.

ਆਵਾਗਉਣ ਅਤੇ 84 ਲੱਖ ਜੂਨਾਂ

ਅੱਜ ਕਲ੍ਹ ਕਈ ਵਿਦਵਾਨ ਸੱਜਣਾਂ ਵਲੋਂ ਇਹ ਸਿੱਧ ਕਰਨ ਤੇ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਗੁਰਮਤ ਆਵਾਗਉਣ ਨੂੰ ਨਹੀਂ ਮੰਨਦੀ। ਇਸ ਮਕਸਦ ਲਈ ਇਹ ਵਿਦਵਾਨ ਗੁਰਬਾਣੀ ਦੇ ਆਪਣੇ ਹੀ ਢੰਗ ਦੇ ਅਰਥ ਕਰਦੇ ਹਨ। ਕਈ ਵਾਰੀਂ ਤਾਂ ਇਨ੍ਹਾਂ ਨੂੰ ਇਹ ਵੀ ਧਿਆਨ ਨਹੀਂ ਰਹਿੰਦਾ ਕਿ ਆਪਣੇ ਹੀ ਢੰਗ ਦੇ ਅਰਥ ਕਰਕੇ ਉਹ ਗੁਰਮਤ ਦਾ ਕੋਈ ਨੁਕਸਾਨ ਤਾਂ ਨਹੀਂ ਕਰ ਰਹੇ।

ਮੇਰਾ ਇਹ ਲੇਖ ਪ੍ਰੋ: ਇੰਦਰ ਸਿੰਘ ਘੱਗਾ ਦੇ ਲੇਖ "ਆਵਾਗਉਣ ਤੇ 84 ਲੱਖ ਜੂਨਾਂ" ਦੇ ਸੰਬੰਧ ਵਿੱਚ ਹੈ ਜੋ ਕਿ ‘ਅਗਸਤ 2008 ਦੇ ਸਿਖ ਵਿਰਸਾ (ਕੈਲਗਰੀ) ਵਿੱਚ ਛਪਿਆ ਸੀ।

ਪੇਸ਼ ਹੈ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਸ਼ਬਦ ਦੀ ਕੀਤੀ ਹੋਈ ਵਿਆਖਿਆ।

"ਤਪਾ ਨ ਹੋਵੈ ਅੰਦਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ॥ ਅਗੋ ਦੇ ਸਦਿਆ ਸਤੇ ਦੀ ਭਿਖਿਆ ਲਏ ਨਾਹੀ ਪਿਛੋਂ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿੱਚ ਬਹਾਲਿਆ॥ ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ॥ ਜਿਥੈ ਥੋੜਾ ਧਨੁ ਵੇਖੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮ ਹਾਰਿਆ॥ ਭਾਈ ਏਹੁ ਤਪਾ ਨ ਹੋਈ ਬਗੁਲਾ ਹੈ ਕਹਿ ਸਾਧ ਜਨਾ ਵੀਚਾਰਿਆ॥ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ॥ਮਹਾ ਪੁਰਖਾ ਕੀ ਨਿੰਦਾ ਕਾ ਵੇਖ ਜਿ ਤਪੇ ਨੋ ਫਲੁ ਲਗਾ ਪ੍ਰਭੁ ਗਇਆ ਤਪੇ ਪਾਪ ਕਮਾਏ॥ਹਰਿ ਅੰਦਰਲਾ ਪਾਪ ਪੰਚਾ ਨੋ ਉਘਾ ਕਰਿ ਵੇਖਾਲਿਆ॥ ਧਰਮ ਰਾਇ ਜਮਕੰਕਰਾ ਨੋ ਆਖ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾਂਮਹਾਂ ਹਤਿਆਰਿਆ॥ ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਇਹ ਸਤਿਗੁਰਿ ਹੈ ਫਿਟਕਾਰਿਆ॥ਹਰਿ ਕੈ ਦਰਿ ਵਰਤਿਆ ਸੁ ਨਾਨਕ ਆਖਿ ਸੁਣਾਇਆ॥ ਸੋ ਬੂਝੈ ਜੁ ਦਯਿ ਸਵਾਰਿਆ॥" (ਪੰਨਾ- 315)।

ਵਿਆਖਿਆ (ਜੋ ਪ੍ਰੋ: ਘੱਗਾ ਨੇ ਕੀਤੀ ਹੈ) - "ਸਾਂਝਾ ਲੰਗਰ ਵਰਤਾ ਕੇ ਸਤਿਗੁਰੂ ਅਮਰਦਾਸ ਜੀ ਨੇ ਜਾਤ ਪਾਤ ਖਤਮ ਕਰਨ ਵਾਸਤੇ ਭਰਪੂਰ ਉਪਰਾਲੇ ਕੀਤੇ। ਇਹਨਾਂ ਜਾਤ ਦੇ ਹੰਕਾਰੀ ਲੋਕਾਂ ਨੂੰ ਭੀ ਲੰਗਰ ਛਕਣ ਲਈ ਸੱਦਾ ਦਿੱਤਾ। ਪਰ ਇਹ ਨਾ ਆਏ। ਗੁਰੂ ਜੀ ਨੇ ਆਖਰੀ ਅਪੀਲ ਵਿੱਚ ਇਹ ਭੀ ਐਲਾਨ ਕਰ ਦਿੱਤਾ ਕਿ ਜੋ ਵਿਅਕਤੀ ਪੰਗਤ ਵਿੱਚ ਬੈਠਕੇ, ਸਾਂਝਾ ਲੰਗਰ ਛਕੇਗਾ, ਉਸਨੂੰ ਨਕਦੀ ਰੁਪੈ ਪੈਸੇ ਭੀ ਦਿੱਤੇ ਜਾਣਗੇ। ਇਸ ਤਪੇ ਦਾ ਮਨ ਲਾਲਚ ਵਿੱਚ ਆ ਗਿਆ। ਆਪਣੇ ਬੇਟੇ ਨੂੰ ਪਿਛਵਾੜਿਓਂ ਲੰਗਰ ਛਕਣ ਲਈ ਅੰਦਰ ਭੇਜ ਦਿੱਤਾ" । ਸਤਿਗੁਰੂ ਜੀ ਨੇ ਗੋਇੰਦਵਾਲ ਦੇ ਮੁਖੀ ਵਿਅਕਤੀਆਂ ਨੂੰ ਇਕੱਠੇ ਕਰਕੇ, ਸਾਰੀ ਵਾਰਤਾ ਸੁਣਾਈ। ਪੁਛਿਆ ਕਿ ਤੁਸੀਂ ਦੱਸੋ ਕਿ ਇਹ ਤਪਾ ਧਰਮੀ ਹੈ? ਜਿੰਨੇ ਇਹ ਰੋਹਬ ਦਿਖਾ ਰਿਹਾ ਹੈ ਇਸ ਵਿੱਚ ਕੋਈ ਗੁਣ ਹੈ? "ਹੇ ਭਾਈ! ਇਨਸਾਫ਼ ਪਸੰਦ (ਧਰਮੀ ਸਖ਼ਸ਼ੀਅਤ) ਸਤਿਗੁਰੂ ਜੀ ਨੇ (ਗੁਰੂ ਅਮਰਦਾਸ ਜੀ ਵੱਲ ਸੰਕੇਤ ਹੈ) ਸੇਵਕਾਂ (ਸਿੱਖਾਂ) ਨੂੰ ਹੁਕਮ ਦਿੱਤਾ ਕਿ ਏਸ ਪਖੰਡੀ ਤਪੇ ਨੂੰ ਉਥੇ ਸੁੱਟਣਾ ਜਿੱਥੇ ਮਹਾਂ ਪਾਪੀਆਂ ਤੇ ਕਾਤਲਾਂ ਨੂੰ ਸੁਟਿਆ ਜਾਂਦਾ ਹੈ। ਇਸ ਨੇ ਸਤਿਗੁਰੂ ਜੀ ਵਿਰੁੱਧ ਕਮੀਨੀਆਂ ਚਾਲਾਂ ਚੱਲੀਆਂ ਸਨ। ਉਹ ਸਾਰੀਆਂ ਸਾਜਿਸ਼ਾਂ ਤੁਹਾਡੇ ਸਾਹਮਣੇ ਉਘਾੜ ਦਿੱਤੀਆਂ ਹਨ। ਇਸ ਪਾਪੀ ਇਨਸਾਨ (ਤਪੇ) ਨੂੰ ਸਤਿਗੁਰੂ ਜੀ ਨੇ ਦੁਰਕਾਰ ਦਿੱਤਾ ਹੈ। ਪਰਮੇਸ਼ਰ ਜੀ ਨੂੰ ਇਸੇ ਤਰ੍ਹਾਂ ਭਾਉਂਦਾ ਸੀ। ਜੋ ਨਿਰੰਕਾਰ ਵੱਲੋਂ ਇਸ ਨੂੰ ਸਜ਼ਾ ਮਿਲਣੀ ਸੀ, ਉਹ ਮਿਲ ਗਈ ਹੈ। ਨਿਰੰਕਾਰ ਦੇ ਅਸੂਲ਼ ਦੀਆਂ ਗੁਝੀਆਂ ਵਿਚਾਰਾਂ ਤੁਹਾਨੂੰ ਸਤਿਗੁਰੂ ਸਮਝਾਂ ਰਿਹਾ ਹੈ। ਇਹਨਾਂ ਡੂੰਘੀਆਂ ਰਮਜ਼ਾਂ ਨੂੰ ਉਹੀ ਮਨੁੱਖ ਸਮਝ ਸਕਦੇ ਹਨ ਜਿਨ੍ਹਾਂ ਉਪਰ ਕਰਤਾਰ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਧਿਆਨਯੋਗ- … ਕਾਰਵਾਈ ਤਾਂ ਸਾਰੀ ਸਤਿਗੁਰੂ ਖੁਦ ਨਿਭਾਂ ਰਹੇ ਸਨ। ਜਮਕੰਕਰ ਕੋਈ ਹੋਰ ਨਹੀਂ ਸਨ। ਪਿੰਡ ਗੋਇੰਦਵਾਲ ਵਾਸੀ ਅਤੇ ਸਿੱਖ ਸਨ। ਜਿਨ੍ਹਾਂ ਨੇ ਸਤਿਗੁਰੂ ਦਾ ਹੁਕਮ ਮੰਨਕੇ ਇਸ ਪਖੰਡੀ ਤਪੇ ਨੂੰ ਦੁਰਕਾਰ ਦਿੱਤਾ।

