.

ਦ੍ਰਿਸ਼ਟੀਕੋਣ

ਰਸਮਾਂ ਰਿਵਾਜ, ਵਹਿਮ-ਭਰਮ ਬਨਾਮ ਅੰਧ ਵਿਸ਼ਵਾਸ਼

ਪੁਰਾਤਨ ਸਮੇਂ ਅਤੇ ਹੁਣ ਦੀ ਜਿੰਦਗੀ ਵਿੱਚ ਕਿੰਨ੍ਹੀਂ ਤਬਦੀਲੀ ਆ ਗਈ ਹੈ ਪਰ ਅਫਸੋਸ ਵਿਗਿਆਨ ਦੇ ਐਂਨੀ ਤਰੱਕੀ ਕਰ ਜਾਣ ਦੇ ਬਾਵਜੂਦ ਲੋਕਾਂ ਆਪਣੀ ਮਰਜ਼ੀ ਅਨੁਸਾਰ ਜਾਂ ਅਖੌਤੀ ਸਾਧਾਂ-ਸੰਤਾਂ ਦੇ ਪਾਏ ਭੁਲੇਖਿਆਂ ਨਾਲ ਪੁਰਾਣੀਆਂ ਰਸਮਾਂ ਰਿਵਾਜਾਂ ਨੂੰ ਵਹਿਮਾਂ-ਭਰਮਾਂ ਵਿੱਚ ਬਦਲ ਲਿਆ ਹੈ। ਪਹਿਲਾਂ ਕਿਸੇ ਸਮੇਂ ਜਿੰਨ੍ਹਾਂ ਗੱਲਾਂ ਦੀ ਲੋੜ ਸੀ ਉਨਾਂ ਗੱਲਾਂ ਅੱਜ ਅੰਧ-ਵਿਸ਼ਵਾਸ਼ ਦਾ ਰੂਪ ਧਾਰਨ ਕਰ ਲਿਆ ਹੈ। ਜਦਕਿ ਅੱਜ ਉਨਾ ਗੱਲਾਂ ਦੀ ਕੋਈ ਸਾਰਥਿਕਤਾ ਨਹੀਂ ਰਹੀ ਪਰ ਫਿਰ ਵੀ ਆਮ ਲੋਕ ਉਨਾ ਨੂੰ ਵਹਿਮਾਂ-ਭਰਮਾਂ ਨਾਲ ਜੋੜ ਕੇ ਅਪਣਾ ਰਹੇ ਹਨ ਜੋ ਕਿ ਮਾੜਾ ਰੁਝਾਨ ਹੈ। ਕਰਮਕਾਂਡ ਜਿਵੇਂ ਕਿ ਟੂਣੇ ਕਰਨੇ, ਵਿਆਹਾਂ, ਮਰਨਿਆਂ ਤੇ ਕੀਤੀਆਂ ਜਾ ਰਹੀਆਂ ਫਜ਼ੂਲ ਰਸਮਾਂ, ਸੂਰਜ, ਚੰਦਰਮਾਂ, ਕੰਜ਼ਕਾਂ ਦੀ ਪੂਜਾ, ਪਸ਼ੂਆਂ-ਪੰਛੀਆਂ ਸਬੰਧੀ ਵਹਿਮ, ਬਿਲੀ ਦਾ ਰਸਤਾ ਕੱਟਨਾਂ, ਜੋਤਿਸ਼, ਭਵਿੱਖ-ਵਾਣੀਆਂ, ਸੰਗਰਾਂਦ, ਪੂਰਨਮਾਸ਼ੀ, ਮੱਸਿਆ, ਸਰਾਧ, ਵਰਤ, ਭਰੂਣ ਹੱਤਿਆ ਆਦਿ। ਟੀ ਵੀ ਚੈਨਲਾਂ `ਤੇ ਰੋਜਾਨਾ ਦਿਖਾਇਆ ਜਾ ਰਿਹਾ ਜੋਤਿਸ਼ ਅਤੇ ਕੀਤੀਆਂ ਜਾਂਦੀਆਂ ਭਵਿੱਖ-ਬਾਣੀਆਂ ਲੋਕਾਂ ਦੀ ਮਾਨਸਿਕਤਾ ਬੀਮਾਰ ਕਰ ਰਹੀਆਂ ਹਨ ਪਰ ਲੋਕਾਂ ਨੂੰ ਗੁਮਰਾਹ ਕਰਕੇ ਉਨਾ ਦੀ ਆਰਥਿਕ, ਮਾਨਸਿਕ ਤੇ ਸਰੀਰਕ ਲੁੱਟ ਕਰਨ ਵਾਲੇ ਤਾਂਤਰਿਕਾਂ ਖਿਲਾਫ ਕੋਈ ਕਾਨੂੰਨ ਨਹੀਂ। ਜਦੋਂ ਕਿ ਕਾਨੂੰਨਣ ਇਹਨਾਂ ਲੋਕਾਂ ਵਿਰੁੱਧ ਧਾਰਾ 420 ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਦੂਜੇ ਪਾਸੇ ਗੁਰਬਾਣੀ ਇਹਨਾਂ ਸਭ ਗੱਲਾਂ ਦਾ ਖੰਡਨ ਕਰਦੀ ਹੈ। ਪੁਰਾਤਨ ਸਮੇਂ ਅਤੇ ਹੁਣ ਆਧੁਨਿਕ ਸਮੇਂ ਵਿੱਚ ਆਈ ਤਬਦੀਲੀ ਕਾਰਣ ਚਾਹੀਦਾ ਤਾਂ ਇਹ ਸੀ ਕਿ ਲੋਕ ਉਨਾ ਪੁਰਾਤਨ ਗੱਲਾਂ ਨੂੰ ਭੁਲਾ ਦਿੰਦੇ ਪਰ ਅਫਸੋਸ! ਅਸੀਂ ਉਨ੍ਹਾਂ ਫਜ਼ੂਲ ਗੱਲਾਂ ਨੂੰ ਹਰ ਖਾਸ ਮੋਕੇ `ਤੇ ਵਹਿਮਾਂ-ਭਰਮਾਂ ਕਾਰਣ ਜਰੂਰੀ ਰਸਮ ਬਣਾ ਲਿਆ। ਇਸ ਦੀ ਆੜ ਵਿੱਚ ਕੁੱਝ ਸ਼ਾਤਰ ਦਿਮਾਗ ਲੋਕ ਭੋਲੇ-ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿੱਚ ਫਸਾ ਕੇ ਉਨ੍ਹਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ।

