.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 45)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਹਰਦੇਵ ਸਿੰਘ ਲੂਲੋਂ ਵਲੋਂ ਬਖੇਰੇ ਕੁੱਝ ਜੂਠੇ ਮੋਤੀ

੧. ਅਖੰਡ ਪਾਠ ਸਮੇਂ ਨਾਰੀਅਲ ਰੱਖਣ ਵਿੱਚ ਕੀ ਮਾੜੀ ਗੱਲ ਹੈ? ਨਾਰੀਅਲ ਬ੍ਰਾਹਮਣ ਨੂੰ ਦੇ ਦਿਉ, ਅੰਬ ਬਾਣੀਆਂ ਨੂੰ ਦੇ ਦਿਉ, ਖਜੂਰਾਂ ਮੁਸਲਮਾਨਾਂ ਨੇ ਲਈਆਂ ਹੋਈਐਂ। ਤੁਸੀਂ ਸਿੱਖ ਟੱਲੀਆਂ ਵਜਾਉਂਦੇ ਫਿਰਿਉ।
੨. ਇੱਕ ਹੋਰ ਢਕੌਂਸ ਰਚਿਐ। ਕਹਿੰਦੇ ਅਸੀਂ ਬ੍ਰਾਹਮਣਾਂ ਤੇ ਜੁਦੀ (ਵੱਖਰੀ) ਜੰਤਰੀ (ਨਾਨਕਸ਼ਾਹੀ) ਬਨਾਉਣੀ ਹੈ। ਕਰੋੜਾਂ ਰੁਪਏ ਬਦੇਸ਼ੀਆਂ ਤੋਂ ਲੈ ਕੇ ਸਿੱਖਾਂ ਵਿੱਚ ਫੁੱਟ ਪਾਉਣ ਦੀ ਗੱਲ ਹੈ, ਜੰਤਰੀ ਦੀ ਨਹੀਂ।
੩. ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ, ਪਹਿਲੇ ਗੁਰੂ ਹਰਦੁਆਰ ਜਾ ਕੇ ਮਨਾਉਂਦੇ ਰਹੇ ਤੇ ਭੰਡਾਰਾ ਕਰਦੇ ਰਹੇ। ਹੁਣ ਤਕ ਹਰਿ ਕੀ ਪੌੜੀ ਤੇ ਯਾਦ ਬਣੀ ਹੋਈ ਹੈ।
੪. ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਮਿਲਦੀ। ਗੁਰੂ ਜੀ ਦੀ ਬਹੁਤ ਸਾਰੀ ਬਾਣੀ (ਗੁਰੂ ਗ੍ਰੰਥ ਸਾਹਿਬ ਤੋਂ) ਬਾਹਰ ਹੈ। ਉਸ ਪੋਥੀ ਦਾ ਨਾਂ ‘ਗੋਹਜ ਗ੍ਰੰਥ’ ਹੈ ਤੇ ਇਸ ਦੇ ਹਰ ਇੱਕ ਨੂੰ ਦਰਸ਼ਨ ਨਹੀਂ ਕਰਾਏ ਜਾਂਦੇ।
੫. ਸਿੱਖ ਦਸਮੇਸ਼ ਪਿਤਾ ਦੇ ਚਰਨਾਂ ਤੇ ਮੱਥਾ ਟੇਕਣ ਤਾਂ ਮੱਥਾ ਧਰਤੀ ਤੇ ਜਾ ਲੱਗੇ। ਵਿਚਕਾਰੋਂ ਗੁਰੂ ਦੇ ਚਰਨ ਹੀ ਅਲੋਪ ਹੋ ਜਾਂਦੇ ਸਨ।
