.

"ਧਨਿ ਧੰਨਿ ਓ ਰਾਮ ਬੇਨੁ ਬਾਜੈ"

ਅਰਥ ਨਿਖਾਰ ਭਾਗ ੨

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ ੧੯੫੬

"ਏਕੋ ਏਕੁ ਵਰਤੈ ਸਭੁ ਸੋਈ" -ਜਨਮਅਸ਼ਟਮੀ ਬ੍ਰਾਹਮਣ ਮੱਤ ਦਾ ਤਿਉਹਾਰ ਹੈ ਤੇ ਇਸ ਦਿਨ ਨੂੰ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਕਰਕੇ ਜਾਣਿਆ ਜਾਂਦਾ ਹੈ। ਇਸ ਲਈ ਕ੍ਰਿਸ਼ਨ ਜੀ ਦੇ ਉਪਾਸ਼ਕ ਇਸ ਨੂੰ ਆਪਣੇ ਢੰਗ ਨਾਲ ਜੰਮ-ਜੰਮ ਮਨਾਉਣ, ਇਸ ਤੇ ਕਿਸੇ ਨੂੰ ਉਜ਼ਰ ਨਹੀਂ ਹੋ ਸਕਦਾ। ਇਸਦੇ ਬਾਵਜੂਦ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਂਦੇ ਹਨ ਜੇਕਰ ਉਹ ਵੀ ਗੁਰਬਾਣੀ `ਚੋਂ ਕੁੱਝ ਸ਼ਬਦ ਲੈ ਕੇ, ਗੁਰਬਾਣੀ ਸਿਧਾਂਤ ਦੇ ਉਲਟ, ਸ਼ਬਦਾਂ ਨੂੰ ਅਵਤਾਰ ਪੂਜਾ ਦੇ ਅਰਥਾਂ `ਚ ਵਰਤਣ ਤਾਂ ਇਹ ਆਪਣੇ ਆਪ `ਚ ਗੁਰਬਾਣੀ ਦੀ ਘੋਰ ਬੇਅਦਬੀ ਹੈ। ਇਸ ਲਈ ਸੰਬੰਧਿਤ ਸ਼ਬਦਾਂ `ਤੇ ਵਿਚਾਰ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਤਾ ਕਿ ਪਤਾ ਲੱਗ ਸਕੇ ਕੀ ਸਚਮੁਚ ਸੰਬੰਧਤ ਸ਼ਬਦ ਅਵਤਾਰ ਪੂਜਾ ਦੇ ਹਨ ਜਾਂ ਅਕਾਲੁਰਖ ਸੰਬੰਧੀ। ਉਹਨਾਂ `ਚੋਂ ਹੀ ਇੱਕ ਸ਼ਬਦ "ਧਨਿ ਧੰਨਿ ਓ ਰਾਮ ਬੇਨੁ ਬਾਜੈ" ਜਿਸਦੇ ਅਸਾਂ ਮੂਲ ਅਰਥਾਂ ਨੂੰ ਸਮਝਣਾ ਹੈ।

ਇਸ ਤੋਂ ਪਹਿਲਾਂ ਕਿ ਅਸੀਂ ਸੰਬੰਧਤ ਸ਼ਬਦ ਵੱਲ ਵਧੀਏ, ਇਹ ਗੱਲ਼ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ ਕੇਵਲ `ਤੇ ਹੀ ਆਧਾਰਤ ਹੈ। ੴ ਜਿਸਦੇ, ਅਰਥ ਹੀ ਇਹੀ ਹਨ ਕਿ "ਅਕਾਲਪੁਖ ਇੱਕ ਹੈ, ਜ਼ਰੇ ਜ਼ਰੇ `ਚ ਇਸ ਰਸ ਵਿਆਪਕ ਹੈ, ਉਸਦਾ ਅੰਤ ਨਹੀਂ ਪਾਇਆ ਜਾ ਸਕਦਾ" । ਫ਼ਿਰ ਮੰਗਲਾ ਚਰਣ `ਚ ਹੀ ਪੱਕਾ ਕਰ ਦਿੱਤਾ ਹੈ ਕਿ ਉਹ ਪ੍ਰਭੂ ‘ਸਤਿਨਾਮੁ’ ਭਾਵ ਰੂਪ, ਰੇਖ, ਰੰਗ ਤੋਂ ਨਿਆਰਾ ਤੇ ਸਤਿ ਭਾਵ ਸਦੀਵੀ ਹੈ। ਸਤਿ, ਉਸਦਾ ਨਿਰਗੁਣ ਸਰੂਪ ਹੈ ਜਦਕਿ ਸਾਰੀ ਰਚਨਾ ਪ੍ਰਭੂ ਦਾ ਹੀ ਸਰਗੁਣ ਸਰੂਪ ਹੈ। ਪ੍ਰਭੂ ਅਜੂਨੀ ਵੀ ਹੈ, ਜਨਮ-ਮਰਣ ਅਥਵਾ ਗਰਭ `ਚ ਨਹੀਂ ਆਉਂਦਾ। ਉਸਨੂੰ ਕਿਸੇ ਮੂਰਤੀ ਜਾਂ ਪੱਥਰ ਦੇ ਰੂਪ `ਚ ਮੰਦਿਰਾਂ ਆਦਿ `ਚ ਵੀ ਨਹੀਂ ਟਿਕਾਇਆ ਜਾ ਸਕਦਾ, ਕਿਉਂਕਿ ਪ੍ਰਭੂ ਸੈਭੰ ਭਾਵ ਆਪਣੇ ਆਪ ਤੋਂ ਵੀ ਹੈ। ਇਸ ਲਈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ `ਚ ਇੱਕ ਵੀ ਸ਼ਬਦ ਅਜੇਹਾ ਨਹੀਂ ਮਿਲੇਗਾ ਜਿਸਦੇ ਅਰਥ ਦੇ ਉਲਟ ਕਿਸੇ ਦੇਵੀ-ਦੇਵਤਾ-ਅਵਤਾਰ ਵਾਦ ਜਾਂ ਕਿਸੇ ਵੀ ਹੋਰ ਦੀ ਪੂਜਾ ਲਈ ਵਰਤੇ ਜਾ ਸਕਦੇ ਹੋਣ। ਗੁਰਬਾਣੀ `ਚ ਸੰਪੂਰਣ ਤੌਰ ਤੇ "ਏਕੋ ਏਕੁ ਵਰਤੈ ਸਭੁ ਸੋਈ" (ਪੰ: ੧੦੪੪) ਇਸ ਲਈ ਇਥੇ ਤਾਂ "ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ" (ਪੰ: ੪੭੦) ਦਾ ਸਿਧਾਂਤ ਹੀ ਕੰਮ ਕਰ ਰਿਹਾ ਹੈ।

