.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 46)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਮਾਲਾ ਫੇਰਨ ਵਾਲੇ ਬਾਬੇ

ਸ਼ੇਰ ਸਿੰਘ ਸ਼ੇਰ

ਨਵੀਂ ਆਬਾਦੀ, ਅੰਮ੍ਰਿਤਸਰ

੧. ਮਾਲਾ—ਮਹਾਨਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ ਜਿਸ ਨਾਲ ਜਪ ਕੀਤਾ ਜਾਵੇ, ਸਿਮਰਨੀ, ਜਪਨੀ, ਸ਼੍ਰੇਣੀ, ਕਤਾਰ, ਜਪਮਾਲਾ, ਫੁੱਲ ਅਥਵਾ ਰਤਨਾਂ ਦਾ ਹਾਰ ਭਾਵ ਕਿ ਇਹ ਸਾਰੇ ਨਾਮ ਗਿਣਤੀ ਮਿਣਤੀ ਦੇ ਪਾਠ ਕਰਨ ਲਈ ਵਰਤੀ ਜਾਣ ਵਾਲੀ ਮਾਲਾ ਦੇ ਹਨ। ਆਉ ਦੇਖੀਏ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਲਾ ਜਾਂ ਜਪਨੀ ਨੂੰ ਪ੍ਰਵਾਨ ਵੀ ਕਰਦੇ ਹਨ ਕਿ ਨਹੀਂ: _

ਗੁਰੂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨ {: ੮੮੮ ਤੇ ਅੰਕਿਤ ਸ਼ਬਦ ਦੁਆਰਾ ਸਪੱਸ਼ਟ ਸੇਧ ਦਿੰਦੇ ਹਨ ਕਿ ਬ੍ਰਾਹਮਣ ਆਪਣੇ ਜਜਮਾਨਾਂ ਦੇ ਘਰਾਂ ਵਿੱਚ ਅਨੇਕ ਕਰਮਕਾਂਡ ਕਰਦੇ ਹਨ ਮਾਲਾ ਫੇਰਦੇ ਹਨ - ਪਰ ਇਨ੍ਹਾਂ ਕਰਮ ਕਾਂਡਾਂ ਨਾਲ ਕਦੇ ਕੋਈ ਸੰਸਾਰ ਸਾਗਰ ਤੋਂ ਤਰਿਆ ਨਹੀਂ।

ਖਟੁ ਕਰਮਾ ਅਰੁ ਆਸਣੁ ਧੋਤੀ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ॥

ਮਾਲਾ ਫੇਰੈ ਮੰਗੈ ਬਿਭੂਤ॥ ਇਹ ਬਿਧਿ ਕੋਇ ਨ ਤਰਿਓ ਮੀਤ॥

(ਪੰਨਾ ੮੮੮)

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨਾ ਜਾਈ॥

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾ ਖਾਈ॥

ਅੰਤਰਿ ਪੂਜਾ ਪੜਹਿ ਕਤੇਬਾਂ ਸੰਤਜਮੁ ਤੁਰਕਾ ਭਾਈ॥

ਛੋਡੀਲੇ ਪਾਖੰਡਾ॥ ਨਾਮਿ ਲਾਇਐ ਜਾਹਿ ਤਰੰਦਾ॥ (ਪੰਨਾ ੪੭੧)

ਇਸ ਸ਼ਬਦ ਵਿੱਚ ਵੀ ਧੋਤੀ ਟਿੱਕਾ ਆਦਿ ਸਮੇਤ ਜਪਮਾਲੀ ਅਰਥਾਤ ਮਾਲਾ ਨੂੰ ਪਾਖੰਡ ਦੀ ਸੂਚੀ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਪਾਖੰਡ ਨੂੰ ਛੱਡ ਕੇ ਕੇਵਲ ਨਾਮ ਨੂੰ ਹੀ ਮੁਕਤੀ ਦਾ ਸਾਧਨ, ਸਾਬਤ ਕੀਤਾ ਗਿਆ ਹੈ।

ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ॥

ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ॥

ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਵਖਾਨਾ॥

(ਪੰਨਾ ੮੭੬)