ਪੁਰਾਣੇ ਸਮਝਦਾਰ ਬਜ਼ੁਰਗਾਂ ਅਨੁਸਾਰ ਪਹਿਲਾਂ ਖੁਸ਼ੀਆਂ-ਗਮੀਆਂ ਜਾਂ ਹੋਰ ਮੌਕਿਆਂ `ਤੇ ਕੀਤੀਆਂ ਜਾਂਦੀਆਂ ਫਜ਼ੂਲ ਰਸਮਾਂ ਦੀ ਉਸ ਸਮੇਂ ਕਿਸੇ ਨਾ ਕਿਸੇ ਰੂਪ ਵਿੱਚ ਜਰੂਰਤ ਹੁੰਦੀ ਸੀ ਅਤੇ ਉਸ ਸਮੇਂ ਲੋਕ ਅੰਧ ਵਿਸ਼ਵਾਸ਼ ਦੀ ਬਜਾਏ ਰਸਮਾਂ ਕਾਰਣ ਇੱਕ ਤਰ੍ਹਾਂ ਸਿਆਣੇ ਲੋਕਾਂ ਦੀ ਸੇਵਾ ਕਰਨ `ਚ ਖੁਸ਼ੀ ਮਹਿਸੂਸ ਕਰਦੇ ਸਨ। ਵਰਤਮਾਨ ਵਿੱਚ ਕੀਤੇ ਜਾ ਰਹੇ ਕਰਮਕਾਂਡ ਜਿਵੇਂ ਕਿ ਟੂਣਾ ਕਰਨਾਂ, ਵਿਆਹ-ਸ਼ਾਦੀਆਂ, ਮਰਨਿਆਂ ਆਦਿ ਬਾਰੇ ਤਰਕਸ਼ੀਲ, ਬਿਬੇਕਸ਼ੀਲ ਅਤੇ ਵਿਗਿਆਨੀਆਂ ਦਾ ਸ਼ਪੱਸ਼ਟ ਕਹਿਣਾ ਹੈ ਕਿ ਤਾਂਤਰਿਕ ਲੋਕਾਂ ਵੱਲੋਂ ਆਪਣੀਆਂ ਅਗਲੀਆਂ ਪੀੜੀਆਂ ਲਈ ਮਾਇਆ ਇਕੱਠੀ ਕਰਨ ਅਤੇ ਆਪਣੇ ਲਈ ਹਲਵੇ-ਮਾਂਡੇ ਦਾ ਪ੍ਰਬੰਧ ਹਰ ਵਕਤ ਕਰੀ ਰੱਖਣ ਤੋਂ ਇਲਾਵਾ ਜਾਗਰੂਕ ਲੋਕਾਂ ਲਈ ਇਸ ਦੀ ਕੋਈ ਖਾਸ ਮਹੱਤਤਾ ਨਹੀਂ। ਸੂਰਜ, ਚੰਦਰਮਾਂ, ਦਰੱਖਤਾਂ ਅਤੇ ਕੰਜ਼ਕਾਂ ਦੀ ਪੂਜਾ ਬਾਰੇ ਸਿਆਣੇ ਲੋਕਾਂ ਦੀ ਰਾਏ ਹੈ ਕਿ ਪੁਰਾਣੇ ਸਮੇਂ ਦੇ ਲੋਕ ਉਨਾਂ ਚੀਜਾਂ ਦੀ ਪੂਜਾ ਕਰਦੇ ਸਨ ਜਿੰਨ੍ਹਾਂ ਤੋਂ ਉਹਨਾਂ ਨੂੰ ਕੁੱਝ ਨਾ ਕੁੱਝ ਮਿਲਦਾ ਸੀ। ਆਮ ਲੋਕਾਂ ਨੂੰ ਇਹ ਡਰ ਲੱਗਾ ਰਹਿੰਦਾ ਸੀ ਕਿ ਜੇਕਰ ਉਕਤ ਵਸਤੂਆਂ ਦੀ ਅਸੀਂ ਪੂਜਾ ਨਹੀਂ ਕਰਾਂਗੇ ਤਾਂ ਕਿਤੇ ਇਹ ਸਾਨੂੰ ਛੱਡ ਨਾ ਜਾਣ। ਲੋਕਾਂ ਨੂੰ ਭਰਮ ਸੀ ਕਿ ਕਿਤੇ ਸੂਰਜ ਤੇ ਚੰਦਰਮਾਂ ਨਾਰਾਜ਼ ਹੋ ਕੇ ਰੋਸ਼ਨੀਂ ਦੇਣ ਤੋਂ ਇਨਕਾਰ ਹੀ ਨਾ ਕਰ ਦੇਣ। ਪਿੱਪਲ, ਬੋਹੜ ਅਤੇ ਨਿੰਮ ਤਿੰਨ ਦਰੱਖਤ ਆਮ ਦਰੱਖਤਾਂ ਨਾਲੋਂ ਜਿਆਦਾ ਆਕਸੀਜਨ ਦੇਣ ਦੀ ਸਮਰੱਥਾ ਰੱਖਦੇ ਹਨ, ਇਸ ਲਈ ਇਹਨਾਂ ਨੂੰ ਤ੍ਰਿਵੈਣੀ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਕਿਹਾ ਜਾਦਾਂ ਹੈ ਕਿ ਪੁਰਾਣੇ ਸਮੇਂ `ਚ ਦਰੱਖਤਾਂ ਸਬੰਧੀ ਬਹੁਤ ਜਿਆਦਾ ਜਾਣਕਾਰੀ ਰੱਖਣ ਵਾਲੇ ਕਿਸੇ ਮਾਹਿਰ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਕਿਤੇ ਲੋਕ ਆਪਣੇ ਲਾਲਚ ਖਾਤਿਰ ਦਰੱਖਤਾਂ ਦੀ ਕਟਾਈ ਮੋਕੇ ਇਹਨਾਂ ਨੂੰ ਵੀ ਨਾ ਕੱਟਣ ਦੀ ਸੋਚ ਲੈਣ ਇਸ ਲਈ ਉਸ ਨੇ ਇਹਨਾਂ ਦਰੱਖਤਾਂ ਦੀ ਪੂਜਾ ਕਰਨ ਨਾਲ ਮਨੋਕਾਮਨਾਵਾਂ ਦੀ ਪੂਰਤੀ ਹੋਣ ਦਾ ਢੰਡੋਰਾ ਪਿਟਵਾ ਦਿਤਾ। ਕੰਜ਼ਕਾਂ ਦੀ ਪੂਜਾ ਬਾਰੇ ਵੀ ਇਹੀ ਤਰਕ ਦਿਤਾ ਜਾ ਰਿਹਾ ਹੈ ਕਿ ਜਿਸ ਤਰ੍ਹਾ ਪਰਮਾਤਮਾਂ ਵਿੱਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਨੂੰ ਪਤਾ ਸੀ ਕਿ ਪਾਪੀ ਲੋਕ ਮੁੰਡੇ ਦੇ ਲਾਲਚ ਵਿੱਚ ਅਤੇ ਪਰਿਵਾਰ ਨੂੰ ਛੋਟਾ ਰੱਖਣ ਲਈ ਕੰਜ਼ਕਾਂ ਨੂੰ ਕੁੱਖ ਵਿੱਚ ਹੀ ਕਤਲ ਕਰਨਾਂ ਸ਼ੁਰੂ ਕਰ ਦੇਣਗੇ। ਗਊ ਪੂਜਾ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਗਊ ਦੁੱਧ ਦਿੰਦੀ ਸੀ ਅਤੇ ਇਸ ਤੋਂ ਇਲਾਵਾ ਗਊ ਦਾ ਮਲ-ਮੂਤਰ ਵੀ ਕੰਮ ਆਉਂਦਾ ਸੀ।