"ਏਕ ਕ੍ਰਿਸਨੰ ਸਰਬ ਦੇਵਾ" -ਇਹ ਵੱਖਰੀ ਗੱਲ ਹੈ ਕਿ ਗੁਰਬਾਣੀ `ਚ ਅਕਾਲਪੁਰਖ ਲਈ ਕ੍ਰਿਸ਼ਨ ਪਦ ਵੀ ਕਈ ਵਾਰੀ ਆਇਆ ਹੈ ਜਿਵੇਂ "ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿB ਜੇ ਕੋ ਜਾਣੈ ਭੇਉ" (ਪੰ: ੪੬੯) ਭਾਵ ਸਾਰੀ ਰਚਨਾ ਦਾ ਮੂਲ ਕੇਵਲ ਪ੍ਰਮਾਤਮਾ (ਕ੍ਰਿਸ਼ਨ) ਹੀ ਹੈ। ਉਪ੍ਰੰਤ ਮੰਨੇ ਜਾ ਰਹੇ ਸਾਰੇ ਦੇਵੀ-ਦੇਵਤਿਆਂ ਸਮੇਤ, ਸਾਰਿਆਂ ਅੰਦਰ ਉਸੇ ਕਰਤੇ ਦਾ ਹੀ ਨੂਰ (ਆਤਮਾ) ਹੈ। ਇਥੋਂ ਤੀਕ ਕਿ ਵਾਸਦੇਵ ਵੀ "ਬਾਸੁਦੇਵ ਬਸਤ ਸਭ ਠਾਇ" (ਪੰ: ੮੯੭) ਸਰਵ ਵਿਆਪਕ ਪ੍ਰਭੂ ਨੂੰ ਹੀ ਕਿਹਾ ਹੈ। ਹੋਰ ਲਵੋ! "ਕੰਚਨ ਕਾਇਆ, ਸੁਇਨੇ ਕੀ ਢਾਲਾ॥ ਸੋਵੰਨ ਢਾਲਾ, ਕ੍ਰਿਸਨ ਮਾਲਾ, ਜਪਹੁ ਤੁਸੀ ਸਹੇਲੀਹੋ" (ਪੰ: ੫੬੭)। ਪ੍ਰਭੂ ਦਾ ਸਰੀਰ ਵੀ ਮਾਨੋ ਸੋਨੇ ਦਾ ਢਲਿਆ ਹੋਇਆ ਭਾਵ ਉਸਦੀ ਸੰਪੂਰਣ ਰਚਨਾ ਅਤੇ ਦੇਣ `ਚ ਉਕਾ ਖੋਟ ਨਹੀਂ। ਇਸ ਲਈ ਐ ਸਤਸੰਗੀਓ! ਤੁਸੀਂ ਕੇਵਲ ਸਦਾਉਸ ਪ੍ਰਭੂ ਦਾ ਨਾਮ ਜਪੋ। ਇਸੇ ਤਰ੍ਹਾਂ "ਤਨੁ ਮਨੁ ਸਉਪਉ ਕ੍ਰਿਸਨ ਪਰੀਤਿ (ਪੰ: ੪੧੩) ਹੋਰ "ਗੁਰ ਕੀ ਸਾਖੀ ਰਾਖੈ ਚੀਤਿ॥ ਮਨੁ ਤਨੁ ਅਰਪੇ ਕ੍ਰਿਸਨ ਪਰੀਤਿ" (ਪੰ: ੯੭੪) ਭਾਵ ਉਸ ਕ੍ਰਿਸ਼ਨ ਦੇ ਸਨਮੁਖ, ਆਪਣਾ ਆਪ ਸਮਰਪਣ ਕਰੋ ਜਿਸ ਬਾਰੇ ਗੁਰੂ ਨੇ ਸਿਖਿਆ ਦਿੱਤੀ ਹੈ (ਦੇਵਕੀ ਸੁਤ ਨਹੀਂ)। ਪੁਨਾ "ਗੁਰਮੁਖਿ ਮਧੁਸੂਦਨੁ ਨਿਸਤਾਰੇ॥ ਗੁਰਮੁਖਿ ਸੰਗੀ, ਕ੍ਰਿਸਨ ਮੁਰਾਰੇ" (ਪੰ: ੯੮) ਜਾਂ "ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ॥ ਮਨੁ ਤਨੁ ਨਿਰਮਲੁ ਅਤਿ ਸੋਹਣਾ, ਭੇਟਿਆ ਕ੍ਰਿਸਨ ਮੁਰਾਰਿ (ਪੰ: ੭੮੮) ਮਧ ਤੇ ਮੁਰਾਰ ਦੋਵੇਂ ਉਪਨਾਮ ਜਸੋਦਾ ਸੁਤ ਕ੍ਰਿਸ਼ਨ ਜੀ ਦੇ ਹੀ ਹਨ ਤੇ ਇਹਨਾ ਪਿਛੇ ਵਿਸ਼ਵਾਸ ਹਣ ‘ਮਧੁ ਕੈਟਪ’ ਤੇ ‘ਮੁਰ’ ਦੈਤ ਨੂੰ ਮਾਰਣ ਵਾਲਾ; ਇਥੇ ਅਰਥ ਹਨ ਮਨੁੱਖਾ ਜੀਵਨ `ਚੋਂ ਵਿਕਾਰਾਂ ਰੂਪੀ ਰਾਕਸ਼ਾਂ ਨੂੰ ਮਾਰਣ ਵਾਲਾ ‘ਅਕਾਲਪੁਰਖ’ । ਜਦਕਿ ਗੁਰਮਤਿ ਰਾਕਸ਼ਾਂ-ਦੇਵਤਿਆਂ ਦੀ ਹੋਂਦ `ਚ ਹੀ ਵਿਸ਼ਵਾਸ ਨਹੀਂ ਰਖਦੀ।