ਧਰਮਰਾਜ ਸਤਿਗੁਰੂ ਖੁਦ, ਸਜਾ ਦਾ ਭਾਗੀਦਾਰ ਤਪਾ। ਧਰਮ ਦੀ ਮੂਰਤ ਗੁਰੂ ਦਾ ਹੁਕਮ ਲਾਗੂ ਕਰਵਾਉਣ ਵਾਲੇ ਸੇਵਕ ਸਿੱਖ

ਇਸ ਉਪਰਲੀ ਵਿਆਖਿਆ ਤੋਂ ਪੈਦਾ ਹੋਏ ਕੁੱਝ ਸਵਾਲ-

ਕੀ ਗੁਰੂ ਸਾਹਿਬ ਅਪੀਲਾਂ ਕਰ-ਕਰਕੇ ਲੰਗਰ ਛਕਣ ਲਈ ਸੰਗਤਾਂ ਇਕੱਠੀਆਂ ਕਰਿਆ ਕਰਦੇ ਸੀ?

ਤਪੇ ਸਮੇਤ ਜਾਤ ਅਭਿਮਾਨੀਆਂ ਨੂੰ ਤਾਂ ਗੁਰੂ ਸਾਹਿਬ ਨੇ ਆਪ ਅਪੀਲਾਂ ਕਰ-ਕਰਕੇ ਲੰਗਰ ਵਿੱਚ ਆਉਣ ਦਾ ਸੱਦਾ ਦਿੱਤਾ ਸੀ। ਪਰ ਉਹ ਫ਼ੇਰ ਵੀ ਨਾ ਆਏ ਤਾਂ ਉਨ੍ਹਾਂ ਨੂੰ ਨਗਦੀ ਰੁਪੈ ਪੈਸੇ ਦੇਣ ਦਾ ਲਾਲਚ ਦਿੱਤਾ ਗਿਆ। ਜਦੋਂ ਤਪਾ ਲਾਲਚ ਵਿੱਚ ਆ ਗਿਆ ਤਾਂ ਗੁਰੂ ਸਾਹਿਬ ਨੇ ਕਾਰਵਾਈ (? ) ਕਰ ਕੇ ਜਿੱਥੇ ਮਹਾਂ ਹਤਿਆਰਿਆਂ ਨੂੰ ਸੁੱਟੀ ਦਾ ਹੈ ਉਥੇ ਸੁੱਟਣ ਦਾ ਹੁਕਮ ਦੇ ਦਿੱਤਾ। ਗੁਰੂ ਸਾਹਿਬ ਦਾ ਜਾਤ ਅਭਿਮਾਨੀਆਂ ਨੂੰ ਅਪੀਲਾਂ ਕਰ-ਕਰਕੇ ਅਤੇ ਨਗਦੀ ਰੁਪੈ ਪੈਸੇ ਦਾ ਲਾਲਚ ਦੇ ਕੇ ਪਹਿਲਾਂ ਲੰਗਰ ਵਿੱਚ ਸੱਦਣਾ ਅਤੇ ਫ਼ੇਰ ਉਨ੍ਹਾਂ ਦੇ ਆਉਣ ਤੇ ਤਪੇ ਨੂੰ ਦੁਰਕਾਰਨਾ ਅਤੇ ਆਪਣੇ ਸਿੱਖਾਂ {ਜਮਕੰਕਰਾਂ (? )} ਦੁਆਰਾ ਏਨੀ ਸਖ਼ਤ ਸਜ਼ਾ ਦੇਣ ਦਾ ਕੀ ਮਤਲਬ ਹੋਇਆ?

