.

ਪ੍ਰਸ਼ਨ: ਕੀ ਸਿੱਖ ਧਰਮ ਅਨੁਸਾਰ ਅਕਾਲ ਪੁਰਖ ਜੂਨਾਂ ਵਿੱਚ ਆਉਂਦਾ ਹੈ? ਜੇ ਕਰ ਉੱਤਰ ਨਾਂਹ ਵਿੱਚ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਅਰਜਨ ਦੇਵ ਜੀ ਬਾਰੇ ਐਸਾ ਕਿਉਂ ਆਖਿਆ ਹੈ ਕਿ “ਗੁਰ ਅਰਜਨ ਪਰਤਖ੍ਹ ਹਰਿ?’

ਉੱਤਰ: ਜਿੱਥੋਂ ਤੱਕ ਪ੍ਰਭੂ ਦੇ ਜੂਨਾਂ ਵਿੱਚ ਆਉਣ ਦਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ `ਚ ਸ਼ੁਰੂ ਵਿੱਚ ਹੀ, ਮੰਗਲਾ ਚਰਨ (ਮੂਲ ਮੰਤਰ) ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜੂਨੀ ਆਖਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਵਾਹਿਗੁਰੂ ਜੂਨਾਂ ਵਿੱਚ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਨੂੰ ਵਿਅਕਤੀ ਨਹੀਂ, ਸ਼ਕਤੀ ਆਖਦਿਆਂ ਹੋਇਆਂ ਉਸ ਬਾਰੇ ਇੰਝ ਆਖਿਆ ਹੈ: ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ {ਪੰਨਾ 283}

(ਅਰਥ:- ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ। ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤੱਰੁਠਦਾ ਹੈ। 1)

ਪ੍ਰਭੂ ਬਾਰੇ ਕੇਵਲ ਇੱਨਾ ਹੀ ਨਹੀਂ ਆਖਿਆ ਕਿ ਉਹ ਅਜੂਨੀ ਭਾਵ ਜੂਨਾਂ ਵਿੱਚ ਨਹੀਂ ਆਉਂਦਾ ਬਲਕਿ ਉਸ ਬਾਰੇ ਅਜੇਹਾ ਆਖਣ ਅਥਵਾ ਸਮਝਣ ਵਾਲੇ ਨੂੰ ਮੁਖ਼ਾਤਬ ਕਰਦਿਆਂ ਆਖਿਆ ਹੈ, “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ਭਾਵ ਹੇ ਰੱਬ ਬਾਰੇ ਅਜੇਹਾ ਆਖਣ ਵਾਲਿਆ ਸੜ ਜਾਏ ਤੇਰਾ ਉਹ ਮੂੰਹ ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ।

ਹਜ਼ੂਰ ਵਾਹਿਗੁਰੂ ਬਾਰੇ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਦਿਆਂ ਫ਼ਰਮਾਉਂਦੇ ਹਨ, “ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥ ਕਿ ਹੇ ਭਾਈ! ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ। 4. (1136)

ਜਿੱਥੋਂ ਤੱਕ “ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥ ਪੰਗਤੀ ਦਾ ਸਵਾਲ ਹੈ, ਇਹ ਪੰਗਤੀ ਭੱਟਾਂ ਦੇ ਸਵਈਏ ਵਿਚ, ਮਥੁਰਾ ਭੱਟ ਦੇ ਉਚਾਰਣ ਸਵਈਏ ਵਿੱਚ ਦਰਜ ਹੈ। ਪੂਰਾ ਸਵਈਆ ਇਸ ਤਰ੍ਹਾਂ ਹੈ:- ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥ ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥

(ਅਰਥ:- ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ, ਆਪ ਦੇ ਹਿਰਦੇ ਵਿੱਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।)

ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥ ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥

(ਅਰਥ:- ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ। ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।)

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥ ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥ {ਪੰਨਾ 1409}

(ਅਰਥ:- (ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿੱਚ ਵਿਆਪ ਰਿਹਾ ਹੈ। ਹੇ ਮਥੁਰਾ! ਆਖਿ—ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ। 7.)

ਭੱਟਾਂ ਦੇ ਸਵਈਆਂ ਵਿੱਚ ਕੇਵਲ ਗੁਰੂ ਅਰਜਨ ਦੇਵ ਜੀ ਬਾਰੇ ਹੀ ਅਜੇਹਾ ਨਹੀਂ ਆਖਿਆ ਗਿਆ ਬਲਕਿ ਗੁਰੂ ਅਮਰਦਾਸ ਜੀ ਦੀ ਉਪਮਾਂ ਕਰਦਿਆਂ ਹੋਇਆਂ ਵੀ ਭੱਟ ਕੀਰਤ ਜੀ ਆਖਦੇ ਹਨ:- ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ {ਪੰਨਾ ੧੩੯੫}

(ਅਰਥ:- (ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ। ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿੱਚ ਜੋਤਿ ਪ੍ਰਗਟਾਈ ਹੈ।)

ਕੇਵਲ ਭੱਟਾਂ ਨੇ ਹੀ ਸਤਿਗੁਰੂ ਜੀ ਦੀ ਉਪਮਾ ਕਰਦਿਆਂ ਇੰਝ ਨਹੀਂ ਆਖਿਆ ਬਲਕਿ ਗੁਰ ਸਾਹਿਬਾਨ ਨੇ ਵੀ ਵਾਹਿਗੁਰੂ ਦੀ ਸਿਫਤ ਸਾਲਾਹ ਕਰਦਿਆਂ ਪ੍ਰਭੂ ਦੇ ਗੁਣਾਂ ਵਿੱਚ ਹੀ ਲੀਨ ਹੋਣ ਵਾਲਿਆਂ ਬਾਰੇ ਫ਼ਰਮਾਇਆ ਹੈ:- ਹਰਿ ਕਾ ਸੇਵਕੁ ਸੋ ਹਰਿ ਜੇਹਾ ॥ ਭੇਦੁ ਨ ਜਾਣਹੁ ਮਾਣਸ ਦੇਹਾ ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥ (ਪੰਨਾ 1076) (ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ। (ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿੱਚ ਪਾਣੀ ਰਲ ਜਾਂਦਾ ਹੈ।)

ਪ੍ਰਭੂ ਨਾਲ ਅਜਿਹੀ ਅਭੇਦਤਾ ਦਾ ਹੀ ਵਰਣਨ ਕਰਦਿਆਂ ਕਬੀਰ ਸਾਹਿਬ ਕਹਿੰਦੇ ਹਨ:-

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥ (ਪੰਨਾ 969) (ਅਰਥ: ਆਪਣੇ ਗੁਰੂ ਦੀ ਕਿਰਪਾ ਨਾਲ) ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅੱਪੜ ਗਿਆ ਹਾਂ, ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ। ਮੈਂ ਕਬੀਰ ਅਤੇ ਮੇਰਾ ਰਾਮ ਇੱਕ-ਰੂਪ ਹੋ ਗਏ ਹਾਂ, ਕੋਈ ਸਾਡੇ ਵਿੱਚ ਫ਼ਰਕ ਨਹੀ ਦੱਸ ਸਕਦਾ।)