"ਜੁਗਹ ਜੁਗਹ ਕੇ ਰਾਜੇ" - ਉਪ੍ਰੰਤ, ਜਿਥੋਂ ਤੀਕ ਜਸੋਦਾ ਸੁੱਤ ਕ੍ਰਿਸ਼ਨ ਦਾ ਸੰਬੰਧ ਹੈ, ਉਹਨਾਂ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ "ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ" (ਪੰ: ੪੨੩) ਭਾਵ ਜਿਸ ਕ੍ਰਿਸ਼ਨ ਨੂੰ ਤੁਸੀਂ ਭਗਵਾਨ ਮੰਣਦੇ ਹੋ, ਉਹ ਤਾਂ ਕੇਵਲ ਆਪਣੇ ਸਮੇਂ ਦਾ ਰਾਜਾ ਹੀ ਸੀ। ਇਸ ਤਰ੍ਹਾਂ ਪ੍ਰਭੂ ਦੀ ਰਚਨਾ `ਚ ਅਜੇਹਾ ਇੱਕ ਕ੍ਰਿਸ਼ਨ ਨਹੀਂ ਬਲਕਿ "ਕੇਤੇ ‘ਕਾਨ’ (ਅਵਤਾਰੀ ਕ੍ਰਿਸ਼ਨ) ਮਹੇਸ" (ਜਪੁ) ਇਥੋਂ ਤੀਕ ਕਿ ""ਨਾਨਕ ਨਿਰਭਉ ਨਿਰੰਕਾਰੁ, ਹੋਰਿ ਕੇਤੇ ਰਾਮ ਰਵਾਲ॥ ਕੇਤੀਆ ਕੰਨ੍ਹ੍ਹ (ਕ੍ਰਿਸ਼ਨ) ਕਹਾਣੀਆ ਕੇਤੇ ਬੇਦ ਬੀਚਾਰ" (ਪੰ: ੪੬੪) ਅਕਾਲਪੁਰਖੁ ਦੀ ਮਹਾਨ ਹਸਤੀ ਸਾਹਮਣੇ ਤਾਂ (ਅਵਤਾਰੀ) ਕ੍ਰਿਸ਼ਨ ਦੀ ਹਸਤੀ ‘ਰਵਾਲ’ ਤੋਂ ਵੱਧ ਨਹੀਂ।

"ਸਗਲੀ ਥੀਤਿ ਪਾਸਿ ਡਾਰਿ ਰਾਖੀ" -ਪੰਜਵੇਂ ਨਾਨਕ ਜਸੋਧਾ ਸੁੱਤ ਕ੍ਰਿਸ਼ਨ ਲਈ ਭਗਵਾਨ ਕਹਿਣ ਵਾਲਿਆਂ ਨੂੰ ਪੁੱਛਦੇ ਹਨ, "ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾ ਸੀ॥   ॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥   ॥ ਰਹਾਉ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥   ॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥   ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ" (ਪੰ: ੧੧੩੬)। ਭਾਵ "ਐ ਭਰਮਾਂ `ਚ ਫਸੇ ਮਨੁੱਖ! ਤੂੰ ਇਹ ਕੱਚੀਆਂ ਗੱਲਾਂ ਕਿਉਂ ਕਰਦਾ ਹੈਂ? ਪ੍ਰਭੂ ਅਜੂਨੀ ਹੈ, ਜਨਮ-ਮਰਣ `ਚ ਨਹੀਂ ਆਉਂਦਾ। ਪਰ ਤੂੰ ਕੀ ਕੀਤਾ, ਸਾਰੀਆਂ ਥਿੱਤਾਂ ਨੂੰ ਚੁਕ ਕੇ ਇੱਕ ਪਾਸੇ ਰੱਖ ਦਿੱਤਾ ਤੇ (ਭਾਦੋਂ ਵਦੀ) ਅਸ਼ਟਮੀ ਨੂੰ ਭਗਵਾਨ ਦਾ ਜਨਮ ਮੰਨ ਬੈਠਾ, ਇਹ ਸਮਝ ਬੈਠਾ ਕਿ ਇਸ ਦਿਨ ਰੱਬ ਨੇ ਜਨਮ ਲਿਆ ਸੀ। ਪੰਜੀਰੀ ਬਣਾ ਅਤੇ ਪੜਦੇ `ਚ ਲੁਕੋ ਕੇ, ਚੋਰੀ ਭੋਗ ਲੁਆਉਣ ਦੀ ਗੱਲ ਕਰਦਾ ਹੈਂ। ਪ੍ਰ੍ਰਭੂ ਬਾਰੇ ਨਾਸਮਝ (ਸਾਕਤ-ਸ਼ਕਤੀਆਂ ਦੇ ਪੂਜਾਰੀ) ਇਨਸਾਨ! ਤੇਰੇ ਕੁਰਾਹੇ ਪੈ ਜਾਣ ਦਾ ਮੁੱਖ ਕਾਰਣ ਹੀ ਤੇਰਾ ਮੂਰਤੀ ਨੂੰ ਰੱਬ ਦਾ ਸਰੀਰ ਮੰਨ ਕੇ ਉਸ ਨੂੰ ਲੋਰੀਆਂ ਦੇਣਾ ਹੈ। ਗੁਰਦੇਵ ਫ਼ੁਰਮਾਉਂਦੇ ਹਨ ਕਿ ਉਹ ਮੂੰਹ ਹੀ ਸੜ ਜਾਣਾ ਚਾਹੀਦਾ ਹੈ ਜਿਹੜਾ ਕਹਿੰਦਾ ਹੈ ਰੱਬ ਜਨਮ-ਮਰਣ `ਚ ਆਉਂਦਾ ਹੈ। ਅਕਾਲਪੁਰਖੁ ਕਦੇ ਜਨਮ-ਮਰਣ `ਚ ਨਹੀਂ ਆਉਂਦਾ, ਪ੍ਰਭੂ ਤਾਂ ਜ਼ੱਰੇ ਜ਼ੱਰੇ `ਚ ਵਿਆਪਕ ਹੈ ਕਿਸੇ ਇੱਕ ਸਰੀਰ ਜਾਂ ਮੂਰਤੀ `ਚ ਬੱਝਾ ਹੋਇਆ ਨਹੀਂ।