ਜਿਹੜੇ ਲੋਕ ਇਹ ਕਹਿੰਦੇ ਹਨ ਕਿ ਅਸੀਂ ਮਾਲਾ ਨਾਲ ਨਾਮ ਹੀ ਜਪਦੇ ਹਾਂ ਉਨ੍ਹਾਂ ਨੂੰ ਇਸ ਸ਼ਬਦ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਗੁਰੂ ਮਹਾਰਾਜ ਜੀ ਮਾਲਾ ਦੇ ਸਹਾਰੇ ਨੂੰ ਇਕਦਮ ਰੱਦ ਕਰਦੇ ਹੋਏ ਸਾਫ ਸ਼ਬਦਾਂ ਵਿੱਚ ਫੈਸਲਾ ਦਿੰਦੇ ਹਨ ਕਿ ਨਾਮ-ਜਪਣ ਲਈ ਕਿਸੇ ਅਜਿਹੇ ਕਰਮ ਕਾਂਡ ਦੀ ਉਕਾ ਹੀ ਲੋੜ ਨਹੀਂ ਹੁੰਦੀ।

ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥

ਹਿਰਦੇ ਰਾਮੁ ਨ ਚੇਤਈ ਇਹ ਜਪਨੀ ਕਿਆ ਹੋਇ॥

(ਪੰਨਾ ੧੩੬੮)

ਇਸ ਸਲੋਕ ਵਿੱਚ ਕਬੀਰ ਸਾਹਿਬ ਜੀ ਗੱਜ ਵੱਜ ਕੇ ਮਾਲਾ ਦੇ ਪਾਖੰਡ ਦਾ ਖੰਡਨ ਕਰਦੇ ਹੋਏ ਆਖ ਰਹੇ ਨਿ ਕਿ ਲੱਕੜ ਦੀ ਮਾਲਾ ਕੀ ਰੋਸ਼ਨੀ ਦਿਖਾ ਸਕਦੀ ਹੈ। ਜਦੋਂ ਹਿਰਦਾ ਹੀ ਪ੍ਰਭੂ ਨਾਲ ਨਾ ਜੁੜਿਆਂ ਤਾਂ ਮਾਲਾ ਦੇ ਪਖੰਡ ਦਾ ਕੀ ਲਾਭ ਹੋ ਸਕਦਾ ਹੈ।

ਮਾਥੇ ਤਿਲਕੁ ਹਥਿ ਮਾਲਾ ਬਾਨਾ

ਲੋਗਨ ਰਾਮੁ ਖਿਲਾਉਨਾ ਜਾਨਾ॥

(ਪੰਨਾ ੧੧੫੮)

ਇਸ ਤੁਕ ਵਿੱਚ ਵੀ ਤਿਲਕ ਅਤੇ ਮਾਲਾ ਨੂੰ ਪੂਰਨ ਤੌਰ ਤੇ ਰੱਦ ਕੀਤਾ ਗਿਆ ਹੈ ਕਿ ਇਹ ਸਭ ਕੁੱਝ ਪ੍ਰਭੂ ਨੂੰ ਮਜ਼ਾਕ ਕਰਨ ਦਾ ਹੀ ਵਸੀਲਾ ਹੈ।

ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀ ਚਾਰਿ॥

ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ॥

(ਪੰਨਾ ੧੩੭੨)

ਇਥੇ ਵੀ ਬਾਬਾ ਕਬੀਰ ਜੀ ਪਖੰਡੀ ਸਾਧ ਬਾਰੇ ਗੱਲ ਕਰਦੇ ਹੋਏ ਫੁਰਮਾ ਰਹੇ ਹਨ ਕਿ ਕੀ ਹੋਇਆ ਜੇਕਰ ਵੈਸ਼ਨੋ ਅਖਵਾ ਲਿਆ ਚਾਰ ਮਾਲਾ ਪਹਿਨ ਲਈਆਂ। ਇਹ ਤਾਂ ਬਾਹਰੋਂ ਬਾਰਾਂ ਵੰਨੀ ਦਾ ਸ਼ੁਧ ਸੋਨਾ ਬਣ ਕੇ ਦਿਖਾਉਣ ਵਾਲੀ ਗੱਲ ਹੈ ਜਦ ਕਿ ਅੰਦਰ ਸੁਆਹ ਅਰਥਾਤ ਔਗੁਣ ਭਰੇ ਪਏ ਹਨ।

ਧੋਤੀ ਉਜਲ ਤਿਲਕੁ ਗਲਿ ਮਾਲਾ॥

ਅੰਤਰਿ ਲ਼ੋਧੁ ਪੜਹਿ ਨਾਟਸਾਲਾ॥

ਨਾਮੁ ਵਿਸਾਰਿ ਮਾਇਆ ਕਦੁ ਪੀਆ॥

ਬਿਨੁ ਗੁਰ ਭਗਤਿ ਨਹੀਂ ਸੁਖੁ ਥੀਆ॥

(ਪੰਨਾ ੮੩੨)

