.

ਪ੍ਰਸ਼ਨ: ਕੀ ਸ੍ਰੀ ਅਖੰਡ ਪਾਠ ਸਮੇਂ ਕੁੰਭ ਨਾਰੀਅਲ ਰੱਖਣਾ ਅਤੇ ਜੋਤ ਜਗਾਉਣੀ ਜ਼ਰੂਰੀ ਹੈ?

ਉੱਤਰ: ਜੀ, ਬਿਲਕੁਲ ਹੀ ਨਹੀਂ। ਕੁੰਭ, ਨਾਰੀਅਲ ਅਤੇ ਜੋਤ ਦਾ ਅਖੰਡ ਪਾਠ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਨਹੀਂ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਇਉਂ ਲਿਖਿਆ ਹੋਇਆ ਹੈ:- “ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ ਜੋਤ ਨਲੀਏਰ ਆਦਿ ਰੱਖਣਾ …. ਮਨਮਤ ਹੈ।”

ਇੱਥੇ ਗੁਰਮੱਤਿ ਦੇ ਮੂਲਿਕ ਸਿਧਾਂਤ ਪੁਸਤਕ ਵਿੱਚੋਂ ਡਾ: ਕਰਤਾਰ ਸਿੰਘ ਸੋਲਨ ਵਾਲਿਆਂ ਦੇ ‘ਕੀ ਇਹ ਸਿਖੀ ਹੈ?’ (ਗੁਰਮਤਿ ਦੀ ਕਸੱਵਟੀ ਤੇ) ਦੇ ਸਿਰਲੇਖ ਹੇਠਾਂ ਲਿਖੇ ਲੇਖ ਵਿੱਚੋਂ ਕੁੱਝ ਕੁ ਸਤਰਾਂ ਵਲ ਪਾਠਕਾਂ ਦਾ ਧਿਆਨ ਦਿਵਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਕੁੰਭ ਨਾਰੀਅਲ ਆਦਿ ਅਖੰਡ ਪਾਠ ਸਮੇਂ ਰੱਖਣ ਪਿੱਛੇ ਜੋ ਧਾਰਣਾ ਹੈ ਉਸ ਨੂੰ ਦੇਖ ਅਥਵਾ ਸਮਝ ਸਕੀਏ। ‘ਅਖੰਡ ਪਾਠ ਕਰਨ ਵੇਲੇ ਵੇਖਿਆ ਜਾਂਦਾ ਹੈ ਕਿ ਪਾਠ ਕਰਨ ਵਾਲੀ ਥਾਂ ਤੇ ਇੱਕ ਜਲ ਦਾ ਭਰਿਆ ਹੋਇਆ ਕੋਰਾ ਘੜਾ ਰਖਿਆ ਹੁੰਦਾ ਹੈ। ਘੜੇ ਦੇ ਉਤੇ ਲਾਲ ਰੰਗ ਦੇ ਕਪੜੇ ਵਿੱਚ ਇੱਕ ਨਰੇਲ ਰਖੀ ਹੁੰਦੀ ਹੈ। ਪਾਣੀ ਦੇ ਘੜੇ ਹੇਠਾਂ ਕਈ ਪ੍ਰਕਾਰ ਦਾ ਅੰਨ ਹੁੰਦਾ ਹੈ। ਨਾਲ ਹੀ ਇੱਕ ਪਾਸੇ ਖਾਲਸ ਘਿਓ ਦੀ ਜੋਤ ਜਲਦੀ ਹੁੰਦੀ ਹੈ। ਇੱਕ ਪਾਸੇ ਕੋਲੇ ਲਕੜ ਦੇ ਜਲਦੇ ਹੁੰਦੇ ਹਨ ਤੇ ਉਹਨਾਂ ਉੱਤੇ ਉਚੇਚਾ ਤਿਆਰ ਕੀਤਾ ਹੋਇਆ ਧੂਪ ਦਿੱਤਾ ਜਾ ਰਿਹਾ ਹੁੰਦਾ ਹੈ। ……