ਜਸੋਦਾ ਸੁੱਤ ਕ੍ਰਿਸ਼ਨ ਲਈ ਗੁਰਦੇਵ, ਕ੍ਰਿਸ਼ਨ ਭਗਤਾਂ ਨੂੰ ਹੀ ਸੁਆਲ ਕਰਦੇ ਹਨ ਐ ਭਾਈ! ਜਿਸ ਕ੍ਰਿਸ਼ਨ ਨੂੰ ਤੁਸੀਂ ਇੱਕ ਪਾਸੇ ਰੱਬ ਕਹਿ ਕੇ ਪੂਜਦੇ ਹੋ। ਦੂਜੇ ਪਾਸੇ ਆਪ ਹੀ ਕਹਿੰਦੇ ਹੋ "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ੍ਹ ਕ੍ਰਿਸਨੁ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ" (ਪੰ: ੪੭੦) ਭਾਵ ਕ੍ਰਿਸ਼ਨ ਨੇ ਕੇਵਲ ਆਪਣੀ ਕਾਮ ਪੂਰਤੀ ਲਈ ਇੰਦ੍ਰ ਦੇ ਬਾਗ਼ `ਚੋਂ ਪਾਰਜਾਤ ਬਿਰਖ ਲਿਆ ਕੇ ਸਤਭਾਮਾ ਨੂੰ ਦਿੱਤਾ, ਫ਼ਿਰ ਉਸੇ ਕ੍ਰਿਸ਼ਨ ਨੇ ਹੀ ਛਲ-ਕਪਟ ਤੇ ਜ਼ੋਰ ਜ਼ਬਰਦਸਤੀ ਕਰਕੇ ਬਿੰਦ੍ਰਾਬਣ `ਚ ਚੰਦ੍ਰਾਵਲ ਨਾਲ ਰੰਗ ਰਲੀਆਂ ਮਨਾਈਆਂ। ਹੋਰ ਲਵੋ "ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ॥ ਨਾਨਕ ਗੁਰਮੁਖਿ ਹਰਿ ਆਪਿ ਤਰਾਵੈ" (ਪੰ: ੧੬੫)। ਇਸੇ ਤਰ੍ਹਾਂ ਮਿਥਿਹਾਸਕ ਕ੍ਰਿਸ਼ਨ ਲਈ ਹੋਰ ਜਿੰਨੇਂ ਵੀ ਉਪ ਨਾਮ ਆਏ ਹਨ, ਮੁਰਾਰੀ, ਦਾਮੋਦਰ, ਬੀਠੁਲ, ਬਿਹਾਰੀ, ਗੋਪਾਲ, ਪਿਤੰਬਰ, ਕੇਸ਼ਵ, ਸ੍ਰੀਧਰ ਆਦਿ ਸਾਰੇ ਹੀ ਗੁਰਬਾਣੀ `ਚ ਅਕਾਲਪੁਰਖੁ ਲਈ ਵਰਤੇ ਤੇ ਪ੍ਰਕਰਣ ਅਨੁਸਾਰ ਚੰਗੀ ਤਰ੍ਹਾਂ ਸਮਝਾਏ ਵੀ ਹਨ। ਸਪਸ਼ਟ ਹੈ ਜਦੋਂ ਮੁੱਖ ਪਦ ਕ੍ਰਿਸ਼ਨ ਹੀ, ਪ੍ਰਭੂ ਦੀ ਗੱਲ ਕਰਣ ਵੇਲੇ, ਜਸੋਦਾ ਸੁੱਤ ਲਈ ਨਹੀਂ ਤਾਂ ਸੰਬੰਧਤ ਉਪਨਾਵਾਂ ਦੀ ਗੱਲ ਆਪੇ ਹੀ ਮੁੱਕ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਰਾਮ ਜਾਂ ਕਿਸ਼ਨ ਆਦਿ ਕਿਸੇ ਅਵਤਾਰੀ ਮਹਾਪੁਰਸ਼ ਦੀ ਗੱਲ ਕੀਤੀ ਹੈ ਤਾਂ ਉਹ ਵੀ ਚੰਗੀ ਤਰ੍ਹਾਂ ਸਮਝਾ ਕੇ, ਕਿ ਇਥੇ ਅਵਤਾਰੀ ਪੁਰਸ਼ਾਂ ਦਾ ਜ਼ਿਕਰ ਹੈ ਅਜੂਨੀ, ਸੈਭੰ ਅਕਾਲਪੁਰਖ ਦਾ ਨਹੀਂ।

ਦੂਰ ਕਿਉਂ ਜਾਵੀਏ, ਖੁਦ ਨਾਮਦੇਵ ਜੀ ਜਦੋਂ ਅਵਤਾਰੀ ਕ੍ਰਿਸ਼ਨ ਦੀ ਗੱਲ ਕਰਦੇ ਹਨ ਤਾਂ "ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇ ਰਵੀ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ॥ ੧॥ ਖੂਬੁ ਤੇਰੀ ਪਗਰੀ, ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ॥ ੨॥ ਅਰਥ- ਐ ਪ੍ਰਭੂ! ਤੂੰ ਆਉਂਦਾ ਕਿਥੋਂ ਹੈਂ, ਜਾਂਦਾ ਕਿਥੇ ਹੈਂ ਤੇ ਰਹਿੰਦਾ ਕਿੱਥੇ ਹੈਂ, ਭਾਵ ਤੂੰ ਹਰ ਸਮੇਂ ਤੇ ਹਰ ਸਥਾਨ `ਤੇ ਵਿਆਪਕ ਹੈਂ, ਜ਼ਰੇ ਜ਼ਰੇ `ਚ ਮੌਜੂਦ ਹੈਂ ਇਸ ਲਈ "ਦ੍ਵਾਰਿਕਾ ਨਗਰੀ ਰਾਸਿ ਬੁਗੋਈ" , ਇਹ ਮੰਨ ਲੈਣਾ ਕਿ ਤੂੰ ਕੇਵਲ ਦੁਆਰਕਾ `ਚ ਕ੍ਰਿਸ਼ਨ ਦੀਆਂ ਰਾਸਾਂ ਤੀਕ ਹੀ ਸੀਮਿਤ ਹੈਂ, ਇਹ ਤੇਰੇ ਬਾਰੇ ਕੋਰੀ ਅਗਿਆਣਤਾ ਹੈ। ਭਾਵ ਕੁੱਝ ਲੋਕਾਂ ਰਾਹੀਂ ਤੈਨੂੰ ਦੁਆਰਕਾ `ਚ ਰਾਸਾਂ ਪਾਉਣ ਵਾਲੇ ਕਹੇ ਜਾਂਦੇ ਕ੍ਰਿਸ਼ਨ ਤੀਕ ਹੀ ਸੀਮਤ ਕਰ ਦੇਣਾ ਨਾਸਮਝੀ ਹੈ, ਤੂੰ ਤਾਂ ਹਰੇਕ ਜਗ੍ਹਾ `ਤੇ ਹੈਂ। ਉਪ੍ਰੰਤ "ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ" ਅਨੁਸਾਰ ਤੇਰੀ ਬੇਅੰਤ ਰਚਨਾ `ਚ ਜੋ ਤੇਰੇ ਹੁਕਮ ਦੀ ਖੇਡ ਵਰਤ ਰਹੀ ਹੈ, ਤੇ ਤੂੰ ਜ਼ਰੇ ਜ਼ਰੇ `ਚ ਵਿਆਪਕ ਹੈਂ, ਤੇਰੀ ਕਰਣੀ `ਚ ਵੀ ਖੋਟ ਨਹੀਂ, ਪਰ ਤੇਰੀ ਕਰਣੀ ਦੀ ਮਿਠਾਸ ਨੂੰ ਤੇਰੀ ਰਜ਼ਾ `ਚ ਚਲਣ ਵਾਲੇ ਹੀ ਪਛਾਣ ਸਕਦੇ ਹਨ (ਕੱਚੇ ਬੰਦੇ ਨਹੀਂ)। ਇਸ ਲਈ "ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ" ਕ੍ਰਿਸ਼ਨ ਵਾਲੀ ਦੁਆਰਕਾ ਜਾਂ ਇਸਲਾਮ ਦਾ ਕੇਂਦਰ ਮੱਕਾ, ਮੇਰੇ ਲਈ ਸਾਰੇ ਪਾਸੇ ਤੂੰ ਹੀ ਤੂੰ ਹੈਂ। ੨। ਹੁਣ ਸੰਬੰਧਤ ਸ਼ਬਦ-

