.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਧਾੜ੍ਹਾਂ ਵਿਹਲੜਾਂ ਦੀਆਂ

ਹਾਂ ਜੀ! ਬੱਚੇ ਦੀ ਤਨਖਾਹ ਕਿੰਨੀ ਜੇ? "ਓਹ ਜੀ ਬੱਚੇ ਦੀ ਤਨਖਾਹ ਤਾਂ ਵੀਹ ਕੁ ਹਜ਼ਾਰ ਹੈ ਪਰ ਉਸ ਦਾ ਮਹਿਕਮਾ ਬਹੁਤ ਹੀ ਵਧੀਆ ਜੇ, ਕਿਉਂਕਿ ੳਸ ਨੂੰ ਕੰਮ ਕੋਈ ਨਹੀਂ ਹੈ। ਸਾਰਾ ਦਿਨ ਆਰਾਮ ਨਾਲ ਬੈਠ ਕੇ ਘਰ ਚਲਾ ਆਉਂਦਾ ਹੈ" ਇਹ ਸ਼ਬਦ ਮੁੰਡੇ ਦੇ ਪਿਉ ਨੇ ਪੂਰੀ ਹਿੱਕ ਫਿਲਾਅ ਕੇ ਕਹੇ, ਜਿਵੇਂ ਵਿਹਲੇ ਰਹਿਣਾ ਜੀਵਨ ਦੀ ਬੜੀ ਵੱਡੀ ਪਰਮ-ਪਦ ਪ੍ਰਾਪਤੀ ਹੋਵੇ। ਕਿਸੇ ਬੈਂਕ ਵਿੱਚ ਚਲੇ ਜਾਓ ਜੇ ਕੰਮ ਕਰਨ ਦਾ ਸਮਾਂ ਨੌਂ ਦਾ ਵਜੇ ਹੈ ਤਾਂ ਕਰਮਚਾਰੀ ਬੜੇ ਆਰਾਮ ਨਾਲ ਸਾਢੇ ਨੌਂ ਵਜੇ ਅਹਿਸਾਨ ਕਰਦਿਆਂ ਕੁਰਸੀ `ਤੇ ਬੈਠਦਿਆਂ ਹਾਕਮੀ ਲਹਿਜ਼ੇ ਵਿੱਚ ਕੌੜ ਮੱਝ ਵਾਂਗ ਝਾਕਦਿਆਂ ਤਹਾਨੂੰ ਟੋਕਨ ਦਏਗਾ ਪਰ ਕੈਸ਼ੀਅਰ ਜੀ ਤਾਂ ਅਜੇ ਵੀ ਮੈਨਜਰ ਦੇ ਕਮਰੇ ਵਿੱਚ ਬੈਠ ਕੇ ਉਸ ਦੇ ਬੂਟਾਂ ਦੀ ਸਿਫ਼ਤ ਕਰ ਰਿਹਾ ਹੁੰਦਾ ਹੈ। ਬਿਜਲੀ ਦਾ ਬਿੱਲ ਜਮ੍ਹਾ ਕਰਾਉਂਣ ਚਲੇ ਜਾਓ ਸਮੇਂ ਸਿਰ, ਪਰ ਕੈਸ਼ੀਅਰ ਮਟਕ ਨਾਲ ਹੀ ਆਪਣੀ ਕੁਰਸੀ `ਤੇ ਬਿਰਾਜਮਾਨ ਹੋਏਗਾ। ਕੰਮ ਨੂੰ ਰੂਹ ਨਾ ਕਰਦਿਆ ਹੋਇਆਂ ਵੀ ਤੁਹਾਡਾ ਬਿੱਲ ਫੜ ਕੇ ਨਾਲ ਦੇ ਨੂੰ ਪੁੱਛੇਗਾ, "ਕਿ ਯਾਰ ਰਾਤੀਂ ਪਾਰਟੀ ਵਿੱਚ ਸੋਡਾ ਸਮੇਂ ਸਿਰ ਨਹੀਂ ਪਾਹੁੰਚਿਆ, ਮੈਨੂੰ ਭਰਾਵਾ ਹਾਰਕੇ ਸੁੱਕੀ ਹੀ ਡੱਫਣੀ ਪਈ ਪਈ ਤੇ ਰਾਤ ਦੀ ਸੜਹਾਂਦ ਮੂੰਹ ਵਿਚੋਂ ਛੱਡਦਿਆਂ ਹੀਂ-ਹੀਂ-ਹੀਂ ਕਰਦਿਆਂ ਨਿਲੱਜਿਆਂ ਵਾਂਗ ਹੱਸ ਕੇ ਪੁੱਛ ਰਿਹਾ ਹੁੰਦਾ ਹੈ ਕਿ ਅੱਜ ਯਾਰ ਕਿੰਨੇ ਵਜੇ ਨਿਲਕਣਾ ਈਂ"।

