.

ਦੋ ਸ਼ਬਦ

ਸ੍ਰ. ਤਰਸੇਮ ਸਿੰਘ, ਸਾਡੇ ਘਰ ਦੇ ਨੇੜੇ ਰਹਿੰਦੇ ਹਨ। ਨਿਤਨੇਮੀ ਤੇ ਗੁਰਮਤਿ ਸਿਮਰਣ ਵਿੱਚ ਪਰਪੱਕ ਹਨ। ਕਦੇ ਕਦੇ ਦਾਸ ਦੇ ਘਰ ਆ ਜਾਂਦੇ ਹਨ ਤਾਂ ਗੁਰਮਤਿ ਵਿਚਾਰਾਂ ਹੋ ਜਾਂਦੀਆਂ ਹਨ। ਸੰਨ 2005 ਦੇ ਸ਼ੁਰੂ ਵਿੱਚ ਉਹਨਾਂ ਨੇ ਪੁੱਛਿਆ, ਕੀ ‘ਦੇਹ ਸਿਵਾ ਬਰ ਮੋਹਿ ਇਹੈ’ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਕੀ ਪਾ: 10 ਸ਼ਿਵ ਪਤਨੀ ਤੋਂ ਵਰ ਮੰਗਦੇ ਹਨ? ਦਾਸ ਨੇ ਕਿਹਾ, ਮੈਨੂੰ ਦਸਮ ਗ੍ਰੰਥ ਦੀ ਜਾਣਕਾਰੀ ਨਹੀਂ, ਪਰ ਜੋ ਤੁਸੀਂ ਕਹਿੰਦੇ ਹੋ ਠੀਕ ਜਾਪਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਆਰਤੀ ‘ਸੰਖਨ ਕੀ ਧੁੰਨ ਘੰਟਨ ਕੀ’ ਬਾਰੇ ਵੀ ਵਿਚਾਰ ਸਮਝਾਈ ਤੇ ਮੈਂ ਉਹ ਹੀ ਉੱਤਰ ਦਿੱਤਾ - ਮੈਨੂੰ ਦਸਮ ਗ੍ਰੰਥ ਦੀ ਜਾਣਕਾਰੀ ਨਹੀਂ।

ਫਿਰ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ, ਤੁਸੀਂ ਗੁਰਬਾਣੀ ਦੀ ਕਥਾ/ਵਿਚਾਰ ਕਰਦੇ ਹੋ, ਤੁਸੀਂ ਦਸਮ ਗ੍ਰੰਥ ਨੂੰ ਪੜ੍ਹ ਕੇ ਆਪਣੀ ਰਾਏ ਦਿਉ। ਮੈਂ ਦੋ ਹੋਰ ਗੁਰਬਾਣੀ ਵਿਚਾਰ ਕਰਨ ਵਾਲੇ ਸਿੰਘਾਂ ਨੂੰ ਵੀ ਇਹ ਕੰਮ ਕਰਨ ਲਈ ਬੇਨਤੀ ਕੀਤੀ ਹੈ। ਜੂਨ 2005 ਤਕ ਇਸ ਤਰ੍ਹਾਂ ਹੀ ਗੱਲਬਾਤ ਹੁੰਦੀ ਰਹੀ। ਅੰਤ ਵਿੱਚ ਮੈਂ ਕਿਹਾ ਕਿ ਦਾਸ ਦਸਮ ਗ੍ਰੰਥ ਨੂੰ ਪੜ੍ਹ ਕੇ ਆਪਣੇ ਵਿਚਾਰ ਦੱਸ ਦੇਵੇਗਾ। ਉਹਨਾਂ ਨੇ ਮੈਨੂੰ ਦਸਮ ਗ੍ਰੰਥ, ਦਸਮ ਗ੍ਰੰਥ ਦੇ ਟੀਕੇ ਤੇ ਵਿਦਵਾਨਾਂ ਦੀਆਂ ਆਪਸ ਵਿੱਚ ਵਿਰੋਧੀ ਵਿਚਾਰਾਂ ਦੀਆਂ ਪੁਸਤਕਾਂ ਦਿੱਤੀਆਂ। ਦਾਸ ਨੇ ਉਹਨਾਂ ਦੇ ਕਹਿਣੇ ਤੇ ਕੰਮ ਸ਼ੁਰੂ ਕੀਤਾ। ਹਥਲੀ ਪੁਸਤਕ ਤਕਰੀਬਨ 8 ਮਹੀਨਿਆਂ ਦੇ ਅਧਿਐਨ ਦਾ ਨਤੀਜਾ ਹੈ।

ਮੈਂ ਨਹੀਂ ਜਾਣਦਾ ਸੀ ਕਿ ਵਿਚਾਰ ਦੇ ਨਤੀਜੇ ਇਤਨੇ ਅਚੰਭੇ ਵਾਲੇ ਹੋਣਗੇ। ਮੈਂ ਸ੍ਰ. ਤਰਸੇਮ ਸਿੰਘ ਦਾ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੈਨੂੰ ਇਸ ਅਤਿਅੰਤ ਜ਼ਰੂਰੀ ਕੰਮ ਕਰਨ ਲਈ ਪ੍ਰੇਰਨਾ ਕੀਤੀ। ਇਸ ਤੋਂ ਬਾਦ ਮੈਨੂੰ ਗੁਰਬਾਣੀ ਤੇ ਵੇਦਾਂ ਸ਼ਾਸਤਰਾਂ ਬਾਰੇ ਗੁਰਬਾਣੀ ਦੇ ਉਪਦੇਸ਼ ਤੇ ਭੇਦ ਬੜੇ ਸਪਸ਼ਟ ਰੂਪ ਵਿੱਚ ਸਮਝ ਵਿੱਚ ਆ ਗਏ।

ਦਸਮ ਗ੍ਰੰਥ ਦੀ ਵਿਚਾਰ ਕਰਨ ਦੇ ਦੌਰਾਨ ਵੀ ਸ੍ਰ. ਤਰਸੇਮ ਸਿੰਘ ਆਉਂਦੇ ਰਹੇ, ਤੇ ਲੋੜ ਅਨੁਸਾਰ ਪੁਸਤਕਾਂ ਆਦਿ ਵੀ ਉਪਲਬਧ ਕਰਾਉਂਦੇ ਰਹੇ। ਵਿਚਾਰ ਪੂਰੀ ਹੋਣ ਦੇ ਬਾਦ, ਉਹਨਾਂ ਨੇ ਖਰੜਾ ਪੜ੍ਹਿਆ ਤੇ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਏ। ਦਾਸ ਉਹਨਾਂ ਦਾ ਧੰਨਵਾਦੀ ਹੈ।

ਭਾਗ 1

ਦਸਮ ਗ੍ਰੰਥ ਦੀ ਵਿਚਾਰ ਦਾ ਸਾਰ

ਗੁਰੂ ਨਾਨਕ ਸਾਹਿਬ ਨੇ ਹਿੰਦੂ ਘਰਾਨੇ ਵਿੱਚ ਜਨਮ ਲਿਆ। ਗੁਰੂ ਨਾਨਕ ਸਾਹਿਬ ਤੇ ਪੰਜ ਹੋਰ ਗੁਰੂਆਂ ਨੇ ਗੁਰਬਾਣੀ ਉਚਾਰ ਕੇ ਸਾਰੇ ਸੰਸਾਰ ਨੂੰ ਸੱਚੇ ਨਾਮ ਧਰਮ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਵੇਦ ਮਤ, ਵੇਦਾਂ, ਸ਼ਾਸਤਰਾਂ, ਸਿੰਮ੍ਰਿਤੀਆਂ ਨੂੰ ਮੰਨਨ ਵਾਲੇ ਹਿੰਦੂਆਂ, ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰਾਂ ਨੂੰ ਇਕੋ ਜਿਹਾ ਨਾਮ ਧਰਮ ਦਾ ਉਪਦੇਸ਼ ਦਿੱਤਾ। ਬ੍ਰਾਹਮਣ, ਜਗਤ ਗੁਰੂ ਸੀ। ਖੱਤ੍ਰੀ ਜੰਗਾਂ ਵਿੱਚ ਜੂਝਨ ਵਾਲਾ ਸਮਾਜ ਦਾ ਵਰਗ ਸੀ। ਵੈਸ਼ ਵਿਆਪਾਰੀ ਤੇ ਸ਼ੂਦ੍ਰ ਸਭ ਦੀ ਸੇਵਾ ਕਰਨ ਵਾਲਾ ਜਨਮ ਦੇ ਆਧਾਰ ਤੇ ਸੀ। ਗੁਰੂ ਜੀ ਨੇ ਕਿਹਾ ਕਿ ਸਭ ਨਰ ਨਾਰੀ ਦੇ ਹੱਕ ਬਰਾਬਰ ਹਨ।

ਗੁਰੂ ਜੀ ਨੇ ਗੁਰਬਾਣੀ ਰਾਹੀਂ ਗੁਰਉਪਦੇਸ਼ ਦੀ ਤੁਲਨਾ ਵੇਦ ਮਤ ਨਾਲ ਕੀਤੀ ਤੇ ਵੇਦ ਮਤ ਨੂੰ ਮੂਲੋਂ ਹੀ ਭੁੱਲਾ ਮਾਰਗ ਸਿੱਧ ਕੀਤਾ।

ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਸਿੱਖ ਗੁਰੂਆਂ ਨੇ ਇੱਕ ਹੀ ਉਪਦੇਸ਼ ਦਿੱਤਾ। ਕੁੱਝ ਬ੍ਰਾਹਮਣ ਤੇ ਹੋਰ ਹਿੰਦੂ, ਨਾਮ ਧਰਮ ਦੇ ਸੱਚੇ ਮਾਰਗ ਨੂੰ ਸਮਝ ਕੇ ਸਿੱਖ ਸਜੇ।

ਬ੍ਰਾਹਮਣ ਨੂੰ, ਗੁਰੂ ਹੋਣ ਤੇ ਸਮਾਜ ਵਿੱਚ ਪੂਜਾ ਯੋਗ ਹੋਣ ਦਾ ਅਧਿਕਾਰ ਛਿਨ ਜਾਣਾ ਮੰਜ਼ੂਰ ਨਹੀਂ ਸੀ। ਬ੍ਰਾਹਮਣ, ਸਿੱਖ ਗੁਰੂਆਂ ਦੇ ਸਮੇਂ ਤੋਂ ਗੁਰਮਤਿ ਦਾ ਵਿਰੋਧ, ਜਾਇਜ਼ ਤੇ ਨਾਜਾਇਜ਼ ਤਰੀਕਿਆਂ ਨਾਲ ਕਰਨ ਲੱਗਾ।

ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼

ਨਾਮ ਧਰਮ ਤੇ ਗੁਰਮਤਿ ਅਨੁਸਾਰ ਵੇਦ ਮਤ

ਨਾਮ ਧਰਮ

ਬਲਿਓ ਚਰਾਗੁ ਅੰਧਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ

ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥॥

(ਪੰਨਾ 1387, ਗੁਰੂ ਗ੍ਰੰਥ ਸਾਹਿਬ)

ਨਾਮ ਦੇ ਅਰਥ ਹਨ ਇਕੋ ਇੱਕ ਸਦੀਵ ਹਸਤੀ, ਰੂਪ ਰੇਖ ਰੰਗ ਤੋਂ ਨਿਆਰੀ ਜੋਤਿ ਰੂਪ, ਅਕਾਲ ਪੁਰਖ ਪਾਰਬ੍ਰਹਮ "ਪਰਮ ਜੋਤਿ ਪੂਰਨ ਪੁਰਖੁ"।

ਗੁਰਬਾਣੀ ਇੱਕ ਏਕੰਕਾਰ ਅਕਾਲ ਪੁਰਖ, ਉਸਦੇ ਸੰਸਾਰ ਵਿੱਚ ਆਤਮ ਪਸਾਰੇ ਵਾਲੇ ਸਰੂਪ ਓਅੰਕਾਰ, ਤੇ ਉਸਦੇ ਸੰਸਾਰ ਦੇ ਜੀਵ ਜੰਤਾਂ ਵਾਲੇ ਕੂੜ ਰੂਪ, ਮਾਯਾਵੀ ਸਰੂਪ ਦੀ ਵਿਚਾਰ ਸਮਝਾਉਂਦੀ ਹੈ।

ਨਾਮ ਇੱਕ ਏਕੰਕਾਰ, ਅਕਾਲ ਪੁਰਖ ਇਕੋ ਇੱਕ ਸੱਤ ਹਸਤੀ ਹੈ, Reality ਹੈ। ਉਹ ਰੱਬ ਹੈ, ਪਰਮਾਤਮਾ ਹੈ, ਪਰਮੇਸਵਰ ਹੈ, "ਪਉਰਾਤਨ ਪੁਰਖ" ਹੈ, ਜਪ ਸਿਮਰਣ ਅਰਾਧਨਾ, ਸਿਫਤ ਸਲਾਹ ਯੋਗ ਹੈ।

ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ॥

ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ॥

(ਪੰਨਾ 1386, ਗੁਰੂ ਗ੍ਰੰਥ ਸਾਹਿਬ)

