.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਮਤਿ ਵਿੱਚ ਆਤਮਾ ਦਾ ਸੰਕਲਪ

ਭਾਗ ਪਹਿਲਾ

ਵਿਦਵਾਨਾਂ ਦੇ ਵਿਚਾਰ

ਜੇ ਇਹ ਮੰਨਿਆ ਜਾਏ ਕਿ ਪਿੱਛਲੇ ਕਰਮਾਂ ਦੀ ਮਾਰੀ ਹੋਈ ਆਤਮਾ ਨੂੰ ਹੁਣ ਮਨੁੱਖਾ ਜੀਵਨ ਮਿਲਿਆ ਹੈ ਤਾਂ ਫਿਰ ਇਹ ਖ਼ਿਆਲ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਆਮ ਭਾਰਤੀ ਲੋਕਾਂ ਦੀ ਮਾਨਸਿਕਤਾ ਵਿੱਚ ਸਮਾਇਆ ਹੋਇਆ ਸੀ ਤੇ ਇਸ ਵਿੱਚ ਨਵਾਂ ਕੁੱਝ ਵੀ ਨਹੀਂ ਹੈ। ਜੇ ਇਹ ਮੰਨਿਆ ਜਾਏ ਕਿ ਇੱਕ ਦਿਨ ਉਹ ਆਏਗਾ ਜਦੋਂ ਮੁਰਦਿਆਂ ਵਿੱਚ ਰੂਹਾਂ ਪ੍ਰਵੇਸ਼ ਕਰਨਗੀਆਂ ਤੇ ਸਾਰੇ ਮੁਰਦੇ ਜਿਉਂਦੇ ਹੋ ਜਾਣਗੇ, ਤਾਂ ਇਹ ਵੀ ਖ਼ਿਆਲ ਅੱਧੀ ਤੋਂ ਵੱਧ ਦੁਨੀਆਂ ਵਿੱਚ ਸਦੀਆਂ ਤੋਂ ਚਲਿਆ ਆ ਰਿਹਾ ਹੈ ਪਰ ਕੋਈ ਵੀ ਮੁਰਦਾ ਅਜੇ ਤੀਕ ਉੱਠਿਆ ਨਹੀਂ ਹੈ। ਪੰਜਾਬ ਵਿੱਚ ਤਾਂ ਕਈ ਥਾਈਂ ਪੁਰਾਣੀਆਂ ਕਬਰਾਂ ਵਾਲ਼ੀ ਜ਼ਮੀਨ ਨੂੰ ਵਾਹੀ ਯੋਗ ਬਣਾ ਲਿਆ ਹੈ ਜਾਂ ਕਬਰਾਂ ਵਾਲੀ ਮਿੱਟੀ ਨੂੰ ਨੀਵੇਂ ਥਾਂ `ਤੇ ਭਰਤੀ ਵਜੋਂ ਵਰਤ ਲਿਆ ਹੈ, ਤੇ ਓੱਥੇ ਹੁਣ ਸਰੀਰਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾਂ ਤਾਂ ਫਿਰ ਉੱਥੇ ਰੂਹਾਂ ਕਿੰਜ ਪ੍ਰਵੇਸ਼ ਕਰਨਗੀਆਂ, ਇਹ ਤੇ ਹੁਣ ਉਹ ਹੀ ਜਾਨਣ ਜਿੰਨਾ ਦਾ ਯਕੀਨ ਬਣਿਆ ਹਇਆ ਹੈ। ਜੇ ਇਹ ਮੰਨ ਲਿਆ ਜਾਏ ਕਿ ਬਾਕੀ ਜੂਨਾਂ ਵਿਚੋਂ ਰੂਹ ਨਿਕਲ ਕੇ ਮਨੁੱਖੀ ਜਾਮੇ ਵਿੱਚ ਆਉਂਦੀ ਹੈ ਤੇ ਫਿਰ ਚੰਗੇ ਮਾੜੇ ਕਰਮ ਦੇ ਹਿਸਾਬ ਨਾਲ ਮਨੁੱਖੀ ਤਲ਼ ਤੋਂ ਥੱਲੇ ਰਹਿ ਰਹੀਆਂ ਜੂਨਾਂ ਵਿੱਚ ਚੱਲੀ ਜਾਂਦੀ ਹੈ ਲੇਕਨ ਸਬੂਤ ਕਿਸੇ ਪਾਸ ਕੋਈ ਨਹੀਂ ਹੈ, ਸਿਰਫ ਆਪਣੇ ਆਪਣੇ ਅੰਦਾਜ਼ਿਆਂ ਦੇ ਹਿਸਾਬ ਨਾਲ ਲੋਕਾਂ ਨੂੰ ਡਰਾਇਆ ਹੀ ਗਿਆ ਹੈ, ਪਰ ਇਹ ਸਾਰੇ ਖ਼ਿਆਲ ਗੁਰਮਤ ਦੀ ਰੋਸ਼ਨੀ ਤੋਂ ਪਹਿਲੇ ਦੇ ਨਿਕਾਰੇ ਹੋਏ ਹਨ ਤੇ ਨਾ ਹੀ ਉਪਰੋਕਤ ਵਿਚਾਰ ਸਾਰੀ ਦੁਨੀਆਂ ਲਈ ਮੰਨਣੇ ਸੰਭਵ ਹਨ।

