.

ਜੇ ਸਿੱਖਾਂ ਦਾ ਸ਼ਬਦ ਗੁਰੂ ਇੱਕ ਤਾਂ ਦੁਬਿਧਾ ਕਿਉਂ?

ਅਵਤਾਰ ਸਿੰਘ ਮਿਸ਼ਨਰੀ (510) 432-5827

ਸਿੱਖਾਂ ਦਾ ਇੱਕ ਗੁਰੂ ਗ੍ਰੰਥ-ਇੱਕ ਪੰਥ-ਇੱਕ ਨਿਸ਼ਾਨ-ਇੱਕ ਵਿਧਾਨ। ਦੁਬਿਧਾਵਾਦੀਆਂ ਦੇ ਅਨੇਕ ਵਿਧਾਨ ਅਤੇ ਗੁਰੂ ਬਾਰੇ ਲਗੇ ਨੇ ਭੁਲੇਖੇ ਪਾਨ। ਅੱਖਾਂ ਖੋਲਣ ਅਤੇ ਅਟੱਲ ਵਿਸ਼ਵਾਸ਼ ਦੀ ਲੋੜ, ਨਹੀਂ ਤਾਂ ਭੇਖੀ ਸਾਧ ਅਤੇ ਸੰਪ੍ਰਦਾਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਹੋਰ ਦਸਮ ਗ੍ਰੰਥ ਵਰਗੇ ਮਿਥਿਹਾਸਕ ਅਤੇ ਬ੍ਰਾਹਮਣੀ ਗ੍ਰੰਥਾਂ ਦੀਆਂ ਗੱਦੀਆਂ ਪੱਕੀਆਂ ਕਰ ਦੇਣਗੇ।

ਅੱਜ 2008 ਸੰਨ ਦੇ ਅਕਤੂਬਰ ਮਹੀਨੇ ਵਿੱਚ ਜਿੱਥੇ ਸਾਰਾ ਸਿੱਖ ਜਗਤ, "ਸ਼ਬਦ ਗੁਰੂ" ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਸ਼ਤਾਬਦੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾ ਰਿਹਾ ਹੈ ਓਥੇ ਸੰਪ੍ਰਦਾਈ, ਅਖੌਤੀ ਟਕਸਾਲੀ, ਡੇਰੇਦਾਰ ਸਾਧ, ਬ੍ਰਾਹਣਵਾਦੀ ਸਿੱਖ ਲੀਡਰ ਅਤੇ ਉਨ੍ਹਾਂ ਦੇ ਪਿਛਲੱਗ ਤਖਤਾਂ ਦੇ ਅਖੌਤੀ ਜਥੇਦਾਰ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਇਸ ਦੇ ਵਿਰੁੱਧ ਬਿਕ੍ਰਮੀ ਸੰਮਤ ਅਨੁਸਾਰ ਮਨਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਜੋ ਬ੍ਰਾਹਮਣਵਾਦੀ ਮਿਥਿਹਾਸਕ ਕਹਾਣੀਆਂ, ਕਪੋਲ ਕਲਪਨਾ, ਮਾਰੂ ਨਸ਼ਿਆਂ ਅਤੇ ਕਾਮਕ ਵਿਕਾਰਾਂ ਦੀ ਗੰਦੀ ਕਵਿਤਾ ਨਾਲ ਨੱਕਾ ਨੱਕ ਭਰਿਆ ਪਿਆ ਹੈ, ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਜਿੱਥੇ ਗੁਰੂ ਦੀ ਬੇਅਦਬੀ ਕਰ ਰਹੇ ਹਨ ਓਥੇ ਸਿੱਖ ਕੌਮ ਦੀ ਵੱਖਰੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੋ ਕਨੇਡਾ ਨਿਵਾਸੀ ਸਰਦਾਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਕਈ ਸਾਲ ਬੜੀ ਸਖਤ ਮਿਹਨਤ ਕਰਕੇ ਤਿਆਰ ਕੀਤਾ ਅਤੇ ਕੌਮੀ ਪ੍ਰਵਾਨਗੀ ਨਾਲ ਸ੍ਰੀ ਅਕਾਲ ਤਖਤ ਤੋਂ ਲਾਗੂ ਕਰਵਾਇਆ ਸੀ ਦਾ ਵੀ ਕਤਲ ਕਰ ਰਹੇ ਹਨ।

