.

ਸਿੱਖੀ ਸਰੂਪ ਉਪਰ ਹਮਲਾ – ਨਿਸ਼ਾਨਾ ਸਿੱਖ ਨੌਜਵਾਨ

-- ਸਾਧਨ ਮੀਡੀਆ

ਫਿਲਮ ‘ਸਿੰਘ ਇਜ਼ ਕਿੰਗ’ ਉਪਰ ਇੱਕ ਵਾਦ-ਵਿਵਾਦ ਚਲ ਰਿਹਾ ਹੈ। ਇਹ ਵਾਦ-ਵਿਵਾਦ ਦਿਖਾਏ ਗਏ ਸਿੱਖੀ ਸਰੂਪ ਨੂੰ ਲੈਕੇ ਹੈ।

ਫਿਲਮ ਅੰਦਰ ਵਰਤੇ ਗਏ ਸੰਵਾਦ ਇਤਨੇ ਇਤਰਾਜਯੋਗ ਨਹੀਂ ਹਨ। ਕੁਛ ਇੱਕ ਸੰਵਾਦਾਂ ਵਿੱਚ ਤਾਂ ਸਿੱਖੀ ਚਰਿਤਰ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ ਕੀਤੀ ਗਈ ਹੈ। (ਵੈਸੇ ਲਗਦਾ ਹੈ ਕਿ ਇਹ ਵਾਰਤਾਲਾਪ ਉਪਰੋਕਤ ਵਾਦ-ਵਿਵਾਦ ਉਠਣ ਤੋਂ ਬਾਦ ਵਿੱਚ ਪਾਏ ਗਏ ਹਨ।) ਜਿਵੇਂ:-

  1. ਸਿੱਖ ਗਲਾ ਕਟਾ ਸਕਦਾ ਹੈ ਵਾਲ ਨਹੀਂ ਕਟਾਂਦਾ।
  2. ਸਚਾ ਕਿਂਗ ਤਾਂ ਗੁਰੂ ਗੋਬਿੰਦ ਸਿੰਘ ਹਨ।
  3. ਗੁਰੂ ਨੇ ਖਾਲਸਾ ਬਣਾਇਆ ਹੈ। - ਖਾਲਸਾ ਨਿਰੋਲ ਪਵਿੱਤਰ ਤੇ ਇਮਾਨਦਾਰ ਹੁੰਦਾ ਹੈ।
  4. ਸਿੱਖ ਤਾਂ ਪਰਉਪਕਾਰੀ ਹੁੰਦਾ ਹੈ।

ਪਰ ਪੂਰੀ ਫਿਲਮ ਅੰਦਰ ਕੋਈ ਭੀ ਐਸਾ ਦ੍ਰਿਸ਼ (Scene) ਨਹੀਂ ਹੈ ਜਿਸ ਤੋਂ ਐਸਾ ਸਿੱਖ ਕਰੈਕਟਰ ਉਭੱਰ ਕੇ ਸਾਹਮਣੇ ਆਉਂਦਾ ਹੋਏ। ਇਸ ਦੇ ਉਲਟ ਦਿਖਾਇਆ ਗਿਆ ਸਿੱਖੀ ਸਰੂਪ ਬਹੁਤ ਹੀ ਇਤਰਾਜ਼ਯੋਗ ਹੈ, ਬਲਕਿ ਸਿੱਖੀ ਸਰੂਪ ਦਾ ਮਜ਼ਾਕ ਉਡਾਉਂਦਾ ਹੋਇਆ ਲਗਦਾ ਹੈ ਜੋਕਿ ਨਾ-ਕਾਬਿਲੇ ਬਰਦਾਸ਼ਤ ਹੈ।

    • ਕੋਈ ਭੀ ਸਿੱਖ ਕਰੈਕਟਰ ਸਾਬਤ ਸੂਰਤ (ਪੂਰੀ ਦਾੜ੍ਹੀ ਤੇ ਕੇਸਾਂ ਵਾਲਾ) ਨਹੀਂ ਦਿਖਾਇਆ ਗਿਆ।

    • ਦਿਖਾਏ ਗਏ ਸਿੱਖ ਐਕਟਰਾਂ ਦੀਆਂ ਦਾੜ੍ਹੀਆਂ ਬੜੇ ਹਾਸੋਹੀਨੇ ਢੰਗ ਨਾਲ ਮੁੰਨੀਆਂ ਹੋਈਆਂ ਦਿਖਾਈਆਂ ਗਈਆ ਹਨ।

    • ਇਕ ਦਿਖਾਏ ਗਏ ਸਿੱਖ ਐਕਟਰ ਨੇ ਦਾੜ੍ਹੀ ਤਾਂ ਪੂਰੀ ਤਰ੍ਹਾਂ ਮੁਨੀ ਹੋਈ ਹੈ ਪਰ ਸਿਰ ਉੱਪਰ ਪਗੜੀ ਪੂਰੀ ਹੈ। ਸਿਰਫ ਇਸੇ ਐਕਟਰ ਦੀ ਪਗੜੀ ਢੰਗ ਨਾਲ ਬੱਝੀ ਦਿਖਾਈ ਗਈ ਹੈ।

    • ਸਿੱਖ ਐਕਟਰਾਂ ਦੀਆਂ ਪਗੜੀਆਂ (ਦਸਤਾਰਾਂ) ਟੋਪੀ-ਨੁਮਾ ਤੇ ਹਾਸੋਹੀਨੇ ਢੰਗ ਦੀਆਂ ਹਨ। ਪਰ ਉਪਰ ਖੰਡਾ ਨੁਮਾ ਕੋਈ ਨਿਸ਼ਾਨ ਲਗਾ ਦਿਖਾਇਆ ਗਿਆ ਹੈ।

    • ਦੋ ਬਜ਼ੁਰਗ ਸਿੱਖ ਭੀ ਹਨ ਜਿਨ੍ਹਾ ਦੇ ਦਾੜ੍ਹੇ ਪੂਰੇ ਤੇ ਪ੍ਰਕਾਸ਼ ਕੀਤੇ (ਖੁਲ੍ਹੇ) ਦਿਖਾਏ ਗਏ ਹਨ। ਇੱਕ ਸਰਪੰਚ ਹੈ- ਐਕਟਰ ਅਕਸ਼ੇ ਕੁਮਾਰ ਦਾ ਪਿਤਾ- ਜੋਕਿ ਉਸ ਦੇ ਹਰ ਗਲਤ ਕੰਮ ਨੂੰ ਉਚਿਤ ਠਹਰਾਉਂਦਾ ਹੈ। ਦੂਜਾ ਅਸਟਰੇਲੀਆ ਵਿੱਚ ਰਹਿਣ ਵਾਲਾ ਹੈ ਤੇ ਅਪਰਾਧੀਆਂ ਦੇ ਜੱਥੇ (Criminal gang) ਦਾ ਉਸਤਾਦ ਹੈ। ਉਸ ਨੂੰ ਹਰ ਸਮੇਂ ‘ਗੁਰੂ’ ਕਰਕੇ ਸੰਬੋਧਿਤ ਕੀਤਾ ਜਾਂਦਾ ਹੈ ਜੋ ਕਿ ਕਾਬਿਲੇ ਬਰਦਾਸ਼ਤ ਨਹੀੰ ਹੋ ਸਕਦਾ। ਸਿੱਖ ਧਰਮ ਅੰਦਰ ‘ਗੁਰੂ’ ਸ਼ਬਦ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨ ਪ੍ਰਤੀ ਹੀ ਇਸਤਮਾਲ ਕੀਤਾ ਜਾ ਸਕਦਾ ਹੈ, ਹੋਰ ਕਿਸੇ ਲਈ ਨਹੀਂ। ਸ਼ਬਦ ‘ਗੁਰੂ’ ਦਾ ਆਮ ਇਸਤਮਾਲ ਤੇ ਉਹ ਭੀ ਉਸ ਅਪਰਾਧਿਕ ਦਿਖਾਏ ਗਏ ਸਿੱਖ ਪਾਤਰ ਲਈ ਕਿਸੇ ਤਰ੍ਹਾਂ ਭੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਪਰ ਐਸੇ ਕਥਨ (facts) ਸਿਰਫ ਇਸੇ ਫਿਲਮ ਉਪਰ ਹੀ ਨਹੀਂ ਢੁਕਦੇ। ਪਿਛਲੇ ੮-੧੦ ਸਾਲਾਂ ਤੋ ਇੱਕ ਰੁਝਾਨ (trend) ਜਿਹਾ ਚਲ ਪਿਆ ਹੈ, ਫਿਲਮਾਂ ਤੇ ਟੀ. ਵੀ. ਸੀਰੀਅਲਾਂ ਵਿੱਚ ਸਿੱਖਾਂ ਤੇ ਉਨ੍ਹਾਂ ਦੇ ਚਲਨ ਨੂੰ ਇੱਕ ਅਪਮਾਨਿਤ, ਹਾਸੋਹੀਨੇ ਤੇ ਮਸ਼ਕਰੀਆ ਢੰਗ ਨਾਲ ਦਿਖਾਵਣ ਦਾ। ਬੀਤਦੇ ਸਮੇਂ ਨਾਲ ਦਿਨ-ਬ-ਦਿਨ ਇਸ ਰੁਝਾਨ ਵਿੱਚ ਵਾਧਾ ਹੋ ਰਿਹਾ ਹੈ ਤੇ ਸਿੱਖਾਂ ਨੂੰ ਹੋਰ ਅਪਮਾਨਿਤ (degrade) ਕੀਤਾ ਜਾ ਰਿਹਾ ਹੈ। ਸਿੱਖ ਨੂੰ ਮਸ਼ਕਰੀਆ ਤੇ ਅਪਰਾਧੀ ਆਦਿਕ ਦੇ ਰੂਪ ਵਿੱਚ ਅਤੇ ਉਸ ਦੀ ਪੱਗ ਨੂੰ ਹਾਸੋਹੀਨੇ ਤੇ ਇਤਰਾਜ਼ਯੋਗ ਢੰਗ ਵਿੱਚ ਦਿਖਾਉਣਾ ਸਿੱਖਾਂ ਨੂੰ ਨੀਚਾ ਦਿਖਾਉਣ ਦੇ ਯਤਨ ਹਨ।

