.

ਕੁੜੀਮਾਰ ਨਾਲ਼ ਸਿੱਖ ਨੇ ਨਹੀਂ ਵਰਤਣਾ

ਪੇਂਡੂ ਸਿੱਖ ਸਮਾਜ ਵਿੱਚ ਜੱਟਾਂ ਦੀ ਵਧ ਗਿਣਤੀ ਹੋਣ ਕਰਕੇ ਜੱਟ ਪ੍ਰਧਾਨ ਸਮਾਜ ਹੋ ਨਿੱਬੜਦਾ ਹੈ। ਪ੍ਰਸਿਧ ਇਤਿਹਾਸਕਾਰ, ਪਰਲੋਕ ਨਿਵਾਸੀ ਸ. ਸ਼ਮਸ਼ੇਰ ਸਿੰਘ ਅਸ਼ੋਕ, ਅਨੁਸਾਰ ਜੱਟ ਵੀ ਰਾਜਪੂਤਾਂ ਦੀ ਹੀ ਇੱਕ ਸ਼ਾਖ਼ਾ ਹਨ ਤੇ ਸ਼ਾਇਦ ਏਸੇ ਕਰਕੇ ਹੀ ਰਾਜਪੂਤਾਂ ਦੀਆ ਚੰਗੀਆਂ/ਮੰਦੀਆਂ ਆਦਤਾਂ ਇਹਨਾਂ ਵਿੱਚ ਵੀ ਵਿਰਾਸਤ ਵਜੋਂ ਹੀ ਆ ਗਈਆਂ ਤੇ ਅਜੇ ਤਕ ਵੀ ਚੱਲੀਆਂ ਆ ਰਹੀਆਂ ਹਨ। ਇਹਨਾਂ ਵਿਚੋਂ ਇੱਕ ਧੀ ਨੂੰ ਮਾਰ ਦੇਣ ਵਾਲ਼ੀ ਅਤੀ ਮਾੜੀ ਖ਼ਸਲਤ ਵੀ ਇਸ ਭਾਈਚਾਰੇ ਵਿੱਚ ਚੱਲੀ ਆ ਰਹੀ ਹੈ। ਇਸ ਮਾੜੀ ਰਸਮ ਕਰਕੇ ਹੀ ਸ਼ਾਇਦ ਜੱਟਾਂ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਹੁੰਦੀ ਸੀ। ਸੋ ਇਹ ਕੁਦਰਤੀ ਹੀ ਸੀ ਕਿ ਜੱਟ ਦੇ ਸਾਰੇ ਪੁੱਤਾਂ ਦਾ ਵਿਆਹ ਹੋ ਸਕਣਾ ਸੰਭਵ ਨਹੀਂ ਸੀ ਹੁੰਦਾ। ਇਸ ਲਈ ਕੋਈ ਮੁੱਲ ਦੇ ਕੇ ਵਿਆਹ ਕਰਵਾਉਂਦਾ ਸੀ ਤੇ ਕੋਈ ‘ਕੁਦੇਸਣ’ ਅਰਥਾਤ ਬੰਗਾਲ, ਬਿਹਾਰ ਜਾਂ ਨੇਪਾਲ ਆਦਿ ਤੋਂ ਇਸਤਰੀ ਲੈ ਕੇ ਆਉਂਦਾ ਸੀ। ਕੋਈ ‘ਦਲੇਰ ਕਿਸਮ’ ਦਾ ਵਿਅਕਤੀ ਇਸ ਤਰ੍ਹਾਂ ਵੀ ਲੈ ਆਉਂਦਾ ਸੀ ਜਿਸ ਨੂੰ ਪੇਂਡੂ ਬੋਲੀ ਵਿੱਚ ਕਢ ਕੇ ਲਿਆਉਣਾ ਆਖਿਆ ਜਾਂਦਾ ਸੀ; ਭਾਵੇਂ ਕਿ ਸ਼ਾਸਤਰਾਂ ਵਿੱਚ ਅਜਿਹੇ ਜੋਖਮ ਭਰੇ ਕਾਰਨਾਮੇ ਨੂੰ ਇੱਕ ਕਿਸਮ ਦੇ ਵਿਆਹ ਦਾ ਨਾਂ ਦਿੱਤਾ ਗਿਆ ਹੈ।