ਗੁਰਮਤ ਨੂੰ ਸਮਝਣ ਲਈ ਫ਼ਜ਼ਿਕਿਸ, ਜੌਗਰੌਫ਼ੀ, ਜੀਵ ਵਿਗਿਆਨ, ਰਾਜਨੀਤੀ, ਅਰਥ-ਸ਼ਾਸ਼ਤਰ, ਕਮਿਸਟਰੀ ਤਥਾ ਅੱਜ ਦੀ ਨਵੀਂ ਤੋਂ ਨਵੀਂ ਤਕਨੀਕ ਦਾ ਮੁੱਢਲਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਪਰ ਗੁਰਬਾਣੀ, ਫ਼ਜ਼ਿਕਸ—ਕਮਿਸਟਰੀ, ਜੀਵ ਵਿਗਿਆਨ ਜਾਂ ਉੱਪਰ ਦਿੱਤੇ ਵਿਸ਼ਿਆਂ ਦੀ ਵਿਆਖਿਆ ਨਹੀਂ ਕਰ ਰਹੀ ਤੇ ਨਾ ਹੀ ਸੱਚ ਦੀ ਖੋਜ ਦਾ ਵਿਰੋਧ ਕਰਦੀ ਹੈ, ਇਹ ਤੇ ਮਨੁੱਖ ਨੂੰ ਸੁਚੱਜੀ ਜ਼ਿੰਦਗੀ ਜਿਉਣ ਦੀ ਜਾਚ ਦੱਸ ਰਹੀ ਹੈ। ਕੋਈ ਆਦਮੀ ਫ਼ਜ਼ਿਕਿਸ ਦੇ ਅਧਾਰ ਤੇ ਗੁਰਬਾਣੀ ਦੇਖਣ ਦਾ ਯਤਨ ਕਰ ਰਿਹਾ ਹੈ ਤਾਂ ਇਹ ਉਸ ਦਾ ਆਪਣਾ ਤਰਕ ਹੋ ਸਕਦਾ ਹੈ ਪਰ ਸਮੁੱਚੀ ਮਨੁੱਖਤਾ ਜਾਂ ਸਿੱਖ ਮਾਨਸਕਿਤਾ ਦਾ ਹਿੱਸਾ ਨਹੀਂ। ਹਾਂ ਗੁਰਬਾਣੀ ਸਿਧਾਂਤ ਨੂੰ ਪੇਸ਼ ਕਰਨ ਲਈ ਗੁਰਮਤ ਦੇ ਮੁੱਢਲੇ ਸਿਧਾਂਤਾਂ ਬਾਰੇ ਮੁੱਢਲਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਹਰ ਆਦਮੀ ਦਾ ਆਪੋ ਆਪਣਾ ਤਜਰਬਾ ਤਾਂ ਹੋ ਸਕਦਾ ਹੈ ਪਰ ਸਮੁੱਚੀ ਮਨੁੱਖਤਾ ਲਈ ਅਗਵਾਈ ਨਹੀਂ ਹੋ ਸਕਦੀ ਤੇ ਨਾ ਹੀ ਕਿਸੇ ਦੇ ਨਿਜੀ ਤਜਰਬੇ ਨੂੰ ਸਾਰੀ ਮਨੁੱਖਤਾ ਮੰਨਣ ਲਈ ਤਿਆਰ ਹੁੰਦੀ ਹੈ ਜਿਨ੍ਹਾਂ ਚਿਰ ਉਹ ਤਜਰਬਾ ਦੋ ਦੂਣੀ ਚਾਰ ਵਾਂਗ ਸਤ ਨਹੀਂ ਹੈ। ਹੁਣ ਇਹ ਕਿਹਾ ਜਾਏ ਕਿ ਜੋ ਮੈਨੂੰ ਸਮਝ ਆ ਗਿਆ ਹੈ ਇਹ ਮੈਂ ਸਾਰਿਆਂ ਨੂੰ ਸਿਖਾ ਕੇ ਹੀ ਸਾਹ ਲਵਾਂਗਾ ਤਾਂ ਇਹ ਉਸ ਦਾ ਭਰਮ ਹੋ ਸਕਦਾ ਹੈ ਪਰ ਸਰਬ ਸਾਂਝਾ ਵਿਚਾਰ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਜਾਂ ਉਹਨਾਂ ਦਾ ਫਲਸਫ਼ਾ ਸਾਰੀ ਮਨੁੱਖਤਾ ਲਈ ਸੂਰਜ ਦੀ ਰੌਸ਼ਨੀ ਤੇ ਕੁਦਰਤੀ ਹਵਾ ਵਾਂਗ ਸਾਂਝਾ ਹੈ। ਦੂਸਰਾ ਗੁਰਬਾਣੀ ਸਿਧਾਂਤ ਕਿਸੇ ਧਰਮ ਦਾ ਪਿੱਛ--ਲੱਗ ਨਹੀਂ ਹੈ ਇਹ ਹਰ ਸੱਜਰੀ ਸਵੇਰ ਵਾਂਗ ਸੱਜਰਾ ਸੁਨੇਹਾਂ ਦੇਂਦੀ ਹੈ ਪਰ ਅਖੌਤੀ ਕਰਮ-ਕਾਂਡ, ਰੂੜੀਵਾਦੀ ਮਿੱਥਾਂ ਤੇ ਚਉਰਾਸੀ-ਲੱਖ ਜੂਨਾਂ ਦੇ ਗਧੀ ਗੇੜ ਨੂੰ ਇਕ--ਵੱਢਿਉਂ ਰੱਦ ਕਰਦੀ ਹੈ --- ‘ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ’॥