ਵੇਦ ਮਤ ਨਾਮ ਰੂਪ ਅਕਾਲ ਪੁਰਖ ਨੂੰ ਨਹੀਂ ਜਾਣਦਾ ਪਛਾਣਦਾ। ਇੱਕ ਏਕੰਕਾਰ, ਸੰਸਾਰ ਨੂੰ ਰਚਨ ਵਾਲਾ ਅਕਾਲ ਪੁਰਖ, ਸੰਸਾਰ ਤੋਂ ਪਾਰ ਹਸਤੀ ਹੈ। ਵੇਦ ਮਤ ਕੇਵਲ ਕਾਲ ਪੁਰਖ ਤੇ ਆਕਾਰ ਵਾਲੀ ਸ੍ਰਿਸ਼ਟੀ ਨੂੰ ਜਾਣਦਾ ਹੈ। ਕਾਲ ਨੂੰ ਇਕੋ ਇੱਕ ਸਦੀਵ ਹਸਤੀ, ਅਕਾਲ ਪੁਰਖ ਨੇ ਉਪਾਇਆ। ਕਾਲ ਪੁਰਖ, ਅਕਾਲ ਪੁਰਖ ਦੀ ਉਪਾਈ ਮਾਇਆ ਹੈ।

ਵੇਦ ਸਿਮ੍ਰਿਤ ਸ਼ਾਸਤਰਾਂ ਦੀ ਵਿਚਾਰ, ਗੁਰਬਾਣੀ ਅਨੁਸਾਰ

ਚਾਰੇ ਬੇਦ ਕਥਹਿ ਆਕਾਰੁ॥ ਤੀਨਿ ਅਵਸਥਾ ਕਹਹਿ ਵਖਿਆਨੁ॥

ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ॥

(ਪੰਨਾ 154, ਗੁਰੂ ਗ੍ਰੰਥ ਸਾਹਿਬ)

(ਚਾਰੇ ਵੇਦ ਆਕਾਰ ਵਾਲੀ ਸ੍ਰਿਸ਼ਟੀ, ਤ੍ਰਿਗੁਣੀ ਮਾਇਆ ਦਾ ਵਖਿਆਨ ਕਰਦੇ ਹਨ। ਤੁਰੀਆ ਅਵਸਥਾ, ਤ੍ਰਿਗੁਣ ਮਾਇਆ ਆਕਾਰ ਵਾਲੀ ਸ੍ਰਿਸ਼ਟੀ ਤੋਂ ਪਾਰ ਦੀ ਅਵਸਥਾ, ਸਤਿਗੁਰੂ ਤੋਂ ਜਾਣੀ ਜਾਂਦੀ ਹੈ।)

ਸਿਮ੍ਰਿਤ ਸ਼ਾਸਤ੍ਰ ਨਾਮ ਤੱਤ ਨੂੰ ਨਹੀਂ ਪਛਾਣਦਾ। ਮੂਰਖ ਅੰਧਾ ਹੈ।

ਸਿਮ੍ਰਿਤਿ ਸਾਸਤ ਅੰਤੁ ਨ ਜਾਣੈ॥ ਮੂਰਖੁ ਅੰਧਾ ਤਤੁ ਨ ਪਛਾਣੈ॥

ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ॥

(ਪੰਨਾ 1061, ਗੁਰੂ ਗ੍ਰੰਥ ਸਾਹਿਬ)

(ਸਿਮ੍ਰਿਤ ਸ਼ਾਸਤਰਾਂ ਨੂੰ ਕਰਤੇ ਨੇ ਭਰਮ ਵਿੱਚ ਰਖਿਆ ਹੈ, ਤਤ ਨੂੰ ਨਹੀਂ ਪਛਾਣਦਾ।)

ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ॥

ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ॥

ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ॥

(ਪੰਨਾ 1276, ਗੁਰੂ ਗ੍ਰੰਥ ਸਾਹਿਬ)

(ਬੇਦ ਬਾਣੀ ਤ੍ਰਿਗੁਣੀ ਸੰਸਾਰ ਦੀ ਵਿਚਾਰ ਸਮਝਾਉਂਦੀ ਹੈ, ਬੇਦ ਬਾਣੀ ਨਾਮ ਤੱਤ ਨੂੰ ਨਹੀਂ ਜਾਣਦੀ, ਨਾਮ ਤੋਂ ਬਿਨਾ ਜਮਡੰਡ ਲੱਗਦਾ ਹੈ ਤੇ ਜੀਵ ਜਨਮ ਮਰਨ ਦੇ ਗੇੜ ਵਿੱਚ ਰਹਿੰਦਾ ਹੈ।)

ਬ੍ਰਾਹਮਣ ਬਾਰੇ ਗੁਰਬਾਣੀ ਉਪਦੇਸ਼

ਵੇਦ ਮਤ ਅਨੁਸਾਰ ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ ਸਭ ਦਾ ਗੁਰੂ ਹੈ।

* ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥

ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥

(ਪੰਨਾ 1377, ਗੁਰੂ ਗ੍ਰੰਥ ਸਾਹਿਬ)

* ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥

(ਪੰਨਾ 1369, ਗੁਰੂ ਗ੍ਰੰਥ ਸਾਹਿਬ)

* ਅੰਧੇ ਗੁਰੂ ਤੇ ਭਰਮੁ ਨ ਜਾਈ॥ ਮੂਲੁ ਛੋਡਿ ਲਾਗੇ ਦੂਜੈ ਭਾਈ॥

(ਪੰਨਾ 232, ਗੁਰੂ ਗ੍ਰੰਥ ਸਾਹਿਬ)

(ਬ੍ਰਾਹਮਣ ਅੰਧਾ ਗੁਰੂ ਹੈ, ਇਸ ਦੇ ਆਖੇ ਲੱਗ ਕੇ ਕਿਸੇ ਦੂਜੇ ਦੀ ਅਰਾਧਨਾ ਕਰਕੇ ਹਉਂ ਦਾ ਭਰਮ ਨਹੀਂ ਜਾਂਦਾ।)

ਬ੍ਰਾਹਮਣ ਮੂਲ ਛੱਡ ਕੇ, ਦੂਜਿਆਂ, ਕਾਲ ਪੁਰਖ, ਬ੍ਰਹਮਾ, ਬਿਸਨ, ਮਹੇਸ਼ ਤੇ ਹੋਰ ਅਨੇਕਾਂ ਦੇਵੀ ਦੇਵਤਿਆਂ ਦੀ ਉਸਤਤਿ, ਆਰਾਧਨਾ ਦਾ ਉਪਦੇਸ਼ ਦਿੰਦਾ ਹੈ। ਇਹ ਸਭ ਦੂਜੇ ਹਨ, ਜੰਮਦੇ ਮਰਦੇ ਰਹਿੰਦੇ ਹਨ।

ਗੁਰਬਾਣੀ ਕਹਿੰਦੀ ਹੈ:

* ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ

ਵਿਚਿ ਹਉਮੈ ਕਾਰ ਕਮਾਈ॥ (ਪੰਨਾ 735, ਗੁਰੂ ਗ੍ਰੰਥ ਸਾਹਿਬ)

* ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥

ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥

(ਪੰਨਾ 423, ਗੁਰੂ ਗ੍ਰੰਥ ਸਾਹਿਬ)

(ਬ੍ਰਹਮਾ, ਕਰਤੇ, ਇਕੋ ਇੱਕ ਹਸਤੀ ਅਕਾਲ ਪੁਰਖ ਦੇ ਹੁਕਮ ਨੂੰ ਨਹੀਂ ਜਾਣਦਾ, ਨਰਕਾਂ ਸੁਰਗਾਂ ਵਿੱਚ ਘੁੰਮਦਾ ਹੈ। ਬ੍ਰਹਮਾ ਨਹੀਂ ਜਾਣਦਾ ਕਿ ਉਹ ਇੱਕ ਦੇ ਹੁਕਮ ਨਾਲ ਉਪਜਿਆ ਹੈ।)

ਬ੍ਰਹਮਾ, ਬਿਸਨ, ਮਹੇਸ ਅਕਾਲ ਪੁਰਖ ਦੀ ਮਾਇਆ ਹਨ। ਇਹ ਕਰਤੇ ਨੂੰ ਨਹੀਂ ਜਾਣਦੇ, ਜਿਸਨੇ ਇਹਨਾਂ ਨੂੰ ਸੰਸਾਰ ਦੇ ਧੰਧੇ ਵਿੱਚ ਲਾਇਆ ਹੈ।

* ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ॥

ਸਿਰਿ ਸਿਰਿ ਧੰਧੈ ਆਪੇ ਲਾਏ॥

(ਪੰਨਾ 1051, ਗੁਰੂ ਗ੍ਰੰਥ ਸਾਹਿਬ)

ਗੁਰਬਾਣੀ ਦਾ ਇਸ਼ਟ, ਇਕੋ ਇੱਕ ਸਦੀਵ ਹਸਤੀ - ਜੋਤਿ ਰੂਪ ਅਕਾਲ ਪੁਰਖ - ਪਾਰਬ੍ਰਹਮ

ਗੁਰਬਾਣੀ ਦਾ ਇਸ਼ਟ, ਰੱਬ, ਭਗਵਾਨ ਇਕੋ ਇੱਕ ਸਤ ਤੇ ਸਦੀਵ ਹਸਤੀ ਇੱਕ ਏਕੰਕਾਰ ਅਕਾਲ ਪੁਰਖ ਹੈ। ਗੁਰਬਾਣੀ ਇੱਕ ਦੀ ਸਿਫਤ ਸਾਲਾਹ, ਜਪ ਸਿਮਰਣ ਆਰਾਧਨਾ ਦਾ ਉਪਦੇਸ਼ ਦਿੰਦੀ ਹੈ।

* ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ॥

(ਪੰਨਾ 1113, ਗੁਰੂ ਗ੍ਰੰਥ ਸਾਹਿਬ)

ਸਤਿਗੁਰੂ ਨੇ ਇੱਕ ਨੂੰ ਦੇਖਿਆ ਹੈ, ਤੇ ਸਿੱਖ ਸੇਵਕ ਨੂੰ ਦਿਖਾ ਦਿੰਦਾ ਹੈ।

* ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥

ਅਗਮ ਅਗੋਚਰੁ ਰੂਪੁ ਨ ਰੇਖਿਆ॥

ਖੋਜਤ ਖੋਜਤ ਘਟਿ ਘਟਿ ਦੇਖਿਆ॥

ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ॥

ਗੁਰ ਪਰਸਾਦਿ ਪਰਮ ਪਦੁ ਪਾਈ॥

(ਪੰਨਾ 838, ਗੁਰੂ ਗ੍ਰੰਥ ਸਾਹਿਬ)

ਗੁਰਬਾਣੀ ਫੁਰਮਾਣ ਹੈ ਜੋ ਇਕੋ ਇੱਕ ਹਸਤੀ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਇਸ਼ਟ, ਦੇਵੀ, ਦੇਵਤਾ, ਕਾਲ ਪੁਰਖ, ਕਾਲ, ਮਹਾਕਾਲ, ਬ੍ਰਹਮਾ ਬਿਸਨ ਮਹੇਸ, ਭਗਉਤੀ, ਦੁਰਗਾ ਆਦਿ ਦੀ ਉਸਤਤਿ ਆਰਾਧਨਾ ਕਰਦੇ ਹਨ, ਉਹ ਮੂੜ ਮੁਗਧ ਹਨ, ਖੋਤੇ ਹਨ।

* ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ॥

(ਪੰਨਾ 1267, ਗੁਰੂ ਗ੍ਰੰਥ ਸਾਹਿਬ)

* ਮਾਈ ਰੀ ਆਨ ਸਿਮਰਿ ਮਰਿ ਜਾਂਹਿ॥

ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ॥ 1॥

ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ॥

(ਪੰਨਾ 1225, ਗੁਰੂ ਗ੍ਰੰਥ ਸਾਹਿਬ)

(ਜੋ ਨਾਮ ਨੂੰ ਵਿਸਾਰ ਕੇ ਕਿਸੇ ਹੋਰ ਰਾਹ ਤੇ ਚਲਦੇ ਹਨ, ਉਹ ਘੋਰ ਨਰਕ ਵਿੱਚ ਜਾਂਦੇ ਹਨ।)

ਇਸ਼ਟ ਦੀ ਉਸਤਤਿ, ਜਪ ਸਿਮਰਣ ਆਰਾਧਨਾ ਦੇ ਫਲ

ਜਿਸਨੂੰ ਸਿਮਰਾਂਗੇ, ਜਿਸ ਦੀ ਉਸਤਤਿ ਕਰਾਂਗੇ, ਉਸ ਦੇ ਗੁਣ ਅਵਗੁਣ ਸੇਵਕ ਵਿੱਚ ਆ ਜਾਂਦੇ ਹਨ। ਧਿਆਨ ਕਰਨ ਵਾਲਾ ਉਸ ਵਿੱਚ ਅਭੇਦ ਹੋ ਜਾਂਦਾ ਹੈ, ਜਿਸ ਨੂੰ ਅਰਾਧਿਆ ਹੈ।

ਨਾਮ ਰੂਪ ਅਕਾਲ ਪੁਰਖ ਗੁਣੀ ਭਰਪੂਰ ਹੈ। ਸਤਿਗੁਰੂ ਤੋਂ ਉਪਦੇਸ਼ ਲੈ ਕੇ ਨਾਮ ਦਾ ਜਪ ਸਿਮਰਣ ਕਰਨ ਵਾਲੇ ਗੁਣੀ ਭਰਪੂਰ ਹੋ ਜਾਂਦੇ ਹਨ। ਸਤਿਗੁਰੂ ਦੀ ਕਿਰਪਾ ਨਾਲ ਹਉਂ ਦਾ ਭਰਮ (ਮੈਂ, ਮੇਰੀ ਦਾ ਭਰਮ) ਕੱਟਿਆ ਜਾਂਦਾ ਹੈ। ਨਾਮ ਜੋਤਿ ਵਿੱਚ ਹੀ ਅਭੇਦ ਹੋ ਜਾਂਦੇ ਹਨ, ਤੇ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