ਕੀ ਗੁਰੂ ਸਾਹਿਬ ਨਿੰਦਕਾਂ ਨੂੰ ਆਪਣੇ ਸਿੱਖਾਂ ਦੁਆਰਾ ਆਪ ਸਖ਼ਤ ਸਜਾ ਦਿਵਾਇਆ ਕਰਦੇ ਸੀ, ਅਤੇ ਇਸ ਸਜ਼ਾ ਨੂੰ ‘ਪਰਮੇਸ਼ਰ ਨੂੰ ਇਸੇ ਤਰ੍ਹਾਂ ਭਾਉਂਦਾ ਹੈ’ ਕਹਿ ਦਿੱਤਾ ਜਾਂਦਾ ਸੀ? ਕੀ ਗੁਰੂ ਸਾਹਿਬ ਨੂੰ ਪਰਮਾਤਮਾ ਦੇ ਨਿਆਂ ਤੇ ਯਕੀਨ ਤੇ ਤਸੱਲੀ ਨਹੀਂ ਸੀ?

ਕੀ ਗੁਰੂ ਸਾਹਿਬ ਨੇਂ ਕੋਈ ਐਸੀ ਥਾਂ ਬਣਾਈ ਹੋਈ ਸੀ ਜਿੱਥੇ ਮਹਾਂ ਹਤਿਆਰਿਆਂ ਨੂੰ ਸੁਟਿੱਆ ਜਾਂਦਾ ਸੀ?

ਕੀ ਗੁਰੂ ਸਾਹਿਬ "ਸਿੱਖ ਸੰਗਤਾਂ" ਨੂੰ "ਜਮਕੰਕਰ (ਯਮ ਦੇ ਦਾਸ)" ਕਹਿ ਕੇ ਸੰਬੋਧਨ ਕਰ ਸਕਦੇ ਸੀ?

ਇਸ ਵਿਆਖਿਆ ਦੁਆਰਾ ਪ੍ਰੋ: ਘੱਗਾ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਇਸ ਜਨਮ ਤੋਂ ਅੱਗੇ ਕੋਈ ਜਨਮ ਨਹੀਂ ਬੰਦੇ ਦੇ ਕੀਤੇ ਕਰਮਾਂ ਦੀ ਸਜ਼ਾ ਇੱਥੇ ਹੀ ਮਿਲ ਜਾਂਦੀ ਹੈ ਜਾਂ ਆਪ ਸਜ਼ਾ ਦੇ ਦੇਣੀ ਚਾਹੀਦੀ ਹੈ ਜਿਸ ਤਰ੍ਹਾਂ (ਵਿਆਖਿਆ ਅਨੁਸਾਰ) ਗੁਰੂ ਸਾਹਿਬ ਨੇ ਨਿੰਦਕ ਤਪੇ ਨੂੰ ਦਿੱਤੀ।