ਪੁਰਾਣੇ ਵਿਦਵਾਨ ਲੋਕ ਦੇਸ਼ ਦੀਆਂ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਮੇਰੀ ਉਮਰ ਲਈ ਵਰਤ ਆਦਿ ਰੱਖਣ ਦੀ ਪਰੰਪਰਾਂ ਸਬੰਧੀ ਵੀ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਵਰਣਨ ਕਰਦੇ ਹੋਏ ਦੱਸਦੇ ਹਨ ਕਿ ਸਾਡੇ ਦੇਸ਼ ਵਿੱਚ ਕਿਸੇ ਸਮੇਂ ਸਤੀ ਪ੍ਰਥਾ ਦਾ ਬਹੁਤ ਜੋਰ ਸੀ, ਉਸ ਸਮੇਂ ਜੇਕਰ ਮਰਦ ਦੀ ਅਚਾਨਕ ਕਿਸੇ ਕਾਰਣ ਮੋਤ ਹੋ ਜਾਵੇ ਤਾਂ ਉਸਦੀ ਪਤਨੀਂ ਨੂੰ ਜਿਉਂਦੇ-ਜੀਅ ਮਰੇ ਪਤੀ ਦੀ ਚਿੱਖ਼ਾ ਵਿੱਚ ਸੜ ਕੇ ਮਰਨਾ ਪੈਂਦਾ ਸੀ। ਇਸ ਲਈ ਆਪਣੀ (ਖੁਦ) ਜਿੰਦਗੀ ਦੀ ਸਲਾਮਤੀ ਲਈ ਉਸ ਸਮੇਂ ਔਰਤਾਂ ਪਤੀ ਦੀ ਵਡੇਰੀ ਉਮਰ ਲਈ ਵਰਤ ਆਦਿ ਰੱਖਦੀਆਂ ਸਨ। ਪਰ ਅਜੋਕੇ ਸਮੇਂ ਵਿੱਚ ਕੁੱਝ ਲੋਕਾਂ ਨੇ ਆਪਣਾ ਹਲਵਾ-ਮਾਂਡਾ ਚਲਦਾ ਰੱਖਣ ਲਈ ਇਸ ਪਰੰਪਰਾਂ ਨੂੰ ਵੱਖਰੀ ਰੰਗਤ ਦੇ ਦਿਤੀ ਹੈ ਤੇ ਇੰਨ੍ਹਾਂ ਦਾ ਸਬੰਧ ਦੇਵੀ-ਦੇਵਤਿਆਂ ਨਾਲ ਜੋੜ ਕੇ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿੱਚ ਧੱਕ ਦਿਤਾ ਹੈ। ਬਿਲੀ ਦੇ ਰਸਤਾ ਕੱਟਣ ਬਾਰੇ ਸਿਆਣੇ ਲੋਕ ਦੱਸਦੇ ਹਨ ਕਿ ਅੱਗੇ ਜਦੋਂ ਪਲੇਗ ਫ਼ੈਲਦੀ ਸੀ ਤਾਂ ਸਿਆਣੇ ਵੈਦ/ਹਕੀਮ ਆਮ ਲੋਕਾਂ ਨੂੰ ਬਿਲੀ ਦੇ ਰੱਸਤਾ ਕੱਟਣ ਵਾਲੀ ਥਾਂ ਲੰਘਣ ਤੋਂ ਵਰਜ਼ਦੇ ਸਨ। ਕਿਉਂਕਿ ਵੈਦਾਂ ਅਨੁਸਾਰ ਬਿਲੀ ਦੇ ਮੂੰਹ ਵਿੱਚ ਅਕਸਰ ਮਰਿਆ ਚੂਹਾ ਹੁੰਦਾ ਸੀ। ਜਿਥੋਂ ਬਿਲੀ ਲੰਘਦੀ ਸੀ ਉਥੇ ਮਰੇ ਚੂਹੇ ਦਾ ਖੂਨ ਖਿਲਰਦਾ ਜਾਂਦਾ ਸੀ। ਸਿਆਣੇ ਵੈਦਾਂ/ਹਕੀਮਾਂ ਦਾ ਉਸ ਸਮੇਂ ਕਹਿਣਾ ਸੀ ਕਿ ਜੋ ਉਸ ਰਸਤੇ ਤੋਂ ਲੰਘੇਗਾ ਉਸਨੂੰ ਪਲੇਗ ਦੇ ਕੀਟਾਣੂੰ ਨੁਕਸਾਨ ਪਹੁੰਚਾ ਸਕਦੇ ਹਨ। ਜੋਤਿਸ਼ ਤੇ ਭਵਿੱਖ-ਵਾਣੀਆਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਥਾਂ-ਥਾਂ ਇਨਾਂ ਦੇ ਢੌਂਗ ਦਾ ਪਰਦਾਫਾਸ਼ ਕੀਤਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ਕਿ:-