ਗੁਰਬਾਣੀ ਦੀ ਵਿਚਾਰ ਗੁਰੂ ਕ੍ਰਿਪਾ ਦੁਆਰਾ ਜਦ ਖੋਜ ਨਾਲ ਕੀਤੀ ਤਦ ਦਾਸ ਨੇ ਪੁਛ ਕੀਤੀ ਕਿ ਇਹ ਚੀਜ਼ਾਂ ਕਿਉਂ ਰਖੀਆਂ ਜਾਂਦੀਆਂ ਹਨ? ਉਤਰ ਵਿੱਚ ਦਸਿਆ ਗਿਆ ਕਿ ਗੁਰੂ ਘਰ ਦੀ ਮਰਯਾਦਾ ਚਲੀ ਆ ਰਹੀ ਹੈ ਤੇ ਕਰਨੀ ਅਵੱਸ਼ ਹੈ। ਪਰ ਇਸ ਉਤਰ ਨਾਲ ਸੰਤੁਸ਼ਟਾ ਨਹੀਂ ਹੋਈ। ਦੇਸ਼ ਦੇ ਬਟਵਾਰੇ ਮਗਰੋਂ ਅੰਨ ਜਲ ਬਾੜੀ ਲੈ ਆਇਆ। ਇਥੇ ਆਉਂਦੇ ਹੀ ਵੇਖਿਆ ਕਿ ਹਨੂੰਮਾਨ ਦੇ ਮੰਦਰ ਵਿੱਚ ਰਮਾਇਣ ਦਾ ਅਖੰਡ ਪਾਠ ਰਖਿਆ ਹੋਇਆ ਹੈ। ਸੱਦਾ ਪੱਤਰ ਪੁਜਣ ਤੇ ਦਾਸ ਵੀ ਉਸ ਸਮਾਗਮ ਤੇ ਪੁੱਜਾ। ਕੀ ਵੇਖਦਾ ਹੈ ਕਿ ਹੂਬਹੂ ਅੰਖਡ ਪਾਠ (ਰਮਾਇਣ ਦਾ) ਹੋਣ ਵਾਲੀ ਥਾਂ ਤੇ ਸਾਰੀਆਂ ਚੀਜ਼ਾਂ ਕੁੰਭ, ਲਾਲ ਕਪੜੇ ਨਾਲ ਲਿਪਟਿਆ ਨਰੇਲ, ਘਿਓ ਦੀ ਜੋਤ ਕੋਇਲਿਆਂ ਦੀ ਅੱਗ ਤੇ ਧੂਪ, ਜਲ ਦੇ ਕੁੰਭ ਹੇਠਾਂ ਸਤ ਪ੍ਰਕਾਰ ਦਾ ਅਨਾਜ ਪਿਆ ਹੈ। ਸ਼੍ਰੋਮਣ ਪੁਜਾਰੀ ਜੀ ਨੂੰ ਪੁਛ ਕੀਤੀ ਤਾਂ ਉਨ੍ਹਾਂ ਘੁਡੀ ਖੋਲ੍ਹੀ। ਆਖਣ ਲਗੇ ਕਿ ਇਹ ਦੇਵਤੇ ਬਿਠਾਏ ਹੋਏ ਹਨ। ਕੁੰਭ ਦੇ ਹੇਠਾਂ ਕਈ ਪ੍ਰਕਾਰ ਦਾ ਅਨਾਜ ਰਖਣਾ, ਅੰਨ ਦੇਵਤੇ ਦੀ ਪੂਜਾ ਹੈ। ਜੋਤ ਜਲਾਉਣੀ ਅਗਨ ਦੇਵਤਾ ਦੀ ਪੂਜਾ ਹੈ। ਲਾਲ ਰੰਗ ਦਾ ਕਪੜਾ ਰਖਣਾ ਦੇਵੀ ਦੀ ਪੂਜਾ ਹੈ ਤੇ ਨਰੇਲ ਗਨੇਸ਼ ਦੇਵਤਾ ਦੀ ਪੂਜਾ ਹੈ। ਫਿਰ ਪ੍ਰਮੁੱਖ ਪੰਡਤ ਜੀ ਆਖਣ ਲਗੇ ਕਿ ਇਹ ਮਰਯਾਦਾ ਅਪਰੰਪਰਾ ਤੋਂ ਟੁਰੀ ਆ ਰਹੀ ਹੈ। ਦਾਸ ਨੇ ਇਹ ਉਤਲਾ ਦ੍ਰਿਸ਼ ਦੇਖ ਕੇ ਤੇ ਪੰਡਤ ਦੇ ਬਚਨ ਸੁਣ ਕੇ ਇਹ ਸਿੱਟਾ ਕਢਿਆ, ਕਿ ਸਾਡੇ ਅਖੰਡ ਪਾਠਾਂ ਵਿੱਚ ਇਨ੍ਹਾਂ ਚੀਜ਼ਾਂ ਦੇ ਰਖਣ ਦੀ ਮਰਯਾਦਾ ਇਸ ਹਿੰਦੂ ਰੀਤੀ ਤੋਂ ਆਈ ਹੈ। ਨਿਸਾ ਹੋ ਗਈ, ਇਹ ਦੇਵਤਿਆਂ ਦੀ ਪੂਜਾ ਹੈ।”

