.

‘‘ਸਿੱਖ’’ ਦੀ ਪ੍ਰੀਭਾਸ਼ਾ ਦਾ ਵਿਵਾਦ ਕਿਉਂ?

ਅਵਤਾਰ ਸਿੰਘ ਮਿਸ਼ਨਰੀ (510-432-5827)

ਜਗਤ ਗੁਰੂ ਨਾਨਕ ਸਾਹਿਬ ਜੀ ਦੇ ਅਨੁਯਾਈ ਸਿੱਖ ਦੀ ਪ੍ਰੀਭਾਸ਼ਾ ਬਾਰੇ ਹੀ ਕਿਉਂ ਵਿਵਾਦ ਪੈਦਾ ਹੁੰਦਾ ਹੈ? ਜਦ ਕਿ ਹਿੰਦੂ, ਬੋਧੀ, ਜੈਨੀ, ਈਸਾਈ, ਮੁਸਾਈ, ਯਹੂਦੀ ਅਤੇ ਮੁਸਲਮਾਨ ਆਦਿਕ ਦੀ ਪ੍ਰੀਭਾਸ਼ਾ ਬਾਰੇ ਐਸਾ ਨਹੀਂ। ਅੱਜ ਤੋਂ ਕੁੱਝ ਸਮਾਂ ਪਹਿਲੇ ਕਿਸੇ ਵਿਦਿਆਰਥੀ ਨੂੰ ਜੋ ਅੰਮ੍ਰਿਤਧਾਰੀ ਨਹੀਂ ਹੈ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਕਾਲਜ ਵਿੱਚ ਦਾਖਲਾ ਨਾਂ ਮਿਲਣ ਤੇ ਉਸ ਨੇ ਅਦਾਲਤ ਵਿੱਚ ਕੇਸ ਦਰਜ ਕਰ ਦਿੱਤਾ ਕਿ ਮੈਨੂੰ ਸਿੱਖ ਹੋਣ ਦੇ ਨਾਤੇ ਵੀ ਦਾਖਲਾ ਕਿਉਂ ਨਹੀਂ ਦਿੱਤਾ ਗਿਆ? ਤਾਂ ਅਦਾਲਤ ਨੇ ਸ਼੍ਰੋਮਣੀ ਕਮੇਟੀ ਨੂੰ ਕਾਫੀ ਸਮਾਂ ਪਹਿਲੇ ਪੁਛਿਆ ਕਿ ਸਿੱਖ ਦੀ ਪ੍ਰੀਭਾਸ਼ਾ ਦੱਸੀ ਜਾਵੇ ਕਿ ਸਿੱਖ ਕੌਣ ਹੈ? ਪਰ ਕਿਨੀ ਸ਼ਰਮ ਦੀ ਗੱਲ ਅਤੇ ਢੀਠਤਾ ਦੀ ਕਮਾਲ ਹੈ ਕਿ ਸ਼੍ਰੋਮਣੀ ਕਮੇਟੀ ਇਹ ਸਤਰਾਂ ਲਿਖਣ ਤੱਕ ਕੋਈ ਜਵਾਬ ਨਹੀਂ ਦੇ ਸੱਕੀ। ਸਾਧ ਸੰਗਤ ਜੀ! ਜਿਸ ਸਿੱਖ ਧਰਮ ਨੂੰ ਪੈਦਾ ਹੋਏ ਨੂੰ 500 ਸਾਲ ਤੋਂ ਵੀ ਕੁੱਝ ਸਮਾਂ ਉੱਪਰ ਹੋ ਗਿਆ ਹੋਵੇ ਅਤੇ ਸ੍ਰੋਮਣੀ ਕਮੇਟੀ ਨੂੰ ਵੀ 90 ਸਾਲ ਹੋਂਦ ਵਿੱਚ ਆਈ ਨੂੰ ਹੋ ਗਏ ਹੋਣ ਉਹ ਸਿੱਖ ਦੀ ਪ੍ਰੀਭਾਸ਼ਾ ਨਾ ਦੇ ਸੱਕੇ? ਅਤੇ ਜਿਸ ਕੌਮ ਪਾਸ ਦੁਨੀਆਂ ਦਾ ਸਭ ਤੋਂ ਵੱਧ ਲੇਟੈਸਟ ਸਾਂਇੰਟੇਫਿਕ ਸਚਾਈ ਨਾਲ ਭਰਪੂਰ ਗ੍ਰੰਥ "ਗੁਰੂ ਗ੍ਰੰਥ ਸਾਹਿਬ" ਮਜੂਦ ਹੋਵੇ, ਜਿਸ ਵਿਚਲੀ ਬਾਣੀ ਗੁਰੂਆਂ ਭਗਤਾਂ, ਅਤੇ ਸੇਵਕ ਗੁਰਸਿੱਖਾਂ ਦੀ ਗੁਰੂ ਅਰਜਨ ਸਾਹਿਬ ਜੀ ਨੇ ਆਪ ਮਹਾਂਨ ਸਿੱਖ ਸਕਾਲਰ ਭਾਈ ਗੁਰਦਾਸ ਜੀ ਤੋਂ ਆਪਣੀ ਮਜ਼ੂਦਗੀ ਵਿੱਚ ਲਿਖਵਾਈ ਹੋਵੇ, ਉਸ ਬਾਣੀ ਤੋਂ ਵੱਡੀ ਸਿੱਖ ਦੀ ਪ੍ਰੀਭਾਸ਼ਾ ਹੋਰ ਕਿੱਥੋਂ ਮਿਲ ਸਕਦੀ ਹੈ? ਪਰ ਬਦ ਕਿਸਮਤੀ ਹੈ ਕਿ ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਹੋਰ ਗ੍ਰੰਥਾਂ, ਸ੍ਰੋਤਾਂ ਅਤੇ ਸਾਧ ਬਾਬਿਆਂ ਤੇ ਜਿਆਦਾ ਵਿਸ਼ਵਾਸ਼ ਕਰਨ ਲੱਗ ਪਿਆ ਹੈ ਤਾਂ ਹੀ ਅੱਜ ਸਿੱਖ ਦੀ ਪ੍ਰੀਭਾਸ਼ਾ ਬਾਰੇ ਭੰਬਲਭੂਸੇ ਵਿੱਚ ਪਿਆ ਹੋਇਆ ਹੈ। ਅੱਜ ਸ਼੍ਰੋਮਣੀ ਕਮੇਟੀ ਉੱਤੇ ਵੀ ਡੇਰਾਵਦੀ ਅਤੇ ਸੰਪਦ੍ਰਾਈ ਸੋਚ ਵਾਲੇ ਲੋਕਾਂ ਦਾ ਕਬਜਾ ਹੋ ਚੁੱਕਾ ਹੈ, ਜੋ ਵੱਧ ਤੋਂ ਵੱਧ ਗੋਲਕ ਅਤੇ ਵੱਧ ਤੋਂ ਵੱਧ ਵੋਟਾਂ ਨੂੰ ਦੇਖ ਕੇ ਫੈਂਸਲਾ ਕਰਦੀ ਹੈ ਨਾਂ ਕਿ ਗੁਰੂ ਗ੍ਰੰਥ ਨੂੰ ਪ੍ਰਮੁਖਤਾ ਦੇ ਕੇ। ਤਾਂ ਹੀ ਅੱਜੇ ਤੱਕ "ਇਹ ਕਮੇਟੀ" ਟਕਸਾਲਾਂ ਅਤੇ ਅਖੌਤੀ ਸਾਧਾਂ ਸੰਪ੍ਰਦਾਈਆਂ ਤੋਂ ਡਰਦੀ ਹੋਈ ਸਿੱਖ ਦੀ ਪ੍ਰੀਭਾਸ਼ਾ ਜੋ "ਗੁਰੂ ਗ੍ਰੰਥ ਸਾਹਿਬ ਜੀ" ਵਿੱਚ ਲਿਖੀ ਹੋਈ ਹੈ ਵਲੋਂ ਅੱਖਾਂ ਮੀਟੀ ਬੈਠੀ ਹੈ।

"ਸ੍ਰੋਮਣੀ ਕਮੇਟੀ ਨੂੰ ਸੌੜੀ ਸੋਚ ਤਿਆਗ ਕੇ "ਸਭੇ ਸਾਂਝੀਵਾਲ ਸਦਾਇਨ" ਦੀ ਸੋਚ ਨੂੰ ਧਾਰਨ ਕਰਕੇ, ਮੈਰਿਟ ਦੇ ਅਧਾਰ ਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸਿੱਖ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਦੇ ਕੇ ਗੁਰੂ ਨਾਨਕ ਦੇ ਸਿਧਾਂਤ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਪਿਆਰ, ਸਤਿਕਾਰ, ਹਲੇਮੀ, ਹਮਦਰਦੀ ਅਤੇ ਹੈਲਪ ਨਾਲ ਸਿੱਖ ਫੁਲਵਾੜੀ ਨੂੰ ਪ੍ਰਫੁਲਤ ਕੀਤਾ ਜਾ ਸੱਕੇ। ਸਿੱਖ ਸਕੂਲਾਂ ਕਾਲਜਾਂ ਦਾ ਮਹੌਲ ਹੀ ਐਸਾ ਹੋਣਾ ਚਾਹੀਦਾ ਹੈ ਕਿ ਜੋ ਵੀ ਵਿਦਿਆਰਥੀ ਸਿੱਖੀ ਸਕੂਲਾਂ-ਕਾਲਜਾਂ ਵਿੱਚ ਆਵੇ ਭਾਂਵੇ ਕੈਸਾ ਵੀ ਹੋਵੇ ਗੁਰਬਾਣੀ ਦੀ ਲੋ ਵਿੱਚ ਸਿੱਖੀ ਧਾਰਨ ਕੀਤੇ ਬਿਨਾਂ ਰਹਿ ਹੀ ਨਾਂ ਸੱਕੇ। ਸਿੱਖ ਸਕ਼ੂਲ-ਕਾਲਜ ਹੀ ਤਾਂ ਐਸੇ ਵਿਦਿਆਲੇ ਹਨ ਜਿੱਥੋਂ "ਸਿੱਖੀ" ਸਿੱਖੀ ਜਾਣੀ ਹੈ ਅਤੇ ਜੇ ਵੱਧ ਤੋਂ ਵੱਧ ਸਿੱਖਣ ਵਾਲੇ ਆਉਣਗੇ ਤਾਂ ਹੀ ਤਾਂ ਸਿੱਖ ਬਣਨਗੇ ਅਤੇ ਗੁਰੂ ਨਾਨਕ ਦੀ ਸਿੱਖੀ ਦਾ ਵਿਸਥਾਰ ਹੋਵੇਗਾ।"

ਸਿੱਖ ਦੀ ਪ੍ਰੀਭਾਸ਼ਾ ਬਾਰੇ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਗੁਰਸਿੱਖ ਵਿਦਵਾਨਾਂ ਦੇ ਵਿਚਾਰ

