.

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ

ਗੁਰੂ ਅਰਜਨ ਸਾਹਿਬ ਨੇ ਪਹਿਲੇ ਪੰਜ ਗੁਰੂਆਂ ਦੀ ਬਾਣੀ ਇਕਤ੍ਰ ਕੀਤੀ ਤੇ ਗੁਰ ਵਿਅਕਤੀ ਦਾ ਨਾਮ ਦੱਸਣ ਲਈ ਮ: 1, ਮ: 2, ਮ: 3, ਮ: 4, ਮ: 5 ਪੋਥੀ ਵਿੱਚ ਲਿਖਵਾਇਆ। ਸਿੱਖ ਗੁਰੂਆਂ ਨੂੰ ਬਾਣੀ ਬ੍ਰਹਮ ਤੋਂ ਆਈ, ਤੇ ਬਾਣੀ ਵਿੱਚ ਇਕੋ ਇੱਕ ਸਦੈਵੀ ਹਸਤੀ, ਇੱਕ ਏਕੰਕਾਰ ਜੋਤਿ ਰੂਪ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਪੂਰਾ ਅਖਰੀ ਗਿਆਨ ਹੈ। ਸਿੱਖ ਗੁਰੂਆਂ ਨੂੰ ਬਾਣੀ ਗਿਆਨ ਧਿਆਨ ਵਿੱਚ ਆਈ। ਗੁਰੂ ਅਰਜਨ ਸਾਹਿਬ ਨੇ ਕਿਹਾ - ‘ਪੋਥੀ ਪਰਮੇਸਰੁ ਕਾ ਥਾਨ’, ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡ ਅਵਰ ਨ ਕੋਇ’, ‘ਬਾਣੀ ਗੁਰੂ ਗੁਰੂ ਹੈ ਬਾਣੀ’। ਗੁਰਬਾਣੀ ਵਿੱਚ ਪਾਰਬ੍ਰਹਮ ਨੂੰ ਅਨੁਭਵ ਕਰਨ ਲਈ ਗੁਰਉਪਦੇਸ਼ ਹੈ। ਪਾਰਬ੍ਰਹਮ ਦੀ ਸੂਝ-ਬੂਝ, ਅਨੁਭਵ, ਗੁਰਮਤਿ ਨਾਮ ਸਿਮਰਣ ਤੋਂ ਹੁੰਦਾ ਹੈ, ਆਤਮਕ ਵਿਸ਼ਾ ਹੈ, ਮਤ ਬੁਧ ਵਿਚਾਰ ਤੋਂ ਉਪਰ ਦਾ ਆਤਮਕ ਗਿਆਨ ਹੈ। ਗੁਰੂ ਨਾਨਕ ਸਾਹਿਬ ਨੇ ਸੱਤ ਪੁਰਖ ਨੂੰ ਦੇਖਿਆ ਹੈ ਤੇ ਉਸ ਦਾ ਗਿਆਨ ਬਖਸ਼ਿਆ ਹੈ।

ਸਤਿ ਪੁਰਖ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ।।

(ਪੰਨਾ 286, ਗੁਰੂ ਗ੍ਰੰਥ ਸਾਹਿਬ)

ਗੁਰੂ ਅਰਜਨ ਸਾਹਿਬ ਨੇ ਪੋਥੀ ਵਿੱਚ ਕੁੱਝ ਐਸੇ ਭਗਤਾਂ ਦੀ ਬਾਣੀ ਦਰਜ ਕਰਾਈ, ਜਿੰਨ੍ਹਾਂ ਨੇ ਪੂਰੇ ਸਤਿਗੁਰੂ ਤੋਂ ਉਪਦੇਸ਼ ਲੈ ਕੇ ਇਕੋ ਇੱਕ ਸਦੈਵੀ ਹਸਤੀ, ਜੋਤਿ ਰੂਪ ਦਾ ਜਾਪ ਸਿਮਰਣ ਅਰਾਧਨਾ ਕੀਤੀ ਤੇ ਪਰਮਪਦ ਤੇ ਪਹੁੰਚ ਗਏ, ਉਹ ਸਭ ਬ੍ਰਹਮ ਗਿਆਨੀ ਸਨ। ਐਸੇ ਭਗਤਾਂ ਤੇ ਬ੍ਰਹਮ ਵਿੱਚ ਕੋਈ ਭੇਦ ਨਹੀਂ।