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ੴਸਤਿਗੁਰ ਪ੍ਰਸਾਦਿ॥ ਧਨਿ ਧੰਨਿ ਓ ਰਾਮ ਬੇਨੁ ਬਾਜੈ॥ ਮਧੁਰ ਮਧੁਰ ਧੁਨਿ ਅਨਹਤ ਗਾਜੈ॥ ੧॥ ਰਹਾਉ॥ ਧਨਿ ਧਨਿ ਮੇਘਾ ਰੋਮਾਵਲੀ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ॥ ੧॥ ਧਨਿ ਧਨਿ ਤੂ ਮਾਤਾ ਦੇਵਕੀ॥ ਜਿਹ ਗ੍ਰਿਹ ਰਮਈਆ ਕਵਲਾਪਤੀ॥ ੨॥ ਧਨਿ ਧਨਿ ਬਨਖੰਡ ਬਿੰਦ੍ਰਾਬਨਾ॥ ਜਹ ਖੇਲੈ ਸ੍ਰੀ ਨਾਰਾਇਨਾ॥ ੩॥ ਬੇਨੁ ਬਜਾਵੈ ਗੋਧਨੁ ਚਰੈ॥ ਨਾਮੇ ਕਾ ਸੁਆਮੀ ਆਨਦ ਕਰੈ॥ ੪॥ ੧॥ {ਪੰਨਾ ੯੮੮}

ਵਿਸ਼ੇਸ਼-ਇਸ ਸ਼ਬਦ `ਚ ਭਗਤ ਜੀ ਨੇ ਨਿਰੋਲ ਰੂਪਕ ਅਲ਼ੰਕਾਰ ਦੀ ਹੀ ਵਰਤੋਂ ਕੀਤੀ ਹੈ ਜਿਵੇਂ ਖੁਦ ਭਗਤ ਜੀ ਦੇ ਹੀ ਹੋਰ ਕਈ ਸ਼ਬਦਾਂ `ਚ ਅਤੇ ਸਮੂਚੇ ਤੌਰ `ਤੇ ਸੰਪੂਰਣ ਗੁਰਬਾਣੀ `ਚ ਬੇਅੰਤ ਵਾਰੀ। ਅਲੰਕਾਰ ਦੇ ਅਰਥ ਹਨ, ਗਹਿਣਾ ਭਾਵ ਕਵਿਤਾ ਨੂੰ ਕਿਸੇ ਦੂਸਰੇ ਰੂਪ `ਚ ਬੰਨ ਕੇ ਗਹਿਣਿਆਂ ਨਾਲ ਸਜਾਉਣਾ। ਵੇਰਵੇ ਲਈ ਗੁਰਮਤਿ ਪਾਠ ੧੪੩ ‘ਗੁਰਬਾਣੀ `ਚ ਰੂਪਕ ਅਲੰਕਾਰ’ ਪ੍ਰਾਪਤ ਹੈ ਜੀ।