ਮਹਾਨ ਕੋਸ਼-ਸਿੱਖ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਸ਼ਿਸ਼, ਉਪਦੇਸ਼ ਲੈਣ ਯੋਗ, ਚੇਲਾ, ਗੁਰਸਿੱਖ, ਸਿੱਖ ਧਰਮਧਾਰੀ ਅਤੇ ਸ਼ਗਿਰਦ ਆਦਿਕ ਹਨ। ਗੁਰੂ ਨਾਨਕ ਅਨੁਗਾਮੀਂ, ਜਿਸ ਨੇ ਸਤਿਗੁਰੂ ਨਾਨਕ ਦਾ ਸਿੱਖ ਧਰਮ ਧਾਰਨ ਕੀਤਾ ਹੈ ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ ਉਹ ਸਿੱਖ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ॥ ਸੋ ਭਲਕੇ ਉਠਿ ਹਰਿ ਨਾਮ ਧਿਆਵੈ … …॥ ਜਨ ਨਾਨਕ ਧੂੜਿ ਮੰਗੈ ਤਿਸੁ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮੁ ਜਪਾਵੈ॥ (ਪੰਨਾ 305) ਆਪ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰੁ ਨਾ ਜਾਣੈ ਕੋਇ॥ ਕਹੈ ਨਾਨਕ ਸੁਣਹੁ ਸੰਤਹੁ, ਸੋ ਸਿੱਖ ਸਨਮੁਖ ਹੋਇ॥ (ਅਨੰਦੁ) ਆਪ ਗੁਰਮਤਿ ਮਾਰਤੰਡ ਦੇ ਪੰਨਾ 137 ਤੇ ਹੋਰ ਲਿਖਦੇ ਹਨ-ਸਿੱਖ ਉਹ ਹੈ ਜਿਸ ਨੇ ਜਗਤ ਗੁਰੂ ਦੇ ਵਿਚਾਰ ਅਨੁਸਾਰ ਸਿਖਿਆ ਸਿੱਖੀ ਹੈ "ਸਿੱਖੀ, ਸਿਖਿਆ, ਗੁਰ ਵੀਚਾਰਿ॥ (ਆਸਾ ਮ: 1)

ਭਾਈ ਗੁਰਦਾਸ ਜੀ-ਅਨੁਸਾਰ ਗੁਰੂ ਤੋਂ ਸਿਖਿਆ ਲੈ ਕੇ ਚੰਗੇ ਗੁਣਾਂ ਦਾ ਧਾਰਨੀ ਹੀ ਸਿੱਖ ਹੈ-ਸਤਿ ਸੰਤੋਖ ਦਯਾ ਧਰਮ, ਨਾਮ ਦਾਨ ਇਸਨਾਨ ਦਿੜਾਯਾ। ਗੁਰਸਿਖ ਲੈ ਗੁਰਸਿੱਖ ਸਦਾਯਾ। (ਭਾ. ਗੁ.) ਅਤੇ ਹੋਰ ਦਸਦੇ ਹਨ ਕਿ ਪੱਕਾ ਗੁਰਸਿੱਖ ਗੁਰੂ ਤੋਂ ਬਿਨਾਂ ਹੋਰ ਤੇ ਆਸ ਨਹੀਂ ਰੱਖਦਾ ਜਿਵੇਂ ਪਤੀਬ੍ਰਤਾ ਔਰਤ ਪਤੀ ਤੋਂ ਬਿਨਾਂ ਕਿਸੇ ਹੋਰ ਮਰਦ ਤੇ ਨਹੀਂ ਰੱਖਦੀ-ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖਯੋ ਚਾਹੈ, ਪੂਰਨ ਪਤੀ ਬਰਤਾ ਕੋ ਪਤਿ ਹੀ ਮੈ ਧਯਾਨ ਹੈ। …ਤੇਸੇ ਗੁਰਸਿੱਖ ਆਨ ਦੇਵ ਸੇਵ ਰਹਿਤ, ਪੈ ਸਹਿਜ ਸੁਭਾਵ ਨ, ਅਵਗਯਾ ਅਭਿਮਾਨ ਹੈ। (ਭਾ. ਗੁ. ਕਬਿਤ)

ਗੁਰੂ ਗ੍ਰੰਥ ਵਿਸ਼ਵ ਕੋਸ਼ (ਡਾ. ਰਤਨ ਸਿੰਘ ਜੱਗੀ) -ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਿਸ਼ਯ ਸ਼ਬਦ ਦਾ ਤਦਭਵ ਰੂਪ ਹੈ ਜਿਸ ਦਾ ਅਰਥ ਹੈ ਜੋ ਸਿਖਿਆ ਦੇਣ ਯੋਗ ਹੋਵੇ, ਜੋ ਸਿਖਿਆ ਗ੍ਰਹਿਣ ਕਰੇ, ਸ਼ਗਿਰਦ। ਪੰਜਾਬੀ ਸਭਿਆਚਾਰ ਵਿੱਚ ਸਿੱਖ ਉਸ ਨੂੰ ਕਿਹਾ ਜਾਂਦਾ ਹੈ ਜੋ ਗੁਰੂ ਨਾਨਕ ਸਾਹਿਬ ਅਤੇ ਹੋਰ ਗੁਰੂ ਸਾਹਿਬਾਂਨ ਦੀ ਸਿਖਿਆ ਅਥਵਾ ਉਪਦੇਸ਼ ਅਨੁਸਾਰ ਆਪਣਾ ਜੀਵਨ ਬਤੀਤ ਕਰੇ। ਸਿੱਖ ਦਾ ਸਰੂਪ ਅਤੇ ਅਚਾਰ ਕਿਹੋ ਜਿਹਾ ਹੋਵੇ? ਇਨ੍ਹਾਂ ਗੱਲਾਂ ਬਾਰੇ ਗੁਰੂ ਨਾਨਕ ਸਾਹਿਬ ਦੇ ਉਤਰਾ ਅਧਿਕਾਰੀ ਗੁਰੂ ਸਾਹਿਬਾਂਨ ਦੀ ਬਾਣੀ ਵਿੱਚ ਵੀ ਸੰਕੇਤ ਮਿਲਦੇ ਹਨ। ਇਹ ਅਚਾਰ ਉਨ੍ਹਾਂ ਨੇ ਆਪ ਹੰਡਾਇਆ ਹੈ ਕਿਉਂਕਿ ਗੁਰੂ ਪਦ ਪ੍ਰਾਪਤ ਕਰਨ ਤੋਂ ਪਹਿਲਾਂ ਉਹ ਆਪ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ ਜਿਵੇਂ ਕਿ ਗੁਰੂ ਅਮਰਦਾਸ ਜੀ ਫੁਰਮਾਂਦੇ ਹਨ-ਸੋ ਸਿੱਖ ਸਖਾ ਬੰਧਪ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾਂ ਖਾਵੈ॥ (601-ਮ: 3) ਇਥੇ ਗੁਰ ਕੇ ਭਾਣੇ ਤੋਂ ਭਾਵ ਗੁਰੂ ਨਾਨਕ ਦੇ ਹੁਕਮ-ਉਪਦੇਸ਼ ਹਨ। ਗੁਰੂ ਦੇ ਭਾਣੇ (ਹੁਕਮ-ਉਪਦੇਸ਼) ਵਿੱਚ ਚੱਲਣ ਵਾਲਾ ਹੀ ਸਿੱਖ ਹੋ ਸਕਦਾ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਸਿੱਖ ਦੇ ਸਰੂਪ ਅਤੇ ਨਿੱਤ-ਕਰਮ ਉੱਤੇ ਵਿਸਥਾਰ ਨਾਲ ਝਾਤ ਪਾਈ ਗਈ ਹੈ। ਗਉੜੀ ਕੀ ਵਾਰ ਵਿੱਚ ਆਪ ਫੁਰਮਾਂਦੇ ਹਨ-ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰ ਚੜੈ ਦਿਵਸੁ ਗੁਰਬਾਣੀ ਗਾਵੈ॥ ਬਹਿਦਿਆ ਉਠਦਿਆ ਹਰਿਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਇ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖੁ ਗੁਰੂ ਉਪਦੇਸ ਸੁਣਾਵੈ॥ ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹਿ ਨਾਮੁ ਜਪਾਵੈ॥ (ਪੰਨਾ 305) ਸ਼ਪੱਸ਼ਟ ਹੈ ਕਿ ਸਿੱਖ ਤੋਂ ਭਾਵ ਹੈ ਉਹ ਸਦਾਚਾਰੀ ਵਿਅਕਤੀ ਜੋ "ਗੁਰੂ ਗ੍ਰੰਥ ਸਾਹਿਬ ਜੀ" ਦੇ ਹੁਕਮ-ਉਪਦੇਸ਼ ਅਨੁਸਾਰ ਜੀਵਨ ਬਤੀਤ ਕਰੇ। ਗੁਰ ਹੁਕਮ-ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। ਡਾ. ਰਤਨ ਸਿੰਘ ਜੱਗੀ ਹੋਰ ਲਿਖਦੇ ਹਨ ਕਿ "ਰਾਜਨੀਤਿਕ ਪਰਿਸਥਿਤੀਆਂ ਅਤੇ ਧਾਰਮਿਕ ਅਵੱਸ਼ਕਤਾਵਾਂ ਦੇ ਮੱਦੇ ਨਜ਼ਰ ਪੰਜਾਬ ਦਾ "ਸਿੱਖ ਗੁਰਦੁਆਰਾ ਐਕਟ, 1925 ਅਤੇ ਦਿੱਲ੍ਹੀ ਸਿੱਖ ਗੁਰਦੁਆਰਾ ਐਕਟ 1971’ ਦੇ ਪਾਸ ਹੋਣ ਨਾਲ ਸਿੱਖ ਦੀ ਪ੍ਰੀਭਾਸ਼ਾ, ਸਰੂਪ ਅਤੇ ਅਚਾਰ ਨੂੰ ਚੰਗੀ ਤਰ੍ਹਾਂ ਨਿਰਧਾਰਤ ਕਰ ਦਿੱਤਾ ਗਿਆ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਆਏ ‘ਸਿੱਖ ਸੰਕਲਪ’ ਦਾ ਇਨ੍ਹਾਂ ਐਕਟਾਂ ਵਿੱਚ ਕਾਫੀ ਵਿਕਾਸ ਹੋ ਗਿਆ ਹੈ।" ਪੜ੍ਹੋ Act 1925: ਦਾ ਹਵਾਲਾ "Sikh means a person who professes the Sikh religion or, in the case of a deceased person, who professed the Sikh religion or was known to be a Sikh during his lifetime. If any question arises as to whether any living person is or is not a Sikh, he shall be deemed respectively to be or not to be a Sikh according as he makes or refuses to make in such manner as the I[12] Provincial Government may prescribe the following declaration."

I solemnly affirm that I believe in the Guru Granth Sahib, that I believe in the Ten Gurus, and that I have no other religion."

ਨੋਟ-ਐਸ ਵੇਲੇ ਸਿੱਖਾਂ ਕੋਲ ਸਿੱਖ ਦੀ ਪ੍ਰੀਭਾਸ਼ਾ ਦੇ ਮੇਨ ਤਿੰਨ ਪ੍ਰਮੁੱਖ ਸ੍ਰੋਤ ਹਨ-ਪਹਿਲਾ ਗੁਰੂ ਗ੍ਰੰਥ ਸਾਹਿਬ, ਦੂਜਾ ਭਾਈ ਗੁਰਦਾਸ ਜੀ ਦੀ ਰਚਨਾ ਅਤੇ ਤੀਜਾ ਸਿੱਖ ਰਹਿਤ ਮਰਯਾਦਾ ਪਰ ਸਿੱਖ ਲਈ ਪਹਿਲ ਅਤੇ ਕਸਵਟੀ "ਗੁਰੂ ਗ੍ਰੰਥ ਸਾਹਿਬ" ਹੀ ਹੈ। ਸੋ ਸਿੱਖ ਦੀ ਪ੍ਰੀਭਾਸ਼ਾ ਬਾਰੇ ਕੋਈ ਵੀ ਫੈਂਸਲਾ ਕਰਦੇ ਸਮੇਂ "ਗੁਰੂ ਗ੍ਰੰਥ ਸਾਹਿਬ ਜੀ" ਦੀ ਵਿਚਾਰਧਾਰਾ ਨੂੰ ਹੀ ਪ੍ਰਮੁਖਤਾ ਦੇਣੀ ਚਾਹੀਦੀ ਹੈ। ਇਸ ਤੋਂ ਬਾਹਰ ਜਾ ਕੇ ਕੀਤਾ ਗਿਆ ਫੈਂਸਲਾ ਸਹੀ ਨਹੀਂ ਹੋ ਸਕਦਾ। ਸਿੱਖ ਰਹਿਤ ਮਰਯਾਦਾ ਵਿੱਚ ਸਿੱਖ ਦੀ ਪ੍ਰੀਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਹੀ ਹੋਣੀ ਚਾਹੀਦੀ ਹੈ। ਮਜੂਦਾ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ "ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ੍ਰੀ ਗੁਰੂ ਬੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।" ਜਰਾ ਸਹਿਜ ਸੁਭਾਵ ਨਾਲ ਦੇਖੋ! "ਗੁਰੂ ਗ੍ਰੰਥ ਸਾਹਿਬ ਜੀ" ਵਿਖੇ ਦਸਾਂ ਗੁਰੂਆਂ ਦੀ ਬਾਣੀ ਨਹੀਂ ਸਗੋਂ 6 ਗੁਰੂਆਂ (ਗੁਰੂ ਨਾਨਕ ਤੋਂ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ) 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਮਜੂਦ ਹੈ। ਇਥੇ (ਸਿੱਖ ਰਹਿਤ ਮਰਯਾਦਾ ਵਿੱਚ) ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਨੂੰ ਕਿਉਂ ਛੱਡ ਦਿੱਤਾ ਗਿਆ? ਇਥੇ ਸਿਰਫ "ਗੁਰੂ ਗ੍ਰੰਥ ਸਾਹਿਬ ਜੀ" ਦੀ ਸਿਖਿਆ ਦਾ ਪਾਲਨ ਕਰਦਾ ਹੈ ਸ਼ਬਦ ਲਿਖਦੇ ਤਾਂ ਠੀਕ ਸੀ ਕਿਉਂਕਿ "ਗੁਰੂ ਗ੍ਰੰਥ ਸਾਹਿਬ ਜੀ" ਵਿੱਚ ਸਭ ਕੁੱਝ ਆ ਗਿਆ ਸੀ। ਪਰ ਅੰਮ੍ਰਿਤਧਾਰੀ ਸਿੱਖ ਅਤੇ ਜੋ ਵੀ ਮਾਈ ਭਾਈ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਦਾ ਅਤੇ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਬਤੀਤ ਕਰਦਾ ਹੈ ਉਹ ਵੀ ਗੁਰੂ ਦਾ ਸਿੱਖ ਹੈ। ਜੇ ਅਸੀਂ ਗੁਰੂ ਦੇ ਇਸ ਰੂਲ ਨੂੰ ਮੰਨ ਕੇ ਚੱਲਾਂਗੇ ਤਾਂ ਸਾਰੀ ਦੁਨੀਆਂ ਵਿੱਚ ਗੁਰੂ ਦੇ ਸਿੱਖ ਬਣ ਸਕਦੇ ਹਨ ਅਤੇ ਸਿੱਖ ਕੌਮ ਦਾ ਵਿਸ਼ਾਲ ਦਾਇਰਾ ਕਾਇਮ ਹੋ ਸਕਦਾ ਹੈ। ਅੱਜ ਸਾਨੂੰ ਸੰਪ੍ਰਦਾਈ ਸੋਚ ਤੋਂ ਉੱਪਰ ਉੱਠਣ ਦੀ ਲੋੜ ਹੈ ਤਾਂ ਕਿ ਅਸੀਂ ਵਿਸ਼ਵ ਸ਼ਹਿਰੀ ਹੁੰਦੇ ਹੋਵੇ ਸਮੁੱਚੇ ਵਿਸ਼ਵ ਵਿੱਚ ਸਿੱਖੀ ਦੀ ਸੁਹਾਵਨੀ ਮਹਿਕ ਖਿਲਾਰ ਸੱਕੀਏ। ਇਧਰ ਵੀ ਧਿਆਂਨ ਦੇਣ ਦੀ ਲੋੜ ਹੈ ਕਿ ਜੇ ਅਸੀਂ ਸਿਰਫ ਪੰਜ ਕਕਾਰੀ ਅੰਮ੍ਰਿਤਧਾਰੀ ਨੂੰ ਹੀ ਸਿੱਖ ਮੰਨਾਂਗੇ ਤਾਂ ਫਿਰ ਸਿੱਖਾਂ ਦੀ ਅਬਾਦੀ ਕਿੰਨੀ ਕੁ ਰਹਿ ਜਾਵੇਗੀ। ਜੇ "ਗੁਰੂ ਗ੍ਰੰਥ ਸਾਹਿਬ ਜੀ" ਅਨੁਸਾਰ ਸਿੱਖ ਮੰਨੀਏਂ ਤਾਂ ਸਿੱਖਾਂ ਦੀ ਗਿਣਤੀ ਵੱਧ ਜਾਂਦੀ ਹੈ ਜੋ ਸਿੱਖ ਸੰਗੱਠਨ, ਤਾਕਤ ਅਤੇ ਰਾਜ ਭਾਗ ਲਈ ਜਰੂਰੀ ਹੈ। ਸਿੱਖਾਂ ਦੇ ਘਰ ਪੈਦਾ ਹੋਣ ਵਾਲਾ ਅਤੇ "ਗੁਰੂ ਗ੍ਰੰਥ ਸਾਹਿਬ ਜੀ" ਨੂੰ ਆਪਣਾ ਗੁਰੂ ਮੰਨ ਕੇ ਸਿੱਖ ਧਰਮ ਧਾਰਨ ਕਰਨ ਵਾਲਾ ਸਿੱਖ ਹੀ ਹੈ। ਉਸ ਨੂੰ ਤੁਸੀਂ ਹਿੰਦੂ, ਮੁਸਲਮ, ਇਸਾਈ ਅਤੇ ਮੁਸਾਈ ਆਦਿਕ ਹੋਰ ਕੁੱਝ ਨਹੀਂ ਕਹਿ ਸਕਦੇ। ਹਾਂ ਕੇਸ ਨਾਂ ਰੱਖਣ ਵਾਲਿਆਂ ਨੂੰ ਵੀ ਨਫਰਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਵੀ ਰੱਬ ਦੇ ਹੀ ਬੰਦੇ ਹਨ-ਕਬੀਰ ਪ੍ਰੀਤਿ ਏਕ ਸਿਉਂ ਕੀਏ ਆਨ ਦੁਬਿਧਾ ਜਾਇ॥ ਭਾਵੈ ਲਾਂਬੇ ਕੇਸ ਕਰਿ ਭਾਵੈ ਘਰਰਿ ਮੁੰਡਾਇ॥ (ਗੁਰੂ ਗ੍ਰੰਥ) (ਪੂਹਲੇ ਦੁਸ਼ਟ ਨੂੰ ਸੋਧਣ ਵਾਲੇ ਕਲੀਨਸ਼ੇਵ ਨੌਜਵਾਨਾਂ ਨੂੰ ਸਿੱਖ ਕਹੋਗੇ ਜਾਂ ਕੋਈ ਹੋਰ) ਸਿੱਖ ਦੇ ਅਮਲ (ਕਰਮ) ਠੀਕ ਹੋਣੇ ਚਾਹੀਦੇ ਹਨ ਨਾਂ ਕਿ ਕੇਵਲ ਬਾਹਰੀ ਦਿਖ। ਹਾਂ ਜੇ ਬਾਹਰੀ ਦਿੱਖ ਚੰਗੀ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਫਿਰ ਬੇਨਤੀ ਕਰਾਂਗਾ ਕਿ ਸਿੱਖ ਦੀ ਪ੍ਰੀਭਾਸ਼ਾ ਲਈ ਸੇਧ "ਗੁਰੂ ਗ੍ਰੰਥ ਸਾਹਿਬ ਜੀ" ਤੋਂ ਹੀ ਲਈਏ ਕਿਉਂਕਿ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ (ਗੁਰਤਾ ਦੇਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ)

ਸੋ ਸਿੱਖ ਦੀ ਪ੍ਰੀਭਾਸ਼ਾ ਹੋਣੀ ਚਾਹੀਦੀ ਹੈ ਕਿ ਜੋ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਰਮਲ ਪੰਥ (ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ- (ਭਾ. ਗੁ.) ਨਿਰਮਲ ਪੰਥ ਭਾਵ ਸਿੱਖ ਪੰਥ ਦਾ ਅਨੁਯਾਈ ਹੋ ਕੇ "ਗੁਰੂ ਗ੍ਰੰਥ ਸਾਹਿਬ ਜੀ" ਉੱਤੇ ਪੂਰਨ ਵਿਸ਼ਵਾਸ਼ ਰੱਖਦਾ ਹੋਇਆ "ਗੁਰੂ ਗ੍ਰੰਥ ਸਾਹਿਬ ਜੀ" ਨੂੰ ਹੀ ਆਪਣਾ ਗੁਰੂ ਮੰਨ ਕੇ ਗੁਰ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਅਤੇ ਹੋਰ ਕਿਸੇ ਦੇਹਧਾਰੀ ਪਾਖੰਡੀ ਗੁਰੂ ਅਤੇ ਬੇਲੋੜੇ ਕਰਮਕਾਂਡਾਂ ਤੇ ਅੰਧ ਵਿਸ਼ਵਾਸ਼ ਨਹੀਂ ਰੱਖਦਾ ਉਹ ਸਿੱਖ ਹੈ। ਹਾਂ ਗੁਰੂ ਕੇ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਗ੍ਰੰਥ ਸਹਿਬ ਜੀ ਨੂੰ ਆਪਣਾ ਇਸ਼ਟ ਮੰਨ ਕੇ ਚੱਲਣ ਵਾਲਾ ਅੰਮ੍ਰਿਤਧਾਰੀ ਸਿੱਖ ਹੈ। ਨੋਟ-ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਬਾਕੀ ਗੁਰੂ ਇੱਕ ਹੀ ਰੂਪ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇ ਚਲਾਏ ਨਿਰਮਲ ਪੰਥ ਦਾ ਪ੍ਰਚਾਰ ਅਤੇ ਵਿਸਥਾਰ ਹੀ ਕੀਤਾ ਹੈ ਅਤੇ ਹੋਰ ਕੋਈ ਵੱਖਰਾ ਪੰਥ ਨਹੀਂ ਚਲਾਇਆ ਹਾਂ ਨਿਰਮਲ ਪੰਥ (ਸਿੱਖ ਪੰਥ) ਨੂੰ ਹੀ ਖ਼ਾਲਸਾ ਪੰਥ ਦਾ ਨਾਂ ਦਿੱਤਾ ਸੀ। ਸਿੱਖ ਅਤੇ ਅੰਮ੍ਰਿਤ ਬਾਰੇ ਗੁਰਬਾਣੀ ਦਾ ਫੈਂਸਲਾ ਹੈ ਕਿ-ਸੋ ਸਿੱਖ ਸਖਾ ਬੰਧਪ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾਂ ਖਾਵੈ॥ (601/ਮ: 3) ਅਤੇ "ਜਿਸ ਜਲ ਨਿਧਿ ਕਾਰਣਿ ਤੁਮ ਜਗ ਆਏ ਹੋ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀਂ ਜੀਉ॥" (598/ਮ: 1) ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹਿ॥ …. ਅੰਮ੍ਰਿਤਪਾਨ ਕਰਹੁ ਸਾਧੁ ਸੰਗਿ॥ (ਗੁਰੂ ਗ੍ਰੰਥ) ਗੁਰੂ ਦਾ ਅਰਥ ਸਿਖਿਆ ਦਾਤਾ ਅਤੇ ਸਿੱਖ ਦੇ ਅਰਥ ਹਨ ਚੇਲਾ, ਸਿੱਖਣਵਾਲਾ, ਸਿਖਿਆਰਥੀ, ਸ਼ਗਿਰਦ ਅਤੇ ਸਟੂਡੈਂਟ। ਸਿੱਖਾਂ ਦਾ ਗੁਰੂ "ਗੁਰੂ ਗ੍ਰੰਥ ਸਹਿਬ" ਹੈ ਅਤੇ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਸਿੱਖ ਹੈ।

ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥਕ ਵਿਦਾਵਾਨਾਂ ਤੋਂ ਮਿਲੀ ਸੇਧ ਅਤੇ ਗਿਆਨ ਮੁਤਾਬਕ "ਸਿੱਖ" ਬਾਰੇ ਦਾਸ ਦੇ ਵਿਚਾਰ-ਜੋ ਇੱਕ ਅਕਾਲ ਪੁਰਖ, ਗੁਰੂ ਗ੍ਰੰਥ-ਪੰਥ ਤੋਂ ਬਿਨਾਂ ਕਿਸੇ ਵੀ ਕਲਪਿਤ ਦੇਵੀ-ਦੇਵਤੇ, ਪਾਖੰਡੀ ਪੀਰ-ਫਕੀਰ, ਸੰਪ੍ਰਦਾਈ ਡੇਰੇਦਾਰ ਸੰਤ-ਬਾਬਿਆਂ, ਦੇਹਧਾਰੀ ਗੁਰੂਆਂ ਅਤੇ ਉਨ੍ਹਾਂ ਦੇ ਡੇਰਿਆਂ, ਮੜੀਆਂ-ਮਸਾਣਾਂ, ਗੁੱਗੇ ਪੀਰਾਂ, ਮੂਰਤੀਆਂ, ਪੱਥਰ ਪੂਜਾ, ਗੁਗਲ ਦੇ ਧੂੰਏਂ ਅਤੇ ਘਿਉ ਦੀਆਂ ਅਖੰਡ ਜੋਤਾਂ, ਆਦਿਕ ਫੋਕਟ ਕਰਮਾਂ, ਮਸਿਆ-ਪੁੰਨਿਆਂ, ਸੰਗ੍ਰਾਂਦਾਂ, ਪੰਚਕਾਂ, ਚੰਗੇ ਮਾੜੇ ਦਿਨਾਂ ਦੀ ਵਿਚਾਰ ਨੂੰ ਨਹੀਂ ਮੰਨਦਾ, ਧਰਮ ਅਸਥਾਨਾਂ ਵਿਖੇ ਸਿੱਖਣ ਲਈ ਜਾਂਦਾ ਹੈ ਨਾਂ ਕਿ ਕੇਵਲ ਮੱਥਾ ਟੇਕਣ ਅਤੇ ਭਾੜੇ ਦੇ ਪਾਠ ਕਰਾਉਣ, ਧਰਮ ਦੀ ਕਿਰਤ-ਵਿਰਤ ਕਰਦਾ, ਵੰਡ ਛਕਦਾ, ਨਾਮ ਜਪਦਾ, ਆਪ ਗੁਰਬਾਣੀ ਪੜ੍ਹਦਾ-ਵਿਚਾਰਦਾ-ਧਾਰਦਾ ਅਤੇ ਗੁਰਬਾਣੀ ਦਾ ਪ੍ਰਚਾਰ ਕਰਦਾ ਹੋਇਆ ਛੂਆ-ਛਾਤ ਅਤੇ ਜਾਤ-ਪਾਤ ਦਾ ਤਿਆਗ ਕਰਕੇ ਹਰੇਕ ਅੰਧ ਵਿਸ਼ਵਾਸ਼ ਤੋਂ ਮੁਕਤ ਹੋ ਜੀਵਨ ਬਸਰ ਕਰਦਾ ਹੋਇਆ ਸਮੁੱਚੀ ਮਨੁੱਖਤਾ ਨਾਲ ਪਿਆਰ ਕਰਦਾ ਹੈ ਉਹ "ਸਿੱਖ" ਹੈ।




.