ਇਸੇ ਹੀ ਲੇਖ ਵਿੱਚ ਪ੍ਰੋ: ਘੱਗਾ ਨੇ ਲਿਖਿਆ ਹੈ- "ਸਦੀਆਂ ਤੋਂ ਸਿੱਖਾਂ ਦਾ ਜਾਨੀ ਦੁਸ਼ਮਣ ਗੰਗੂ ਖਾਨਦਾਨ ਅੱਜ ਤੱਕ ਇਸ ਦੇਸ਼ ਦਾ ਮਾਲਕ ਚਲਿਆ ਆ ਰਿਹਾ ਹੈ। ਯਾਦ ਰਹੇ ਗੰਗੂ ਦਾ ਪੁੱਤਰ ਸੀ ਰਾਜ ਕੌਲ, ਉਸ ਦਾ ਲਕਸ਼ਮੀ ਨਾਰਾਇਣ, ਉਸ ਦਾ ਗੰਗਾਧਰ, ਉਸ ਦਾ ਮੋਤੀ ਲਾਲ ਨਹਿਰੂ, ਮੋਤੀ ਲਾਲ ਦਾ ਬੇਟਾ ਜਵਾਹਰ ਲਾਲ ਨਹਿਰੂ…… ਇੰਦਰਾ ਗਾਂਧੀ। ਸੰਨ 1984 ਵਿੱਚ ਦੋ ਵਾਰੀ ਸਿੱਖਾਂ ਦੇ ਖੁਨ ਦੀ ਹੋਲੀ ਖੇਡੀ ਗਈ। ਚਿਤਰਗੁਪਤ ਨੇ ਧਰਮਰਾਜ ਤੱਕ ਕੋਈ ਖਬਰ ਨਹੀਂ ਪੁਚਾਈ ਕਿ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਓ। … ਮੁਗ਼ਲਾਂ ਵੇਲੇ ਤੋਂ ਲੈ ਕੇ, ਅੰਗ੍ਰੇਜਾਂ ਤੱਕ ਇਹ ਪਰਿਵਾਰ ਬਹੁਤ ਵੱਡੇ ਸਰਕਾਰੀ ਅਹੁਦਿਆਂ ਤੇ ਰਿਹਾ। ਅਥਾਹ ਧਨ ਕਮਾਇਆ, ਆਪਣੇ ਲੋਕਾਂ ਨੂੰ ਫ਼ਾਂਸੀ ਲਗਵਾਇਆ। …… ਜੇ ਕਿਤੇ ਧਰਮਰਾਜ ਹੁੰਦਾ ਤਾਂ (ਚਿਤਰਗੁਪਤ) ਜਰੂਰ ਅਸਲੀਅਤ ਧਰਮਰਾਜ ਕੋਲ ਪਹੁੰਚਾਉਂਦੇ। …… ਭਾਰਤੀ ਰਾਜ ਨੇਤਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਚਿਤਰਗੁਪਤ ਕੋਈ ਨਹੀਂ ਹੈ" ।

ਉਪਰਲੀ ਵਿਚਾਰ ਤੋਂ ਉਤਪਨ ਹੋਏ ਕੁੱਝ ਕੁ ਸਵਾਲ-

ਕੀ ਗੰਗੂ ਬ੍ਰਹਮਣ ਦੇ ਕੀਤੇ ਗੁਨਾਹ ਦੀ ਸਜ਼ਾ ਗੰਗੂ ਦੀਆਂ ਆਉਣ ਵਾਲੀਆਂ ਪੁਛਤਾਂ ਨੂੰ ਮਿਲਣੀ ਚਾਹੀਦੀ ਸੀ?

ਅਗਲਾ ਪਿਛਲਾ ਕੋਈ ਜਨਮ ਨਹੀਂ ਹੁੰਦਾ ਤਾਂ, ਕੀ ਗੰਗੂ ਦੇ ਕੀਤੇ ਗੁਨਾਹ ਅਤੇ ਸੰਨ 1984 ਦੇ ਸਿੱਖਾਂ ਦੇ ਕਾਤਲਾਂ ਨੂੰ (ਇਸ ਜਨਮ ਵਿੱਚ) ਕਦੇ ਕਿਤੇ ਕੋਈ ਸਜ਼ਾ ਮਿਲੀ? ਜੇ ਨਹੀਂ ਮਿਲੀ ਤਾਂ ਕੀ ਮੰਨ ਲੈਣਾ ਚਾਹੀਦਾ ਹੈ ਕਿ ਬੰਦੇ ਦੇ ਕੀਤੇ ਗੁਨਾਹਾਂ ਦਾ ਕਿਤੇ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ?