ਵਿਸ਼ੇਸ਼ ਪਦ- ੧. ਰਾਮ ਬੇਨ- ਪ੍ਰਚਲਣ ਅਨੁਸਾਰ ਬੰਸਰੀ ਵਜਾਈ ਸੀ ਤਾਂ ਕ੍ਰਿਸ਼ਨ ਜੀ ਨੇ, ਨਾ ਕਿ ਰਾਮ ਨੇ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਫ਼ੁਰਮਾਅ ਰਹੇ ਹਨ "ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ॥ ਤਾ ਕੋ ਦੂਖੁ ਹਰਿਓ ਕਰੁਣਾ ਮੈ, ਅਪਨੀ ਪੈਜ ਬਢਾਈ" (ਪੰ: ੧੦੦੮) ਦੇਖਣ ਦੀ ਗੱਲ ਹੈ, ਪ੍ਰਚਲਣ ਅਨੁਸਾਰ ਚੀਰ ਹਰਣ ਸਮੇਂ ਦ੍ਰੋਪਦੀ ਦੀ ਇਜ਼ਤ ਸ੍ਰੀ ਕ੍ਰਿਸ਼ਨ ਨੇ ਬਚਾਈ ਸੀ, ਨਾ ਕਿ ਅਵਤਾਰੀ ਰਾਮ ਨੇ। ਪਰ ਗੁਰਦੇਵ ਉਚੇਚਾ ਕਹਿ ਰਹੇ ਹਨ, "ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ" ਕਿਉਂ? ਕਿਉਂਕਿ ਗੁਰਬਾਣੀ ਅਨੁਸਾਰ "ਕਰਣ ਕਾਰਣ ਪ੍ਰਭੁ ਏਕੁ ਹੈ, ਦੂਸਰ ਨਾਹੀ ਕੋਇ" (ਪੰ: ੨੭੬)। ਇਸ ਲਈ ਕਿਸੇ ਦੇ ਵਿਸ਼ਵਾਸ ਮੁਤਾਬਕ ਵਿਸ਼ਨੂੰ, ਅਵਤਾਰੀ ਰਾਮ-ਕ੍ਰਿਸ਼ਨ ਜਾਂ ਕੋਈ ਵੀ ਹੋਵੇ, ਕਰਤਾ ਕੇਵਲ ਅਕਾਲਪਰਖ ਹੀ ਹੈ, ਹੋਰ ਕੋਈ ਨਹੀਂ। ਇਹ ਵੱਖਰੀ ਗੱਲ਼ ਹੈ ਕਿ ਪ੍ਰਭੂ, ਵਸੀਲਾ ਚਾਹੇ ਕੋਈ ਵੀ ਕਿਉਂ ਨਾ ਬਨਾ ਦੇਵੇ ਜਾਂ ਕੋਈ ਗ਼ੈਬੀ ਖੇਡ ਵਰਤ ਦੇਵੇ। ਉਸੇ ਢੰਗ ਨਾਲ, ਭਗਤ ਜੀ ਕਹਿ ਰਹੇ ਹਨ ਕਿ ਅਵਤਾਰੀ ਕ੍ਰਿਸ਼ਨ ਦੀ ਨਹੀਂ ਬਲਕਿ ਕਰਤੇ ਰਾਮ ਅਥਵਾ ਪ੍ਰਭੂ ਦੀ ਬੰਸਰੀ ਭਾਵ ਪ੍ਰਭੂ ਦੀ ਬੇਅੰਤ ਰਚਨਾ `ਚ ਉਸਦੇ ਹੁਕਮ ਵਾਲਾ ਨਿਯਮ ਹੀ ਹਰ ਸਮੇਂ ਤੇ ਆਪ ਮੁਹਾਰੇ ਵਰਤ ਰਿਹਾ ਹੈ। ੨. "ਮਧੁਰ ਮਧੁਰ ਧੁਨਿ ਅਨਹਤ ਗਾਜੈ" -ਸਾਰੇ ਸ਼ਬਦ `ਚ ਅਨਹਤ ਹੀ ਅਜੇਹਾ ਵਿਸ਼ੇਸ਼ ਪਦ ਹੈ ਜਿਸ ਨੂੰ ਸਮਝੇ ਬਿਨਾ ਸ਼ਬਦ ਦੇ ਠੀਕ ਅਰਥ ਸਮਝ `ਚ ਆ ਹੀ ਨਹੀਂ ਸਕਦੇ। ਧਿਆਣ ਰਹੇ! ਜੇ ਕਰ ਕ੍ਰਿਸ਼ਨ ਦੀ ਬੰਸਰੀ ਦੀ ਗੱਲ ਹੁੰਦੀ ਤਾਂ ਉਸ ਧੁਨ ਲਈ ਭਗਤ ਜੀ "ਅਨਹਤ" ਸ਼ਬਦ ਕਦੇ ਨਾ ਵਰਤਦੇ। ਕ੍ਰਿਸ਼ਨ ਵਾਲੀ ਬੰਸਰੀ ਨੂੰ ਤਾਂ ਕ੍ਰਿਸ਼ਨ ਜੀ ਰਾਹੀਂ ਫ਼ੂਕ (ਹਤ ਅਥਵਾ ਹਦ) ਵਾਲੀ ਚੋਟ ਦੀ ਲੋੜ ਸੀ ਜਿਵੇਂ ਸੰਸਾਰ ਦੇ ਹਰੇਕ ਸਾਜ਼ ਬਲਕਿ ਅਜੋਕੇ ਸਮੂਚੇ ਆਰਕੈਸਟਰਾ ਲਈ ਵੀ। ਜਦਕਿ ਕੇਵਲ ਕਰਤਾਰ ਦੀ ਬੰਸਰੀ ਹੀ ਅਨਹਤ ਹੈ ਭਾਵ ਜਿਸਨੂੰ ਕਿਸੇ ਤਰਾਂ ਵੀ ਬਾਹਰੀ ਚੋਟ ਜਾਂ ਹਤ ਦੀ ਲੋੜ ਨਹੀਂ। ਗੁਰਬਾਣੀ `ਚ ਇਸੇ ਮਧੁਰ ਧੁਨ ਲਈ "ਅਨਹਤਾ ਸਬਦ ਵਾਜੰਤ ਭੇਰੀ" (ਪੰ: ੧੩) ਅਥਵਾ "ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ" (ਪੰ: ੬੯੮) ਅਤੇ ਹੋਰ ਬੇਅੰਤ ਵਾਰੀ ਵਰਨਣ ਆਇਆ ਹੈ।