‘ਆਤਮਾ’ ਤਥਾ `ਚੇਤੰਤਾ’ ਸ਼ਬਦ ਜਿੰਨ੍ਹਾਂ ਸਿੱਧਾ ਹੈ ਓਨ੍ਹੀ ਹੀ ਇਸ ਦੀ ਵਿਆਖਿਆ ਗੁੰਝਲ਼ਦਾਰ ਕੀਤੀ ਗਈ ਹੈ। ਆਮ ਹਾਲਤਾਂ ਵਿੱਚ ਇਹ ਸਮਝਿਆ ਗਿਆ ਹੈ ਕਿ ਜਦੋਂ ਮਨੁੱਖ ਮਰਦਾ ਹੈ, ਓਦੋਂ ਆਤਮਾ ਇੱਕ ਸਰੀਰ ਵਿਚੋਂ ਨਿਕਲ ਕੇ ਕਿਸੇ ਦੂਜੇ ਸਰੀਰ ਵਿੱਚ ਚਲੀ ਜਾਂਦੀ ਹੈ। ਦੂਜਾ ਜਿਸ ਨੇ ਦਾਨ ਪੁੰਨ ਕੀਤਾ ਹੁੰਦਾ ਹੈ ਉਸ ਨੂੰ ਕਿਸੇ ਚੰਗੇ ਘਰ ਜਨਮ ਮਿਲ ਜਾਂਦਾ ਹੈ ਤੇ ਜਿਸ ਨੇ ਚੰਗੇ ਕਰਮ ਨਹੀਂ ਕੀਤੇ ਹੁੰਦੇ ਉਸ ਨੂੰ ਪਸ਼ੂ ਪੰਛੀਆਂ ਜਾਂ ਕੀੜੇ ਮਕੌੜਿਆਂ ਵਾਲੀਆਂ ਜੂਨਾਂ ਮਿਲ ਜਾਂਦੀਆਂ ਹਨ।

ਜਰਮਨ ਦਾ ਇੱਕ ਵਿਦਵਾਨ ਪਾਦਰੀ ਮਿਸਟਰ ‘ਟਰੰਪ’ ਜਿਸ ਨੂੰ ਗੁਰਬਾਣੀ ਤਥਾ ਸਿੱਖ ਸਿਧਾਂਤ ਸਬੰਧੀ ਜਾਣਕਾਰੀ ਨਹੀਂ ਜਾਂ ਜਾਣਬੁਝ ਕੇ ਉਸ ਨੇ ਦੁੱਧ ਵਿੱਚ ਕਾਂਜੀ ਪਾਉਣ ਲਈ ਗ਼ਲਤ ਧਾਰਨਾਵਾਂ ਪੇਸ਼ ਕੀਤੀਆਂ ਪਰ ਉਸ ਨੇ ਗੁਰਬਾਣੀ ਵਿਆਕਰਣ ਵਲ ਸਭ ਤੋਂ ਪਹਿਲਾਂ ਧਿਆਨ ਜ਼ਰੂਰ ਦਿਵਾਇਆ ਹੈ। ਫਿਰ ਸਿੱਖ ਵਿਦਵਾਨਾਂ ਨੇ ਇਸ ਵਿਸ਼ੇ `ਤੇ ਕੰਮ ਕੀਤਾ ਤੇ ਕੁੱਝ ਟੀਕੇ ਹੋਂਦ ਵਿੱਚ ਆਏ।

ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਗੁਰਬਾਣੀ ਵਿਆਕਰਣ ਤਿਆਰ ਕੀਤੀ ਤੇ ਫਿਰ ਪ੍ਰੋ. ਸਾਹਿਬ ਸਿੰਘ ਜੀ ਨੇ ਵਿਸਥਾਰ ਸਹਿਤ ਵਿਆਕਰਣ ਦੇ ਅਧਾਰਿਤ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਡ-ਆਕਾਰੀ ਟੀਕਾ ਸਾਕਾਰ ਕੀਤਾ। ਇਸ ਤੋਂ ਪਹਿਲਾਂ ਗੁਰਬਾਣੀ ਦੀ ਜਿੰਨੀ ਵੀ ਵਿਆਖਿਆ ਹੋਈ ਹੈ, ਉਹ ਬਦ-ਕਿਸਮਤੀ ਨਾਲ ਉਦਾਸੀਆਂ ਤੇ ਨਿਰਮਲੇ ਸਾਧਾਂ ਨੇ ਬ੍ਰਹਾਮਣੀ ਕਰਮ-ਕਾਂਡ ਦੀ ਫਿਲਾਸਫ਼ੀ ਦੇ ਅਧਾਰਤ ਕੀਤੀ ਹੈ। ੧੭੩੪ ਈਸਵੀ ਨੂੰ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਵਿੱਚ ਸ਼ਹੀਦ ਕੀਤਾ ਗਿਆ ਤੇ ਫਿਰ ਲਗ-ਪਗ ਸਾਰੇ ਇਤਿਹਾਸਕ ਗੁਰਦੁਆਰਿਆਂ ਦਾ ਕਬਜ਼ਾ ਨਿਰਮਲੇ ਤੇ ਉਦਾਸੀਆਂ ਸਾਧਾਂ ਦੇ ਹੱਥਾਂ ਵਿੱਚ ਆ ਗਿਆ। ਭਾਵੇਂ ਇਹਨਾਂ ਉਦਾਸੀਆਂ ਨਿਰਮਲਿਆਂ ਨੇ ਗੁਰਦੁਆਰਿਆਂ ਦੀ ਸੇਵਾ--ਸੰਭਾਲ਼ ਤਾਂ ਜ਼ਰੂਰ ਕੀਤੀ ਹੈ ਪਰ ਸਿੱਖ ਧਰਮ ਦੀ ਜੋ ਵਿਆਖਿਆ ਕੀਤੀ, ਉਹ ਸਾਰੀ ਜੋਗ-ਮਤ, ਵੇਦਾਂਤ ਤੇ ਬ੍ਰਹਮਣੀ ਕਰਮ-ਕਾਂਡ ਦੇ ਅਧਾਰਤ ਕੀਤੀ ਹੈ। ਲੰਬੇ ਸਮੇਂ ਤੋਂ ਵੇਦਾਂਤ, ਜੋਗ ਤੇ ਬ੍ਰਹਾਮਣੀ ਕਰਮ-ਕਾਂਡ ਸੁਣਨ ਨਾਲ ਸਾਡੀ ਆਤਮਿਕ ਅਵਸਥਾ ਵੀ ਏਸੇ ਵਿੱਚ ਲਿਬੜ ਕੇ ਰਹਿ ਗਈ ਹੈ।