ਸੋ, ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਜੇਹੜੇ ਸੱਜਣ ਅਖੰਡ ਪਾਠ ਸਮੇਂ ਕੁੰਭ ਨਾਰੀਅਲ ਜੋਤ ਆਦਿ ਰੱਖਣ ਦੀ ਪਰੇਰਨਾ ਦੇਂਦੇ ਹੋਏ, ਇਸ ਨੂੰ ਪੁਰਾਤਨ ਮਰਯਾਦਾ ਦਾ ਨਾਉਂ ਦੇ ਕੇ ਇਸ ਦਾ ਪਰਚਾਰ ਕਰਦੇ ਹਨ ਉਹ ਕਿੰਨਾ ਕੁ ਅਤੇ ਕਿਹੋ ਜੇਹਾ ਗੁਰਮਤ ਦੇ ਪਰਚਾਰ ਵਿੱਚ ਯੋਗਦਾਨ ਪਾ ਰਹੇ ਹਨ। ਖ਼ਾਲਸਾ ਪੰਥ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ। ਦਸਮੇਸ਼ ਪਾਤਸ਼ਾਹ ਜੀ ਦੇ ਇਨ੍ਹਾਂ ਬਚਨਾਂ “ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ॥ ਜਬ ਇਹ ਗਹੈ ਬਿਪ੍ਰਨ ਕੀ ਰੀਤ। ਮੈ ਨਾ ਕਰੋਂ ਇਨ ਕੀ ਪ੍ਰਤੀਤ॥” ਨੂੰ ਕੇਵਲ ਪੜ੍ਹਨ ਸੁਣਨ ਤੱਕ ਹੀ ਸੀਮਤ ਨਾ ਰੱਖੀਏ ਬਲਕਿ ਇਨ੍ਹਾਂ ਨੂੰ ਅਮਲੀ ਜਾਮਾ ਪਹਿਣਾ ਕੇ ਸਤਿਗੁਰੂ ਜੀ ਦੇ ਖ਼ਾਲਸੇ ਨੂੰ ਬਖ਼ਸ਼ੇ ਨਿਆਰੇ ਆਚਰਣ ਵਾਲੇ ਸਿਧਾਂਤ ਨੂੰ ਅਪਣਾ ਕੇ ਗੁਰੂ ਕਿਰਪਾ ਦਾ ਪਾਤਰ ਬਣੀਏ।

ਨੋਟ: ਸਵਾਲ ਚੂੰਕਿ ਅਖੰਡ ਪਾਠ ਸਮੇਂ ਕੁੰਭ, ਨਾਰੀਅਲ ਅਤੇ ਜੋਤ ਰੱਖਣ ਸਬੰਧੀ ਹੀ ਪੁੱਛਿਆ ਗਿਆ ਸੀ, ਇਸ ਲਈ ਉੱਤਰ ਨੂੰ ਕੇਵਲ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਤੱਕ ਹੀ ਸੀਮਤ ਰੱਖਿਆ ਗਿਆ ਹੈ। ਅਖੰਡਪਾਠ ਸਬੰਧੀ ਚਰਚਾ ਨਹੀਂ ਕੀਤੀ ਗਈ ਕਿ ਇਹ ਰਸਮ ਕਿੰਨੀ ਕੁ ਗੁਰਮਤ ਅਨੁਸਾਰ ਹੈ ਅਥਵਾ ਇਸ ਦਾ ਸਿੱਖੀ ਸਿਧਾਂਤ ਨਾਲ ਕਿੰਨਾ ਕੁ ਸਬੰਧ ਹੈ। ਅਖੰਡ ਪਾਠ ਸਬੰਧੀ ਸਵਾਲ ਪੁੱਛਿਆ ਗਿਆ ਹੈ ਇਸ ਦਾ ਉੱਤਰ ਅਗਲੇ ਕਿਸੇ ਕਾਲਮ ਵਿੱਚ ਦਿੱਤਾ ਜਾਵੇ ਗਾ।

ਪ੍ਰਸ਼ਨ: ਕਈ ਕਹਿੰਦੇ ਹਨ ਕਿ ਆਤਮ ਹਤਿਆ ਕਰਨ ਵਾਲਿਆਂ ਦੀ ਮੁਕਤੀ ਨਹੀਂ ਹੁੰਦੀ। ਕੀ ਗੁਰੂ ਗ੍ਰੰਥ ਸਾਹਿਬ ਵਿੱਚ ਅਜੇਹਾ ਲਿੱਖਿਆ ਹੋਇਆ ਹੈ?

