀ ਸੇਹਤਮੰਦ ਮਝ ਦਿਸ ਪਈ। ਲੋੜੋਂ ਵਧ ਹਮਦਰਦੀ ਤੇ ਸਿਆਣਪ ਘੋਟਣ ਦੇ ਯਤਨ ਵਿੱਚ ਉਹ ਉਚਰਿਆ, “ਮਾਈ ਮਝ ਤੁਹਾਡੀ ਮੋਟੀ ਏ ਤੇ ਬੂਹਾ ਭੀੜਾ ਏ। ਜੇ ਮਝ ਮਰ ਜਾਏ ਤਾਂ ਬਾਹਰ ਕਿਵੇਂ ਕਢੋਗੇ!” ਪਾਣੀ ਪਾਇਆ ਆਟਾ ਹੀ ਉਸਦੀ ਝੋਲ਼ੀ ਵਿੱਚ ਬੁੜ੍ਹੀ ਨੇ ਪਾ ਦਿਤਾ ਤੇ ਘਰੋਂ ਬਾਹਰ ‘ਇਜ਼ਤ ਨਾਲ਼’ ਤੋਰ ਦਿਤਾ। ਬਾਹਰ ਗਲ਼ੀ ਵਿਚੋਂ ਤੁਰੇ ਜਾਂਦੇ ਨੂੰ ਕਿਸੇ ਨੇ ਪੁੱਛਿਆ, “ਭਾਈ ਗੁਰਮੁਖਾ, ਇਹ ਕੀ ਚੋਂਦਾ?” ਤੁਰਿਆ ਜਾਂਦਾ ਹੀ ਆਖ ਗਿਆ, “ਜ਼ਬਾਨ ਦਾ ਰਸ।”
ਕਈ ਥਾਈਂ ਮੇਰੇ ਨਾਲ਼ ਵੀ ਇਸ ਤਰ੍ਹਾਂ ਹੀ ਹੁੰਦੀ ਹੈ। ਆਪਣੇ ਵੱਲੋਂ ਤਾਂ ਬੜਾ ਸਿਆਣਾ ਬਣ ਕੇ ਕੋਈ ਚੰਗੀ ਤੇ ਹਮਦਰਦੀ ਦੀ ਗੱਲ ਕਿਸੇ ਨਾਲ਼ ਕਰਨ ਲੱਗਦਾ ਹਾਂ ਪਰ ਗੱਲ ਬਹੁਤੀ ਵਾਰੀਂ ਉਲ਼ਟੀ ਹੀ ਪੈ ਜਾਂਦੀ ਹੈ। ਤਾਜਾ ਘਟਨਾ ਇਸ ਬਾਰੇ ਇਉਂ ਹੈ। ੨੦੦੪ ਵਿੱਚ ਯੂਰਪ ਦੇ ਦੇਸ਼ਾਂ ਦੀ ਯਾਤਰਾ ਕਰਦਾ ਹੋਇਆ ਮੈ, ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਗੱਡੀ ਤੇ ਬੈਠ ਕੇ, ਦੁਨੀਆਂ ਦੇ ਕੁੱਝ ਬਹੁਤ ਹੀ ਸੋਹਣੇ ਮੁਲਕਾਂ ਵਿਚੋਂ ਇੱਕ ਮੁਲਕ, ਬੈਲਜੀਅਮ, ਦੀ ਰਾਜਧਾਨੀ ਬਰੱਸਲ ਵਿੱਚ ਜਾ ਵੜਿਆ। ਚਾਰ ਪੰਜ ਦਹਾਕੇ ਪਹਿਲਾਂ ਇਸ ਮੁਲਕ ਬਾਰੇ ਏਨੀ ਕੁ ਹੀ ਪੰਜਾਬੀ ਦੀਆਂ ਅਖਬਾਰਾਂ ਰਾਹੀਂ ਜਾਣਕਾਰੀ ਮਿਲ਼ੀ ਹੋਈ ਸੀ ਕਿ ਇਹ ਚਿੜੀ ਦੇ ਪਹੁੰਚੇ ਜਿੰਨਾ ਦੇਸ ਹੈ ਪਰ ਅਫ੍ਰੀਕਾ ਦੇ ਬਹੁਤ ਹੀ ਵੱਡੇ ਭੂ ਭਾਗ ਉਪਰ ਇਸ ਦਾ ਕਬਜ਼ਾ ਹੈ। ਅੱਜ ਕਲ੍ਹ ਦਾ ਮੁਲਕ ਜ਼ਾਇਰੇ ਤੇ ਉਸ ਸਮੇ ਦਾ ਕਾਂਗੋ ਇਸ ਦੇ ਕਬਜ਼ੇ ਵਿੱਚ ਹੁੰਦਾ ਸੀ। ਫਿਰ ਆਪਣੇ ਮਲਾਵੀ ਦੇਸ਼ ਦੇ ਕਿਆਮ ਦੌਰਾਨ, ਇੱਕ ਬਹੁਤ ਵੱਡੀ ਅੰਗ੍ਰੇਜ਼ੀ ਭਾਸ਼ਾ ਦੀ ਕਿਤਾਬ ਵਿਚ, ਇੱਕ ਰੰਗਦਾਰ ਫੋਟੋ ਵੇਖੀ ਸੀ ਜਿਸ ਵਿੱਚ ਕਾਂਗੋ ਦੇ ਦੌਰੇ ਤੇ ਆਏ ਬੈਲਜੀਅਮ ਦੇ ਬਾਦਸ਼ਾਹ ਦੇ ਜਲੂਸ ਸਮੇ, ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਵੀ, ਇੱਕ ਦੇਸ਼ ਭਗਤ ਅਫ੍ਰੀਕਨ ਨੌਜਵਾਨ ਉਸਦੇ ਗੱਲ਼ ਵਿਚੋਂ ਤਲਵਾਰ ਲਾਹ ਕੇ ਭੱਜ ਗਿਆ ਸੀ। ਉਸ ਨੌਜਵਾਨ ਦੀ ਬਹਾਦਰੀ ਦੀ ਗੱਲ ਤਾਂ ਇੱਕ ਪਾਸੇ ਰਹੀ ਉਸ ਫੋਟੋ ਗਰਾਫਰ ਨੇ ਵੀ ਕਮਾਲ ਤੋਂ ਘੱਟ ਨਹੀ ਕੀਤੀ ਜਿਸ ਨੇ ਏਨੀ ਪ੍ਰੋਫੈਸ਼ਨਲ ਕਾਬਲੀਅਤ ਨਾਲ਼ ਓਸੇ ਸਮੇ ਫੋਟੋ ਖਿੱਚ ਲਈ।