  • ਫਿਲਮਾਂ ਤੇ ਟੈਲੀ-ਸੀਰੀਅਲਾਂ ਦੇ ਨਿਰਮਾਤਾਵਾਂ (Producers) ਤੇ ਨਿਰਦੇਸ਼ਕਾਂ (Directors) ਨੇ ਸ਼ਾਇਦ ਕਸਮ ਖਾਧੀ ਹੋਈ ਹੈ ਕਿ ਕਿਸੇ ਭੀ ਸਿੱਖ ਨੂੰ ਸਾਬਤ ਸੂਰਤ (ਪੂਰੀ ਦਾੜ੍ਹੀ ਤੇ ਵਾਲਾਂ ਨਾਲ) ਨਹੀਂ ਦਿਖਾਉਣਾ ਹੈ। ਖਾਸ ਕਰਕੇ ਨੌਜਵਾਨ ਸਿੱਖਾਂ ਨੂੰ ਜੋਕਿ ਆਮ ਤੌਰ ਤੇ ਮੁੰਨੀ ਹੋਈ ਦਾੜ੍ਹੀ ਨਾਲ ਹੀ ਪੇਸ਼ ਕੀਤੇ ਜਾਂਦੇ ਹਨ। ਕੇਵਲ ਕੁਛ ਇੱਕ ਬਜ਼ੁਰਗ ਸਿੱਖ ਹੀ ਪੂਰੀ ਦਾੜ੍ਹੀ ਤੇ ਕਈ ਵਾਰ ਪ੍ਰਕਾਸ਼ (ਖੁਲ੍ਹੀ) ਦਾੜ੍ਹੀ ਨਾਲ ਦਿਖਾਏ ਜਾਂਦੇ ਹਨ।
  • ਸ਼ਾਇਦ ਉਹ ਇਹ ਸਂਦੇਸ਼ ਦੇਣਾ ਚਾਹੁੰਦੇ ਹਨ ਕਿ ਸਿਰਫ ਬਜੁਰਗ ਸਿੱਖਾਂ ਨੂੰ ਪੂਰੀ ਦਾੜ੍ਹੀ-ਵਾਲ ਰੱਖਣ ਦੀ ਜ਼ਰੂਰਤ ਹੈ। ਨੌਜਵਾਨ ਪੀੜ੍ਹੀ ਕੇਸ-ਦਾੜ੍ਹੀ ਕੱਟਣ ਦੀ ਖੁੱਲ੍ਹ ਲੈ ਸਕਦੀ ਹੈ।
  • ਸਿੱਖਾਂ ਦੀ ਪੱਗ ਭੀ ਬਹੁਤ ਵਾਰ ਟੋਪੀ-ਨੁਮਾ ਤੇ ਅਜੀਬ ਢੰਗ ਨਾਲ ਦਿਖਾਈ ਜਾਂਦੀ ਹੈ। ਉਸ ਦੇ ਇੱਕ ਪਾਸੇ ਵਲ ਕੇਵਲ ਕੁੱਝ ਇੱਕ ਲਾਈਨਾਂ ਹੀ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਕਰਕੇ ਉਸ ਦੇ ਪੱਗ ਹੋਣ ਦਾ ਭੁਲੇਖਾ ਲਗ ਸਕਦਾ ਹੈ।

ਇਹ ਇੱਕ ਜਾਣਿਆ ਮਾਣਿਆ ਤਥ ਹੈ ਕਿ ਸਿੱਖ ਧਰਮ ਅੰਦਰ ਕੇਸਾਂ-ਦਾੜ੍ਹੀ ਦੀ ਬੇਅਦਬੀ (ਕਟਣਾ ਜਾਂ ਟਰਿਮ) ਬਹੁਤ ਸਖਤੀ ਨਾਲ ਵਿਵਰਜਤ ਹੈ। ਜੋ ਸਿੱਖ ਹੇਠ ਦਿੱਤੀਆਂ ਚਾਰ ਕੁਰਹਿਤਾਂ ਵਿਚੋਂ ਕੋਈ ਇੱਕ ਕੁਰਹਿਤ ਭੀ ਕਰ ਲੈਂਦਾ ਹੈ ਉਹ ਪਤਿਤ (ਧਰਮ ਤੋਂ ਗਿਰਿਆ) ਗਰਦਾਨਿਆ ਜਾਂਦਾ ਹੈ।

  1. ਕੇਸਾਂ-ਦਾੜ੍ਹੀ ਕਟਣ ਜਾਂ ਛਾਂਗਨ (Trim ਕਰਣ) ਵਾਲਾ।
  2. ਤੰਬਾਕੂ ਦਾ ਕਿਸੇ ਭੀ ਰੂਪ ਵਿੱਚ ਸੇਵਨ ਕਰਨ ਵਾਲਾ।
  3. ਪਰ-ਇਸਤਰੀ ਜਾਂ ਪਰ-ਪੁਰਖ ਦਾ ਗਮਨ (ਭੋਗਣਾ)।
  4. ਕੁੱਠਾ (ਮੁਸਲਮਾਨੀ ਢੰਗ ਨਾਲ ਤਿਆਰ ਕੀਤਾ ਮਾਸ) ਦਾ ਸੇਵਨ।