ਉੱਤਰ: ਜੀ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਨਾ ਤਾਂ ਖ਼ੁਦਕੁਸ਼ੀ ਕਰਨ ਵਾਲਿਆਂ ਬਾਰੇ ਲਿਖਿਆ ਹੈ ਕਿ ਉਨ੍ਹਾਂ ਦੀ ਮੁਕਤੀ ਨਹੀਂ ਹੁੰਦੀ ਅਤੇ ਨਾ ਹੀ ਜੇਹੜੇ ਕੁਦਰਤੀ ਮੌਤੇ ਮਰਦੇ ਹਨ ਉਨ੍ਹਾ ਬਾਰੇ ਇਹ ਲਿਖਿਆ ਹੈ ਕਿ ਉਨ੍ਹਾਂ ਦੀ ਇਸ ਕਰਕੇ ਮੁਕਤੀ ਹੋ ਜਾਂਦੀ ਹੈ ਕਿਉਂ ਕਿ ਉਹਨਾਂ ਨੇ ਖ਼ੁਦਕੁਸ਼ੀ ਨਹੀਂ ਕੀਤੀ। ਸੋ, ਗੁਰੂ ਗ੍ਰੰਥ ਸਾਹਿਬ ਵਿੱਚ ਅਜੇਹਾ ਨਹੀਂ ਲਿੱਖਿਆ ਹੋਇਆ ਕਿ ਆਤਮ ਹਤਿਆ ਕਰਨ ਵਾਲਿਆਂ ਦੀ ਮੁਕਤੀ ਨਹੀਂ ਹੁੰਦੀ ਅਤੇ ਨਾ ਹੀ ਇਹ ਲਿੱਖਿਆ ਹੈ ਕਿ ਉਨ੍ਹਾਂ ਦੀ ਮੁਕਤੀ ਹੋ ਜਾਂਦੀ ਹੈ, ਕਿਉਂਕਿ ਗੁਰਮਤਿ ਵਿੱਚ ਮੁਕਤੀ ਦਾ ਸੰਕਲਪ ਪ੍ਰਚਲਿਤ ਮੁਕਤੀ ਦੀ ਧਾਰਣਾ ਨਾਲੋਂ ਭਿੰਨ ਹੈ। ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਆਤਮ ਹਤਯਾ ਕਰਨ ਵਾਲਿਆਂ ਦਾ ਜ਼ਿਕਰ ਤਾਂ ਆਇਆ ਹੈ, ਪਰ ਪ੍ਰਚਲਿਤ ਅਰਥਾਂ ਵਿੱਚ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਉਸ ਇਸਤਰੀ ਜਾਂ ਮਰਦ ਨੂੰ ਆਤਮ ਘਾਤੀ ਆਖਿਆ ਹੈ “ਜੋ ਲੋਕ ਕਰਤਾਰ ਤੋਂ ਵਿਮੁਖ ਹੋ ਕੇ ਕੁਕਰਮਾਂ ਵਿੱਚ ਪੈ ਕੇ ਆਪਣੀ ਹਾਨੀ ਕਰਦੇ ਅਰ ਮਨੁੱਖ ਪਦਵੀ ਤੋਂ ਪਤਿਤ ਹੋਣ ਦੇ ਸਾਧਨ ਸਾਧਦੇ ਹਨ, ਉਹ ਅਸਲ ਆਤਮਘਾਤੀ ਹਨ।” (ਭਾਈ ਕਾਨ੍ਹ ਸਿੰਘ ਨਾਭਾ)

ਹੇਠਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ਆਤਮ ਘਾਤੀ ਸਬਦ ਵਰਤਿਆ ਗਿਆ ਹੈ ਦਿੱਤੇ ਜਾ ਰਹੇ ਹਨ:-

ਮਨਮੁਖਿ ਅੰਧੇ ਸੁਧਿ ਨ ਕਾਈ ॥ ਆਤਮ ਘਾਤੀ ਹੈ ਜਗਤ ਕਸਾਈ ॥ ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥

ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ। (ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)। ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ। (ਪੰਨਾ 118)

ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥)

ਅਰਥ:-ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ। (ਪਰ) ਜੇਹੜੇ ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। 1. (ਪੰਨਾ 188

ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥

ਹੇ ਭਾਈ! ਰਾਜਿਆਂ ਤੋਂ ਲੈ ਕੇ ਕੀੜਿਆਂ ਤਕ, ਕੀੜਿਆਂ ਤੋਂ ਲੈ ਕੇ ਇੰਦ੍ਰ ਦੇਵਤੇ ਤਕ (ਕੋਈ ਭੀ ਹੋਵੇ) ਪਾਪ ਕਰ ਕੇ (ਸਾਰੇ) ਗਰਭ-ਜੂਨ ਵਿੱਚ ਪੈਂਦੇ ਹਨ (ਕਿਸੇ ਦਾ ਲਿਹਾਜ਼ ਨਹੀਂ ਹੋ ਸਕਦਾ)। ਹੇ ਭਾਈ! ਜਿਹੜੇ ਭੀ ਪ੍ਰਾਣੀ ਦਇਆ-ਦੇ-ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਹਨ। 1. (ਪੰਨਾ 1267)

ਬਿਨੁ ਸਿਮਰਨ ਹੈ ਆਤਮ ਘਾਤੀ ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥

(ਹੇ ਭਾਈ!) ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਸਿਮਰਨ ਤੋਂ ਖੁੰਝਾ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਉਹ ਸਦਾ ਨੀਵੇਂ ਕੰਮਾਂ ਵਲ ਰੁਚੀ ਰੱਖਦਾ ਹੈ, ਉਸ ਦੀ ਨਾਹ ਉੱਚੀ ਕੁਲ ਰਹਿ ਜਾਂਦੀ ਹੈ ਨਾਹ ਉੱਚੀ ਜਾਤਿ। (ਪੰਨਾ 239)

ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥ ਦੂਜੈ ਭਾਇ ਆਤਮ ਸੰਘਾਰਹਿ ॥ ਮੇਰਾ ਮੇਰਾ ਕਰਿ ਕਰਿ ਵਿਗੂਤਾ ॥ ਆਤਮੁ ਨ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥੧॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਮੌਤੇ) ਮਰਦੇ ਹਨ (ਇਸ ਤਰ੍ਹਾਂ) ਮਰ ਕੇ ਉਹ ਆਪਣੀ ਮੌਤ ਖ਼ਰਾਬ ਕਰਦੇ ਹਨ, ਕਿਉਂਕਿ ਮਾਇਆ ਦੇ ਮੋਹ ਵਿੱਚ ਪੈ ਕੇ ਉਹ ਆਪਣਾ ਆਤਮਕ ਜੀਵਨ ਤਬਾਹ ਕਰ ਲੈਂਦੇ ਹਨ।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਹ ਧਨ) ਮੇਰਾ ਹੈ (ਇਹ ਪਰਵਾਰਾ) ਮੇਰਾ ਹੈ—ਨਿੱਤ ਇਹੀ ਆਖ ਆਖ ਕੇ ਖ਼ੁਆਰ ਹੁੰਦਾ ਰਹਿੰਦਾ ਹੈ, ਕਦੇ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ, ਮਾਇਆ ਦੀ ਭਟਕਣਾ ਵਿੱਚ ਪੈ ਕੇ (ਆਤਮਕ ਜੀਵਨ) ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ। 1. (ਪੰਨਾ 362)

ਸੋ, ਅਜੇਹੇ ਆਤਮ ਘਾਤ ਕਰਨ ਵਾਲਿਆਂ ਬਾਰੇ ਜ਼ਰੂਰ ਆਖਿਆ ਹੈ ਕਿ ਇਹ ਆਤਮ ਮੌਤ ਦਾ ਸ਼ਿਕਾਰ ਹੋਏ ਪ੍ਰਾਣੀ ਜੀਵਨ ਮੁਕਤੀ ਦੀ ਪਦਵੀ ਨੂੰ ਨਹੀਂ ਪਾ ਸਕਦੇ।

ਨੋਟ: ਗੁਰੂ ਗ੍ਰੰਥ ਸਾਹਿਬ ਦੀਆਂ ਪੰਗਤੀਆਂ ਦੇ ਅਰਥ ਪ੍ਰੌ: ਸਾਹਿਬ ਸਿੰਘ ਜੀ ਦੇ ਟੀਕੇ ਵਿੱਚੋਂ ਦਿੱਤੇ ਗਏ ਹਨ।

ਜਸਬੀਰ ਸਿੰਘ ਵੈਨਕੂਵਰ




.