ਜਨੀ ਕਿ ਕੰਮ ਕਰਨ ਨੂੰ ਵੱਢਿਆ ਰੂਹ ਨਾ ਕਰੇ ਉਸ ਨੂੰ ਵਿਹਲੜ ਕਿਹਾ ਗਿਆ ਹੈ। ਵਿਹਲੜ ਉਸ ਤਸਵੀਰ ਵਰਗਾ ਹੈ ਜੋ ਦੀਵਾਰ ਤੇ ਟੰਗੀ ਹੋਈ ਧੂੜ ਨਾਲ ਭਰੀ ਹੋਈ ਹੋਵੇ। ਵਿਹਲੜ ਉਸ ਟ੍ਰੇਨ ਦੇ ਚਿੱਤਰ ਵਰਗਾ ਹੈ ਜੋ ਕਿਸੇ ਦੀਵਾਰ `ਤੇ ਬਣਿਆ ਹੋਵੇ। ਵਿਹਲੜ ਝੋਨੇ ਦੇ ਉਸ ਨਦੀਨ ਵਰਗਾ ਹੈ ਜੋ ਪਾਈ ਹੋਈ ਸਾਰੀ ਖਾਦ ਨੂੰ ਖਾ ਜਾਏ। ਜੇ ਖਾਦ ਨਦੀਨ ਖਾ ਗਿਆ ਤਾਂ ਕੀ ਖੇਤ ਵਿਚੋਂ ਭਰਪੂਰ ਫਸਲ ਪੈਦਾ ਹੋ ਸਕਦੀ ਹੈ? ਵਿਹਲੜ ਉਸ ਫੋੜੇ ਵਰਗਾ ਹੈ ਸਦਾ ਹੀ ਰਿਸ ਰਿਸ ਕੇ ਬਦ-ਬੂ ਪੈਦਾ ਕਰਦਾ ਹੈ। ਵਿਹਲੜ ਉਸ ਛੱਪੜ ਦੇ ਖਲੋਤੇ ਪਾਣੀ ਵਰਗਾ ਹੈ ਜਿਸ ਵਿਚੋਂ ਸੜਹਾਂਦ ਆਉਂਦੀ ਹੋਵੇ।

ਸਭ ਤੋਂ ਵੱਧ ਵਿਹਲੜ ਧਰਮਾਂ ਨੇ ਪੈਦਾ ਕੀਤੇ ਹਨ। ਸਰਾਧ ਖਾਣ ਵਾਲੇ ਮੱਠਾਂ ਵਿੱਚ ਰਹਿਣ ਵਾਲੇ, ਮੁਫਤ ਦੇ ਭੰਡਾਰਿਆਂ ਨਾਲ ਪੇਟ ਭਰਨ ਵਾਲੇ, ਧਾਰਮਿਕ ਅਸਥਾਨਾਂ ਦੇ ਬਾਹਰ ਬੈਠ ਕੇ ਮੰਗਣ ਵਾਲੇ ਤੇ ਹਰ ਮੋੜ ਤੇ ਝੁੰਡਾਂ ਦੇ ਝੁੰਡ ਵਿਹਲੜੇ ਗੱਪਾਂ ਮਾਰਦੇ ਨਜ਼ਰ ਆਉਂਦੇ ਹਨ। ਵਿਹਲੜ ਮਨੁੱਖ ਦਾ ਆਪਣੇ ਸਮਾਜ ਨੂੰ ਕੋਈ ਵੀ ਯੋਗ ਦਾਨ ਨਹੀਂ ਹੈ। ਸੰਸਾਰ ਦੀਆਂ ਕੁੱਝ ਖੇਢਾਂ ਵੀ ਅਜੇਹੀਆਂ ਹਨ ਜਿਸ ਨਾਲ ਵਿਹਲੜਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਕ੍ਰਿਕਟ ਗ਼ਰੀਬ ਮੁਲਕਾਂ ਦੀ ਖੇਢ ਨਹੀਂ ਹੈ, ਇਹ ਤੇ ਅਮੀਰ ਮੁਲਕਾਂ ਦੇ ਚੋਚਲੇ ਨੇ ਜੋ ਸਾਰਾ ਸਾਰਾ ਦਿਨ ਵਿਹਲੇ ਬੈਠ ਕੇ ਦੇਖਦੇ ਰਹਿਣ। ਭਾਰਤ ਵਰਗੇ ਗ਼ਰੀਬ ਮੁਲਕ ਵਿੱਚ ਇਸ ਖੇਢ ਦਾ ਪਰਦਰਸ਼ਨ ਹੋਣ ਨਾਲ ਵਿਹਲੜਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਇਆ ਹੈ। ਜਦੋਂ ਕਦੇ ਵੀ ਇਸ ਨਾ ਮੁਰਾਦ ਬਿਮਾਰੀ ਕ੍ਰਿਕਟ ਦਾ ਮੈਚ ਹੁੰਦਾ ਹੋਵੇ ਤਾਂ ਓਦੋਂ ਕਿਸੇ ਵੀ ਮਹਿਕਮੇ ਦਾ ਕੋਈ ਵੀ ਕੰਮ ਸਮੇਂ ਅਨੁਸਾਰ ਨਹੀਂ ਹੁੰਦਾ।

