.

"ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿੰਨ ਸੌ ਸਾਲਾ ਗੁਰਤਾ ਗੱਦੀ ਲਈੰ ਵਿਸ਼ੇਸ਼"

ਸੰਸਾਰ ਪੱਧਰ ਦੇ ਇਕੋ ਇੱਕ ਗੁਰੂ ਹਨ:

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ, ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

# ਨਾਮ ਜਪੋ, ਕਿਰਤ ਕਰੋ, ਵੰਡ ਛਕੋਦਸਵੰਧਇਕ ਮਨੁੱਖ, ਇੱਕ ਪ੍ਰਮਾਤਮਾ, ਇੱਕ ਗੁਰੂ, ਇਕੋ ਇਲਾਹੀ ਧਰਮ, ਇਕੋ ਮਨੁੱਖੀ ਭਾਈਚਾਰਾ-ਪ੍ਰਭੂ ਦੀ ਰਜ਼ਾ ਤੇ ਭਾਣੇ `ਚ ਜੀਊਣਾ, ਅਜੇਹੇ ਸੰਸਾਰ ਪੱਧਰ ਦੇ ਸਿਧਾਂਤ ਕੇਵਲ "ਗੁਰੂ ਗ੍ਰੰਥ ਸਾਹਿਬ" ਜੀ ਦੀ ਹੀ ਦੇਣ ਹਨ।

# ਦੁਨੀਆਂ ਭਰ ਦਾ ਇਕੋ-ਇਕ ਗ੍ਰੰਥ ਜਿਸ `ਚ 6 ਗੁਰੂ ਸਰੂਪਾਂ ਸਮੇਤ 35 ਲਿਖਾਰੀ ਹਨ, ਅਤੇ 1430ਪੰਨਿਆਂ ਦੇ ਵੱਡੇ ਆਕਾਰ ਦੇ ਬਾਵਜੂਦ, ਕਿਧਰੇ ਵਿਚਾਰ ਜਾਂ ਸਿਧਾਂਤ ਵਿਰੋਧ ਨਹੀਂ। ਇਥੇ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ" (ਪੰ: 646) ਦਾ ਅਟੱਲ ਨਿਯਮ ਕੰਮ ਕਰ ਰਿਹਾ ਹੈ।

# ਲਿਖਾਰੀਆਂ ਨੂੰ ਨਾਲ ਲੈਣ ਲੱਗੇ ਉਹਨਾਂ ਦੀ ਜਨਮ-ਜਾਤ-ਕੁਲ ਨੂੰ ਮੁਖ ਨਹੀਂ ਰਖਿਆ ਗਿਆ। ਬਿਨਾ ਵਿਤਕਰਾ ਸਾਰੇ ਭਗਤ ਅਖੌਤੀ ਸ਼ੂਦਰਾਂ, ਕਹੇ ਜਾਂਦੇ ਉੱਚ ਜਾਤੀ ਬ੍ਰਾਹਮਣਾਂ, ਮੁਸਲਮਾਨਾਂ ਚੋਂ ਵੀ ਹਨ। ਕੇਵਲ ਮਨੁੱਖਤਾ ਅਤੇ ਇਲਾਹੀ ਸੱਚ ਦੇ ਸਿਧਾਂਤ ੴਨੂੰ ਹੀ ਮੁੱਖ ਰਖਿਆ ਗਿਆ ਹੈ।

# ਪੰਜ ਤੋਂ ਵੱਧ ਸਦੀਆਂ ਬੀਤ ਚੁੱਕੀਆਂ ਹਨ, ਦੁਨੀਆਂ ਪੱਧਰ ਦੇ ਵੱਡੇ-ਤੋਂ-ਵੱਡੇ ਵਿਦਵਾਨਾਂ ਨੇ ਗੁਰਬਾਣੀ ਦੀ ਅਜ਼ਮਤ ਅੱਗੇ ਸਿਰ ਤਾਂ ਝੁਕਾਇਆ ਹੈ ਪਰ ਸੰਸਾਰ ਪੱਧਰ ਦਾ ਇੱਕ ਵੀ ਵਿਦਵਾਨ ਜਾਂ ਵਿਚਾਰਵਾਨ ਗੁਰਬਾਣੀ ਦੇ ਕਿਸੇ ਇੱਕ ਸਿਧਾਂਤ ਨੂੰ ਵੀ ਨਹੀਂ ਝੁਠਲਾ ਸਕਿਆ।

# ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ-ਇੱਕ ਸਿਧਾਂਤ ਨੂੰ ਲੈ ਕੇ ਜਾਂ ਉਸਦੀ ਕੁਵਰਤੋਂ ਕਰ ਕੇ ਅਨੇਕਾਂ ਨੇ ਆਪਣੀਆਂ ਦੁਕਾਨਾਂ-ਡੇਰੇ ਤਾਂ ਚਮਕਾ ਲਏ। ਜੇ ਇਹੀ ਲੋਕ ਨੇਕ-ਨਿਯਤੀ ਨਾਲ, ਇਸ ਖਜ਼ਾਨੇ ਨਾਲ ਜੁੜ ਜਾਣ ਤਾਂ-ਆਪ ਵੀ ਉੱਚਾ-ਸੁੱਚਾ ਜੀਵਨ ਬਿਤਾਉਣ ਤੇ ਦੁਨੀਆਂ `ਚ ਵੀ ਠੰਢ ਵਰਤ ਸਕਦੇ ਹਨ। ਕਿਉਂਕਿ "ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨ" (ਪੰ: 136)।

# ਗੁਰਬਾਣੀ ਗਿਆਤਾ, ਸੂਰਜ-ਚੰਦ-ਧਰਤੀ ਦਾ ਪੁਜਾਰੀ ਨਹੀਂ ਰਹਿੰਦਾ। ਉਸ `ਚੋਂ ਸੂਰਜ-ਚੰਦ ਗ੍ਰਹਿਣਾਂ ਵਾਲੇ ਵਹਿਮ-ਭਰਮ, ਤੀਰਥਾਂ ਦੇ ਬੇਲੋੜੇ ਇਸ਼ਨਾਨਾਂ ਦੇ ਭੁਲੇਖੇ ਆਪਣੇ ਆਪ ਮੁੱਕ ਜਾਂਦੇ ਹਨ। ਸੰਗ੍ਰਾਂਦਾਂ, ਮਸਿਆਂਵਾਂ, ਪੂਰਨਮਾਸ਼ੀਆਂ, ਨੌਰਾਤੇ, ਸਰਾਧ, ਅਸ਼ਟਮੀਆਂ, ਸਨੀਚਰ, ਮੰਗਲ, ਸਵੇਰ-ਸ਼ਾਮ ਆਦਿ ਉਸ ਲਈ ਖਾਸ ਦਿਨ, ਵੱਕਤ ਜਾਂ ਤਿਉਹਾਰ ਨਹੀਂ ਰਹਿ ਜਾਂਦੇ।

# ਸਾਇੰਸ ਦੀਆਂ ਨਿੱਤ ਹੋ ਰਹੀਆਂ ਖੋਜਾਂ ਅਤੇ ਤਰੱਕੀ ਕਾਰਣ, ਸੰਸਾਰ ਦੇ ਬਹੁਤੇ ਧਰਮ-ਵਿਚਾਰਧਾਰਾਵਾਂ ਪੱਤਝੜ ਦੇ ਪੱਤਿਆਂ ਦੀ ਤਰ੍ਹਾਂ, ਫੜ-ਫੜਾ ਰਹੀਆਂ ਹਨ। ਹੋਂਦ ਨੂੰ ਕਾਇਮ ਰੱਖਣ ਲਈ, ਉਹ ਲੋਕ ਨਿੱਤ ਨਵੀਆਂ ਪ੍ਰੀਭਾਸ਼ਾਵਾਂ ਢੂੰਡ ਰਹੇ ਹਨ। ਇਸ ਦੇ ਉਲਟ, ਵਾਹਿਦ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਜੇਹੀ ਹਸਤੀ ਹਨ, ਜਿਉਂ ਜਿਉਂ ਸਾਇੰਸ ਉੱਨਤੀ ਕਰਦੀ ਹੈ, ਗੁਰਬਾਣੀ ਵਿਚਾਰਧਾਰਾ ਹੋਰ ਤੇ ਹੋਰ ਨਿੱਖਰਦੀ ਹੈ। ਗੁਰਬਾਣੀ ਦੇ ਅਸੀਮ ਚਾਨਣ ਸਾਹਮਣੇ, ਵਿਗਿਆਨ ਦੀ ਹਰੇਕ ਨਵੀਂ ਤੋਂ ਨਵੀਂ ਖੋਜ ਤੇ ਕਾਢ, ਮਾਤਰ ਦੀਵਾ ਹੀ ਸਾਬਤ ਹੁੰਦੀ ਹੈ। ਕਾਰਣ- ਵਿਗਿਆਨ ਕੁਦਰਤ ਚੋਂ ਪੈਦਾ ਹੁੰਦੀ, ਜਦਕਿ ਗੁਰਬਾਣੀ ਕੁਦਰਤ ਦੇ ਕਾਦਿਰ ੴਦਾ ਪ੍ਰਗਟਾਵਾ ਅਤੇ ਮਿਲਾਵਾ ਹੈ।