ਇਥੇ ਧੋਤੀ ਤਿਲਕ ਮਾਲਾ ਆਦਿ ਅਡੰਬਰਾਂ ਦੀ ਨਿਖੇਧੀ ਕਰਦੇ ਹੋਏ ਸਮਝਾਇਆ ਗਿਆ ਹੈ ਕਿ ਨਾਮ ਨੂੰ ਛੱਡ ਕੇ ਮਾਇਆ ਦਾ ਨਸ਼ਾ ਪੀ ਕੇ ਸੁਖ ਨਹੀਂ ਸਗੋਂ ਗੁਰੂ ਨਾਲ ਮਨੋ ਜੁੜ ਕੇ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ।

ਮ੍ਰਿਗ ਆਸਣੁ ਤੁਲਸੀ ਮਾਲਾ॥

ਕਰ ਊਜਲ ਤਿਲਕੁ ਕਪਾਲਾ॥

ਰਿਦੈ ਕੂੜੁ ਕੰਠਿ ਰੁਦ੍ਰਾਖੰ॥

ਰੇ ਲੰਪਟ ਕਿਸ਼ਨੁ ਅਭਾਖੰ॥

(ਪੰਨ ੧੩੫੧)

ਭਗਤ ਬੇਣੀ ਜੀ ਇਨ੍ਹਾਂ ਤੁਕਾਂ ਵਿੱਚ ਪਖੰਡੀ ਸਾਧ ਨੂੰ ਸਮਝਾ ਰਹੇ ਹਨ ਕਿ ਤੂੰ ਮਿਰਗ ਦੀ ਖੱਲ ਦਾ ਆਸਣ ਵਿਛਾ ਕੇ ਤੁਲਸੀ ਦੀ ਮਾਲਾ ਫੜਕੇ ਸਾਫ ਹੱਥਾਂ ਨਾਲ ਮੱਖ਼ਥੇ ਤੇ ਤਿਲਕ ਲਗਾਉਣ ਦਾ ਪਾਖੰਡ ਕਰਦਾ ਹੈ। ਤੇਰੇ ਹਿਰਦੇ ਵਿੱਚ ਕੂੜ ਹੈ ਭਾਵ ਤੂੰ ਗਲ ਵਿੱਚ ਰੁਦ੍ਰਾਖ ਦੀ ਮਾਲਾ ਪਾਈ ਫਿਰਦਾ ਹੈ ਪਰ ਹੇ ਠੱਗ ਤੂੰ ਪ੍ਰਮਾਤਮਾ ਨੂੰ ਯਾਦ ਨਹੀਂ ਕਰ ਰਿਹਾ ਸਗੋਂ ਦਿਖਾਵਾ ਹੀ ਕਰ ਰਿਹਾ ਹੈ।

ਤੀਰਥ ਦੇਵ ਦੇਹੁਰਾ ਪੋਥੀ, ਮਾਲਾ ਤਿਲਕੁ ਸੋਚ ਪਾਕ ਹੋਤੀ॥

ਧੋਤੀ ਡੰਡਉਤਿ ਪਰਦਾਸਨ ਭੋਗਾ ਗਵਨੁ ਕਰੈਗੋ ਸਗਲੋ ਲੋਗਾ॥

(ਪੰਨਾ ੨੩੭)

ਅਰਥਾਤ ਤੀਰਥ, ਦੇਵਤਾ, ਦੇਹੁਰਾ, ਧਰਮ ਪੁਸਤਕਾਂ, ਮਾਲਾ, ਤਿਲਕੁ, ਸੂਚੀ ਰਸੋਈ, ਭਵਨ ਆਦਿ ਸਭ ਪਖੰਡ ਹਨ। ਦੂਜੇ ਪਾਸੇ ਨੇਤੀ ਧੋਤੀ ਡੰਡਾਉਤ ਮਹਿਲਾਂ ਦੇ ਭੋਗ ਵਿਲਾਸ ਆਦਿ ਸਭ ਕਿਸਮ ਦੇ ਕਰਮ ਕਰਨ ਵਾਲਾ ਮਨੁੱਖ ਖਾਲੀ ਹੱਥ ਸੰਸਾਰ ਤੋਂ ਕੂਚ ਕਰ ਜਾਂਦਾ ਹੈ।

