.

ਜ਼ਹਿਰ ਦੇ ਵਪਾਰੀ

ਪਿਛਲੇ 10 ਕੁ ਸਾਲਾਂ ਤੋਂ ਜਦੋਂ ਦਾ ਮੈਂ ‘ਸਿੱਖ ਮਾਰਗ’ ਨੂੰ ਪੰਜਾਬੀ ਵਿੱਚ ਚਲਾ ਰਿਹਾ ਹਾਂ ਉਦੋਂ ਤੋਂ ਹੀ ਕਈ ਡੇਰਿਆਂ ਨਾਲ ਸੰਬੰਧਿਤ ਸਿੱਖਾਂ ਨੂੰ ਬੜੀ ਹੀ ਤਕਲੀਫ ਹੋ ਰਹੀ ਹੈ। ਉਹ ਹਰ ਵੇਲੇ ਮੂੰਹ ਵਿਚੋਂ ਝੱਗ ਸੁੱਟ ਕੇ ‘ਸਿੱਖ ਮਾਰਗ’ ਨੂੰ ਅਤੇ ਇਸ ਉਤੇ ਲਿਖਣ ਵਾਲੇ ਲਿਖਾਰੀਆਂ ਨੂੰ ਅਵਾ ਤਵਾ ਬੋਲਦੇ ਆ ਰਹੇ ਹਨ ਜੋ ਕਿ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਗੱਲ ਕਰਦੇ ਹਨ। ਪਰ ਇਹ ਉਹਨਾ ਤੋਂ ਜ਼ਰੀ ਨਹੀਂ ਜਾਂਦੀ ਅਤੇ ਉਹ ਇਸ ਦੇ ਸ਼ਰੀਕ ਦਸਮ ਗ੍ਰੰਥ ਦੇ ਲੁੱਚਪੁਣੇ ਨੂੰ ਵਿੱਚ ਖੜਾ ਕਰਨਾ ਚਾਹੁੰਦੇ ਹਨ।

ਮ: 4॥ ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ॥ ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ॥ {ਪੰਨਾ 307}

ਪਦ ਅਰਥ : —ਗਣਤ—ਕਿੜ, ਵੈਰ। ਝਹੀਆ ਪਾਏ—ਕਚੀਚੀਆਂ ਵੱਟਦਾ ਹੈ। ਝਗੂ ਸੁਟੇ—ਹਲਕੇ ਕੁੱਤੇ ਵਾਂਗ ਥੁੱਕਾਂ ਸੁੱਟਦਾ ਹੈ।

ਅਰਥ : —ਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ। (ਉਸ ਦੀ ਪੇਸ਼ ਤਾਂ ਜਾਂਦੀ ਨਹੀਂ, ਇਸ ਕਰਕੇ ਉਹ) ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ (ਤੇ ਅੰਤ ਨੂੰ) ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)।

ਜੇ ਕਰ ਮੈਂ ਚਾਹਵਾਂ ਤਾਂ ਇਹਨਾ ਵਲੋਂ ਲਿਖੀਆਂ ਗੱਲਾਂ ਦਾ ਜਵਾਬ ਇਹਨਾ ਤੋਂ ਵੀ ਜਿਆਦਾ ਸਖ਼ਤ ਲਫਜ਼ਾਂ ਵਿੱਚ ਦੇ ਸਕਦਾ ਹਾਂ। ਪਰ ਮੈਂ ਇਸ ਪਾਸੇ ਨਹੀਂ ਪਿਆ ਅਤੇ ਨਾ ਹੀ ਪੈਣਾਂ ਚਾਹੁੰਦਾ ਹਾਂ। ਕਾਰਨ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਮੇਰੀ ਸਾਰੀ ਅਨਰਜ਼ੀ ਉਧਰ ਹੀ ਲੱਗ ਜਾਵੇਗੀ ਅਤੇ ਮੈਂ ‘ਸਿੱਖ ਮਾਰਗ’ ਦੇ ਪਾਠਕਾਂ ਨੂੰ ਹੋਰ ਚੰਗੇ ਵਿਦਵਾਨ ਲੇਖਕਾਂ ਦੀਆਂ ਲਿਖਤਾਂ ਪੜ੍ਹਨ ਲਈ ਨਹੀਂ ਦੇ ਸਕਦਾ। ਹਾਂ, ਕਿਤੇ ਕਿਤੇ ਆਪਣੇ ਪਾਠਕਾਂ ਦੀ ਯਾਦ-ਦਾਸਤ ਤਾਜ਼ਾਂ ਕਰਨ ਲਈ ਜ਼ਰੂਰ ਲਿਖ ਦਿੰਦਾ ਹਾਂ ਤਾਂ ਕਿ ਆਮ ਪਾਠਕ ਇਹਨਾ ਦੇ ਕੂੜ ਨੂੰ ਸੱਚ ਮੰਨ ਕੇ ਇਹਨਾ ਦਾ ਪ੍ਰਭਾਵ ਨਾ ਕਬੂਲ ਲੈਣ। ਆ ਹੁਣ ਵਾਲੀਆਂ ਕੁੱਝ ਲਾਈਨਾ ਵੀ ਇਸੇ ਕਰਕੇ ਹੀ ਲਿਖ ਰਿਹਾ ਹਾਂ। ਮੈਂ ਕਿਸੇ ਨਾਲ ਵੀ ਨਫਰਤ ਨਹੀਂ ਕਰਦਾ ਅਤੇ ਨਾ ਹੀ ਮੈਂ ਕਿਸੇ ਦਾ ਦਿਲ ਦਿਖਾਉਣਾਂ ਚਾਹੁੰਦਾ ਹਾਂ। ਪਰ ਕਈ ਵਾਰੀ ਲਿਖੀ ਹੋਈ ਸੱਚੀ ਗੱਲ ਨਾਲ ਕਈਆਂ ਦੇ ਮਨ ਨੂੰ ਠੇਸ ਪੁੱਜ ਹੀ ਜਾਂਦੀ ਹੈ।

ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਇਹ ‘ਸਿੱਖ ਮਾਰਗ’ ਸਾਈਟ ਮੇਰੀ ਇਕੱਲੇ ਦੀ ਆਪਣੀ ਹੈ ਅਤੇ ਹੋਰ ਕਿਸੇ ਦਾ ਵੀ ਇਸ ਵਿੱਚ ਕੋਈ ਦਖਲ ਨਹੀਂ ਪਰ ਹੈ ਇਹ, ਸਾਰੇ ਉਹਨਾਂ ਸਿੱਖਾਂ ਲਈ ਜਿਹੜੇ ਕਿ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹਨ, ਹੋਰ ਕਿਸੇ ਨੂੰ ਨਹੀਂ। ਅਤੇ ਸਮੁੱਚੀ ਮਨੁੱਖਤਾ ਨਾਲ ਹੀ ਪਿਆਰ ਕਰਦੇ ਹਨ, ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਇੱਥੇ ਨਾ ਤਾਂ ਕੋਈ ਵਿਦਵਾਨ ਮੇਰਾ ਖਾਸ ਚਹੇਤਾ ਹੈ ਅਤੇ ਨਾ ਹੀ ਕੋਈ ਵਿਰੋਧੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਗੁਰਮਤਿ ਮੈਂ ਖੁਦ ਆਪ ਪੜ੍ਹ ਕੇ ਸਿੱਖੀ ਹੈ ਕਿਸੇ ਤੋਂ ਨਹੀਂ। ਇਸੇ ਤਰ੍ਹਾਂ ਹੀ ਕੰਪਿਊਟਰ ਵਰਤਣਾ, ਠੀਕ ਕਰਨਾ, ਵੈੱਬ ਪੇਜ਼ ਬਣਾਉਣਾ ਅਤੇ ਇਸ ਨਾਲ ਸੰਬੰਧਿਤ ਹੋਰ ਬਹੁਤ ਸਾਰੀ ਜਾਣਕਾਰੀ ਮੈਂ ਖੁਦ ਆਪ ਹੀ ਪੜ੍ਹ-ਪੜ੍ਹ ਕੇ ਸਿੱਖੀ ਹੈ। ਇਸ ਲਈ ਮੇਰੇ ਤੇ ਕਿਸੇ ਦਾ ਕੋਈ ਵੀ ਅਹਿਸਾਨ ਨਹੀਂ ਹੈ ਅਤੇ ਨਾ ਹੀ ਮੈਂ ਕਿਸੇ ਦਾ ਕੋਈ ਪ੍ਰਭਾਵ ਹੀ ਕਬੂਲਦਾ ਹਾਂ। ਮੈਂ ਕਦੀ ਵੀ ਆਪਣੀ ਸਾਈਟ ਦਾ ਕਿਸੇ ਵੀ ਹੋਰ ਸਾਈਟ ਤੇ ਲਿੰਕ ਪਉਣ ਲਈ ਵੀ ਨਹੀਂ ਕਿਹਾ ਤਾਂ ਕਿ ਕਿਸੇ ਦਾ ਕੋਈ ਵੀ ਅਹਿਸਾਨ ਨਾ ਮੰਨਣਾ ਪਵੇ ਅਤੇ ਦੂਸਰਾ ਕਾਰਣ ਇਹ ਸੀ ਕਿ ਮੇਰੀ ਹੀ ਇੱਕ ਸਾਈਟ ਸੀ ਜੋ ਕਿ ਡੇਰਾਵਾਦ ਅਤੇ ਸੰਤ ਪ੍ਰਭਾਵ ਤੋਂ ਮੁਕਤ ਸੀ ਬਾਕੀ ਸਭ ਇਹਨਾ ਦੇ ਅਧੀਨ ਸਨ। ਹਾਂ, ਇੱਕ ਪੰਜਾਬੀ ਦੀਆਂ ਖ਼ਬਰਾਂ ਦੇਣ ਵਾਲੀ ਸਾਈਟ ਨੂੰ ਜ਼ਰੂਰ ਲਿਖਿਆ ਸੀ ਉਹ ਵੀ ਤਾਂ ਕਿਉਂਕਿ ਉਹਨਾ ਨੇ ਖੁਦ ਲਿਖਿਆ ਹੋਇਆ ਸੀ ਕਿ ਜੇ ਕਰ ਕੋਈ ਸਾਈਟ ਨਿਰੋਲ ਪੰਜਾਬੀ ਵਿੱਚ ਹੋਵੇ ਤਾਂ ਸਾਨੂੰ ਦੱਸੋ, ਜੋ ਕਿ ਹੁਣ ਕਈਆਂ ਸਾਲਾਂ ਦੀ ਅੱਪਡੇਟ ਨਹੀਂ ਹੋ ਰਹੀ।