ਐਸਾ ਸਿੱਖ ਬਿਨਾ ਕਿਸੇ ਐਲਾਨ ਕੀਤੇ ਹੀ ਸਿੱਖ ਧਰਮ ਤੋਂ ਖਾਰਜ ਗਿਣਿਆ ਜਾਂਦਾ ਹੈ ਤੇ ਉਸ ਨਾਲ ਮੇਲ ਵਰਤੋਂ ਬਿਲਕੁਲ ਵਿਵਰਜਤ ਹੈ। ਸੋ ਦਾੜ੍ਹੀ-ਕੇਸਾਂ ਦੀ ਬੇਅਦਬੀ ਤੇ ਤੰਬਾਕੂ ਦਾ ਸੇਵਨ ਸਮਾਨ ਹਨ। ਇਨ੍ਹਾਂ ਦੋਨਾਂ ਕੁਰਹਿਤਾਂ ਵਿੱਚ ਕੋਈ ਅੰਤਰ ਨਹੀਂ ਹੈ। ਸ਼ਾਇਦ ਫਿਲਮਾਂ ਵਾਲੇ ਇਸ ਮੁਗਾਲਤੇ ਵਿੱਚ ਹਨ ਕਿ ਕਿਸੇ ਸਿੱਖ ਨੂੰ ਬੀੜੀ ਸਿਗਰਟ ਪੀਂਦਿਆ ਦਿਖਾਉਣਾਂ ਹੀ ਇਤਰਾਜ਼ਯੋਗ ਹੈ। ਬਾਕੀ ਸਭ ਦੀਆਂ ਉਹ ਛੂਟਾਂ ਲੈ ਸਕਦੇ ਹਨ।

ਇਸੇ ਤਰ੍ਹਾਂ ਇਹ ਭੀ ਇੱਕ ਜਾਣਿਆ ਮਾਣਿਆ ਤਥ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਕੋਈ ਸਿੱਖ ਦਾੜ੍ਹੀ ਵਾਲ ਕਟਾਉਣ ਦੀ ਹਿੰਮਤ ਨਹੀਂ ਸੀ ਕਰਦਾ। ਕਿਸੇ ਪਿੰਡ ਵਿੱਚ ਜੇਕਰ ਇੱਕ ਸਿੱਖ ਭੀ ਪਤਿੱਤ ਹੋ ਜਾਂਦਾ ਸੀ ਤਾਂ ਸਾਰਾ ਪਿੰਡ ਨਮੋਸ਼ੀ ਮਹਿਸੂਸ ਕਰਦਾ ਸੀ। ਐਸੇ ਸਿੱਖ ਦੀ ਪੂਰੇ ਪਿੰਡ ਵੱਲੋਂ ਮੇਲ ਵਰਤੋਂ ਬੰਦ ਕਰ ਦਿੱਤੀ ਜਾਂਦੀ ਸੀ। ਧਾਰਮਿਕ ਤੇ ਸਮਾਜਿਕ ਨਿਯਮ ਇਤਨੇ ਪੀਡੇ ਸਨ ਕਿ ਐਸਾ ਵਾਕਿਆ ਹੋ ਪਾਣਾ ਅਸੰਭਵ ਹੀ ਨਹੀਂ ਬਲਕਿ ਨਾ-ਮੁਮਕਿਨ ਸੀ। ਇਸ ਤੋਂ ਭੀ ਅਗੇ ਸਰਕਾਰੀ ਨੌਕਰੀ ਖਾਸ ਕਰਕੇ ਫੌਜ ਤੇ ਪੁਲਿਸ ਅੰਦਰ ਕੋਈ ਸਿੱਖ ਪਤਿੱਤ ਹੋ ਜਾਂਦਾ ਤਾਂ ਅੰਗਰੇਜ਼ ਸਰਕਾਰ ਉਸਨੂੰ ਤੁਰੰਤ ਬਰਖਾਸਤ ਕਰ ਦਿੰਦੀ ਸੀ। ਅਖੇ ਜੋ ਆਪਣੇ ਧਰਮ ਪ੍ਰਤੀ ਇਮਾਨਦਾਰ ਨਹੀ- ਸਰਕਾਰ ਲਈ ਸੱਚਾ ਕਿਸ ਤਰ੍ਹਾਂ ਹੋ ਸਕਦਾ ਹੈ। ਪਰ ਹੁਣ ਤਾਂ ਵੰਡ ਤੋਂ ਪਹਿਲਾਂ ਦੇ ਸਿੱਖ ਭੀ ਕੱਟੀ ਦਾੜ੍ਹੀ ਨਾਲ ਦਿਖਾਏ ਜਾ ਰਹੇ ਹਨ-ਪੁਲਿਸ ਤੇ ਫੌਜ ਦੇ ਸਿੱਖ ਭੀ। ਸ਼ਾਇਦ ਉਹ ਸਿੱਖ ਨੌਜਵਾਨਾਂ ਨੂੰ ਇਹ ਪ੍ਰਭਾਵ ਦੇਣਾ ਚਾਹੁਂਦੇ ਹਨ ਕਿ ਸਿੱਖਾਂ ਅੰਦਰ ਦਾੜ੍ਹੀ ਕੱਟਣ ਦਾ ਰਿਵਾਜ਼ ਕਾਫੀ ਪੁਰਾਣਾ ਹੈ, ਨਵਾਂ (ਅਜੋਕਾ) ਨਹੀਂ।