ਬਹੁਤ ਸਾਰੇ ਦੇਸੀ ਅਤੇ ਵਿਦੇਸ਼ੀ ਇਤਿਹਾਸਕਾਰ ਇਸ ਗਲ ਨਾਲ ਸਹਿਮਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 1708 ਈਸਵੀ ਨੂੰ ਭਰੀ ਸੰਗਤ ਵਿੱਚ ਇਹ ਐਲਾਨ ਕਰਕੇ ਕਿ-ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਸਦੀਵ ਕਾਲ ਲਈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਵਾ ਕੇ ਸ਼ਬਦ ਗੁਰੂ ਥਾਪ ਕੇ ਸਦਾ ਲਈ ਸਾਰੇ ਭੁਲੇਖੇ ਦੂਰ ਕਰ ਦਿੱਤੇ। ਪਰ ਪੰਥ ਦੀ ਇੱਕਸਾਰਤਾ ਅਤੇ ਚੜ੍ਹਦੀ ਕਲਾ ਨੂੰ ਬ੍ਰਾਹਮਣਵਾਦੀ ਬਰਦਾਸ਼ਤ ਨਾ ਕਰ ਸੱਕੇ ਤਾਂ ਓਨਾਂ ਨੇ ਉਦਾਸੀਆਂ ਅਤੇ ਨਿਰਮਲਿਆਂ ਦੇ ਨਾਂ ਹੇਠ ਕੇਸਾਧਾਰੀ ਗੁਰਮਤਿ ਵਿਰੋਧੀ ਤੱਤਾਂ ਨੂੰ ਸਿੱਖਾਂ ਵਿੱਚ ਘਸੋੜ ਦਿੱਤਾ। ਉਸ ਵੇਲੇ ਮੁਗਲੀਆ ਹਕੂਮਤ ਸਿੱਖਾਂ ਵਿਰੋਧੀ ਹੋਣ ਕਰਕੇ ਉਨ੍ਹਾਂ ਨੂੰ ਜੰਗਲਾਂ ਬੇਲਿਆਂ ਵਿੱਚ ਰਹਿਣਾ ਪਿਆ ਅਤੇ ਘੋੜਿਆਂ ਦੀਆਂ ਕਾਠੀਆਂ ਹੀ ਸਿੰਘਾਂ ਦੇ ਘਰ ਬਣ ਗਏ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀਆਂ ਅਤੇ ਅਖੌਤੀ ਨਿਰਮਲੇ ਸਿੱਖਾਂ ਦੇ ਹੱਥ ਆ ਗਈ। ਇਨ੍ਹਾਂ ਵਿੱਚੋਂ ਹੀ ਅਖੌਤੀ ਟਕਸਾਲਾਂ ਪੈਦਾ ਹੋਈਆਂ ਕਿਉਂਕਿ ਗੁਰੂਆਂ ਨੇ ਕੋਈ ਟਕਸਾਲਾਂ ਜਾਂ ਸੰਪ੍ਰਦਾਵਾਂ ਨਹੀਂ ਸਨ ਚਲਾਈਆਂ ਸਗੋਂ ਕੇਵਲ ਸਿੱਖ ਮਾਰਗ-ਨਿਰਮਲ ਪੰਥ-ਖ਼ਾਲਸਾ ਪੰਥ ਸਾਜਿਆ ਸੀ।

ਫਿਰ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਮਹਾਂਰਾਜੇ ਨੇ ਸ਼ਰਧਾਵੱਸ ਸਾਰੇ ਧਰਮ ਅਸਥਾਨਾਂ ਦੀ ਖੁਲ੍ਹੀ ਸੇਵਾ ਕਰਵਾਈ ਅਤੇ ਜਗੀਰਾਂ ਵੀ ਨਾਂ ਲਵਾਈਆਂ। ਹੁਣ ਮਹੰਤ ਅਤੇ ਡੇਰੇਦਾਰ ਹੋਰ ਚਾਮਲ ਗਏ ਅਤੇ ਕਈ ਤਰ੍ਹਾਂ ਦੇ ਕਰਮਕਾਂਡ, ਮਰਯਾਦਾਵਾਂ, ਪਾਠਾਂ ਦੇ ਵਿਧੀ ਵਿਧਾਨ ਬਹੁਤੀ ਪੂਜਾ ਇਕੱਠੀ ਕਰਨ ਲਈ ਚਲਾ ਦਿੱਤੇ ਅਤੇ ਆਪਣੀ ਕਪੋਲ ਵਿਦਿਆ ਦਾ ਪ੍ਰਭਾਵ ਪਾਉਣ ਲਈ ਅਤੇ ਅਧੁਨਿਕ ਸਿੱਖ ਧਰਮ ਨੂੰ ਕਮਜੋਰ ਕਰਨ ਲਈ ਦੁਬਿਧਾ ਪੈਦਾ ਕਰਨ ਵਾਲੇ ਆਪਾ ਵਿਰੋਧੀ ਕਈ ਗ੍ਰੰਥ ਵੀ ਲਿਖ ਮਾਰੇ ਜਿਨ੍ਹਾਂ ਵਿੱਚੋਂ ਹੀ ਅਜੋਕਾ ਵਿਵਾਦੀ ਅਤੇ ਗੁਰੂ ਗ੍ਰੰਥ ਦਾ ਸ਼ਰੀਕ, ਨਸ਼ਿਆਂ ਅਤੇ ਨਜਾਇਜ ਢੰਗ ਨਾਲ ਪਰਾਈਆਂ ਔਰਤਾਂ ਅਤੇ ਮਰਦ ਭੋਗਣ ਉਪਦੇਸ਼ਕ ਅਖੌਤੀ ਦਸਮ ਗ੍ਰੰਥ ਵੀ ਹੈ। ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਹੁਕਮ "ਕਿ ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ" ਦੀਆਂ ਧੱਜੀਆਂ ਉਡਾਉਂਦੀਆਂ ਹੋਈਆਂ ਸਿਰਕੱਢ ਜਥੇਬੰਦੀਆਂ ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ, ਰਾੜੇ ਵਾਲੇ ਅਤੇ ਨਾਨਕਸਰੀ ਆਦਿਕ ਸਾਧ ਸਾਰੇ ਹੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਤੋਂ ਬੇਮੁਖਤਾ ਆਦਿਕ ਪਾਪਾਂ ਦੇ ਭਾਗੀ ਬਣਦੇ ਹੋਏ ਸਿੱਖ ਕੌਮ ਵਿੱਚ ਦੁਬਿਧਾ ਪਾਉਂਦੇ ਹੋਏ ਬ੍ਰਾਹਮਣਵਾਦ ਦਾ ਪ੍ਰਚਾਰ ਕਰ ਰਹੇ ਹਨ।

ਨੋਟ-ਹਰੇਕ ਕੌਮ ਅਤੇ ਧਰਮ ਦਾ ਆਪਣਾ ਗ੍ਰੰਥ ਅਤੇ ਵਿਧੀ ਵਿਧਾਨ ਹੁੰਦਾ ਹੈ। ਇਵੇਂ ਹੀ ਸਿੱਖ ਕੌਮ ਦਾ ਵੀ ਆਪਣਾ ਗ੍ਰੰਥ-ਗੁਰੂ ਗ੍ਰੰਥ ਸਾਹਿਬ ਅਤੇ ਵਿਧੀ ਵਿਧਾਨ ਸਿੱਖ ਰਹਿਤ ਮਰਯਾਦਾ ਹੈ ਪਰ ਅਜੋਕੇ ਅਖੌਤੀ ਜਥੇਦਾਰਾਂ, ਟਕਸਾਲੀਆਂ ਅਤੇ ਸਾਧਾਂ ਨੇ ਨਾਂ ਗ੍ਰੰਥ ਇੱਕ ਰਹਿਣ ਦਿੱਤਾ ਹੈ ਅਤੇ ਨਾਂ ਹੀ ਮਰਯਾਦਾ। 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਲੋਕਾਂ ਦਾ ਕਿਰਦਾਰ ਦੇਖੋ ਇਹ ਲੋਕ ਗੁਰੂ ਗ੍ਰੰਥ ਜੀ ਦਾ ਰੋਜ਼ਾਨਾਂ ਇਵੇਂ ਮਜ਼ਾਕ ਉਡਾਂਦੇ ਅਰਦਾਸ ਕਰਦੇ ਕਹਿੰਦੇ ਹਨ "ਗੁਰੂ ਮਾਨਿਓਂ ਗ੍ਰੰਥ" ਪਰ ਬਰਾਬਰ ਪ੍ਰਕਾਸ਼ ਅਖੌਤੀ ਦਸਮ ਗ੍ਰੰਥ ਦਾ ਕਰਦੇ ਤੇ ਹੁਕਮਨਾਮੇ ਉਸ ਗ੍ਰੰਥ ਵਿੱਚੋਂ ਵੀ ਲੈਂਦੇ ਹਨ ਕਿਉਂ? ਨਿਤਨੇਮ ਹੀ ਲੈ ਲਓ ਗੁਰਤਾ ਪ੍ਰਾਪਤ ਗ੍ਰੰਥ ਚੋਂ ਕੇਵਲ ਦੋ ਬਾਣੀਆਂ ਅਤੇ ਬ੍ਰਾਹਣਵਾਦੀ ਅਖੌਤੀ ਦਸਮ ਗ੍ਰੰਥ ਚੋਂ ਤਿੰਨ ਬਾਣੀਆਂ ਐਸਾ ਕਿਉਂ? ਅੰਮ੍ਰਿਤ ਸੰਚਾਰ ਵੇਲੇ ਵੀ ਅਜਿਹਾ ਹੀ ਕਰਦੇ ਹਨ ਕਿਉਂ? ਇਹ ਲੋਕ ਰਹਿਰਾਸ ਵੀ ਗੁਰੂ ਗ੍ਰੰਥ ਅਤੇ ਪੰਥ ਵਾਲੀ ਛੱਡ ਕੇ ਅਖੌਤੀ ਦਸਮ ਗ੍ਰੰਥ ਅਤੇ ਸੰਪ੍ਰਦਾਈ ਡੇਰੇਦਾਰਾਂ ਵਾਲੀ ਪੜ੍ਹਦੇ ਹਨ। ਸੰਗ੍ਰਾਂਦ, ਪੂਨਮਾਸ਼ੀ, ਮਸਿਆ, ਹੋਲੀ, ਲੋਹੜੀ ਅਤੇ ਦਸਹਿਰਾ ਆਦਿਕ ਦਿਨ ਦਿਹਾੜੇ ਅਤੇ ਤਿਉਹਾਰ ਸਨਾਤਨ ਧਰਮ ਵਾਲੇ ਹੀ ਗੁਰੂ ਘਰਾਂ ਵਿੱਚ ਮਨਾਈ ਜਾ ਰਹੇ ਹਨ ਕਿਉਂ? ਸ਼ਬਦ ਗੁਰੂ ਨੂੰ ਦੇਹਧਾਰੀ ਦੀ ਤਰ੍ਹਾਂ ਗਰਮ ਅਤੇ ਠੰਡੇ ਰੁਮਾਲੇ ਚੜ੍ਹਾ ਅਤੇ ਭੋਗ ਲਵਾ ਕੇ, ਸਮੱਗਰੀਆਂ ਅਤੇ ਧੂਫਾਂ ਧੁਖਾ ਕੇ ਪੂਜਾ ਕਰ ਰਹੇ ਹਨ ਕਿਉਂ? 300 ਸਾਲ ਗੁਰੂ ਦੇ ਨਾਲ ਪਰ ਮੂਰਤੀ ਪੂਜਾ ਵੀ ਕਰ ਰਹੇ ਹਨ। ਗੁਰੂ ਜਿਹੜੇ ਅਖੌਤੀ ਕਰਮਕਾਂਡਾਂ ਤੋਂ ਰੋਕਦਾ ਹੈ ਕਿ "ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨਿ ਜਮ ਜਾਗਾਤੀ ਲੂਟੈ" ਉਹ ਇਹ ਕਰ ਰਹੇ ਹਨ। ਫਿਰ 300 ਸਾਲ ਗੁਰੂ ਦੇ ਨਾਲ ਕਿਵੇਂ ਹੋਏ?

