.

ਪ੍ਰਸ਼ਨ: ਭਾਈ ਗੁਰਦਾਸ ਜੀ ਨੇ ਰਾਜੇ ਜਨਕ ਬਾਰੇ ਲਿਖਿਆ ਹੈ ਕਿ:- ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ। ਅਤੇ ਫਿਰ ਇਸੇ ਪਉੜੀ ਵਿੱਚ ਕਹਿੰਦੇ ਹਨ:- ਗਹਿਣੇ ਧਰਿਓਨੁ ਏਕ ਨਾਉ ਪਾਪਾ ਨਾਲਿ ਕਰੈ ਨਿਰਜਾਸੀ। ਕੀ ਭਾਈ ਗੁਰਦਾਸ ਜੀ ਅਨੁਸਾਰ ਰਾਜਾ ਜਨਕ ਵਡਾ ਭਗਤ ਸੀ ਅਤੇ ਉਨ੍ਹਾਂ ਨੇ ਨਾਮ ਜਪਣ ਦਾ ਆਪਣਾ ਮਹਾਤਮ ਰੱਖ ਇਸ ਨੂੰ ਪਾਪਾਂ ਨਾਲ ਤੋਲਿਆ ਅਤੇ ਤੋਲਣ `ਤੇ ਨਾਮ ਦੇ ਵੱਟੇ ਦੀ ਚੌਥਾਈ ਦੇ ਬਰਾਬਰ ਵੀ ਪਾਪ ਪੂਰੇ ਨਹੀਂ ਹੋਏ, ਸਿੱਟੇ ਵਜੋਂ ਧਰਮਰਾਜ ਨੂੰ ਨਰਕ ਖ਼ਾਲੀ ਕਰਨੇ ਪਏ। ਕੀ ਭਾਈ ਸਾਹਿਬ ਦਾ ਇਹ ਕਥਨ ਗੁਰਮਤਿ ਸਿਧਾਂਤ ਦੇ ਅਨੁਕੂਲ ਹੈ?

ਉੱਤਰ:- ਭਾਈ ਗੁਰਦਾਸ ਜੀ ਗੁਰੂ ਘਰ ਦੇ ਸੱਚੇ ਸਿੱਖ ਸਨ। ਆਪ ਜੀ ਨੇ ਗੁਰਮਤਿ ਨੂੰ ਆਪ ਵੀ ਸਮਝਿਆ ਅਤੇ ਅਣਗਿਣਤ ਪ੍ਰਾਣੀਆਂ ਨੂੰ ਕਥਾ ਵਿਖਆਣ ਅਤੇ ਲਿਖਤਾਂ ਰਾਂਹੀ ਗੁਰਮਤਿ ਦੀ ਸੋਝੀ ਵੀ ਕਰਵਾਈ ਹੈ। ਆਪ ਜੀ ਦੀਆਂ ਰਚਿਤ ਵਾਰਾਂ ਅਤੇ ਕਬਿੱਤ ਸਵਈਏ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, "ਸਿੱਖ ਦੇ ਨਿਯਮਾਂ ਦਾ ਉੱਤਮ ਭੰਡਾਰ ਹਨ, ਇਹ ਆਖਣਾ ਅਤਿਉਕਤਿ ਨਹੀਂ ਕਿ ਸਿੱਖੀ ਦਾ ਰਹਿਤਨਾਮਾ ਭਾਈ ਸਾਹਿਬ ਦੀ ਬਾਣੀ ਤੋਂ ਵਧਕੇ ਹੋਰ ਕੋਈ ਨਹੀਂ।" ਇਸ ਲਈ ਭਾਈ ਸਾਹਿਬ ਬਾਰੇ ਇਹ ਤਾਂ ਨਹੀਂ ਆਖਿਆ ਜਾ ਸਕਦਾ ਕਿ ਉਹਨਾਂ ਦੀ ਕੋਈ ਲਿਖਤ ਗੁਰ ਆਸ਼ੇ ਅਨੁਸਾਰ ਨਹੀਂ ਹੈ। ਹਾਂ, ਸਾਨੂੰ ਭਾਈ ਸਾਹਿਬ ਦੀ ਲਿੱਖਤ ਸਮਝਣ ਲਗਿਆਂ ਟਪਲਾ ਲੱਗ ਸਕਦਾ ਹੈ, ਇਸ ਗੱਲ ਦੀ ਸੰਭਾਵਨਾ ਜ਼ਰੂਰ ਹੈ। ਖ਼ੈਰ, ਜਿੱਥੋਂ ਤੱਕ ਭਾਈ ਸਾਹਿਬ ਦੀ ਇਸ ਪਉੜੀ ਦੀ ਇਹਨਾਂ ਦੋਹਾਂ ਪੰਗਤੀਆਂ ਦਾ ਸਵਾਲ ਹੈ, ਇਹਨਾਂ ਨੂੰ ਭਾਈ ਸਾਹਿਬ ਦੀਆ ਵਾਰਾਂ `ਚੋਂ ਹੀ ਸਮਝਣ ਦਾ ਯਤਨ ਕਰਦੇ ਹਾਂ। ਇਹ ਪੰਗਤੀਆਂ ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਦੀ 5 ਪਉੜੀ `ਚੋਂ ਹਨ। ਪੂਰੀ ਪਉੜੀ ਇਸ ਤਰ੍ਹਾਂ ਹੈ:-

ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ।

ਦੇਵ ਲੋਕ ਨੋ ਚਲਿਆ ਗਣ ਗੰਧਰਬ ਸਭਾ ਸੁਖਵਾਸੀ।

ਜਮਪੁਰਿ ਗਇਆ ਪੁਕਾਰ ਸੁਣਿ ਵਿਲਲਾਵਨਿ ਜੀਅ ਨਰਕ ਨਿਵਾਸੀ।

ਧਰਮਰਾਇ ਨੋ ਆਖਿਓਨੁ ਸਭਨਾਂ ਦੀ ਕਰਿ ਬੰਦ ਖਲਾਸੀ।

ਕਰੇ ਬੇਨਤੀ ਧਰਮਰਾਇ ਹਉ ਸੇਵਕ ਠਾਕੁਰੁ ਅਬਿਨਾਸੀ।

ਗਹਿਣੇ ਧਰਿਓਨੁ ਏਕ ਨਾਉ ਪਾਪਾ ਨਾਲਿ ਕਰੈ ਨਿਰਜਾਸੀ।

ਪਾਸੰਗਿ ਪਾਪੁ ਨ ਪੁਜਨੀ ਗੁਰਮੁਖਿ ਨਾਉ ਅਤੁਲ ਨ ਤੁਲਾਸੀ॥

ਨਰਕਹੁਂ ਛੁਟੇ ਜੀਅ ਜੰਤ ਕਟੀ ਗਲਹੁਂ ਸਿਲਕ ਜਮ ਫਾਸੀ।

ਮੁਕਤਿ ਜੁਗਤਿ ਨਾਵੈ ਦੀ ਦਾਸੀ।

ਇਨ੍ਹਾਂ ਦੋਹਾਂ ਪੰਗਤੀਆਂ ਦਾ ਭਾਵ ਅਰਥ ਸਮਝਣ ਤੋਂ ਪਹਿਲਾਂ ਭਾਈ ਸਾਹਿਬ ਦੀ ਦਸਵੀਂ ਵਾਰ ਬਾਰੇ ਕੁੱਝ ਕੁ ਗੱਲਾਂ ਨੂੰ ਸਮਝਣ ਲੈਣਾ ਜ਼ਰੂਰੀ ਹੈ। ਭਾਈ ਗੁਰਦਾਸ ਜੀ ਨੇ ਇਸ ਵਾਰ ਵਿੱਚ ਗੁਰਮਤਿ ਦਾ ਆਸ਼ਾ ਪ੍ਰਸਿੱਧ ਲੋਕ ਕਥਾਵਾਂ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ; ਠੀਕ ਉਸੇ ਤਰ੍ਹਾਂ ਜਿਵੇਂ ਗੁਰੂ ਗਰੰਥ ਸਾਹਿਬ ਵਿੱਚ ਭਗਤਾਂ ਅਤੇ ਗੁਰੂ ਸਾਹਿਬਾਨ ਆਦਿ ਨੇ ਪ੍ਰਚਲਤ ਕਥਾਵਾਂ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ। ਗਿਆਨੀ ਹਜ਼ਾਰਾ ਸਿੰਘ ਜੀ ਪੰਡਿਤ (ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਟੀਕਾ ਕੀਤਾ ਹੈ ਅਤੇ ਜਿਸ ਨੂੰ ਪਦਮ ਭੂਸ਼ਨ ਡਾਕਟਰ ਭਾਈ ਵੀਰ ਸਿੰਘ ਜੀ ਨੇ ਸੰਸ਼ੋਧਨ (ਸ਼ੁਧ ਕਰਨਾ, ਠੀਕ ਕਰਨਾ) , ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਕੀਤਾ ਹੈ) ਭਾਈ ਗੁਰਦਾਸ ਜੀ ਦੀ ਇਸ ਦਸਵੀਂ ਵਾਰ ਦੇ ਸ਼ੁਰੂ ਵਿੱਚ ਹੀ ਫੁਟ ਨੋਟ ਵਿੱਚ ਲਿੱਖਦੇ ਹਨ:-

"ਇਸ ਵਾਰ ਵਿੱਚ ਲੋਕ ਪ੍ਰਸਿੱਧ ਕਥਾਵਾਂ ਦ੍ਰਿਸ਼ਟਾਂਤ ਦੇ ਢੰਗ ਪਰ ਕਹੀਆਂ ਹਨ, ਜਿਨ੍ਹਾਂ ਵਿਚੋਂ ਪਰਮਾਰਥ ਦੇ ਬੜੇ ਬੜੇ ਉਪਦੇਸ਼ ਨਿਕਲਦੇ ਹਨ। ਭਾਈ ਸਾਹਿਬ ਜੀ ਇਤਿਹਾਸ ਨਹੀਂ ਲਿਖ ਰਹੇ ਦ੍ਰਿਸ਼ਟਾਂਤ ਦੇਕੇ ਆਪਣੇ ਉਪਦੇਸ਼ ਨੂੰ ਪ੍ਰਕਾਸ਼ ਕਰਦੇ ਹਨ, ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ ਲਈਦਾ ਹੈ, ਜੇ ਦੋ ਦੋ ਅੰਗ ਲਏ ਗਏ ਤਦ ਭਾਈ ਸਾਹਿਬ ਜੀ ਦੀ ਬਾਣੀ ਪਰ ਪਰਸਪਰ ਵਿਰੋਧ ਦਾ ਦੂਸ਼ਨ ਲਗੇਗਾ।" ਗਿਆਨੀ ਹਜ਼ਾਰਾ ਸਿੰਘ ਜੀ ਅੱਗੇ ਲਿੱਖਦੇ ਹਨ, ਸਾਡੀ ਵਿਦਯਾ ਦਾ ਆਮ ਅਸੂਲ ਹੈ ਕਿ ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ ਲੈਣਾ ਹੈ। ਦੂਜੇ ਪ੍ਰਸਿੱਧ ਕਥਾਵਾਂ ਨੂੰ ਉਪਦੇਸ਼ ਮਾਤ੍ਰ ਕਹਿਣਾ ਕਰਤਾ ਨੂੰ ਇਤਿਹਾਸਕ ਸਤਯਤਾ ਦਾ ਜ਼ਿੰਮੇਵਾਰ ਬੀ ਨਹੀਂ ਠਹਿਰਾਉਂਦਾ। ਉਹ ਪੱਖ ਜੁਦਾ ਹੈ, ਇਹ ਪੱਖ ਜੁਦਾ ਹੈ, ਪਾਠਕ ਜਨ ਰਲਾ ਮਿਲਾ ਕੇ ਰੌਲੇ ਵਿੱਚ ਨਾ ਪੈ ਜਾਣ।

ਇਨ੍ਹਾਂ ਗੱਲਾਂ ਨੂੰ ਵਿਚਾਰਨ ਪਿੱਛੋਂ ਹੁਣ ਇਸ ਪਉੜੀ ਦੀਆਂ ਇਹਨਾਂ ਦੋਹਾਂ ਪੰਗਤੀਆਂ, ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ। ਅਤੇ ਗਹਿਣੇ ਧਰਿਓਨੁ ਏਕ ਨਾਉ ਪਾਪਾ ਨਾਲਿ ਕਰੈ ਨਿਰਜਾਸੀ। ਵੱਲ ਆਉਂਦੇ ਹਾਂ।

ਜਿੱਥੋ ਤੱਕ ਰਾਜਾ ਜਨਕ ਦੇ ਸਬੰਧ ਵਿੱਚ ਭਾਈ ਸਾਹਿਬ ਦਾ ਇਹ ਕਥਨ ਹੈ ਕਿ, ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ। ਇਸ ਵਿੱਚ ਭਾਈ ਸਾਹਿਬ ਰਾਜਾ ਜਨਕ ਬਾਰੇ ਆਪਣਾ ਮਤ ਨਹੀਂ ਬਲਕਿ ਜੋ ਪ੍ਰਚਲਤ ਕਥਾ ਹੈ, ਉਸ ਦਾ ਹੀ ਜ਼ਿਕਰ ਕਰ ਰਹੇ ਹਨ। ਪ੍ਰਚਲਤ ਕਥਾ ਦੇ ਪਰਸੰਗ ਵਿੱਚ ਹੀ ਆਪ ਗੁਰੂ ਅਰਜਨ ਸਾਹਿਬ ਬਾਰੇ ਲਿਖਦੇ ਹਨ: ਮਾਇਆ ਵਿਚਿ ਉਦਾਸੁ ਕਰਿ ਗੁਰੁ ਸਿਖ ਜਨਕ ਅਸੰਖ ਭਗਤਾ। (ਵਾਰ 24 ਪਉੜੀ 20)

ਜਿਸ ਦਾ ਅਰਥ ਹੈ ਕਿ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਮਾਇਆ ਵਿਖੇ ਹੀ ਉਦਾਸ ਕਰ ਦੇਂਦੇ ਹਨ ਅਤੇ ਜਨਕ ਵਰਗੇ ਅਸੰਖਾਂ ਭਗਤ ਆਪ ਜੀ ਨੇ ਬਣਾ ਦਿੱਤੇ ਹਨ।

ਪਰੰਤੂ ਭਾਈ ਗੁਰਦਾਸ ਜੀ ਜਦੋਂ ਗੁਰਮਤਿ ਦੀ ਵਿਸ਼ੇਸ਼ਤਾ ਦਾ ਵਰਣਨ ਕਰਦੇ ਹਨ ਤਾਂ ਆਪ ਰਾਜੇ ਜਨਕ ਦੀ ਇਸ ਪ੍ਰਚਲਤ ਕਥਾ ਨਾਲੋਂ ਵੱਖਰਾ ਦ੍ਰਿਸ਼ਟੀਕੋਣ ਰੱਖਦੇ ਹਨ। ਇਹ ਦ੍ਰਿਸ਼ਟੀਕੋਣ ਆਪ ਜੀ ਦੀ ਵਾਰ 12 ਦੀ 8 ਪਉੜੀ ਵਿੱਚ ਵੇਖਿਆ ਜਾ ਸਕਦਾ ਹੈ:-