ਕਹਿੰਦੇ ਨੇ ਜੰਗਲ ਵਿੱਚ ਇੱਕ ਸ਼ੇਰਨੀ ਨੇ ਬੱਚੇ ਨੂੰ ਜਨਮ ਦਿੱਤਾ ਪਰ ਉਹ ਸ਼ੇਰਨੀ ਸ਼ਿਕਾਰੀ ਦੀ ਅੱਖ ਦਾ ਸ਼ਿਕਾਰ ਹੋ ਗਈ। ਸ਼ੇਰਨੀ ਦੇ ਬੱਚੇ ਨੂੰ ਕਿਸੇ ਭੇਡਾਂ ਚਾਰਨ ਵਾਲੇ ਆਜੜੀ ਨੇ ਆਪਣੀਆਂ ਭੇਡਾਂ ਦਾ ਦੁੱਧ ਪਿਆਲ ਕੇ ਭੇਡਾਂ ਵਿੱਚ ਹੀ ਰਲ਼ਾ ਲਿਆ, ਭੇਡਾਂ ਵਾਂਗ ਹੀ ਘਾਹ ਚਰਨ ਲੱਗ ਗਿਆ ਤੇ ਭੇਡਾਂ ਦੀ ਹੀ ਬੋਲੀ ਬੋਲਣ ਲੱਗ ਪਿਆ। ਅਚਾਨਕ ਇੱਕ ਵੱਡਾ ਸ਼ੇਰ ਓੱਥੋਂ ਦੀ ਲੰਘਿਆ ਤਾਂ ਉਸ ਨੇ ਕੀ ਦੇਖਿਆ ਕਿ ਸਾਡਾ ਭਤੀਜਾ ਭੇਡਾਂ ਦੇ ਇੱਜੜ ਵਿੱਚ ਚੁੱਗ ਰਿਹਾ ਹੈ, ਉਸ ਨੇ ਆਪਣੀ ਸੰਤਾਨ ਹੋਣ ਦੇ ਨਾਤੇ ਉਸ ਨੂੰ ਕਿਹਾ ਕਿ, "ਬੇਟਾ ਤੂੰ ਸਾਡੀ ਆਪਣੀ ਸੰਤਾਨ ਏਂ ਪਰ ਤੂੰ ਤਾਂ ਭੇਡਾਂ ਵਾਂਗ ਸਿਰ ਨੀਵਾਂ ਸੁੱਟ ਕੇ ਘਾਹ ਚਰ ਰਿਹਾ ਏਂ, ਚੱਲ ਉੱਠ ਆਪਣੇ ਘਰ ਚੱਲੀਏ"। ਸ਼ੇਰ ਦੇ ਬੱਚੇ ਨੇ ਕਿਹਾ, ਕਿ "ਚਾਚਾ ਮੈਂ ਤੈਨੂੰ ਪਛਾਣਦਾ ਨਹੀਂ ਹਾਂ ਕਿ ਤੂੰ ਕੌਣ ਏਂ? ਕਿਉਂਕਿ ਮੈਨੂੰ ਏਨਾ ਪਤਾ ਹੈ ਕਿ ਮੈਨੂੰ ਇਹਨਾਂ ਨੇ ਆਪਣਾ ਦੁੱਧ ਪਿਲਾ ਕੇ ਵੱਡਾ ਕੀਤਾ ਹੈ"। ਤਦ ਬੁੱਢੇ ਸ਼ੇਰ ਨੇ ਉਸ ਨੂੰ ਪਾਣੀ ਦੇ ਕੰਢੇ `ਤੇ ਲਿਜਾ ਕੇ ਆਪਣੇ ਪਿੱਛੇ ਭਬਕ ਮਾਰਨ ਲਈ ਕਿਹਾ। ਜਦੋਂ ਦੋਨਾਂ ਨੇ ਰਲ਼ ਕੇ ਭਬਕ ਮਾਰੀ ਤਾਂ ਸਾਰੀਆਂ ਭੇਡਾਂ ਅੱਖ ਦੇ ਫੋਰ ਵਿੱਚ ਓੱਥੋਂ ਭੱਜ ਉਠੀਆਂ। ਸ਼ੇਰ ਦੇ ਬੱਚੇ ਨੂੰ ਆਪਣੀ ਅਸਲੀਅਤ ਦਾ ਪਤਾ ਲੱਗਦਿਆਂ ਹੀ ਜੰਗਲ ਦਾ ਬਾਦਸ਼ਾਹ ਬਣ ਗਿਆ। ਕੁੱਝ ਇੰਜ ਹੀ ਲੰਬੇ ਸਮੇਂ ਤੋਂ ਸਿੱਖ ਕੌਮ ਨਾਲ ਹੋਇਆ ਹੈ। ਇਹਨਾਂ ਉਦਾਸੀਆਂ ਤੇ ਨਿਰਮਲੇ ਸਾਧਾਂ ਦੀ ਮਿਹਰਬਾਨੀ ਸਦਕਾ ਸਿੱਖ ਸਿਧਾਂਤ ਦੀ ਵਿਆਖਿਆ ਬ੍ਰਾਹਮਣੀ ਵਿਚਾਰਧਾਰਾ ਦੇ ਅਧਾਰਤ ਪ੍ਰਵਾਨ ਚੜਾਈ ਗਈ ਹੈ ਤੇ ਜਿਸ ਨੂੰ ਅਸੀਂ ਸਿੱਖ ਸਿਧਾਂਤ ਮੰਨੀ ਬੈਠੇ ਹਾਂ।

ਇਸ ਗੱਲ ਨੂੰ ਹੋਰ ਵਿਸਥਾਰ ਸਹਿਤ ਸਮਝਣ ਲਈ ਸ੍ਰ. ਅਮਰਜੀਤ ਸਿੰਘ ਜੀ `ਚੰਦੀ’ ਦੀ ਲਿਖਤ ਦਾ ਇੱਕ ਹਵਾਲਾ ਦੇਣਾ ਉੱਚਤ ਸਮਝਾਂਗਾ, ਉਹ ਲਿਖਦੇ ਹਨ— "ਗੁਰਬਾਣੀ ਸਿਧਾਂਤ ਅਨੁਸਾਰ ਕੋਈ ਜਮ ਨਹੀਂ ਤੇ ਨਾ ਹੀ ਕੋਈ ਜਮ ਦੇ ਦੂਤ ਹਨ। ਕੋਈ ਚਿੱਤਰ-ਗੁਪਤ ਨਹੀਂ ਤੇ ਨਾ ਹੀ ਕੋਈ ਧਰਮਰਾਜ ਤੇ ਉਸ ਭੜ੍ਹਵੇ ਦੀ ਕੋਈ ਕਚਿਹਰੀ ਹੈ। ਉਸ ਦਾ ਕੋਈ ਸਾਹਇਕ ਤੇ ਸਲਾਹਕਾਰ ਵੀ ਕੋਈ ਨਹੀਂ ਹੈ। ਫਿਰ ਇਹ ਸਾਰੇ ਕਿਸੇ ਸ਼ਕਲ ਜਾਂ ਕਿਸੇ ਜੂਨ ਵਿੱਚ ਕਿਵੇਂ ਹੋ ਸਕਦੇ ਹਨ। ਇਹ ਸਾਰਾ ਕੰਮ ਕਰਤਾਰ ਦੇ ਨਿਯਮਾਂ ਤਥਾ ਉਸ ਦੇ ਕਨੂੰਨ ਅਨੁਸਾਰ ਆਪਣੇ ਆਪ ਹੀ ਹੁੰਦਾ ਰਹਿੰਦਾ ਹੈ। ਧਰਮਰਾਜ ਖ਼ੁਦ ਅਕਾਲ ਪੁਰਖ ਆਪ ਹੈ ਜੋ ਜੀਵਾਂ ਦੇ ਅੰਦਰ ਬੈਠਾ ਉਸ ਦੇ ਕਰਮ ਵੇਖਦਾ ਹੈ। ਉਸ ਦੀ ਕਚਹਿਰੀ ਜੀਵ ਦੇ ਅੰਦਰ ਹੀ ਹੈ। ਕਰਮ ਕਰਨ ਵਾਲਾ ਤੇ ਕੀਤੇ ਦੇ ਫਲ਼ ਭੋਗਣ ਵਾਲਾ ਮਨ ਹੀ ਹੈ। ਮਨ ਦਾ ਕਰਮ ਖੇਤਰ ਜੀਵ ਦਾ ਸਰੀਰ ਹੈ। ਜਮ, ਜਮਦੂਤ, ਚਿੱਤਰ-ਗੁਪਤ, ਆਦਿ ਸਭ ਰੱਬ ਵਲੋਂ ਸਥਾਪਿਤ ਕੀਤੇ ਨਿਯਮ ਜਾਂ ਕਨੂੰਨ ਹੀ ਹਨ"।