‘ਸਿੱਖ ਮਾਰਗ’ ਤੋਂ ਪਹਿਲਾਂ ਮੇਰੀ ਸਾਈਟ ਮੇਰੇ ਨਾਮ ਤੇ ਸੀ ਅਤੇ ਉਸ ਵਿੱਚ ਸਾਰੀ ਜਾਣਕਾਰੀ ਅੰਗ੍ਰੇਜ਼ੀ ਵਿੱਚ ਸੀ। ਜਿਹਨਾ ਵਿਚੋਂ ਬਹੁਤੀ ਸਮਗਰੀ ਡਾ: ਗੁਰਬਖਸ਼ ਸਿੰਘ (ਡੀਨ) ਦੀ ਸੀ। ਉਦੋਂ ਮੇਰੀ ਸਾਈਟ ਦੀ ਕਈ ਵੀ ਵਿਰੋਧਤਾ ਨਹੀਂ ਸੀ। ਪਰ ਜਦੋਂ ਦਾ ‘ਸਿੱਖ ਮਾਰਗ’ ਸ਼ੁਰੂ ਕਰਕੇ ਕਾਲੇ ਅਫਗਾਨੇ ਦੀਆਂ ਲਿਖਤਾਂ ਪਉਣੀਆਂ ਸ਼ੁਰੂ ਕੀਤੀਆਂ ਬਸ ਉਦ ਤੋਂ ਹੀ ਕਈਆਂ ਦੀ ਨੀਂਦ ਖਰਾਬ ਹੋਈ ਪਈ ਹੈ। ਉਹ ਬੁਖ਼ਲਾਹਟ ਵਿੱਚ ਆ ਕੇ ਹਰ ਵੇਲੇ ਕਾਲੇ ਅਫਗਾਨੀਏ, ਨਾਸਤਕ, ਕਾਮਰੇਡ ਆਦਿਕ ਅੱਬੜਵਾਹੇ ਬੋਲਦੇ ਲਿਖਦੇ ਰਹਿੰਦੇ ਹਨ। ਬਹੁਤ ਸਾਰੀ ਜੰਗ ਜਰਨੇਸ਼ਨ ਦੇ ਵੀ ਇਹਨਾ ਨੇ ਬਰੇਨ ਵਾਸ਼ ਕੀਤੇ ਹੋਏ ਹਨ ਅਤੇ ਉਹ ਵੀ ਆਪਣੀਆਂ ਬਲੌਗ ਸਾਈਟਾਂ ਤੇ ਇਸ ਤਰ੍ਹਾਂ ਦਾ ਹੀ ਅਵਾ ਤਵਾ ਲਿਖਦੇ ਰਹਿੰਦੇ ਹਨ। ਇਹਨਾ ਨੂੰ ਇਹ ਨਹੀਂ ਪਤਾ ਕਿ ਜਿਹਨਾਂ-ਜਿਹਨਾਂ ਨੂੰ ਸੱਚ ਦਾ ਗਿਆਨ ਹੋਈ ਜਾਣਾ ਹੈ ਉਹਨਾ ਨੇ ਆਪਣੇ ਆਪ ਹੀ ਇਸ ਦਸਮ ਗ੍ਰੰਥ ਦੇ ਕੂੜ ਕਰਕਟ ਵਿਰੁੱਧ ਕਲਮ ਚੁੱਕ ਲੈਣੀਂ ਹੈ। ਉਹ ਭਾਵੇਂ ਕਾਲੇ ਅਫਗਾਨੇ ਦੇ ਵਿਰੋਧੀ ਹਨ ਜਾਂ ਹਮਾਇਤੀ। ਇਸ ਨੂੰ ਜਾਣਦੇ ਹਨ ਜਾਂ ਨਹੀਂ। ਇਸ ਬਾਰੇ ਲਿਖਣ ਵਾਲਾ ਕਾਲਾ ਅਫਗਾਨਾ ਕੋਈ ਪਹਿਲਾ ਨਹੀਂ ਅਤੇ ਨਾ ਹੀ ਆਖਰੀ ਹੈ। ਇਸ ਤੋਂ ਪਹਿਲਾਂ ਵੀ ਕਈ ਇਸ ਕੂੜ ਨੂੰ ਨੰਗਾ ਕਰ ਚੁੱਕੇ ਹਨ ਅਤੇ ਕਈਆਂ ਨੇ ਹਾਲੇ ਹੋਰ ਕਰਨਾ ਹੈ। ਇਸ ਇਲਿਕਟਰਾਂਨਿਕ ਦੇ ਯੁੱਗ ਵਿੱਚ ਹੁਣ ਸੱਚ ਨੂੰ ਬਹੁਤਾ ਚਿਰ ਦਬਾਇਆ ਨਹੀਂ ਜਾ ਸਕਦਾ। ਇਸ ਨੇ ਪ੍ਰਗਟ ਹੋ ਕੇ ਹੀ ਹਹਿਣਾ ਹੈ। ਜ਼ਰਾ ਸੋਚੋ ਤਾਂ ਸਹੀ, ‘ਸਿੱਖ ਮਾਰਗ’ ਤੇ ਪਹਿਲਾਂ ਮੈਂ ਇਕੱਲਾ ਹੀ ਸੀ ਹੁਣ ਦੁਨੀਆ ਦੇ ਹਜ਼ਾਰਾਂ ਹੀ ਪਾਠਕ ਅਤੇ ਸੈਂਕੜੇ ਲੇਖਕ, ਸੱਚ ਨੂੰ ਪਛਾਣ ਕੇ ਇਸ ਨਾਲ ਜੁੜ ਚੁੱਕੇ ਹਨ। ਤੁਸੀਂ ਕਿਤਨਿਆਂ ਕੁ ਨਾਲ ਨਫਰਤ ਕਰੀਂ ਜਾਂਉਂਗੇ?

ਅਪਣੀ ਹਰ ਗਲਤੀ ਜਾਂ ਆਪਣੇ ਅੰਦਰੂਨੀ ਝਗੜੇ ਨੂੰ ਦੂਸਰਿਆਂ ਸਿਰ ਨਾ ਮੜੋ। ਸਾਰੇ ਲੋਕ ਮੂਰਖ ਨਹੀਂ ਹੁੰਦੇ। ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਅਖੰਡ ਕੀਰਤਨੀਆਂ ਦੀ ਆਪਸੀ ਧੜੇਬੰਦੀ ਅਤੇ ਖਹਿਬਾਜ਼ੀ ਕਾਫੀ ਦੇਰ ਤੋਂ ਚੱਲ ਰਹੀ ਹੈ। ਇਸੇ ਕਰਕੇ ਹੀ ਇਹਨਾ ਦਾ ‘ਸੂਰਾ’ ਪੱਤਰ ਬੰਦ ਹੋਇਆ ਹੈ। ਇਹ ਬਹੁਤਾ ਸਮਾ ਅੰਮ੍ਰਿਤਸਰ ਤੋਂ ਛਪਿਆ ਸੀ ਅਤੇ ਕੁੱਝ ਪੇਪਰ ਲੁਧਆਣੇ ਤੋਂ ਵੀ ਛਪੇ ਸਨ। ਇਹਨਾ ਵਲੋਂ ਇੱਕ ਦੂਸਰੇ ਤੇ ਪੈਸੇ ਖਾਣ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਮੈਨੂੰ ਇਸ ਬਾਰੇ ਤਾਂ ਪਤਾ ਹੈ, ਕਿਉਂਕਿ ਮੈਂ ਇਸ ਦਾ ਲਾਈਫ ਮੈਂਬਰ ਸੀ ਅਤੇ ਮੈਨੂੰ ਵੀ ਚਿੱਠੀਆਂ ਆਉਂਦੀਆਂ ਰਹਿੰਦੀਆਂ ਸਨ। ਆ ਹੁਣ ਵੀ ਜਿਹੜਾ ਇਹਨਾ ਨੇ ਕੋਈ ਆਪਣਾ ਜਥੇਦਾਰ ਚੁਣਨਾ ਹੈ ਚੁਣੀ ਜਾਣ। ਕਿਸੇ ਨੂੰ ਇਸ ਨਾਲ ਕੀ ਵਾਸਤਾ ਹੈ। ਦਸੰਬਰ 26, 2008 ਨੂੰ ਗੁਰਮੀਤ ਸਿੰਘ ਕਾਦੀਅਨ ਨੇ ਭਾਈ ਮਹਿੰਦਰ ਸਿੰਘ ਕਾਲਾਸੰਘਿਆਂ ਦੇ ਜਥੇਦਾਰ ਬਣਨ ਦੀ ਇੱਕ ਖ਼ਬਰ ਸਾਨੂੰ ਭੇਜੀ ਸੀ ਜੋ ਕਿ ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਲਗਾ ਦਿੱਤੀ। ਮੈਨੂੰ ਨਹੀਂ ਪਤਾ ਕਿ ਗੁਰਮੀਤ ਸਿੰਘ ਦੀ ਭਾਈ ਮਹਿੰਦਰ ਸਿੰਘ ਨਾਲ ਕਿਤਨੀ ਕੁ ਨਿੱਜੀ ਜਾਣਕਾਰੀ ਹੈ। ਅਤੇ ਨਾ ਹੀ ਗੁਰਮੀਤ ਸਿੰਘ ਨੇ ਕੋਈ ਮਾੜਾ ਸ਼ਬਦ ਲਿਖਿਆ ਹੈ। ਇਸ ਨੂੰ ਬਹਾਨਾ ਬਣਾਇਆ ਹੈ ਜਾਂ ਉਂਜ ਹੀ ਆਪਣੀ ਆਦਤ ਮਜ਼ਬੂਰ ਝੂਠ ਬੋਲ ਕੇ ਮੂੰਹ ਵਿਚੋਂ ਝੱਗ ਸੁਟਦਿਆਂ ਕਾਲੇ ਅਫਗਾਨੀਏ ਦੀ ਰਟਣੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਇਹਨਾ ਦੀ ਪ੍ਰੈੱਸ ਸਟੇਟਮਿੰਟਸ ਤੋਂ ਜ਼ਾਹਰ ਹੈ। ਇਸ ਬਾਰੇ ਗੁਰਮੀਤ ਸਿੰਘ ਜਾਂ ਹੋਰ ਕੋਈ ਜਾਣਕਾਰੀ ਦੇ ਦੇਵੇ ਤਾਂ ਚੰਗੀ ਗੱਲ ਹੈ।