ਲਗਦਾ ਹੈ ਕਿ ਪੂਰੇ ਜੋਰ ਸ਼ੋਰ ਨਾਲ ਇੱਕ ਗਿਣੀ ਮਿਥੀ ਸਾਜਸ਼ ਜਾਂ ਮੁਹਿੰਮ ਅਧੀਨ ਇਹ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਸਿੱਖ ਮਾਨਸਕਤਾ ਨੂੰ ਢਾਲ (Mould) ਕੇ, ਸਿੱਖੀ ਅਸੂਲਾਂ ਨੂੰ ਪਤਲਾ (Dilute) ਕਰਕੇ, ਚਿਹਰਾ ਮੂੰਹ-ਮੁਹਾਂਦਰਾਂ ਇਸਤਰ੍ਹਾਂ ਵਿਗਾੜ ਦਿੱਤਾ ਜਾਏ ਕਿ ਸਿੱਖ ਦੀ ਪਹਿਚਾਨ ਸਿੱਖ ਨਾਲੋਂ ਹਿੰਦੂ ਜ਼ਿਆਦਾ ਨਜ਼ਰ ਆਏ।

ਭਾਵੇਂ ਉਹ ਇਹ ਦਲੀਲ ਦੇਣ ਕਿ ਅਜੋਕੇ ਸਮੇਂ ਕਈ ਨੌਜਵਾਨਾਂ ਦੀ ਸ਼ਕਲ ਇਸ ਤਰ੍ਹਾਂ ਦੀ ਹੋ ਚੁਕੀ ਹੈ। ਪਰ ਇਹ ਕੋਈ ਦਲੀਲ ਨਹੀਂ ਹੈ।

  • ਕਈ ਨਾ ਸਮਝ ਸਿੱਖ ਅਖਵਾਉਂਦੇ ਨੋਜਵਾਨ, ਖਾਸ ਕਰਕੇ ਪੰਜਾਬ ਅੰਦਰ, ਤੰਬਾਕੂ ਦਾ ਸੇਵਨ ਕਰਨ ਲਗ ਪਏ ਹਨ। ਸਿਰਫ ਇਸ ਕਰਕੇ ਉਹ ਸਿੱਖਾਂ ਨੂੰ ਤੰਬਾਕੂ ਜਾਂ ਜ਼ਰਦਾ ਦਾ ਇਸਤਮਾਲ ਕਰਦੇ ਦਿਖਾ ਦੇਣਗੇ। ਨਹੀਂ ! ਕਦਾਚਿਤ ਨਹੀਂ ਹੋਣ ਦਿਤਾ ਜਾਏ ਗਾ।
  • ਅਸੀ ਹਰ ਰੋਜ਼ ਸਮਾਜ ਅੰਦਰ ਵਿਚਰਦੇ ਹੋਏ ਗਿਰੀਆਂ ਹੋਈਆਂ ਗਾਲੀਆਂ ਜਾਂ ਗੰਦੀ ਭਾਸ਼ਾ ਦਾ ਇਸਤਮਾਲ ਆਮ ਸੁਣਦੇ ਹਾਂ। ਕੀ ਸਿਰਫ ਇਸੇ ਕਾਰਨ ਕਰਕੇ ਫਿਲਮਾਂ ਜਾਂ ਸੀਰਅਲਾਂ ਅੰਦਰ ਐਸੀ ਗਿਰੀ ਭਾਸ਼ਾ ਦਾ ਇਸਤਮਾਲ ਸ਼ੁਰੂ ਕੀਤਾ ਜਾ ਸਕਦਾ ਹੈ ? ਨਹੀਂ, ਹਰਗਿਜ਼ ਨਹੀਂ।

ਫਿਲਮ ਜਾਂ ਸੀਰੀਅਲ ਬਣਾਉਣ ਦੇ ਆਪਣੇ ਕੁੱਝ ਇੱਕ ਸਿਧਾਂਤ (Code of conduct) ਹੁੰਦੇ ਹਨ। ਜੋਕਿ ਹਰ ਨਿਰਮਾਤਾ ਲਈ ਮੰਨਣੇ ਜ਼ਰੂਰੀ ਹੁੰਦੇ ਹਨ। ਕੋਈ ਨਿਰਮਾਤਾ ਉਨ੍ਹਾਂ ਦੀ ਉਲੰਘਨਾ ਨਹੀਂ ਕਰ ਸਕਦਾ। ਕਾਨੂੰਨ ਭੀ ਐਸਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ।

ਹੁਣ ਤੇ ਇੱਕ ਕਦਮ ਹੋਰ ਅੱਗੇ ਜਾ ਚੁਕੇ ਹਨ। ਸਿੱਖਾਂ ਨੂੰ ਹਾਸੋਹੀਨੇ ਕਿਸਮ ਦੇ ਪਟਕਿਆਂ ਨਾਲ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਦਸਤਾਰ/ਪੱਗ ਨੂੰ ਹੌਲੇ ਹੌਲੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਵਾਰ ਦਾੜ੍ਹੀ ਕਟੇ ਅਖਉਤੀ ਸਿੱਖ ਨੂੰ ਕ੍ਰਿਪਾਨ ਪਾਈ ਭੀ ਦਿਖਾਇਆ ਜਾਂਦਾ ਹੈ ਜੋਕਿ ਗਲਤ ਹੀ ਨਹੀਂ ਬਲਕਿ ਸਿੱਖਾਂ ਦੀ ਕ੍ਰਿਪਾਨ ਜਾਂ ਕ੍ਰਿਪਾਨਧਾਰੀ/ ਅੰਮ੍ਰਿਤਧਾਰੀ ਸਿੱਖਾਂ ਦਾ ਮਜ਼ਾਕ ਉਡਾਉਣਾ ਹੀ ਨਹੀਂ ਬਲਕਿ ਉਨ੍ਹਾਂ ਦਾ ਨਿਰਾਦਰ ਕਰਨਾ ਹੈ।