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।

ਸੰਗਰਾਦ, ਮੱਸਿਆ, ਪੂਰਨਮਾਸ਼ੀ ਇਹ ਦਿਨ ਕੋਈ ਖਾਸ ਮਹੱਤਤਾ ਵਾਲੇ ਨਹੀਂ ਬਲਕਿ ਆਮ ਦਿਨਾਂ ਦੀ ਤਰ੍ਹਾਂ ਹੀ ਹਨ। ਬੇਸ਼ੱਕ ਤੱਤ-ਗੁਰਮਤਿ ਤੋਂ ਜਾਣੂੰ ਵਿਦਵਾਨ, ਸਿੱਖ ਮਿਸ਼ਨਰੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਹੋਰ ਅਨੇਕਾਂ ਧਾਰਮਿਕ ਸੰਸਥਾਵਾਂ ਨੇ ਆਮ ਤੇ ਖਾਸ ਸਮਾਗਮਾਂ ਤੋਂ ਇਲਾਵਾ ਸਮੇਂ-ਸਮੇਂ ਬੇ-ਸ਼ੁਮਾਰ ਸਾਹਿਤ ਛਪਵਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਪਰੋਕਤ ਦਿਨਾਂ ਦੀ ਆਮ ਦਿਨਾਂ ਨਾਲੋਂ ਕੋਈ ਵੱਖਰੀ ਹੋਂਦ ਨਹੀਂ। ਪਰ ਲੋਕਾਂ ਨੂੰ ਸੰਗਰਾਂਦ, ਮੱਸਿਆ ਤੇ ਪੂਰਨਮਾਸ਼ੀ ਆਦਿ ਦਿਨਾਂ ਨੂੰ ਖਾਸ ਦਿਨ ਦਸ ਕੇ ਗੁਮਰਾਹ ਕਰਨ ਦੀ ਪ੍ਰਕਿਰਿਆ ਬਾਰੇ ਸੁਣ ਕੇ ਇਸਦੀ ਪੀੜਾ ਉਸ ਸਮੇਂ ਹੋਰ ਦੁਖਦਾਇਕ ਤੇ ਅਸਹਿ ਹੋ ਜਾਂਦੀ ਹੈ ਜਦੋਂ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਗੁਰਦਵਾਰਿਆਂ ਵਿੱਚ ਗ੍ਰੰਥੀ ਲੋਕ ਹੋਕਾ ਦਿੰਦੇ ਹਨ ਕਿ ਅੱਜ ਸੰਗਰਾਦ, ਮੱਸਿਆ, ਪੂਰਨਮਾਸ਼ੀ ਆਦਿਕ ਸ਼ੁੱਭ ਦਿਨ ਹੈ ਜਲਦੀ ਨਹਾ-ਧੋ ਕੇ ਗੁਰਦਵਾਰੇ ਪਹੁੰਚੋ, ਦਾਨ-ਪੁੰਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਉਕਤ ਦਿਨਾਂ ਨੂੰ ਤਿਉਹਾਰਾਂ ਦਾ ਰੂਪ ਦੇ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਧੀਨਗੀ ਵਾਲੇ ਅਨੇਕਾਂ ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧਕ/ਗ੍ਰੰਥੀ ਭੋਲੇ-ਭਾਲੇ ਲੋਕਾਂ ਨੂੰ ਮੁੰਡੇ ਦੇਣ, ਸਰੋਵਰ ਵਿੱਚ ਪੰਜ ਵਾਰੀ ਇਸ਼ਨਾਨ ਕਰਨ ਨਾਲ ਮਨੌਕਾਮਨਾਵਾਂ ਦੀ ਪੂਰਤੀ ਅਤੇ ਸਾਰੇ ਦੁਖਾਂ ਕਲੇਸ਼ਾਂ ਦਾ ਨਾਸ਼ ਕਰਨ ਦੀਆਂ ਗੱਲਾਂ ਕਰਕੇ ਗੁਮਰਾਹ ਕਰਦੇ ਆਮ ਦੇਖੇ ਜਾ ਸਕਦੇ ਹਨ। ਪਰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਇਹ ਸਭ ਕੁੱਝ ਦੇਖ ਕੇ ਵੀ ਪੰਥ ਵਿਰੋਧੀ ਤਾਕਤਾਂ ਦੇ ਦਬਾਅ ਕਾਰਣ ਕੁੱਝ ਵੀ ਕਰਨੋਂ ਪੂਰੀ ਤਰ੍ਹਾਂ ਅਸਮਰਥ ਨਜ਼ਰ ਆ ਰਹੀ ਹੈ।