ਅਨਹਤ, ਅਨਹਤਾ, ਅਨਹਦ, ਅਨਹਦਾ ਆਦਿ ਸ਼ਬਦ ਕੇਵਲ ਅਕਾਲਪੁਰਖ ਦੀ ਰਚਨਾ `ਚ ਹਰ ਸਮੇਂ ਰੁਮਕ-ਰੁਮਕ ਚਲ ਰਹੀ ਮਧੁਰ ਧੁਨ ਲਈ ਹੀ ਹੁੰਦੇ ਹਨ। ਸ਼ੱਕ ਨਹੀਂ, ਪ੍ਰਭੂ ਦੀ ਇਸ ਗ਼ੈਬੀ ਦਾਤ (ਆਵਾਜ਼ ਜਾਂ ਧੁਨ) ਦਾ ਆਨੰਦ ਕੇਵਲ ਪ੍ਰਭੂ ਪਿਆਰੇ ਹੀ ਮਾਨ ਸਕਦੇ ਹਨ। ਇਹ ਵੀ ਸਚ ਹੈ ਕਿ ਸੰਸਾਰ ਭਰ ਦੀਆਂ ਸਾਰੀਆਂ ਬੋਲੀਆਂ-ਆਵਾਜ਼ਾਂ ਕਰਤੇ ਦੀ ਇਸੇ ਦਾਤ ਤੋਂ ਪੈਦਾ ਹੁੰਦੀਆਂ ਹਨ। ੩. ਰੋਮਾਵਲੀ-ਗੁਰਬਾਣੀ `ਚ ਹੋਰ ਕਈ ਥਾਵੇਂ ਜਿਵੇਂ "ਬਾਵਨ ਕੋਟਿ ਜਾ ਕੈ ਰੋਮਾਵਲੀ" (ਮੇਘ ਮਾਲਾ) (ਪੰ: ੧੧੬੩) ਇਹੀ ਨਹੀਂ, ਬਾਣੀ `ਚ ਇਹ ਲਫ਼ਜ਼ ਸੰਪੂਰਣ ਬਨਸਪਤੀ ਲਈ ਵੀ ਆਇਆ ਹੈ ਜਿਵੇਂ "ਰੋਮਾਵਲਿ ਕੋਟਿ ਅਠਾਰਹ ਭਾਰ" (ਪੰ: ੧੧੬੩) ਇਸ ਲਈ ੪. ਮੇਘਾ ਰੋਮਾਵਲੀ-ਬਦਲਾਂ ਰੂਪੀ ਕੰਬਲੀ, ਕ੍ਰਿਸਨ ਓਢੈ ਕਾਂਬਲੀ- ਇਥੇ ਕ੍ਰਿਸ਼ਨ ਤੋਂ ਅਰਥ ਹੈ ਕਾਲਾ, ਕਾਲੇ ਬਦਲ। ਕਿਉਂਕਿ ਇਥੇ ਗੱਲ਼ ਬਦਲਾਂ (ਮੇਘਾ) ਦੀ ਚਲ ਰਹੀ ਹੈ, ਇਥੇ ਇਸ ਦਾ ਕ੍ਰਿਸ਼ਨ ਜੀ ਦੀ ਕੰਬਲੀ ਨਾਲ ਸੰਬੰਧ ਨਹੀਂ। ਅਰਥ ਹਨ ਪ੍ਰਭੂ ਦੀ ਖੇਡ `ਚ ਕਾਲੇ ਬਦਲਾਂ ਰੂਪੀ ਕੰਬਲੀ। ੫. ਕਵਲਾਪਤੀ, ਨਾਰਾਇਨਾ-ਪ੍ਰਕਰਣ ਮੁਤਾਬਕ ਇਹ ਦੋਵੇਂ ਪਦ ਅਕਾਲਪੁਰਖ ਬੋਧਕ ਹਨ, ਜਿਵੇਂ ਸਾਰੰਗਪਾਨ, ਬੀਠੁਲ, ਸ੍ਰੀਧਰ ਆਦਿ। ਉਂਝ ਵੀ ਇਹ ਦੋਵੇਂ ਲਫ਼ਜ਼ ਅਵਤਾਰੀ ਕ੍ਰਿਸ਼ਨ ਜੀ ਲਈ ਕਿਧਰੇ ਨਹੀਂ ਮਿਲਦੇ। ਉਪ੍ਰੰਤ ਜੇ ਮਿਲਦੇ ਵੀ ਹਨ ਤਾਂ ਵਿਸ਼ਨੂ ਲਈ। ਪਰ ਇਥੇ ਇਹ ਦੋਵੇਂ ਪਦ ਪ੍ਰਭੂ ਲਈ ਹੀ ਆਏ ਹਨ ਕਿਉਂਕਿ ਰਹਾਉ ਦਾ ਬੰਦ ਜਿਹੜਾ ਕਿ ਕਿਸੇ ਵੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਉਥੇ ਵਿਸ਼ੇ ਦਾ ਆਰੰਭ ਹੀ ‘ਧੁਨਿ ਅਨਹਤ’ ਨਾਲ ਹੈ।

੬. ਮਾਤਾ ਦੇਵਕੀ- ਚੂਂਕਿ ਇਥੇ ਸਾਰੀ ਗੱਲ ਹੀ ਕਰਤੇ ਅਕਾਲਪੁਰਖ ਤੇ ਉਸਦੀ ਰਚਨਾ `ਚ ਚਲ ਰਹੇ ਉਸ ਦੇ ਹੁਕਮ ਵਾਲੇ ਨਿਯਮ ਦੀ ਹੈ। ਇਸ ਲਈ ਇਥੇ ਦੇਵਕੀ ਦੇ ਅਰਥ ਵੀ ਧਰਤੀ ਹੀ ਹਨ ਜੋ ਕਿ ਬੇਅੰਤ ਜੀਵਾਂ-ਬਨਸਪਤੀ-ਖਨਿਜਾਂ ਨੂੰ ਜਨਮ ਦੇ ਰਹੀ ਹੈ ਜਿਵੇਂ "ਮਾਤਾ ਧਰਤਿ ਮਹਤੁ" (ਜਪੁ) ਧਿਆਣ ਰਹੇ ਇਥੇ ਬਾਣੀ ਜਪੁ `ਚ ਵੀ ਧਰਤੀ ਨੂੰ ਮਾਤਾ ਨਹੀਂ ਕਿਹਾ ਬਲਕਿ ਵਿਸ਼ੇ ਨੂੰ ਸਮਝਾਉਣ ਲਈ ਇੱਕ ਮਿਸਾਲ ਵਰਤੀ ਹੈ। ਜਿਵੇਂ ਕਿ ਕਿਸੇ ਦੂਸਰੇ ਵਿਸ਼ੇ ਨੂੰ ਸਮਝਾਉਣ ਲਈ "ਮਾਤਾ ਮਤਿ, ਪਿਤਾ ਸੰਤੋਖੁ॥ ਸਤੁ ਭਾਈ, ਕਰਿ ਏਹੁ ਵਿਸੇਖੁ" (ਪੰ: ੫੧) ਉਂਝ ਸਿਧਾਂਤਕ ਪੱਖੋਂ "ਮੇਰਾ ਪਿਤਾ ਮਾਤਾ ਹਰਿ ਨਾਮੁ ਹੈ, ਹਰਿ ਬੰਧਪੁ ਬੀਰਾ" (ਪੰ: ੧੬੩) ਜਾਂ "ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ" (ਪੰ: ੫੯੨) ਆਦਿ। ੭. ਬਨਖੰਡ ਬਿੰਦ੍ਰਾਬਨਾ-ਸੰਪੂਰਣ ਰਚਨਾ, ੮. ਬੇਨੁ ਬਜਾਵੈ- ਇਸ ਲਫ਼ਜ਼ ਦੇ ਅਰਥ ਆਰੰਭ `ਚ ਆ ਚੁਕੇ ਲਫ਼ਜ਼ ‘ਅਨਹਤ ਗਾਜੈ’ ਨਾਲ ਮਿਲਾ ਕੇ ਲੈਣੇ ਹਨ, ਗੱਲ਼ ਸਮਝ `ਚ ਆ ਜਾਵੇਗੀ। ਇਕੋ ਸ਼ਬਦ ਦੇ ਅਰਥ ਸਵੈ ਵਿਰੋਧੀ ਨਹੀਂ ਹਨ ਕਿਉਂਕਿ ‘ਅਨਹਤ ਗਾਜੈ’ ਦਾ ਦੂਰਾ ਵੀ ਉਹੀ ਹੈ। ੯. ਗੋਧਨੁ ਚਰੈ- ਗੋ ਦੇ ਅਰਥ ਹਨ ਰਚਨਾ ਜਿਵੇਂ ਗੋਬਿੰਦ ਸਾਰੀ ਰਚਨਾ ਦੀ ਸੰਭਾਲ ਕਰਣ ਵਾਲਾ ਅਕਾਲਪੁਰਖ। ਇਸੇ ਤਰ੍ਹਾਂ ਗੋਧਨ ਦੇ ਅਰਥ ਹਨ ਸੰਪੂਰਣ ਰਚਨਾ `ਚ ਵਿਆਪਕ, ਉਪ੍ਰੰਤ ਠੀਕ ਉਸੇ ਤਰ੍ਹਾਂ ਗੋਧਨੁ ਚਰੈ ਦੇ ਅਰਥ ਹਨ "ਆਪੇ ਕਰਤਾ ਆਪੇ ਭੁਗਤਾ, ਆਪੇ ਦੇਇ ਦਿਵਾਏ" (ਪੰ: ੫੫੪) ਜਾਂ "ਜੋਗੀ ਅੰਦਰਿ ਜੋਗੀਆ॥ ਤੂੰ ਭੋਗੀ ਅੰਦਰਿ ਭੋਗੀਆ॥ ਤੇਰਾ ਅੰਤੁ ਨ ਪਾਇਆ, ਸੁਰਗਿ ਮਛਿ ਪਇਆਲਿ ਜੀਉ" (ਪੰ: ੭੧) ਭਾਵ ਸਾਰੀ ਰਚਨਾ `ਚ ਪ੍ਰਭੂ ਆਪ ਹੀ ਵਰਤ ਰਿਹਾ ਹੈ ਅਤੇ ਰਚਨਾ ਉਸੇ ਦਾ ਹੀ ਸਰਗੁਨ ਸਰੂਪ ਹੈ। ੧੦. ਨਾਮੇ ਕਾ ਸੁਆਮੀ- ਗੁਰਬਾਣੀ `ਚ ਇਕਲਾ ਇਹੀ ਸ਼ਬਦ ਨਹੀਂ ਬਲਕਿ ਭਗਤ ਜੀ ਦੇ ੬੧ ਸ਼ਬਦ ਸਬੂਤ ਹਨ ਕਿ ਨਾਮਦੇਵ ਜੀ ਦਾ ਸੁਆਮੀ ਸਿਵਾਏ ਅਜੂਨੀ, ਸੈਭੰ ਅਕਾਲਪੁਰਖ ਦੇ ਦੂਜਾ ਕੋਈ ਨਹੀਂ।