‘ਚੰਦੀ’ ਜੀ ਅੱਗੇ ਲਿਖਦੇ ਹਨ ਕਿ, "ਗੁਰੂ ਸਾਹਿਬ ਵਲੋਂ ਉਸ ਵੇਲੇ ਦੇ ਧਾਰਮਿਕ ਆਗੂਆਂ ਵਲੋਂ ਸਥਾਪਿਤ ਕੀਤੇ ਸ਼ਬਦ ਜੋ ਸੰਸਾਰਿਕ ਲੋਕਾਂ ਦੀ ਮਾਨਸਿਕਤਾ ਵਿੱਚ ਵੱਸ ਚੁੱਕੇ ਸਨ, ਉਹਨਾਂ ਲਫ਼ਜ਼ਾਂ, ਨਾਵਾਂ ਨੂੰ ਬਦਲਣ ਤੇ ਵਿਆਰਥ ਸਮਾਂ ਨਹੀਂ ਗਵਾਇਆ। ਕਿਉਂਕਿ ਨਵੇਂ ਲਫ਼ਜ਼ ਲੋਕਾਂ ਦੀ ਮਾਨਸਕਤਾ ਵਿੱਚ ਭਰਨੇ, ਪੁਰਾਣਿਆਂ ਲਫਜ਼ਾਂ ਨੂੰ ਕਢਣਾਂ, ਇੱਕ ਲੰਬੀ ਤੇ ਮੁਸ਼ਕਲ ਪ੍ਰਕਿਰਿਆ ਹੋ ਜਾਂਦੀ। ਗੁਰੂ ਸਾਹਿਬ ਜੀ ਨੇ ਲਫ਼ਜ਼ ਉਹ ਹੀ ਰਹਿਣ ਦਿੱਤੇ ਜੋ ਲੋਕਾਂ ਦੀ ਮਾਨਸਕਤਾ ਵਿੱਚ ਘਰ ਕਰ ਚੁੱਕੇ ਸਨ ਪਰ ਉਹਨਾਂ ਦੇ ਅਰਥ ਬਦਲ ਦਿੱਤੇ। ਰੱਬ ਜੀ ਦੇ ਸਿਰਜੇ ਕਨੂੰਨ ਅਨੁਸਾਰ ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਚੱਲ ਰਿਹਾ ਹੈ। ਜਦ ਸਵਾਸ ਪੂਰੇ ਹੋ ਗਏ ਨਾਲ ਹੀ ਲੇਖਾ ਨਿਬੜ ਗਿਆ। ਕਿਸੇ ਦੂਸਰੀ ਥਾਂ ਜਾਂ ਕਿਸੇ ਦੂਸਰੀ ਧਰਤੀ `ਤੇ ਜਾਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਕਿਸੇ ਵੈਤਰਣੀ ਨਦੀ ਨੂੰ ਪਾਰ ਕਰਨ ਦੀ ਲੋੜ ਪੈਂਦੀ ਹੈ, ਜਿਸ ਬਾਰੇ ਬ੍ਰਾਹਮਣਾਂ ਨੇ ਲਿਖਿਆ ਹੈ ਕਿ ਜਮ ਲੋਕ ਦੇ ਰਸਤੇ ਵਿੱਚ ਇੱਕ ਨਦੀ ਹੈ, ਜੋ ਲਗ-ਪਗ ਦੋ ਯੋਜਨ ਭਾਵ ੧੭ ਕਿਲੋਮੀਟਰ ਜੋੜੀ ਬਦ-ਬੂ-ਦਾਰ ਤੇ ਗਰਮ ਪਾਣੀ ਵਾਲੀ ਹੈ, ਜਿਸ ਦਾ ਪ੍ਰਵਾਹ ਬਹੁਤ ਹੀ ਭਿਆਨਕ ਹੈ। ਜਿਸ ਨੂੰ ਪਾਰ ਕਰਨ ਲਈ ਬ੍ਰਹਾਮਣ ਨੂੰ ਗਊ ਦਾਨ ਕਰਨ ਦਾ ਵਿਧਾਨ ਹੈ ਤਾਂ ਜੋ ਆਤਮਾ, ਗਊ ਦੀ ਪੂਛਲ ਫੜ ਕੇ ਉਸ ਨਦੀ ਤੋਂ ਪਾਰ ਹੋ ਜਾਏ। ਅਜੇਹੀਆਂ ਕਾਲਪਨਿਕ, ਬੁੱਧ ਦੀ ਪਰਖ `ਤੇ ਪੂਰੀਆਂ ਨਾ ਉੱਤਰਨ ਵਾਲੀਆਂ ਮਿੱਥਾਂ ਨੂੰ ਜੋ ਗਪੌੜਿਆਂ ਤੋਂ ਵੱਧ ਕੁੱਝ ਵੀ ਨਹੀਂ, ਗੁਰੂ ਸਾਹਿਬ ਜੀ ਨੇ ਬਿਲਕੁਲ ਰੱਦ ਕੀਤਾ ਹੈ"। ਇਹ ਤੇ ਉਹ ਵਿਚਾਰ ਹਨ ਜਿਨ੍ਹਾਂ ਦੁਆਰਾ ਇਹ ਸਮਝਿਆ ਜਾ ਸਕਦਾ ਹੈ ਕਿ ਗੁਰੂ ਸਾਹਿਬ ਨੇ ਸ਼ਬਦਾਵਲੀ ਪੁਰਾਣੀ ਵਰਤੀ ਹੈ ਪਰ ਉਸ ਵਿੱਚ ਗਿਆਨ ਆਪਣਾ ਪਾਇਆ ਹੈ ਜੋ ਸੱਜਰੀ ਸਵੇਰ ਵਾਂਗ ਸਦਾ ਨਵਾਂ ਨਿਕੋਰ ਹੈ।

‘ਆਤਮਾ’ ਸਬੰਧੀ ਡਾਕਟਰ ਗੁਰਸ਼ਰਨਜੀਤ ਸਿੰਘ ਜੀ ਲਿਖਦੇ ਹਨ—ਕਿ "ਵੇਦਾਂਤ ਮਤ ਤੋਂ ਪ੍ਰਭਾਵਿਤ ਮਤ ਵਿਸ਼ਵਾਸ ਕਰਦੇ ਹਨ ਕਿ ਮਨੁੱਖ ਦੋ ਚੀਜ਼ਾਂ ਦਾ ਪੁਤਲਾ ਹੈ—ਸਰੀਰ ਅਤੇ ਆਤਮਾ। ਆਤਮਾ ਬਾਰੇ ਆਮ ਧਾਰਨਾ ਹੈ ਕਿ ਇਹ ਦਿਸਦੀ ਨਹੀਂ ਅਤੇ ਇਸਦਾ ਨਿਵਾਸ ਦਸਮ ਦੁਆਰ, ਹਿਰਦੇ ਜਾਂ ਮਨ ਵਿੱਚ ਹੈ। ਹਾਲਾਂ ਕਿ ਮਨ ਦਾ ਨਿਵਾਸ ਕਿੱਥੇ ਹੈ, ਇਹ ਵੀ ਕਿਸੇ ਨੂੰ ਪਤਾ ਨਹੀਂ? ਕਈ ਮਨ ਤੇ ਆਤਮਾ ਨੂੰ ਇੱਕ ਹੀ ਚੀਜ਼ ਮੰਨਦੇ ਹਨ। ਹਿਰਦਾ ਤਾਂ ਸਾਡੇ ਸਰੀਰ ਨੂੰ ਖ਼ੂਨ ਦੇਣ ਵਾਲਾ ਇੱਕ ਪੰਪ ਹੈ। ਤਾਂ ਫਿਰ ਆਤਮਾ ਦਾ ਟਿਕਾਣਾ ਦਸਮ ਦੁਆਰ ਹੀ ਰਹਿ ਸਕਦਾ ਹੈ। ਈਸਾਈ ਮਤ ਵਿੱਚ ਦੈਵੀ ਆਤਮਾ ਦਾ ਸੰਕਲਪ ਵੇਦਾਂਤਿਕ ਆਤਮਾ ਤੋਂ ਭਿੰਨ ਹੈ। ਆਮ ਸਿੱਖਾਂ ਨੂੰ ਗੁਰਬਾਣੀ—ਸਿਧਾਂਤ ਤਥਾ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਦੀ ਸਮਝ ਨਾ ਹੋਣ ਕਰਕੇ ਆਤਮਾ ਬਾਰੇ ਵੇਦਾਂਤ ਵਾਲੇ ਹੀ ਵਿਚਾਰਾਂ ਦੇ ਧਾਰਣੀ ਹਨ"।