ਕਾਜੀ ਹਇਕੈ ਬਹੈ ਨਿਆਇ

ਫੇਰੇ ਤਸਬੀ ਕਰੇ ਖੁਦਾਇ॥

ਵਢੀ ਲੈ ਕੈ ਹਕੁ ਗਵਾਇ

ਜੇ ਕੋ ਪੁਛੇ ਤਾਂ ਪੜਿ ਸੁਣਾਇ॥

(ਪੰਨਾ ੯੫੧)

ਇਥੇ ਮੁਸਲਮਾਨ ਭਰਾਵਾਂ ਨੂੰ ਸਮਝਾਇਆ ਗਿਆ ਹੈ ਕਿ ਕਾਜ਼ੀ ਤੇਰੇ ਪਾਸ ਨਿਆਂ ਕਰਨ ਦਾ ਕੰਮ ਹੈ ਤੂੰ ਤਸਬੀ (ਮਾਲਾ) ਫੇਰਨ ਦੇ ਅਤੇ ਖੁਦਾ ਨੂੰ ਯਾਦ ਕਰਨ ਦਾ ਪਾਖੰਡ ਕਰਦਾ ਹੈ ਪਰ ਵੱਢੀ ਲੈਕੇ ਤੂੰ ਗਲਤ ਕੰਮ ਕਰਦਾ ਹੈ ਅਤੇ ਜੇ ਕੋਈ ਇਤਰਾਜ ਕਰੇ ਤਾਂ ਕੁਰਾਨ ਸ਼ਰੀਫ ਦੇ ਮਨਮਰਜ਼ੀ ਦੇ ਅਰਥ ਪੜ੍ਹ ਕੇ ਸੁਣਾ ਦਿੰਦਾ ਹੈ।

ਇੰਨੇ ਗੁਰ ਫੁਰਮਾਨਾਂ ਦੇ ਹੁੰਦੇ ਹੋਏ ਵੀ ਅੱਜ ਹੋ ਕੀ ਰਿਹਾ ਹੈ? ਅੱਜ ਦਾ ਅਖੌਤੀ ਭੇਖੀ ਸੰਤ ਸਮਾਜ ਦਾ ਹਰ ਮੈਂਬਰ ਹੱਥ ਵਿੱਚ ਸਿਮਰਨਾ (ਮਾਲਾ) ਫੜੀ ਦੇਖਿਆ ਜਾ ਸਕਦਾ ਹੈ। ਇਹ ਫੇਰ ਵੀ ਆਪਣੇ ਆਪ ਨੂੰ ਬ੍ਰਹਮਗਿਆਨੀ ਪੂਰਨ ਸੰਤ, ਰਾਜ ਯੋਗੀ, ਬ੍ਰਹਮ ਯੋਗੀ ੧੦੦੮ ਆਦਿ ਡਿਗਰੀਆਂ ਨਾਲ ਸ਼ੁਸ਼ੋਭਿਤ ਕਰ ਰਹੇ ਹਨ। ਬ੍ਰਹਮ ਗਿਆਨ ਵਿੱਚ ਤਾਂ ਸ਼੍ਰਿਸ਼ਟੀ ਦਾ ਕਿਣਕਾ ਕਿਣਕਾ ਆ ਜਾਂਦਾ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਹੁਕਮ ਦਾ ਗਿਆਨ ਕੀ ਸ੍ਰਿਸ਼ਟੀ ਤੋਂ ਕਿਧਰੇ ਬਾਹਰ ਹੈ ਜਿਸਦਾ ਇਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ। ਕੀ ਇਨ੍ਹਾਂ ਨੇ ਦੁਨਿਆਵੀ ਤੌਰ ਤੇ ਵੀ ਜਾਂ ਇਹ ਬ੍ਰਹਮ ਦਾ ਗਿਆਨ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਦੀ ਵੀ ਨਹੀਂ ਕੀਤਾ? ਜਾਂ ਸੰਸਾਰ ਤੇ ਇਨ੍ਹਾਂ ਅਖੌਤੀ ਸਾਧਾਂ ਦੇ ਡੇਰਿਆਂ ਤੇ ਲਗਾਤਾਰ ੧੦-੧੦ ਸਾਲਾਂ ਤੋਂ ਲੜੀਵਾਰ ਪਾਠ ਜਾਂ ਸੰਪਟ ਪਾਠ ਆਦਿ ਨਹੀਂ ਚੱਲ ਰਹੇ? ਕੀ ਉਪਰ ਲਿਖੇ ਹੁਕਮਾਂ ਦੇ ਆਉਣ ਸਮੇਂ ਇਹ ਲੋਕ ਆਪਣੇ ਕੰਨ ਅਤੇ ਅੱਖਾਂ ਬੰਦ ਕਰ ਲੈਂਦੇ ਹਨ (ਅੱਖਾਂ ਅਤੇ ਕੰਨ ਤਾਂ ਸੱਚਮੁੱਚ ਹੀ ਬੰਦ ਕਰ ਲੈਂਦੇ ਹਨ, ਜੇਕਰ ਖੁੱਲ੍ਹੇ ਰੱਖਦੇ ਤਾਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਨਾ ਕਰਦੇ) ਜੇਕਰ ਉਪਰੋਕਤ ਹੁਕਮਾਂ ਦੇ ਪੜ੍ਹਨ, ਸੁਣਨ ਉਪਰੰਤ ਵੀ ਕੋਈ ਮਾਲਾ ਜਾਂ ਸਿਮਰਨੇ ਦੀ ਵਰਤੋਂ ਕਰਦਾ ਹੈ ਤਾਂ ਕੀ ਉਸਨੂੰ ਭੇਖੀ ਨਹੀਂ ਕਿਹਾ ਜਾਵੇਗਾ?