ਬ੍ਰਹਮ ਗਿਆਨੀ ਆਪਿ ਨਿਰੰਕਾਰੁ।।

(ਪੰਨਾ 274, ਗੁਰੂ ਗ੍ਰੰਥ ਸਾਹਿਬ)

ਬ੍ਰਹਮ ਗਿਆਨੀ ਜਨਮ ਮਰਨ ਵਿੱਚ ਨਹੀਂ, ਸਦ ਜੀਵਤ ਹੈ, ਅਬਿਨਾਸੀ ਹੈ, ਸਦਾ ਆਨੰਦ ਦੀ ਹਾਲਤ ਵਿੱਚ ਸੰਸਾਰ ਵਿੱਚ ਜਿਊਂਦਾ ਹੈ। ਬਾਣੀ ਇਹ ਵੀ ਸਮਝਾਉਂਦੀ ਹੈ ਕਿ ਬਾਣੀ ਵਿੱਚ ਉਪਦੇਸਿਆ ਨਾਮ ਧਰਮ ਚਹੁ ਜੁਗਾਂ ਵਿੱਚ ਸੀ ਤੇ ਜੋ ਵੀ ਭਗਤ-ਜਨ ਕਿਸੇ ਸਮੇਂ ਵੀ ਪਰਮ ਪਦ ਤਕ ਪਹੁੰਚੇ, ਉਹਨਾਂ ਨੇ ਇਹ ਮਰਾਤਬਾ ਨਾਮ ਧਰਮ ਤੇ ਚਲ ਕੇ ਹੀ ਪਾਇਆ।

ਹਰਿਮੰਦਰ ਸਾਹਿਬ ਵਿੱਚ ਪੋਥੀ ਦਾ ਪ੍ਰਕਾਸ਼ ਨਿਤ ਨੇਮ ਨਾਲ ਹੁੰਦਾ ਸੀ। ਗੁਰੂ ਅਰਜਨ ਸਾਹਿਬ ਤੇ ਸੰਗਤ ਪੋਥੀ ਨੂੰ ਮੱਥਾ ਟੇਕ ਕੇ ਨਿਤ ਨੇਮ ਨਾਲ ਦੀਵਾਨ ਸਜਾਉਂਦੇ ਸਨ ਤੇ ਹਰਿ ਜਸ ਕਰਦੇ ਸਨ। ਗੁਰੂ ਅਰਜਨ ਸਾਹਿਬ ਤੋਂ ਬਾਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਬਾਣੀ ਰਚੀ। ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਾਈ। ਇਸ ਤਰ੍ਹਾਂ ਗ੍ਰੰਥ ਸੰਪੂਰਨ ਹੋਇਆ। ਸੰਭਵ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਰਚੀ ਹੁੰਦੀ ਤਾਂ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾ ਦਿੰਦੇ, ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਆਪਣੀ ਰਚੀ ਬਾਣੀ ਪੋਥੀ ਵਿੱਚ ਦਰਜ ਕਰਾਈ।

ਦਸ ਮਨੁੱਖੀ ਜਾਮਿਆਂ ਵਿੱਚ ਗੁਰੂ ਜੀ ਚਰਨ ਪਾਹੁਲ ਦੇ ਕੇ ਗੁਰਦੀਖਿਆ ਦਿੰਦੇ ਸਨ ਤੇ ਸਿੱਖਿਆ ਦਿੰਦੇ ਸਨ, ਸ਼ੁਧ ਮਨ ਗੁਰਮੰਤ੍ਰ ਨਾਮ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਦਿੰਦੇ ਸਨ, ਜਿਸ ਨਾਲ ਇਕੋ ਇੱਕ ਹਸਤੀ ਅਕਾਲ ਪੁਰਖ ਦੀ ਅਰਾਧਨਾ ਹੁੰਦੀ ਹੈ। 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਹੁਲ ਦੀ ਥਾਂ ਖੰਡੇ ਦਾ ਅੰਮ੍ਰਿਤ ਤਿਆਰ ਕਰ ਕੇ ਗੁਰਦੀਖਿਆ ਦਾ ਵਿਧਾਨ ਪ੍ਰਚਲਤ ਕੀਤਾ।