ਸਵਾ ਸੌ ਕ੍ਰੋੜ ਦੀ ਅਬਾਦੀ ਵਾਲੇ ਮੁਲਕ ਵਿਚੋਂ ਕੇਵਲ ਤਿੰਨ ਜਾਂ ਚਾਰ ਤਮਗ਼ੇ ਆ ਜਾਣਾ ਇੰਜ ਲੱਗਦਾ ਹੈ ਜਿਵੇਂ ਕਿਸੇ ਨੇ ਕੋਦੂ ਵਿੱਚ ਤੀਰ ਮਾਰ ਦਿੱਤਾ ਹੋਵੇ। ਅਮਰੀਕਾ ਵਰਗੇ ਮੁਲਕ ਵਿੱਚ ਇੱਕ ਖਿਢਾਰੀ ਅੱਠ ਤਮਗ਼ੇ ਜਿੱਤ ਕੇ ਜਾਂਦਾ ਹੈ ਤਾਂ ਉਹ ਅਰਾਮ ਨਾਲ ਹੀ ਏਅਰ ਪੋਰਟ ਤੋਂ ਉੱਤਰ ਕੇ ਅਰਾਮ ਨਾਲ ਹੀ ਆਪਣੇ ਘਰ ਚਲਾ ਜਾਂਦਾ ਹੈ। ਕਿਉਂਕਿ ਉਹ ਮੁਲਕ ਆਪਣੇ ਦੇਸ਼ ਦੇ ਹਰ ਖਿਡਾਰੀ ਨੂੰ ਉਹ ਮੁੱਢਲੀ ਹਰ ਸਹੂਲਤ ਦੇਂਦੇ ਹਨ ਜੋ ਉਸ ਨੂੰ ਚਾਹੀਦੀ ਹੋਵੇ। ਇਹ ਨਹੀਂ ਕਿ ਉਸ ਦਾ ਮਾਣ ਸਨਮਾਨ ਨਹੀਂ ਹੁੰਦਾ, ਉਸ ਦਾ ਪੂਰਾ ਮਾਣ ਸਤਿਕਾਰ ਹੁੰਦਾ ਹੈ ਪਰ ਬਾਂਦਰ-ਖ਼ੌਰੂ ਨਹੀਂ ਪਾਇਆ ਜਾਂਦਾ। ਹਾਰ ਜਿੱਤ ਤਾਂ ਬਣੀ ਹੀ ਹੁੰਦੀ ਹੈ ਪਰ ਸਾਡੇ ਮੁਲਕ ਦਾ ਰਿਵਾਜ ਉਲਟ ਹੈ। ਵਿਹਲੜਾਂ ਦੀਆਂ ਧਾੜਾਂ ਹੋਣ ਕਰਕੇ ਜੇ ਟੀਮ ਹਾਰ ਕੇ ਆਉਂਦੀ ਹੈ ਤਾਂ ਵੀ ਵਿਹਲੜ ਧਾੜਾਂ ਦੀਆਂ ਧਾੜਾਂ ਏਰਿਆ ਪੋਰਟ `ਤੇ ਖੇਢਾਰੀਆਂ ਨੂੰ ਦੁਰ-ਲਾਹਨਤ ਕਰਨ ਲਈ ਬਿਨਾ ਸੋਚੇ ਸਮਝੇ ਟਮਾਟਰ ਫੜ ਕੇ ਤੁਰ ਪੈਂਦੀਆਂ ਹਨ। ਜੇ ਜਿੱਤ ਕੇ ਆਉਂਦੇ ਹਨ ਤਾਂ ਬਾਂਦਰ ਟਪੂਸਣੀਆਂ ਮਾਰਦਿਆਂ ਹੋਇਆਂ ਤਦ ਵੀ ਇੱਕ ਦੂਜੇ ਦੇ ਪੈਰ ਮਲ਼ੀ ਜਾਣਗੇ। ‘ਮਾਮੇ ਕੰਨੀ ਨੱਤੀਆਂ ਭਣੇਵਾਂ ਆਕੜਿਆ ਫਿਰੇ ਦੇ’ ਅਖਾਣ ਵਾਂਗ ਉਂਗਲ਼ ਕਿਸੇ ਨੇ ਹਿਲਾ ਕੇ ਤਮਗ਼ਾ ਲਿਆਂਦਾ ਪਰ ਕਿਲ ਕਿਲ ਕੇ ਨਾਹਰੇ ਕੋਈ ਹੋਰ ਹੀ ਲਗਾ ਰਿਹਾ ਹੈ। ਇਹਨਾਂ ਵਿਹਲੜਾਂ ਦਾ ਹਜੂਮ ਇਕੱਠਾ ਹੋ ਜਾਂਦਾ ਹੈ ਕਿ ਉਸ ਵਿਚਾਰੇ ਨੂੰ ਆਪਣੇ ਘਰ ਦਾਖਲ ਹੋਣ ਵਾਸਤੇ ਵੀ ਪੁਲੀਸ ਦਾ ਪ੍ਰਬੰਧ ਕਰਨਾ ਪੈਂਦਾ ਹੈ। ਜੇ ਕੋਈ ਜਿੱਤ ਕੇ ਆਉਂਦਾ ਹੈ ਤਾਂ ਕਿਹੜਾ ਕਿਸੇ ਸਵਰਗ ਦਾ ਦਰਵਾਜ਼ਾ ਖੁਲ੍ਹ ਜਾਣਾ ਹੈ ਤੇ ਜੇ ਕੋਈ ਹਾਰ ਕੇ ਆਉਂਦਾ ਹੈ ਤਾਂ ਕਿਹੜਾ ਕੋਈ ਨਰਕ ਦੀ ਪ੍ਰਾਪਤੀ ਹੋ ਜਾਣੀ ਹੈ ਇਹ `ਤੇ ਖੇਢ ਹੈ ਕਿਸੇ ਨਾ ਕਿਸੇ ਤੇ ਹਾਰਨਾ ਹੁੰਦਾ ਹੀ ਹੈ। ਸਭ ਤੋਂ ਵਧ ਅੱਜ ਦਾ ਮੀਡੀਆ ਰੌਲ਼ਾ ਪਾ ਪਾ ਕੇ ਵਿਹਲੜਾਂ ਦੀਆਂ ਭੀੜਾਂ ਜੁਟਾ ਰਿਹਾ ਹੈ।