ਇਕ ਗੱਲ ਹੋਰ ਮੈਂ ‘ਸਿੱਖ ਮਾਰਗ’ ਦੇ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਉਹ ਇਹ ਹੈ ਕਿ ਇਹ ਸਾਰੇ ਅਖੰਡ ਕੀਰਤਨੀਏ ਅਤੇ ਟਕਸਾਲੀਏ ਆਪਣੇ ਬੰਦਿਆਂ ਦੀਆਂ ਤਾਂ ਸਾਰੀਆਂ ਗਲਤੀਆਂ ਢਕ ਕੇ ਉਹਨਾ ਤੇ ਪੜਦੇ ਪਾ ਕੇ ਸਿਫਤਾਂ ਦੇ ਪੁਲ ਬੰਨਣੋਂ ਨਹੀਂ ਹਟਦੇ ਪਰ ਦੂਸਰਿਆਂ ਦੀਆਂ ਗਲਤੀਆਂ ਨੂੰ ਰਾਈ ਦਾ ਪਹਾੜ ਬਣਾ ਕੇ ਪੇਸ਼ ਕਰਨ ਵਿੱਚ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ। ਇਹ ਸਾਰਾ ਕੁੱਝ ਤੁਸੀਂ ਇਹਨਾ ਦੀਆਂ ਸਾਈਟਾਂ ਅਤੇ ਬਲੌਗ ਸਾਈਟਾਂ ਤੇ ਦੇਖ ਸਕਦੇ ਹੋ। ਗੁਰਬਚਨ ਸਿੰਘ ਅਤੇ ਬਾਬਾ ਠਾਕਰ ਸਿੰਘ ਜਿਤਨਾ ਮਰਜ਼ੀ ਝੂਠ ਬੋਲਣ, ਉਹ ਫਿਰ ਵੀ ਵੱਡੇ ਮਹਾਂਪੁਰਸ਼। ਪਰ ਜੇ ਕਰ ਕੋਈ ਘੱਗੇ ਵਰਗਾ ਇਸ ਝੂਠ ਨੂੰ ਕੋਈ ਨੰਗਾ ਕਰ ਦੇਵੇ ਤਾਂ ਬਹੁਤ ਹੀ ਮਾੜਾ। ਇਸੇ ਤਰ੍ਹਾਂ ਹੀ ਅਖੰਡ ਕੀਰਤਨੀਏ ਦੇ ਬੰਦੇ ਜੋ ਮਰਜ਼ੀ ਕਰਨ, ਉਹ ਫਿਰ ਵੀ ਇਹਨਾ ਲਈ ਅਤਿ ਦਰਜ਼ੇ ਦੇ ਮਹਾਨ ਹਨ। ਪਰ ਦੂਸਰਿਆਂ ਦੀਆਂ ਗਲਤੀਆਂ ਤੇ ਫ਼ਤਵਿਆਂ ਦੇ ਢੇਰ ਲਗਾ ਦਿੰਦੇ ਹਨ। ਹੁਣ ਮੈਂ ਭਾਈ ਜੀਵਨ ਸਿੰਘ ਅਤੇ ਭਾਈ ਰਣਜੀਤ ਸਿੰਘ ਬਾਰੇ ਦੱਸਦਾ ਹੈ। ਇੱਕ ਨੂੰ ਇਹ ਆਪਣੇ ਜਥੇ ਦੀ ਰੂਹ ਮੰਨਦੇ ਹਨ ਅਤੇ ਦੂਜੇ ਨੂੰ ਸਮੁੱਚੇ ਪੰਥ ਦਾ ਜਥੇਦਾਰ। ਮੈਂ ਇਹ ਗੱਲਾਂ ਕਿਸੇ ਨੂੰ ਨੀਵਾਂ ਦਿਖਾਉਣ ਬਾਰੇ ਨਹੀਂ ਲਿਖ ਰਿਹਾ ਸਿਰਫ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਲਿਖ ਰਿਹਾ ਹਾਂ। ਗਲਤੀ ਹਰ ਕੋਈ ਕਰ ਸਕਦਾ ਹੈ। ਇੱਕ ਕਹਾਵਤ ਅਨੁਸਾਰ, ਜੋ ਗਲਤੀ ਨਹੀਂ ਕਰਦਾ ਉਹ ਭਗਵਾਨ ਹੈ, ਜੋ ਗਲਤੀ ਤੇ ਗਲਤੀ ਕਰੀ ਜਾਵੇ ਉਹ ਹੈਵਾਨ ਹੈ ਅਤੇ ਜੋ ਗਲਤੀ ਕਰਕੇ ਮੁਆਫੀ ਮੰਗ ਲਵੇ ਉਹ ਇਨਸਾਨ ਹੈ।

ਭਾਈ ਜੀਵਨ ਸਿੰਘ ਬਾਰੇ:- ਇਹ ਗੱਲ ਕੋਈ 29-30 ਸਾਲ ਦੀ ਪੁਰਾਣੀ ਹੈ। ਭਾਈ ਜੀਵਨ ਸਿੰਘ ਜੀ ਕਨੇਡਾ ਵਿੱਚ ਪ੍ਰਚਾਰ ਦੌਰੇ ਤੇ ਆਏ ਸਨ। ਉਸ ਵੇਲੇ ਇਥੇ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਹਾਲੇ ਨਵੇਂ ਗੁਰਦੁਆਰੇ ਹੀ ਬਣੇ ਸਨ। ਆਮ ਲੋਕਾਈ ਨੂੰ ਗੁਰਮਤਿ ਦੀ ਕੋਈ ਸੂਝ ਨਹੀਂ ਸੀ। ਮੈਂ ਵੀ ਉਹਨਾ ਵਿਚੋਂ ਇੱਕ ਸੀ। ਅਸੀਂ ਜੋ ਵੀ ਗੁਰਦੁਆਰੇ ਸੁਣਦੇ ਉਸ ਨੂੰ ਹੀ ਸੱਚ ਮੰਨ ਲੈਂਦੇ ਸੀ। ਭਾਈ ਜੀਵਨ ਸਿੰਘ ਜੀ ਉਸ ਵੇਲੇ ਪਟਨਾ ਸਾਹਿਬ ਵਿਖੇ ਕੀਰਤਨ/ਗ੍ਰੰਥੀ ਦੀ ਸੇਵਾ ਕਰਦੇ ਸਨ ਅਤੇ ਉਥੋਂ ਹੀ ਆਏ ਸਨ। ਉਹਨਾ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਦੱਸਿਆ ਕੇ ਅਖੰਡ ਪਾਠ ਦਾ ਬਹੁਤ ਮਹਾਤਮ ਹੁੰਦਾ ਹੈ ਅਤੇ ਜੇ ਕਰ ਇਹ ਕਿਸੇ ਇਤਿਹਾਸਕ ਗੁਰਦੁਆਰੇ ਹੋਵੇ ਤਾਂ ਹੋਰ ਵੀ ਚੰਗਾ ਹੁੰਦਾ ਹੈ। ਇਸ ਦਾ ਮਹਾਤਮ ਹੋਰ ਵੀ ਵਧ ਜਾਂਦਾ ਹੈ। ਜੇ ਕਰ ਤੁਸੀਂ ਇਤਨੇ ਡਾਲਰ ਦਿਉਂਗੇ ਤਾਂ ਤੁਹਾਡੇ ਨਾਮ ਤੇ ਪਟਨਾ ਸਾਹਿਬ ਵਿਖੇ ਅਖੰਡ ਪਾਠ ਹੋਵੇਗਾ ਅਤੇ ਹੁਕਮਨਾਮਾ ਤੁਹਾਨੂੰ ਮੇਲ ਰਾਹੀਂ ਭੇਜ ਦਿੱਤਾ ਜਾਵੇਗਾ। ਅਸੀਂ ਅੰਧ-ਵਿਸ਼ਵਾਸ਼ੀਆਂ ਨੇ ਫਟਾ ਫਟ ਡਾਲਰ ਦਿੱਤੇ ਅਤੇ ਉਹਨਾ ਦੀ ਦੱਸੀ ਹੋਈ ਤਰੀਕ ਮੁਤਾਬਕ ਲੱਗੇ ਹੁਕਮਨਾਮੇ ਦੀ ਇੰਤਜ਼ਾਰ ਕਰਨ। ਹੁਕਮਨਾਮੇ ਦੀ ਇੰਤਜ਼ਾਰ ਕਰਦਿਆਂ ਸਾਡੀਆਂ ਅੱਖਾਂ ਪੱਕ ਗਈਆਂ ਪਰ ਊਠ ਦੇ ਬੁੱਲ ਡਿਗਣ ਵਾਂਗ ਉਹ ਕਦੀ ਵੀ ਨਾ ਆਇਆ ਅਤੇ ਨਾ ਹੀ ਆਉਣਾ ਸੀ। ਅਸੀਂ ਤਾਂ ਸਬਰ ਕਰ ਲਿਆ ਕਿ ਕੋਈ ਨਹੀਂ ਜਦੋਂ ਫਿਰ ਕਦੇ ਜੀਵਨ ਸਿੰਘ ਹੁਣੀ ਆਏ ਤਾਂ ਪੁੱਛ ਲਵਾਂਗੇ ਕਿ ਕਿਉਂ ਨਹੀਂ ਆਇਆ? ਕਈਆਂ ਨੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਕਿ ਕੀ ਗੜਵੜ ਹੋਈ ਹੈ। ਜਦੋਂ ਉਹਨਾ ਨੇ ਪਟਨੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਇਹ ਤਾਂ ਭਾਈ ਜੀਵਨ ਸਿੰਘ ਜੀ ਕੋਈ ਘਾਲਾ ਮਾਲਾ ਕਰ ਗਏ ਹਨ। ਉਦੋਂ ਅਖਬਾਰ ਵਿੱਚ ਖਬਰ ਛਪੀ ਸੀ ਕਿ ‘ਭਾਈ ਜੀਵਨ ਸਿੰਘ ਵਲੋਂ ਲੋਕਾਂ ਦੇ ਪੈਸੇ ਹੜੱਪ’ ਅਤੇ ਉਹਨਾ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਉਸ ਵੇਲੇ ਜਿਹੜੇ ਤਾਂ ਭਾਈ ਜੀਵਨ ਸਿੰਘ ਦੇ ਜ਼ਿਅਦਾ ਸ਼ਰਧਾਲੂ ਸਨ ਉਹ ਤਾਂ ਅਖ਼ਬਾਰ ਵਾਲੇ ਨੂੰ ਬੁਰਾ ਭਲਾ ਕਹਿਣ ਅਤੇ ਜਿਹੜੇ ਜਰਾ ਕੁ ਘੱਟ ਸਨ ਉਹ ਕਹਿਣ ਕਿ ਉਹ ਆਪ ਤਾਂ ਨਹੀਂ ਇੰਦਾ ਕਰ ਸਕਦੇ ਇਹ ਉਹਨਾ ਦੀ ਘਰਵਾਲੀ ਅਤੇ ਉਸ ਦੇ ਭਰਾ ਦੇ ਕੰਮ ਹੋ ਸਕਦੇ ਹਨ ਜੋ ਕਿ ਉਸ ਵੇਲੇ ਉਹਨਾ ਦੇ ਨਾਲ ਹੀ ਕੀਰਤਨ ਕਰਨ ਆਏ ਹੋਏ ਸਨ। ਉਸ ਵੇਲੇ ਇਹ ਵੀ ਆਮ ਚਰਚਾ ਚੱਲ ਪਈ ਸੀ ਕਿ ਕਾਫੀ ਦੇਰ ਪਹਿਲਾਂ ਭਾਈ ਜੀਵਨ ਸਿੰਘ ਦਾ ਲੁਧਿਆਣੇ ਦੇ ਇੱਕ ਗੁਰਦੁਆਰੇ ਵਿੱਚ ਮੂੰਹ ਕਾਲਾ ਕੀਤਾ ਗਿਆ ਸੀ ਜਾਂ ਆਪ ਹੀ ਕਰ ਲਿਆ ਸੀ। ਕਿਸ ਗਲਤੀ ਬਦਲੇ? ਹੋ ਸਕਦਾ ਹੈ ਕਿ ਇਹ ਗੱਲ ਬਿੱਲ ਕੁੱਲ ਹੀ ਝੂਠ ਹੋਵੇ ਪਰ ਪਹਿਲੀ ਗੱਲ 100% ਸੱਚੀ ਹੈ ਕਿਉਂਕਿ ਮੈਂ ਖੁਦ ਪੈਸੇ ਦੇਣ ਵਾਲਿਆਂ ਵਿੱਚ ਸ਼ਾਮਲ ਸੀ।