* ਜੈਸਾ ਸੇਵੈ ਤੈਸੋ ਹੋਇ॥ (ਪੰਨਾ 1113, ਗੁਰੂ ਗ੍ਰੰਥ ਸਾਹਿਬ)

* ਜੈ ਸਿਉ ਰਾਤਾ ਤੈਸੋ ਹੋਵੈ॥ (ਪੰਨਾ 411, ਗੁਰੂ ਗ੍ਰੰਥ ਸਾਹਿਬ)

ਦੇਵੀ ਦੇਵਤੇ ਅਕਾਲ ਪੁਰਖ ਦੀ ਉਪਾਈ ਮਾਇਆ ਹਨ, ਅਕਾਲ ਪੁਰਖ ਦੇ ਭੈ ਵਿੱਚ ਕਾਰ ਕਰਦੇ ਹਨ, ਹਉਂ ਦੇ ਭਰਮ ਵਿੱਚ ਹਨ। ਇਹ ਅਉਗੁਣਾਂ ਵਾਲੇ ਹਨ, ਇਹਨਾਂ ਦੀ ਉਸਤਤਿ ਅਰਾਧਨਾ ਕਰਨ ਵਾਲੇ ਇਹਨਾਂ ਜਿਹੇ ਹੋ ਜਾਂਦੇ ਹਨ, ਤੇ ਜਨਮ ਮਰਨ ਦੇ ਗੇੜ ਵਿੱਚ ਰਹਿੰਦੇ ਹਨ।

ਇਕੋ ਇੱਕ ਸੱਤ ਹਸਤੀ/ਨਾਮ ਜੋਤਿ (ਪਰਮ ਨਿਰਮਲ ਚੇਤਨਾ) ਦਾ ਸੰਸਾਰ ਵਿੱਚ ਆਤਮ ਪਾਸਾਰਾ

ਨਾਮ ਜੋਤਿ, ਪਰਮ ਨਿਰਮਲ ਚੇਤਨਾ, ਪਰਮ ਜੋਤਿ (Supreme Pure Consciousness) ਆਪਣੇ ਗੁਣ ਹੁਕਮ ਨਾਲ ਸੰਸਾਰ ਵਿੱਚ ਪਸਰੀ, ਨਿਰਾਕਾਰ ਇੱਕ ਏਕੰਕਾਰ ਅਕਾਲ ਪੁਰਖ ਨੇ ਓਅੰਕਾਰ ਧੁੰਨ ਉਚਾਰ ਕੇ ਆਤਮ ਪਸਾਰਾ ਕੀਤਾ। ਓਅੰਕਾਰ ਸਰੂਪ ਇੱਕ ਏਕੰਕਾਰ ਪਾਰਬ੍ਰਹਮ ਦਾ ਪਸਾਰੇ ਵਾਲਾ ਸਰੂਪ ਹੈ। ਓਅੰਕਾਰ, ਪਾਰਬ੍ਰਹਮ ਹੈ, ਨਿਰਗੁਣ ਬ੍ਰਹਮ ਹੈ।

ਇੱਕ ਏਕੰਕਾਰ, ਕਰਤੇ ਦਾ ਓਅੰਕਾਰ ਸਰੂਪ ਸਦਾ ਸੱਤ ਨਹੀਂ। ਇੱਕ ਕਾਲ ਚੱਕਰ ਤੋਂ ਬਾਦ ਨਾਮ ਜੋਤਿ, ਇਕੋ ਇੱਕ ਹਸਤੀ ਵਿੱਚ ਸਮਾ ਜਾਂਦਾ ਹੈ। ਫਿਰ ਸੰਸਾਰ ਨਹੀਂ ਰਹਿੰਦਾ, ਕੇਵਲ ਸੁੰਨ ਸਮਾਧ ਵਿੱਚ ਸਦਾ ਸੱਤ ਜੋਤਿ ਰਹਿੰਦੀ ਹੈ।

ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥

(ਪੰਨਾ 276, ਗੁਰੂ ਗ੍ਰੰਥ ਸਾਹਿਬ)

ਸੰਸਾਰ ਤੇ ਜੀਵ ਜੰਤ, ਦੇਵੀ ਦੇਵਤੇ, ਬੇਦ ਸਿਮ੍ਰਿਤ ਸ਼ਾਸਤ੍ਰ ਉਸ ਦੀ ਉਪਾਈ ਮਾਇਆ ਹਨ, ਕੂੜ ਰੂਪ ਹਨ। ਸੰਸਾਰ Illusion ਹੈ, ਸੱਤ ਨਹੀਂ। ਇਕੋ ਇੱਕ ਹਸਤੀ ਅਕਾਲ ਪੁਰਖ ਜੀਵਾਂ ਦੇ ਰੂਪ ਧਾਰ ਕੇ ਆਪ ਖੇਡ ਰਿਹਾ ਹੈ। ਸੰਸਾਰ ਉਸਦਾ ਸਰਗੁਣ ਸਰੂਪ ਹੈ। ਸੰਸਾਰ ਦੇ ਜੀਵ ਜੰਤ ਕਰਮਾਂ ਅਨੁਸਾਰ ਹੁਕਮ ਵਿੱਚ ਜੰਮਦੇ ਮਰਦੇ ਪਲਦੇ ਰਹਿੰਦੇ ਹਨ।

ਸੰਸਾਰ ਦੀ ਉਤਪਤੀ ਤੇ ਕਾਲ (ਸਮਾਂ) ਓਅੰਕਾਰ ਧੁੰਨ ਤੋਂ ਆਰੰਭ ਹੋਇਆ।

* ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ॥

ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ॥

(ਪੰਨਾ 885, ਗੁਰੂ ਗ੍ਰੰਥ ਸਾਹਿਬ)

ਓਅੰਕਾਰ ਧੁੰਨ, ਅਨਹਤ ਸ਼ਬਦ, ਅਨਹਦ ਸ਼ਬਦ ਦੀਆਂ ਬੇਅੰਤ ਸੰਗੀਤਕ ਧੁੰਨਾਂ ਸੰਸਾਰ ਵਿੱਚ ਹਰ ਸਮੇਂ ਹਰ ਪਾਸੇ ਚਲ ਰਹੀਆਂ ਹਨ। ਪਾਰਬ੍ਰਹਮ ਧੁੰਨ ਰੂਪ ਹੈ। ਸੰਗੀਤਕ ਧੁੰਨਾਂ ਵਿੱਚ ਨਾਮ ਪਰਮ ਨਿਰਮਲ ਚੇਤਨਾ ਤੇ ਹੁਕਮ ਹੈ। ਧੁੰਨਾਂ ਤੋਂ ਸੰਸਾਰ ਦੇ ਜੀਵ ਜੰਤ, ਪੱਥਰ ਪਹਾੜ, ਸੂਰਜ, ਹੁਕਮ ਨਾਲ ਹਰ ਸਮੇ ਜੰਮ ਪਲ ਮਰ ਰਹੇ ਹਨ।

ਗੁਰਸਿੱਖ ਸਤਿਗੁਰ ਤੋਂ ਉਪਦੇਸ਼ ਲੈ ਕੇ, ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਸਿਮਰਣ, ਸਿਫਤ ਸਾਲਾਹ ਕਰਕੇ ਨਾਮ ਵਿੱਚ ਰੱਤਾ, ਨਿਰਮਲ ਤੇ ਗੁਣਾਂ ਵਾਲਾ ਬਣਦਾ ਹੈ। ਸਹਜ ਅਵਸਥਾ, ਪਰਮ ਪਦ ਵਿੱਚ ਭਰਮ ਜਾਏ ਤਾਂ ਅਨਹਦ ਦੀਆਂ ਸੰਗੀਤਕ ਧੁੰਨਾਂ ਸੁਣਦੀਆਂ ਹਨ। ਇਸ ਅਵਸਥਾ ਵਿੱਚ ਜਨਮ ਮਰਨ ਨਹੀਂ ਰਹਿੰਦਾ ਹੈ।

* ਅਨਹਦੁ ਵਾਜੈ ਨਿਜ ਘਰਿ ਵਾਸਾ॥ (ਪੰਨਾ 161, ਗੁਰੂ ਗ੍ਰੰਥ ਸਾਹਿਬ)

(ਅਨਹਦ ਸ਼ਬਦ ਵੱਜਿਆ ਤਾਂ ਸਵੈ ਸਰੂਪ ਵਿੱਚ ਵਾਸਾ ਹੋਇਆ।)

* ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ॥

(ਪੰਨਾ 91, ਗੁਰੂ ਗ੍ਰੰਥ ਸਾਹਿਬ)

* ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ॥

ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ॥

(ਪੰਨਾ 987, ਗੁਰੂ ਗ੍ਰੰਥ ਸਾਹਿਬ)

ਗੁਰਬਾਣੀ ਦਾ ਇਸ਼ਟ ਭਗਵਾਨ, ਰੱਬ, ਜੋਤਿ ਰੂਪ ਅਕਾਲ ਪੁਰਖ ਨਾਮ ਜੋਤਿ ਦੇ ਗੁਣ

ਗੁਰਬਾਣੀ ਦਾ ਇਸ਼ਟ, ਨਾਮ ਜੋਤਿ, ਤ੍ਰੈ ਗੁਣ ਮਾਇਆ Cosmos ਤੋਂ ਪਾਰ ਨਾਮ ਜੋਤਿ, ਪਰਮਾਤਮਾ ਹੈ। ਸ਼ਾਂਤ ਸ਼ੀਤਲ ਥਿਰ, ਆਨੰਦ ਸਰੂਪ, ਗਿਆਨ ਸਰੂਪ, Infallible Intelligence, ਗੁਣੀ ਭਰਪੂਰ ਹੈ, ਸਦ ਜੀਵਤ ਹੈ। ਉਸ ਵਿੱਚ ਭਰਮ ਭੈ ਨਹੀਂ, ਇਕੋ ਇੱਕ ਹੈ।

ਵੇਦ ਸਿਮ੍ਰਿਤ ਸ਼ਾਸਤਰਾਂ ਦਾ ਇਸ਼ਟ

ਵੇਦ ਸਿਮ੍ਰਿਤ ਸ਼ਾਸਤਰਾਂ ਦਾ ਇਸ਼ਟ ਕਾਲ, ਕਾਲ ਪੁਰਖ, ਮਹਾਕਾਲ, ਕਾਲੀ, ਬ੍ਰਹਮਾ ਬਿਸਨ ਮਹੇਸ਼ ਤੇ ਅਨੇਕਾਂ ਦੇਵੀ ਦੇਵਤੇ ਹਨ, ਜੋ ਇੱਕ ਹੀ ਸ਼ਕਤੀ ਦੇ ਅਨੇਕਾਂ ਨਾਮ ਹਨ। ਇਹ ਇਕੋ ਇੱਕ ਹਸਤੀ ਅਕਾਲ ਪੁਰਖ ਦੀ ਉਪਾਈ ਮਾਇਆ ਹਨ, ਭੈ ਭਰਮ ਵਿੱਚ ਹਨ, ਅਉਗੁਣਾਂ ਵਿਕਾਰਾਂ ਵਾਲੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਇਹਨਾਂ ਦੀ ਉਸਤਤਿ ਜਪ ਸਿਮਰਣ ਕਰਨ ਵਾਲੇ ਇਹਨਾਂ ਵਰਗੇ ਹੀ ਹੋ ਜਾਂਦੇ ਹਨ ਤੇ ਜੰਮਦੇ ਮਰਦੇ ਹਨ।

ਦਸਮ ਗ੍ਰੰਥ ਪੜ੍ਹ ਕੇ ਪਤਾ ਲੱਗਦਾ ਹੈ, ਕਿ ਰਚਨਾਵਾਂ ਦਾ ਮੰਗਲਾਚਰਣ, ਕਿਸੇ ਦੇਵੀ ਦੇਵਤੇ ਦੀ ਉਸਤਤਿ ਤੇ ਅਰਾਧਨਾ ਤੋਂ ਸ਼ੁਰੂ ਹੁੰਦਾ ਹੈ। ਰਚਨਾ ਲਿਖਣ ਵਾਲਾ ਦੇਵੀ ਦੇਵਤਿਆਂ ਦਾ ਉਪਾਸ਼ਕ ਹੈ। ਇਸ ਤੋਂ ਅੱਗੇ ਲਿਖਿਆ ਹੈ - ਸ੍ਰੀ ਮੁਖਵਾਕ ਪਾ: 10

ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਸਾਹਿਬ ਦੇ ਦਸਵਾਂ ਸਰੂਪ ਹਨ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸਉਪਣ ਵਾਲੇ ਹਨ। ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਦੀ ਸਿੱਖਿਆ ਦੇ ਖਿਲਾਫ਼ ਦੇਵੀ ਦੇਵਤਿਆਂ ਦੀ ਉਸਤਤਿ ਤੇ ਜਪ ਸਿਮਰਣ ਵਾਲੀ ਕੋਈ ਰਚਨਾ ਨਹੀਂ ਰਚ ਸਕਦੇ।

ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਲੇਖਕ ਦਾ ਅੰਤਮ ਨਿਰਣਾ ਕੇਵਲ ਇਸ਼ਟ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ। ਗੁਰਬਾਣੀ ਉਪਦੇਸ਼ ਵਿਰੁੱਧ ਕੋਈ ਦਲੀਲ ਕੋਈ ਕੀਮਤ ਨਹੀਂ ਰਖਦੀ।

ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ॥

(ਪੰਨਾ 769, ਗੁਰੂ ਗ੍ਰੰਥ ਸਾਹਿਬ)

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥

ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥

(ਪੰਨਾ 920, ਗੁਰੂ ਗ੍ਰੰਥ ਸਾਹਿਬ)

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਬੇਦ ਬਾਣੀ ਪੜ੍ਹਣ ਸੁਣਨ ਦਾ ਉਪਦੇਸ਼ ਨਹੀਂ ਦੇ ਸਕਦੇ। ਬੇਦ ਬਾਣੀ ਨੂੰ ਰਿਸ਼ੀਆਂ ਨੇ ਲਿਖਿਆ ਹੈ, ਤੇ ਇਸਨੂੰ ਸੁਣਨ ਵਾਲੇ ਵੀ ਕੱਚੇ ਹਨ। ਦਸਮ ਗ੍ਰੰਥ ਦੀਆਂ ਸਭ ਰਚਨਾਵਾਂ ਵੇਦ ਬਾਣੀ ਤੇ ਆਧਾਰਿਤ ਹਨ।

ਸਿੱਖ ਭੇਸ ਵਿੱਚ ਬ੍ਰਾਹਮਣ ਜਾਂ ਵੇਦ ਮਤ ਦੇ ਅਨੁਸਾਰੀ ਬੇਨਾਮ ਲਿਖਾਰੀਆਂ ਦਾ ਸਿੱਖ ਮਤ ਨਾਲ ਵਿਉਂਤ ਅਨੁਸਾਰ ਧੋਖਾ

ਪੁਰਾਤਨ ਸਿੱਖ ਇਤਿਹਾਸਕ ਪੁਸਤਕਾਂ ਤੇ ਰਹਿਤਨਾਮੇ

ਗੁਰੂ ਗੋਬਿੰਦ ਸਿੰਘ ਜੀ 1708 ਈਸਵੀ ਵਿੱਚ ਜੋਤੀ ਜੋਤਿ ਸਮਾਏ। ਇਸ ਤੋਂ ਬਾਦ ਬੰਦਾ ਬਹਾਦਰ ਦੀ ਸ਼ਹਾਦਤ ਹੋਈ, ਤੇ ਮੁਗ਼ਲ ਹਕੂਮਤ, ਸਿੱਖਾਂ ਦਾ ਸੰਘਾਰ ਕਰਨ ਵਿੱਚ ਜੁੱਟੀ। ਸਿੱਖ ਛੋਟੇ ਛੋਟੇ ਟੋਲਿਆਂ ਵਿੱਚ ਜਾਨ ਬਚਾਉਣ ਲਈ ਜੰਗਲਾਂ ਵਿੱਚ ਰਹਿਣ ਲੱਗੇ।

ਇਸ ਭਿਆਨਕ ਸਮੇਂ ਵਿੱਚ ਨਿਰਮਲਿਆਂ ਤੇ ਉਦਾਸੀ ਮਹੰਤਾਂ ਨੇ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ। ਇਹ ਵੇਦ ਮਤ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਵਿਦਵਾਨ ਸਨ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਧਰਮ ਪ੍ਰਚਾਰ ਸ਼ੁਰੂ ਕੀਤਾ। ਇਹ ਵੇਦਾਂ ਸ਼ਾਸਤਰਾਂ ਨੂੰ ਸੱਤ ਮੰਨਦੇ ਸਨ। ਇਹ ਆਪਣੀ ਕਥਾ ਵਿਚਾਰ ਤੇ ਪੁਸਤਕਾਂ ਵਿੱਚ ਵੇਦਾਂ ਸ਼ਾਸਤਰਾਂ ਸਿਮ੍ਰਿਤੀਆਂ ਨੂੰ ਤੇ ਦੇਵੀ ਦੇਵਤਿਆਂ ਨੂੰ ਸੱਤ ਮੰਨ ਕੇ, ਗੁਰਬਾਣੀ ਦੇ ਅਰਥ ਵਿਚਾਰ ਵੇਦਕ ਰੰਗਤ ਵਿੱਚ ਕਰਦੇ ਸਨ।

ਸੰਨ 1728 ਤੋਂ ਬਾਦ 18ਵੀਂ ਤੇ 19ਵੀਂ ਸਦੀ ਵਿੱਚ ਅਨੇਕਾਂ ਪੁਸਤਕਾਂ, ਰਹਿਤਨਾਮੇ ਤੇ ਜਨਮ ਸਾਖੀਆਂ ਵਜੂਦ ਵਿੱਚ ਆਏ। ਇਹਨਾਂ ਵਿੱਚ ਬਚਿਤ੍ਰ ਨਾਟਕ (ਅੱਜ ਦਾ ਦਸਮ ਗ੍ਰੰਥ) ਗੁਰਬਿਲਾਸ ਪਾ: 10, ਸਰਬ ਲੋਹ ਗ੍ਰੰਥ, ਰਹਿਤਨਾਮਾ ਦਯਾ ਸਿੰਘ ਆਦਿ ਸ਼ਾਮਲ ਹਨ।

ਇਹਨਾਂ ਗ੍ਰੰਥਾਂ ਅਤੇ ਪੁਸਤਕਾਂ ਨੂੰ ਪੁਰਾਤਨ ਸਿੱਖ ਇਤਿਹਾਸ ਕਿਹਾ ਜਾਂਦਾ ਹੈ। ਇਹਨਾਂ ਪੁਸਤਕਾਂ ਦਾ ਮੰਤਵ, ਗੁਰ ਪਾਤਸ਼ਾਹੀਆਂ ਦੇ ਜੀਵਨ ਤੇ ਗੁਰ ਉਪਦੇਸ਼ ਨੂੰ, ਦੇਵੀ ਦੇਵਤਿਆਂ ਤੇ ਵੇਦ ਮਤ ਦੇ ਉਪਦੇਸ਼ ਨਾਲ ਇਸ ਤਰ੍ਹਾਂ ਨਾਲ ਸੀ-ਪਰੋ ਕੇ ਪੇਸ਼ ਕਰਨਾ ਹੈ, ਕਿ ਸਿੱਖ ਮਤ, ਵੇਦ ਮਤ ਦੇ ਪੁਰਾਤਨ ਇਤਿਹਾਸ ਦਾ ਅਤੁੱਟ ਹਿੱਸਾ ਬਣ ਜਾਵੇ। ਵੇਦਾਂ ਪੁਰਾਣਾਂ ਅਨੁਸਾਰ ਦੇਵੀ ਦੇਵਤੇ ਸਨਾਤਨ ਧਰਮ ਦੀਆਂ ਪੂਜਨ ਯੋਗ ਹਸਤੀਆਂ ਹਨ, ਜਿਨ੍ਹਾਂ ਨੂੰ ਭਗਵਾਨ ਜਾਂ ਇਸ਼ਟ ਕਰਕੇ ਮੰਨਿਆ ਹੈ। ਸਿੱਖ ਗੁਰੂਆਂ ਦੇ ਪੂਰਵਜ ਵੀ ਰਾਮ, ਕ੍ਰਿਸ਼ਨ ਆਦਿ ਦੀ ਵੰਸ਼ ਵਿੱਚ ਜੋੜੇ ਗਏ। ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਬਾਦ ਦਸ ਸਿੱਖ ਗੁਰੂ ਵੀ ਸਨਾਤਨ ਧਰਮ ਦਾ ਚਲਦਾ ਇਤਿਹਾਸ ਬਣਾ ਦਿੱਤਾ ਗਿਆ। ਇਹਨਾਂ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝਨ ਲਈ ਅਸੀਂ ਅਖੌਤੀ ਸਿੱਖ ਇਤਿਹਾਸ ਦੇ ਕੁੱਝ ਹਵਾਲੇ ਹੇਠਾਂ ਦਿੱਤੇ ਹਨ।

ਪੁਸਤਕਾਂ ਦਾ ਮਜ਼ਮੂਨ, ਸ਼ੈਲੀ ਤੇ ਤਕਨੀਕ ਇਕੋ ਜਿਹੀ ਹੈ। ਗ੍ਰੰਥਾਂ ਵਿੱਚ ਮੰਗਲਾਚਰਣ ਦੇਵੀ ਦੇਵਤਿਆਂ ਦੇ ਸਿਮਰਣ ਤੇ ਉਸਤਤਿ ਨਾਲ ਹੋਇਆ ਹੈ। ਇਸ ਤੋਂ ਬਾਦ ਲਿਖਿਆ ਹੈ - ਸ੍ਰੀ ਮੁਖਵਾਕ ਪਾ: 10 - ਬ੍ਰਾਹਮਣ ਲੇਖਕ ਅਨੁਸਾਰ ਪਾ: 10, ਗ੍ਰੰਥ ਦੇ ਲਿਖਾਰੀ ਹਨ ਤੇ ਦੇਵੀ ਦੇਵਤਿਆਂ ਦੇ ਉਪਾਸ਼ਕ ਵੀ ਹਨ।

I. ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ

(ਪਹਿਲਾਂ ਇਸਨੂੰ ਬਚਿਤ੍ਰ ਨਾਟਕ ਕਰਕੇ ਜਾਣਿਆ ਜਾਂਦਾ ਸੀ)

1. ਦਸਮ ਗ੍ਰੰਥ ਪੰਨਾ 39

ਅਬ ਬਚਿਤ੍ਰ ਨਾਟਕ ਗ੍ਰੰਥ ਲਿਖਯਤੇ

ਸ੍ਰੀ ਮੁਖਵਾਕ ਪਾ: 10

ਰਚਨਾ ਸ੍ਰੀ ਕਾਲ ਜੀ ਕੀ ਉਸਤਤਿ ਤੋਂ ਸ਼ੁਰੂ ਹੁੰਦੀ ਹੈ। ਪਹਿਲੇ ਅਧਿਆਏ ਤੋਂ ਬਾਦ ਲਿਖਿਆ ਹੈ

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥ

ਸ੍ਰੀ ਕਾਲ ਜੀ ਕੀ ਉਸਤਤਿ ਪ੍ਰਥਮ ਅਧਿਆਏ ਸੰਪੂਰਨਮ।

ਨਮਸਕਾਰ ਸ੍ਰੀ ਖੜਗ ਕੋ (ਸ੍ਰੀ ਖੜਗ ਦੇਵੀ ਦਾ ਸ਼ਕਤੀ ਰੂਪ ਹੈ),

ਕਰੋ ਸੋ ਹਿਤ ਚਿਤ ਲਾਇ, ਪੂਰਨ ਕਰੋ ਗ੍ਰੰਥ ਇਹ ਤੁਮ ਮੁਹਿ ਕਰੋ ਸਹਾਇ

(ਸ੍ਰੀ ਕਾਲ ਜੀ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਮੈਂ ਗ੍ਰੰਥ ਨੂੰ ਪੂਰਾ ਕਰ ਲਵਾਂ)।

ਪੰਨਾ 54 - ਆਤਮ ਕਥਾ

ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧ ਮੁਹਿ ਆਨੋ।

ਸਪਤ ਸ੍ਰਿੰਗ ਤਿਹ ਨਾਮ ਕਹਾਵਾ। ਪੰਡਰਾਜ ਜਹ ਜੋਗੁ ਕਮਾਵਾ।

ਤਹ ਹਮ ਅਧਿਕ ਤਪਸਿਆ ਸਾਧੀ। ਮਹਾਕਾਲ ਕਾਲਕਾ ਆਰਾਧੀ।

ਚਤੁਰ ਕਵੀ ਨੇ ਗੁਰੂ ਗੋਬਿੰਦ ਸਿੰਘ ਨੂੰ ਪਿਛਲੇ ਜਨਮਾਂ ਵਿੱਚ ਮਹਾਭਾਰਤ ਵਿੱਚ ਪਾਂਡਵਾਂ ਦੇ ਪਿਤਾ ਨਾਲ ਜੋੜ ਦਿੱਤਾ, ਤੇ ਗੁਰੂ ਗੋਬਿੰਦ ਸਿੰਘ ਪਾਸੋਂ ਕਹਾਇਆ, "ਜਿਸ ਸਥਾਨ ਤੇ ਪੰਡਰਾਜ ਨੇ ਜੋਗ ਕਮਾਇਆ ਸੀ, ਉਥੇ ਮੈਂ ਮਹਾਕਾਲ ਕਾਲਕਾ ਨੂੰ ਆਰਾਧਿਆ ਸੀ"।

2. ਦਸਮ ਗ੍ਰੰਥ ਪੰਨਾ 119 - ਵਾਰ ਸ੍ਰੀ ਭਗਉਤੀ ਜੀ ਕੀ

ੴ ਵਾਹਿਗੁਰੂ ਜੀ ਕੀ ਫ਼ਤਹ।। ਸ੍ਰੀ ਭਗੳਤੀ ਜੀ ਸਹਾਇ।।

ਵਾਰ ਸ੍ਰੀ ਭਗਉਤੀ ਜੀ ਕੀ।। ਪਾ: 10. ।

ਪ੍ਰਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ।

ਕਵੀ ਪਾ: 10 ਪਾਸੋਂ ਕਹਾ ਰਿਹਾ ਹੈ, ਮੇਂ ਪਹਿਲਾਂ ਭਗਉਤੀ ਦੇਵੀ ਨੂੰ ਸਿਮਰਦਾ ਹਾਂ, ਇਸ ਤੋਂ ਪਿਛੋਂ ਨੌ ਪਾਤਸ਼ਾਹੀਆਂ ਦੇ ਨਾਮ ਹਨ। ਕਵੀ ਨੇ ਦਸ ਪਾਤਸ਼ਾਹੀਆਂ ਨੂੰ ਭਗਉਤੀ ਦਾ ਉਪਾਸ਼ਕ ਬਣਾ ਦਿੱਤਾ।

ਨੋਟ: 10 ਪਾਤਸ਼ਾਹੀਆਂ ਇਤਿਹਾਸਕ ਹਸਤੀਆਂ ਹਨ, ਦੇਵੀ ਦੇਵਤਿਆਂ ਦੇ ਚਰਿਤ੍ਰ ਤੇ ਕਹਾਣੀਆਂ ਮਿਥਿਹਾਸ ਹਨ। ਇਹ ਕਹਾਣੀਆਂ ਰਿਸ਼ੀਆਂ ਮੁਨੀਆਂ ਨੇ ਲਿਖੀਆਂ ਹਨ।

3. ਦਸਮ ਗ੍ਰੰਥ ਪੰਨਾ 155 - ਚਉਬੀਸ ਅਵਤਾਰ

ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ।। ਪਾ: 10. ।

ਪ੍ਰਿਥਮ ਕਾਲ ਸਭ ਜਗ ਕੋ ਤਾਤਾ।। ਤਾ ਤੇ ਭਯੋ ਤੇਜ ਬਿਖਿਆਤਾ।।

ਸੋਈ ਭਵਾਨੀ ਨਾਮ ਕਹਾਈ।। ਜਿਨ ਸਗਰੀ ਯਹ ਸ੍ਰਿਸਟ ਉਪਾਈ।।

ਕਵੀ ਨੇ ਪਾ: 10 ਦੇ ਮੁਖ ਤੋਂ ਅਖਵਾਇਆ ਹੈ, ਸਾਰੀ ਸ੍ਰਿਸ਼ਟੀ ਭਗਉਤੀ ਦੇਵੀ ਨੇ ਉਪਾਈ।

ਨੋਟ: ਗੁਰਬਾਣੀ ਅਨੁਸਾਰ ਸ੍ਰਿਸ਼ਟੀ ਇਕੋ ਇੱਕ ਹਸਤੀ ਜੋਤਿ ਰੂਪ ਅਕਾਲ ਪੁਰਖ ਨੇ ਉਪਾਈ। ਦੇਵੀ ਵੀ ਉਸ ਦੀ ਉਪਾਈ ਮਾਇਆ ਹੈ।

II. ਪੁਸਤਕ ਸ੍ਰੀ ਸਰਬ ਲੋਹ ਗ੍ਰੰਥ ਸਾਹਿਬ -

ਸਟੀਕ ਸਿੰਘ ਸਾਹਿਬ ਬਾਬਾ ਸੰਤਾ ਸਿੰਘ, ਬੁੱਢਾ ਦਲ

ਸਿੱਖ ਜਗਤ ਵਿੱਚ ਸਰਬ ਲੋਹ ਗ੍ਰੰਥ ਵੀ ਦਸਮ ਗ੍ਰੰਥ ਦੀ ਤਰ੍ਹਾਂ ਪਾ: 10 ਕ੍ਰਿਤ ਮੰਨਿਆ ਗਿਆ ਹੈ। ਇਸ ਦੇ ਅੰਸ਼ ਕੀਰਤਨੀ ਪੋਥੀਆਂ ਵਿੱਚ ਹਨ। ਇਸ ਪੁਸਤਕ ਦੇ 1575 ਪੰਨੇ ਹਨ। ਇਸ ਪੁਸਤਕ ਵਿੱਚ ਸਰਬ ਲੋਹ ਦੇਵਤਾ, ਤੇ ਦੇਵੀ ਦੇਵਤਿਆਂ ਨੇ ਅਨੇਕਾਂ ਸਰੂਪਾਂ ਦੀ ਉਸਤਤਿ ਹੈ, ਤੇ ਦੈਂਤਾਂ ਨਾਲ ਯੁੱਧਾਂ ਦਾ ਵਰਣਨ ਹੈ।

ਪਾ: 10 ਦੇ ਮੁਖੋਂ ਅਖਵਾਇਆ ਗਿਆ ਹੈ ਕਿ ਉਹ ਦੇਵੀ ਦੇਵਤਿਆਂ ਦੀ ਉਸਤਤਿ ਤੇ ਸਿਮਰਣ ਕਰਦੇ ਹਨ। ਇਹਨਾਂ ਦੀ ਸਹਾਇਤਾ ਤੋਂ ਬਿਨਾ ਪਾ: 10 ਕੁੱਝ ਵੀ ਨਹੀਂ ਕਰ ਸਕਦੇ।

ਇਸ ਪੁਸਤਕ ਵਿੱਚ ਪਾ: 10 ਦੀ ਸ਼ਖਸੀਅਤ ਤੇ ਖ਼ਾਲਸੇ ਦਾ ਵੀ ਵਰਣਨ ਹੈ। ਪਾ: 10 ਤੇ ਖ਼ਾਲਸਾ, ਗੁਰਸਿੱਖਾਂ ਵਿੱਚ ਖੱਤ੍ਰੀ ਹਨ, ਜੰਗ ਯੁੱਧ ਕਰਦੇ ਹਨ। ਤੁਰਕ ਦੈਂਤ ਹਨ। ਪਾ: 10 ਤੇ ਖ਼ਾਲਸਾ ਗਊ ਬ੍ਰਾਹਮਣ ਰਖਸ਼ਕ ਹਨ।

ਟੀਕਾਕਾਰ ਬਾਬਾ ਸੰਤਾ ਸਿੰਘ ਕਹਿੰਦੇ ਹਨ, ਸਰਬ ਲੋਹ ਗ੍ਰੰਥ ਦੀ ਸ਼ੈਲੀ ਤੇ ਤਕਨੀਕ ਚੰਡੀ ਚਰਿਤ੍ਰ ਨਾਲ ਮਿਲਦੀ ਜੁਲਦੀ ਹੈ।

ਸਰਬ ਲੋਹ ਗ੍ਰੰਥ ਦਾ ਮੰਗਲਾਚਰਣ, ਦਸਮ ਗ੍ਰੰਥ ਦੀਆਂ ਰਚਨਾਵਾਂ ਨਾਲ ਮਿਲਦਾ ਹੈ। ਗ੍ਰੰਥ ਇਥੋਂ ਆਰੰਭ ਹੁੰਦਾ ਹੈ - ਗ੍ਰੰਥ ਦਾ ਪਹਿਲਾ ਭਾਗ -

ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ।।

ਸ੍ਰੀ ਭਵਾਨੀ ਜੀ ਸਹਾਇ। ਉਸਤਤਿ ਸ੍ਰੀ ਮਾਯਾ ਲਛਮੀ ਜੀ ਕੀ।

ਸ੍ਰੀ ਮੁਖਵਾਕਯ ਪਾਤਿਸਾਹੀ 10

ਦੋਹਿਰਾ।। ਛਾਯਾ ਰੂਪੀ ਹੋਇ ਕੈ, ਬਿਚਰਤ ਸ੍ਰੀ ਗੋਪਾਲ।।

(ਪਰਮੇਸਰ ਮਾਯਾ ਰੂਪ ਹੋ ਕੇ ਸੰਸਾਰ ਵਿੱਚ ਵਿਚਰਦਾ ਹੈ।)

ਆਪਹਿ ਲਛਮੀ ਬਪੁ ਧਰੈ, ਜੀਉ ਜੰਤੁ ਪ੍ਰਤਿਪਾਲ।। 1. ।

ਸ੍ਰੀ ਮਾਯਾ ਮੁਖਿ ਕਰੋ ਉਚਾਰ।। ਦਰਿਦ੍ਰ ਸਾਗਰ ਤੇ ਲੇਹੁ ਉਬਾਰਿ।। 1. ।

(ਮੈਂ ਸ੍ਰੀ ਮਾਯਾ ਮੁਖ ਤੋਂ ਉਚਰਦਾ ਹਾਂ, ਤੁਸੀਂ ਸੰਸਾਰ, ਦੁਖ ਦੇ ਸਾਗਰ ਤੋਂ ਉਬਾਰ ਲਵੋ।)

ਦੋਹਿਰਾ।। ਆਦਿ ਭਵਾਨੀ ਈਸਰੀ ਮਾਯਾ, ਜਾ ਕੋ ਨਾਮ।।

(ਆਦਿ ਭਵਾਨੀ ਦਾ ਨਾਮ ਮਾਯਾ ਹੈ।)

ਇਨ ਬਿਨ ਸਰੈ ਨ ਏਕ ਛਿਨ, ਪੂਰਨ ਹੋਤ ਨ ਕਾਮ।। 2. ।

(ਆਦਿ ਭਵਾਨੀ ਈਸਰੀ, ਜਿਸ ਦਾ ਨਾਮ ਮਾਯਾ ਹੈ, ਇਸ ਤੋਂ ਬਿਨਾ ਕੋਈ ਕੰਮ ਪੂਰਾ ਨਹੀਂ ਹੁੰਦਾ।)

ਸੁਖਦਾਇਕ ਮੰਗਲਕਰਨ, ਪ੍ਰਤਿਪਾਲੇ ਬਹੁ ਭਾਂਤਿ।।

ਸੁਬੁਧਿਦੈਨ ਜੈ ਜੈ ਕਰਨਿ, ਮਾਯਾ ਸ੍ਰੀ ਜਗਮਾਤਿ।। 3. ।

(ਮਾਯਾ ਜਗਤ ਦੀ ਮਾਤਾ ਹੈ।)

ਬਿਸਨੁਪਦ ਸਾਰੰਗ ਛਪਯ।।

ਜਗਬੰਦਨਿ ਜਗਨਾਥ, ਜਗਤਪਾਲਕ ਹਰਿ ਅੰਬੈ।।

ਪ੍ਰਜਾਨਾਥ ਜਗਨਾਥ, ਸੇਵਿ ਰੱਛਕ ਜਗਦੰਬੈ।।

ਜਗਤਾਰਨਿ, ਭਯਹਰਨਿ, ਪ੍ਰਜਾਪਤਿ ਆਦਿ ਭਵਾਨੀ।।

ਮਾਯਾ ਕੋ ਬਪੁ ਧਾਰਿ, ਜਗਤ ਮਹਿ ਅਲਖ ਲਖਾਨੀ।।

ਅਪਦ ਬਿਨਾਸਨਿ ਸੁਖ ਕਰਨ, ਦਾਸ ਰੱਛਕ ਹਰਿ ਮਾਯਾ।।

ਤੀਨ ਲੋਕ ਸਭਿ ਬਸਿ ਕਰਨਿ, ਅਮਿਤਿ ਗਤਿ ਪ੍ਰਗਟ ਸੁਭਾਯਾ।।

(ਇਹਨਾਂ ਪਦਿਆਂ ਵਿੱਚ ਮਾਇਆ ਦੇ ਅਨੇਕਾਂ ਨਾਮ ਦਿੱਤੇ ਹਨ ਤੇ ਕਿਹਾ ਗਿਆ ਹੈ, ਮਾਯਾ ਪਾ: 10 ਦੀ ਰੱਛਕ ਹੈ।)

…. ਅਥ ਸ੍ਰੀ ਸਰਬਲੋਹ-ਅਵਤਾਰ, ਮਹਾਕਾਲ-ਜੂ-ਧਾਰਤ-ਭਏ,

ਬਿਸਨੁਪਦ ਛੰਦ ਦੀਪਕ।।

(ਮਹਾਕਾਲ ਦਾ ਅਵਤਾਰ ਸਰਬ ਲੋਹ ਹੈ।)

ਸਰਬ ਅੰਗ ਬਜਰੰਗ, ਸਰਬਅੰਗ ਬਜਰੰਗ ਹੇ,

(ਵਜਰ ਜਿਹੇ ਕਰੜੇ ਹਨ ਜਿਸ ਦੇ ਅੰਗ।)

ਧਾਰਯੋ ਪੁਰਖੁ ਅਸੰਗ ਹੇ, ਸਰਬਲੋਹ ਅਵਤਾਰ।

(ਸਰਬਲੋਹ ਅਵਤਾਰ ਨੇ ਅਵਤਾਰ ਧਾਰਿਆ।)

ਸੁਰ ਸੰਤਨ ਕੇ ਹੇਤ, ਸੁਰ ਸੰਤਨ ਕੇ ਹੇਤ ਹੇ,

(ਦੇਵਤਿਆਂ ਤੇ ਸੰਤਾਂ ਦੇ ਵਾਸਤੇ)

ਰਛਕ ਗੋ, ਛਿਤਿ, ਨੇਤ ਹੇ, ਮਹਾਕਾਲ ਕਰਤਾਰ।

(ਗਊ ਤੇ ਧਰਤੀ ਦੀ ਰਖਿਆ ਕਰਨ ਵਾਲਾ ਤੇ ਸੰਸਾਰ ਦੀ ਪੈਦਾਇਸ਼ ਕਰਨ ਵਾਲਾ ਅਵਤਾਰ ਮਹਾਕਾਲ ਹੈ।)