# ਛੂਤ-ਛਾਤ, ਵਰਨ-ਵੰਡ, ਊਚ-ਨੀਚ, ਜਾਤ-ਪਾਤ, ਮਹਿਲਾ-ਉੱਥਾਨ, ਦਹੇਜ-ਪ੍ਰਥਾ, ਸਤੀ-ਪ੍ਰਥਾ, ਫਿਰਕਾਪ੍ਰਸਤੀ, ਵਹਿਮ-ਭਰਮ, ਜਨੂੰਨ-ਜਹਾਲਤਾਂ, ਟੂਣੇ-ਪ੍ਰਛਾਵੇਂ ਆਦਿ ਅੱਜ ਭਾਰਤ ਸਰਕਾਰ ਜਿਨ੍ਹਾਂ ਅਨੇਕਾਂ ਮਸਲਿਆਂ ਨਾਲ ਦੋ-ਚਾਰ ਹੈ। ਜੇਕਰ ਨੇਕ ਨਿਯਤੀ ਨਾਲ ਗੁਰਬਾਣੀ ਦੀ ਸ਼ਰਣ `ਚ ਆ ਜਾਈਏ ਤਾਂ ਸਾਰਿਆਂ ਦਾ ਸਦੀਵੀ ਹੱਲ ਕੇਵਲ ਗੁਰਬਾਣੀ ਪਾਸ ਹੀ ਹੈ, ਬਾਹਰੋਂ ਨਹੀਂ ਮਿਲੇਗਾ।

# ਰੰਗ-ਨਸਲ-ਲਿੰਗ ਦੇ ਵਿਤਕਰੇ, ਹਥਿਆਰਾਂ ਦੀ ਹੋੜ, ਜੁਰਮ-ਡਰੱਗ-ਨਸ਼ੇ, ਮਾਨਸਕ ਤਨਾਵ ਦੀ ਉਪਜ ਜਿਵੇਂ ਹਿੱਪੀ ਮਸਲਾ, ਬੇਅੰਤ ਐਕਸੀਡੈਂਟ-ਮੁਕਦਮੇਬਾਜ਼ੀਆਂ, ਸਰੀਰਕ- ਮਾਨਸਕ ਰੋਗਾਂ ਦੀ ਜਕੜ ਸੰਸਾਰ ਤੱਲ ਦੇ ਸਾਰੇ ਮਸਲਿਆਂ ਦਾ ਕੇਵਲ "ਗੁਰੂ ਗ੍ਰੰਥ ਸਾਹਿਬ" ਹੀ ਸਦੀਵੀ ਹੱਲ ਹਨ।

# ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਜੀਵਨ ਜਾਚ-ਬਿਨਾ ਵਿਤਕਰਾ ਰੰਗ-ਨਸਲ, ਇਸਤ੍ਰੀ-ਪੁਰਖ, ਬੱਚਾ-ਬਿਰਧ, ਥਾਨ-ਦਿਸ਼ਾ, ਸਮਾਂ-ਵਾਰ, ਊਚ-ਨੀਚ, ਬੋਲੀ-ਭਾਸ਼ਾ-ਧਰਮ-ਰਹਿਣੀ ਸਰਬ ਸੰਸਾਰ ਦੀ ਇਕੋ ਜਿਹੀ ਸਦੀਵੀ ਲੋੜ ਤੇ ਅਗਵਾਈ ਕਰਣ ਦੇ ਸਮ੍ਰਥ ਹਨ। ਇਥੋਂ ਤਾਂ ਸੁਚੱਜਾ-ਸ਼ਾਂਤ ਮਈ ਤੇ ਮਨੁੱਖੀ ਪਿਆਰ ਨਾਲ ਭਰਪੂਰ ਸੰਤੋਖੀ ਟਿਕਾਅ ਵਾਲਾ ਜੀਵਨ ਪ੍ਰਾਪਤ ਹੁੰਦਾ ਹੈ।