ਭਾਈ ਰਣਜੀਤ ਸਿੰਘ ਬਾਰੇ:- ਨਿਰੰਕਾਰੀ ਕਤਲ ਕੇਸ ਵਿੱਚ ਕੈਦ ਭੁਗਤਣ ਦੇ ਕਾਰਨ ਬਹੁਤੇ ਸਿੱਖਾਂ ਦੀ ਹਮਦਰਦੀ ਇਸ ਨਾਲ ਸੀ। ਪਰ ਜਦੋਂ ਟੋਹੜੇ ਵਰਗੇ ਸਿਆਸੀ ਲੀਡਰਾਂ ਨੇ ਆਪਣੀ ਗਰਜ਼ ਦੀ ਖਾਤਰ ਇਸ ਨੂੰ ਲਿਆ ਕੇ ਅਕਾਲ ਤਖ਼ਤ ਤੇ ਬਿਠਾ ਦਿੱਤਾ ਤਾਂ ਕਿਸੇ ਅੜਵੈੜ ਜਿਹੇ ਠਾਣੇਦਾਰ ਵਾਂਗ ਠਾਣੇਦਾਰੀ ਕਰਨ ਲੱਗ ਪਿਆ। ਜਦੋਂ ਲੰਗਰ ਵਾਲਾ ਗੁਰੂ ਕੀ ਨਿੰਦਾ ਵਾਲਾ ਪਖੰਡਨਾਮਾ ਜ਼ਾਰੀ ਕਰਕੇ ਵਿਦੇਸ਼ੀ ਸਿੱਖਾਂ ਵਿੱਚ ਖਾਨਾ- ਜੰਗੀ ਛੇੜ ਦਿੱਤੀ ਅਤੇ ਧਮਕੀਆਂ ਭਰੇ ਲਹਿਜ਼ੇ ਵਿੱਚ ਅਖੌਤੀ ਤੌਰ ਤੇ ਛੇਕਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਤਾਂ ਇਸ ਦੇ ਵੀ ਪੋਤੜੇ ਫਿਰੋਲਣੇ ਸ਼ੁਰੂ ਹੋ ਗਏ। ਉਸ ਸਮੇਂ ਇਹ ਇੱਕ ਸਾਬਕਾ ਟਾਇਰ ਚੋਰ ਨਿਕਲਿਆ। ਇਸ ਤੋਂ ਅਗਾਂਹ ਜੋ ਉਸ ਵੇਲੇ ਅਖ਼ਬਾਰਾਂ ਵਿੱਚ ਛਪਿਆ ਸੀ ਅਤੇ ਉਸ ਨੂੰ ਚਰਨਜੀਤ ਸਿੰਘ ਬੱਲ ਨੇ ਕਲਮ-ਬੰਦ ਕੀਤਾ ਹੈ, ਉਸ ਦੇ ਲੇਖ ਤੋਂ ਕਾਪੀ ਪੇਸਟ ਕਰ ਕੇ ਪਾ ਰਿਹਾ ਹਾਂ-

ਦਿੱਲੀ ਵਿੱਚ ਟਾਇਰ ਚੋਰੀ ਦੇ ਦੋਸ਼ੀ ਭਾਈ ਰਣਜੀਤ ਸਿੰਘ, (ਪੁੱਤਰ ਸੰਤਾ/ਬੰਤਾ ਸਿੰਘ, ਸੀ: 68, ਜਗਤਪੁਰੀ, ਪੀ: ਓ: ਕ੍ਰਿਸ਼ਨ ਨਗਰ, ਨਵੀਂ ਦਿੱਲੀ, ਐਫ: ਆਈ ਆਰ ਨੰਬਰ 1053, 23 04 78) ਤੋਂ ਸਿੱਖ ਪੰਥ ਨੂੰ ਸਹੀ ਸੇਧ ਦੀ ਕੀ ਆਸ ਹੋ ਸਕਦੀ ਹੈ? 12 ਮਈ 1990 ਦੀ ਰਾਤ ਲੁਧਿਆਣੇ ਨੇੜੇ ਖਾੜਕੂਆਂ ਨੇ ਜ: ਟੌਹਰਾ, ਪ੍ਰਧਾਨ, ਸ਼੍ਰੋਮਣੀ ਕਮੇਟੀ ਉੱਤੇ ਘਾਤਕ ਹਮਲਾ ਕੀਤਾ। ਜ: ਟੌਹਰਾ ਵਾਲ ਵਾਲ ਬਚ ਗਿਆ। ਲੁਧਿਆਣੇ ਹਸਪਤਾਲ ਵਿੱਚ ਉਸ ਨੂੰ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਜੁਗਤ ਸੁਝੀ। ਸ਼੍ਰੋਮਣੀ ਗੁ: ਪ੍ਰ: ਅੰਤ੍ਰਿੰਗ ਕਮੇਟੀ ਦੀ 15 ਮਈ ਨੂੰ ਹੋਣ ਵਾਲੀ ਜਿਹੜੀ ਮੀਟਿੰਗ ਇਸ ਹਮਲੇ ਕਾਰਨ ਮੁਲਤਵੀ ਹੋ ਗਈ ਸੀ, ਜ: ਟੋਹਰਾ ਨੇ 9 ਜੂਨ ਨੂੰ ਹਸਪਤਾਲ ਵਿੱਚ ਹੀ ਸੱਦ ਲਈ। ਇਸ ਵਿੱਚ ਜ: ਦਰਸ਼ਨ ਸਿੰਘ ਅਤੇ ਗਿ: ਕੇਵਲ ਸਿੰਘ ਦੇ ਅਸਤੀਫੇ ਸਵੀਕਾਰ ਕਰਕੇ ਭਾ: ਰਣਜੀਤ ਸਿੰਘ, ਜਿਸ ਨੂੰ ਗਿ: ਜ਼ੈਲ ਸਿੰਘ ਨੇ ਸੰਤ ਭਿੰਡਰਾਂਵਾਲੇ ਦੀ ਕਰੋਪੀ ਤੋਂ ਬਚਾਉਣ ਵਾਸਤੇ ਤਿਹਾਰ ਜੇਲ੍ਹ ਵਿੱਚ ਭਿਜਵਾ ਦਿੱਤਾ ਸੀ, ਨੂੰ ਅਕਾਲ ਤਖਤ ਦਾ ਜਥੇਦਾਰ ਅਤੇ ਭਾ: ਭਗਵਾਨ ਸਿੰਘ ਨੂੰ ਗਿ: ਕੇਵਲ ਸਿੰਘ ਦੀ ਥਾਂ ਮੁਖ ਗ੍ਰੰਥੀ ਨਿਯੁਕਤ ਕਰ ਦਿੱਤਾ ਗਿਆ।

ਠਾਕਰ ਸਿੰਘ ਖਮਾਣੋ ਅਤੇ ਸਤਨਾਮ ਸਿੰਘ ਜਲੰਧਰ ਨੇ ਪ੍ਰ: ਦਰਸ਼ਨ ਸਿੰਘ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣ ਅਤੇ ਭਾਈ ਰਣਜੀਤ ਸਿੰਘ ਦੇ ਜੇਲ੍ਹ ਵਿੱਚ ਹੋਣ ਕਰਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਨਿਭਾਉਣ ਦੇ ਅਯੋਗ ਹੋਣ ਦੇ ਸੁਝਾਉ ਦਿੱਤੇ ਸਨ। ਪਰ ਇਸ ਚਾਰ ਘੰਟੇ ਦੀ ਮੀਟਿੰਗ ਤੋਂ ਮਗਰੋਂ ਮਨਜੀਤ ਸਿੰਘ ਕਲਕਤਾ ਨੇ (ਝੂਠ ਬੋਲਦਿਆਂ) ਪਤ੍ਰਕਾਰਾਂ ਨੂੰ ਦੱਸਿਆ ਕਿ ਦੋਵੇਂ ਅਸਤੀਫਿਆਂ, ਅਤੇ ਭਾਈ ਰਣਜੀਤ ਸਿੰਘ, ਜਿਸ ਦਾ ਨਾਮ ਜ: ਟੌਹਰਾ ਨੇ ਹੀ ਪੇਸ਼ ਕੀਤਾ ਸੀ, ਦੀ ਨਿਯੁਕਤੀ ਦੇ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਹਨ। ਇਸ ਮੀਟਿੰਗ ਵਿੱਚ ਜ: ਟੌਹਰਾ ਨੂੰ ਭਾ: ਰਣਜੀਤ ਸਿੰਘ ਦੇ ਜੇਲ੍ਹ ਵਿੱਚ ਰਹਿਣ ਦੇ ਸਮੇਂ ਤਕ ਆਰਜ਼ੀ ਜਥੇਦਾਰ ਨਿਯੁਕਤ ਕਰ ਦੇਣ ਦੇ ਦਿੱਤੇ ਅਧਿਕਾਰ ਅਨੁਸਾਰ ਉਹਨਾ ਨੇ ਪ੍ਰੋ: ਮਨਜੀਤ ਸਿੰਘ ਨੂੰ ਉਸ ਪਦ ਉਤੇ ਨਿਯੁਕਤ ਕਰ ਦਿੱਤਾ।

ਜ: ਟੌਹਰਾ ਨੇ ਰਾਗੀ ਦਰਸ਼ਨ ਸਿੰਘ, ਜੋ ਕਿ ਜ: ਟੌਹਰਾ ਦੇ ਮਰਯਾਦਾ ਭੰਗ ਕਰਨ ਦੇ ਦੋਸ਼ ਦੀ ਚਰਚਾ ਕਰ ਰਹੇ ਸਨ, ਦਾ ਅਸਤੀਫਾ ਪਰਵਾਨ ਕਰਕੇ ਆਪਣੇ ਗਲ਼ੋਂ ਬਲ਼ਾ ਲਾਹ ਸੁੱਟੀ। ਅਤੇ ਭਾ: ਰਣਜੀਤ ਸਿੰਘ, ਜਿਸ ਨੂੰ ਬਹੁਗਿਣਤੀ ਖਾੜਕੂ ਨਿਰੰਕਾਰੀ ਗੁਰੂ ਗੁਰਬਚਨ ਸਿੰਘ ਦਾ (ਸੱਚਾ/ਝੂਠਾ) ਕਾਤਲ ਹੋਣ ਕਾਰਨ ਆਪਣਾ ਜੁੰਡਲੀਦਾਰ ਸਮਝਦੇ ਸਨ, ਨੂੰ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰਕੇ,

1) ਆਪਣੀ ਨਿਜੀ ਰੱਖਿਆ ਅਤੇ ਆਪਣੇ ਆਪ ਨੂੰ ਖਾੜਕੂਆਂ ਦੀ ਕਰੋਪੀ ਤੋਂ ਬਚਣ ਦਾ ਪ੍ਰਬੰਧ ਕਰ ਲਿਆ।

2) ਹਿੰਦ ਸਰਕਾਰ, ਜਿਸ ਨੇ ਭਾ. ਜਸਬੀਰ ਸਿੰਘ ਨੂੰ ਭਿਆਨਕ ਦਹਿਸ਼ਤਵਾਦ ਸਮੇਂ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਸੀ, ਅਕਾਲੀ ਦਲ (ਸਿਮ੍ਰਨਜੀਤ ਸਿੰਘ ਮਾਨ), ਫੈਡਰੇਸ਼ਨ (ਭਾ. ਮਨਜੀਤ ਸਿੰਘ) ਅਤੇ ਦਮਦਮੀ ਟਕਸਾਲ ਦੇ ਸਰਬਤ ਖਾਲਸਾ ਗਠ-ਜੋੜ ਨੂੰ ਸਪਸ਼ਟ ਕਰ ਦਿੱਤਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਕੇਵਲ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਹੀ ਹੈ।

3) ਭਾ: ਜਸਬੀਰ ਸਿੰਘ ਦੀਆਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਬਣਨ ਦੀਆਂ ਇੱਛਾਂ ਦਾ ਭੋਗ ਪਾ ਦਿੱਤਾ।