* ਤਿਨ੍ਰਾ ਮਿਲਿਆ ਗੁਰੂ ਆਇ ਜਿਨ ਕਉ ਲੀਖਿਆ।।

ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ।।

(ਪੰਨਾ 729, ਗੁਰੂ ਗ੍ਰੰਥ ਸਾਹਿਬ)

* ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ।।

(ਪੰਨਾ 321, ਗੁਰੂ ਗ੍ਰੰਥ ਸਾਹਿਬ)

* ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ।।

ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ।।

(ਪੰਨਾ 791, ਗੁਰੂ ਗ੍ਰੰਥ ਸਾਹਿਬ)

(ਗੁਰਮੰਤ੍ਰ ਨਾਮ ਤੋਂ ਇਲਾਵਾ ਹੋਰ ਕਿਸੇ ਦੀ ਅਰਾਧਨਾ, ਸਿਫਤ ਸਾਲਾਹ ਦੂਜੀ ਕਾਰ ਹੈ - ਇਸ ਤਰ੍ਹਾਂ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।)

ਦਸ ਪਾਤਸ਼ਾਹੀਆਂ ਦੀ ਸ਼ਖ਼ਸੀਅਤ ਗੁਰੂ ਰੂਪ ਗੁਰਬਾਣੀ ਤੋਂ

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਾਕੁ ਕਹਾਯਉ।।

ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯੳ।।

(ਪੰਨਾ 1408, ਗੁਰੂ ਗ੍ਰੰਥ ਸਾਹਿਬ)

ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।।

(ਪੰਨਾ 1395, ਗੁਰੂ ਗ੍ਰੰਥ ਸਾਹਿਬ)

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਇੱਕ ਹੀ ਗੁਰੂ ਜੋਤਿ ਸੀ। ਸਭ ਦਾ ਉਪਦੇਸ਼ ਇੱਕ ਹੀ ਸੀ। ਗੁਰੂ ਸਤਿਗੁਰੂ ਤੇ ਪਾਰਬ੍ਰਹਮ ਪਰਮੇਸਰ ਵਿੱਚ ਕੋਈ ਭੇਦ ਨਹੀਂ।

ਗੁਰਦੇਵ ਸਤਿਗੁਰ ਪਾਹਬ੍ਰਹਮੁ ਪਰਮੇਸਰ

ਗੁਰਦੇਵ ਨਾਨਕ ਹਰਿ ਨਮਸਕਰਾ।।

(ਪੰਨਾ 250, ਗੁਰੂ ਗ੍ਰੰਥ ਸਾਹਿਬ)

ਗੁਰਬਾਣੀ, ਖਸਮ ਦੀ ਬਾਣੀ ਹੈ। ਗਿਆਨ ਧਿਆਨ ਵਿੱਚ ਧੁਰੋਂ ਆਈ ਹੈ। ਗੁਰਬਾਣੀ ਇੱਕੋ ਇੱਕ ਏਕੰਕਾਰ, ਜੋਤਿ ਦਾ ਗਿਆਨ ਬਖਸ਼ਦੀ ਹੈ।

ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿੱਚ ਆਈ।।

(ਪੰਨਾ 1243, ਗੁਰੂ ਗ੍ਰੰਥ ਸਾਹਿਬ)

ਜੈਸੀ ਮੈ ਆਵੈ ਖਸਮ ਕੀ ਬਾਣੀ

ਤੈਸੜਾ ਕਰੀ ਗਿਆਨੁ ਵੇ ਲਾਲੋ।।

(ਪੰਨਾ 722, ਗੁਰੂ ਗ੍ਰੰਥ ਸਾਹਿਬ)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।।

ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ।।

(ਪੰਨਾ 982, ਗੁਰੂ ਗ੍ਰੰਥ ਸਾਹਿਬ)

ਸਿੱਖ ਮਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਪਹਿਲੇ ਧਰਮ ਦੇ ਅਕੀਦੇ ਤਿਆਗਣੇ ਜ਼ਰੂਰੀ ਹਨ।

ਗੁਰੂ ਅੰਗਦ ਸਾਹਿਬ (ਪਹਿਲੇ ਭਾਈ ਲਹਿਣਾ ਜੀ), ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਦੇਵੀ ਦੇਵਤਿਆਂ ਦੇ ਉਪਾਸਕ ਸਨ ਤੇ ਹਰ ਸਾਲ ਤੀਰਥ ਯਾਤਰਾ ਲਈ ਆਪਣੇ ਜੱਥੇ ਸਮੇਤ ਜਾਂਦੇ ਸਨ। ਉਹਨਾਂ ਨੂੰ ਵੇਦਾਂ, ਸ਼ਾਸਤਰਾਂ, ਸਿੰਮ੍ਰਿਤੀਆਂ ਦਾ ਗਿਆਨ ਸੀ ਤੇ ਇਹਨਾਂ ਧਰਮ ਪੁਸਤਕਾਂ ਦੇ ਦੱਸੇ ਰਾਹ ਤੇ ਬ੍ਰਾਹਮਣੀ ਧਰਮ ਕਮਾਉਂਦੇ ਸਨ। ਇੱਕ ਵੇਰ ਉਹ ਯਾਤਰਾ ਨੂੰ ਜਾਂਦਿਆਂ ਰਸਤੇ ਵਿੱਚ ਕਰਤਾਰਪੁਰ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਏ। ਫਿਰ ਉਹ ਦੇਵੀ ਦੇ ਦਰਸ਼ਨਾਂ ਲਈ ਨਹੀਂ ਗਏ। ਗੁਰੂ ਸ਼ਰਨ ਆਉਣ ਤੋਂ ਬਾਦ, ਉਹ ਗੁਰੂ ਦਰਬਾਰ ਵਿੱਚ ਰਹੇ। ਭਾਈ ਲਹਿਣਾ ਜੀ ਨੇ ਆਪਣੇ ਵੇਦ ਸ਼ਾਸਤਰਾਂ ਸਿੰਮ੍ਰਿਤੀਆਂ ਵਾਲੇ ਧਰਮ ਵਿਸ਼ਵਾਸ ਤਿਆਗ ਦਿੱਤੇ ਤੇ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਰਹੇ, ਗੁਰਉਪਦੇਸ਼ ਸੁਣਿਆ ਤੇ ਮੰਨਿਆ ਤੇ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਨੂੰ ਗੁਰੂ ਜੋਤਿ ਸੌਂਪ ਕੇ ਗੁਰਗੱਦੀ ਤੇ ਬਿਠਾ ਕੇ ਉਹਨਾਂ ਨੂੰ ਗੁਰੂ ਅੰਗਦ ਕਿਹਾ। ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ, ਤੇ ਆਪ ਦੂਜੇ ਸਥਾਨ ਤੇ ਚਲੇ ਗਏ।

(ਗੁਰੂ) ਅਮਰਦਾਸ ਜੀ ਕਰਮਕਾਂਡੀ ਸਨ, ਵੀਹ ਵਾਰ ਗੰਗਾ ਇਸ਼ਨਾਨ ਲਈ ਗਏ। ਉਹਨਾਂ ਨੇ ਵੀ ਜਦੋਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਤਾਂ ਸਾਰੇ ਪਿਛਲੇ ਵਿਚਾਰ ਤਿਆਗ ਕੇ ਗੁਰਮਤਿ ਭਗਤੀ ਸਿਮਰਣ ਕੀਤਾ ਤੇ ਅੰਤ ਵਿੱਚ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਸੌਂਪੀ।