ਭੱਟ ਮਥੁਰਾ ਜਦ ਗੁਰੂ ਸਾਹਿਬਾਨ ਦੀ ਉਪਮਾ ਕਰਦਿਆਂ ਇਹ ਕਹਿੰਦੇ ਹਨ ਕਿ: “ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥” ਜਾਂ ਗੁਰੂ ਅਮਰਦਾਸ ਜੀ ਬਾਰੇ ਭਟ ਕੀਰਤ ਕਹਿੰਦੇ ਹਨ: “ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥” ਤਾਂ ਭੱਟ ਆਪ ਹੀ ਇਸ ਭਾਵ ਨੂੰ ਸਪਸ਼ਟ ਕਰ ਦੇਂਦੇ ਹਨ ਕਿ ਜਦ ਉਹ ਗੁਰੂ ਸਾਹਿਬ ਬਾਰੇ ਅਜਿਹਾ ਆਖਦੇ ਹਨ ਤਾਂ ਉਸ ਦਾ ਭਾਵ ਗੁਰੂ ਸਾਹਿਬਾਨ ਦਾ ਪ੍ਰਭੂ ਨਾਲ ਅਭੇਦਤਾ ਦਾ ਹੈ। ਹੇਠਾਂ ਭੱਟਾਂ ਦੇ ਸਵਈਆਂ ਵਿਚੋਂ ਹੀ ਇੱਕ ਇੱਕ ਉਦਾਰਣ ਦਿੱਤੀ ਜਾ ਰਹੀ ਹੈ, ਜਿਨ੍ਹਾਂ `ਚੋਂ ਇਸ ਭਾਵ ਨੂੰ ਵੇਖਿਆ ਜਾ ਸਕਦਾ ਹੈ:- “ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥ ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਯ੍ਯਹ ਤਾਰੈ ॥ ” {ਪੰਨਾ 1395}

(ਅਰਥ:- (ਗੁਰੂ ਅਮਰਦਾਸ ਆਪਣੇ) ਹਿਰਦੇ ਵਿੱਚ (ਕਰਤਾਰ ਦੀ) ਭਗਤੀ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ, ਅਤੇ ਕਰਤਾਰ ਨੂੰ ਸਿਮਰਦਾ ਹੈ; ਸਤਿਗੁਰੂ (ਅਮਰਦਾਸ) ਗੰਭੀਰ ਹੈ, ਦਰੀਆ-ਦਿਲ ਹੈ, ਡੁੱਬਦੇ ਜੀਵਾਂ ਨੂੰ ਪਲ ਵਿੱਚ ਤਾਰ ਦੇਂਦਾ ਹੈ।)

ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗ੍ਹੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥ ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥ {ਪੰਨਾ 1408}

(ਅਰਥ:- (ਜਿਸ ਗੁਰੂ ਅਰਜੁਨ ਦਾ) ਪਿਆਰ ਬੇਅੰਤ ਹਰੀ ਨਾਲ ਲੱਗਾ ਹੋਇਆ ਹੈ, ਤੇ ਜਿਸ ਨੂੰ ਹਰੀ ਤੋਂ ਬਿਨਾ ਕਿਸੇ ਹੋਰ ਕੰਮ ਨਾਲ ਕੋਈ ਗਉਂ ਨਹੀਂ ਹੈ, ਉਹ ਗੁਰੂ ਅਰਜੁਨ ਹੀ ਮਥੁਰਾ ਦਾ ਸਰਬ-ਵਿਆਪਕ ਪ੍ਰਭੂ ਹੈ, ਉਹ ਭਗਤੀ ਦੀ ਖ਼ਾਤਰ ਹਰੀ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ। 3.)

ਗੁਰੂ ਅਰਜਨ ਦੇਵ ਜੀ ਵੀ ਜਦ ਗੁਰੂ ਨਾਨਕ ਸਾਹਿਬ ਬਾਰੇ ਮਨੁੱਖਤਾ ਨੂੰ ਸੋਝੀ ਕਰਾਉਂਦਿਆਂ ਹੋਇਆਂ ਕਿ, ਗੁਰੂ ਨਾਨਕ ਨਿਰੰਕਾਰੀ ਕੀ ਸਨ, ਆਖਦੇ ਹਨ:-

ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥ (ਸਵਯੇ ਸ੍ਰੀ ਮੁਖਬਾਕ੍ ਮਹਲਾ ੫ ॥ਪੰਨਾ 1387)