ਡਾਕਟਰ ਗੁਰਸ਼ਰਨਜੀਤ ਸਿੰਘ ਜੀ ਅੱਗੇ ਲਿਖਦੇ ਹਨ--- "ਜਿਸ ਤਰ੍ਹਾਂ ਦੀ ਆਤਮਾ ਨੂੰ ਵੇਦਾਂਤ ਨੇ ਮੰਨਿਆ ਹੈ, ਉਸ ਵਿੱਚ ਬੁੱਧ ਮਤ, ਜੈਨ ਮਤ, ਈਸਾਈਅਤ ਅਤੇ ਇਸਲਾਮ ਦਾ ਕੋਈ ਵਿਸ਼ਵਾਸ ਨਹੀਂ। ਲਿਖਣ ਤੋਂ ਭਾਵ ਇਹ ਹੈ ਕਿ ਆਤਮਾ ਕੋਈ ਵਿਸ਼ਵ-ਵਿਆਪਕ ਵਿਸ਼ਵਾਸ ਨਹੀਂ ਅਤੇ ਨਾ ਹੀ ਇਸ ਨੂੰ ਮੰਨਣਾ ਧਰਮ ਲਈ ਕੋਈ ਜ਼ਰੂਰੀ ਸ਼ਰਤ ਹੈ। ਵਿਗਿਆਨਕ ਯੁੱਗ ਵਿੱਚ ਆਤਮਾ ਨੂੰ ਪੰਰਪਰਾ ਅਨੁਸਾਰ ਮੰਨਣ ਦਾ ਕੋਈ ਅਧਾਰ ਨਹੀਂ। ਹਾਂ, ਗੁਰਬਾਣੀ ਨੇ ਜਿਸ ਅਰਥ ਵਿੱਚ ਆਤਮਾ ਦੀ ਗੱਲ ਕੀਤੀ ਹੈ, ਉਹ ਪ੍ਰਚੱਲਤ ਮੁਹਾਵਰਾ ਤਾਂ ਹੈ ਹੀ, ਸਗੋਂ ਇਸ ਨੂੰ ਮਨੁੱਖੀ ਚੇਤਨਾ ਵਿੱਚ ਹੀ ਲਿਆ ਗਿਆ ਹੈ। ਇਸ ਨੂੰ ਅੰਗਰੇਜ਼ੀ ਵਿੱਚ ਸੈਲਫ ਵੀ ਕਿਹਾ ਹੈ। ਇਹ ਚੇਤਨਾ ਹੀ ਮਨੁੱਖੀ ਜੀਵਨ ਦਾ ਅਧਾਰ ਹੈ, ਇਸ ਚੇਤਨਾ ਬਿਨਾ ਮਨੁੱਖ ਨਹੀਂ ਰਹਿ ਸਕਦਾ। ਮਨੁੱਖ ਦੀ ਇਸ ਚੇਤਨਾ ਵਿੱਚ ਅਸੀਮ ਸ਼ਕਤੀ ਹੈ, ਜਿਸ ਦੁਆਰਾ ਉਹ ਸਾਧਾਰਣ ਮਨੁੱਖ ਤੋਂ ਪਰਮ-ਮਨੁੱਖ ਜਾਂ ਦੇਵਤਾ ਬਣ ਸਕਦਾ ਹੈ। ਮਨੁੱਖ ਆਪਣੇ ਜੀਵਨ ਵਿੱਚ ਚੇਤਨਾ ਕਰਕੇ ਉੱਚੇ ਤੋਂ ਉੱਚਾ ਉੱਠਣ ਦਾ ਯਤਨ ਕਰਦਾ ਰਹਿੰਦਾ ਹੈ। ਇਹ ਮਨੁੱਖ ਨੂੰ ਪ੍ਰਗਤੀਸ਼ੀਲ ਬਣਾਉਂਦਾ ਹੈ। ਇਹ ਚੇਤਨਾ ਸਾਨੂੰ ਜੀਵਨ ਭਰ ਆਪਣੇ ਜੀਵਨ-ਮਨੋਰਥ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਪ੍ਰੇਰਨਾ ਦਿੰਦੀ ਰਹਿੰਦੀ ਹੈ। ਇਸ ਨੂੰ ‘ਜੋਤ ਸਰੂਪ’ ਅਤੇ ‘ਪਰਮਾਤਮਾ ਦੀ ਅੰਸ’ ਏਸੇ ਕਰਕੇ ਕਿਹਾ ਜਾਂਦਾ ਹੈ ਕਿ ਇਹ ਨਿਰੰਤਰ ਅਸੀਮ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੀ ਹੈ। ਸੁਚੇਤ ਗਿਆਨ ਤੋਂ ਬਿਨਾਂ ਮਨੁੱਖ ਖ਼ੁਦ ਨੂੰ ਸਰੀਰ ਮੰਨ ਕੇ ਝੁਰਦਾ ਰਹਿੰਦਾ ਹੈ। ਸਰੀਰ ਨਾਸ਼ਵਾਨ ਹੈ, ਸਰੀਰ ਰੋਗੀ ਹੋ ਸਕਦਾ ਹੈ, ਸਰੀਰ ਸੀਮਤ ਹੈ। ਜੋ ਸਰੀਰਿਕ ਸਤਹ ਉੱਪਰ ਜ਼ਿਉਂਦੇ ਹਨ ਉਹ ਸੁਆਰਥੀ, ਹਉਮੈ ਗ੍ਰਸਤ ਅਤੇ ਵਿਕਾਰਾਂ ਦੇ ਸ਼ਿਕਾਰ ਹੋ ਕੇ, ਆਪਣਾ ਜੀਵਨ ਹਾਰ ਬੈਠਦੇ ਹਨ। ਐਸੇ ਮਨੁੱਖਾਂ ਨੂੰ ਗੁਰਬਾਣੀ ਮਨੱਮੁਖ ਕਹਿੰਦੀ ਹੈ। ਇਸ ਤੋਂ ਉੱਲਟ ਗੁਰਮੁਖ ਉਸ ਮਨੁੱਖ ਨੂੰ ਕਿਹਾ ਹੈ ਕਿ ਜੋ ਹਊਮੈ ਦੀ ਥਾਂ ਹੁਕਮ ਵਿੱਚ ਜ਼ਿਉਂਦਾ ਹੈ, ਉਹ ਸੁਆਰਥ ਦੀ ਥਾਂ ਸਰਬੱਤ ਦੇ ਭਲੇ ਲਈ ਜ਼ਿਉਂਦਾ ਹੈ, ਉਹ ਆਪਣੇ ਅੰਦਰ ਛੁਪੀ ਅਸੀਮ ਸ਼ਕਤੀ ਦੀ ਪਛਾਣ ਕਰਕੇ, ਐਸੇ ਕਾਰਨਾਮੇ ਕਰ ਜਾਂਦਾ ਹੈ ਕਿ ਆਉਣ ਵਾਲੀਆਂ ਨਸਲਾਂ ਉਸ ਨੂੰ ਯਾਦ ਕਰਦੀਆਂ ਰਹਿੰਦੀਆਂ ਹਨ। ਉਹ ਸਰੀਰਿਕ ਬੰਧਨ ਤੋਂ ਮੁਕਤ ਹੋ ਕੇ ਸਭ ਲਈ ਜਿਊਣ ਦਾ ਮਨੋਰਥ ਬਣਾ ਕੇ, ਸਰਬਵਿਆਪਕ ਹੋ ਜਾਂਦਾ ਹੈ। ਉਸ ਨੂੰ ਅਮਰਤਾ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ"।