ਜਿਹੜੀਆਂ ਸਹੂਲਤਾਂ ਖਿਡਾਰੀਆਂ ਨੂੰ ਪਹਿਲਾਂ ਮਿਲਣੀਆਂ ਚਾਹੀਦੀਆਂ ਸਨ ਉਹ ਤੇ ਮਿਲੀਆਂ ਨਹੀਂ, ਪਰ ਜੇ ਮਾੜਾ ਮੋਟਾ ਤਮਗ਼ਾ ਜਿੱਤ ਕੇ ਆਇਆ ਹੈ ਉਸ ਨੂੰ ਸ਼ਾਬਾਸ਼ਾ ਅਜੇਹੀ ਦਿੱਤੀ ਜਾਂਦੀ ਹੈ ਕਿ ਉਹ ਵੀ ਅਭਿਆਸ ਛੱਡ ਬੈਠਦਾ ਹੈ ਕਿ ਹੁਣ ਤਮਗ਼ਾ ਤਾਂ ਆ ਗਿਆ ਹੈ ਤੇ ਅਗਾਂਹ ਵੀ ਆਪਣੇ ਆਪ ਹੀ ਆ ਜਾਣਾ ਹੈ। ਵਿਹਲੜ ਇਕੱਠੇ ਹੋ ਕੇ ਵੱਧ ਤੋਂ ਵੱਧ ਉਸ ਦਾ ਸਨਮਾਨ ਕਰਕੇ ਉਸ ਪਾਸੋਂ ਵਾਅਦਾ ਲੈ ਲੈਂਦੇ ਹਨ ਕਿ ਭਰਾਵਾ ਅਗਾਂਹ ਅਜੇਹੀ ਗ਼ਲਤੀ ਨਾ ਕਰੀਂ, ਇਹ ਤਮਗ਼ੇ ਵਾਲੀ ਜਿੱਤ ਇੱਕ ਵਾਰ ਹੀ ਠੀਕ ਹੁੰਦੀ ਹੈ।

ਇੰਜ ਲੱਗਦਾ ਹੈ ਕਿ ਸਾਡੇ ਮੁਲਕ ਦਾ ਸਭਿਆਚਾਰ ਹੀ ਵਿਹਲੜਾਂ ਦਾ ਹੋਵੇ। ਧਰਮਾਂ ਦੀ ਦੁਨੀਆਂ ਵਿੱਚ ਸਭ ਤੋਂ ਵੱਧ ਵਿਹਲੜ ਮਨੁੱਖ ਤੁਹਾਨੂੰ ਮਿਲ ਜਾਣਗੇ। ਅੱਜ ਧਰਮ ਦੀ ਵਿਆਖਿਆ ਹੀ ਇਹ ਬਣ ਗਈ ਹੈ ਕਿ ਜੋ ਵੱਧ ਤੋਂ ਵੱਧ ਭੀੜਾਂ ਜੁਟਾ ਸਕੇ। ਕੀਰਤਨ ਦਰਬਾਰਾਂ ਦੀਆਂ ਭੀੜਾਂ ਤੇ ਬਿਆਸਾ ਨੂੰ ਜਾਂਦਿਆਂ ਦੀਆਂ ਭੀੜਾਂ ਜੁਟਾ ਕੇ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਅਸੀਂ ਦੁਨੀਆਂ ਨਾਲੋਂ ਸਭ ਤੋਂ ਵੱਧ ਵਿਹਲੜ ਧਰਮੀ ਚੰਗੇ ਮਨੁੱਖਾਂ ਵਿੱਚ ਆਉਂਦੇ ਹਾਂ। ਸ਼ੋਭਾ ਯਾਤਰਾ, ਨਗਰ-ਕੀਰਤਨ, ਜਲੂਸਾਂ ਦੀਆਂ ਭੀੜਾਂ ਵਿਹਲੜਾਂ ਦੀ ਮੂੰਹ ਬੋਲਦੀ ਤਸਵੀਰ ਸਾਡੇ ਸਭ ਦੇ ਸਾਹਮਣੇ ਹੈ। ਅਸਲ ਵਿੱਚ ਅਸੀਂ ਕੰਮ ਨੂੰ ਤਰਜੀਹ ਨਹੀਂ ਦੇਂਦੇ ਪਰ ਵਿਹਲੇ ਰਹਿਣ ਨੂੰ ਤਰੱਕੀ ਦਾ ਰਾਹ ਮੰਨ ਬੈਠੇ ਹਾਂ। ਵਿਹਲੇ ਰਹਿਣ ਦੇ ਓਲ੍ਹੇ ਵਿੱਚ ਅਸਾਂ ਬਹੁਤ ਭਰਮ ਪਾਲ਼ ਲਏ ਹਨ। ਮਰ ਚੁੱਕੇ ਸਾਧੜਿਆਂ ਦੀਆਂ ਬਰਸੀਆਂ ਮਨਾਉਣੀਆਂ ਸੂਤਰ ਤੇ ਲੋਹੇ ਦੀਆਂ ਮਾਲ਼ਾ ਘੁਮਾਈ ਜਾਣੀਆਂ ਤੋਤਾ ਰਟਨ ਕਰੀ ਜਾਣਾ, ਅਜੇਹੇ ਕੰਮਾਂ ਵਿੱਚ ਵਿਹਲੇ ਰਹਿ ਕੇ ਬਹੁਤ ਹੀ ਖੁਸ਼ ਹੁੰਦੇ ਹਾਂ।