ਮਾਲਾ ਤਾਂ ਅੱਜ ਸਿੱਖ ਧਰਮ ਦਾ ਇੱਕ ਅੰਗ ਹੀ ਬਣਦਾ ਜਾ ਰਿਹਾ ਹੈ ਕਿ ਹੱਥ ਵਿੱਚ ਮਾਲਾ ਫੜ ਕੇ, ਉਸ ਨਾਲ ਗਿਣਤੀ ਦਾ ਨਾਮ ਜਪਣ ਨੂੰ ਹੀ ਸਿੱਖੀ ਸਮਝਿਆ ਜਾ ਰਿਹਾ ਹੈ। ਹਰ ਸਮੇਂ ਇਨ੍ਹਾਂ ਭੇਖੀਆ ਦੇ ਗਲ ਵਿੱਚ ਮਾਲਾ ਰਹਿੰਦੀ ਹੈ। ਇਨ੍ਹਾਂ ਨੂੰ ਦੇਖ ਦੇਖ ਕੇ ਵਪਾਰੀ ਕਿਸਮ ਦੇ ਲੋਕਾਂ ਨੇ ਗੁਰੂ ਸਾਹਿਬਾਨ ਦੀਆਂ ਅਜਿਹੀਆ ਤਸਵੀਰਾਂ ਬਣਾ ਛੱਡੀਆਂ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦੇ ਹੱਥਾਂ ਵਿੱਚ ਹੀ ਨਹੀਂ ਸਗੋਂ ਗਲ ਵਿੱਚ ਅਤੇ ਦਸਤਾਰ ਦੇ ਉਪਰ ਵੀ ਮਾਲਾ ਪਹਿਨੀ ਹੋਈ ਦਿਖਾ ਦਿੱਤੀ ਹੇ ਅਤੇ ਭਰਮ ਹੋਰ ਪੱਕਾ ਹੋਈ ਜਾ ਰਿਹਾ ਹੈ। ਵਪਾਰੀਆਂ ਦਾ ਵੀ ਕੀ ਕਸੂਰ ਹੈ? ਉਨ੍ਹਾਂ ਨੇ ਕਿਹੜਾ ਕਦੇ ਗੁਰਬਾਣੀ ਨੂੰ ਪੜ੍ਹਨਾ ਜਾਂ ਘੋਖਣਾ ਹੈ ਉਨ੍ਹਾਂ ਨੇ ਤਾਂ ਪੈਸਾ ਹੀ ਕਮਾਉਣਾ ਹੈ। ਅੱਜ ਸਿੱਖ ਦੀ ਅਗਿਆਨਤਾ ਵੀ ਇਸ ਹੱਦ ਤੱਕ ਪੁੱਜ ਚੁਕੀ ਹੈ ਕਿ ਅਜਿਹੀਆਂ ਤਸਵੀਰਾਂ ਖਰੀਦ ਕੇ ਆਪਣੇ ਘਰਾਂ ਦੀ ਸਜਾਵਟ ਹੀ ਨਹੀਂ ਬਣਾ ਰਹੇ ਬਲਕਿ ਉਨ੍ਹਾਂ ਦੀ ਪੂਜਾ ਵੀ ਕਰਨੀ ਸ਼ੁਰੂ ਕਰ ਦਿਤੀ ਗਈ ਹੈ। ਕੀ ਪੰਥ ਗੁਰੂ ਦੇ ਹੁਕਮਾਂ ਅਨੁਸਾਰ ਮਾਲਾ ਫੜਨ ਵਾਲਿਆਂ ਨੂੰ ਭੇਖੀ ਕਰਾਰ ਨਹੀਂ ਦੇ ਸਕਦਾ? ਜੇ ਨਹੀਂ ਤਾਂ ਪੰਥ ਵੀ ਗੁਰੂ ਹੁਕਮਾਂ ਤੋਂ ਅਨਜਾਣ ਜਾਂ ਭੇਖੀ ਕਿਹਾ ਜਾ ਸਕਦਾ ਹੈ ਅਤੇ ਬੁਜ਼ਦਿਲ ਹੋ ਚੁੱਕਾ ਹੈ। ਪੰਥ ਨੂੰ ਤਾਂ ਚਾਹੀਦਾ ਹੈ ਕਿ ਜਿਸ ਵੀ ਅਖੌਤੀ ਸਾਧ ਸੰਤ ਨੇ ਕੋਈ ਭੇਖ ਧਾਰਿਆ ਹੋਵੇ ਉਸਨੂੰ ਭੇਖੀ ਅਤੇ ਗੁਰਮਤਿ ਤੋਂ ਉਕਾ ਹੀ ਅਨਜਾਣ ਸਮਝ ਕੇ ਦੁਰਕਾਰ ਦੇਣਾ ਚਾਹੀਦਾ ਹੈ ਅਤੇ ਮੂੰਹ ਨਹੀ ਲਾਉਣਾ ਚਾਹੀਦਾ ਪ੍ਰੰਤੂ ਇਨ੍ਹਾਂ ਦੇ ਚੇਲੇ ਇਨ੍ਹੇ ਵਿੱਚ ਹੀ ਖੁਸ਼ ਹੋਈ ਫਿਰਦੇ ਹਨ ਕਿ ਬਾਬਾ ਜੀ ਹੱਥ ਵਿੱਚ ਸਿਮਰਨਾ ਫੜ ਕੇ ਚਿੱਟੇ ਕਪੜੇ ਪਹਿਨ ਕੇ ਬਗਲੇ ਵਾਂਙ ਸਾਡੀ ਅਗਿਆਨੀ ਮੱਛੀਆਂ ਦੀ ਉਡੀਕ ਕਰ ਰਹੇ ਹੁੰਦੇ ਹਨ।