ਇਹ ਸਨ ਉਹਨਾਂ ਦੋ ਵਿਦਵਾਨਾਂ ਦੇ ਵਿਚਾਰ ਜਿਨ੍ਹਾਂ ਨੇ ਗੁਰਬਾਣੀ ਨੂੰ ਨੇੜਿਓ ਹੋ ਕੇ ਤਕਿਆ, ਸਮਝਿਆ ਤੇ ਵਿਚਾਰਿਆ ਹੈ। ਹੁਣ ਭਾਈ ਕਾਹਨ ਸਿੰਘ ਜੀ ਨਾਭਾ ਦੇ ‘ਮਹਾਨ ਕੋਸ਼’ ਅਨੁਸਾਰ ‘ਆਤਮਾ’ ਦਾ ਵਿਸਥਾਰ ਦੇਖਣ ਦਾ ਯਤਨ ਕਰਾਂਗੇ।

‘ਆਤਮਨ’ --ਜਿਸ ਦੁਆਰਾ ਜਾਣੀਏ, ਗਿਆਨ ਦਾ ਅਧਾਰ ਰੂਪ, ਅਥਵਾ—ਜਿਸ ਨੂੰ ਗੁਰ-ਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ, ਜੀਵ-ਆਤਮਾ, ਰੂਹ, ਇਹ ਪ੍ਰਾਣੀਆਂ ਵਿੱਚ ਤਤਵ ਹੈ, ਜੋ ਅਨੇਕਾਂ ਚੇਸ਼ਟਾਂ ਦਾ ਕਾਰਣ ਹੈ, ਮਨੁੱਖਾਂ ਵਿੱਚ ਇਹ ਉਹ ਹਸਤੀ ਹੈ, ਜਿਸ ਤੋਂ ਮੈਂ ਮੇਰੀ ਦਾ ਬੋਧ ਹੁੰਦਾ ਹੈ, ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿਚ, ਕਿਸੇ ਨੇ ਦਿਮਾਗ਼ ਵਿਚ, ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ। ਨਿਆਂਏ ਮਤ ਨੇ ‘ਆਤਮਾ’ ਦਾ ਲੱਛਣ ਕੀਤਾ ਹੈ ਕਿ ਇੱਛਾ ਦੁੱਖ ਸੁੱਖ ਗਿਆਨ ਹੋਣ ਆਦਿ ਧਾਰਣ ਵਾਲਾ ‘ਆਤਮਾ’ ਹੈ, ਅਰਥਾਤ ਜਿੱਥੇ ਇਹ ਓੱਥੇ ਸਮਝੋ ਕਿ ‘ਆਤਮਾ’ ਹੈ।




.