300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਸ਼ਰਧਾਵਾਨ ਵੀਰਾਂ ਨੂੰ ਕੁੱਝ ਸਵਾਲ

  • ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਜਾਂ ਦਸਮ ਗ੍ਰੰਥ ਨੂੰ ਵੀ?
  • ਕੀ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ? ਜੇ ਹੈ ਤਾਂ ਕੀ ਸਬੂਤ ਹੈ?
  • ਜੇ ਇਹ ਗ੍ਰੰਥ ਦਸ਼ਮੇਸ਼ ਰਚਨਾ ਹੈ ਤਾਂ ਉਨ੍ਹਾਂ ਦਾ ਆਪਣਾ ਨਾਂ ਵਿੱਚ ਕਿਉਂ ਨਹੀਂ ਅਤੇ ਨਾਂ ਹੀ ਬਾਕੀ ਗੁਰੂਆਂ ਵਾਂਗ ਨਾਨਕ ਨਾਮ ਦੀ ਮੋਹਰ ਹੀ ਹੈ ਐਸਾ ਕਿਉਂ?
  • ਇਸ ਗ੍ਰੰਥ ਵਿੱਚ ਨੌਵੇਂ ਗੁਰੂ ਦੀ ਸ਼ਹੀਦੀ ਤਾਂ ਤਿਲਕ ਜੰਝੂ ਦੀ ਖਾਤਰ ਵਰਣਿਤ ਹੈ ਪਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਦਾ ਜਿਕਰ ਤੱਕ ਕਿਉਂ ਨਹੀਂ?
  • ਜੇ ਦਸਮ ਗ੍ਰੰਥ ਗੁਰੂ ਦਾ ਹੈ ਤਾਂ ਦਸ਼ਮੇਸ਼ ਪਿਤਾ ਰਾਹੀਂ ਖੰਡੇ ਦੀ ਪਾਹੁਲ ਦੇ ਕੇ ਖ਼ਾਲਸਾ ਸਾਜਨ ਦੀ ਅਹਿਮ ਘਟਨਾਂ ਅਤੇ ਰਹਿਤ ਮਰਯਾਦਾ ਦਾ ਜਿਕਰ ਇਸ ਵਿੱਚ ਕਿਉਂ ਨਹੀਂ ਹੈ?
  • ਕੀ ਗੁਰੂ ਗੋਬਿੰਦ ਸਿੰਘ ਜੀ ਬਾਕੀ ਗੁਰੂਆਂ ਤੋਂ ਵੱਖਰੇ ਸਨ? ਕੀ ਉਨ੍ਹਾਂ ਆਪਣਾ ਵੱਖਰਾ ਪੰਥ ਚਲਾਇਆਂ ਸੀ? ਜੇ ਨਹੀਂ ਤਾਂ ਉਨ੍ਹਾਂ ਨੇ ਜੇ ਬਾਣੀ ਰਚੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਚੜ੍ਹਾਈ? ਜੇ ਉਹ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚੜ੍ਹਾ ਸਕਦੇ ਸਨ ਤਾਂ ਆਪਣੀ ਕਿਉਂ ਨਹੀਂ?
  • ਤ੍ਰੀਆ ਚਰਿਤ੍ਰਾਂ ਅਤੇ ਅਖੌਤੀ ਹਕਾਇਤਾਂ ਦਾ ਗੰਦ ਜੋ ਇਸ ਦਸਮ ਗ੍ਰੰਥ ਪੁਸਤਕ ਵਿੱਚ ਲਿਖਿਆ ਹੋਇਆ ਹੈ। ਜਿਸ ਵਿੱਚ ਨਸ਼ੇ ਸੇਵਨ, ਮੁੰਡੇਬਾਜੀ ਕਰਨ, ਧੋਖੇ, ਛਲ ਫਰੇਬ ਅਤੇ ਲਾਲਚ ਨਾਲ ਪਰਾਈਆਂ ਔਰਤਾਂ ਭੋਗਣ, ਪਿਉ ਧੀ ਨਾਲ ਅਤੇ ਭਰਾ ਭੈਣ ਨਾਲ ਵਿਸ਼ਾ ਭੋਗੇ ਕੀ ਦਸ਼ਮੇਸ਼ ਜੀ ਐਸਾ ਲਿਖ ਸਕਦੇ ਸਨ?
  • ਜੇ ਇਹ ਗੰਦ ਨਾਲ ਭਰੀ ਰਚਨਾ ਬਾਣੀ ਹੈ ਤਾਂ ਸੰਗਤ ਵਿੱਚ ਇਸ ਦਾ ਕੀਰਤਨ ਅਤੇ ਕਥਾ ਕਰਕੇ ਦਿਖਾਓ! ਭਲਿਓ ਜੋ ਰਚਨਾ ਸੰਗਤ ਵਿੱਚ ਨਹੀਂ ਪੜ੍ਹੀ ਜਾ ਸਕਦੀ ਉਹ ਬਾਣੀ ਕਿਵੇਂ ਹੋਈ?