ਰਾਜਧਾਨੀ ਬਰੱਸਲ ਦੇ ਮੁਖ ਰੇਲਵੇ ਸਟੇਸ਼ਨ ‘ਬਰੱਸਲ ਨੌਰਦ’ ਤੋਂ ਰੇਲ ਗੱਡੀ ਤੇ ਬੈਠ ਕੇ ਇੱਕ ਹੋਰ ਸ਼ਹਿਰ, ਸਿੰਤ ਤਰੂਦਨ ਦੇ ਗੁਰਦੁਆਰਾ ਸੰਗਤ ਸਾਹਿਬ ਵਿੱਚ ਜਾ ਅੱਪੜਿਆ। ਇਹ ਸ਼ਹਿਰ ਨੀਦਰਲੈਂਡ ਵਾਲ਼ੇ ਪਾਸੇ ਪੈਣ ਕਰਕੇ ਏਥੋਂ ਦੀ ਬੋਲ਼ੀ ਫਲਾਮਿਸ਼ ਹੈ, ਜੋ ਕਿ ਡੱਚ ਬੋਲੀ ਦਾ ਹੀ ਇੱਕ ਰੂਪ ਹੈ। ਰਾਜਧਾਨੀ ਬਰੁਸਲ ਦੇ ਇੱਕ ਭਾਗ ਵਿੱਚ ਫਰੈਂਚ ਬੋਲੀ ਜਾਂਦੀ ਹੈ ਤੇ ਦੂਜੇ ਭਾਗ ਵਿੱਚ ਫਲਾਮਿਸ਼। ਇਸ ਇਲਾਕੇ ਵਿੱਚ ਖੇਤੀ ਦਾ ਕਾਰੋਬਾਰ ਹੈ ਤੇ ਸਿੱਖ ਨੌਜਵਾਨਾਂ ਦੀ ਕੁੱਝ ਗਿਣਤੀ ਹੋਣ ਕਰਕੇ, ਏਥੇ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ। ਇਸ ਗੁਰਦੁਆਰਾ ਸਾਹਿਬ ਜੀ ਦੇ ਵਿਦਵਾਨ ਗ੍ਰੰਥੀ, ਭਾਈ ਕੇਵਲ ਸਿੰਘ ਜੀ ਤੇ ਕਮੇਟੀ ਦੇ ਪ੍ਰਧਾਨ ਸ. ਮਹਿੰਦਰ ਸਿੰਘ ਜੀ ਹਨ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਅਨੁਸਾਰ ਗੁਰਦੁਆਰਾ ਸਾਹਿਬ ਜੀ ਵਿਖੇ ਧਾਰਮਿਕ ਕਾਰਜ ਕਰਮ ਰਚਣ ਲਈ ਸੁਚੇਤ ਹਨ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਪ੍ਰਬੰਧਕਾਂ ਤੇ ਸੰਗਤਾਂ ਦੀ ਚਾਹਨਾ ਤੇ ਇੱਕ ਹਫਤਾ ਧਾਰਮਿਕ ਵਿਖਿਆਨਾਂ ਦਾ ਪ੍ਰੋਗਰਾਮ ਚੱਲਿਆ। ਇਸ ਦੌਰਾਨ ਚਾਹਿਆ ਕਿ ਦੇਸ਼ ਦੀ ਰਾਜਧਾਨੀ ਬਰੱਸਲ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਏਸੇ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਵੇ। ਜਾਣਕਾਰ ਸੱਜਣਾਂ ਵੱਲੋਂ ਜਾਣਕਾਰੀ ਮਿਲ਼ੀ, “ਓਥੇ ਨਹੀ ਗਿਆਨੀ ਜੀ ਠੀਕ ਰਹਿਣਾ!” ਕਿਉਂ? ਪੁੱਛਣ ਤੇ ਉਹਨਾਂ ਦੱਸਿਆ, “ਓਥੇ ਦੀ ਸੰਸਥਾ ਉਪਰ ਹਿੰਦ ਸਰਕਾਰ ਦੇ ਪੱਖੀਆਂ ਦਾ ਕਬਜ਼ਾ ਹੈ ਤੇ ਤੁਹਾਡੇ ਵਿਚਾਰ ਪੰਥਕ ਹਨ। ਇਸ ਲਈ ਉਹਨਾਂ ਨੇ ਤੁਹਾਨੂੰ ਨਹੀ ਸੁਣਨਾ। ਮੈ ਆਖਿਆ, “ਓਥੇ ਹੀ ਤਾਂ ਜਾਣਾ ਜ਼ਰੂਰੀ ਹੈ। ਸਰਕਾਰ ਵੱਲੋਂ ਕੀਤੇ ਤੇ ਕੀਤੇ ਜਾ ਰਹੇ ਐਂਟੀ ਸਿੱਖ ਪ੍ਰਾਪੇਗੰਡੇ ਦਾ ਸ਼ਿਕਾਰ ਸਿੱਖਾਂ ਨੂੰ ਹੀ ਤਾਂ ਅਸਲੀਅਤ ਦੱਸਣ ਦੀ ਲੋੜ ਹੈ। ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਉਹਨਾਂ ਉਤੇ ਸਮਾ ਲਾਉਣਾ ਤਾਂ ਬਹੁਤਾ ਸਕਾਰਥਾ ਕਾਰਜ ਨਹੀ।