ਆਹ-ਹ-ਹ-ਅੱਜ ਤੇ ਸੱਚੀਂ ਮਜ਼ਾ ਆ ਗਿਆ ਉਹ ਢਿੱਢਲ਼ ਜੇਹਾ ਨੇਤਾ ਮਰ ਗਿਆ ਈ ਵੀਹ ਹੇਰਾ-ਫੇਰੀ ਦੇ ਕੇਸ ਉਸ `ਤੇ ਚੱਲਦੇ ਸੀ, ਛੁੱਟੀ ਹੋ ਗਈ ਚਲੋ ਸਿਨੇਮਾ ਹਾਲ ਵਿੱਚ ਫ਼ਿਲਮ ਦੇਖਣ ਚੱਲਦੇ ਹਾਂ। ਮਰੇ ਨੇਤਾ ਦੀਆਂ ਦੋ ਛੁੱਟੀਆਂ ਹੁਣ ਵੱਟ `ਤੇ ਪਈਆਂ ਜੇ ਇੱਕ ਜਨਮ ਦੀ ਤੇ ਦੂਜੀ ਮਰਨ ਦੀ। ਬੱਸ ਸਾਨੂੰ ਤਾਂ ਵਿਹਲਾ ਰਹਿਣ ਲਈ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ। ਸਾਡੇ ਮੁਲਕ ਦਾ ਸਭਿਆਚਾਰ ਹੀ ਇਹ ਬਣ ਗਿਆ ਹੈ ਵਿਹਲੇ ਰਹਿਣਾ। ਜਿਸ ਦਿਨ ਕੋਈ ਕੰਮ ਨਾ ਹੋਵੇ ਸਾਡੀਆਂ ਵੜਾਸ਼ਾਂ ਖਿੜ ਜਾਂਦੀਆਂ ਹਨ। ਇੱਕ ਅਫ਼ੀਸਰ ਪਾਸ ਬੈਠਿਆਂ ਉੱਚ ਕੋਟੀ ਦੇ ਨੀਚ ਵਿਚਾਰਾਂ ਵਾਲਾ ਨੇਤਾ ਆਪਣੇ ਕੇਸ ਸਬੰਧੀ ਗੱਲ ਕਰਨ ਆਇਆ, ਤੇ ਗੱਲਾਂ ਗੱਲਾਂ ਵਿੱਚ ਕਹਿਣ ਲੱਗਾ ‘ਸੱਠ ਕੁ ਲੱਖ ਰੁਪਇਆ ਮੈਨੂੰ ਇੱਕ ਮਹੀਨੇ ਦਾ ਕਰਾਇਆ ਆ ਜਾਂਦਾ ਹੈ’। ਪੁੱਛਿਆ ਏਨੇ ਪੇਸਿਆਂ ਦਾ ਕੀ ਕਰੋਗੇ ਤਾਂ ਅੱਗੋਂ ਕਹਿਣ ਲੱਗਾ ‘ਆਉਣ ਵਾਲੀਆਂ ਪੁਸ਼ਤਾਂ ਵਿਹਲੇ ਬੈਠ ਕੇ ਖਾਣਗੀਆਂ’ ਜਾਂ ਫਿਰ ਕੋਈ ਅਮਲੀ ਜੰਮ ਪਏਗਾ ਜੋ ਇਸ ਨੂੰ ਵਿਹਲਾ ਰਹਿ ਕੇ ਉਜਾੜ ਦਏਗਾ। ਅਸਲ ਵਿੱਚ ਵਿਹਲੇ ਬੈਠ ਕੇ ਖਾਣਾ ਇੱਕ ਮੁਕੰਮਲ ਸਰਾਪ ਹੈ।

ਮਰਦ ਪਰਧਾਨ ਮੁਲਕ ਵਿੱਚ ਦਫ਼ਤਰ ਵਿੱਚ ਵਿਹਲਾ ਬੈਠ ਕੇ ਵੀ ਘਰ ਆ ਕਿ ਆਪਣੀ ਘਰਵਾਲੀ ਨਾਲ ਹੱਥ ਵਟਾਉਣ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਉਸ ਨੇ ਕ੍ਰਿਕਟ ਦਾ ਮੈਚ ਦੇਖਣਾ ਹੁੰਦਾ ਹੈ ਜਾਂ ਯਾਰਾਂ ਨਾਲ ਬੈਠ ਕੇ ਤਾਸ਼ ਦੇ ਪੱਤਿਆਂ ਨੂੰ ਕੁੱਟਣਾ ਹੁੰਦਾ ਹੈ। ਨਵ-ਵਿਆਹੀ ਆਈ ਨੂੰਹ ਨੂੰ ਕੰਮ ਵਿੱਚ ਤੂੜ ਕੇ ਰੱਖਣਾ ਸੱਸ ਮਾਂ ਹਾਕਮ ਬਣ ਕੇ ਮੰਜੇ `ਤੇ ਵਿਹਲੀ ਬੈਠ ਕੇ ਹੁਕਮ ਚਲਾਉਣ ਲੱਗ ਪਏ, ਉਹ ਸੱਸ ਡਾਕਟਰਾਂ ਦਾ ਘਰ ਹੀ ਭਰੇਗੀ ਕਿਉਂਕਿ ਉਸ ਦੇ ਸਰੀਰ ਦੀ ਚਰਬੀ ਵੱਧ ਜਾਏਗੀ ਜੋ ਬਿਮਾਰੀਆਂ ਨੂੰ ਸੱਦੇ ਪੱਤਰ ਦੇਣ ਦੇ ਬਰਾਬਰ ਹੈ।

ਵਿਹਲੇ ਰਹਿਣ ਵਾਲੇ ਧਰਮ ਦੇ ਪੁਜਾਰੀਆਂ ਨੇ ਅਜੇਹਾ ਇਤਿਹਾਸ ਰਚਿਆ ਕਿ ਕਿਰਤੀ ਆਪਣੀ ਕਿਰਤ ਕਰੇ ਤੇ ਸਵਰਗ ਵਿੱਚ ਆਪਣੀ ਸੀਟ ਰਿਜ਼ਰਵ ਕਰਾਉਣ ਲਈ ਲੰਗਰਾਂ ਦਾ ਪ੍ਰਬੰਧ ਕਰੇ। ਕਹਿਣਗੇ ਜੀ ਵੇਖੋ ਨਾ ਵਿਹਲੜ ਸਾਧੂਆਂ ਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਲੰਗਰ ਛਕਾਇਆ ਸੀ। ਇਸ ਲਈ ਅਸੀਂ ਤੁਹਡੇ ਲਈ ਨਾਮ ਜੱਪਦੇ ਹਾਂ ਤੁਸੀਂ ਸਾਡੇ ਲਈ ਲੰਗਰ ਦਾ ਪ੍ਰਬੰਧ ਕਰੋ।

ਵਿਹਲੜ ਦਾ ਦੂਸਰਾ ਨਾਮ ਆਲਸੀ ਹੈ। ਕਹਿੰਦੇ ਨੇ ਇੱਕ ਰਾਜ ਵਿੱਚ ਆਲਸੀ ਵਿਹਲੜਾਂ ਦੀ ਗਣਤੀ ਦਿਨ-ਬ-ਦਿਨ ਵੱਧਦੀ ਜਾਂਦੀ ਸੀ। ਰਾਜੇ ਨੇ ਕਿਹਾ ਵਿਹਲੜ ਬਹੁਤ ਹੋ ਗਏ ਹਨ ਇਹਨਾਂ ਦਾ ਇਲਾਜ ਕਰਨਾ ਚਾਹੀਦਾ ਹੈ। ਸਿਆਣੇ ਵਜ਼ੀਰ ਨੇ ਆਪਣੇ ਮੁਲਕ ਦੇ ਸਾਰੇ ਵਿਹਲੜਾਂ ਨੂੰ ਇੱਕ ਥਾਂ `ਤੇ ਇਕੱਠਾ ਕਰਕੇ ਕਹਿ ਦਿੱਤਾ ਕਿ ਅੱਜ ਤੋਂ ਬਆਦ ਤੁਹਾਨੂੰ ਕੋਈ ਵੀ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਾਰੇ ਅਨੰਦ ਮਾਣੋ, ਜ਼ਿੰਦਗੀ ਦੀ ਹਰ ਸਹੂਲਤ ਤੁਹਾਨੂੰ ਰਾਜ ਸਰਕਾਰ ਵਲੋਂ ਦਿੱਤੀ ਜਾਏਗੀ। ਕੁੱਝ ਸਮਾਂ ਲੰਘਿਆ ਆਲਸੀ ਵਿਹਲੜਾਂ ਦੀ ਗਿਣਤੀ ਵੱਧਦੀ ਹੀ ਜਾਏ। ਵਿਹਲੜਾ ਦੀ ਸੰਖਿਆ ਨੂੰ ਘਟਾਉਣ ਲਈ ਰਾਜੇ ਨੇ ਵਿਹਲੜਾਂ ਵਾਲੀ ਥਾਂ ਨੂੰ ਅੱਗ ਲਗਾ ਦਿੱਤੀ। ਜਿਹੜੇ ਹਿੰਮਤੀ ਸਨ ਉਹ ਸਿਰ `ਤੇ ਪੈਰ ਰੱਖ ਕੇ ਉੱਠ ਭੱਜੇ ਪਰ ਸਹੀ ਅਰਥਾਂ ਵਿੱਚ ਵਿਹਲੜ ਆਲਸੀ ਸਨ ਉਹ ਸੜ ਕੇ ਮਰ ਗਏ। ਰਾਜੇ ਨੇ ਕਿਹਾ ਅੱਜ ਤੋਂ ਬਆਦ ਮੇਰੇ ਮੁਲਕ ਵਿੱਚ ਕੋਈ ਵੀ ਵਿਹਲੜ ਆਲਸੀ ਨਹੀਂ ਰਹੇਗਾ ਕਿਉਂਕਿ ਅਸਲੀ ਆਲਸੀ ਵਿਹਲੜ ਤਾਂ ਸੜ ਗਏ ਹਨ ਬਾਕੀ ਰਹਿੰਦੇ ਸਮੇਂ ਸਿਰ ਕੰਮ `ਤੇ ਆਉਣ ਨਹੀਂ ਤਾਂ ਇਹਨਾਂ ਫੜ ਕੇ ਸਾੜਿਆ ਜਾਏਗਾ।