  • ਜਿਨ੍ਹਾਂ ਕਲਪਿਤ ਦੇਵੀ ਦੇਵਤਿਆਂ ਨੂੰ ਗੁਰੂ ਗ੍ਰੰਥ ਸਾਹਿਬ ਕੋਈ ਮਾਨਤਾ ਨਹੀਂ ਦਿੰਦਾ ਉਨ੍ਹਾਂ ਦੀ ਉਸਤਤਿ ਦੇ ਪੜੁੱਲ ਅਖੌਤੀ ਦਸਮ ਗ੍ਰੰਥ ਵਿੱਚ ਕਿਉਂ ਬੰਨ੍ਹੇ ਗਏ ਹਨ?
  • ਨਾਮ ਅਤੇ ਸੰਗਤ ਨੂੰ ਹੀ ਤੀਰਥ ਮੰਨਣ ਵਾਲੇ ਗੁਰੂ ਤੇਗ਼ ਬਹਾਦਰ ਜੀ ਨੂੰ ਤ੍ਰਿਬੈਣੀ ਆਦਿਕ ਤੀਰਥ ਤੇ ਪੂਜਾ ਕਰਕੇ ਪੁਤ੍ਰ ਦਾ ਵਰ ਮੰਗਦੇ ਇਸ ਗ੍ਰੰਥ ਵਿੱਚ ਕਿਹੜੀ ਸਾਜਿਸ ਨਾਲ ਦਿਖਾਇਆ ਗਿਆ ਹੈ?
  • ਕੀ 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਇਸ ਅਖੌਤੀ ਗ੍ਰੰਥ ਦੀ ਮੰਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹਜੂਰ ਸਾਹਿਬ, ਦਮਦਮੀ ਟਕਸਾਲ ਮਹਿਤਾ ਚੌਂਕ, ਨਿਹੰਗਾਂ ਦੇ ਗੁਰਦੁਆਰੇ ਆਦਿਕ ਅਸਥਾਨਾਂ ਤੇ ਡਾਹੀ ਹੋਈ ਹੈ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਅਤੇ ਸਤਿਕਾਰ ਬਹਾਲ ਕਰਨਗੇ?
  • 300 ਸਾਲ ਗੁਰੂ ਦੇ ਨਾਲ ਪਰ ਜਾਤਾਂ ਪਾਤਾਂ ਸਿਰਾਂ ਦੇ ਨਾਲ ਫਿਰ ਗੁਰੂ ਦੇ ਨਾਲ ਕਿਵੇਂ?
  • ਗਰੀਬ ਦਾ ਮੂੰਹ ਗੁਰੂ ਦੀ ਗੋਲਿਕ ਪਰ ਅੱਜ ਪੁਲੀਟੀਕਲ ਚੋਣਾਂ, ਚੌਧਰਾਂ ਅਤੇ ਬੇਲੋੜੀਆਂ ਬਿਲਡਿੰਗਾਂ ਦਾ ਮੂੰਹ ਗੁਰੂ ਦੀ ਗੋਲਿਕ ਨੂੰ ਕਿਉਂ ਬਣਾਇਆ ਜਾ ਰਿਹਾ ਹੈ?
  • ਗੁਰੂ ਗਰੀਬ ਨਿਵਾਜ ਹੈ ਪਰ ਅੱਜ ਉਸ ਨੂੰ ਅਮੀਰ ਨਿਵਾਜ ਬਣਾਇਆ ਜਾ ਰਿਹਾ ਹੈ ਅਤੇ ਜਥੇਦਾਰੀਆਂ ਕੁਰਸੀਆਂ ਆਦਿਕ ਦੇ ਗੱਫੇ ਅਮੀਰਾਂ ਨੂੰ ਹੀ ਕਿਉਂ ਦਿੱਤੇ ਜਾ ਰਹੇ ਹਨ?
  • 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਵੀਰ ਕੀ ਗੁਰੂ ਨਾਨਕ ਨਾਮ ਲੇਵਾ ਸਿੱਖ ਜੋ ਆਰਥਿਕ ਤੌਰ ਤੇ ਪਛੜ ਗਏ ਹਨ ਅਤੇ ਟੱਪਰੀਵਾਸਾਂ ਵਾਲਾ ਜੀਵਨ ਜੀ ਰਹੇ ਹਨ ਪਰ ਗੁਰੂ ਨਾਨਕ ਨੂੰ ਨਹੀਂ ਭੁੱਲੇ ਜਿਵੇਂ ਸਿਕਲੀਗਰ, ਵਣਜਾਰੇ, ਸਤਨਾਮੀਏ ਆਦਿਕ ਉਨ੍ਹਾਂ ਦੀ ਆਰਥਕ ਅਤੇ ਸਮਾਜਿਕ ਮਦਦ ਕਰਕੇ ਆਪਣੇ ਨਾਲ ਰਲਾ ਕੇ ਸਿੱਖ ਕੌਮ ਦੀ ਗਿਣਤੀ ਵਿੱਚ ਵਾਧਾ ਕਰਕੇ "ਰਾਜ ਕਰੇਗਾ ਖ਼ਾਲਸਾ" ਦਾ ਕੌਮੀ ਸੰਕਲਪ ਪੂਰਾ ਕਰਨ ਵਿੱਚ ਮਦਦ ਕਰਨਗੇ?