ਮੁੱਕਦੀ ਗੱਲ; ਇੱਕ ਕਵੀਸ਼ਰ ਨੌਜਵਾਨ ਨੇ ਓਥੋਂ ਦੇ ਗ੍ਰੰਥੀ ਸਿੰਘ, ਗੁਰਮੁਖ ਪਿਆਰੇ ਸ਼ਰਧਾਵਾਨ ਤੇ ਸੇਵਾ ਭਾਵਨਾ ਵਾਲ਼ੇ ਗੁਰਸਿੱਖ, ਭਾਈ ਪਿਆਰਾ ਸਿੰਘ ਜੀ, ਨਾਲ ਫੋਨ ਮਿਲਾਇਆ ਤੇ ਉਹਨਾਂ ਦੇ ਹਾਂ ਕਰਨ ਤੇ ਮੈ ਓਧਰ ਨੂੰ ਚਾਲੇ ਪਾ ਦਿਤੇ। ਗ੍ਰੰਥੀ ਸਿੰਘ ਜੀ ਨੇ ਆਖਿਆ ਕਿ ਸਟੇਸ਼ਨ ਤੇ ਪੁਜ ਕੇ ਮੈ ਉਹਨਾਂ ਨੂੰ ਫੋਨ ਕਰ ਦਿਆਂ ਤੇ ਉਹ ਆ ਕੇ ਸਟੇਸ਼ਨ ਤੋਂ ਮੈਨੂੰ ਲੈ ਜਾਣਗੇ। ਸਟੇਸ਼ਨ ਤੇ ਪਹੁੰਚ ਕੇ ਮੈ ਏਧਰ ਓਧਰ ਕੋਈ ਪੇ ਫੋਨ ਵਾਲ਼ੇ ਬੂਥ ਦੀ ਭਾਲ ਵਿੱਚ ਸਾਂ ਕਿ ਦੋ ਸਾਬਤ ਸੂਰਤ ਨੌਜਵਾਨ ਟੱਕਰ ਪਏ। ਉਹਨਾਂ ਨੂੰ ਫੋਨ ਬਾਰੇ ਪੁੱਛਿਆ ਤਾਂ ਆਂਹਦੇ, “ਚਲੋ, ਅਸੀਂ ਤੁਹਾਨੂੰ ਗੁਰਦੁਆਰੇ ਛੱਡ ਦਿੰਦੇ ਹਾਂ।” ਜਦੋਂ ਅਸੀਂ ਤਿੰਨੇ ਜਣੇ ਬਰੱਸਲ ਦੇ ਇੱਕ ਸਬਅਰਬ, ਵਿਲ ਵੂਰਦ, ਦੀ ਲਾਂਗੇ ਮੋਲਨ ਸਟਰਾਟ ਵਿੱਚ ਸੁਸ਼ੋਭਤ, ਗੁਰਦੁਆਰਾ ਗੁਰੂ ਨਾਨਕ ਸਾਹਿਬ, ਵਿਖੇ ਪਹੁੰਚੇ ਤਾਂ ਅੱਗੋਂ ਗੁਰਦੁਆਰੇ ਦਾ ਦਰਵਾਜਾ ਬੰਦ ਸੀ। ਗ੍ਰੰਥੀ ਭਾਈ ਪਿਆਰਾ ਸਿੰਘ ਜੀ ਨੂੰ ਫੋਨ ਮਿਲਾਇਆ ਤਾਂ ਉਹ ਬੋਲੇ ਕਿ ਉਹ ਸ਼ਹਿਰ ਵਿੱਚ ਸਨ ਤੇ ਮੇਰੇ ਫ਼ੋਨ ਦੀ ਉਡੀਕ ਕਰ ਰਹੇ ਸਨ ਤਾਂ ਕਿ ਮੇਰੇ ਸਟੇਸ਼ਨ ਤੇ ਪੁੱਜਣ ਉਪ੍ਰੰਤ ਉਹ ਓਥੋਂ ਮੈਨੂੰ ਗੁਰਦੁਆਰਾ ਵਿਖੇ ਲੈ ਆਉਣ। ਖ਼ੈਰ ਉਹਨਾਂ ਨੇ, “ਆ ਰਿਹਾ ਹਾਂ”। ਆਖਿਆ। ਇਹ ਦੋਵੇਂ ਸੱਜਣ, ਸ. ਸਰਬਜੀਤ ਸਿੰਘ ਪ੍ਰਧਾਨ ਤੇ ਸ. ਜਗਰੂਪ ਸਿੰਘ ਜਨਰਲ ਸਕੱਤਰ ਮਾਨ ਅਕਾਲੀ ਦਲ ਨੇ, ਗ੍ਰੰਥੀ ਜੀ ਦੀ ਗੁਰਦੁਆਰਾ ਵਿਖੇ ਗ਼ੈਰ ਹਾਜ਼ਰੀ ਬਾਰੇ ਕੁੱਝ ਨਾਪਸੰਦਗੀ ਜਿਹੀ ਜ਼ਾਹਰ ਕੀਤੀ। ਮੈ ਆਖਿਆ, “ਭਈ ਉਹਨਾਂ ਦੇ ਸੱਦੇ ਤੇ ਮੈ ਆ ਰਿਹਾ ਹਾਂ ਤੇ ਉਹ ਮੇਰੀ ਉਡੀਕ ਹੀ ਕਰ ਰਹੇ ਸੀ ਪਰ ਇਸ ਦੌਰਾਨ ਮੈਨੂੰ ਤੁਸੀਂ ਮਿਲ਼ ਗਏ ਤੇ ਮੈਨੂੰ ਏਥੇ ਪੁਚਾ ਦਿਤਾ; ਤੁਹਾਡਾ ਧੰਵਨਵਾਦ ਪਰ ਮੇਰੇ ਮਸਲੇ ਤੇ ਤੁਸੀਂ ਉਸ ਭਲੇ ਪੁਰਸ਼ ਨਾਲ਼ ਨਾਰਾਜ਼ਗੀ ਨਹੀ ਪਰਗਟ ਕਰਨੀ।” ਉਹਨਾਂ ਨੇ ਮੇਰਾ ਪਰਦੇਸੀ ਦਾ ਲਿਹਾਜ਼ ਕਰਦਿਆਂ ਹੋਇਆਂ ਮੇਰੇ ਨਾਲ਼ ਚੁੱਪ ਸਹਿਮਤੀ ਦਰਸਾ ਦਿਤੀ।
ਅੰਤ ਛੇਤੀ ਹੀ ਭਾਈ ਸਾਹਿਬ ਜੀ ਵੀ ਪਹੁੰਚ ਗਏ। ਉਹ ਦੋਨੋ ਚੰਗੇ ਨੌਜਵਾਨ ਮੈਨੂੰ ਉਹਨਾਂ ਦੇ ਹਵਾਲੇ ਕਰਕੇ ਆਪਣੇ ਰਾਹ ਪਏ। ਭਾਈ ਸਾਹਿਬ ਜੀ ਨੇ ਮੇਰਾ ਡੇਰਾ ਉਤਲੇ ਕਮਰੇ ਵਿੱਚ ਲਵਾ ਦਿਤਾ। ਪ੍ਰਬੰਧਕਾਂ ਨੂੰ ਵੀ ਮੇਰੇ ਪਹੁੰਚਣ ਦੀ ਖਬਰ ਪੁਚਾ ਦਿਤੀ। ਸੋਮਵਾਰ ਤੋਂ ਹੀ ਰੋਜ ਸ਼ਾਮ ਦੇ ਦੀਵਾਨ ਸੱਜਣ ਲੱਗ ਪਏ ਤੇ ਮੇਰੇ ਧਾਰਮਿਕ ਵਿਖਿਆਨ ਵੀ ਹੋਣ ਲੱਗ ਪਏ, ਜਿਸਨੂੰ ਅੱਜ ਕਲ੍ਹ ਦੇ ਮੁਹਾਵਰੇ ਵਿੱਚ ਕਥਾ ਆਖਿਆ ਜਾਂਦਾ ਹੈ। ਮੈ ਤਾਂ ਬਚਪਨ ਤੋਂ ਕਥਾ ਨੂੰ ਕਿਸੇ ਹੋਰ ਰੂਪ ਵਿੱਚ ਜਾਣਦਾ ਸਾਂ ਪਰ ਅਜ ਕਲ੍ਹ, ਪਰਲੋਕਵਾਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਪ੍ਰਭਾਵ ਅਧੀਨ, ਧਾਰਮਿਕ ਵਿਖਿਆਨਾਂ ਨੂੰ ਹੀ ਕਥਾ ਕਹਿਣ ਦਾ ਰਿਵਾਜ ਪੈ ਗਿਆ ਹੈ। ਮੇਰੀ ਸਮਝ ਅਨੁਸਾਰ ਕਥਾ ਉਹ ਹੈ ਜਿਸ ਵਿੱਚ ਗੁਰਬਾਣੀ ਜਾਂ ਹੋਰ ਗ੍ਰੰਥਾਂ ਦੀ ਇੱਕ ਇਕ ਤੁਕ ਪੜ੍ਹ ਕੇ ਉਸਦੇ ਅਰਥ ਕੀਤੇ ਜਾਣ। ਮੇਰੇ ਸੱਤ ਦਿਨਾਂ ਦੇ ਵਿਖਿਆਨਾਂ ਤੋਂ ਸਿੱਖੀ ਸੋਚ ਵਾਲ਼ੇ ਨੌਜਵਾਨ ਵਾਹਵਾ ਹੀ ਪ੍ਰਭਾਵਤ ਦਿਸੇ ਤੇ ਉਹਨਾਂ ਨੇ ਮੈਨੂੰ ਦੋ ਚਾਰ ਦਿਨ ਹੋਰ ਓਥੇ ਰੁਕਣ ਲਈ ਆਖਿਆ ਤਾਂ ਕਿ ਉਹ ਮੈਨੂੰ ਆਲ਼ੇ ਦੁਆਲ਼ੇ ਘੁਮਾ ਸੱਕਣ ਤੇ ਨਿਜੀ ਤੌਰ ਤੇ ਵੀ ਕੁੱਝ ਵਿਚਾਰਾਂ ਕਰ ਸੱਕਣ। ਉਹਨਾਂ ਵਿਚੋਂ ਮੁਖੀ ਸਫਲ ਕਾਰੋਬਾਰੀ ਸੱਜਣ ਸ. ਰੇਸ਼ਮ ਸਿੰਘ ਜੀ ਸਨ। ਉਹਨਾਂ ਨੇ ਮੰਗਲਵਾਰ ਨੂੰ ਮੈਨੂੰ ਲੈ ਕੇ ਜਾਣ ਲਈ ਪ੍ਰੋਗਰਾਮ ਬਣਾਇਆ ਕਿਉਂਕਿ ਸੋਮਵਾਰ ਨੂੰ ਉਹਨਾਂ ਨੂੰ ਕੋਈ ਹੋਰ ਜ਼ਰੂਰੀ ਕੰਮ ਸੀ। ਸ. ਜਗਰੂਪ ਸਿੰਘ ਜੀ ਨੇ ਸੋਮਵਾਰ ਇਹ ਸੇਵਾ ਕਰਨ ਦੀ ਜ਼ਿਮੇਵਾਰੀ ਓਟੀ ਪਰ ਇਹ ਗਲ ਮੈਨੂੰ ਭੁੱਲ ਹੀ ਗਈ।
ਇਸ ਸੱਤ ਦਿਨਾਂ ਦੇ ਸਮੇ ਗ੍ਰੰਥੀ ਸਿੰਘ ਭਾਈ ਪਿਆਰਾ ਸਿੰਘ ਜੀ ਅਤੇ ਇੱਕ ਕਮੇਟੀ ਮੈਬਰ, ਸ. ਜਰਨੈਲ ਸਿੰਘ ਜੀ, ਨੇ ਮੈਨੂੰ ਉਸ ਮੁਲਕ ਦੀਆਂ ਇਤਿਹਾਸਕ ਥਾਂਵਾਂ ਦੀ ਯਾਤਰਾ ਵੀ ਕਰਵਾਈ। ਸੰਸਾਰ ਪ੍ਰਸਿਧ ਵਾਟਰਲੂ ਦੇ ਸਥਾਨ ਤੇ ਵੀ ਲੈ ਕੇ ਗਏ। ਇਸ ਸਥਾਨ ਦੀ ਯਾਤਰਾ ਕਰਦਿਆਂ ਹੋਇਆਂ ਮੈ ਵੀ ਖੁਦ ਨੂੰ ਪੰਜਾਂ ਸਵਾਰਾਂ ਵਿੱਚ ਸਮਝਣ ਲੱਗ ਪਿਆ। ਗ੍ਰੰਥੀ ਸਿੰਘ ਜੀ ਵਾਹਵਾ ਭਲੇ ਪੁਰਸ਼ ਹਨ। ਗੁਰਦੁਆਰਾ ਸਾਹਿਬ ਦੀ ਸਫਾਈ ਆਦਿ ਦੀ ਸੇਵਾ ਭਲੀ ਭਾਂਤ ਕਰਦੇ ਹਨ। ਆਏ ਗਏ ਸੱਜਣਾਂ ਦੀ ਸੇਵਾ ਸੰਭਾਲ਼ ਵੀ, ਆਪਣੀ ਪਹੁੰਚ ਅਨੁਸਾਰ, ਵੱਸ ਲੱਗਦੇ ਕਰਦੇ ਹਨ। ਮੇਰੇ ਓਥੇ ਇੱਕ ਹਫਤੇ ਦੇ ਟਿਕਾ ਕਰਨ ਦੇ ਸਮੇ ਦੌਰਾਨ ਉਹਨਾਂ ਨੇ ਚੰਗਾ ਮੇਰਾ ਆਦਰ ਮਾਣ ਕੀਤਾ ਪਰ ਇੱਕ ਨਿੱਕੀ ਜਿਹੀ ਗ਼ਲਤ ਫਹਿਮੀ ਹੋ ਜਾਣ ਕਾਰਨ ਮੈਨੂੰ ਅਗਲੇ ਸਵੇਰੇ, ਸੋਮਵਾਰ ਓਥੋਂ ਨਿਰਨੇ ਕਲ਼ੇਜੇ ਹੀ ਨਿਕਲ਼ਨਾ ਪਿਆ। ਇਹ ਗ਼ਲਤ ਫਹਿਮੀ ਵੀ ਐਤਵਾਰ ਦੇ ਦੀਵਾਨ ਸਮੇ ਮੇਰੇ ਧਾਰਮਿਕ ਵਿਖਿਆਨ ਸਮੇ, ਮੇਰੇ ਵੱਲੋਂ ਅਣਪ੍ਰਸੰਗਕ ਕੁੱਝ ਸ਼ਬਦ ਬੋਲੇ ਜਾਣ ਤੋਂ ਪੈਦਾ ਹੋ ਗਈ ਸੀ। ਇਹਨਾਂ ਮੇਰੇ ਸ਼ਬਦਾਂ ਤੋਂ ਉਪਜਿਆ ਭੁਲੇਖਾ, ਸੰਗਤ ਦੇ ਕੁੱਝ ਨੌਜਵਾਨ ਮੈਬਰਾਂ ਤੇ ਗ੍ਰੰਥੀ ਜੀ ਦਰਮਿਆਨ ਕੁੱਝ ਕੁ ਅਣਸੁਖਾਵੇਂ ਸ਼ਬਦਾਂ ਦੇ ਵਟਾਂਦਰੇ ਵਿੱਚ ਨਿਕਲ਼ਿਆ ਜਿਸ ਕਾਰਨ ਗ੍ਰੰਥੀ ਜੀ ਦੇ ਸਨਮਾਨ ਵਿੱਚ ਵਾਧਾ ਨਾ ਹੋਇਆ। ਇਸ ਕਾਰਨ ਹੀ ਮੈਨੂੰ ਸਵੇਰੇ ਗੁਰਦੁਆਰੇ ਵਿਚੋਂ ਸੁੱਚੇ ਮੂੰਹ ਹੀ ਨਿਕਲ਼ਨਾ ਪਿਆ। ਯਾਦ ਆ ਗਈ ਪਹਿਲਾਂ ਲਿਖੀ ਗਈ ਲੋੜੋਂ ਵਧ ਸ਼ਰੀਫ ਤੇ ‘ਸਿਆਣੇ’ ਪੁਰਸ਼ ਨਾਲ਼ ਵਾਪਰੀ ਘਟਨਾ ਦੀ। ਇਹ ਉਸ ਸਮੇ ਮੇਰੇ ਉਪਰ ਪੂਰੀ ਹੀ ਢੁਕ ਗਈ। ਜਿਵੇਂ ਉਹ ਸੱਜਣ ਪੁਰਸ਼ ਝੋਲ਼ੀ ਵਿੱਚ ਰਿਝਦੇ ਕੱਚੇ ਹੀ ਚੌਲ਼ ਪੁਆ ਕੇ ਉਸ ਬੀਬੀ ਦੇ ਘਰੋਂ ਨਿਕਲ਼ਿਆ ਸੀ। ਮੈਨੂੰ ਵੀ ਉਸ ਵਾਂਗ ਹੀ ਭਰੇ ਭਕੁੰਨੇ ਗੁਰੂ ਘਰ ਵਿਚੋਂ ਨਿਰਨੇ ਕਾਲ਼ਜੇ ਹੀ ਇਹ ਆਖਦੇ ਹੋਏ ਨਿਕਲ਼ਨਾ ਪਿਆ:
ਤੇਰਾ ਚੁੱਕ ਨਾ ਦੁਆਰਾ ਲਿਜਾਣਾ, ਰਾਹੀਆਂ ਨੇ ਰਾਹ ਲੱਗਣਾ।
ਗੁਰਦੁਆਰਿਉਂ ਨਿਕਲ਼ ਕੇ ਰੇਲਵੇ ਸਟੇਸ਼ਨ ਨੂੰ ਤੁਰ ਪਿਆ ਤਾਂ ਕਿ ਵੱਡੇ ਸਟੇਸ਼ਨ ਤੇ ਜਾਕੇ ਅਗਲੇ ਕਿਸੇ ਮੁਲ਼ਕ ਵਾਸਤੇ ਗੱਡੀ ਜਾਂ ਬੱਸ ਫੜੀ ਜਾਵੇ। ਫਿਰ ਵਿਚਾਰ ਆਇਆ ਕਿ ਮੇਰੇ ਇਸ ਤਰ੍ਹਾਂ ਚਲੇ ਜਾਣ ਮਗਰੋਂ ਪਤਾ ਨਹੀ ਕੀ ਕੀ ਅਫਵਾਹਾਂ ਉਡ ਜਾਣ! ਇਸ ਲਈ ਮੈਨੂੰ ਸ. ਰੇਸ਼ਮ ਸਿੰਘ ਜੀ ਨੂੰ ਦੱਸ ਕੇ ਹੀ ਜਾਣਾ ਚਾਹੀਦਾ ਹੈ, ਪਰ ਆਪਣੇ ਸਦਾ ਵਾਂਗ ਦਲਿਦਰੀ ਸੁਭਾ ਸਦਕਾ ਫੋਨ ਮੈ ਕਿਸੇ ਦਾ ਵੀ ਨਹੀ ਸੀ ਲਿਆ। ਮੁਖ ਰੇਲਵੇ ਸਟੇਸ਼ਨ ਤੇ ਏਧਰ ਓਧਰ ਨਿਗਾਹ ਵੀ ਮਾਰਾਂ ਕਿ ਕਿਤੇ ਕੋਈ ਇੰਡੀਅਨ ਹੱਟੀ ਮਿਲ਼ ਜਾਵੇ ਤਾਂ ਢਿਡ ਨੂੰ ਝੁਲ਼ਕਾ ਦਿਆਂ ਤੇ ਨਾਲ਼ ਸ਼ੂਗਰ ਵਾਲੀ ਦਵਾਈ ਵੀ ਖਾਵਾਂ। ਕਿਤੇ ਕੋਈ ਦੁਕਾਨ ਮੇਰੀ ਨਜ਼ਰੀਂ ਨਾ ਪਈ। ਸਟੇਸ਼ਨ ਤੇ ਇਹ ਕੁੱਝ ਕਰਦੇ ਫਿਰਦਿਆਂ ਹੀ ਵਿਚਾਰ ਆਇਆ ਕਿ ਕਿਉਂ ਨਾ ਸਿੰਤ ਤਰੂਦਨ ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ ਹੀ ਜਾਇਆ ਜਾਵੇ ਜਿਥੇ ਪਹਿਲਾਂ ਇੱਕ ਹਫਤਾ ਰਿਹਾ ਸਾਂ। ਨਾਲੇ ਤਾਂ ਲੰਗਰ ਵਿਚੋਂ ਪ੍ਰਸ਼ਾਦਾ ਛਕਾਂਗਾ ਤੇ ਨਾਲ਼ੇ ਓਥੋਂ ਸ. ਰੇਸ਼ਮ ਸਿੰਘ ਜੀ ਦਾ ਫੋਨ ਪ੍ਰਾਪਤ ਕਰਕੇ ਉਹਨਾਂ ਨੂੰ ਦੱਸ ਦਿਆਂਗਾ ਕਿ ਮੈ ਅਗਲੇ ਮੁਲਕ ਨੂੰ ਰਵਾਨਾ ਹੋ ਰਿਹਾ ਹਾਂ। ਓਧਰ ਦੀ ਰੇਲ ਗੱਡੀ ਤੇ ਬੈਠ ਕੇ ਓਧਰ ਨੂੰ ਤੁਰ ਪਿਆ। ਮੇਰੀ ਪੋਜ਼ੀਸ਼ਨ ਕੁੱਝ ਉਸ ਜੜਾਵਾਂ ਵਾਲ਼ੇ ਸਾਧ ਵਾਲ਼ੀ ਹੀ ਹੈ ਜੋ ਕਿ ਸਵੇਰੇ ਸਵੇਰੇ ਆਪਣੇ ਆਸਣ ਤੋਂ ਗਜਾ ਕਰਨ ਲਈ ਨਿਕਲ਼ਿਆ ਤਾਂ ਹਵਾ ਪਿਛਲੇ ਪਾਸਿਉਂ ਦੀ ਹੋਣ ਕਰਕੇ ਹਵਾ ਦੇ ਬੁੱਲੇ ਨਾਲ਼ ਜੜਾਵਾਂ ਉਡ ਕੇ ਉਸਦੇ ਮੂੰਹ ਤੇ ਆ ਪਈਆਂ। ਆਪਣੇ ਖੱਬੇ ਹੱਥ ਨਾਲ਼ ਜੜਾਵਾਂ ਪਿਛੇ ਨੂੰ ਸੁੱਟ ਕੇ ਤੁਰੀ ਗਿਆ। ਜਦੋਂ ਤੀਜੀ ਵਾਰ ਵੀ ਜੜਾਵਾਂ ਨੇ ਹਵਾ ਦੀ ਉਪਾਧੀ ਕਰਕੇ ਏਹੀ ਕੁੱਝ ਕੀਤਾ ਤਾਂ ਰੁਕ ਗਿਆ ਤੇ ਇੱਕ ਪਲ ਕੁੱਝ ਸੋਚ ਕੇ ਇਹ ਆਖਦਾ ਹੋਇਆ, “ਏਧਰ ਕੇਹੜੀ ਤੇਰੀ ਮਾਸੀ ਪਰਾਉਂਠੇ ਪਕਾ ਕੇ ਉਡੀਕ ਰਹੀ ਆ! ਗਜਾ ਈ ਕਰਨਾ; ਏਧਰੋਂ ਨਹੀ ਤਾਂ ਓਧਰੋਂ ਸਹੀ।” ਜਿਧਰੋਂ ਹਵਾ ਆਉਂਦੀ ਸੀ ਓਧਰ ਨੂੰ ਮੂੰਹ ਕਰਕੇ ਤੁਰ ਪਿਆ। ਸਿੰਤ ਤਰੂਦਨ ਦੇ ਗੁਰਦੁਆਰੇ ਪੁੱਜ ਕੇ ਤਿੰਨ ਕੁ ਵਜੇ ਲੰਗਰ ਵਿਚੋਂ ਦੋ ਸਵੇਰ ਦੇ ਬਣੇ ਪ੍ਰਸਾਦੇ ਛਕੇ ਤੇ ਉਪ੍ਰੰਤ ਜਲ ਪਾਣੀ ਦਾ ਗਲਾਸ ਅੰਦਰ ਸੁੱਟਿਆ ਤਾਂ ਕਲ਼ੇਜੇ ਨੂੰ ਕੁੱਝ ਧਰਵਾਸ ਹੋਇਆ। ਇੱਕ ਸ਼ੂਗਰ ਦਾ ਮਰੀਜ, ਉਮਰ ਵੀ ਵਡੇਰੀ, ਸਵੇਰ ਦਾ ਚਾਹ ਦਾ ਕੱਪ ਵੀ ਨਾ ਮਿਲ਼ਿਆ ਤੇ ਨਾ ਹੀ ਖਾਲੀ ਪੇਟ ਹੋਣ ਕਰਕੇ ਦਵਾਈ ਖਾਧੀ। ਅੰਦਰ ਅੰਨ ਤੇ ਚਾਹ ਜਾਣ ਪਿੱਛੋਂ ਅੱਖਾਂ ਖੁਲ੍ਹੀਆਂ ਤਾਂ ਸ. ਰੇਸ਼ਮ ਸਿੰਘ ਜੀ ਦਾ ਫੋਨ ਲੈ ਕੇ ਉਹਨਾਂ ਨੂੰ ਰਿੰਗ ਮਾਰਿਆ ਤਾਂ ਪਤਾ ਲੱਗਾ ਕਿ ਸ. ਜਗਰੂਪ ਸਿੰਘ ਜੀ ਮੈਨੂੰ ਲੈਣ ਗੁਰਦੁਆਰੇ ਗਏ ਸਨ ਪਰ ਗ੍ਰੰਥੀ ਜੀ ਤੋਂ ਪਤਾ ਲੱਗਾ ਕਿ ਮੈ ਓਥੋਂ ਨਿਕਲ਼ ਗਿਆ ਹਾਂ। ਉਹਨਾਂ ਕਿਹਾ, “ਹੁਣ ਤੁਸੀਂ ਮੇਰੇ ਕੋਲ਼ ਆਓਗੇ ਰੇਲ ਰਾਹੀਂ ਕਿ ਮੈ ਆ ਕੇ ਤੁਹਾਨੂੰ ਖੜਾਂ!” ਮੈ ਕਿਹਾ, “ਅੱਜ ਤਾਂ ਨਹੀ ਭਲ਼ਕੇ ਹੀ ਤੁਹਾਡੇ ਦਰਸ਼ਨ ਕਰ ਸਕਾਂਗਾ।” ਆਪਣੀ ਆਦਤ ਤੋਂ ਉਲ਼ਟ, ਉਹਨਾਂ ਦਾ ਸਿਰਨਾਵਾਂ ਤੇ ਫੋਨ ਮੈ ਲਿਖ ਲਏ ਲੋੜ ਹੋਣ ਕਰਕੇ।
ਪਾਠਕਾਂ ਦੀ ਜਾਣਕਾਰੀ ਵਜੋਂ ਇਹ ਦੱਸਦਾ ਜਾਵਾਂ ਕਿ ਅੱਜ ਕਲ੍ਹ ਇਹ ਭਾਈ ਪਿਆਰਾ ਸਿੰਘ ਜੀ ਬਰੱਸਲ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਹੀ ਨਿਭਾ ਰਹੇ। ਏਸੇ ਦੇਸ਼ ਦੇ ਇੱਕ ਹੋਰ ਮਹੱਤਵਪੂਰਣ ਸ਼ਹਿਰ ਲੀਜ
(Liege) ਵਿਖੇ, ਨਵੇ ਸਥਾਪਤ ਹੋਏ ਗੁਰਦੁਆਰਾ ਸਾਹਿਬ ਦੀ ਸੰਗਤ ਤੇ ਪ੍ਰਬੰਧਕ, ਉਹਨਾਂ ਨੂੰ ਮਾਣ ਸਤਿਕਾਰ ਸਹਿਤ ਆਪਣੇ ਪਾਸ ਗ੍ਰੰਥੀ ਸਿੰਘ ਦੀ ਸੇਵਾ ਵਾਸਤੇ ਲੈ ਗਏ ਹਨ। ਓਥੇ ਆਪ ਜੀ ਗੁਰੂ ਘਰ ਦੀ ਸੇਵਾ ਨਿਭਾਉਂਦਿਆ ਹੋਇਆਂ ਸੰਗਤਾਂ ਪਾਸੋਂ ਯੋਗ ਮਾਣ ਸਤਿਕਾਰ ਪ੍ਰਾਪਤ ਕਰ ਰਹੇ ਹਨ।