ਸਰਬ ਲੋਹ ਗ੍ਰੰਥ ਦੇ ਇਸ ਭਾਗ ਵਿੱਚ ਸਿੱਖ ਗੁਰੂਆਂ ਤੇ ਖ਼ਾਲਸੇ ਦਾ ਵਰਣਨ ਵੀ ਹੈ।

ਜੇ ਜੇ ਅਸੁਰ ਪ੍ਰਭੁ-ਸੰਤਨ-ਦੋਹੀ, ਹਰਿ ਮਾਰਗ ਮਹਿ ਬਿਘਨ ਕਰੰਤੇ।

(ਜੋ-ਜੋ ਦੈਂਤ ਸੰਤਾਂ ਦੇ ਦ੍ਰੋਹੀ, ਹਰੀ ਦੇ ਮਾਰਗ ਵਿੱਚ ਵਿਘਨ ਪਾਂਦੇ)

ਤੇ ਤੇ ਦੁਸ਼ਟ ਪਛਾਰੇ ਸਤਿਗੁਰੁ, ਮਨਾਏ ਭਗਵਤੀ ਅਰੁ ਭਗਵੰਤੇ।

(ਗੁਰੂ ਗੋਬਿੰਦ ਸਿੰਘ ਜੀ ਨੇ ਭਗਵਤੀ ਤੇ ਦੁਰਗਾ ਨੂੰ ਮਨਾ ਕੇ ਪਛਾੜ ਦਿੱਤੇ।)

ਭੁਸੁਰ ਗੋਦੋਹੀ ਜੇ ਦੁਸ਼ਟਨ, ਧਰਮ ਜੁੱਧ ਕਰਿ ਅਸੁਰ ਦਲੰਤੇ।

(ਜੋ ਜੋ ਬ੍ਰਾਹਮਣ ਤੇ ਗਊ ਦੇ ਦੋਖੀ ਦੈਂਤਯ ਹਨ, ਉਹਨਾਂ ਨੂੰ ਧਰਮ ਯੁੱਧ ਕਰਕੇ ਨਾਸ਼ ਕਰ ਦਿੰਦੇ ਹਨ।)

ਸੋਧ ਸੁਧਾਰ ਬਰਨ ਆਸ਼੍ਰਮ ਕਉ, ਮਥ ਕਰਿ ਤੱਤ ਖਾਲਸੇ ਮੰਤੇ।

ਅਕਾਲ ਪੁਰਖ ਕੀ ਆਗਯਾ ਪਾਇ, ਪ੍ਰਗਟਿ ਭਯੋ ਰੂਪ-ਮੁਨਿਵਰ ਕੋ।

(ਅਕਾਲ ਪੁਰਖ ਦੀ ਆਗਿਆ ਪਾਕੇ ਜਟਾਧਾਰੀ ਖਾਲਸਾ ਬਣਿਆ)

ਗੁਰਮਤਿ ਅਨੁਸਾਰ ਗੁਰੂ ਸਾਹਿਬ ਮੁਸਲਮਾਨਾਂ ਦੇ ਦੁਸ਼ਮਣ ਨਹੀਂ ਸਨ, ਨਾ ਹੀ ਬ੍ਰਾਹਮਣ ਗਊ ਦੇ ਰਖਿਅਕ ਸਨ। ਗੁਰੂ ਜੀ ਦੇ ਦਰਬਾਰ ਵਿੱਚ ਮੁਸਲਮਾਨ, ਹਿੰਦੂ ਆਉਂਦੇ ਸਨ, ਤੇ ਸਭ ਨਾਲ ਇਕੋ ਜਿਹਾ ਸਲੂਕ ਹੁੰਦਾ ਸੀ। ਬ੍ਰਾਹਮਣ, ਸ਼ੂਦਰ ਤੇ ਮੁਸਲਮਾਨ ਦਾ ਇੱਕ ਹੀ ਦਰਜਾ ਸੀ। ਗੁਰਮਤਿ ਗਿਆਨ ਦੇ ਆਧਾਰ ਤੇ ਜੋ ਵੀ ਗੁਰੂ ਜੀ ਦਾ ਸਿੱਖ ਬਣਨਾ ਚਾਹੇ, ਉਹ ਧਰਮ ਪਰਿਵਰਤਨ ਕਰ ਸਕਦਾ ਸੀ।

ਪਦਾ 5 ਪੰਥ ਖ਼ਾਲਸਾ ਭਯੋ ਪੁਨੀਤਾ, ਪ੍ਰਭੁ ਆਗਯਾ ਕਰਿ ਉਦਿਤ-ਭਏ।

ਮਿਟਯੋ ਦ੍ਹੈਤ ਸੰਜੁਗਤਿ ਉਪਾਧਿਨਿ, ਅਸੁਰ ਮਲੇਛਨ ਮੂਲ ਗਏ।

ਧਰਮ ਪੰਥ ਖਾਲਸ ਪ੍ਰਚੁਰ-ਭਯੋ, ਸਤਿ ਸ਼ਿਵੰ ਪੁਨਯ ਰੂਪ ਜਏ।

ਕਛ, ਕੇਸ, ਕ੍ਰਿਪਾਨਨ ਮੁਦ੍ਰਿਤ, ਗੁਰ ਭਗਤਾ ਰਾਮਦਾਸ ਭਏ।

(ਖਾਲਸਾ ਪੰਥ, ਪ੍ਰਭੂ ਆਗਿਆ ਨਾਲ ਪ੍ਰਗਟ ਹੋਇਆ। ਦੈਂਤਾਂ ਤੇ ਮਲੇਛਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਖਾਲਸਾ ਪੰਥ ਫੈਲ ਗਿਆ, ਪਵਿੱਤਰ ਪਰਮੇਸਰ ਸਰੂਪ ਜਨਮੇ ਹਨ। ਕਛ, ਕੇਸ, ਕ੍ਰਿਪਾਨ ਨਾਲ ਸਜੇ ਹੋਏ, ਭਗਤ ਕੀਰਤਨੀਏ ਹੋਏ।)

ਭਗਵਤੀ ਮਾਤਾ ਅਤੇ ਕਾਲ ਪੁਰਖ ਪਿਤਾ ਹੈ ਜਿਨ੍ਹਾਂ ਨੇ ਖਾਲਸਾ ਰੂਪ ਪੁਤ੍ਰ ਨੂੰ ਗੋਦ ਲਿਆ ਹੈ।

ਉਪਰ ਦਿੱਤੀ ਸਰਬ ਲੋਹ ਗ੍ਰੰਥ ਦੇ ਅੰਸ਼ਾਂ ਦੀ ਵਿਚਾਰ ਤੋਂ ਸਿੱਧ ਹੈ ਕਿ ਇਹ ਗ੍ਰੰਥ ਕਿਸੇ ਬ੍ਰਾਹਮਣ ਕਵੀ ਨੇ ਰਚਿਆ ਹੈ। ਰਚਨਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾ ਖਤ੍ਰੀ ਹਨ, ਗਊ ਬ੍ਰਾਹਮਣ ਦੀ ਰਖਿਆ ਲਈ ਪ੍ਰਗਟ ਹੋਏ ਇਹਨਾਂ ਨੇ ਸਨਾਤਨ ਧਰਮ ਦੇ ਦੇਵੀ ਦੇਵਤਿਆਂ ਦੀ ਤਰ੍ਹਾਂ ਦੈਂਤਾਂ (ਤੁਰਕਾਂ) ਨੂੰ ਮਾਰਿਆ। ਇਸ ਤਰ੍ਹਾਂ ਸਿੱਖ ਮਤ ਵੇਦ ਮਤ ਵਿੱਚ ਘੁਲਮਿਲ ਗਿਆ।

III. ਰਹਿਤਨਾਮੇ

ਪੁਰਾਤਨ ਸਿੱਖ ਇਤਿਹਾਸ ਵਿੱਚ ਅਨੇਕਾਂ ਰਹਿਤਨਾਮੇ ਹਨ ਜੋ ਸੰਨ 1725 ਤੋਂ ਬਾਦ ਵਜੂਦ ਵਿੱਚ ਆਏ। ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਰਹਿਤਨਾਮੇ’ ਵਿੱਚ ਇਹਨਾਂ ਦੀ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਹਨ -

ਰਹਿਤਨਾਮੇ ਲਿਖਣ ਵਾਲੇ ਬ੍ਰਾਹਮਣ ਜਾਂ ਸਿੱਖ ਸਨ ਜਿਨ੍ਹਾਂ ਦੇ ਨਾਮ ਤੋਂ ਅਸੀਂ ਜਾਣੂ ਨਹੀਂ। ਇਹਨਾਂ ਰਹਿਤਨਾਮਿਆਂ ਨੂੰ ਪ੍ਰਮਾਣਿਕ ਬਣਾਉਣ ਲਈ ਪਾ: 10 ਦੇ ਨਿਕਟਵਰਤੀ ਬਜੁਰਗ ਸਿੱਖਾਂ ਨਾਲ ਸਬੰਧਿਤ ਕੀਤਾ ਗਿਆ, ਜਿਵੇ ਕਿ ਭਾਈ ਨੰਦ ਲਾਲ ਜੀ, ਭਾਈ ਪ੍ਰਹਿਲਾਦ ਸਿੰਘ ਆਦਿ।

ਰਹਿਤਨਾਮਿਆਂ ਵਿੱਚ ਕਿਹਾ ਗਿਆ ਹੈ ਕਿ ਇਹ ਰਹਿਤਾਂ ਸਿੱਖਾਂ ਨੂੰ ਪਾ: 10 ਨੇ ਸੁਣਾਈਆਂ। ਇਹ ਗੱਲ ਸਾਫ ਹੈ ਕਿ ਕੋਈ ਵੀ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਪਾ: 10 ਰਚਿਤ ਨਹੀਂ। ਅਸੀਂ ਰਹਿਤਨਾਮਾ ਭਾਈ ਦਯਾ ਸਿੰਘ ਵਿੱਚੋਂ ਇੱਕ ਉਦਾਹਰਣ ਦਿੰਦੇ ਹਾਂ।

ਰਹਿਤਨਾਮਾ ਭਾਈ ਦਯਾ ਸਿੰਘ -

ਸ੍ਰੀ ਦਸਵੀਂ ਪਾਤਸ਼ਾਹੀ ਅਨੰਦ ਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ ‘ਜੁ ਮਹਾਰਾਜ ਜੀ! ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤ ਹੋਇ।’

ਉਤਰ - ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। ‘ੴ ਸਤਿਨਾਮ’ ਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ ਰਹਨ ਨਮਿਤ ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕੱਛ ਹਨੂ ਜੀ ਦਈ, ਜਪੁਜੀ ਮੁਕਤ ਕੋ ਪਾਠ ਦੀਆ, ਅਨੰਦ ਚਿਤ ਸ਼ਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸ੍ਹੈਯੇ ਸ੍ਰੀ ਮੁਖ ਦ੍ਰਿੜ ਚਿਤ ਤੇ ਜੁੱਧ ਨਿਮਿਤ। ਚਾਰ ਪਦਾਰਥ ਖੰਡੇ ਕੀ ਪਾਹੁਲ ਤੇ ਦੀਏਂ ਸਿਖੋਂ ਕੋ ਸਰਕਰ ਬਿਸ਼ਨੂ ਜੀ ਦੀਨੀ, ਮੈਦਾ ਮਹਾਂਦੇਵ ਜੀ ਦੀਨਾ, ਘੀਵ ਬਹਮੇ ਨੇ ਦੀਆ ਤ੍ਰਿਭਾਵ ਕਾ ਕੜਾਹ ਪ੍ਰਸਾਦ ਕੀਆ।

ਰਹਿਤਨਾਮੇ ਅਨੁਸਾਰ ਦਯਾ ਸਿੰਘ ਦੇ ਪ੍ਰਸ਼ਨ ਦਾ ਉਤਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਕਾਰ ਦਿੱਤਾ।

ਜਦੋਂ ਦੇਵੀ ਪ੍ਰਗਟ ਹੋਈ ਤੇ ਪੰਜ ਪਿਆਰੇ ਸਾਵਧਾਨ ਹੋਏ ਤਦੋਂ ਸਭ ਦੇਵਤਾ ਆਏ, ‘ੴ ਸਤਿਨਾਮ’ ਉਪਦੇਸ਼ ਮੰਤ੍ਰ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਨੇ ਦਿੱਤਾ, ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦਿੱਤਾ, ਤੰਤ੍ਰ ਜਲ ਅਮਰ ਬਰੁਣ ਚਿੱਤ ਦ੍ਰਿੜਤਾ ਲਈ ਦਿੱਤਾ, ਮਿਸ਼ਟਾਨ ਇੰਦ੍ਰ ਦੇਵਤਾ ਨੇ ਦਿੱਤਾ, ਬੁੱਧੀ ਮੀਠੀ ਰਹਨ ਨਮਿਤ ਅਰ ਲੋਹ ਦਾ ਬਾਟਾ, ਯਮਰਾਜ, ਅੰਮ੍ਰਿਤ ਪਾਵਣੇ ਨਮਿਤ ਦੀਆ, ਸਰਬ ਲੋਹ ਕੀ ਕਰਦ ਕਾਲ ਜੀ ਦਈ, ਬੁੱਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕੱਛ ਹਨੂਮਾਨ ਨੇ ਦਿੱਤੀ, ਜਪੁਜੀ ਮੁਕਤ ਕੋ ਪਾਠ ਦੀਆ … ਆਦਿ। ਕੜਾਹ ਪ੍ਰਸ਼ਾਦਿ ਬਨਾਣ ਲਈ ਮੈਦਾ ਮਹਾਂਦੇਵ ਜੀ ਦੀਨਾ, ਘੀਵ ਬ੍ਰਹਮੇ ਨੇ ਦੀਆ।

(ਰਹਿਤਨਾਮੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਕਰਦ ਫੇਰੀ। ਬਾਕੀ ਸਾਰਾ ਕੰਮ ਦੇਵੀ ਦੇਵਤਿਆਂ ਨੇ ਕੀਤਾ। ਇਹ ਰਹਿਤਨਾਮੇ 1936 ਵਿੱਚ ਛਪੀ ਰਹਿਤ ਮਰਯਾਦਾ ਦੇ ਸਰੋਤਾਂ ਵਿੱਚੋਂ ਸਨ।)

ਸ੍ਰੀ ਸਤਿਗੁਰ ਵਾਚ

ਜੋ ਅਕਾਲ ਰੂਪ ਹੈ, ਨੀਲ ਬਸਤ੍ਰ ਪਹਿਰਾਇ।

ਜਪੇ ਜਾਪ ਸੁਰ ਬਰ ਅਕਾਲ, ਸਰਬਲੋਹ ਪਹਿਰਾਇ।

ਸਰਬ ਲੋਹ ਚਕ੍ਰ ਕਰਦ … ਛਲਾਇ।

ਸ੍ਰੀ ਅਕਾਲ ਉਸਤਤਿ ਕਰੇ, ਚੰਡੀ ਕੰਠ ਸੁਧਾਰ। …

ਊਚਾ ਬੁੰਗਾ ਜੋ ਸਜੈ ਨਾਮ ਨਿਹੰਗ ਸੁਜਾਨ। …

ਸਸਤਰ ਤਨ ਮੈ ਧਾਰੇ, ਬਿਨਾ ਮਯਾਨ ਤੇ ਤੇਗ ਹਾਥ ਮੈ ਰਾਖੈ। …

ਕ੍ਰਿਪਾਨ ਸੀਸ ਪੈ ਰਾਖ ਕੈ, ਬੁੰਗਾ ਊਚਾ ਧਾਰ। …

ਲੋਹ ਪਾਤ੍ਰ ਮੈ ਛਕੈ, ਨੀਲ ਪੀਲ ਧਾਰੇ ਬਸਤ੍ਰ। …

ਅਬ ਬਿਹੰਗਮ ਕੇ ਲੱਖਨ

(ਗੁਰਮਤਿ ਬ੍ਰਹਮਚਾਰੀ ਬਣਨ ਦਾ ਵਿਰੋਧ ਕਰਦੀ ਹੈ।)

ਜਗਤ ਮੈ ਮਾਯਾ ਕਾ ਸੰਗ ਤਿਆਗ ਕਰੈ, ਇਸਤ੍ਰੀ ਕੋ ਦੇਖਤ ਭਾਗੇ ਧਨ ਕੇ ਹੇਤ ਨ ਲਾਗੇ, ਸਵਾ ਗਜ ਕੀ ਕੱਛ ਰਾਖੈ, ਏਕ ਸਰਬਲੋਹ ਕੀ ਗੜਵੀ ਰਖੈ, ਏਕਾਕੀ ਬਿਚਰੈ, ਧਾਤੂ ਕੋ ਸਪਰਸ਼ ਨ ਕਰੇ, ਸਹਰ ਮੈ ਨਾ ਰਹੈ, ਅਸਵਾਰੀ ਪੈ ਨਾ ਚੜੈ, ਔਰ ਗੁਰਦੁਆਰੇ ਮੇ ਫਿਰਤਾ ਰਹੈ। ਇਸਤ੍ਰੀ ਕੇ ਹਾਥ ਕਾ ਅੰਨ ਜਲ ਨਾ ਛਕੇ।

ਇਸ ਤਰ੍ਹਾਂ ਜਾਪਦਾ ਹੈ ਕਿ ਸਾਡੇ ਨਿਹੰਗ ਸਿੰਘ, ਸਰਬ ਲੋਹੀਏ ਤੇ ਬਿਹੰਗਮ ਤੇ ਸੰਪਰਦਾਵਾਂ ਨੇ ਇਹਨਾਂ ਰਹਿਤਨਾਮਿਆਂ ਨੂੰ ਪਾ: 10 ਦੇ ਹੁਕਮ ਮੰਨ ਲਿਆ। ਇਸ ਤਰ੍ਹਾਂ ਪੰਥ ਵਿੱਚ ਵੰਡੀਆਂ ਪੈ ਗਈਆਂ।

ਰਹਿਤਨਾਮਾ ਹਜ਼ੂਰੀ ਭਾਈ ਚਉਪਾ ਸਿੰਘ

ਗੁਰੂ ਕਾ ਸਿੱਖ ਹੋਇ ਕੈ ਤੁਰਕਣੀ ਨਾਲ ਸੰਗ ਨ ਕਰੈ। ਤੁਰਕ ਨੂੰ ਧਰਮ ਕਰਮ ਗਊ ਦੋਖੀ ਜਾਣੈ - ਗੁਰੂ ਕਾ ਬਚਨ ਹੈ।

ਗੁਰੂ ਕਾ ਸਿੱਖ ਬਿਆਹੁ ਕਰੇ ਆਪਣੇ ਆਸ਼ਰਮ ਕੁਲ ਦੀ ਇਸਤਰੀ ਨਾਲ ਬਰਤਨ ਕਰੇ। ਜੋ ਬ੍ਰਾਹਮਣ ਗੁਰੂ ਕਾ ਹੋਵੈ, ਤਾਂ ਉਸ ਦੀ ਸੇਵਾ ਟਹਲ ਕਰਣੀ ਦੁਵਾ ਨਫਾ। ਜੋ ਜਗਤ ਦਾ ਗੁਰੂ ਹੋ ਇਕੈ ਗੁਰੂ ਸਰਨਿ ਆਵੈ ਤਾ ਦੂਣਾ ਮਰਾਤਬਾ।

ਗੁਰੂ ਕੇ ਸਿੱਖ ਕਾ ਅਦਬ ਕਰੇ ਪੂਜਾ ਕਰੈ।

ਗੁਰੂ ਕਾ ਸਿੱਖ ਜੋ ਧਰਮਸ਼ਾਲੀ ਹੋਵੈ, ਕੈਸਾ ਹੋਵੈ? ਗ੍ਰਹਿਸਤੀ ਨਾ ਹੋਵੈ।

(ਗੁਰਮਤਿ ਵਿਰੁੱਧ)

ਧਰਮਸਾਲਾ ਵਿੱਚ ਜਨਾਨਾ ਘਰ ਨ ਹੋਵੈ।

ਇਸ ਰਹਿਤਨਾਮੇ ਵਿੱਚ ਖੰਡੇ ਦਾ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਹੈ, ਰਹਿਤਾਂ ਵੀ ਹਨ।

ਇਸ ਤਰ੍ਹਾਂ ਦੇ ਅਨੇਕ ਰਹਿਤਨਾਮਿਆਂ ਵਿੱਚ ਖੰਡੇ ਦੀ ਪਹੁਲ ਤਿਆਰ ਕਰਨ ਲਈ ਜਿਹੜੀਆਂ ਬਾਣੀਆਂ ਪੜੀਆਂ, ਵੱਖ ਵੱਖ ਹਨ। ਇਸੀ ਤਰ੍ਹਾਂ ਅਨੇਕਾਂ ਰਹਿਤਾਂ ਵੀ ਹਨ।

1936 ਵਿੱਚ ਸਿੱਖ ਰਹਿਤ ਮਰਯਾਦਾ ਬਨਾਉਣ ਵਾਲੇ ਬੁੱਧੀਜੀਵੀਆਂ ਨੇ ਗੁਰਮਤਿ ਦੇ ਸਤਿਗੁਰੂ, ਤੇ ਵੇਦਮਤ ਦੇ ਦੇਵੀ ਤੇ ਦੇਵਤਿਆਂ ਨੂੰ ਕਿਵੇਂ ਵੱਖ ਵੱਖ ਕੀਤਾ ਤੇ ਗੁਰਮਤਿ ਅਨੁਕੂਲ ਰਹਿਤ ਮਰਯਾਦਾ ਬਣਾਈ? ਇਹ ਸਮਝ ਤੋਂ ਬਾਹਰ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਰਹਿਤਾਂ, ਕੁਰਹਿਤਾਂ, ਹੁਕਮ ਰੂਪ ਵਿੱਚ ਦਿੱਤੀਆਂ, ਇਸ ਦਾ ਕੋਈ ਇਤਿਹਾਸਕ ਸਬੂਤ ਸਾਡੇ ਕੋਲ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪੂਰਨ ਉਪਦੇਸ਼ ਦਿੰਦੀ ਹੈ। ਇਸ ਅਨੁਸਾਰ ਸਿੱਖੀ ਦੀ ਪਹਿਚਾਨ ਵਿੱਚ ਕੇਸ ਤੇ ਦਾਹੜੀ ਸ਼ਾਮਲ ਹਨ। ਹੋਰ ਰਹਿਤਾਂ/ਕੁਰਹਿਤਾਂ ਵੀ ਬਾਣੀ ਵਿੱਚ ਦਰਜ ਹਨ।

ਸਪਸ਼ਟ ਹੈ ਕਿ ਅੱਜ ਦੀ ਪੰਥਕ ਰਹਿਤ ਮਰਯਾਦਾ ਸਿੱਖੀ ਦੇ ਦੁਸ਼ਮਣ ਬ੍ਰਾਹਮਣ ਦੀਆਂ ਲਿਖਤਾਂ ਤੇ ਆਧਾਰਿਤ ਹੈ। ਇਸ ਸਮੇਂ ਪੰਥ ਦੇ ਆਗੂਆਂ ਤੇ ਸੰਸਥਾਵਾਂ ਲਈ ਜ਼ਰੂਰੀ ਹੈ ਕਿ ਉਹ ਗੁਰਬਾਣੀ ਨੂੰ ਮੁੱਖ ਰਖ ਕੇ ਨਵੀਂ ਰਹਿਤ ਮਰਯਾਦਾ ਬਨਾਉਣ। ਇਸ ਤਰੀਕੇ ਨਾਲ ਅਸੀਂ ਬ੍ਰਾਹਮਣ ਦੀਆਂ ਰਚਨਾਵਾਂ ਦੇ ਆਧਾਰ ਤੇ ਨਿਤਨੇਮ, ਕੀਰਤਨ, ਖੰਡੇ ਦੀ ਪਹੁਲ ਦੇ ਤਰੀਕੇ, ਤੇ ਪ੍ਰਥਮ ਭਗਉਤੀ ਸਿਮਰਿ ਕੈ ਵਾਲੀ ਅਰਦਾਸ ਤੋਂ ਛੁੱਟ ਸਕਦੇ ਹਾਂ।

ਦਸਮ ਗ੍ਰੰਥ ਦੀਆਂ ਰਚਨਾਵਾਂ ਵੇਦ ਬਾਣੀ ਨੂੰ ਮੰਨਨ ਵਾਲੇ ਕਵੀਆਂ ਨੇ ਲਿਖੀਆਂ ਹਨ। ਦੇਵੀ ਦੇਵਤਿਆਂ ਦੇ ਮੰਗਲਾਚਰਣ ਤੇ ਉਸਤਤਿ ਤੋਂ ਬਾਦ ਮੰਦੀ ਨੀਯਤ ਨਾਲ ਸ੍ਰੀ ਮੁਖਵਾਕ ਪਾ: 10 ਲਿਖਿਆ ਹੈ। ਇਤਿਹਾਸਕ ਹਸਤੀਆਂ ਪਾ: 10 ਤੇ ਸਿੱਖ ਗੁਰੂਆਂ ਨੂੰ ਵੇਦ ਮਤ ਦੇ ਮਿਥਿਹਾਸਕ, ਦੇਵੀ ਦੇਵਤਿਆਂ ਨਾਲ ਜੋੜ ਕੇ ਰਚਨਾਵਾਂ ਨੂੰ ਵੇਦਕ ਰੀਤੀ ਵਿੱਚ ਲਿਖਿਆ ਗਿਆ ਹੈ। ਇਹਨਾਂ ਅਨੁਸਾਰ ਪਾ: 10 ਸਿੱਖ ਗੁਰੂਆਂ ਵਿੱਚ ਖੱਤ੍ਰੀ ਹਨ, ਜੋ ਮੁਗਲ ਦੈਤਾਂ ਨਾਲ ਜੰਗਾਂ ਵਿੱਚ ਜੂਝੈ। ਖ਼ਾਲਸਾ, ਸਿੱਖਾਂ ਵਿੱਚ ਖੱਤ੍ਰੀ ਹੈ।

ਦਸਮ ਗ੍ਰੰਥ ਦੀਆਂ ਰਚਨਾਵਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਖ਼ਾਲਸੇ ਨੂੰ ਦੇਵੀ ਦੇ ਉਪਾਸ਼ਕ ਤੇ ਸ਼ਸਤਰਾਂ, ਅਸਤਰਾਂ ਦੀ ਪੂਜਾ ਕਰਨ ਵਾਲੇ ਬਣਾ ਦਿੱਤਾ।