ਜਿੱਥੇ ਧਰਮ ਨੇ ਵਿਹਲੜ ਲੋਕ ਪੈਦਾ ਕੀਤੇ ਹਨ ਓੱਥੇ ਰਾਜਨੀਤਿਕ ਲੋਕਾਂ ਨੇ ਵੀ ਵਿਹਲੜਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਜਲਸਾ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਹੋਵੇ ਜਾਂ ਕਾਂਗਰਸ ਪਾਰਟੀ ਦਾ ਹੋਵੇ ਜਾਂ ਫਿਰ ਕਾਲੀਆਂ ਦਾ ਹੋਵੇ ਪਰ ਵਿਹਲੜ ਲੋਕ ਤਾਂ ਉਹੀ ਹਨ ਜੋ ਸਾਰਿਆਂ ਜਲਸਿਆਂ ਦੀ ਹਾਜ਼ਰੀ ਵਧਾ ਕੇ ਆਪਣਾ ਜਨਮ ਸਫਲ਼ ਕਰਦੇ ਹਨ। ਇੱਕ ਲੀਡਰ ਨਾਲ ਚਾਲੀ ਪੰਜਾਹ ਵਿਹਲੜ ਚਾਪਲੂਸ ਤੁਰੇ ਫਿਰਦੇ ਹਨ। ਇੱਕ ਨੇਤਾ ਜਨ ਦੋ ਮਹੀਨੇ ਦੀ ਜਦੋ ਜਹਿਦ ਦੇ ਉਪਰੰਤ, ਕੁਰੱਪਸ਼ਨ ਦੇ ਕੇਸ ਵਿਚੋਂ ਜ਼ਮਾਨਤ ਕਰਾ ਕੇ ਜਦੋਂ ਜੇਹਲ ਵਿਚੋਂ ਬਾਹਰ ਆਉਂਦਾ ਹੈ ਤਾਂ ਵਿਹਲੜਾਂ ਦੀਆਂ ਧਾੜਾਂ ਆਪਣੇ ਮਹਿਬੂਰ ਨੇਤਾ ਦੇ ਦਰਸ਼ਨਾਂ ਦੀ ਇੱਕ ਝਲਕ ਲਈ ਘੰਟਿਆਂ ਬੱਧੀ ਰਸਤਾ ਰੋਕ ਕੇ ਉਸ ਦਾ ਸਵਾਗਤ ਕਰਨਾ ਬਹੁਤ ਵੱਡਾ ਪੁੰਨ ਸਮਝਦੇ ਹਨ। ਵਿਹਲੜਾਂ ਦੀਆਂ ਧਾੜਾਂ ਨੇ ਹੀ ਧਰਮ ਦੀ ਸੇਵਾ ਕਰਨ ਦੇ ਬਹਾਨੇ ਲੁਟਾਂ ਖੋਹਾਂ ਕੀਤੀਆਂ ਅੱਗਾਂ ਲਗਾਈਆਂ ਧਾਰਮਿਕ ਅਸਥਾਨ ਸਾੜੇ ਜਿੰਦਾ ਮਨੁੱਖਾਂ ਨੂੰ ਟੈਰ ਪਾ ਪਾ ਸਾੜਿਆ।