ਇਕ ਰੁਝਾਨ (trend) ਹੋਰ ਭੀ ਆਮ ਦੇਖਣ ਵਿੱਚ ਆ ਰਿਹਾ ਹੈ। ਸਿੱਖ ਕੁੜੀਆਂ ਦੀਆਂ ਵਿਆਹ ਹਿੰਦੂ ਮੁੰਡਿਆਂ ਨਾਲ ਦਿਖਾਉਣ ਦਾ ਰਿਵਾਜ਼ ਜਿਹਾ ਬਣ ਗਿਆ ਹੈ। ਪਰ ਹਿੰਦੂ ਕੁੜੀਆਂ ਦੀ ਸ਼ਾਦੀਆਂ ਸਿੱਖਾਂ ਨਾਲ ਨਹੀਂ ਦਿਖਾਈਆਂ ਜਾਂਦੀਆਂ। ਸ਼ਾਇਦ ਸਿੱਖ ਕੁੜੀਆਂ ਨੂੰ ਹਿੰਦੂ ਮੁੰਡਿਆਂ ਨਾਲ ਵਿਆਹ ਕਰਨ ਲਈ ਹਲਾ ਸ਼ੇਰੀ ਦਿਤੀ ਜਾ ਰਹੀ ਹੈ। ਨਹੀਂ ਤੇ ਐਸਾ ਕਿਉਂ ? ਕੀ ਕਦੀ ਕਿਸੇ ਮੁਸਲਮਾਨ ਕੁੜੀ ਦਾ ਵਿਆਹ ਹਿੰਦੂ ਨਾਲ ਦਿਖਾਇਆ ਗਿਆ ਹੈ। ਉਨ੍ਹਾਂ ਨੂੰ ਪਤਾ ਹੈ ਕਿ ਮੁਸਲਮ ਬਰਾਦਰੀ ਐਸਾ ਬਰਦਾਸ਼ਤ ਨਹੀਂ ਕਰੇਗੀ ਤੇ ਵਖਤਾ ਪੈ ਜਾਏਗਾ।

ਇਕ ਗਲ ਹੋਰ। ਹਾਲ ਹੀ ਵਿੱਚ ਕੁੱਝ ਇੱਕ ਆਡੀਉ ਤੇ ਵੀਡੀਊ ਕੈਸਟਾਂ ਬਾਜ਼ਾਰ ਵਿੱਚ ਆਈਆਂ ਹਨ। ਇਨ੍ਹਾਂ ਵਿੱਚ ਦਾੜ੍ਹੀ ਕੱਟੇ, ਮੋਨੇ ਗਵਈਏ ਜਾਂ ਭਰਵੱਟੇ ਮੁੰਨੇ ਹੋਈਆਂ ਇਸਤਰੀਆਂ ਤੋਂ ਸਿੱਖ ਧਰਮ, ਇਤਿਹਾਸ, ਅੰਮ੍ਰਿਤ, ਖਾਲਸਾ ਆਦਿਕ ਉਪਰ ਕਵਿਤਾਵਾਂ ਗਵਾਈਆਂ ਗਈਆਂ ਹਨ। ਸ਼ਾਇਦ ਉਹ ਇਹ ਦੱਸਣਾ ਚਾਹੁੰਦੇ ਹਨ ਇਨ੍ਹਾਂ ਕੈਸਟਾਂ ਰਾਹੀਂ ਸਿੱਖੀ ਦਾ ਪਰਚਾਰ ਹੋ ਰਿਹਾ ਹੈ। ਅਤੇ ਸਿੱਖ ਨੋਜਵਾਨਾਂ ਨੂੰ ਸਿੱਖੀ ਬਾਣੀ -ਬਾਣੇ ਦਾ ਧਾਰਨੀ ਬਣਾਉਣ ਦਾ ਯਤਨ ਕਰ ਰਹੇ ਹਨ। ਪਰ ਪਤਿੱਤ ਜਾਂ ਮੋਨਾ ਗਇਕ ਕਿਸੇ ਨੂੰ ਸਿੱਖ ਧਰਮ ਵਲ ਕਿਸਤਰ੍ਹਾਂ ਪ੍ਰੇਰਿਤ ਕਰ ਸਕਦਾ ਹੈ ? ਇਸ ਦੇ ਉਲਟ ਉਹ ਨੌਜਵਾਨਾਂ ਨੂੰ ਉਨ੍ਹਾਂ ਵਰਗੀ ਸ਼ਕਲ ਸੂਰਤ ਧਾਰਨ ਕਰਨ ਲਈ ਭਾਵੇਂ ਪ੍ਰੇਰਨਾਦਾਇਕ ਬਣ ਜਾਏ। ਐਸੇ ਗਵਈਆਂ ਰਾਹੀਂ ਇਨ੍ਹਾਂ ਵਿਸ਼ਿਆਂ ਉਪਰ ਕਵਿਤਾਵਾਂ ਗਵਾਉਣਾ ਸਿੱਖ ਧਰਮ, ਅੰਮ੍ਰਿਤ, ਖਾਲਸੇ ਦਾ ਤ੍ਰਿਸਕਾਰ ਹੈ। ਗੁਰੂ ਫੁਰਮਾਨ ਹੈ :-

੦ ਪ੍ਰਥਮੈ ਮਨੁ ਪ੍ਰਬੋਧੈ ਆਪਣਾ ਪਾਛੈ ਅਵਰ ਰਿਝਾਵੈ।

੦ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ।

ਸੋ ਐਸੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਹੈ। ਜ਼ੋਰ ਇਸ ਗਲ ਉਪਰ ਹੋਣਾ ਚਾਹੀਦਾ ਹੈ ਕਿ ਐਸੀਆਂ ਕਵਿਤਾਵਾਂ ਘੱਟੋ-ਘਟ ਸਾਬਤ ਸੂਰਤ ਗਾਇਕਾਂ ਕੋਲੋਂ ਗਵਾਈਆਂ ਜਾਣ। ਜੇਕਰ ਕਿਸੇ ਕਾਰਨ ਵਸ ਐਸਾ ਨ ਹੋ ਸਕੇ ਤਾਂ ਐਸੇ ਗਾਇਕ ਪਲੇ-ਬੈਕ ਸਿੰਗਰ ਰਹਿਣ। ਵੀਡੀਓ ਵਿੱਚ ਨਜ਼ਰ ਆ ਰਹੇ ਪਾਤਰ ਜੇਕਰ ਅੰਮ੍ਰਿਤਧਾਰੀ ਨਹੀਂ ਤਾਂ ਘੱਟੋ-ਘਟ ਸਾਬਤ ਸੂਰਤ (ਪੂਰੀ ਦਾੜ੍ਹੀ ਕੇਸਾਂ ਵਾਲੇ) ਜ਼ਰੂਰ ਹੋਵਣ। ਤਾਂਕਿ ਸਿੱਖ ਨੌਜਵਾਨ ਪ੍ਰਭਾਵਤ ਹੋ ਸਕਣ ਤੇ ਸਿੱਖੀ ਬਾਣੀ -ਬਾਣਾ ਧਾਰਨ ਕਰਨ ਵਲ ਪਰੇਰੇ ਜਾਵਣ।

ਇਹ ਮੀਡੀਆ ਦਾ ਜਮਾਨਾ ਹੈ। ਫਿਲਮਾਂ ਜਾਂ ਟੀ. ਵੀ. ਵਿੱਚ ਜੋ ਦਿਖਾਇਆ ਜਾਂਦਾ ਹੈ ਅਜ ਦਾ ਬੱਚਾ ਕਾਫੀ ਹੱਦ ਤਕ ਉਸ ਦਾ ਅਸਰ ਕਬੂਲ ਕਰਦਾ ਹੈ। ਫਿਲਮ, ਟੀ. ਵੀ. ਦੇ ਐਕਟਰ, ਐਕਟਰਸਾਂ ਉਸ ਦੇ ਰੋਲ ਮਾਡਲ ਹਨ। ਖਾਣ ਪਾਣ ਵਿੱਚ ਉਹ ਉਨ੍ਹਾਂ ਦੀ ਨਕਲ ਕਰਦਾ ਹੈ। ਇਹੋ ਕਾਰਨ ਹੈ ਕਿ ਮੀਡੀਆ ਨੂੰ ਐਸੀ ਸਥਿਤੀ (attitude) ਸੁਧਾਰਨ ਜਾਂ ਬੰਦ ਕਰਨ ਲਈ ਸਖਤੀ ਨਾਲ ਸਾਵਧਾਨ ਕੀਤਾ ਜਾਏ। ਖਾਸ ਕਰਕੇ ਸਿੱਖ ਧਰਮ ਤੇ ਸਿੱਖੀ ਸਰੂਪ ਵਿਗਾੜ ਕੇ ਪੇਸ਼ ਕਰਨ ਤੋਂ ਉਨ੍ਹਾਂ ਨੂੰ ਅਨੁਸ਼ਾਸਤ ਕੀਤਾ ਜਾਣਾ ਚਾਹੀਦਾ ਹੈ।