ਧ੍ਰੂ ਪਹਿਲਾਦੁ ਭਭੀਖਣੋ ਅੰਬਰੀਕੁ ਬਲਿ ਜਨਕ ਵਖਾਣਾ।

ਰਾਜ ਕੁਆਰ ਹੋਇ ਰਾਜਸੀ ਆਸਾ ਬੰਧੀ ਚੋਜ ਵਿਡਾਣਾ। ……

ਪੈਰੁ ਕੜਾਹੇ ਜਨਕ ਦਾ ਕਰਿ ਪਾਖੰਡ ਧਰਮ ਧਿਙਾਣਾ।

ਆਪ ਗਣਾਇ ਵਿਗੁਚਣਾ ਦਰਗਹ ਪਾਏ ਮਾਣੁ ਨਿਮਾਣਾ।

ਗੁਰਮੁਖਿ ਸੁਖ ਫਲੁ ਪਤਿ ਪਰਵਾਣਾ।

(ਵਾਰ 12, ਪਉੜੀ 14)

ਇੱਨਾ ਹੀ ਨਹੀਂ ਭਾਈ ਸਾਹਿਬ ਜਦ ਗੁਰ ਕੇ ਸਿੱਖਾਂ ਦੀ ਵਿਸ਼ੇਸ਼ਤਾ ਦਾ ਵਰਣਨ ਕਰਦੇ ਹਨ ਤਾਂ ਆਪ ਪ੍ਰਚਲਤ ਕਥਾਵਾਂ ਰਾਂਹੀ ਇਨ੍ਹਾਂ ਸ੍ਰੇਸ਼ਟ ਵਿਅਕਤੀਆਂ ਦਾ ਜ਼ਿਕਰ ਕਰਦਿਆਂ ਗੁਰਮਤਿ ਦੀ ਰਹਿਣੀ ਦੀ ਜੋ ਉੱਤਮਤਾ ਹੈ, ਉਸ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ:

ਰਾਜੁ ਜੋਗੁ ਹੈ ਜਨਕ ਦੇ ਵਡਾ ਭਗਤੁ ਕਰਿ ਵੇਦ ਵਖਾਣੈ।

ਸਨਕਾਦਿਕ ਨਾਰਦ ਉਦਾਸ ਬਾਲ ਸੁਭਾਇ ਅਤੀਤ ਸੁਹਾਣੈ॥

ਜੋਗ ਭੋਗ ਲਖ ਲੰਘਿਕੈ ਗੁਰੁਸਿਖ ਸਾਧ ਸੰਗਤਿ ਨਿਰਬਾਣੈ।

ਆਪ ਗਣਾਇ ਵਿਗੁਚਣਾ ਆਪੁ ਗਵਾਏ ਆਪੁ ਸਿਞਾਣੈ।

ਗੁਰਮੁਖਿ ਮਾਰਗੁ ਸਚ ਦਾ ਪੈਰੀ ਪਵਣਾ ਰਾਜੇ ਰਾਣੈ॥

ਗਰਬੁ ਗੁਮਾਨੁ ਵਿਸਾਰਿਕੈ ਗੁਰਮਤਿ ਰਿਦੈ ਗਰੀਬੀ ਆਣੈ।

ਸਚੀ ਦਰਗਹ ਮਾਣੁ ਨਿਮਾਣੈ।

(ਵਾਰ 25, ਪਉੜੀ 11)

ਸੋ, ਭਾਈ ਗੁਰਦਾਸ ਜੀ ਇਹ ਦਰਸਾਉਣ ਲਈ ਕਿ, "ਮੁਕਤਿ ਜੁਗਤਿ ਨਾਵੈ ਦੀ ਦਾਸੀ।" ਹੈ, ਰਾਜੇ ਜਨਕ ਦੀ ਪ੍ਰਚਲਤ ਕਥਾ ਦਾ ਵਰਣਨ ਕਰਦੇ ਹਨ।