ਸ਼ਬਦ ਦੇ ਅਰਥ- ਧੰਨਤਾ ਦੇ ਯੋਗ ਹੈ ਜੋ ਕਰਤਾਰ ਦੀ ਰਚਨਾ `ਚ ਹਰ ਸਮੇਂ ਜੋ ਬਿਨਾ ਚੋਟ ਸੁਹਾਵਣਾ ਅਨਹਤ ਨਾਦ ਵੱਜ ਰਿਹਾ ਹੈ। ਸਭ ਜੀਵਾਂ `ਚ ਰੁਮਕ ਰਹੀ ਤੇਰੀ ਇੱਕੋ ਇੱਕ ਜੀਵਨ-ਰੌ, ਮਾਨੋ, ਤੇਰੀ ਬਿਨਾ ਚੋਟ ਆਪ ਮੁਹਾਰੇ ਨਗਾਰੇ ਵੱਜ ਰਹੇ ਹਨ॥ ਰਹਾਉ॥

ਧੰਨਤਾ ਦੇ ਜੋਗ ਹੈ ਜੋ ਅਸਮਾਨ `ਤੇ ਮਾਨੋ ਪ੍ਰਭੂ ਨੇ ਬਦਲਾਂ ਦੀ ਕਾਲੀ ਕੰਬਲੀ ਓੜੀ ਹੋਈ ਹੈ। ੧। ਤੇਰੀ ਬੇਅੰਤ ਰਚਨਾ `ਚ ਇਹ ਜੋ ਧਰਤੀ ਰੂਪ ਮਾਤਾ ਦੇਵਕੀ ਵੀ ਧੰਨਤਾ ਦੇ ਯੋਗ ਹੈ ਜਿਸ ਦੇ ਗ੍ਰਿਹ ਭਾਵ ਜ਼ਰੇ ਜ਼ਰੇ `ਚ ਤੂੰ ਆਪ ਹੀ ਸਰਗੁਣ ਸਰੂਪ ਹੋ ਕੇ ਵੱਸਦਾ ਹੈਂ। ੨।

ਹੇ ਪ੍ਰਭੂ! ਇਹ ਤੇਰੀ ਰਚਨਾ ਵੀ ਬੜੀ ਕਮਾਲ ਦੀ ਹੈ ਜਿਸ `ਚ ਮਾਨੋ ਤੂੰ ਆਪ ਹੀ ਸਾਰੇ ਕਲੋਲ ਕਰ ਰਿਹਾਂ ਹੈਂ। ੩।

ਇਸ ਰਚਨਾ `ਚ ਜੋ ਤੇਰੇ ਹੁਕਮ ਰੂਪੀ ਬੰਸਰੀ ਵੱਜ ਰਹੀ ਹੈ ਅਤੇ ਸਾਰੀ ਖੇਡ ਤੇਰੇ ਉਸ ਹੁਕਮ ਦੇ ਨਿਯਮ `ਚ ਬੱਝੀ ਹੋਈ ਹੈ, ਹੇ ਨਾਮਦੇਵ ਦੇ ਪ੍ਰਭੂ! ਇਸ ਸਾਰੇ `ਚ ਮੈਨੂੰ ਤੇਰਾ ਹੀ ਬਖਸ਼ਿਆ ਹੋਇਆ ਖੇੜਾ ਤੇ ਖਿਲਾਵਟ ਨਜ਼ਰ ਗਦ-ਗਦ ਕਰਦੀ ਹੈ। ੪। {ਪੰਨਾ ੯੮੮} #96As08.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 96 A

ਅਰਥ ਨਿਖਾਰ ਭਾਗ ੨

"ਧਨਿ ਧੰਨਿ ਓ ਰਾਮ ਬੇਨੁ ਬਾਜੈ"

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.