4) ਭਾਈ ਰਣਜੀਤ ਸਿੰਘ ਦੇ ਭਾਈਚਾਰੇ, ਰਾਮਗੜੀਆ ਸਿੱਖਾਂ ਨੂੰ ਆਪਣੇ ਵਲ ਦਾ ਕਰ ਲਿਆ।

ਜ: ਟੌਹਰਾ ਦੇ ਨਿਕਟਵਰਤੀਆਂ ਅਨੁਸਾਰ ਉਸ ਨੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ 25/26 ਸਾਲ ਪ੍ਰਧਾਨਗੀ ਸਮੇਂ ਆਪਣੇ ਸੁਆਰਥ ਸਿੱਧ ਕਰਨ ਲਈ ਅਕਾਲ ਤਖਤ ਜਥੇਦਾਰ ਸਮੇਤ ਕਈ ਚੰਗੇ ਮੰਦੇ ਵਿਅਕਤੀਆਂ ਦੀ ਵਰਤੋਂ ਕੀਤੀ। ਉਸ ਦੀ ਬਹੁਤੀ ਸ਼ਕਤੀ ਅਤੇ ਸਮਾਂ ਨਾਰਦ ਮੁਨੀ ਵਾਲੀ ਨੀਤੀ ਉਤੇ ਲਾਉਣ ਕਾਰਨ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਧਰਮ ਪ੍ਰਚਾਰ ਵਿੱਚ ਨਿਘਾਰ ਹੀ ਆਇਆ। ਭਾਵ ਸਿੱਖ ਧਰਮ ਅਤੇ ਕੌਮ ਨੂੰ ਲਾਭ ਘਟ ਅਤੇ ਨੁਕਸਾਨ ਵਧ ਹੋਇਆ। ਪਰ ਜਿੱਨਾ ਨੁਕਸਾਨ ਜ. ਟੋਹਰਾ ਦੀ 25/26 ਸਾਲਾ ਪ੍ਰਧਾਨਗੀ ਸਮੇਂ ਹੋਇਆ ਉਸ ਤੋਂ ਵੱਧ ਨੁਕਸਾਨ ਭਾ. ਰਣਜੀਤ ਸਿੰਘ ਦੀ 25/26 ਮਹੀਨੇ (31 ਦਸੰਬਰ 1996-10 ਫਰਵਰੀ 1999) ਦੀ ਅਕਾਲ ਤਖਤ ਦੀ ਜਥੇਦਾਰੀ ਸਮੇਂ ਹੋਇਆ। ਉਸ ਦੀ ਅਯੋਗਤਾ, ਗੁਰਮਤਿ ਅਤੇ ਗੁਰਬਾਣੀ ਤੱਤ ਗਿਆਨ ਪ੍ਰਤੀ ਅਗਿਆਨਤਾ, ਹੋਛਾਪਨ ਅਤੇ ਹੂੜ੍ਹਮਤਿ ਉਸ ਦੀ ਸੋਚਣੀ, ਕਥਨੀ, ਕਰਨੀ ਅਤੇ ਵਤੀਰੇ ਆਦਿ ਤੋਂ ਸਪਸ਼ਟ ਹੈ।

19 ਫਰਵਰੀ 1997 ਨੂੰ ਭ: ਰਣਜੀਤ ਸਿੰਘ ਦੇ ਸੱਦੇ ਤੇ ਵਿਸ਼ਵ ਸਿੱਖ ਕੌਂਸਲ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ, ਜਿਸ ਵਿੱਚ ਭਾ: ਰਣਜੀਤ ਸਿੰਘ, ਗਿ. ਕੇਵਲ ਸਿੰਘ, ਜਥੇਦਾਰ, ਤਖਤ ਦਮਦਮਾ, ਡਾ. ਦਰਸ਼ਨ ਸਿੰਘ, (ਗੁਰੂ ਨਾਨਕ ਚੇਅਰ ਮੁਖੀ, ਪੰਜਾਬ ਯੁਨਵਿਰਸਟੀ, ਅਤੇ ਪ੍ਰਧਾਨ ਸੈਕਟਰ 14 ਗੁਰਦੁਆਰਾ, ਚੰਡੀਗੜ) ਆਦਿ ਸ਼ਾਮਲ ਸਨ, ਕੌਂਸਲ ਦੇ ਚੰਡੀਗੜ੍ਹ ਦਫਤਰ ਵਿੱਚ ਪ੍ਰੋ. ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਡਾ: ਦਰਸ਼ਨ ਸਿੰਘ ਨੇ ਭਾ: ਰਣਜੀਤ ਸਿੰਘ ਨੂੰ ਨਿਮ੍ਰਤਾ ਸਹਿਤ ਕਿਹਾ ਕਿ, “ਤੁਸੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਹੋ ਤਹਾਨੂੰ ਧਿਰ ਨਹੀਂ ਬਣਨਾ ਚਾਹੀਦਾ।” ਭਾ: ਰਣਜੀਤ ਸਿੰਘ ਗੁੱਸੇ ਨਾਲ ਡਾ: ਦਰਸ਼ਨ ਸਿੰਘ ਨੂੰ ਵਢ੍ਹ ਖਾਣ ਨੂੰ ਪਏ, “ਤੂੰ ਸਮਝਦਾ ਹੈਂ ਕਿ ਮੈਂ ਪੰਜ ਜਮਾਤਾਂ ਪੜ੍ਹਿਆ ਹਾਂ, ਮੈਨੂੰ ਅਕਲ ਤੇਰੇ ਨਾਲੋਂ ਜ਼ਿਆਦਾ ਹੈ, ਤੇਰੇ ਵਰਗੇ ਪ੍ਰੋਫੈਸਰ ਮੈਂ ਬਹੁਤ ਵੇਖੇ ਹਨ। ਚੁੱਪ ਕਰ ਕੇ ਬੈਠ ਜਾ।” ਇਸ ਮੀਟਿੰਗ ਵਿੱਚ ਭਾ. ਰਣਜੀਤ ਸਿੰਘ ਨੇ ਭਾ: ਮਨਜੀਤ ਸਿੰਘ ਸਮੇਤ ਹੋਰਨਾ ਦੀ ਵੀ ਘੋਰ ਬੇਪਤੀ ਕੀਤੀ।

ਇਸੇ ਹੀ ਕੌਂਸਲ ਦੀਆਂ ਦੋ ਹੋਰ ਮੀਟਿਗਾਂ ਵਿੱਚ ਡਾ: ਦਰਸ਼ਨ ਸਿੰਘ ਵਲੋਂ ਪ੍ਰਗਟ ਕੀਤੇ ਵਿਚਾਰਾਂ ਕਾਰਨ ਭਾ: ਰਣਜੀਤ ਸਿੰਘ ਉਨ੍ਹਾਂ ਉਤੇ ਢਾਡੇ ਗੁਸੇ ਸਨ। 17 ਅਕਤੂਬਰ 1997 ਨੂੰ ਚੰਡੀਗੜ੍ਹ ਦੇ ਨਗਰ ਕੀਰਤਨ ਦਾ ਪ੍ਰੋਗਰਾਮ ਉਲੀਕਣ ਵਾਸਤੇ ਉਥੋਂ ਦੇ ਗੁਰਦੁਆਰਆਂ ਦੇ ਪ੍ਰਧਾਨਾਂ ਦੀ ਮੀਟਿੰਗ ਅਕਾਲ ਤਖਤ ਵਿਖੇ ਹੋਈ। ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਭਾ. ਗੁਰਪ੍ਰਤਾਪ ਸਿੰਘ ਰਿਆੜ ਨੇ ਡਾ: ਦਰਸ਼ਨ ਸਿੰਘ ਦੇ ਵਿਚਾਰ ਸੁਣਨ ਦਾ ਸੁਝਾਉ ਪੇਸ਼ ਕੀਤਾ ਤਾਂ ਉਹ ਸਾਹਮਣੇ ਆ ਕੇ ਬੈਠ ਗਏ। ਭਾ: ਰਣਜੀਤ ਸਿੰਘ ਨੇ ਡਾ. ਦਰਸ਼ਨ ਸਿੰਘ ਨੂੰ ਵਢ੍ਹ ਖਾਣੀ ਬੋਲੀ ਵਿੱਚ ਕਿਹਾ, “ਤੈਨੂੰ ਇਥੇ ਕਿਸ ਨੇ ਬੁਲਾਇਆ ਹੈ, ਭੱਜ ਜਾ ਇਥੋਂ।” ਸ਼ਰਾਫਤ ਦੀ ਮੂਰਤ ਡਾ: ਦਰਸ਼ਨ ਸਿੰਘ ਚੁਪ-ਚੁਪੀਤੇ ਤੁਰ ਪਏ। ਇਨੇ ਚਿਰ ਨੂੰ ਸਾਰਿਆਂ ਨੂੰ ਲੰਗਰ ਛਕਣ ਲਈ ਕਿਹਾ ਗਿਆ। ਡਾ: ਦਰਸ਼ਨ ਸਿੰਘ ਨੇ ਦਰਵਾਜ਼ੇ ਤੋਂ ਮੁੜ ਕੇ ਭਾ: ਰਣਜੀਤ ਸਿੰਘ ਦੇ ਸਾਹਮਣੇ ਆ ਕੇ ਕਿਹਾ ਕਿ ਉਨ੍ਹਾਂ ਦੇ ਹੋਏ ਅਪਮਾਨ ਕਾਰਨ ਉਹ ਲੰਗਰ ਨਹੀਂ ਛਕ ਸਕਦੇ। ਕਰੋਧ ਦੇ ਰੋਗੀ ਭਾ: ਰਣਜੀਤ ਸਿੰਘ ਡਾ: ਦਰਸ਼ਨ ਸਿੰਘ ਦੀ ਖੱਬੀ ਬਾਂਹ ਮਰੋੜਦੇ ਹੋਏ ਕਈ ਭੈੜੇ ਸ਼ਬਦ ਬੋਲਣ ਲਗ ਪਏ। ਗਿ: ਕੇਵਲ ਸਿੰਘ ਅਤੇ ਭਾ. ਮੋਹਨ ਸਿੰਘ ਦੇ ਡਾ: ਦਰਸ਼ਨ ਸਿੰਘ ਨੂੰ ਛਡਾਉਣ ਸਮੇਂ ਭਾ. ਰਣਜੀਤ ਸਿੰਘ ਦਾ ਹੱਥ ਜਾਣੇ/ਅਣਜਾਣੇ ਗਿ. ਕੇਵਲ ਸਿੰਘ ਦੀ ਦਾਹੜੀ ਨੂੰ ਪੈ ਗਿਆ।

17 ਅਕਤੂਬਰ 1997 ਵਾਲੀ ਮੀਟਿੰਗ ਵਿੱਚ ਜੱਥੇਦਾਰ ਟੌਹਰਾ ਦੇ ਨਿਰੰਕਾਰੀ ਭਵਨ ਪਟਿਆਲ਼ਾ ਵਿਖੇ ਵੋਟਾਂ ਮੰਗਣ ਜਾਣ ਦਾ ਮਸਲਾ ਵਿਚਾਰਿਆ ਗਿਆ। ਇਸ ਮਸਲੇ ਦਾ ਗੁੰਝਲਦਾਰ ਪਿਛੋਕੜ ਵਰਨਣਯੋਗ ਹੈ। ਜਥੇਦਾਰ ਟੌਹਰਾ ਨੇ ਸ੍ਰੀ ਅਕਾਲ ਤਖਤ ਨੂੰ ਭੇਜੀ ਇੱਕ ਚਿੱਠੀ ਵਿੱਚ ਲਿਖਿਆ ਸੀ ਕਿ ਉਹ ਨਿਰੰਕਾਰੀ ਭਵਨ ਵਿੱਚ ਗਿਆ ਸੀ। ਭਾ: ਰਣਜੀਤ ਸਿੰਘ ਨੇ ਕਿਸੇ ਨੂੰ ਕਹਿ ਦਿੱਤਾ ਕਿ, “ਹੁਣ ਤਕ ਜਥੇਦਾਰ ਟੌਹਰਾ ਹੋਰਨਾਂ ਤੋਂ ਭਾਂਡੇ ਮੰਜਵਾਉਂਦਾ ਰਿਹਾ ਹੈ, ਹੁਣ ਮੈਂ ਇਸ ਤੋਂ ਭਾਂਡੇ ਮੰਜਵਾਂਉਂਗਾ।” ਜ: ਟੌਹਰਾ ਨੂੰ ਇਸ ਦਾ ਪਤਾ ਲਗਣ ਤੇ ਉਸ ਨੇ ਭਾ: ਰਣਜੀਤ ਸਿੰਘ ਨੂੰ ਮਿਲ਼ ਮਿਲ਼ਾ ਕੇ ਇਸ ਚਿੱਠੀ ਦੀ ਥਾਂ ਇੱਕ ਹੋਰ ਚਿੱਠੀ, ਜਿਸ ਵਿੱਚ ਲਿਖਿਆ ਸੀ ਕਿ ਉਹ ਨਿਰੰਕਾਰੀ ਭਵਨ ਵਿੱਚ ਗਿਆ ਹੀ ਨਹੀਂ, ਰੱਖਵਾ ਦਿੱਤੀ। ਇਸ ਮੀਟਿੰਗ ਵਿੱਚ ਇਸ ਘਪਲੇ ਦੀ ਚਰਚਾ ਹੋਈ ਤਾਂ ਭਾ: ਰਣਜੀਤ ਸਿੰਘ ਨੇ ਜ: ਟੌਹਰਾ ਦੀ ਬਜ਼ੁਰਗੀ ਅਤੇ ਸਿੱਖ ਪੰਥ ਦੀ ਸੇਵਾ ਬਦਲੇ ਉਸ ਨੂੰ ਮੁਆਫ ਕਰਨ ਦਾ ਵਾਸਤਾ ਪਾਇਆ। ਪ੍ਰੋ: ਮਨਜੀਤ ਸਿੰਘ ਨੇ ਕਿਹਾ ਕਿ ਜ: ਟੌਹਰਾ ਨਿਰੰਕਾਰੀ ਭਵਨ ਵਿੱਚ ਜਾਣਾਂ ਮੰਨ ਚੁਕੇ ਹਨ ਇਸ ਲਈ ਉਸ ਨੂੰ ਘਟੋ-ਘਟ ਪੰਜਾਂ ਦਾਤਣਾ ਦੀ ਹੀ ਸੇਵਾ ਲਾਈ ਜਾਵੇ, ਨਹੀਂ ਤਾਂ ਸਿੱਖ ਕੌਮ ਵਿੱਚ ਸ਼ੰਕੇ ਪੈਦਾ ਹੋ ਜਾਣਗੇ। ਭਾ: ਰਣਜੀਤ ਸਿੰਘ ਦਾ ਜੁਵਾਬ ਸੀ ਕਿ ਇਹ ਜ਼ੁਮੇਵਾਰੀ ਉਸ ਦੀ ਹੈ, ਉਸ ਨੇ ਇਸ ਦਾ ਪ੍ਰਬੰਧ ਕਰ ਲਿਆ ਹੈ।

ਭਾ: ਰਣਜੀਤ ਸਿੰਘ ਨੇ ਅਕਾਲ ਤਖਤ ਦੀ ਜਥੇਦਾਰੀ ਦੇ ਇੱਕ ਸਾਲ ਦੇ ਅੰਦਰ 507 ਵਰਗ ਗਜ਼ ਦੇ Plot # 579 Phase 3 A ਮੁਹਾਲ਼ੀ ਵਿਖੇ, ਜਿਸ ਦੀ ਕੀਮਤ ਉਸ ਸਮੇਂ 20 ਤੋਂ 30 ਲੱਖ ਰੁਪਏ ਦੱਸੀ ਜਾਂਦੀ ਸੀ, ਸਾਢੇ ਨੌ ਲਖ ਰੁਪਏ ਦਾ ਖਰੀਦਿਆ ਜਿਸ ਦੀ ਰਜਿਸਟਰੀ 15 ਦਸੰਬਰ 1997 ਨੂੰ ਸਬ-ਰਜਿਸਟਰਾਰ ਮੁਹਾਲ਼ੀ ਦੇ ਦਫਤਰ ਵਿੱਚ ਕਰਵਾਈ। ਕਿਉਂਕਿ ਮੁਹਾਲ਼ੀ ਵਿੱਚ ਕਿਸੇ ਵੀ ਪਲਾਟ ਦੀ ਖਰੀਦ ਦੀ ਰਜਿਸਟਰੀ 2500 ਰੁਪਏ ਪ੍ਰਤੀ ਵਰਗ ਗਜ਼ ਤੋਂ ਘਟ ਨਹੀਂ ਕਰਾਈ ਜਾ ਸਕਦੀ, ਉਸ ਨੇ 12 ਲਖ 70 ਹਜ਼ਾਰ ਰਜਿਸਟਰੀ ਦੀ ਫੀਸ 76200 ਰੁਪਏ ਦਿੱਤੀ। ਇਹ ਪਲਾਟ ਉਸ ਨੇ ਇੱਕ ਲਖ ਰੁਪਏ ਦੀ ਪੇਸ਼ਗੀ ਅਤੇ 12 ਦਸੰਬਰ 1997 ਨੂੰ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਤੋਂ ਬਣਾਏ 4 ਲਖ ਅਤੇ 4 ਲ਼ੱਖ 50 ਹਜ਼ਾਰ ਦੇ ਦੋ ਡਰਾਫਟ ਨੰਬਰ 606641 ਅਤੇ ਨੰਬਰ 606642 ਨਾਲ ਖਰੀਦਿਆ। ਉਸ ਦਾ ਕਹਿਣਾ ਹੈ ਉਸ ਨੇ ਘਟ ਕੀਮਤ ਦੀ ਰਜਿਸਟਰੀ ਕਰਵਾ ਕੇ ਕੋਈ ਗੁਨਾਹ ਨਹੀਂ ਕੀਤਾ ਕਿਉਂਕਿ ਚੰਡੀਗੜ੍ਹ/ਮੁਹਾਲੀ ਵਿੱਚ ਸਾਰੇ ਲੋਕੀਂ ਘਟ ਕੀਮਤ ਦੀ ਰਜਿਸਟਰੀ ਕਰਵਾਉਂਦੇ ਹਨ। ਇਸ ਸੌਦੇ ਅਤੇ ਆਪਣੀ ਸ਼ਨਾਖਤ ਨੂੰ ਗੁਪਤ ਰਖਣ ਵਜੋਂ ਭਾ: ਰਣਜੀਤ ਸਿੰਘ ਨੇ-

1) ਇਹ ਪਲਾਟ ਆਰ. ਐਸ. ਘਟੌਰਾ ਪੁੱਤਰ ਸੰਤਾ ਸਿੰਘ (1978 ਦੇ ਨਵੀਂ ਦਿੱਲੀ ਵਾਲੇ ਕੇਸ ਵਿੱਚ ਨਾਮ ਬੰਤਾ ਸਿੰਘ ਹੈ) ਦੇ ਨਾਂਮ ਖਰੀਦਿਆ ਅਤੇ ਬਹੁਤ ਥਾਈਂ ਭਾ: ਰਣਜੀਤ ਸਿੰਘ ਨੇ ਦਸਤਖਤ ਵੀ ਅੰਗਰੇਜ਼ੀ ਵਿੱਚ ਆਰ: ਐਸ: ਘਟੌਰਾ ਹੀ ਕੀਤੇ।

2) 5 ਦਸੰਬਰ 1997 ਦੇ 5 ਰੁਪਏ ਦੇ ਐਫੀਡੇਵਟ ਉਤੇ ਉਸ ਦੇ ਦਸਤਖਤ ਆਰ: ਸਿੰਘ ਹਨ।

3) 23 ਦਸੰਬਰ 1997 ਦੇ 5 ਰੁਪਏ ਤੇ 20 ਰੁਪਏ ਦੀ ਟਿਕਟ ਵਾਲੇ ਐਫੀਡੇਵਟ ਉਤੇ ਦਾੜ੍ਹੀ ਖੁੱਲੀ ਰਖਣ ਵਾਲੇ ਭਾ. ਰਣਜੀਤ ਸਿੰਘ ਦੀ ਲਗੀ ਤਸਵੀਰ ਵਿੱਚ ਦਾੜ੍ਹੀ ਬੱਨ੍ਹੀ ਹੋਈ ਹੈ।

4) ਹਲਫੀਆ ਬਿਆਨ ਵਿੱਚ ਆਪਣਾ ਰਹਾਇਸ਼ੀ ਪਤਾ 589 ਫੇਜ਼ 10 ਦਿੱਤਾ ਹੈ। ਪਰ ਉਸ ਮਕਾਨ ਵਿੱਚ ਆਪਣੀ ਲੜਕੀ ਅਤੇ ਦੋ ਲੜਕਿਆਂ ਨਾਲ ਰਹਿ ਰਹੀ ਬਲਬੀਰ ਕੌਰ ਨੇ ਦਸਿਆ ਕਿ ਉਨ੍ਹਾਂ ਦਾ ਭਾ: ਰਣਜੀਤ ਸਿੰਘ ਨਾਲ ਕੋਈ ਰਿਸ਼ਤਾ ਨਹੀਂ। ਅਤੇ ਨਾ ਹੀ ਉਸ ਪ੍ਰੀਵਰ ਦੇ ਰਾਸ਼ਨ ਕਾਰਡ ਵਿੱਚ ਕਿਸੇ ਰਣਜੀਤ ਸਿੰਘ, ਆਰ ਐਸ ਘਟੌਰਾ ਜਾਂ ਆਰ. ਸਿੰਘ ਦਾ ਨਾਮ ਹੈ।

ਭਾ: ਰਣਜੀਤ ਸਿੰਘ ਦੇ ਆਪਣੇ 22 ਸਤੰਬਰ 1998 ਦੇ ਕਥਨ ਅਨੁਸਾਰ ਉਸ ਦੇ (ਕੱਟੜਪੰਥੀ ਸਿੱਖ) ਮਿਤ੍ਰਾਂ ਨੇ 1100 ਅਮਰੀਕਨ ਡਾਲਰ (50000 ਰੁਪਏ) ਤੇ 1500 ਅਮਰੀਕਨ ਡਾਲਰ (67500 ਰੁਪਏ) ਕੈਲੀਫੋਰਨੀਆ, 50000 ਰੁਪਏ ਆਸਟਰੇਲੀਆ ਅਤੇ 60000 ਰੁਪਏ ਇੰਗਲੈਂਡ ਤੋਂ ਉਸ ਨੂੰ ਜੇਲ੍ਹ ਵਿੱਚ ਦੇ ਸਮੇਂ ਭੇਜੇ ਸਨ। 1 ਲੱਖ ਰੁਪਏ ਅਤੇ 6x51000= 306000 ਹਜ਼ਾਰ ਰੁਪਏ ਉਸ ਦੇ ਦਿੱਲੀ ਤੋਂ 6 ਮਿਤ੍ਰਾਂ ਨੇ ਉਸ ਨੂੰ ਸ੍ਰੀ ਅਕਾਲ ਤਖਤ ਦੇ ਸੇਵਾਦਾਰ/ਜੱਥੇਦਾਰ ਬਣਨ ਸਮੇਂ ਦਿੱਤੇ।