**********************************

ਮਿਥਿਹਾਸਿਕ ਘਟਨਾਂ ਮੇਲੇ ਦੁਸਹਿਰੇ ਦੀਆਂ ਯਾਦਾਂ

ਰਾਵਣ ਚੀਕਿਆ! ਖ਼ਬਰਦਾਰ ਜੇ ਮੈਨੂੰ ਅੱਗ ਲਾਈ ਤਾਂ

ਹਰ ਸਾਲ ਦੀ ਤਰ੍ਹਾਂ ਅੱਜ ਫਿਰ ਦੁਸਹਿਰਾ ਦੇਖਣ ਲਈ ਲੋਕਾਂ ਦੀ ਬੇਸ਼ੁਮਾਰ ਭੀੜ ਵੱਡ-ਅਕਾਰੀ ਬੁੱਤਾਂ ਨੂੰ ਦੇਖ ਕੇ ਖੁਸ਼ ਹੋ ਰਹੀ ਹੈ ਤੇ ਹਰ ਇੱਕ ਨੂੰ ਇੰਤਜ਼ਾਰ ਹੈ ਕਿ ਅੱਜ ਦੇਖੋ ਰਾਮ ਦਾ ਪਾਤਰ ਬਣਿਆ ਵਿਅਕਤੀ ਰਾਵਣ ਦੇ ਬੁੱਤ ਨੂੰ ਅੱਗ ਲਾਉਂਦਾ ਹੈ ਜਾਂ ਮੰਤਰੀ ਜੀ, ਜੋ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਹਨ। ਖੁੱਲ੍ਹੇ ਮੈਦਾਨ ਦੇ ਵਿਚਕਾਰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਵਿਸ਼ਾਲ ਬੁੱਤ ਲਗਾਏ ਗਏ ਹਨ। ਚਾਰ ਚੁਫੇਰੇ ਮਰਦ, ਔਰਤਾਂ ਤੇ ਬੱਚਿਆਂ ਦਾ ਹਜ਼ੂਮ ਮਨੁੱਖੀ ਸਮੁੰਦਰ ਦਾ ਭੁਲੇਖਾ ਪਾਉਂਦਾ ਦਿਖਾਈ ਦੇ ਰਿਹਾ ਹੈ।

ਰਾਵਣ ਨੂੰ ਅੱਗ ਲਾਉਣ ਦਾ ਸਮਾਂ ਹੋ ਗਿਆ ਹੈ। ਮੰਤਰੀ ਜੀ, ਵੱਡੇ-ਵੱਡੇ ਲੀਡਰ, ਅਫਸਰ ਸਾਹਿਬਾਨ, ਦੁਸਹਿਰਾ ਕਮੇਟੀ ਦਾ ਪ੍ਰਧਾਨ ਅਤੇ ਮੈਂਬਰ ਉਪਰੋਕਤ ਬੁੱਤਾਂ ਵਿਚਕਾਰ ਪਹੁੰਚ ਗਏ ਹਨ। ਮਾਚਿਸ ਦੀ ਤੀਲੀ ਬਾਲ ਕੇ ਜਦੋਂ ਮੰਤਰੀ ਜੀ ਤੇ ਪ੍ਰਧਾਨ ਜੀ ਰਾਵਣ ਨੂੰ ਅੱਗ ਲਾਉਣ ਲਈ ਅੱਗੇ ਵਧੇ ਤਾਂ ਰਾਵਣ ਚੀਕ ਉੱਠਿਆ, ਖਬਰਦਾਰ ਜੇ ਮੈਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ! ਹਜ਼ਾਰਾਂ ਸਾਲ ਹੋ ਗਏ ਮੈਨੂੰ ਸੜਦਿਆਂ, ਮੈਂ ਹੁਣ ਨਹੀਂ ਸੜਾਂਗਾ। ਹਰ ਪਾਸੇ ਸੰਨਾਟਾ ਛਾ ਗਿਆ, ਸਾਰੇ ਹੈਰਾਨ ਰਹਿ ਗਏ ਤੇ ਰਾਵਣ ਬੋਲਦਾ ਹੀ ਗਿਆ। ਹਜ਼ਾਰਾਂ ਸਾਲ ਪਹਿਲਾਂ ਮੈਂ ਆਪਣੀ ਭੈਣ ਦੀ ਹੋਈ ਬੇਇਜ਼ਤੀ ਨਾ ਸਹਾਰ ਸਕਿਆ ਤੇ ਸੀਤਾ ਨੂੰ ਚੁੱਕ ਕੇ ਲੈ ਗਿਆ। ਜੇਕਰ ਮੇਰੀ ਜਗ੍ਹਾ ਤੁਸੀਂ ਹੁੰਦੇ ਤਾਂ ਕੀ ਕਰਦੇ?