ਹੁਣ ਤੋਂ ਕੋਈ ਇੱਕ ਦਹਾਕਾ ਪਿਛੋਂ ਪਤਾ ਨਹੀਂ ਕੀ ਹਾਲ ਹੋਵੇਗਾ, ਵਾਹਿਗੁਰੂ ਹੀ ਜਾਣੇ! ਪਿਛਲੇ ਸਮੇਂ ਜੰਮਣ ਦੇ ਪਿਛੋਂ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅੱਜ ਵਿਗਿਆਨ ਦੀ ਉਨਤੀ ਕਰਕੇ ਜੰਮਣ ਤੋਂ ਪਹਿਲਾਂ, ਮਾਂ ਦੀ ਕੁੱਖ ਵਿੱਚ ਹੀ ਧੀ ਨੂੰ ਮੁਕਾ ਦਿੱਤਾ ਜਾਂਦਾ ਹੈ। ਇਹ ਕੁਕਰਮ ਪੈਸਿਆਂ ਦੇ ਲਾਲਚ ਵਿਚ, ਜਾਨ ਦੀ ਹਰ ਹਾਲਤ ਵਿੱਚ ਰਖਵਾਲੀ ਕਰਨ ਦਾ ਪ੍ਰਣ ਕਰਨ ਵਾਲੇ, ਡਾਕਟਰ ਕਰਦੇ ਨੇ ਜਦੋਂ ਕਿ ਪੁਰਾਣੇ ਸਮੇਂ ਵਿੱਚ ਇਹ ਕੁਕਰਮ ਅਨਪੜ੍ਹ ਦਾਈਆਂ ਕਰਿਆ ਕਰਦੀਆਂ ਸਨ। ਕਹਿੰਦੇ ਹਨ ਕਿ ਇੱਕ ਤਰੀਕਾ ਨਵ ਜਨਮੀ ਬੱਚੀ ਨੂੰ ਮਾਰਨ ਦਾ ਇਹ ਵੀ ਹੁੰਦਾ ਸੀ ਕਿ ਉਸਦੇ ਇੱਕ ਨੰਨ੍ਹੇ ਹੱਥ ਵਿੱਚ ਪੂਣੀ ਫੜਾ ਕੇ ਤੇ ਦੂਸਰੇ ਹੱਥ ਦੇ ਅੰਗੂਠੇ ਨੂੰ ਗੁੜ ਲਾ ਕੇ ਅੰਗੂਠਾ ਉਸਦੇ ਮੂੰਹ ਵਿੱਚ ਦੇ ਦੇਣਾ ਤੇ ਇਹ ਆਖ ਕੇ ਜੀਂਦੀ ਕੁੜੀ ਨੂੰ ਘੜੇ ਵਿੱਚ ਪਾ ਕੇ, ਟੋਆ ਪੁੱਟ ਕੇ ਧਰਤੀ ਅੰਦਰ ਦੱਬ ਦੇਣਾ:
ਗੁੜ ਖਾਈਂ ਤੇ ਪੂਣੀ ਕੱਤੀਂ।
ਆਪ ਨਾ ਆਈਂ ਤੇ ਵੀਰਾਂ ਨੂੰ ਘੱਤੀਂ।