ਸੋ ਇਹ ਬਹੁਤ ਜ਼ਰੂਰੀ ਹੈ ਕਿ ਇਸ ਮੁੱਦੇ ਉਪਰ ਲਾਮਬੰਧ ਹੋਕੇ ਸਾਰੀਆਂ ਸਿੱਖ ਧਾਰਮਕ ਹਸਤੀਆਂ, ਰਾਜਸੀ ਲੀਡਰ ਤੇ ਸੰਸਥਾਵਾਂ ਇੱਕ ਪਲੈਟਫਾਰਮ ਉਪਰ ਇਕੱਠੇ ਹੋਵਣ। ਸਿੱਖੀ ਸਰੂਪ ਤੇ ਸਿੱਖ ਧਰਮ ਨੂੰ ਵਿਗਾੜ ਕੇ ਪੇਸ਼ ਕੀਤੇ ਜਾਣ ਦਾ ਕਰੜਾ ਵਿਰੋਧ ਕੀਤਾ ਜਾਏ। ਸਾਫ ਤੇ ਕਰੜੇ ਸ਼ਬਦਾਂ ਵਿੱਚ ਇਹ ਦਸ ਦਿਤਾ ਜਾਏ ਕਿ ਐਸੇ ਵਿਗਾੜ ਕੇ ਪੇਸ਼ ਕੀਤੇ ਜਾ ਰਹੇ ਸਿੱਖੀ ਪਰਦਰਸ਼ਨ ਨੂੰ ਸਿੱਖ ਬਰਦਾਸ਼ਤ ਨਹੀਂ ਕਰਣਗੇ। ਜੇਕਰ ਐਸੇ ਪਰਦਰਸ਼ਨ ਵਿੱਚ ਸੋਧ ਨਾ ਲਿਆਂਦੀ ਗਈ ਤਾਂ ਸਿੱਖਾਂ ਨੂੰ ਕੋਈ ਸਖਤ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਏਗਾ ਤੇ ਇਸ ਦੀ ਸਿੱਧੀ ਤੇ ਸਾਫ ਜੁੰਮੇਵਾਰੀ ਮੀਡੀਆ ਤੇ ਉਸ ਦੇ ਸੰਚਾਲਕਾਂ ਉਪਰ ਹੋਵੇਗੀ।

ਅਗਰ ਅਸੀ ਅਜ ਨਾ ਸੰਭਲੇ ਤਾਂ ਸਾਨੂੰ ਪਛਤਾਉਣਾ ਪਏ ਗਾ ਅਤੇ ਆਵਣ ਵਾਲੇ ਕੁਛ ਇੱਕ ਦਹਾਕਿਆਂ ਅੰਦਰ ਹੀ ਸਿੱਖੀ ਸਰੂਪ ਇਤਨਾ ਵਿਗੜ ਚੁਕਾ ਹੋਏਗਾ ਕਿ ਉਸ ਨੂੰ ਸੁਧਾਰਨਾ ਨਾਮੁਮਕਿਨ ਨਹੀਂ ਤਾਂ ਅਤਿ ਕਠਣ ਜਰੂਰ ਹੋ ਜਾਏਗਾ। ਇਥੇ ਇਹ ਕਹਿਣਾ ਅਯੋਗ ਨਹੀਂ ਹੋਏ ਗਾ ਕਿ ਸਿੱਖੀ ਪਹਿਚਾਣ ਸਿੱਖੀ ਗੈਰਤ, ਅਣਖ ਤੇ ਗੌਰਵ ਨਾਲ ਜੁੜੀ ਹੋਈ ਹੈ। ਜੇਕਰ ਸਰੂਪ ਗਿਆ ਤਾਂ ਇਹ ਆਪਣੇ ਆਪ ਹੀ ਖਤਮ ਹੋ ਜਾਣਗੀਆ। ਤੇ ਫਿਰ ਸਿੱਖ ਧਰਮ ਨੂੰ ਕਿਸੇ ਦੂਜੇ ਧਰਮ ਅੰਦਰ ਸਮਾਉਣ ਲਈ ਕਿਸੇ ਹੋਰ ਨੂੰ ਉਪਰਾਲਾ ਕਰਨ ਦੀ ਜ਼ਰੂਰਤ ਹੀ ਨਹੀਂ ਰਹੇਗੀ। ਸਿੱਖ ਆਪਣੇ ਆਪ ਹੀ ਉਨ੍ਹਾਂ ਦੇ ਵਿਸ਼ਾਲ ਸ਼ਮੁੰਦਰ ਅੰਦਰ ਸਮਾ ਜਾਣਗੇ ਤੇ ਕੇਵਲ ਇਤਿਹਾਸ ਦੇ ਪੰਨਿਆਂ ਵਿੱਚ ਰਹਿ ਜਾਏਗਾ ਸਿੱਖ ਧਰਮ ਦਾ ਨਾਮ। ਆਉ! ਰਲਕੇ ਹੰਭਲਾ ਮਾਰੀਏ ਤੇ ਸਾਰੇ ਹੀਲੇ ਵਸੀਲੇ ਵਰਤ ਕੇ ਫਿਲਮਾਂ ਤੇ ਮੀਡੀਆ ਵੱਲੋਂ ਵਿਗਾੜੇ ਹੋਏ ਸਿੱਖੀ ਸਰੂਪ ਨੂੰ ਪੇਸ਼ ਕਰਨ ਉਪਰ ਰੋਕ ਲਗਵਾਈਏ। ਇਸੇ ਵਿੱਚ ਹੋਏਗੀ ਸਿੱਖ ਕੌਮ ਦੀ ਬੇਹਤਰੀ ਤੇ ਗੁਰੂ ਦੀਆਂ ਖੁਸ਼ੀਆਂ।

ਵਲੋਂ:- Gurdial Singh

F-19A, G-8 Area

Hari Nagar, New Delhi-110064

Ph. 011-25125905

Mob. 0-9212202621.




.