ਹੁਣ ਜਿਹੜੇ ਤੁਹਾਡੇ ਪਿੰਡਾਂ, ਸ਼ਹਿਰਾਂ, ਗਲੀ-ਮੁਹੱਲਿਆਂ ਵਿੱਚ ਜੋ ਨਵੇਂ ਰਾਵਣ ਪੈਦਾ ਹੋ ਗਏ ਹਨ, ਪਹਿਲਾਂ ਉਨ੍ਹਾਂ ਦਾ ਹੱਲ ਤਾਂ ਕਰੋ। ਹਰ ਰੋਜ਼ ਕੋਈ ਨਾ ਕੋਈ ਦਾਜ ਦਾ ਭੁੱਖਾ ਰਾਵਣ ਰਾਮ ਦਾ ਰੂਪ ਧਾਰ ਕੇ ਸੀਤਾ ਨਾਲ ਵਿਆਹ ਦਾ ਨਾਟਕ ਕਰਕੇ ਉਸਨੂੰ ਆਪਣੇ ਘਰ ਲੈ ਆਉਂਦਾ ਹੈ। ਅਜੇ ਇੱਕ ਸਾਲ ਵੀ ਨਹੀਂ ਗੁਜ਼ਰਦਾ ਕਿ ਉਹ ਉਸਨੂੰ ਸਾੜ ਕੇ ਹੋਰ ਕਿਸੇ ਸੀਤਾ ਦੀ ਤਲਾਸ਼ ਵਿੱਚ ਇਹੀ ਨਾਟਕ ਫਿਰ ਦੁਹਰਾਉਂਦਾ ਹੈ, ਇਹ ਕੰਮ ਤਾਂ ਮੇਰੇ ਵੱਲੋਂ ਕੀਤੇ ਪਾਪ ਨਾਲੌਂ ਕਈ ਗੁਣਾ ਨੀਚ ਹੈ। ਇਨ੍ਹਾਂ ਤੋਂ ਵੀ ਖਤਰਨਾਕ ਰਾਵਣ ਜੋ ਤੁਹਾਡੇ ਘਰਾਂ ਚ ਪੈਦਾ ਹੋ ਚੁੱਕੇ ਹਨ। ਭਰੂਣ ਹੱਤਿਆ ਕਰਨ ਵਾਲੇ, ਸ਼ਰੀਫ ਲੋਕਾਂ ਤੇ ਗੁੰਡਾਗਰਦੀ ਕਰਨ ਵਾਲੇ, ਭ੍ਰਿਸ਼ਟਾਚਾਰ ਰਾਹੀਂ ਸਰਕਾਰ ਤੇ ਆਮ ਲੋਕਾਂ ਨੂੰ ਚੂਨਾਂ ਲਾਉਣ ਵਾਲੇ, ਸਬਜ਼ ਬਾਗ ਦਿਖਾ ਕੇ ਲੋਕਾਂ ਤੋਂ ਵੋਟਾਂ ਦੇ ਨਾਮ ਤੇ ਉਨ੍ਹਾਂ ਦਾ ਅਧਿਕਾਰ ਖੋਹਣ ਵਾਲੇ, ਧਰਮ ਦੀ ਆੜ ਹੇਠ ਭੋਲੇ-ਭਾਲੇ ਲੋਕਾਂ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ ਕਰਨ ਵਾਲੇ ਰਾਵਣਾਂ ਦੀ ਦੱਸੋ ਕਿਹੜੇ ਪਾਸੇ ਕਮੀ ਹੈ? ਧਰਮ ਦਾ ਬੁਰਕਾ ਪਾ ਕੇ ਸੱਚ ਬੋਲਣ ਵਾਲਿਆਂ ਖਿਲਾਫ ਫਤਵੇ ਜਾਰੀ ਕਰਨ ਅਤੇ ਪ੍ਰੈਸ ਦੀ ਆਜ਼ਾਦੀ ਤੇ ਦਿਨ ਦਿਹਾੜੇ ਹਮਲਾ ਕਰਨ ਵਾਲੇ ਕਿਹੜੇ ਰਾਵਣ ਤੋਂ ਘੱਟ ਹਨ? ਲੋਕਾਈ ਡਰ-ਡਰ ਕੇ ਦਿਨ ਕਟੀ ਕਰ ਰਹੀ ਹੈ। ਤੁਸੀਂ ਕਦੇ ਇਹੋ ਜਿਹੇ ਰਾਵਣਾਂ ਬਾਰੇ ਸੋਚਿਆ ਹੈ? ਕਦੀ ਕਿਸੇ ਨੂੰ ਸਜ਼ਾ ਦਿੱਤੀ ਹੈ? ਕਿਸੇ ਦਾ ਬਾਈਕਾਟ ਕੀਤਾ ਹੈ? ਕਿਸੇ ਦੇ ਪੁਤਲੇ ਸਾੜੇ ਹਨ? ਤੁਸੀਂ ਤਾਂ ਲਕੀਰ ਦੇ ਫਕੀਰ ਹੋ, ਹੁਣ ਸ਼ਰਮ ਕਰੋ ਤੇ ਮੇਰੇ ਪੁਤਲੇ ਸਾੜਨੇ ਬੰਦ ਕਰੋ।