ਤਾਂ, ਉੱਥੇ ਪਹਿਲੇ ਸਵਈਏ ਦੀ ਅਖ਼ੀਰਲੀ ਪੰਗਤੀ ਵਿੱਚ “ਜਨ ਨਾਨਕੁ ਗੁਰੁ ਪਾਰਬ੍ਰਹਮ॥” ਤੋਂ ਉਨ੍ਹਾਂ ਦਾ ਕੀ ਭਾਵ ਹੈ, ਇੰਝ ਆਖ ਕੇ ਸਪਸ਼ਟ ਕਰਦੇ ਹਨ:- ‘ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਭਾਵ, ਪ੍ਰਭੂ ਦਾ ਸੇਵਕ ਗੁਰੂ ਨਾਨਕ ਵਾਹਿਗੁਰੂ ਦੇ ਦਰ ਤੇ ਪਰਵਾਨ ਹੋਏ ਹਨ ਅਤੇ ਗੁਰੂ ਨਾਨਕ ਪਰਮਾਤਮਾ ਵਰਗੇ ਹਨ। ‘ਪ੍ਰਭੂ ਹਨ’ ਅਜੇਹਾ ਸ਼ਬਦ ਨਹੀਂ ਵਰਤ ਰਹੇ, ਪ੍ਰਭੂ’ ਵਰਗੇ ਹਨ ਸ਼ਬਦ ਦੀ ਵਰਤੋਂ ਕਰਦਿਆਂ ਹੋਇਆਂ ਵਾਹਿਗੁਰੂ ਨਾਲ ਹਜ਼ੂਰ ਦੀ ਅਭੇਦਤਾ ਦਾ ਪ੍ਰਗਟਾਵਾ ਕਰਦੇ ਹਨ।

ਜੇਕਰ ਇਨ੍ਹਾਂ ਪੰਗਤੀਆਂ ਦੇ ਅੱਖਰੀਂ ਅਰਥ ਕਰਾਂ ਗੇ (ਜਿਵੇਂ ਕਈ ਵੀਰ ਲੈਂਦੇ ਹਨ) ਤਾਂ ਫਿਰ ਕੀ ਇਹ ਸਮਝਿਆ ਜਾਏ ਕਿ ਪਰਮਾਤਮਾ, ਅਕਤੂਬਰ 1534 ਨੂੰ ਤੋਂ ਲੈ ਕੇ, 22 ਸਤੰਬਰ 1539 ਤੱਕ, ਚਾਰ ਗੁਰੂ ਸਾਹਿਬਾਨ ਦੇ ਰੂਪ ਵਿੱਚ ਪਰਗਟ ਹੋਇਆ ਹੋਇਆ ਸੀ। (ਗੁਰੂ ਨਾਨਕ ਸਾਹਿਬ (ਜੋਤੀ ਜੋਤ ਸਮਾਏ: 22 ਸਤੰਬਰ 1539 ਨੂੰ।) ਗੁਰੂ ਅੰਗਦ ਦੇਵ ਜੀ ਦਾ ਜਨਮ: 31 ਮਾਰਚ 1504 ਵਿੱਚ ਅਤੇ ਜੋਤੀ ਜੋਤ ਸਮਾਏ 29 ਮਾਰਚ 1552 ਵਿਚ। ਗੁਰੂ ਅਮਰਦਾਸ ਜੀ ਦਾ ਜਨਮ: 5 ਮਈ 1479 ਨੂੰ ਅਤੇ ਜੋਤੀ ਜੋਤ ਸਮਾਏ: 1 ਸਤੰਬਰ 1574 ਨੂੰ। ਗੁਰੂ ਰਾਮਦਾਸ ਜੀ ਦਾ ਜਨਮ: ਅਕਤੂਬਰ 1534 ਨੂੰ।) ਪਰ ਧਿਆਨ ਰਹੇ ਗੁਰੂ ਅਮਰਦਾਸ ਜੀ ਭਾਂਵੇ ਗੁਰੂ ਨਾਨਕ ਸਾਹਿਬ ਤੋਂ ਲਗਭਗ ਦੱਸ ਕੁ ਸਾਲ ਹੀ ਛੋਟੇ ਸਨ ਅਤੇ ਗੁਰੂ ਅੰਗਦ ਦੇਵ ਹੀ ਤੋਂ ਪੱਚੀ ਕੁ ਸਾਲ ਵੱਡੇ ਸਨ ਪਰੰਤੂ ਗੁਰੂ ਨਾਨਕ ਮਹਾਰਾਜ ਦੀ ਸ਼ਰਨ ਵਿੱਚ ਕੇਵਲ ਗੁਰੂ ਅੰਗਦ ਦੇਵ ਜੀ ਹੀ ਆਏ ਸਨ। ਗੁਰੂ ਅਮਰਦਾਸ ਜੀ ਲਗਭਗ 61-62 ਸਾਲ ਦੇ ਸਨ ਜਦ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਚਰਨ ਸ਼ਰਨ ਵਿੱਚ ਆ ਕੇ ਸਿੱਖੀ ਧਾਰਨ ਕੀਤੀ ਸੀ। ਗੁਰੂ ਅਮਰਦਾਸ ਜੀ ਗੁਰ ਸ਼ਰਨ ਆਉਣ ਤੋਂ ਪਹਿਲਾਂ ਵੈਸ਼ਨਵ ਮੱਤ ਦੇ ਧਾਰਨੀ ਸਨ। ਇਸੇ ਤਰ੍ਹਾਂ ਜਦ ਗੁਰ ਅਰਜਨ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਗੁਰੂ ਅਮਰਦਾਸ ਜੀ ਮਹਾਰਾਜ ਗੁਰਗੱਦੀ ਉੱਤੇ ਸ਼ਸ਼ਭੋਤ ਸਨ।) ਨਹੀਂ, ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਜੋ ਰੱਬ ਹੈ ਉਹ ਤਾਂ:

ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥(1095)

(ਅਰਥ:- ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ, (ਜਗਤ) ਪੈਦਾ ਕਰ ਕੇ (ਇਸ ਵਿਚ) ਵਿਆਪਕ ਹੈਂ। ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ?

ਹੇ ਪ੍ਰਭੂ! ਤੂੰ ਸਭ ਜੀਵਾਂ ਵਿੱਚ ਆਪ ਮੌਜੂਦ ਹੈਂ, (ਸਭ ਵਿਚ) ਆਪਣੀ ਤਾਕਤ ਵਿਖਾ ਰਿਹਾ ਹੈਂ।) ਹੈ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਜਿੱਥੇ ਹੋਰ ਗੱਲਾਂ ਵਲ ਧਿਆਨ ਦੇਣ ਦੀ ਜ਼ਰੂਰਤ ਹੈ ਉੱਥੇ ਇਸ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਜਿੱਥੇ ਕਿਤੇ ਰੂਪਕ, ਪ੍ਰਤੀਕ, ਬਿੰਬ -ਵਿਧਾਨ, ਚਿੰਨਾਂ ਆਦਿ ਦੀ ਵਰਤੋਂ ਕੀਤੀ ਗਈ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਮੁੱਚੇ ਰੂਪ ਵਿੱਚ ਸਾਹਮਣੇ ਰੱਖ ਕੇ ਭਾਵ ਅਰਥ ਰਾਂਹੀ ਅਰਥਾਂ ਨੂੰ ਸਪਸ਼ਟ ਕੀਤਾ ਜਾਵੇ। ਮਿਸਾਲ ਦੇ ਤੌਰ ਤੇ ਜਦ ਹਜ਼ੂਰ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਆਖਦੇ ਹਨ ਕਿ ਹੇ ਪ੍ਰਭੂ, ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥’{ਪੰਨਾ 558} ਤਾਂ ਹਜ਼ੂਰ ਸਿਰ ਵੱਢ ਕੇ ਉਸ ਥਾਂ `ਤੇ ਵਾਹਿਗੁਰੂ ਦੀ ਗੱਲ ਸੁਣਾਉਣ ਵਾਲੇ ਨੂੰ ਬੈਠਾਉਣ ਦੀ ਗੱਲ ਨਹੀਂ ਕਰ ਰਹੇ। ਸੀਸ ਵਢਣ ਦਾ ਭਾਵ ਆਪਣੀ ਸਿਆਣਪ, ਚਤੁਰਾਈ ਆਦਿ ਛੱਡਣ ਅਥਵਾ ਆਪਾ ਭਾਵ ਮਿਟਾਉਣ ਤੋਂ ਹੈ। ਬਿਨਾਂ ਸਿਰ ਤੋਂ ਸੇਵਾ ਕਰਨ ਦਾ ਅਰਥ ਹੈ ਆਪਾ ਭਾਵ ਦੂਰ ਕਰ ਕੇ ਅਤਿ ਨਿਮਰਤਾ ਨਾਲ ਐਸੇ ਪੁਰਸ਼ ਨੂੰ ਆਪਣਾ ਆਪ ਸਮਪਰਪਣ ਕਰਨਾ। ਜੇਕਰ ਇਨ੍ਹਾਂ ਪੰਗਤੀਆਂ ਦੇ ਅੱਖਰੀਂ ਅਰਥ ਕਰਾਂ ਗੇ ਤਾਂ ਮਹਾਰਾਜ ਇਨ੍ਹਾਂ ਪੰਗਤੀਆਂ ਰਾਂਹੀ ਜੋ ਕਹਿਣਾ ਚਾਹੁੰਦੇ ਹਨ ਉਸ ਨੂੰ ਅਸੀਂ ਨਹੀਂ ਸਮਝ ਸਕਾਂ ਗੇ।

ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਸਿੱਖ ਧਰਮ ਅਨੁਸਾਰ ਪਰਮਾਤਮਾ ਅਜੂਨੀ ਅਰਥਾਤ ਜਨਮ ਮਰਨ ਤੋਂ ਰਹਿਤ ਹੈ। ਗੁਰੂ ਅਰਜਨ ਦੇਵ ਜੀ ਬਾਰੇ ਭੱਟ ਮਥੁਰਾ ਜੀ ਨੇ ਜੋ ਆਖਿਆ ਹੈ ਕਿ ‘ਗੁਰੁ ਅਰਜਨ ਪਰਤਖ੍ਹ ਹਰਿ’, ਇਸ ਦਾ ਅਰਥ ਹੈ ਕਿ ਗੁਰੂ ਅਰਜਨ ਦੇਵ ਜੀ ਨਿਰੰਕਾਰ ਰੂਪ ਹਨ; ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਰੱਬੀ ਗੁਣਾਂ ਦਾ ਪਰਕਾਸ਼ ਹੈ। ਅਕਾਰ -ਰਹਿਤ ਨਿਰੰਕਾਰ ਵਾਹਿਗੁਰੂ ਜੀ ਦੇ ਗੁਣ, ਸੁਭਾਅ ਆਦਿ ਸਤਿਗੁਰੂ ਜੀ ਰਾਂਹੀ ਪ੍ਰਗਟ ਹੋਏ ਹਨ। ਐਸੇ ਸਤਿਗੁਰ ਜੀ ਦੇ ਚਰਨੀ ਲੱਗ ਕੇ ਹੀ ਅਸੀਂ ਮਾਇਆ ਦੇ ਮੋਹ `ਚੋ ਉਪਰ ਉੱਠ ਸਕਦੇ ਹਾਂ। ਇਸ ਲਈ ਇਹੋ ਜੇਹੀ ਬਖ਼ਸ਼ਿਸ਼ ਕਰਨ ਵਾਲੇ ਸਤਿਗੁਰੂ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ‘ਮਾਨੁਖ ਕਾ ਕਰਿ ਰੂਪੁ ਨ ਜਾਨੁ ॥ ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦਾਂ ਵਿਚ:- ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥ ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥ (169) ਅਰਥ:- (ਹੇ ਭਾਈ!) ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ। ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ। 1. ਰਹਾਉ।

ਨੋਟ: ਗੁਰੂ ਗ੍ਰੰਥ ਸਾਹਿਬ ਦੀਆਂ ਪੰਗਤੀਆਂ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਵਿੱਚੋਂ ਦਿੱਤੇ ਗਏ ਹਨ।

ਜਸਬੀਰ ਸਿੰਘ ਵੈਨਕੂਵਰ




.