ਅਗਲੇ ਦਿਨ ਰੇਲ ਰਾਹੀਂ ਬਰੱਸਲ ਦੇ ਮੁਖ ਰੇਲਵੇ ਸਟੇਸ਼ਨ ਤੇ ਜਾ ਉਤਰਿਆ। ਸਮੱਸਿਆ ਫਿਰ ਫੋਨ ਦੀ ਆ ਗਈ। ਬਹੁਤ ਹੀ ਘੁੰਮਿਆ ਕਿ ਕਿਤੇ ਪੇ ਫੋਨ ਲਭ ਪਵੇ। ਇਸ ਲਈ ਸੈਕਿਉਰਟੀ ਵਾਲੇ, ਪੁਲਿਸ ਵਾਲ਼ੇ ਸਭ ਫੋਲ ਮਾਰੇ ਪਰ ਕੁੱਝ ਪੱਲੇ ਨਾ ਪੈਣ ਪਿਛੋਂ, ਟੈਕਸੀ ਵਾਲ਼ੇ ਨੂੰ ਸਿਰਨਾਵਾਂ ਦੱਸ ਕੇ ਤੇ ਰਾਹ ਪੁੱਛ ਕੇ ਪੈਦਲ ਹੀ ਉਸ ਪਾਸੇ ਨੂੰ ਤੁਰ ਪਿਆ। ਚੰਗਾ ਭਲਾ ਸਿਧੇ ਰਸਤੇ ਤੁਰਿਆ ਜਾ ਰਿਹਾ ਸਾਂ ਕਿ ਆਦਤ ਤੋਂ ਮਜਬੂਰ ਦੋ ਮਿਡਲ ਈਸਟਰਨ ਦਿਸਦੇ ਮੁੰਡਿਆਂ ਨੂੰ ਰਾਹ ਪੁੱਛ ਬੈਠਾ। ਉਹਨਾਂ ਨੇ ਕਿਹਾ ਕਿ ਠੀਕ ਏਹੋ ਹੀ ਰਾਹ ਹੈ। ਅੱਗੇ ਜਾਕੇ ਉਹਨਾਂ ਨੇ ਪਹਿਲਾਂ ਦੱਸੇ ਰਾਹ ਤੋਂ ਉਲ਼ਟ ਰਾਹੇ ਪਾ ਦਿਤਾ। ਖੁੜਕ ਤਾਂ ਮੈਨੂੰ ਓਦੋਂ ਹੀ ਗਈ ਸੀ ਪਰ ਪਤਾ ਨਹੀ ਕੇਹੜੀ ਪ੍ਰੇਰਨਾ ਅਧੀਨ ਮੈ ਉਹਨਾਂ ਦੇ ਦੱਸੇ ਪੁਠੇ ਰਾਹ ਨੂੰ ਤੁਰ ਪਿਆ। ਉਸ ਮਾਈ ਜਿੰਨੀ ਸਿਆਣਪ ਅਜੇ ਮੇਰੇ ਵਿੱਚ ਨਹੀ ਆਈ। ਮਾਈ ਦੀ ਕਹਾਣੀ ਇਸ ਪ੍ਰਕਾਰ ਹੈ: ਇੱਕ ਮਾਈ ਆਪਣੇ ਸਿਰ ਤੇ ਭਾਰੀ ਗਠੜੀ ਚੁੱਕੀ ਜਾ ਰਹੀ ਸੀ। ਥਕਾਵਟ ਤੇ ਗਰਮੀ ਨਾਲ਼ ਕੁੱਝ ਅਣਸੁਖਾਵੀਂ ਜਿਹੀ ਸਥਿਤੀ ਵਿੱਚ ਸੀ। ਇਸ ਦੌਰਾਨ ਇੱਕ ਘੋੜੀ ਤੇ ਸਵਾਰ ਨੌਜਵਾਨ ਉਸ ਰਾਹੇ ਗੁਜ਼ਰਿਆ। ਮਾਤਾ ਨੇ ਉਸਨੂੰ ਆਖਿਆ, “ਵੇ ਵੀਰਾ, ਆਹ ਮੇਰੀ ਗਠੜੀ ਤੂੰ ਲਈ ਚੱਲ ਅਗਲੇ ਪੜਾ ਤੱਕ। ਰੱਬ ਤੇਰਾ ਭਲਾ ਕਰੇ!” ਉਸਨੇ ਨਾਂਹ ਕਰ ਦਿਤੀ। ਕੁੱਝ ਦੂਰੀ ਤੇ ਹੀ ਗਿਆ ਸੀ ਕਿ ਉਸਦੇ ਦਿਲ ਵਿੱਚ ਵਿਚਾਰ ਆਈ, “ਕਿਉਂ ਨਾ ਉਹ ਗਠੜੀ ਕਾਬੂ ਕਰਕੇ ‘ਨੌ ਦੋ ਗਿਆਰਾਂ’ ਹੋ ਜਾਵਾਂ!’ ਮਾਈ ਕੇਹੜਾ ਮੈਨੂੰ ਲਭ ਲਵੇਗੀ!” ਇਸ ਸੋਚ ਕੇ ਉਹ ਵਾਪਸ ਗਠੜੀ ਲੈਣ ਲਈ ਮੁੜ ਪਿਆ। ਏਸੇ ਸਮੇ ਦੌਰਾਨ ਹੀ ਮਾਈ ਨੂੰ ਖਿਆਲ ਆ ਗਿਆ, “ਮੈ ਵੀ ਕਿੱਡੀ ਕਮਲ਼ੀ ਹਾਂ; ਇੱਕ ਅਣਜਾਣ ਰਾਹੀ ਨੂੰ ਆਪਣਾ ਲਟਾ-ਪਟਾ ਫੜਾ ਦੇਣ ਲੱਗੀ ਸਾਂ। ਜੇ ਉਹ ਲੈ ਕੇ ਛੁਪਣ ਹੋ ਜਾਵੇ ਤਾਂ ਮੈ ਉਹਦੀ ਕੇਹੜੀ ਪੂਛ ਫੜ ਲੈਂਦੀ!” ਜਦੋਂ ਉਸ ਨੇ ਆ ਕੇ ਆਖਿਆ, “ਲਿਆ ਮਾਈ ਫੜਾ, ਤੇਰੀ ਗਠੜੀ ਮੈ ਲੈ ਜਾਂਦਾ ਹਾਂ। “ਤਾਂ ਮਾਈ ਨੇ ਟਿਕਾ ਕੇ ਇਉਂ ਆਖਿਆ, “ਭਾਈ ਜੇਹੜਾ ਤੈਨੂੰ ਇਹ ਕੁੱਝ ਦੱਸਣ ਗਿਆ ਸੀ, ਉਹ ਮੇਰੇ ਪਾਸੋਂ ਹੀ ਲੰਘ ਕੇ ਗਿਆ ਸੀ। ਤੂੰ ਆਪਣੇ ਰਾਹ ਲੱਗ। ਇਹ ਭਾਰ ਮੈ ਆਪੇ ਲਈ ਜਾਵਾਂਗੀ।”
ਉਹ ਦੋਵੇਂ ‘ਸੱਜਣ ਪੁਰਸ਼’ ਸੜਕ ਦੇ ਦੂਜੇ ਪਾਸੇ ਨਾਲ਼ ਨਾਲ਼ ਹੀ ਮੇਰੇ ਤੇ ਅੱਖ ਰੱਖ ਕੇ ਤੁਰੇ ਜਾ ਰਹੇ ਸਨ। ਇਸ ਦੌਰਾਨ ਲੈਟਰ ਬਕਸਾਂ ਵਿੱਚ ਲੈਟਰ ਪਾਉਂਦੀ ਇੱਕ ਗੋਰੀ ਬੀਬੀ ਮੈਨੂੰ ਦਿਸ ਪਈ। ਆਪਣੀ ਆਦਤ ਵੱਸ ਮੈ ਉਸਨੂੰ ਰਾਹ ਪੁੱਛਣ ਲਈ ਘੇਰ ਖਲੋਤਾ। ਉਸਨੇ ਮੈਨੂੰ ਉਹਨਾਂ ਤੋਂ ਉਲ਼ਟ ਪਹਿਲੇ ਰਾਹ ਵੱਲ ਜਾਣ ਲਈ ਕਿਹਾ। ਉਹ ਦੋਵੇਂ ਤੁਰੇ ਜਾਂਦੇ ਦੂਜੇ ਪਾਸਿਉਂ ਫਿਰ ਮੇਰੇ ਕੋਲ਼ ਆ ਕੇ ਆਖਣ ਲੱਗੇ, “ਇਹ ਰਾਹ ਵੀ ਅੱਗੋਂ ਦੀ ਹੋ ਕੇ ਓਧਰ ਹੀ ਚਲਿਆ ਜਾਂਦਾ ਹੈ।” ਮੈ ਕੁੱਝ ਦ੍ਰਿੜ੍ਹਤਾ ਜਿਹੀ ਨਾਲ਼ ਆਖਿਆ, “ਇਹ ਬੀਬੀ ਏਥੋਂ ਦੀ ਰਹਿਣ ਵਾਲੀ ਹੈ ਤੇ ਇਸਨੂੰ ਸਾਡੇ ਨਾਲ਼ੋਂ ਵਧ ਪਤਾ ਹੈ। ਮੈ ਇਸਦੇ ਦੱਸੇ ਰਾਹ ਤੇ ਹੀ ਜਾਵਾਂਗਾ।” ਜਦੋਂ ਉਹ ਬੀਬੀ ਕੁੱਝ ਦੂਰ ਚਲੀ ਗਈ ਤਾਂ ਫਿਰ ਉਹਨਾਂ ‘ਭੱਦਰ ਪੁਰਸ਼ਾਂ’ ਨੇ ਜਿਵੇਂ ਆਪਣਾ ਅੰਤਮ ਹਥਿਆਰ ਵਰਤਣ ਦਾ ਫੈਸਲਾ ਕਰ ਲਿਆ ਹੋਵੇ! ਆਂਹਦੇ, “ਆਹ ਤੇਰੀ ਜੈਕਟ ਤੇ ਗੰਦ ਲੱਗਾ ਹੋਇਆ ਹੈ। ਲਾਹ ਦੇ ਅਸੀਂ ਸਾਫ ਕਰ ਦਈਏ।” ਤੇ ਇਹ ਆਖਦਿਆਂ ਹੀ ਮੇਰੇ ਗਲੋਂ ਮੇਰੀ ਝੱਗੀ ਉਤਾਰਨ ਲੱਗ ਪਏ। ਪਹਿਲਾਂ ਤਾਂ ਮੈ ਉਹਨਾਂ ਦੀ ‘ਹਮਦਰਦੀ’ ਭਰੀ ਸਹਾਇਤਾ ਲੈਣ ਲਈ ਤਿਅਰ ਹੋ ਗਿਆ ਪਰ ਫਿਰ ਕੁੱਝ ਸੋਚ ਕੇ ਮੈ ਆਖਿਆ, “ਨਹੀ, ਮੈ ਓਥੇ ਜਾ ਕੇ ਹੀ ਸਾਫ ਕਰਾਂਗਾ।” ਜਦੋਂ ਮੈ ਸਖ਼ਤੀ ਨਾਲ ਉਹਨਾਂ ਨੂੰ ਆਪਣੀ ਜੈਕਟ ਲਾਹੁਣੋ ਰੋਕ ਦਿਤਾ ਤਾਂ ਫਿਰ ਉਹ ਮੇਰਾ ਖਹਿੜਾ ਛੱਡ ਕੇ ਚਲੇ ਗਏ।
ਸ. ਰੇਸ਼ਮ ਸਿੰਘ ਦੇ ਸਰਵਿਸ ਸਟੇਸ਼ਨ ਤੇ ਪੁੱਜ ਕੇ ਜਦੋਂ ਮੈ ਇਹ ਵਾਰਤਾ ਉਹਨਾਂ ਨੂੰ ਸੁਣਾਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਤਾਂ ਉਹਨਾਂ ਦਾ ਬੜਾ ਹੀ ਆਮ ਤੇ ਸਫ਼ਲ ਤਰੀਕਾ ਹੈ ਪਰਦੇਸੀਆਂ ਨੂੰ ਲੁੱਟਣ ਦਾ। ਉਹ ਹਰੇਕ ਨਵੇ ਆਏ ਤੇ ਇਹੋ ਹਥਿਆਰ ਹੀ ਵਰਤਦੇ ਹਨ ਤੇ ਆਮ ਹੀ ਯਾਤਰੂ ਇਹਨਾਂ ਦਾ ਸ਼ਿਕਾਰ ਬਣ ਜਾਂਦੇ ਹਨ। ਪਹਿਲਾਂ ਗਲ਼ ਪਿਆ ਕੋਟ ਵਗੈਰਾ ਉਤਾਰਦੇ ਹਨ ਤੇ ਇੱਕ ਜਣਾ ਉਹ ਕੋਟ ਲੈ ਕੇ ਇੱਕ ਪਾਸੇ ਨੂੰ ਭੱਜਦਾ ਹੈ ਤੇ ਬੰਦਾ ਉਸ ਮਗਰ ਉਲਰਦਾ ਹੈ। ਦੂਜਾ ਜਣਾ ਬਾਕੀ ਸੂਟਕੇਸ ਆਦਿ ਲਟਾ-ਪਟਾ ਲੈ ਕੇ ਦੂਜੇ ਪਾਸੇ ਭੱਜ ਜਾਂਦਾ ਹੈ। ਮੇਰਾ ਤਾਂ ਸਾਰਾ ਕੁੱਝ ਜੀਵਨ ਬੂਟੀ ਹੀ ਉਸ ਝੱਗੀ ਦੀਆਂ ਜੇਬਾਂ ਵਿੱਚ ਸੀ ਜਿਸ ਨਾਲ਼ ਮੈ ਬੇਫਿਕਰ ਹੋ ਕੇ ਦੁਨੀਆ ਭਰ ਵਿੱਚ ਉਡਿਆ ਫਿਰਦਾ ਸਾਂ ਤੇ ਕਿਸੇ ਟੁੰਡੇ ਲਾਟ ਦੀ ਮੈਨੂੰ ਪ੍ਰਵਾਹ ਨਹੀ ਸੀ ਹੁੰਦੀ; ਅਰਥਾਤ ਪਾਸਪੋਰਟ, ਪੈਸੇ, ਟਿਕਟਾਂ ਤੇ ਹੋਰ ਨਿਕ ਸੁਕ।
ਸ. ਰੇਸ਼ਮ ਸਿੰਘ ਹੋਰਾਂ ਨੇ ਦੋ ਚਾਰ ਦਿਨ ਮੈਨੂੰ ਅਪਣੇ ਘਰ ਠਹਿਰਾਇਆ, ਏਧਰ ਓਧਰ ਘੁਮਾਇਆ ਤੇ ਫਿਰ ਮੇਰੇ ਆਖਣ ਤੇ ਮੈਨੂੰ ਨੀਦਰਲੈਂਡ ਦੇ ਸ਼ਹਿਰ, ਐਮਸਰਟਰਡੈਮ ਨੂੰ ਜਾਣ ਵਾਲ਼ੀ ਬੱਸ ਦੇ ਅੱਡੇ ਤੇ ਲਾਹ ਕੇ ਮੁੜ ਗਿਆ ਤੇ ਮੈ ਅੱਗੇ ਨੂੰ ਤੁਰ ਗਿਆ।
.