ਬਾਬਾ ਰਾਮ ਸਿੰਘ ਜੀ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੀ ਵੀ ਆਪਣੇ ਆਪ ਨੂੰ ਗੁਰੂ ਨਹੀਂ ਅਖਵਾਇਆ ਸੀ ਅਤੇ ਨਾ ਹੀ ਅੱਜ ਵਰਗਾ ਮਾਲਾ ਦਾ ਭੇਖ ਹੀ ਕੀਤਾ ਸੀ। (ਨਾਮ ਧਾਰੀਆਂ ਵਲੋਂ ਪੰਜ ਕਕਾਰ ਨੂੰ ਤਿਲਾਂਜਲੀ ਦੇ ਕੇ ਸਿਰਫ ਮਾਲਾ ਨੂੰ ਗ੍ਰਹਿਣ ਕਰਨਾ ਹੀ ਪ੍ਰਭੂ ਪ੍ਰਾਪਤੀ ਸਮਝਿਆ ਜਾ ਰਿਹਾ ਹੈ) ਉਹ ਤਾਂ ਪੰਜ ਕਕਾਰ ਧਾਰੀ ਪੱਕੇ ਗੁਰਸਿੱਖ ਸਨ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ੩੦੦ ਸਾਲਾ ਖਾਲਸਾ ਸਾਜਨਾ ਦਿਵਸ ਤੇ ਬਾਬਾ ਰਾਮ ਸਿੰਘ ਜੀ ਦੇ ਅਖੌਤੀ ਪੈਰੋਕਾਰਾਂ ਨੂੰ ਸ੍ਰੀ ਕੇਸ ਗੜ੍ਹ ਸਾਹਿਬ ਵਿਖੇ ਬੁਲਾ ਕੇ ਸਿਰੋਪਾਓ ਦਿੱਤਾ। ਇੱਕ ਹੋਰ ਕੰਮ ਜਿਹੜਾ ਕਾਂਗਰਸ ਸਰਕਾਰ ਨੇ ਵੀ ਨਹੀਂ ਸੀ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ "ਸਤਿਗੁਰੂ" ਰਾਮ ਸਿੰਘ ਚੇਅਰ ਅਕਾਲੀ ਸਰਕਾਰ ਨੇ ਸਥਾਪਤ ਕੀਤੀ।