ਕੈਲੀਫੋਰਨੀਆ ਦੇ ਕਰਨੈਲ ਸਿੰਘ ਖਾਲਸਾ ਦੀ ਟੈਲੀਫੂਨ ਉਤੇ ਭਾ: ਰਣਜੀਤ ਸਿੰਘ ਨਾਲ ਹੋਈ ਗਲ ਬਾਤ ਦੀ ਭਰੀ ਟੇਪ ਵਿੱਚ ਭਾ: ਰਣਜੀਤ ਸਿੰਘ ਮਨੰਦੇ ਹਨ ਕਿ ਮੈਨੂੰ ਇੰਗਲੈਂਡ ਦੀ ਸੰਗਤ ਨੇ ਇੱਕ ਕਾਰ ਦਿੱਤੀ ਹੈ ਅਤੇ 3 ਹਜ਼ਾਰ ਡਾਲਰ (1 ਲਖ 5 ਹਜ਼ਾਰ ਰੁਪਏ) ਅਮਰੀਕਾ ਦੀ ਸਿੱਖ ਯੂਥ ਫੈਡਰੇਸ਼ਨ ਨੇ ਦਿੱਤੇ ਹਨ। ਭਾ: ਰਣਜੀਤ ਸਿੰਘ ਵਲੋਂ ਆਪਣੇ ਜੇਲ੍ਹ ਦੇ ਸਾਥੀ ਅੰਗ-ਰਖਇਕਾਂ ਦੀ ਸਵਾਰੀ ਲਈ ਜੀਪ/ਜੀਪ ਵਾਸਤੇ 5 ਲਖ ਰੁਪਏ ਮੰਗਣ ਤੇ ਕਰਨੈਲ ਸਿੰਘ ਖਾਲਸਾ ਕਹਿੰਦਾ ਹੈ ਕਿ ਇਥੇ ਸ਼ਰਧਾਲੂ ਬਹੁਤ ਹਨ। ਉਪਰੋਕਤ ਕਾਰ/ਜੀਪ ਦੇਣ ਵਾਲੀ ਇੰਗਲੈਂਡ ਦੀ ਸੰਗਤ ਅਸਲ ਵਿੱਚ ਆਪਣੇ ਆਪ ਨੂੰ 13ਵਾਂ ਗੁਰੂ ਨਾਨਕ ਕਹਿਣ ਵਾਲਾ ਠਗ ਸਾਧ ਅਮਰ ਸਿੰਘ ਬਰੂੰਡੀ, ਜਿਸ ਦੇ ਇੰਗਲੈਡ, ਕੈਨੇਡਾ, ਅਮਰੀਕਾ, ਆਦਿ ਵਿੱਚ ਡੇਰੇ ਹਨ, ਹੈ। ਉਸ ਨੇ 30 ਲਖ ਰੁਪਏ ਦੀ ਮ੍ਰਸੇਡੀਜ਼ ਕਾਰ ਭਾ: ਰਣਜੀਤ ਸਿੰਘ ਨੂੰ ਦਿੱਤੀ ਸੀ।

ਭਾ: ਰਣਜੀਤ ਸਿੰਘ ਜਿਨ੍ਹਾਂ ਚਿਰ ਜਥੇਦਾਰ ਟੌਹਰਾ ਦੀ ਛਤਰ-ਛਾਇਆ ਹੇਠ ਸਿੱਖ ਵਿਦਵਾਨਾਂ, ਬੁਧੀਜੀਵਿਆਂ ਅਤੇ ਸਧਾਰਨ ਸਿੱਖਾਂ ਦੀ ਬੇਪਤੀ ਕਰਕੇ ਅਤੇ ਉਨ੍ਹਾਂ ਵਿਰੁਧ ਤਾਨਾਸ਼ਾਹੀ ਹੁਕਮਨਾਮੇਂ ਛੱਡ ਕੇ ਸਿੱਖ ਧਰਮ ਅਤੇ ਕੌਮ ਦੀ ਢਹਿੰਦੀ ਕਲਾ ਕਰੀ ਗਿਆ, ਸਿਰਮੌਰ ਸਿੱਖ ਆਗੂਆਂ ਨੇ ਉਸ ਦੀ ਹੂੜਮਾਰ ਅਤੇ ਧੱਕੇਸ਼ਾਹੀ ਪ੍ਰਤੀ ਅਨਗਿਹਲੀ ਕਰ ਛੱਡੀ। ਪਰ ਜ: ਟੌਹਰਾ ਅਤੇ ਬਾਦਲ ਦੇ ਰਾਜਨੀਤਕ ਮਾਰੂ ਭੇੜ ਦੇ ਫਲ ਸਰੂਪ ਜ. ਟੌਹਰਾ ਨੇ ਆਪਣੀ ਸਿਆਸੀ ਜ਼ਿੰਦਗੀ ਦਾ ਭੋਗ ਪੈਂਦਾ ਵੇਖ ਕੇ ਆਪਣੇ ਬਚਾ ਵਾਸਤੇ ਵਿਰੋਧੀ ਬਾਦਲ ਧੜੇ ਵਿਰੁਧ ਅਕਾਲ ਤਖਤ ਅਤੇ ਭਾ: ਰਣਜੀਤ ਸਿੰਘ ਦੀ ਅਯੋਗ ਸ਼ਕਤੀ ਵਰਤਣ ਦੀ ਕੋਸ਼ਿਸ਼ ਕੀਤੀ। ਜ: ਟੌਹਰਾ, ਜੋ ਅਕਾਲ ਤਖਤ ਦੇ ਸੇਵਾਦਾਰ/ਜਥੇਦਾਰ, ਜਿਸ ਨੂੰ ‘ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਕੀਤਾ ਹੋਇਆ ਕਰਮਚਾਰੀ’ ਆਖਦਾ ਸੀ ਹੁਣ ਉਸ ਦੇ ਜਾਰੀ ਕੀਤੇ ਹੁਕਮਨਾਮਿਆਂ ਨੂੰ ‘ਅਕਾਲ ਪੁਰਖ ਦੇ ਹੁਕਮ ਆਖਣ ਲੱਗ ਪਿਆ।

ਅਜੋਕੇ ਜੱਥੇਦਰਾਂ ਅਤੇ ਸਿੰਘ ਸਾਹਿਬਾਨਾਂ ਬਾਰੇ ਇਸੇ ਸ਼੍ਰੇਣੀ ਦੇ ਸਿੰਘ ਸਾਹਿਬ ਗਿਆਨੀ ਭਗਵਾਨ ਸਿੰਘ, ਅਕਾਲ ਤਖਤ ਦੇ ਮੁਖ ਗ੍ਰੰਥੀ ਦੀਆਂ ਟਿਪਣੀਆਂ, ਜੋ ਉਨ੍ਹਾਂ ਨੇ 28 ਮਈ 1999 ਵਾਲੇ ਦਿਨ ਅਕਾਲ ਤਖਤ ਵਿਖੇ ਪਤ੍ਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹੀਆਂ,

1) “ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹਰਾ ਸਿੱਖ ਕੌਮ ਲਈ ਨਾ ਕਾਬਲੇ ਬਰਦਾਸ਼ਤ ਬੋਝ ਹਨ।”

2) ਜਥੇਦਾਰ ਰਣਜੀਤ ਸਿੰਘ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਕੀਤੀ ਗਈ ਚੋਣ ਹੀ ਗਲਤ ਸੀ।”

3) “ਭਾਈ ਰਣਜੀਤ ਸਿੰਘ ਵਿੱਚ ਜੀਵਨ ਦੀਆਂ ਕਮਜ਼ੋਰੀਆਂ ਤੋਂ ਇਲਾਵਾ ਪੈਸੇ ਦੀ ਲਾਲਸਾ ਵੀ ਪ੍ਰਬਲ ਸੀ।”

4) “ਭਾਈ ਰਣਜੀਤ ਸਿੰਘ ਨੇ ਇੱਕ ਵਾਰ ਖੁਦ ਭਾਈ ਗੁਰਦਾਸ ਹਾਲ ਵਿੱਚ ਦੱਸਿਆ ਸੀ ਕਿ ਉਨ੍ਹਾਂ ਕੋਲ 8 ਲੱਖ ਰੁਪਏ ਇਕੱਠੇ ਹੋ ਗਏ ਹਨ, ਜਿਸ ਨਾਲ ਉਹ ਮਕਾਨ ਖਰੀਦਣਾ ਚਾਹੁੰਦੇ ਹਨ।”

5) “ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗ੍ਰਹਿਸਥੀ ਜੀਵਨ ਵਾਲਾ ਹੋਣਾ ਚਾਹੀਦਾ ਹੈ।” ( ‘ਭਾਵੇਂ ਇਸ ਸੰਬੰਧੀ ਭਾਈ ਰਣਜੀਤ ਸਿੰਘ ਦਾ ਨਾਂ ਨਹੀਂ ਲਿਆ ਗਿਆ ਪਰ ਇਹ ਸਪਸ਼ਟ ਸੰਕੇਤ ਭਾਈ ਰਣਜੀਤ ਸਿੰਘ ਵਲ ਸੀ।’ ਅਜੀਤ ਪਤਰਕਾਰ ਦੀ ਟਿਪਣੀ)

6) “ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਬ ਉੱਚ ਅਦਾਲਤ ਹੈ ਪਰ ਜਿਸ ਤਰ੍ਹਾਂ ਦੀ ਥਾਣੇ ਜਿਹੀ ਅਦਾਲਤ ਇਸ ਨੂੰ ਭਾਈ ਰਣਜੀਤ ਸਿੰਘ ਨੇ ਬਣਾ ਦਿੱਤਾ ਸੀ, ਉਸ ਨਾਲ ਇਸ ਦਾ ਅਕਸ ਵਿਗੜਿਆ ਹੈ।”

7) “ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬੋਲ ਬਾਣੀ ਗੁਰਸਿੱਖਾਂ ਵਾਲੀ ਤੇ ਨਿਮਰਤਾ ਭਰਪੂਰ ਹੋਣੀ ਚਾਹੀਦੀ ਹੈ ਪਰ ਭਾਈ ਰਣਜੀਤ ਸਿੰਘ ਤਾਂ ਗਾਲ੍ਹ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ।”

8) “ਭਾਈ ਰਣਜੀਤ ਸਿੰਘ ਨੇ ਤਾਂ ਜੇਲ੍ਹ ਤੋਂ ਬਾਹਰ ਆ ਕੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਆਪਣੀ ਸੁਧਾਈ ਤੱਕ ਨਹੀਂ ਕਰਵਾਈ ਅਤੇ ਅੰਮ੍ਰਿਤ ਦੇ ਚੂਲੇ ਤੱਕ ਨਹੀਂ ਲਏ ਜੋ ਕਿ ਬਹੁਤ ਜ਼ਰੂਰੀ ਸੀ।”