ਗੁਰੂ ਨਾਨਕ ਸਾਹਿਬ ਦੇ ਦਸਵੇਂ ਜਾਮੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਸਿਰ ਲੈ ਕੇ ਕੀਤੀ। ਪੰਜ ਪਿਆਰੇ ਹਿੰਦੂ ਪਰਿਵਾਰਾਂ ਦੇ ਉਚੀਆਂ ਨੀਵੀਆਂ ਜਾਤਾਂ ਦੇ ਸਿੱਖ ਸਨ। ਗੁਰੂ ਨਾਨਕ ਤੋਂ ਲੈ ਕੇ ਦਸਮ ਗੁਰੂ ਦੇ ਗੁਰਉਪਦੇਸ਼ ਅਨੁਸਾਰ ਜਿਸ ਨੇ ਸਿੱਖ ਮਤ ਵਿੱਚ ਦਾਖਲ ਹੋਣਾ ਹੈ, ਉਹ ਆਪਣੇ ਪਹਿਲੇ ਹਿੰਦੂ ਧਰਮ ਦੇ ਜਾਂ ਮੁਸਲਮਾਨੀ ਧਰਮ ਦੇ ਜਾਂ ਹੋਰ ਕਿਸੇ ਧਰਮ ਦੇ ਅਕੀਦੇ ਤਿਆਗੇ, ਤਾਂ ਹੀ ਉਹ ਸਹੀ ਗੁਰਮਤਿ ਰਾਹ ਤੇ ਚਲ ਕੇ ਪਰਮ ਗਤੀ ਪ੍ਰਾਪਤ ਕਰ ਸਕਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਦਾ ਪਾਠ ਕਰਕੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਪੰਜ ਪਿਆਰਿਆਂ ਨੂੰ ਪਿਲਾਇਆ, ਚਰਨ ਪਾਹੁਲ ਦੀ ਥਾਂ ਖੰਡੇ ਦੀ ਪਹੁਲ ਦਿੱਤੀ। ਸਾਡੇ ਕੋਲ ਇਤਿਹਾਸਕ ਜਾਣਕਾਰੀ ਨਹੀਂ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਬਾਣੀਆਂ ਦਾ ਪਾਠ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਕੀਤਾ। ਗੁਰੂ ਜੀ ਨੇ ਸਿੱਖ ਸੇਵਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰੂ ਨਾਨਕ ਸਾਹਿਬ ਦਾ ਗਿਆਰਵਾਂ ਰੂਪ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਹਮੇਸ਼ਾ ਗੁਰਬਾਣੀ ਗੁਰੂ ਰੂਪ ਵਿੱਚ ਉਪਦੇਸ਼ ਦਾਤਾ ਰਹਿਨਗੇ।। ਇਸ ਤਰ੍ਹਾਂ ਦੇਹ ਰੂਪ ਵਿੱਚ ਗੁਰੂ ਦੀ ਪ੍ਰਥਾ ਸਮਾਪਤ ਹੋਈ।

ਗੁਰਬਾਣੀ ਦਾ ਉਪਦੇਸ਼ ਹੈ:

ਸਚਾ ਸਤਿਗੁਰੂ ਸਚੀ ਬਾਣੀ ਜਿਨਿ ਸਚ ਵਿਖਾਲਿਆ ਸੋਈ।।

(ਪੰਨਾ 769, ਗੁਰੂ ਗ੍ਰੰਥ ਸਾਹਿਬ)

ਸਤਿਗੁਰੂ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।

(ਪੰਨਾ 304, ਗੁਰੂ ਗ੍ਰੰਥ ਸਾਹਿਬ)

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।

ਬਾਣੀ ਤ ਕਚੀਂ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।।

ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ।।

(ਪੰਨਾ 920, ਗੁਰੂ ਗ੍ਰੰਥ ਸਾਹਿਬ)