ਇਸ ਪਉੜੀ ਦਾ ਵਿਸ਼ਾ ਨਾ ਤਾਂ ਰਾਜਾ ਜਨਕ ਵਡੇ ਭਗਤ ਹਨ, ਹੈ, ਅਤੇ ਨਾ ਹੀ ਰਾਜੇ ਜਨਕ ਦੁਆਰਾ ਨਰਕਾਂ ਵਿਚੋਂ ਜੀਵਾਂ ਨੂੰ ਛੁਡਾਉਣ ਦਾ ਹੈ। ਇਸ ਪਉੜੀ ਦਾ ਜੋ ਮੁੱਖ ਵਿਸ਼ਾ ਹੈ, ਉਹ ਪਉੜੀ ਦੀ ਅਖ਼ੀਰਲੀ ਪੰਗਤੀ "ਮੁਕਤਿ ਜੁਗਤਿ ਨਾਵੈ ਦੀ ਦਾਸੀ" ਵਿੱਚ ਹੈ। ਭਾਵ ਵਿਕਾਰਾਂ ਤੋਂ ਖ਼ਲਾਸੀ ਅਤੇ ਦੂਜਿਆਂ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਉਣ ਦੀ ਜੁਗਤੀ, ਇਹ ਦੋਵੇਂ ਹੀ ਨਾਮ ਦੀਆਂ ਦਾਸੀਆਂ ਹਨ; ਕਹਿੰਦਿਆਂ ਹੋਇਆਂ ਪ੍ਰਭੂ ਨਾਮ ਦੀ ਮਹਿਮਾ ਦਰਸਾਈ ਹੈ। ਇਸ ਮੁੱਖ ਵਿਸ਼ੇ ਦੇ ਨਾਲ ਨਾਲ ਇਸ ਪ੍ਰਚਲਤ ਕਥਾ ਰਾਂਹੀ ਇਹ ਵੀ ਦਰਸਾਇਆ ਹੈ ਕਿ ਗੁਰਮੁਖ ਪ੍ਰਾਣੀ ਪਰਉਪਕਾਰ ਲਈ ਹਮੇਸ਼ਾਂ ਹੀ ਤਤਪਰ ਰਹਿੰਦੇ ਹਨ। ਉਹ ਆਪਣੇ ਸੁਖ ਅਰਾਮ ਦੀ ਪਰਵਾਹ ਨਹੀਂ ਕਰਦੇ; ਦੂਜਿਆਂ ਦੀ ਖ਼ੁਸ਼ੀ ਵਿੱਚ ਹੀ ਖ਼ੁਸ਼ੀ ਮਹਿਸੂਸ ਕਰਦੇ ਹਨ ਆਦਿ।

ਗੁਰਮਤਿ ਦਾ ਇਹ ਪੱਖ ਦਰਸਾਉਣ ਲਈ ਹੀ ਭਾਈ ਗੁਰਦਾਸ ਜੀ ਨੇ ਰਾਜੇ ਜਨਕ ਬਾਰੇ ਪ੍ਰਚਲਤ ਕਥਾ ਦਾ ਦ੍ਰਿਸ਼ਟਾਂਤ ਦਿੱਤਾ ਹੈ।

ਜਿੱਥੋਂ ਤੱਕ ਜਨਕ ਰਾਜੇ ਨੇ ਨਾਮ ਜਪਣ ਦਾ ਆਪਣਾ ਮਹਾਤਮ ਰੱਖ ਇਸ ਨੂੰ ਪਾਪਾਂ ਨਾਲ ਤੋਲਿਆ ਅਤੇ ਤੋਲਣ `ਤੇ ਨਾਮ ਦੇ ਵੱਟੇ ਦੀ ਚੌਥਾਈ ਦੇ ਬਰਾਬਰ ਵੀ ਪਾਪ ਪੂਰੇ ਨਹੀਂ ਹੋਏ, ਸਿੱਟੇ ਵਜੋਂ ਧਰਮਰਾਜ ਨੂੰ ਨਰਕ ਖ਼ਾਲੀ ਕਰਨੇ ਪਏ, ਦਾ ਸਵਾਲ ਹੈ, ਇਸ ਬਾਰੇ ਗੁਰਮਤਿ ਦਾ ਦ੍ਰਿਸ਼ਟੀਕੋਣ ਬੜਾ ਸਪਸ਼ਟ ਹੈ ਕਿ, "ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ"। ਜੇਕਰ ਗੁਰਮਤਿ ਦਾ ਇਹ ਦ੍ਰਿਸ਼ਟੀਕੋਣ ਹੁੰਦਾ ਤਾਂ ਸਮੁੱਚੀ ਮਨੁੱਖਤਾ ਦਾ ਭਲਾ ਚਾਹੁੰਣ ਵਾਲੇ ਸਤਿਗੁਰ ਅਜਿਹਾ ਕਰਦਿਆਂ ਰਤਾ ਵੀ ਢਿੱਲ ਨਾ ਲਾਉਂਦੇ; ਪ੍ਰਭੂ ਅੱਗੇ ਇਹ ਜੋਦੜੀ ਨਾ ਕਰਦੇ ਕਿ, ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)। ਜੀ ਹਾਂ, ਐਸਾ ਸੰਭਵ ਹੁੰਦਾ ਤਾਂ ਗੁਰੁ ਸਾਹਿਬਾਨ ਨੂੰ ਇੱਨੀਆਂ ਘਾਲਣਾ ਘਾਲਣ ਦੀ ਜ਼ਰੂਰਤ ਹੀ ਨਹੀਂ ਸੀ। ਫਿਰ ਤਾਂ ਗੁਰੁ ਰਾਮਦਾਸ ਜੀ ਨੂੰ ਪ੍ਰਿਥੀਚੰਦ ਵਰਗਿਆਂ ਨੂੰ ਵੀ ਇਹ ਕਹਿਣ ਦੀ ਬਿਲਕੁਲ ਹੀ ਜ਼ਰੂਰਤ ਨਹੀਂ ਸੀ ਕਿ, ਕਾਹੇ ਪੂਤ ਝਗਰਤ ਹਉ ਸੰਗਿ ਬਾਪ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥ (ਪੰਨਾ ੧੨੦੦)

ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਭਾਈ ਗੁਰਦਾਸ ਜੀ ਇਸ ਪਉੜੀ ਵਿੱਚ ਮੁਕਤੀ ਅਤੇ ਜੁਗਤੀ ਦੋਵੇਂ ਹੀ ਨਾਮ ਦੀਆਂ ਦਾਸੀਆਂ ਹਨ, ਆਖ ਕੇ ਨਾਮ ਦੀ ਵਡਿਆਈ ਨੂੰ ਦਰਸਾਉਂਦਿਆਂ ਹੋਇਆਂ ਗੁਰਮਤਿ ਦੇ ਇਸ ਸੁਨਹਿਰੀ ਸਿਧਾਂਤ, ਨਾਨਕ ਕੈ ਘਰਿ ਕੇਵਲ ਨਾਮੁ, ਦਾ ਹੀ ਵਰਣਨ ਕਰ ਰਹੇ ਹਨ ਨਾ ਕਿ ਪ੍ਰਚਲਤ ਕਥਾ ਦੀ ਪਰਮਾਣੀਕਤਾ ਉੱਤੇ ਮੋਹਰ ਲਾ ਰਹੇ ਹਨ। ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਸੱਜਣਾਂ ਨੂੰ ਵਿਆਖਿਆ ਕਰਨ ਸਮੇਂ ਗੁਰਮਤਿ ਦਾ ਇਹ ਪੱਖ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਭਰਮ ਭੁਲੇਖਾ ਨਾ ਪਵੇ।

ਜਸਬੀਰ ਸਿੰਘ ਵੈਨਕੂਵਰ




.