# ਇਹ ਗੁਰਬਾਣੀ ਹੀ ਹੈ ਜਿਸ ਨੇ ਸਭ ਤੋਂ ਪਹਿਲਾਂ ਸਾਫ਼ ਕੀਤਾ ਕਿ ਸੀਤਲਾ (ਚੇਚਕ) ਬੀਮਾਰੀ ਹੈ, ਮਾਤਾ ਜਾਂ ਦੇਵੀ ਨਹੀਂ। ਇਸਦੇ ਇਲਾਜ ਦੀ ਲੋੜ ਹੈ। ਚੇਚਕ ਦੇ ਟੀਕੇ ਤਾਂ ਕਲ੍ਹ ਦੀ ਖੋਜ ਹਨ। ਇਸੇ ਤਰ੍ਹਾਂ ਕਿਸੇ ਫਰਜ਼ੀ ਸਰਸਤੀ ਦੀ ਪੂਜਾ ਨਾਲ ਜਹਾਲਤਾਂ ਦੂਰ ਨਹੀਂ ਹੋ ਸਕਦੀਆਂ। ਦੀਵਾਲੀਆਂ, ਲੱਛਮੀ ਪੂਜਾ-ਕੰਗਾਂਲਤਾ ਦੂਰ ਨਹੀਂ ਕਰ ਸਕਦੀਆਂ। ਦੇਵੀਆਂ-ਦੇਵਤੇ ਕੇਵਲ ਕਲਪਣਾ ਹਨ ਤੇ ਕੁੱਝ ਦੀ ਰੋਟੀ-ਰੋਜ਼ੀ ਦਾ ਵਸੀਲ਼ਾ ਹਨ। ਸਰਬਵਿਆਪੀ ਅਜੂਨੀ, ਸੈਭੰ ਕਰਤੇ ਤੋਂ ਬਿਨਾ ਕੋਈ ਭਗਵਾਨ ਨਹੀਂ ਹੋ ਸਕਦਾ।

# ਪੁਰਖ-ਪ੍ਰਧਾਨ ਸੰਸਾਰ ਨੇ ਹਰੇਕ ਪੱਧਰ `ਤੇ ਇੱਕ ਜਾਂ ਦੂਜੇ ਢੰਗ, ਇਸਤ੍ਰੀ ਵਰਗ ਨੂੰ ਸਦਾ ਤੋਂ ਦਬੋਚਿਆ ਹੈ। ਉਸਨੂੰ ਨਕਾਰ ਕੇ ਸਮਾਜ ਦੀ ਅੱਧੀ ਤੋਂ ਵੱਧ ਤਾਕਤ, ਮਨੁੱਖ ਨੇ ਆਪ ਨਸ਼ਟ ਕਰ ਰਖੀ ਹੈ। ਉਸਨੂੰ ਹਰ ਪੱਖੋਂ ਦੁਬੇਲ-ਜਾਹਿਲ-ਅਬਲਾ ਬਣਾਇਆ, ਐਸ਼ੋ-ਇਸ਼ਰਤ ਲਈ ਵਰਤਿਆ। ਨਾਰੀ-ਸ਼ਕਤੀ ਦੀ ਸੰਭਾਲ ਤੇ ਮਹਿਲਾ-ਉਥਾਨ, ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹ `ਤੇ ਚਲੇ ਬਿਨਾ ਸੰਭਵ ਨਹੀਂ।

# ਅੱਜ ਦੀ ਰੈਡ ਕਰਾਸ ਦਾ ਮੂਲ ਸ੍ਰੋਤ "ਗੁਰੂ ਗ੍ਰੰਥ ਸਾਹਿਬ" ਜੀ ਹੀ ਹਨ। ਫੁਰਮਾਨ ਹੈ: "ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ" (ਪੰ: 1299) ਅਤੇ "ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ" (ਪੰ: 671)। ਰਣਭੂਮੀ `ਚ ਜ਼ਖਮੀ ਹੋ ਕੇ ਡਿੱਗ ਚੁੱਕਾ ਅਸਹਾਇ ਵੀ ਦੁਸ਼ਮਨ ਨਹੀਂ ਰਹਿ ਜਾਂਦਾ। ਉਹ ਵੀ ਮਨੁੱਖੀ ਹਮਦਰਦੀ ਦਾ ਉਸੇ ਤਰ੍ਹਾਂ ਹੱਕਦਾਰ ਹੁੰਦਾ ਹੈ ਜਿਵੇਂ ਦੂਜੇ। ਇਸ ਦਾ ਵੱਡਾ ਸਬੂਤ ਹੈ, ਦਸਵੇਂ ਪਾਤਸ਼ਾਹ ਰਾਹੀਂ ਭਾਈ ਘਨ੍ਹਈਆ (ਸਿੰਘ) ਦੀ ਸੇਵਾ ਨੂੰ ਪ੍ਰਵਾਣਗੀ ਅਤੇ ਸ਼ਾਬਾਸ਼ੀ।