ਸਾਡੀ ਵਿਚਾਰ ਇਹਨਾਂ ਗੁਰਬਾਣੀ ਦੀਆਂ ਤੁਕਾਂ ਨੂੰ ਮੁਖ ਰਖ ਕੇ ਕੀਤੀ ਜਾਵੇਗੀ।

ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਰੂਪ ਵਿੱਚ ਬਾਣੀ ਪੜ੍ਹ ਕੇ ਖੰਡੇ ਦਾ ਅੰਮ੍ਰਿਤ ਤਿਆਰ ਕਰਨ, ਤੇ ਗੁਰੂ ਜੀ ਨੂੰ ਉਸੇ ਮਰਯਾਦਾ ਨਾਲ ਛਕਾਉਣ। ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦਾ ਅੰਮ੍ਰਿਤ ਪਾਨ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਜੇ।

ਹੁਣ ਗੁਰੂ ਗ੍ਰੰਥ ਸਾਹਿਬ ਗੁਰੂ ਹਨ ਤੇ ਅੱਗੇ ਨੂੰ ਵੀ ਹੋਣਗੇ। ਜੋ ਕੋਈ ਮਾਈ ਭਾਈ, ਕਿਸੇ ਧਰਮ ਦਾ, ਜਾਤੀ ਦਾ, ਮੁਲਕ ਦਾ, ਸਿੱਖ ਧਰਮ ਵਿੱਚ ਪਰਵੇਸ਼ ਕਰਨਾ ਚਾਹੇ, ਉਹ ਆਪਣੇ ਪਹਿਲੇ ਅਕੀਦੇ ਤੇ ਧਾਰਮਿਕ ਵਿਚਾਰ ਤਿਆਗ ਕੇ ਅੰਮ੍ਰਿਤ ਦੀ ਵਿਧੀ ਪੂਰਵਕ ਦਾਤ ਲੈ ਸਕਦਾ ਹੈ ਤੇ ਸਿੰਘ ਸਜ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਭ ਸੰਸਾਰ ਲਈ ਇਕੋ ਹੈ, ਇਸਨੂੰ ਸਮਝ ਕੇ ਕੋਈ ਵੀ ਲਾਭ ਉਠਾ ਸਕਦਾ ਹੈ। ਹਿੰਦੂ, ਮੁਸਲਮਾਨ, ਆਦਿ ਸਭ ਗੁਰਦੁਆਰੇ ਜਾ ਸਕਦੇ ਹਨ ਤੇ ਸਿੱਖਿਆ ਸਮਝ ਤੇ ਗ੍ਰਹਿਣ ਕਰ ਸਕਦੇ ਹਨ। ਗੁਰਸਿੱਖਾਂ ਨੂੰ ਕਿਸੇ ਨਾਲ ਕੋਈ ਵਿਤਕਰਾ ਨਹੀਂ। ਪਰਮਪਦ ਦੀ ਪ੍ਰਾਪਤੀ ਉਹਨਾਂ ਨੂੰ ਹੀ ਹੋ ਸਕਦੀ ਹੈ ਜੋ ਵਿਧੀ ਪੂਰਵਕ ਅੰਮ੍ਰਿਤ ਛੱਕ ਕੇ, ਗੁਰਮੰਤ੍ਰ ਨਾਮ ਲੈਣ, ਤਾਂ ਹੀ ਗੁਰਮੰਤ੍ਰ ਨਾਮ ਸ਼ਬਦ ਗੁਰੂ ਰੂਪ ਵਿੱਚ ਸਿੱਖ ਦੀ ਸਹਾਇਤਾ ਕਰਦਾ ਹੈ ਤੇ ਅਨੁਭਵੀ ਗਿਆਨ ਬਖਸ਼ਦਾ ਹੈ।

ਗੁਰਬਾਣੀ ਤੋਂ ਇਲਾਵਾ ਹੋਰ ਕਿਸੇ ਖ਼ਾਸ ਪੁਸਤਕ ਤੇ ਸ਼ਰਧਾ/ਭਾਵਨਾ ਰਖਣੀ ਤੇ ਸ਼ਰਧਾ ਧਾਰ ਕੇ ਪਾਠ ਕੀਰਤਨ ਧਿਆਨ ਆਦਿ ਗੁਰਸਿੱਖ ਲਈ ਵਰਜਿਤ ਹਨ। ਜਿਸ ਤਰ੍ਹਾਂ ਵੇਦ ਮਤ ਦੇ ਸੰਜਮ ਤੇ ਖਟ ਕਰਮ, ਬ੍ਰਹਮਚਰਯ, ਵਰਤ ਨੇਮ, ਤੀਰਥ ਇਸ਼ਨਾਨ, ਤੀਰਥਾਂ ਦਾ ਭਰਮਨ, ਗੁਰਮਤਿ ਵਿੱਚ ਕੋਈ ਅਹਿਮੀਅਤ ਨਹੀਂ ਰੱਖਦਾ।

ਤਟ ਤੀਹਥ ਦੇਵ ਦੇਵਾਲਿਆ ਕੇਦਾਰ ਮਬੁਰਾ ਕਾਸੀ।।

ਕੋਟਿ ਤੇਤੀਸਾ ਦੇਵਤੇ ਸਣੁ ਇੰਦੈ ਜਾਸੀ।।

ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟ ਦਰਸ ਸਮਾਸੀ।।

ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ।।

ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ।।

ਮੁਨਿ ਜੋਗੀ ਦਿਗੰਬਰਾ ਜਮੈ ਸਣ ਜਾਸੀ।।

ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ।।

ਥਿਰੁ ਪਾਰਬ੍ਰਰਮ ਪਰਮੇਸਰੋ ਸੇਵਕੁ ਥਿਰੁ ਹੋਸੀ।।

(ਪੰਨਾ 1100, ਗੁਰੂ ਗ੍ਰੰਥ ਸਾਹਿਬ)

(ਪਾਰਬ੍ਰਹਮ ਥਿਰ ਅਬਿਨਾਸੀ ਹੈ। ਸਿੱਖ ਸੇਵਕ ਗੁਰਮਤਿ ਭਗਤੀ ਕਰਕੇਅਬਿਨਾਸੀ ਹੋ ਜਾਂਦਾ ਹੈ।)