9) “ਜਥੇਦਾਰ ਟੌਹਰਾ ਹਮੇਸ਼ਾ ਆਪਣੇ ਮਕਸਦ ਲਈ ਗਲਤ ਵਿਅਕਤੀਆਂ ਦੀ ਮਦਦ ਕਰਦੇ ਰਹੇ ਹਨ ਅਤੇ ਹੁਣ ਵੀ ਭਾਈ ਰਣਜੀਤ ਸਿੰਘ ਦੀ ਮਦਦ ਕਰਕੇ ਕੌਮ ਨੂੰ ਵੱਡੇ ਸੰਕਟ ਵੱਲ ਧੱਕ ਰਹੇ ਹਨ।”

10) “ਸਾਬਕਾ ਜਥੇਦਾਰ ਵਲੋਂ ਟੌਹਰਾ-ਨਰੰਕਾਰੀ ਕੇਸ ਵਿੱਚ ਤਾਨਾਸ਼ਾਹ ਰਵੱਈਆ ਅਖਤਿਆਰ ਕਰਕੇ ਜਥੇਦਾਰ ਟੌਹਰਾ ਨੂੰ ਬਰੀ ਕਰਨ ਦਾ ਫੈਸਲਾ ਵੀ ਸਿੱਖ ਇਤਿਹਾਸ ਦੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ।”

11) “1984 ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਰਬ ਉੱਚ ਪਦਵੀ ਉਤੇ ਜਿੰਨ੍ਹੇ ਵੀ ਜਥੇਦਾਰ ਆਏ, ਸਭ ਮਤਲਬ ਪ੍ਰਸਤ ਤੇ ਪੈਸੇ ਇਕੱਠੇ ਕਰਨ ਵਾਲੇ ਸਨ।”

12) “ਪ੍ਰੋ: ਮਨਜੀਤ ਸਿੰਘ ਨੇ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਉਨ੍ਹਾਂ (ਗਿ. ਭਗਵਾਨ ਸਿੰਘ) ਦੀ ਕਈ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਦਲੀ ਕਰਾਉਣ ਦਾ ਜਤਨ ਕੀਤਾ ਪਰ ਜਥੇਦਾਰ ਟੌਹਰਾ ਨਹੀਂ ਮੰਨੇ।”

13) “ਸ੍ਰੀ ਅਕਾਲ ਤਖਤ ਵਿਖੇ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਇਸ ਪਾਵਨ ਅਸਥਾਨ ਦੇ ਸੇਵਾਦਾਰਾਂ ਨੂੰ ਸ਼ੋਭਦੀਆਂ ਨਹੀਂ।”

14) ਭਾਈ ਭਗਵਾਨ ਸਿੰਘ ਨੇ ਭਾਈ ਰਣਜੀਤ ਸਿੰਘ ਅਤੇ ਪ੍ਰੋ: ਮਨਜੀਤ ਸਿੰਘ, ਜਥੇਦਾਰ ਕੇਸਗੜ੍ਹ ਸਾਹਿਬ ਦੋਵਾਂ ਉਤੇ ਪੈਸੇ ਇਕੱਠੇ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ, “ਸ਼੍ਰੋਮਣੀ ਕਮੇਟੀ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ।

ਉਪਰ ਨੀਲੇ ਅੱਖਰਾਂ ਵਾਲੀ ਸਾਰੀ ਲਿਖਤ ਚਰਨਜੀਤ ਸਿੰਘ ਬੱਲ ਦੀ ਲਿਖਤ ਵਿਚੋਂ ਕਾਪੀ ਪੇਸਟ ਕਰ ਕੇ ਪਾਈ ਹੈ। ਅਗਾਂਹ ਵਾਲੀ ਲਿਖਤ ਪ੍ਰੋ: ਦਰਸ਼ਨ ਸਿੰਘ ਦੀ ਲਿਖੀ ਹੋਈ ਚਿੱਠੀ ਵਿਚੋਂ ਲਈ ਗਈ ਹੈ-

ਤੁਹਾਡੀ ਗਿਆਤ ਲਈ ਦੱਸ ਰਿਹਾ ਹਾਂ ਕਿ ਇਨ੍ਹਾਂ ਲੋਕਾਂ ਦੇ ਇਸ ਸੁਭਾਅ ਨੂੰ ਵੇਖ ਕੇ ਮਾਰਚ ੧੯੯੦ ਵਿੱਚ ਮੈਂ ਆਪੇ ਹੀ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ। ਮਾਰਚ ਤੋਂ ਜੂਨ ਚੜ੍ਹ ਪਈ। ਮੇਰਾ ਅਸਤੀਫਾ ਇਹ ਮਨਜ਼ੂਰ ਨਾ ਕਰ ਸਕੇ। ਜੂਨ ਵਿੱਚ ਦਿੱਲੀ ਕਮੇਟੀ ਦੀ ਇਲੈਕਸ਼ਨ ਆ ਗਈ ਸੀ। ਅਸਤੀਫਾ ਅਜੇ ਨਾ ਮਨਜ਼ੂਰ ਹੋਣ ਕਾਰਨ ਨਿਗਰਾਨ ਵਜੋਂ ਮੈਂ ਇਹ ਚੋਣ ਕੰਟਰੋਲ ਕਰਨੀ ਸੀ। ਮੈਨੂੰ ਵੱਡੇ-ਵੱਡੇ ਲਾਲਚ ਦਿੱਤੇ ਗਏ ਕਿ ਆਪਣੇ ਵੱਲੋਂ ਫੈਸਲਾ ਸੁਣਾ ਕੇ ਸਾਡਾ ਪ੍ਰਧਾਨ ਬਣਾ ਦਿਉ। ਜਦੋਂ ਇਨ੍ਹਾਂ ਨੇ ਵੇਖਿਆ ਕਿ ਇਹ ਵਿਕਾਊ ਮਾਲ ਨਹੀਂ ਤਾਂ ਰਾਤੋ ਰਾਤ ਵਾਪਸ ਪੰਜਾਬ ਜਾ ਕੇ ਇਨ੍ਹਾਂ ਵਿਚੋਂ ਮੁਖੀ ਲੀਡਰ ਨੇ ਦਿੱਲੀ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ, ਰਾਤ ਨੂੰ ਮੇਰਾ ਅਸਤੀਫਾ ਮਨਜ਼ੂਰ ਕਰਵਾ ਦਿੱਤਾ ਅਤੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਭਾਈ ਰਣਜੀਤ ਸਿੰਘ ਜੀ, ਜੋ ਉਸ ਵਕਤ ਜੇਲ੍ਹ ਵਿੱਚ ਸਨ, ਦਾ ਨਾਮ ਡਿਕਲੇਅਰ ਕਰ ਦਿੱਤਾ।

ਨੇਮ ਮੁਤਾਬਕ, ਇੱਕ ਦਿਨ ਪਹਿਲਾਂ ਮੈਂ ਆਪ ਹੀ ਵਕਤ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਚਿੱਠੀ ਜਾਰੀ ਕੀਤੀ ਕਿ ਸਵੇਰੇ ਇਲੈਕਸ਼ਨ ਸਮੇਂ ਤੁਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਦਾ ਇੰਤਜ਼ਾਮ ਕਰਨਾ ਹੈ। ਉਸ ਚਿੱਠੀ ਦੀ ਨਕਲ ਮੇਰੇ ਕੋਲ ਮੌਜੂਦ ਹੈ। ਗਿਆਨੀ ਜੀ ਨੇ ਸਮੇਂ ਸਿਰ ਸਾਰਾ ਇੰਤਜ਼ਾਮ ਕਰ ਲਿਆ। ਇਲੈਕਸ਼ਨ ਲਈ ਮੈਂਬਰ ਪੁੱਜ ਗਏ। ਇੱਕ ਪਾਸੇ ਅੰਦਰ ਇਲੈਕਸ਼ਨ ਹੋ ਗਿਆ, ਦੂਜੇ ਪਾਸੇ ਬਾਹਰ ਇਨ੍ਹਾਂ ਹੀ ਅੱਜ ਵਾਲੇ ਲੀਡਰਾਂ ਨੇ ਆਪਣੀ ਹਾਰ ਵੇਖ ਕੇ ਬੋਰਡ `ਤੇ ਇੱਕ ਸਲਿਪ ਲਗਾ ਦਿੱਤੀ ਕਿ ਜੇਲ੍ਹ ਵਿਚੋਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਆਦੇਸ਼ ਆਇਆ ਹੈ ਕਿ ਅੱਜ ਇਲੈਕਸ਼ਨ ਨਾ ਕੀਤੀ ਜਾਵੇ। ਭਾਈ ਰਣਜੀਤ ਸਿੰਘ ਕੋਲੋਂ ਚਿੱਠੀ ਦੂਜੇ ਦਿਨ ਜੇਲ੍ਹ ਅੰਦਰੋਂ ਜਾ ਕੇ ਲਿਆਂਦੀ ਗਈ। ਅਜਿਹੀ ਗਲਤ ਗੱਲ ਕਰਦੇ ਵਕਤ ਇਹ ਵੀ ਨਾ ਸੋਚਿਆ ਕਿ ਮਰਯਾਦਾ ਮੁਤਾਬਿਕ ਭਾਈ ਰਣਜੀਤ ਸਿੰਘ ਨੂੰ ਅਜੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਤੇ ਅਰਦਾਸ ਕਰਕੇ ਸਿਰਪਾਉ ਦੀ ਰਸਮ ਨਾਲ ਸੇਵਾ ਸੰਭਾਲ ਸੌਂਪੀ ਨਹੀਂ ਸੀ ਗਈ। ਅਜੇ ਉਹ ਜੇਲ੍ਹ ਵਿੱਚ ਸਨ। ਪਰ ਮਰਿਆਦਾ ਛਿੱਕੇ `ਤੇ ਟੰਗ ਕੇ, ਅੱਜ ਵਾਂਗੂੰ ਹੀ ਅਕਾਲ ਤਖ਼ਤ ਦੇ ਜਥੇਦਾਰ ਦੀ ਚਿੱਠੀ ਦੀ ਵਰਤੋਂ ਕੀਤੀ ਗਈ।

ਮੈਂ ਫਿਰ ਦੁਬਾਰਾ ਲਿਖ ਰਿਹਾ ਹਾਂ ਕਿ ਇਹ ਜਾਣਕਾਰੀ ਦੇਣ ਦਾ ਮਤਲਬ ਕਿਸੇ ਨੂੰ ਨੀਵਾਂ ਦਿਖਾਉਣਾ ਜਾਂ ਕਿਸੇ ਦੀ ਬਦਖੋਹੀ ਕਰਨਾ ਨਹੀਂ ਹੈ। ਇਹ ਸਿਰਫ ਉਹਨਾ ਨੂੰ ਯਾਦ ਦਿਲਾਉਣਾ ਹੈ ਜੋ ਕਿ ਹਰ ਵੇਲੇ ਮੂੰਹ ਵਿਚੋਂ ਝੱਗ ਸੁੱਟ ਕੇ ਦੂਸਰਿਆਂ ਪ੍ਰਤੀ ਜ਼ਹਿਰ ਉਗਲਦੇ ਰਹਿੰਦੇ ਹਨ ਅਤੇ ਉਹ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਆਪਣੀ ਪੀੜੀ ਹੇਠ ਵੀ ਸੋਟਾ ਫੇਰ ਲਿਆ ਕਰਨ।

ਮੱਖਣ ਸਿੰਘ ਪੁਰੇਵਾਲ,

ਦਸੰਬਰ 28, 2008.




.