# ਲੈਨਿਨ-ਮਾਰਕਸ-ਸਾਮਵਾਦ-ਕਮਿਉਨਿਜ਼ਮ ਦੇ ਬਰਾਬਰੀ ਵਾਲੇ ਸਿਧਾਂਤ ‘ਸਾਹਿਬ ਸ੍ਰੀ ਗੁਰੂ ਗ੍ਰੰਥ’ ਦੀ ਹੀ ਦੇਣ ਹੈ। ਕਾਸ਼! ਇਹਨਾ ਦੇ ਪ੍ਰਚਾਰਕਾਂ ਨੂੰ ‘ਏਕੁ ਸਾਹਿਬ’ ਵਾਲੀ ਸਚਾਈ ਵੀ ਸਮਝ ਆ ਗਈ ਹੁੰਦੀ। ਫ਼ਿਰ ਉਹਨਾਂ ਲਈ ਮਨੁੱਖੀ ਬਰਾਬਰੀ ਦਾ ਮਤਲਬ ਅਮੀਰਾਂ ਦਾ ਖੂਨ ਖਰਾਬਾ, ਲੁੱਟ-ਖੋਹ, ਭੰਨ-ਤੋੜ ਨਹੀਂ; ਬਲਕਿ ਗੁਰਬਾਣੀ ਮਾਰਗ `ਤੇ ਚੱਲ ਕੇ, ਮਨੁੱਖੀ ਪਿਆਰ ਤੇ ਸਾਂਝ ਦਾ ਸੁਆਦ ਹੀ ਕੁੱਝ ਹੋਰ ਸੀ। "ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ" (ਪੰਨਾ 1245)।

# ਪੰਜ ਪਿਆਰਿਆਂ ਤੋਂ ਪਾਹੁਲ ਲੈ ਕੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿੱਖਿਆ ਨੂੰ ਜੀਵਨ ਅਰਪਣ ਕਰਣ ਵਾਲਾ-ਇਸਤ੍ਰੀ ਜਾਂ ਪੁਰਖ ‘ਸਿੱਖ’ ਅਖਵਾਉਂਦਾ ਹੈ। ‘ਸਿੱਖ’ ਦਾ ਅਰਥ ਹੀ ਗੁਰਬਾਣੀ ਦੀ ‘ਸਿੱਖਿਆ’ ਨੂੰ ਸਮ੍ਰਪਤ ਮਨੁੱਖ। ਬਾਣੀ `ਤੇ ਸ਼ਰਧਾ ਰੱਖਣ ਅਤੇ ਇਸਤੋਂ ਬਖਸ਼ੀ ਜੀਵਨ-ਜਾਚ ਵਲ ਸਹਿਜੇ-ਸਹਿਜੇ ਵਧਣ ਵਾਲਾ ਸ਼ਰਧਾਲੂ ਵੀ ਇਥੇ ਉਤਨਾ ਹੀ ਸਤਿਕਾਰਜੋਗ ਹੈ।

# ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਨੇ ਕੀਤੀ, ਬੀੜ ਭਾਈ ਗੁਰਦਾਸ ਤੋਂ ਲਿਖਵਾਈ। ਸੰਪਾਦਨਾ ਦਾ ਕੰਮ ਭਾਦੋਂ ਵਦੀ ਏਕਮ ਸੰਮਤ 1661 (ਸੰਨ 1604) ਨੂੰ ਮੁਕੰਮਲ ਹੋਇਆ ਤੇ ਭਾਦੋਂ ਸੁਦੀ ਏਕਮ (15 ਦਿਨਾ ਬਾਅਦ) ਤਤਕਰਾ ਮੁਕੰਮਲ ਹੌਣ ਉਪ੍ਰੰਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪ੍ਰਥਮ ਪ੍ਰਕਾਸ਼ ਕੀਤਾ।

# ਬਾਬਾ ਬੁੱਢਾ ਜੀ ਨੂੰ ਗੁਰਬਾਣੀ ਦੇ ਪ੍ਰਥਮ ਸੰਪੂਰਣ ਪਾਠ ਸਹਿਤ ਆਦਿ ਬੀੜ ਦੇ ਮੁੱਖ ਸੇਵਾਦਾਰ ਦੀ ਸੇਵਾ ਸੌਂਪੀ ਗਈ। #44s95.15s08#

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ

ਹੋਰ ਵੇਰਵੇ ਲਈ ਗੁਰਮਤਿ ਪਾਠ 09, 144, 146, 147, 148 ਡਿਲਕਸ ਕਵਰ `ਚ ਵੰਡਣ ਲਈ ਪ੍ਰਾਪਤ ਹਨ ਜੀ




.