ਨਾਮਧਾਰੀ ਤਾਂ ਜੋ ਕਿ ਅੰਮ੍ਰਿਤ ਛਕਣ ਨੂੰ ਸਿੱਖ ਧਰਮ ਦਾ ਅੰਗ ਹੀ ਨਹੀਂ ਸਮਝਦੇ ਸਗੋਂ ਸਿਰਫ ਮਾਲਾ ਫੇਰਨ ਨੂੰ ਹੀ ਆਪਣੀ ਸਿੱਖੀ ਸਮਝ ਰਹੇ ਹਨ। ਸਾਡੇ ਐਸ. ਜੀ ਪੀ. ਸੀ. ਦੇ ਸੇਵਾਦਾਰਾਂ ਦੀ ਅਗਿਆਨਤਾ ਦੇ ਕਾਰਣ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਅੰਦਰ ਜਾ ਕੇ ਮਾਲਾ ਵੰਡਣ ਦੀ ਜੁਰਅਤ ਕਰਦੇ ਹੋਏ ਦੇਖੇ ਜਾ ਸਕਦੇ ਹਨ।

ਆਓ ਫੇਰ ਗੁਰੂ ਦੇ ਹੁਕਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਬਾਬਾ ਨਾਨਕ ਨੇ ਕਿਸ ਤਰ੍ਹਾਂ ਦੀ ਮਾਲਾ ਨੂੰ ਪ੍ਰਵਾਨ ਕੀਤਾ ਹੈ।

ਹਰਿ ਹਰਿ ਅਖਰ ਦੁਇ ਇਹ ਮਾਲਾ॥

ਜਪਤ ਜਪਤ ਭਏ ਦੀਨ ਦਇਆਲਾ॥॥

ਕਰਉ ਬੇਨਤੀ ਸਤਿਗੁਰ ਅਪਨੀ॥

ਕਰਿ ਕਿਰਪਾ ਰਾਖਹੁ ਸਰਣਾਈ

ਮੋ ਕਉ ਦੇਹੁ ਹਰੇ ਹਰਿ ਜਪਨੀ॥ ਰਹਾਉ॥

ਹਰਿਮਾਲਾ ਉਰ ਅੰਤਰ ਧਾਰੈ॥

ਜਨਮ ਮਰਣ ਕਾ ਦੂਖੁ ਨਿਵਾਰੈ॥॥

ਹਿਰਦੇ ਸਮਾਲੈ ਮੁਖਿ ਹਰਿ ਹਰਿ ਬੋਲੈ॥

ਸੋ ਜਨੁ ਇਤ ਉਤ ਕਤਹਿ ਨ ਡੋਲੈ॥॥

ਕਹੁ ਨਾਨਕ ਜੋ ਰਾਚੈ ਨਾਇ॥

ਹਰਿ ਮਾਲਾ ਤਾ ਕੈ ਸੰਗਿ ਜਾਇ॥

(ਪੰਨਾ ੩੮੮)

ਭਾਵ ਹੇ ਸਤਿਗੁਰੂ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਮੈਨੂੰ ਹਰਿ ਨਾਮ ਰੂਪੀ ਮਾਲਾ ਦਿਉ। ਰਹਾਉ। ਹੇ ਭਾਈ! ਮੇਰੇ ਪਾਸ ਤਾਂ ਹਰਿ ਹਰਿ ਇਹ ਦੋ ਲਫਜ਼ਾਂ ਦੀ ਹੀ ਮਾਲਾ ਹੈ। ਇਸ ਹਰਿ ਦੀ ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਵੀ ਪ੍ਰਭੂ ਦਇਆਵਾਨ ਹੁੰਦੇ ਹਨ।




.