  • ਕੀ 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਔਰਤਾਂ ਨੂੰ ਧਰਮ ਅਸਥਾਨਾਂ ਅਤੇ ਧਾਰਮਿਕ ਮਰਯਾਦਾ ਵਿੱਚ ਬਰਾਬਰ ਦੇ ਅਧਿਕਾਰ ਦੇਣਗੇ? ਭਾਵ ਔਰਤਾਂ ਵੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਅੰਮ੍ਰਿਤ ਸੰਚਾਰ ਦੀ ਸੇਵਾ ਕਰ ਸਕਣ।
  • ਕੀ 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਦੇਹਧਾਰੀ ਗੁਰੂਆਂ, ਡੇਰੇਦਾਰਾਂ ਅਤੇ ਸੰਪ੍ਰਦਾਵਾਂ ਦਾ ਖਹਿੜਾ ਛੱਡ ਕੇ ਵਾਕਿਆ ਹੀ ਗੁਰੂ ਦੇ ਨਾਲ ਹੋਣ ਦਾ ਹੀਆ ਕਰਨਗੇ ਅਤੇ ਡੇਰਾਵਾਦ ਵਿਰੁੱਧ ਪੰਥ ਦਾ ਸਾਥ ਦੇਣਗੇ?
  • 300 ਸਾਲ ਗੁਰੂ ਦੇ ਨਾਲ ਪਰ ਸਿੱਖ ਰਹਿਤ ਮਰਯਾਦਾ ਗੁਰੂ ਘਰਾਂ ਵਿਖੇ ਲਾਗੂ ਨਹੀਂ ਕਰਦੇ ਓਥੇ ਮਰਯਾਦਾ ਟਕਸਾਲੀਆਂ ਡੇਰੇਦਾਰਾਂ ਅਤੇ ਸੰਪ੍ਰਦਾਵਾਂ ਦੀ ਚਲਦੀ ਹੈ ਫਿਰ ਗੁਰੂ ਦੇ ਨਾਲ ਹੋਣ ਦਾ ਢੌਂਗ ਕਿਉਂ?
  • 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਦੱਸਣਗੇ ਕਿ ਗੁਰੂ ਨੇ ਖਾਲਸਾ ਪੰਥ ਸਾਜਿਆ ਸੀ ਕਿ ਵੱਖ ਵੱਖ ਟਕਸਾਲਾਂ ਅਤੇ ਸੰਪ੍ਰਦਾਵਾਂ ਚਲਾ ਕੇ ਸਿੱਖਾਂ ਨੂੰ ਖੱਖੜੀਆਂ ਕਰੇਲੇ ਕੀਤਾ ਸੀ?
  • ਸਿੱਖ ਕੌਮ ਦਾ ਧੁਰਾ ਗੁਰੂ ਗ੍ਰੰਥ, ਰੀੜ ਦੀ ਹੱਡੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਇੱਕ ਵੱਖਰੀ ਤੇ ਨਿਰਾਲੀ ਕੌਮ ਦਰਸਾਉਣ ਦਾ ਪ੍ਰਤੀਕ "ਨਾਨਕਸ਼ਾਹੀ ਕੈਲੰਡਰ" ਹੈ। ਕੀ 300 ਸਾਲ ਗੁਰ ਦੇ ਨਾਲ ਕਹਿਣ ਵਾਲੇ ਇਸ ਨੂੰ ਮਾਨਤਾ ਦਿੰਦੇ ਹਨ? ਜੇ ਨਹੀਂ ਤਾਂ ਗੁਰੂ ਦੇ ਨਾਲ ਕਿਵੇਂ?
  • 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਗੁਰੂ ਘਰਾਂ ਚੋਂ ਗੁਰਬਾਣੀ ਦੀ ਕੀਤੀ ਜਾ ਰਹੀ ਕਥਾ, ਜੋ ਸਨਾਤਨੀ ਅਤੇ ਮਿਥਿਹਾਸਕ ਕਹਾਣੀਆਂ ਨਾਲ ਹੀ ਭਰੀ ਹੁੰਦੀ ਹੈ ਨੂੰ ਬੰਦ ਕਰਾ ਕੇ ਗੁਰਬਾਣੀ ਦੀ ਨਿਰੋਲ ਤੇ ਸਿਧਾਂਤਕ ਕਥਾ ਕਰਨ ਵਾਲੇ ਕਥਾਵਾਚਕਾਂ ਅਤੇ ਪ੍ਰਚਾਰਕਾਂ ਨੂੰ ਇਹ ਸੇਵਾ ਦੇਣਗੇ?
  • ਕੀ ਗੁਰਦੁਆਰਿਆਂ ਵਿਖੇ ਰਹਿਰਾਸ ਵਿੱਚ ਪੜ੍ਹੀ ਜਾ ਰਹੀ "ਰਾਮ ਕਥਾ ਜੁਗ ਜੁਗ ਅਟੱਲ ਸਭ ਕੋ ਭਾਖਤ ਨੇਤ॥ ਸੁਰਗਬਾਸ ਰਘਬਰ ਕਰਾ ਸਗਰੀ ਪੁਰੀ ਸਮੇਤ॥ ਆਦਿਕ ਰਮਾਇਣ ਕਥਾ ਬੰਦ ਕੀਤੀ ਜਾਵੇਗੀ ਅਤੇ ਅਸਲੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਵਾਲੀ ਰਹਿਰਾਸ ਹੀ ਪੜ੍ਹੀ ਜਾਵੇਗੀ?
  • ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀਆਂ ਇਕੋਤਰੀਆਂ ਬੰਦ ਕਰਕੇ ਗੁਰਬਾਣੀ ਵਿਚਾਰ ਪ੍ਰਵਾਹ ਦੀਆਂ ਲੜੀਆਂ ਚਲਾਈਆਂ ਜਾਣਗੀਆਂ ਅਤੇ ਗੁਰੂ ਗ੍ਰੰਥ ਸਹਿਬ ਦਾ ਕਮਰੀਸ਼ਅਲ ਵਾਪਾਰ ਬੰਦ ਕੀਤਾ ਜਾਵੇਗਾ?
  • ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਨਾ ਸਮਝੇ ਦੇਖਾ ਦੇਖੀ ਪਾਠ ਕਰਨੇ ਤੇ ਕਰਾਉਣੇ ਬੰਦ ਕੀਤੇ ਜਾਣਗੇ?
  • ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਰਤੀਆਂ ਵਾਂਗ ਭੋਗ ਲਵਾਉਣੇ ਅਤੇ ਸਮਗਰੀਆਂ ਆਦਿਕ ਧੂਫਾਂ ਧੁਖਾਉਣੀਆਂ ਬੰਦ ਕੀਤੀਆਂ ਜਾਣਗੀਆਂ?
  • ਕੀ ਇੱਕ ਕਮਰੇ ਵਿੱਚ ਇਕੱਠੇ ਕਈ ਕਈ ਮੂੰਹ ਬੰਦ ਪਾਠ ਕਰਨੇ ਬੰਦ ਕੀਤੇ ਜਾਣਗੇ?
  • ਕੀ ਚਲਦੇ ਪਾਠ ਵਿੱਚ ਪਾਠੀ ਨੂੰ ਚੁਪ ਕਰਾ ਕੇ ਮੱਧ ਦੀ ਅਰਦਾਸ ਕਰਨੀ ਬੰਦ ਕੀਤੀ ਜਾਵੇਗੀ?
  • ਕੀ ਇੱਕ ਸਮੇਂ ਕਥਾ, ਕੀਰਤਨ ਜਾਂ ਪਾਠ ਇੱਕ ਚੀਜ ਹੋਵੇ ਦੇ ਗੁਰਮਤਿ ਸਿਧਾਂਤ ਨੂੰ ਲਾਗੂ ਕੀਤਾ ਜਾਵੇਗਾ?
  • ਕੀ ਗੁਰੂ ਘਰਾਂ ਚੋਂ ਭਾੜੇ ਦੇ ਪਾਠ ਬੰਦ ਕਰਕੇ ਸੰਗਤੀ ਸਹਿਜ ਵਿਚਾਰ ਵਾਲੇ ਪਾਠ ਸ਼ੁਰੂ ਕੀਤੇ ਜਾਣਗੇ?
  • ਕੀ ਸ਼ਬਦ ਗੁਰੂ ਨੂੰ ਤੱਤਾ ਠੰਡਾ ਲਗਦਾ ਹੈ? ਜੇ ਨਹੀਂ ਤਾਂ ਸਰਦੀਆਂ ਵਿੱਚ ਗਰਮ ਅਤੇ ਗਰਮੀਆਂ ਵਿੱਚ ਠੰਡੇ ਰੁਮਾਲੇ ਅਤੇ ਸੁਖ ਆਸਣ ਵਾਲੇ ਕਮਰੇ ਵਿੱਚ ਏਅਰ ਕੰਡੀਸ਼ਨ ਕਿਉਂ?
  • ਕੀ 300 ਸਾਲਾ ਸ਼ਤਾਬਦੀ ਤੇ ਸਾਧਵਾਦ ਬੰਦ ਕੀਤਾ ਜਾਵੇਗਾ? ਕੀ ਅਕਾਲ ਤਖ਼ਤ ਤੋਂ ਐਲਾਣ ਕੀਤਾ ਜਾਵੇਗਾ ਕਿ ਅੱਜ ਤੋਂ ਬਾਅਦ ਕੋਈ ਸਿੱਖ ਗੁਰੂ ਗ੍ਰੰਥ ਦੇ ਸਿਧਾਂਤਾਂ ਤੋਂ ਵੱਖਰੀ ਕੋਈ ਮਰਯਾਦਾ ਚਲਾ ਕੇ ਵੱਖਰਾ ਡੇਰਾ ਨਹੀਂ ਚਲਾਏਗਾ। ਸਾਰੇ ਡੇਰੇ ਗੁਰਦੁਆਰਿਆਂ ਵਿੱਚ ਤਬਦੀਲ ਕੀਤੇ ਜਾਣਗੇ।
  • ਕੀ ਇੱਕ ਗ੍ਰੰਥ, ਇੱਕ ਪੰਥ, ਇੱਕ ਵਿਧਾਨ ਅਤੇ ਇੱਕ ਨਿਸ਼ਾਨ ਦਾ ਸਿਧਾਂਤ ਹੀ ਸਾਰੇ ਗੁਰੂ ਘਰਾਂ ਵਿੱਚ ਲਾਗੂ ਕੀਤਾ ਜਾਵੇਗਾ? ਕਿਉਂਕਿ "ਇਕਾ ਬਾਣੀ ਇਕੁ ਗੁਰੁ ਇਕੋ ਸਬਦਿ ਵੀਚਾਰ" (ਗੁਰੂ ਗ੍ਰੰਥ)
  • ਕੀ ਸਮੁੱਚੇ ਸੰਸਾਰ ਵਿਖੇ ਗੁਰੂ ਘਰਾਂ ਦੀ ਮਰਯਾਦਾ ਇੱਕ ਕੀਤੀ ਜਾਵੇਗੀ ਅਤੇ ਸਮੁੱਚੇ ਪ੍ਰਬੰਧ ਵਾਸਤੇ ਇੱਕ ਵਿਸ਼ਾਲ ਕਮੇਟੀ ਬਣਾ ਕੇ ਸਾਰੇ ਗੁਰੂ ਘਰਾਂ ਨੂੰ ਇੱਕ ਲੜੀ ਵਿੱਚ ਪਰੋਤਾ ਜਾਵੇਗਾ?