ਦਸਮ ਗ੍ਰੰਥ ਦੀ ਰਚਨਾ ਸ਼ਸਤਰ ਨਾਮ ਮਾਲ ਪੁਰਾਣ (ਪੰਨਾ 717) ਵਿੱਚ ਬ੍ਰਾਹਮਣ ਕਵੀ ਨੇ ਗੁਰੂ ਗੋਬਿੰਦ ਸਿੰਘ ਨੂੰ ਭਗਉਤੀ ਦੀ ਅਰਾਧਨਾ ਕਰਨ ਵਾਲੇ ਤੇ ਭਗੌਤੀ ਦੇ ਅਨੇਕਾਂ ਰੂਪਾਂ ਵਿੱਚ ਸ਼ਸਤਰਾਂ ਦਾ ਪੁਜਾਰੀ ਦੱਸਿਆ ਹੈ।

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।।

ਸੈਫ਼ ਸਰੋਹੀ ਸਹੈਬੀ ਯਹੈ ਹਮਾਰੇ ਪੀਰ।।

(ਸਸਤਰ ਅਸਤਰ ਮੇਰੇ ਪੀਰ ਅਥਵਾ ਗੁਰੂ ਹਨ।)

ਇਸ ਰਚਨਾ ਵਿੱਚ ਭਗਉਤੀ ਨੂੰ ਕਿਹਾ ਹੈ -

ਤੀਰ ਤੁਹੀ ਸੈਹਬੀ ਤੁਹੀ ਤੁਹੀ ਤਬਰ ਤਰਵਾਰ।।

ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ।।

ਖ਼ਾਲਸੇ ਬਾਰੇ ਦਸਮ ਗ੍ਰੰਥ

* ਖ਼ਾਲਸਾ ਮੇਰੋ ਰੂਪ ਹੈ ਖਾਸ।। ਖ਼ਾਲਸੇ ਮਹਿ ਹੌਂ ਕਰੋਂ ਨਿਵਾਸ।।

* ਖ਼ਾਲਸਾ ਅਕਾਲ ਪੁਰਖ ਕੀ ਫ਼ੌਜ।।

ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।।

ਗੁਰੂ ਗੋਬਿੰਦ ਸਿੰਘ ਤੇ ਖ਼ਾਲਸੇ ਦੀ ਇਹ ਪਛਾਣ ਚਤੁਰ ਬ੍ਰਾਹਮਣ ਕਵੀ ਨੇ ਬਣਾਈ ਹੈ।

ਗੁਰੂ ਨਾਨਕ ਸਾਹਿਬ ਤੇ ਗੁਰਸਿੱਖਾਂ ਦੀ ਪਛਾਣ ਗੁਰਸਿੱਖਾਂ ਲਈ ਇਸ ਤਰ੍ਹਾਂ ਹੈ।

ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੀ ਦਸਵੀਂ ਜੋਤਿ ਹਨ, ਗੁਰੂ ਗੋਬਿੰਦ ਸਿੰਘ ਪਾਰਬ੍ਰਹਮ ਪਰਮੇਸਰ ਆਪ ਹਨ।

ਗੁਰਸਿੱਖ

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

(ਜਿਨ੍ਹਾਂ ਨੇ ਇਕੋ ਇੱਕ ਹਸਤੀ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਕੀਤੀ, ਉਹ ਗੁਰਮਤਿ ਸਿਮਰਣ, ਭਗਤੀ ਸਦਕਾ ਨਿਰਮਲ ਹੋ ਗਏ।)

ਪਹਿਲੀਆਂ ਨੌਂ ਪਾਤਸ਼ਾਹੀਆਂ ਦੇ ਸਮੇਂ ਵਿੱਚ ਗੁਰੂ ਹਰਿ ਗੋਬਿੰਦ ਸਾਹਿਬ ਵੀ ਜੰਗਾਂ ਵਿੱਚ ਜੂਝੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਇਹ ਕੰਮ ਬ੍ਰਾਹਮਣ ਦੇ ਬਣਾਏ ਗੁਰੂ ਗੋਬਿੰਦ ਸਿੰਘ ਤੇ ਬ੍ਰਾਹਮਣ ਦੇ ਰਚੇ ਖ਼ਾਲਸੇ ਤੋਂ ਬਿਨਾ ਹੁੰਦਾ ਰਿਹਾ। ਗੁਰਬਾਣੀ ਉਪਦੇਸ਼ ਸੰਪੂਰਣ ਸਿੱਖ ਮਤ ਦਾ ਉਪਦੇਸ਼ ਹੈ।

ਸਿੱਖ ਆਗੂਆਂ ਨੇ 1936 ਦੀ ਰਹਿਤ ਮਰਯਾਦਾ ਇਸ ਭੁੱਲ ਵਿੱਚ ਬਣਾਈ ਕਿ ਇਹ ਰਚਨਾਵਾਂ ਪਾ: 10 ਕ੍ਰਿਤ ਹਨ। ਉਸ ਸਮੇਂ (1936) ਤਕ ਸਿੱਖ ਦਸਮ ਗ੍ਰੰਥ, ਤੇ ਬ੍ਰਾਹਮਣ ਜਾਂ ਸਿੱਖੀ ਭੇਸ ਵਿੱਚ ਬ੍ਰਾਹਮਣ ਦੀਆਂ, ਵੇਦ ਮਤ ਵਿੱਚ ਰੰਗੀਆਂ, ਅਨੇਕਾਂ ਪੁਰਾਤਨ ਪੁਸਤਕਾਂ, ਰਹਿਤਨਾਮਿਆਂ, ਜਨਮ ਸਾਖੀਆਂ, ਸਰਬ ਲੋਹ ਗ੍ਰੰਥ ਨੂੰ ਇਸ ਵਿਸ਼ਵਾਸ ਵਿੱਚ ਪੜ੍ਹ ਚੁੱਕੇ ਸਨ ਕਿ ਰਚਨਾਵਾਂ ਪਾ: 10 ਕ੍ਰਿਤ ਹਨ ਜਾਂ ਸਿੱਖਾਂ ਨੇ ਲਿਖੀਆਂ ਹਨ। ਉਹਨਾਂ ਦੀ ਮਤ ਬੁੱਧ ਚੇਤਨਾ ਵਿੱਚ ਦੇਵੀ ਦੇਵਤਿਆਂ ਦੀ ਉਸਤਤਿ ਵਸ ਧੱਸ ਚੁੱਕੀ ਸੀ। ਗੁਰਬਾਣੀ ਤੇ ਵੇਦ ਮਤ ਦੇ ਵਿਚਾਰ ਘੁਲਮਿਲ ਚੁੱਕੇ ਸਨ। ਅੰਮ੍ਰਿਤ ਰੂਪ ਗੁਰਬਾਣੀ ਵਿੱਚ ਬਿਖ ਰੂਪ ਵੇਦ ਬਾਣੀ ਘੁਲਮਿਲ ਚੁੱਕੀ ਸੀ। ਸਿੱਖਾਂ ਦੀ ਸੱਚ ਝੂਠ ਦਾ ਨਿਰਣਾ ਕਰਨ ਵਾਲੀ ਬਿਬੇਕ ਬੁੱਧੀ ਦਾ ਅਭਾਵ ਸੀ।

ਸਿੱਖ ਰਹਿਤ ਮਰਯਾਦਾ ਵਿੱਚ ਦਸਮ ਗ੍ਰੰਥ ਦੀਆਂ ਬਾਣੀਆਂ, ਨਿਰਮਲਿਆਂ ਤੇ ਉਦਾਸੀ ਮਹੰਤਾਂ ਦਾ ਉਪਦੇਸ਼, ਅਖੌਤੀ ਪੁਰਾਤਨ ਸਿੱਖ ਇਤਿਹਾਸ ਦੀਆਂ ਬਾਣੀਆਂ ਆ ਗਈਆਂ। ਪੰਥ ਨੇ ਅਕਾਲ ਤਖ਼ਤ ਦੀ ਮਰਯਾਦਾ ਨੂੰ ਸਹੀ ਮੰਨ ਕੇ ਕੱਚੀਆਂ ਬਾਣੀਆਂ ਦਾ ਪਾਠ ਕਰਨਾ ਸ਼ੁਰੂ ਕੀਤਾ।

ਸਿੱਖ ਨੌਜਵਾਨ, ਸਿੱਖ ਮਤ ਅਤੇ ਵੇਦ ਮਤ ਵਿੱਚ ਫਰਕ ਸਮਝ ਨਾ ਸਕੇ। ਪੰਜਾਬ ਵਿੱਚ ਤੇ ਵਿਦੇਸ਼ਾਂ ਵਿੱਚ ਬਹੁ-ਗਿਣਤੀ ਵਿੱਚ ਕੇਸ ਕਤਲ ਕਰਾ ਕੇ ਪਤਿਤ ਹੋਣਾ, ਇਹਨਾਂ ਲਈ ਮਾਇਨੇ ਨਹੀਂ ਰੱਖਦਾ ਸੀ। ਪਤਿਤਪੁਨੇ ਦਾ ਮੁੱਢ ਕਾਰਣ, ਸਾਡਾ ਅੱਜ ਦਾ ਉਪਦੇਸ਼ ਤੇ ਰਲਿਆ ਮਿਲਿਆ ਕਥਾ ਤੇ ਕੀਰਤਨ ਹੈ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਨਿਰਣੈ

1. ਪਾ: 10 ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀਂ ਰਚੀ।

2. ਦਸਮ ਗ੍ਰੰਥ ਤੇ ਸਰਬ ਲੋਹ ਗ੍ਰੰਥ ਦੀਆਂ ਰਚਨਾਵਾਂ ਵੇਦਮਤ, ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਕਰਨ ਵਾਲੇ ਸਨਾਤਨੀ ਵਿਚਾਰਾਂ ਅਨੁਸਾਰ ਬ੍ਰਾਹਮਣ ਨੇ ਲਿਖੇ ਹਨ।

3. 1725 ਤੋਂ ਬਾਦ 18ਵੀਂ ਤੇ 19ਵੀਂ ਸਦੀ ਵਿੱਚ ਪੁਰਾਤਨ ਸਿੱਖ ਇਤਿਹਾਸ ਦੀਆਂ ਅਨੇਕਾਂ ਪੁਸਤਕਾਂ ਵੇਦਮਤ ਨੂੰ ਮੰਨਨ ਵਾਲੇ ਬ੍ਰਾਹਮਣ ਜਾਂ ਸਿੱਖੀ ਭੇਸ ਵਿੱਚ ਬ੍ਰਾਹਮਣ ਨੇ ਵੇਦਕ ਵਿਚਾਰਧਾਰਾ ਅਨੁਸਾਰ ਰਚੇ ਹਨ। ਗੁਰੂ ਪਾਤਸ਼ਾਹੀਆਂ ਦੇ ਨਾਮ ਦੇਵੀ ਦੇਵਤਿਆਂ ਦੀ ਸ਼੍ਰੇਣੀ ਵਿੱਚ ਰਖੇ ਗਏ ਹਨ।

(ਦੇਵੀ ਦੇਵਤੇ ਅਕਾਲ ਪੁਰਖ ਦੀ ਮਾਇਆ ਦਾ ਰੂਪ ਹੈ।)

4. ਇਸ ਸਮੇਂ ਪੰਥ ਦੇ ਬੁੱਧੀਜੀਵੀਆਂ ਤੇ ਆਗੂਆਂ ਲਈ ਜ਼ਰੂਰੀ ਕੰਮ ਹੈ, ਕਿ ਉਹ ਇਹਨਾਂ ਪੁਸਤਕਾਂ ਦੀ ਪੁਨਰ ਵਿਚਾਰ ਕਰਕੇ, ਇਹਨਾਂ ਨੂੰ ਬ੍ਰਾਹਮਣ ਦਾ ਸਿੱਖ ਮਤ ਵਿਰੋਧੀ ਧੋਖੇ ਵਾਲਾ ਇਤਿਹਾਸ ਘੋਸ਼ਿਤ ਕਰਨ ਤੇ ਲੇਬਲ ਕਰਨ। ਇਹਨਾਂ ਪੁਸਤਕਾਂ ਨੂੰ ਸਿੱਖ ਲਾਇਬਰੇਰੀਆਂ ਵਿੱਚੋਂ ਕੱਢ ਦਿੱਤਾ ਜਾਵੇ। ਸਿੱਖ ਪ੍ਰਕਾਸ਼ਕ ਇਹਨਾਂ ਪੁਸਤਕਾਂ ਨੂੰ ਵੇਚਣਾ ਤੇ ਛਾਪਣਾ ਬੰਦ ਕਰਨ।

5. ਸਾਡੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖ ਮਤ ਬਾਰੇ ਸਾਰੀ ਜਾਣਕਾਰੀ ਗੁਰਬਾਣੀ ਤੋਂ ਲਈ ਜਾਵੇ। ਕੋਈ ਹੋਰ ਪੁਸਤਕ ਗੁਰਬਾਣੀ ਉਪਦੇਸ਼ ਤੋਂ ਵੱਖ ਕੋਈ ਜਾਣਕਾਰੀ ਨਹੀਂ ਦੇ ਸਕਦੀ।

ਕੁਝ ਸੱਜਣਾਂ ਦੀ ਵਿਚਾਰ ਹੈ ਕਿ ਇਹ ਕੰਮ ਨਾਮੁਮਕਿਨ ਹੈ। ਗੁਰੂ ਜੀ ਦਾ ਓਟ ਆਸਰਾ ਲੈ ਕੇ ਜੇ ਅਸੀਂ ਇਹ ਕੰਮ ਮਨ ਤਨ ਧਨ ਨਾਲ ਕਰੀਏ ਤਾਂ ਇਹ ਮੁਮਕਿਨ ਹੋ ਜਾਵੇਗਾ।

ਡਾ: ਗੁਰਮੁਖ ਸਿੰਘ




.