ਰਾਵਣ ਨੇ ਗਰਜ਼ ਕੇ ਕਿਹਾ ਕਿ ਅੱਜ ਤਾਂ ਕੋਈ ਰਾਮ ਹੀ ਆ ਕੇ ਮੈਨੂੰ ਅੱਗ ਲਾ ਸਕਦਾ ਹੈ। ਹੋਰ ਕੋਈ ਅੱਗੇ ਆਉਣ ਦੀ ਜ਼ੁਰਅਤ ਨਾ ਕਰੇ, ਹੁਣ ਤੱਕ ਬਹੁਤ ਹੋ ਗਿਆ, ਤੁਸੀਂ ਲੋਕਾਂ ਨੇ ਮੈਨੂੰ ਬਹੁਤ ਜ਼ਲੀਲ ਕਰ ਲਿਆ, ਹੁਣ ਨਹੀਂ ਹੋਣਾ। ਰਾਵਣ ਨੇ ਇੰਨੇ ਵੱਡੇ ਜਨ-ਸਮੂਹ ਨੂੰ ਲਲਕਾਰ ਕੇ ਕਿਹਾ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਰਾਮ ਹੈ ਤਾਂ ਅੱਗੇ ਆ ਕੇ ਮੈਨੂੰ ਅੱਗ ਲਾਏ, ਹੈ ਕੋਈ ਰਾਮ … … … … … … … …. ਐਨੀਂ ਭਾਰੀ ਭੀੜ ਵਿੱਚੋਂ ਕੋਈ ਅੱਗੇ ਨਾ ਆਇਆ। ਰਾਵਣ ਗਰਜ-ਗਰਜ ਕੇ ਲਲਕਾਰਦਾ ਰਿਹਾ। ਅੰਤ ਰਾਵਣ ਨੇ ਕਿਹਾ ਕਿ ਹੇ ਰਾਮ, ਦੇਖ ਐਨੀਂ ਭਾਰੀ ਭੀੜ ਵਿੱਚ ਇੱਕ ਵੀ ਰਾਮ ਨਹੀਂ ਹੈ ਪਰ ਰਾਵਣ ਅਨੇਕ ਹਨ। ਹਾ … … … ਹਾ … … … ਹਾ … … … ਅੱਜ ਤੇਰੇ ਦੇਸ਼ ਅੰਦਰ ਕੋਈ ਰਾਮ ਨਹੀਂ ਸਭ ਰਾਵਣ ਹੀ ਰਾਵਣ ਹਨ। ਤੇਰੇ ਘਰ ਵਿੱਚ ਅੱਜ ਰਾਵਣ ਦਾ ਬੋਲਬਾਲਾ ਹੈ ਹਾ … … … ਹਾ … … …. ਹਾ … … … ਹੁਣ ਤਾਂ ਮੰਨ ਜਾ ਕੇ ਰਾਮ ਹਾਰ ਗਿਆ ਹੈ ਤੇ ਰਾਵਣ ਜਿੱਤ ਗਿਆ ਹੈ। ਆਪਣੇ ਅੰਧ ਵਿਸ਼ਵਾਸੀ ਤੇ ਲਕੀਰ ਦੇ ਫਕੀਰ ਭਗਤਾਂ ਨੂੰ ਸਮਝਾ ਦੇਈਂ ਕਿ ਭਵਿੱਖ ਵਿੱਚ ਮੇਰੇ ਪੁਤਲੇ ਸਾੜਨ ਦੀ ਗਲਤੀ ਨਾ ਕਰਨ ਨਹੀਂ ਤਾਂ ਪੁੱਠਾ ਚੱਕਰ ਚਲ ਸਕਦਾ ਹੈ। ਉਕਤ ਮਿਥਿਹਾਸਿਕ ਘਟਨਾਵਾਂ ਦਾ ਇਸ ਲੇਖ ਵਿੱਚ ਹਵਾਲੇ ਦੇਣ ਦਾ ਮੰਤਵ ਸਿਰਫ ਇਹ ਹੀ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਜਦਕਿ ਸਮਾਜ ਵਿਰੋਧੀ ਅਨਸਰਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੈ ਅਤੇ ਦਬਦਬਾ ਹੈ।

ਗੁਰਿੰਦਰ ਸਿੰਘ ਮਹਿੰਦੀਰੱਤਾ

98728-10153




.