ਵਿਹਲੜ ਸਾਰਥਿਕ ਸੋਚ ਦੇ ਮਾਲਕ ਨਹੀਂ ਹੁੰਦੇ ਇਹ ਤੇ ਸਗੋਂ ਚੁਗਲੀ ਕਰਕੇ ਬਣਿਆ ਕੰਮ ਵਿਗਾੜ ਕੇ ਆਤਮਿਕ ਤ੍ਰਿਪਤੀ ਸਮਝਦੇ ਹਨ। ਇੱਕ ਵਿਦਵਾਨ ਪੁਰਸ਼ ਨੇ ਬਹੁਤ ਹੀ ਭਾਵ-ਪੂਰਤ ਟਿੱਪਣੀ ਕੀਤੀ ਹੈ, ਕਿਸੇ ਕੰਮ ਵਿੱਚ ਰੁੱਝੇ ਤੇ ਥੱਕੇ ਹੋਏ ਵਿਆਕਤੀ ਵਲ ਦੇਖੋ ਉਹ ਬੜਾ ਸਾਊ, ਭੋਲਾ, ਪਿਆਰਾ ਤੇ ਸੁੰਦਰ ਪ੍ਰਤੀਤ ਹੋਏਗਾ। ਕੰਮ ਕਰਨ ਵਾਲੇ ਹੀ ਕਿਸੇ ਦੇ ਕੰਮ ਆ ਸਕਦੇ ਹਨ। ਕੇਵਲ ਰੁੱਝੇ ਹੋਏ ਵਿਆਕਤੀ ਹੀ ਸਾਡੀ ਮਦਦ ਕਰ ਸਕਦੇ ਹਨ। ਜਿੱਥੇ ਮਨੁੱਖ ਦੀਆਂ ਸਾਰੀਆਂ ਸ਼ਕਤੀਆਂ ਕੰਮ ਉੱਤੇ ਕੇਂਦਰਿਤ ਹੋ ਜਾਣ, ਓੱਥੇ ਕੰਮ ਕਲਾ ਬਣ ਜਾਂਦੀ ਹੈ ਤੇ ਏਸੇ ਸਥਿੱਤੀ ਵਿੱਚ ਹੀ ਕਿਹਾ ਗਿਆ ਹੈ ਕਿ ਕੰਮ ਹੀ ਪੂਜਾ ਹੈ।

ਵਿਹਲੜ ਰਹਿਣਾ ਇੱਕ ਮਾਨਸਿਕ ਰੋਗ ਹੈ ਜੋ ਤਰੱਕੀ ਦੇ ਰਾਹ ਵਿੱਚ ਰੋੜਾ ਹੈ। ਵਿਹਲੇ ਮਨੁੱਖ ਆਪਣੀਆਂ ਕੌਮਾਂ ਨੂੰ ਬਰਬਾਦ ਕਰ ਦੇਂਦੇ ਹਨ। ਵਿਹਲਾ ਰਹਿਣ ਨੂੰ ਠੀਕ ਦੱਸਣ ਲਈ ਤੇ ਵਿਹਲੇ ਮਨ ਨੂੰ ਢਾਰਸ ਦੇਣ ਲਈ ਕਈ ਪਰਕਾਰ ਦੀਆਂ ਧਰਮ ਦੇ ਨਾਂ `ਤੇ ਦਲੀਲਾਂ ਦੇ ਢੇਰ ਲਗਾਏਗਾ। ਕਦੇ ਕਹੇਗਾ ਜੀ ਮੇਰੇ ਕਰਮਾਂ ਵਿੱਚ ਹੀ ਏਹੋ ਕੁੱਝ ਲਿਖਿਆ ਹੋਇਆ ਹੈ, ਕਦੇ ਕਹੇਗਾ ਜੀ ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਕਦੇ ਰੱਬ ਨੂੰ ਦੋਸ਼ ਦੇ ਕੇ ਆਪ ਮੁਕਤ ਹੋ ਜਾਏਗਾ। ਵਿਹਲਾ ਮਨ ਸ਼ੈਤਾਨ ਦਾ ਚਰਖਾ ਹੁੰਦਾ ਹੈ ਜੋ ਹਰ ਵੇਲੇ ਕਿਸੇ ਨਾ ਕਿਸੇ ਦਾ ਨੁਕਸਾਨ ਕਰਨ ਦਾ ਸੋਚਦਾ ਰਹਿੰਦਾ ਹੈ। ਵਿਹਲੜ ਗੰਦੀਆਂ ਰਜ਼ਾਈਆਂ ਵਿੱਚ ਹੀ ਉਂਗਲ਼ਾਈ ਜਾਣਾ ਪਸੰਦ ਕਰਦਾ ਹੈ।

ਉਦਾਸ, ਬੇ-ਜਾਨ, ਜ਼ਿੰਦਗੀ ਦੀ ਲੀਹ ਤੋਂ ਲੱਥੇ ਟੀ. ਵੀ. ਸੀਰੀਅਲਾਂ ਨੇ ਚੰਗੀਆਂ ਸੁਆਣੀਆਂ ਨੂੰ ਵੀ ਵਿਹਲਾ ਕਰ ਦਿੱਤਾ ਹੈ। ਜ਼ਿੰਦਗੀ ਦੀ ਸਭ ਤੋਂ ਬੁਰੀ ਆਦਤ ਵਿਹਲੇ ਰਹਿਣ ਦੀ ਹੈ।

ਜਿਹੜੇ ਰਾਹ ਵਿੱਚ ਹੌਂਸਲਾ ਹਾਰ ਬਹਿੰਦੇ,

ਉਹਨਾਂ ਚੁੰਮਣਾ ਕੀ ਨਿਸ਼ਾਨਿਆਂ ਨੂੰ।

ਜਿਹੜੇ ਆਪਣਾ ਆਪ ਨਹੀਂ ਬਦਲ ਸਕਦੇ,

ਉਹਨਾਂ ਬਦਲਣਾ ਕੀ ਜ਼ਮਾਨਿਆਂ ਨੂੰ।




.