ਮੁਲਕ ਮਲਾਵੀ ਦੇ ਵਸਨੀਕ ਇੱਕ ਬਹੁਤ ਹੀ ਭਲੇ ਪੁਰਸ਼, ਗੁਜਰਾਤੀ ਡਾਕਟਰ ਅੰਬੇਦਕਰ ਜੀ ਨੂੰ, 1974 ਵਿੱਚ ਮੈਂ ਪੁੱਛਿਆ ਸੀ ਕਿ ਕੋਈ ਤਰੀਕਾ ਅਜਿਹਾ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਲੜਕੀ ਜਾਂ ਲੜਕਾ ਹੋਣ ਬਾਰੇ ਪਤਾ ਲਾਇਆ ਜਾ ਸਕੇ। ਉਸ ਭਲੇ ਡਾਕਟਰ ਨੇ ਦੱਸਿਆ ਕਿ ਅਜਿਹਾ ਕੋਈ ਤਰੀਕਾ ਅਜੇ ਤੱਕ ਡਾਕਟਰੀ ਵਿਗਿਆਨ ਨੇ ਨਹੀਂ ਲਭਿਆ। ਜੇਕਰ ਅਸੀਂ ਇਹ ਤਰੀਕਾ ਲਭ ਵੀ ਲਿਆ ਤਾਂ ਕਿਸੇ ਨੂੰ ਦੱਸਾਂਗੇ ਨਹੀਂ ਕਿਉਂਕਿ ਲੋਕੀਂ ਪੁੱਤਰ ਦੀ ਚਾਹਨਾ ਵਿੱਚ ਪੁੱਤਰੀ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿਆ ਕਰਨਗੇ ਤੇ ਇਸ ਤਰ੍ਹਾਂ ਦੁਨੀਆਂ ਵਿੱਚ ਇਸਤਰੀ/ਪੁਰਸ਼ਾਂ ਦੀ ਗਿਣਤੀ ਦਾ ਤਨਾਸਬ ਵਿਗੜ ਜਾਵੇਗਾ। ਅੱਜ ਇਹ ਪ੍ਰਤੱਖ ਪਾਪ ਸਾਡੇ ਵੇਖਦਿਆਂ ਹੀ ਹੋ ਰਿਹਾ ਹੈ ਤੇ ਗੱਜ ਵੱਜ ਕੇ ਹੋ ਰਿਹਾ ਹੈ।
ਸਿੱਖ ਗੁਰੂ ਸਾਹਿਬਾਨ ਜੀ ਨੇ ਇਸ ਵਿਆਪਕ ਬੀਮਾਰੀ ਨੂੰ ਰੋਕਣ ਵਾਸਤੇ, ਆਪਣੇ ਸਿੱਖਾਂ ਨੂੰ ਇਸ ਘੋਰ ਪਾਪ ਤੋਂ ਬੜੀ ਸਖ਼ਤੀ ਨਾਲ਼ ਵਰਜਿਆ ਸੀ। ਅੱਜ ਵੀ ਸਿੱਖਾਂ ਨੂੰ ਅੰਮ੍ਰਿਤ ਛਕਣ ਸਮੇਂ ਜਿਨ੍ਹਾਂ ਸੱਤ ਕਿਸਮ ਦੇ ਵਿਅਕਤੀਆਂ ਨਾਲ ਮੇਲ ਰੱਖਣ ਤੋਂ ਮਨਾਹੀ ਕੀਤੀ ਜਾਂਦੀ ਹੈ, ਉਹਨਾਂ ਵਿਚੋਂ ਇੱਕ ਕੁੜੀਮਾਰ ਵੀ ਹੈ। ਕੁੜੀਮਾਰ ਨਾਲ ਸਾਂਝ ਰੱਖਣ ਵਾਲਾ ਸਿੱਖ ਮਰਯਾਦਾ ਅਨੁਸਾਰ ‘ਤਨਖ਼ਾਹੀਆ’ ਕਰਾਰ ਦਿੱਤਾ ਜਾਂਦਾ ਹੈ। ਅਠਾਰ੍ਹਵੀਂ ਸਦੀ ਦੇ ਇੱਕ ਮਹਾਨ ਯੋਧੇ, ਸ. ਜੱਸਾ ਸਿੰਘ ਰਾਮਗੜ੍ਹੀਏ ਦਾ ਪੰਥ ਵਿਚੋਂ ਕੁੱਝ ਸਮੇਂ ਲਈ ਛੇਕਿਆ ਰਹਿਣ ਦਾ ਵੀ ਏਹੋ ਕਾਰਨ ਬਣਿਆ ਸੀ। ਪੰਥ ਨੂੰ ਉਸ ਬਾਰੇ ਸ਼ਕਾਇਤ ਸੀ ਕਿ ਉਸਦੇ ਪਰਵਾਰ ਵਿੱਚ ਕੰਨਿਆ ਦਾ ਕਤਲ ਕੀਤਾ ਗਿਆ ਹੈ।
ਏਥੋਂ ਤੱਕ ਕਿ ਜੀਂਦ ਪਤੀ ਮਹਾਰਾਜਾ ਗਜਪਤ ਸਿੰਘ ਦੀ ਪੁੱਤਰੀ ਨਾਲ਼ ਵੀ ਏਹੋ ਕੁੱਝ ਹੋਇਆ। ਇਹ ਤਾਂ ਮਹਾਂਪੁਰਸ਼ ਬਾਬਾ ਗੁੱਦੜ ਸਿੰਘ ਜੀ ਦੀ ਕਿਰਪਾ ਹੋਈ ਤੇ ਉਸਨੂੰ ਜਦੋਂ ਧਰਤੀ ਪੁੱਟ ਕੇ ਘੜੇ ਵਿਚੋਂ ਬਾਹਰ ਕਢਿਆ ਗਿਆ ਤਾਂ ਬੱਚੀ ਅੰਗੂਠਾ ਚੁੰਘਦੀ ਜੀਂਦੀ ਨਿਕਲ ਆਈ ਤੇ ਸਰਦਾਰਨੀ ਰਾਜ ਕੌਰ ਬਣਕੇ, ਸ. ਮਹਾਂ ਸਿੰਘ ਸ਼ੁੱਕਰਚੱਕੀਏ ਦੀ ਪਤਨੀ ਤੇ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਹੋਣ ਦਾ, ਉਸ ਮਾਪਿਆਂ ਵਲੋਂ ਆਪਣੇ ਭਾਣੇ ਮਾਰ ਦਿੱਤੀ ਗਈ ਬੱਚੀ, ਨੇ ਮਾਣ ਹਾਸਲ ਕੀਤਾ।
ਕੁੜੀਆਂ ਦੀ ਘਾਟ ਦਾ ਸਦਕਾ ਜੇ ਕਿਤੇ ਜੱਟ ਦਾ ਨਿੱਕਾ ਪੁੱਤ ਵੱਡੇ ਨੂੰ ਬਾਈ ਪਾਸ ਕਰਕੇ ਪਹਿਲਾਂ ਮੰਗਿਆ/ਵਿਆਹਿਆ ਜਾਂਦਾ ਸੀ ਤਾਂ ਵੱਡੇ ਦਾ ਆਮ ਤੌਰ `ਤੇ ਪੱਤਾ ਕੱਟਿਆ ਗਿਆ ਹੀ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਵੱਡੇ ਦੇ ਛੜੇ ਰਹਿ ਜਾਣ ਕਾਰਨ ਹੀ ਸ਼ਾਇਦ ਕਈ ਤਾਏ ਛੜੇ ਹੁੰਦੇ ਸਨ। ਸ਼ਾਇਦ ਜੱਟ ਏਸੇ ਕਰਕੇ ਹੀ ਤਾਏ ਦੇ ਮੁਕਾਬਲੇ ਚਾਚਾ ਅਖਵਾ ਕੇ ਵਧ ਖ਼ੁਸ਼ ਹੁੰਦਾ ਹੈ। ਕਿਸੇ ਅਜਿਹੇ ਤਾਏ ਨੂੰ ਵੇਹਲੇ ਵੇਲੇ ਭਤੀਜਿਆਂ ਨੇ ਪੁੱਛ ਲਿਆ, “ਤਾਇਆ, ਤੂੰ ਵਿਆਹ ਕਿਉਂ ਨਹੀਂ ਕਰਵਾਇਆ?” “ਐਵੇਂ ਘੌਲ ਈ ਹੋ ਗਈ ਭਤੀਜ!” ਲਮਕਵਾਂ ਜਿਹਾ ਤੇ ਨਿਰਾਸ਼ਾ ਭਰਿਆ ਜਵਾਬ ਸੀ ਵੱਤੋਂ ਲੰਘੇ ਤਾਏ ਦਾ।
ਕਈ ਜ਼ਿੰਦਾ ਦਿਲ ਵਿਅਕਤੀ ਭਾਵੇਂ ਲੋਕਾਂ ਭਾਣੇ ਵਿਆਹ ਦਾ ਵੇਲਾ ਵਿਹਾ ਚੁੱਕੇ ਹੋਣ ਪਰ ਫਿਰ ਵੀ ਢੇਰੀ ਨਹੀਂ ਢਾਹੁੰਦੇ ਤੇ ਢੁਕਵੇਂ ਮੌਕੇ ਦੀ ਉਡੀਕ ਵਿੱਚ ਰਹਿੰਦੇ ਹਨ। ਅਜਿਹਾ ਇੱਕ ਤਾਇਆ, ਆਮ ਵਾਂਗ ਹੀ ਭਤੀਜਿਆਂ ਨਾਲ ਰਹਿੰਦਾ ਸੀ। ਸਰਦੀਆਂ ਵਿੱਚ ਕੁੱਝ ਢਿੱਲਾ-ਮੱਠਾ ਜਿਹਾ ਹੋ ਗਿਆ। ਕਿਸੇ ਖ਼ਬਰ ਲੈਣ ਆਏ ਸੰਬੰਧੀ ਨੇ ਤਾਏ ਦੀ ਸਿਆਲੂ ਕਮਜ਼ੋਰੀ ਭਾਂਪ ਕੇ, ਘਰਦਿਆਂ ਨੂੰ ਆਖਿਆ, “ਬੰਤਾ ਸਿੰਘ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਛੁਹਾਰਾ ਉਬਾਲ ਕੇ ਦਿਓ।” ਰਾਤ ਨੂੰ ਭਤੀਜ ਨੂੰਹ ਗੜਵੀ ਵਿੱਚ ਦੁਧ ਤੇ ਕੌਲੀ ਵਿੱਚ ਉਬਲਿਆ ਛੁਹਾਰਾ ਪਾ ਕੇ ਲਿਆਈ ਤੇ ਆਖਿਆ, “ਤਾਇਆ ਉਠ ਛੁਹਾਰਾ ਖਾ ਲੈ।” ਇੱਕ ਦਮ ਉਤਸ਼ਾਹ ਵਿੱਚ ਉਠਦਿਆਂ ਤਾਏ ਨੇ ਪੁੱਛਿਆ, “ਕੇਹੜੇ ਪਿੰਡੋਂ ਆਇਆ ਕੁੜੇ?”
“ਗ੍ਰਿਹ ਸੋਭਾ ਜਾਂਕੈ ਰੇ ਨਾਹਿ॥ ਆਵਤ ਪਹੀਆ ਖੂਧੇ ਜਾਹਿ॥” ਆਖ ਕੇ ਭਗਤ ਕਬੀਰ ਜੀ ਨੇ ਵੀ ‘ਗ੍ਰਿਹ ਸ਼ੋਭਾ’ ਅਰਥਾਤ ਪਤਨੀ ਦੀ ਮਹੱਤਤਾ ਨੂੰ ਮੰਨਿਆ ਹੈ। ਭਗਤ ਧੰਨਾ ਜੀ ਨੇ ਤਾਂ, “ਘਰ ਕੀ ਗੀਹਨਿ ਚੰਗੀ॥ ਜਨ ਧੰਨਾ ਲੇਵੈ ਮੰਗੀ॥” ਆਖ ਕੇ ਆਪਣੇ ਮੂੰਹੋਂ `ਚੰਗੀ ਪਤਨੀ’ ਦੀ ਮੰਗ ਰੱਬ ਕੋਲੋਂ ਕਰ ਲਈ ਸੀ। ਕਿਸੇ ਅਜੋਕੇ ਸਿਆਣੇ ਪੁਰਸ਼ ਨੇ ਵੀ ਆਖਿਆ ਹੈ ਕਿ ਬਿਨਾ ਵਹੁਟੀ ਤੋਂ ਜੀਵਨ ਮਨੁੱਖ ਦਾ ਇਸ ਤਰ੍ਹਾਂ ਦਾ ਹੈ ਜਿਵੇਂ ਦੁਧ ਤੋਂ ਬਿਨਾ ਚਾਹ।
ਚੌਧਰੀ ਹੇਮ ਰਾਜ ਦੀ ਸਾਖੀ :
ਲਾਹੌਰ ਤੋਂ ਦੱਖਣ ਵੱਲ ਰਾਵੀ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਨੱਕਾ ਦੇਸ਼ ਆਖਿਆ ਜਾਂਦਾ ਹੈ। ਇਸਦੇ ਪਰਗਣੇ ਚੂਹਣੀਆਂ ਵਿੱਚ ਇੱਕ ਪਿੰਡ ਬਹਿੜਵਾਲ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਜੰਭਰ ਪਿੰਡ ਤੋਂ ਹੁੰਦੇ ਹੋਏ ਏਥੇ ਦੀ ਜੂਹ ਵਿੱਚ ਆ ਕੇ ਰੁਕੇ ਤੇ ਚੌਧਰੀ ਹੇਮੇ ਤੋਂ ਪਾਣੀ ਮੰਗਿਆ। ਉਸਨੇ ਨਜ਼ਦੀਕੀ ਖੂਹ ਦਾ ਪਾਣੀ ਖਾਰਾ ਜਾਣਕੇ, ਪਿੰਡੋਂ ਪਾਣੀ ਲਿਆਉਣਾ ਚਾਹਿਆ ਤਾਂ ਗੁਰੂ ਜੀ ਨੇ ਖਾਰੇ ਖੂਹ ਵੱਲ, ਮੇਹਰ ਦੀ ਨਜ਼ਰ ਨਾਲ ਤਕ ਕੇ, ਇਸ ਖੂਹ ਵਿਚੋਂ ਹੀ ਪਾਣੀ ਲਿਆਉਣ ਦੀ ਆਗਿਆ ਕੀਤੀ। ਗੁਰੂ ਜੀ ਦੀ ਕਿਰਪਾ ਨਾਲ, ਖਾਰੇ ਤੋਂ ਮਿਠੇ ਹੋਏ ਪਾਣੀ ਸਦਕਾ, ਪਿੰਡ ਵਾਸੀਆਂ ਨੂੰ ਹੈਰਾਨੀ ਭਰੀ ਖ਼ੁਸ਼ੀ ਹੋਈ।
ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਹੇਮੇ ਨੂੰ ਕਿਹਾ ਕਿ ਉਹ ਆਏ ਗਏ ਸਿੱਖ, ਸੰਤ ਤੇ ਸੰਗਤ ਦੀ ਸੇਵਾ ਕਰਿਆ ਕਰੇ। ਚੌਧਰੀ ਹੇਮੇ ਨੇ ਬੇਨਤੀ ਕੀਤੀ ਕਿ ਨਾ ਉਸ ਦੇ ਘਰ ਖੁਲ੍ਹਾ ਪਦਾਰਥ ਹੈ ਤੇ ਨਾ ਹੀ ਘਰ ਵਾਲੀ ਹੈ ਜੋ ਕਿ ਆਏ ਗਏ ਨੂੰ ਪ੍ਰਸ਼ਾਦਾ ਸਜਾ ਕੇ ਛਕਾਵੇ। ਗੁਰੂ ਜੀ ਨੇ ਪਿੰਡ ਦੀ ਇੱਕ ਵਿਧਵਾ ਬੀਬੀ ਨੂੰ ਆਪਣੀ ਬੇਟੀ ਆਖ ਕੇ ਉਸਦਾ ਵਿਆਹ ਚੌਧਰੀ ਹੇਮੇ ਨਾਲ ਕਰਕੇ ਸਿੱਖੀ ਕਮਾਉਣ ਦਾ ਉਪਦੇਸ਼ ਦੇ ਕੇ ਦੁਨਿਆਵੀ ਪਦਾਰਥ ਵੀ ਪ੍ਰਾਪਤ ਹੋਣ ਦਾ ਵਰ ਦਿੱਤਾ। ਇਸ ਪਰਵਾਰ ਉਪਰ ਰੱਬ ਦੀ ਬੜੀ ਕਿਰਪਾ ਹੋਈ। ਚੌਧਰੀ ਹੇਮ ਰਾਜ ਦਾ ਪੁੱਤਰ ਸ. ਹੀਰਾ ਸਿੰਘ, ਨਕੱਈ ਮਿਸਲ ਦਾ ਸਰਦਾਰ ਬਣਿਆ ਤੇ ਇਸ ਨੇ ਬਹਿੜਵਾਲ ਪਿੰਡ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ। ਇਸ ਮਿਸਲ ਦੇ ਮੁਖੀ, ਸ. ਭਗਵਾਨ ਸਿੰਘ ਦੀ ਭੈਣ, ਦਾਤਾਰ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਉਸਦੇ ਵਲੀ ਅਹਿਦ, ਮਹਾਰਾਜਾ ਖੜਕ ਸਿੰਘ ਦੀ ਮਾਤਾ ਬਣੀ।
ਸਿੱਖ ਪੰਥ ਅੰਦਰ ਬ੍ਰਾਹਮਣਵਾਦੀ ਵਿਚਾਰਾਂ ਦੇ ਪ੍ਰਭਾਵ ਸਦਕਾ ਆਏ ਨਿਘਾਰਾਂ ਨੂੰ ਸੁਧਾਰਨ ਦੀ ਪ੍ਰਭਾਵਸ਼ਾਲੀ ਲਹਿਰ ਚਲਾਉਣ ਵਾਲੇ, ਮਹਾਨ ਆਗੂ, ਨਾਮਧਾਰੀ ਪੰਥ ਦੇ ਮੁਖੀ, ਬਾਬਾ ਰਾਮ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਸਪੱਸ਼ਟ ਹਿਦਾਇਤ ਕਰਦਿਆਂ ਲਿਖਿਆ ਸੀ:
ਲੜਕੀ ਨਾ ਕਿਸੇ ਮਾਰਣੀ। ਨਾ ਕਿਸੇ ਵੱਟਾ ਕਰਨਾ। ਨਾ ਲੜਕੀ ਦੇ ਦੰਮ ਲੈਣੇ। ਜੇਹੜਾ ਲੜਕੀ ਮਾਰੇ ਬੇਚੇ, ਵੱਟਾ ਕਰੇ, ਉਸਦੇ ਹੱਥਾਂ ਦਾ, ਘਰ ਦਾ, ਅੰਨ ਪਾਣੀ ਨਹੀਂ ਵਰਤਣਾ। ਉਸਨੂੰ ਸੰਗਤ ਵਿੱਚ ਨਹੀਂ ਵੜਨ ਦੇਣਾ। …. . ਕਿਸੇ ਦਾ ਧੱਕਾ ਕਰਕੇ, ਨਾ ਚੋਰੀ ਕਰਕੇ ਨਾ ਠੱਗੀ ਕਰਕੇ, ਕੱਖ ਆਦਿਕ ਬੀ ਨਹੀਂ ਲੈਣਾ।
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ




.