ਸਿੱਖ ਨੂੰ ਹੁਕਮ ਹੈ ਗ੍ਰਹਿਸਤ ਜੀਵਨ ਵਿੱਚ ਰਹੋ, ਪਰ ਨਾਰੀ ਨੂੰ ਮਾਂ ਧੀ ਭੈਣ ਦੀ ਨਜ਼ਰ ਨਾਲ ਤੱਕੋ, ਹਿੰਦੂ ਧਰਮ ਦੀਆਂ ਉਚੀਆਂ ਨੀਵੀਆਂ ਜਾਤੀਆਂ, ਬ੍ਰਾਹਮਣ ਖਤਰੀ ਵੈਸ਼ ਸ਼ੂਦਰ ਸਮਾਜ ਲਈ ਕਲੰਕ ਹਨ। ਵਰਣ ਵੰਡ ਨਾਲ ਸਮਾਜ ਕਮਜ਼ੋਰ ਹੁੰਦਾ ਹੈ, ਆਪਸੀ ਵੈਰ ਹੁੰਦਾ ਹੈ, ਸ਼ੂਦਰਾਂ ਵਿੱਚ ਹੀਨਤਾ ਦੀ ਭਾਵਨਾ ਆਉਂਦੀ ਹੈ, ਤੇ ਸਮਾਜ ਦਾ ਵੱਡਾ ਹਿੱਸਾ ਸਮਾਜਕ ਉਨਤੀ ਵਿੱਚ ਹਿੱਸਾ ਨਹੀਂ ਪਾ ਸਕਦਾ। ਉਥੇ ਹੀ ਬ੍ਰਾਹਮਣ ਨੂੰ ਹੰਕਾਰ ਦੀ ਭਾਵਨਾ ਆਉਂਦੀ ਹੈ, ਬ੍ਰਾਹਮਣ ਮਾਇਆ ਦਾ ਲੋਭੀ ਹੋ ਜਾਂਦਾ ਹੈ ਤੇ ਬਾਕੀ ਵਰਣ ਜਾਤੀਆਂ ਨੂੰ ਲੁੱਟਦਾ ਹੈ। ਅਭਿਮਾਨ ਤੇ ਦੂਜਿਆਂ ਨੂੰ ਨੀਵਾਂ ਸਮਝਣਾ ਪਰਮੇਸ਼ਰ ਦੀ ਭਗਤੀ ਵਿੱਚ ਰੁਕਾਵਟ ਹੈ। ਐਸੇ ਮਨੁੱਖ ਨੂੰ ਕਦੇ ਵੀ ਪਰਮਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੰਸਾਰ ਦੇ ਸਾਰੇ ਸੰਬੰਧੀਆਂ ਨੂੰ ਛੱਡ ਕੇ ਆਪਣੀ ਕਲਿਆਨ ਭਾਲਨ ਲਈ ਜੰਗਲਾਂ ਪਹਾੜਾਂ ਵਿੱਚ ਜਾਣਾ, ਮੜ੍ਹੀ ਮਸਾਣਾਂ ਵਿੱਚ ਵਾਸ ਕਰਨਾ, ਤਪ ਆਦਿ ਕਰਨੇ ਕਲਿਆਣਕਾਰੀ ਨਹੀਂ, ਸੱਚੇ ਨਾਮ ਧਰਮ ਦੇ ਵਿਰੁੱਧ ਕੁਰੀਤੀਆਂ ਹਨ। ਸਿੱਖ ਨੂੰ ਹੁਕਮ ਹੈ ਗ੍ਰਹਿਸਤ ਜੀਵਨ ਵਿੱਚ ਰਹੋ, ਧਰਮ ਦੀ ਕਿਰਤ ਕਰੋ, ਧਰਮ ਦੀ ਕਮਾਈ ਵਿਚੋਂ ਲੋੜਵੰਦਾਂ ਨੂੰ ਦਾਨ ਦਿਉ, ਅਵਗੁਣ ਵਿਕਾਰ, ਬੁਰਿਆਈਆਂ ਤਿਆਗੋ, ਗੁਣ ਧਾਰਨ ਕਰੋ, ਚੰਗੇ ਕਰਮ ਕਰੋ, ਸਤਸੰਗਤ ਵਿੱਚ ਜਾਓ, ਸ਼ੁਧ ਮਨ ਨਾਲ ਗੁਰਮਤਿ ਨਾਮ ਸਿਮਰਨ ਕਰੋ, ਸਤਿਗੁਰੂ ਦੀ ਅਰਾਧਨਾ ਕਰੋ - ਤਾਂ ਪਰਮਪਦ ਦੀ ਪ੍ਰਾਪਤੀ ਹੋ ਸਕਦੀ ਹੈ।

ਨਾਮ ਧਰਮ ਸੰਸਾਰ ਦੇ ਹੋਰ ਸਭ ਧਰਮਾਂ ਤੋਂ ਵਖਰਾ ਹੈ। ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਪੂਰੇ ਸਤਿਗੁਰੂ ਨਾਲ ਮੇਲ, ਸੀਖਿਆ ਦੀਖਿਆ, ਗੁਰਮੰਤ੍ਰ ਨਾਮ, ਗੁਰਸ਼ਬਦ, ਗੁਰਮਤਿ ਸਿਮਰਨ ਤੋਂ ਬਿਨਾ ਪਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ ਤੇ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।

ਸਭ ਦੇਵੀ, ਦੇਵਤੇ, ਅਵਤਾਰ, ਪੀਰ, ਪੈਗੰਬਰ ਜਨਮ-ਮਰਨ ਦੇ ਗੇੜ ਵਿੱਚ ਹਨ। ਇਹਨਾਂ ਚੋਂ ਜਿਸਨੇ, ਤੇ ਜਦੋਂ ਪੂਰੇ ਸਤਿਗੁਰੂ ਦੀ ਸ਼ਰਨ ਲਈ ਤਾਂ ਹੀ ਉਹ ਸੰਸਾਰ ਸਾਗਰ ਤੋਂ ਪਾਰ ਹੋਇਆ।

ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ।।

ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ।।

(ਪੰਨਾ 1100, ਗੁਰੂ ਗ੍ਰੰਥ ਸਾਹਿਬ)




.