ਇਸ ਸਬੰਧ ਵਿੱਚ ਕੁੱਝ ਮਿਸ਼ਨਰੀ ਪੰਥਕ ਜਥੇਬੰਦੀਆਂ ਅਤੇ ਪੰਥ ਦੀ ਸਿਰਮੌਰ ਹਸਤੀ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸਪੋਕਸਮੈਨ ਅਖਬਾਰ ਨੇ ਜੋ ਉਪਰਾਲੇ ਕੀਤੇ ਅਤੇ ਬੀੜਾ ਚੁਕਿਆ ਹੈ, ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਉਪਰਾਲੇ ਨਾਲ ਕੌਮ ਵਿੱਚ ਜਾਗਰਤੀ ਆਵੇਗੀ। ਸਿੱਖ ਆਪ ਗੁਰਬਾਣੀ ਪੜ੍ਹਨ ਵਿਚਾਰਨ ਵਾਲੇ ਪਾਸੇ ਤੁਰਨਗੇ, ਬੇ ਗਿਆਨੇ ਪਾਠਾਂ ਦੀਆਂ ਲੜੀਆਂ ਬੰਦ ਹੋਣਗੀਆਂ, ਅੰਧਕਾਰ ਅਗਿਆਨਤਾ ਖਤਮ ਹੋਵੇਗੀ। ਭੇਖਧਾਰੀ ਸਾਧਾਂ ਅਤੇ ਸੰਪ੍ਰਦਾਈਆਂ ਨੂੰ ਭਾਜੜਾਂ ਪੈਣਗੀਆਂ ਜੋ ਅਖੌਤੀ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਸਿੱਖ ਕੌਮ ਦੇ ਅੱਖੀ ਘੱਟਾ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਰਹੇ ਹਨ। ਕੌਮ ਦੀ ਜਵਾਨੀ ਨਸ਼ਿਆਂ ਅਤੇ ਬੇਲੋੜੇ ਅਸ਼ਲੀਲ ਫੈਸ਼ਨਾਂ ਵਿੱਚ ਰੁੜਦੀ ਜਾ ਰਹੀ ਹੈ। ਇਹ ਸਾਧ ਕੌਮ ਦਾ ਸ਼ੋਸ਼ਣ ਕਰਕੇ, ਅਮੀਰ ਠਾਠਾਂ ਅਤੇ ਡੇਰਿਆਂ ਵਿੱਚ ਰੰਗ ਰਲੀਆਂ ਮਨਾ ਰਹੇ ਹਨ। ਅਖੀਰ ਤੇ ਦੋਏ ਹੱਥ ਜੋੜ ਅਰਜੋਈ ਹੈ ਸਿੱਖੋ ਜਾਗੋ, ਅਖੌਤੀ ਕੀਰਤਨ ਦਰਬਾਰਾਂ, ਜਲੂਸਾਂ, ਸੰਤ ਸਮਾਗਮਾਂ, ਪਾਠਾਂ ਦੀਆਂ ਇਕੋਤ੍ਰੀਆਂ ਅਤੇ ਅਖੌਤੀ ਸਭਿਆਚਾਰਕ ਮੇਲਿਆਂ ਤੇ ਆਪਣਾ ਮਿਹਨਤ ਨਾਲ ਕਮਾਇਆ ਧੰਨ ਬਰਬਾਦ ਨਾ ਕਰੋ। ਆਪ ਗੁਰਬਾਣੀ ਪੜ੍ਹੋ ਵਿਚਾਰੋ ਅਤੇ ਅਮਲ ਕਰੋ ਫਿਰ ਤੁਹਾਨੂੰ ਇਸ ਦੁਬਿਧਾ ਵਿੱਚ ਕੋਈ ਨਹੀਂ ਪਾ ਸਕੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਵੀ ਅਖੌਤੀ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਪ ਸਭ ਸੰਗਤਾਂ, ਪਾਠਕਾਂ ਅਤੇ ਵਿਚਾਰਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਸ਼ਤਾਬਦੀ ਦੀ ਲੱਖ ਲੱਖ ਵਧਾਈ ਹੋਵੇ।




.