੬.’ਪ੍ਰਗਟ ਗੁਰਾਂ ਕੀ ਦੇਹ’ ਦਾ ਅਰਥ ਦੱਸ ਗੁਰੂਆਂ ਦੇ ਦਰਸ਼ਨ ਹਨ। ਜੇ ਇੱਕ ਗੁਰੂ ਦੇ ਦਰਸ਼ਨ ਮਤਲਬ ਹੁੰਦਾ ਤਾਂ ‘ਗੁਰਾਂ’ ਸ਼ਬਦ ਨਾ ਲਿਖਿਆ ਹੁੰਦਾ।
ਕੀ ਇਹ ਸਾਧ (ਸੰਤ) ਗੁਰਮਤਿ ਉਤੇ ਇਸੇ ਤਰ੍ਹਾਂ ਹਮਲੇ ਕਰਦੇ ਰਹਿਣਗੇ ਜਿਸ ਤਰ੍ਹਾਂ ਕਾਫ਼ੀ ਸਮੇਂ ਤੋਂ ਲੈ ਕੇ ਅੱਜ ਤਕ ਕਰਦੇ ਆ ਰਹੇ ਹਨ? ਸੰਤਾਂ ਦੇ ਦਿਵਾਨਾਂ ਵਿੱਚ ਕੱਚੀਆਂ ਧਾਰਣਾਂ, ਮਨਘੜਤ ਸਾਖੀਆਂ ਦਾ ਹੀ ਬੋਲਬਾਲਾ ਹੁੰਦਾ ਹੈ ਜਿਨ੍ਹਾਂ ਦਾ ਬਖਾਨ ਕਰ ਕੇ ਭੋਲੀ-ਭਾਲੀ ਜਨਤਾ ਨੂੰ ਗੁਰਮਤਿ ਤੋਂ ਬਹੁਤ ਦੂਰ ਲਿਜਾ ਰਹੇ ਹਨ ਅਤੇ ਪੰਥਕ ਮਰਯਾਦਾ ਦੇ ਵੀ ਉਲਟ ਬੋਲਦੇ ਹਨ। ਮੈਂ ਸੰਤ ਹਰਦੇਵ ਸਿੰਘ ਲੂਲੋ ਵਾਲੇ, ਜੋ ਸ਼੍ਰੋ: ਗੁਰ: ਪ੍ਰ: ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਹਨ, ਦੇ ਇੱਕ ਦਿਵਾਨ ਦੀ ਕੈਸਿਟ ਸੁਣੀ ਜੋ ਹੇਠਾਂ ਹੂਬਹੂ ਪੇਸ਼ ਕਰ ਰਿਹਾ ਹਾਂ:
ਸੰਤ ਜੀ ਇਸ ਕੈਸਟ ਵਿੱਚ ਕਹਿੰਦੇ ਹਨ:
“ਅਸੀਂ ਅਖੰਡ ਪਾਠ ਰੱਖਿਆ ਅਮਰੀਕਾ `ਚ। ਉਥੇ ਸਾਨੂੰ ਇੱਕ ਗਿਆਨਾ ਸੂੰ ਮਿਲਿਆ। ਕਹਿੰਦਾ ‘ਬਾਬਾ ਜੀ ਐਹ ਨਾਰੀਅਲ ਕਿਉਂ ਰਖਿਆ ਹੈ? ‘ਮੈਂ ਸਮਝ ਗਿਆ ਬਈ ਗਿਆਨਾ ਸੂੰ ਐ। ਗਿਆਨਾ ਸੂੰ ਉਹ ਹੁੰਦਾ ਹੈ ਜਿਹੜਾ ਪੜ੍ਹਿਆ ਨਾ ਹੋਵੇ, ਐਵੀਂ ਗਿਆਨ ਦੀ ਡਾਂਗ ਚੱਕੀ ਫਿਰਦਾ ਹੋਵੇ। ਮੈਂ ਕਿਹਾ, ‘ਭਾਈ ਸਾਡੇ ਕੋਲ ਤਾਂ ਪਰਸੋਂ ਦਾ ਪਿਆ ਹੈ, ਤੈਨੂੰ ਕੀ ਕਹਿ ਤਾ ਇਹਨੇ? ਤੈਨੂੰ ਕੀ ਤਕਲੀਫ ਹੋਈ? ‘ਉਹ ਕਹਿੰਦਾ, ‘ਤਕਲੀਫ ਨਹੀਂ ਬਾਬਾ ਜੀ, ਨਾਰੀਅਲ ਤਾਂ ਬ੍ਰਾਹਮਣਾਂ ਦਾ ਹੁੰਦਾ ਹੈ। ‘ਮੈਂ ਕਿਹਾ ਆਜਾ ਮੈਨੂੰ ਸਮਝਾਦੇ, ਮੈਂ ਵੀ ਮੰਨ ਜੂੰਗਾ। ਮੈਂ ਕਿਹਾ, ‘ਨਾਰੀਅਲ ਕਿਥੇ ਪੈਦਾ ਹੁੰਦਾ ਹੈ? ‘ਕਹਿੰਦਾ, ਦਰੱਖਤ ਨੂੰ ਲਗਦਾ ਹੈ। ‘ਮੈਂ ਕਿਹਾ ਨਾਰੀਅਲ ਬ੍ਰਾਹਮਣਾਂ ਦੇ ਗਿੱਟਿਆਂ ਨੂੰ ਤਾਂ ਨਹੀਂ ਲੱਗਦੇ? ਦੇਖੋ ਜੀ ਵਹਿਮ ਪਾਇਐ। ਕਹਿੰਦੇ ਨਾਰੀਅਲ ਬ੍ਰਾਹਮਣਾਂ ਦਾ ਹੈ। ਨਾਰੀਅਲ ਬ੍ਰਾਹਮਣਾਂ ਨੂੰ ਦੇ ਦਿਉ, ਅਮਰੂਦ ਖੱਤਰੀਆਂ ਨੂੰ ਦੇ ਦਿਉ, ਖਜੂਰਾਂ ਮੁਸਲਮਾਨਾਂ ਨੇ ਲਈਆ ਹੋਈਆਂ ਐ। ਤੁਸੀਂ ਸਿੱਖੋ ਟੱਲੀਆਂ ਵਜਾਉਂਦੇ ਫਿਰਿਉ। ਮੁੰਬਈ ਜਾਉ, ਕਲਕੱਤੇ ਜਾਉ, ਉਹ ਤੁਹਾਨੂੰ ਕੈਂਪਾਂ ਕੋਲਾ ਨਹੀਂ ਪਿਲਾਉਂਦੇ, ਉਹ ਨਾਰੀਅਲ ਭੰਨ ਕੇ ਪਿਲਾਉਂਦੇ ਐ। ਜਿਸ ਸਿੱਖ ਨੇ ਉਥੇ ਜਾ ਕੇ ਚਾਰ-ਪੰਜ ਗਲਾਸ ਪੀ ਲਏ, ਉਸ ਨੂੰ ਚਿੱਠੀ ਲਿਖ ਕੇ ਪਾ ਦਿਉ ਕਿ ‘ਤੂੰ ਹੁਣ ਬ੍ਰਾਹਮਣ ਹੈਂ, ਪੰਜਾਬ `ਚ ਨਾ ਆਈਂ … …. . ।’
ਅੱਗੇ ਫਿਰ ਇਹ ਸੰਤ ਇਉਂ ਬੋਲਦਾ ਹੈ:
‘ਇਕ ਹੋਰ ਢੌਂਗ ਰਚਿਐ। ਕਹਿੰਦੇ ਅਸੀਂ ਬ੍ਰਾਹਮਣਾਂ ਤੇ ਜੁਦੀ (ਵੱਖਰੀ) ਜੰਤਰੀ ਬਣਾਉਂਦੀ ਹੈ। ਕਹਿੰਦੇ ਚੰਦਰਮਾ ਦੀ ਥਿਤ ਬ੍ਰਾਹਮਣ ਬਣਾਉਨਦੈ। ਇਹ ਤਾਂ ਸਾਰੇ ਸੰਸਾਰ ਵਾਸਤੇ ਹੀ ਸਾਂਝਾ ਹੈ। ਇਹ ਤਾਂ ਅਮਰੀਕਾ ਵਿੱਚ ਵੀ ਦਿਸਦੈ ਤੇ ਅਰਬ ਕੰਟਰੀ ਵਿੱਚ ਵੀ ਦਿਸਦਾ ਹੈ, ਜਿੱਥੇ ਬ੍ਰਾਹਮਣ ਦਾ ਨਾਉਂਵੀ ਨਹੀਂ ਹੈ। ਇਹ ਤਾਂ ਮੱਕੇ `ਚ ਵੀ ਦਿਸਦੈ ਤੇ ਹਰਿਮੰਦਰ ਸਾਹਿਬ ਨੂੰ ਵੀ ਰੌਸ਼ਨੀ ਕਰ ਰਿਹਾ ਹੈ। ਅਖੈ ਚੰਦਰਮਾ ਦੀਆਂ ਥਿੱਤਾਂ ਬ੍ਰਾਹਮਣਾਂ ਦੀਐਂ। ਲਉ ਕੀਹਨੇ ਬਣਾਇਆ ਚੰਦਰਮਾ? ਵਾਹਿਗੁਰੂ ਨੇ ਬਣਾਇਐ। ਬ੍ਰਾਹਮਣ ਇਹਦੇ ਕਿਥੋਂ ਠੇਕੇਦਾਰ ਬਣ ਗਏ ਬਈ? ਸਾਨੂੰ ਨਹੀਂ ਪਤਾ ਕਿ ਸਾਡੇ ਸਤਿਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸ੍ਰੀ ਗੁਰੂ ਅੰਗਦਦੇਵ ਜੀ ਮਨਾਉਂਦੇ ਰਹੇ? ਜੋਤੀ ਜੋਤ ਗੁਰੂ ਨਾਨਕ ਦੇਵ ਜੀ ਦਾ, ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਹਰਦੁਆਰ ਜਾ ਕੇ ਭੰਡਾਰਾ ਕਰਦੇ ਰਹੇ ਹਨ। ਹੁਣ ਤਕ ਹਰਿ ਕੀ ਪੌੜੀ ਤੇ ਯਾਦ ਬਣੀ ਹੋਈ ਹੈ ਤੇ ਦਸਵੇਂ ਪਾਤਸ਼ਾਹ ਤਕ ਨੌਂ ਪਾਤਸ਼ਾਹਾਂ ਦੇ ਗੁਰਪੁਰਬ ਨੌਏ ਗੁਰੂ ਮਨਾਉਂਦੇ ਰਹੇ ਹਨ ਜਾਂ ਕਿ ਉਹਨਾਂ ਨੇ ਮਨਾਏ ਨੇ? ਦਸਮ ਪਾਤਸ਼ਾਹ ਤੋਂ ਬਾਅਦ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਸ਼ਹੀਦ ਜਿਹੜੇ ਗੁਰੂ ਸਾਹਿਬ ਦੇ ਕੋਲ ਰਹਿ ਕੇ ਪੜ੍ਹੈ, ਕੀ ਉਹਨਾਂ ਨੂੰ ਪਤਾ ਹੀ ਨਹੀਂ ਲਗਿਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ? ਕੀ ਉਹਨਾਂ ਨੂੰ ਦਸਮ ਪਾਤਸ਼ਾਹ ਦੇ ਅਵਤਾਰ ਦਾ ਪਤਾ ਹੀ ਨੀ ਲਗਿਆ? ਨਾ ਭਾਈ ਸੰਤੋਖ ਸਿੰਘ ਜੀ ਨੂੰ ਪਤਾ ਲਗਿਆ? ਇਹ ਜੰਤਰੀ ਦੀ ਗੱਲ ਨਹੀਂ, ਕਰੋੜਾਂ ਅਰਬਾਂ ਰੁਪਈਏ ਬਦੇਸੀਆਂ ਤੋਂ ਲੈ ਕੇ ਸਿੱਖਾਂ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਹਨ।




.