ਕੀ ਮਨ ਲੈਣਾ ਚਾਹੀਦਾ ਹੈ ਕਿ ਕੋਈ ਰੱਬ ਨਹੀਂ ਹੈ, ਜਾਂ ਰੱਬ ਤਾਂ ਹੈ ਪਰ ਉਸ ਦਾ ਕੋਈ ਇਨਸਾਫ਼ ਨਹੀਂ ਹੈ? ਕੀ ਬੰਦੇ ਨੂੰ ਅਥਾਹ ਧੰਨ ਕਮਾ ਕੇ ਐਸ਼ ਦੀ ਜ਼ਿੰਦਗੀ ਬਸਰ ਕਰ ਲੈਣੀ ਚਾਹੀਦੀ ਹੈ, ਚਾਹੇ ਧੰਨ ਕਿਸੇ ਵੀ ਢੰਗ ਨਾਲ ਕਿਉਂ ਨਾ ਕਮਾਇਆ ਜਾਏ, ਕਿਉਂਕਿ ਬੰਦੇ ਦੇ ਕੀਤੇ ਚੰਗੇ ਮਾੜੇ ਕਰਮਾਂ ਦਾ ਕਿਤੇ ਕੋਈ ਹਿਸਾਬ ਤਾਂ ਹੁੰਦਾ/ਹੋਣਾ ਨਹੀਂ।

(ਨੋਟ: ਯਾਦ ਰਹੇ ਕਿ ਮੈਂ ਆਪਣੀ ਲਿਖਤ ਵਿੱਚ ਕਿਤੇ ਧਰਮਰਾਜ ਜਾਂ ਚਿੱਤ੍ਰਗੁਪਤ ਦੀ ਹੋਂਦ ਨੂੰ ਸਵਿਕਾਰ ਨਹੀਂ ਕੀਤਾ। ਮੈਂ ਸਿਰਫ਼ ਇਨਸਾਨ ਦੇ ਕੀਤੇ ਕਰਮਾਂ ਦੇ ਹਿਸਾਬ ਹੋਣ ਜਾਂ ਨਾ ਹੋਣ ਦੀ ਗੱਲ ਕੀਤੀ ਹੈ। ਇਸ ਲਈ ਜੇ ਕੋਈ ਵੀ ਸੱਜਣ ਮੇਰੇ ਪੱਤਰ ਦੇ ਸੰਬੰਧ ਵਿੱਚ ਆਪਣੇ ਵਿਚਾਰ ਦੇਣੇ ਚਾਹੇ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ)।

ਪੇਸ਼ ਹੈ ਇੱਕ ਹੋਰ ਸ਼ਬਦ ਪ੍ਰੋ: ਘੱਗਾ ਦੀ ਕੀਤੀ ਵਿਆਖਿਆ ਸਮੇਤ। ਜੋ ਕਿ ਸਿੱਖ ਵਿਰਸਾ (ਕੈਲਗਰੀ) ਅਪ੍ਰੈਲ 2008 ਵਿੱਚ ਛਪਿਆ।

"ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕਰੰਗਾ॥ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਰਖ (ਬ੍ਰਿਖ) ਜੋਇਓ॥ ਮਿਲਿ ਜਗਦੀਸ ਮਿਲਨ ਕੀ ਬਰੀਆ॥ਚਿਰੰਕਾਲ ਇਹ ਦੇਹ ਸੰਜਰੀਆ॥ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆਲਖ ਚਉਰਾਸੀਹ ਜੋਨਿ ਭ੍ਰਮਾਇਆ॥ਸਾਧ ਸੰਗਿ ਭਇਓ ਜਨਮ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ॥ ਤਿਆਗਿ ਮਾਨੁ ਝੂਠ ਅਭਿਮਾਨ॥ਜੀਵਤ ਮਰਹਿ ਦਰਗਹ ਪਰਵਾਨੁ॥ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੇਹਿ ਮਿਲਾਇ॥ਕਹੁ ਨਾਨਕ ਹਰਿ ਹਰਿ ਗੁਣ ਗਾਇ॥" (ਪੰਨਾ-176)।

ਸਾਰੇ ਸ਼ਬਦ ਵਿੱਚ ਵੱਖ ਵੱਖ ਜੂਨੀਆਂ ਦਾ ਜ਼ਿਕਰ ਕਰਕੇ ਰਹਾਉ ਦੀ ਤੁਕ ਵਿੱਚ ਮਨੁੱਖਾ ਦੇਹੀ (ਸਰੀਰ) ਮਿਲਣ ਦਾ ਜ਼ਿਕਰ ਕੀਤਾ ਗਇਆ ਹੈ। ਰਹਾਉ ਦੀ ਤੁਕ ਇਸ ਤਰ੍ਹਾਂ ਹੈ: "ਮਿਲ ਜਗਦੀਸ ਮਿਲਨ ਕੀ ਬਰੀਆਚਿਰੰਕਾਲ ਇਹ ਦੇਹ ਸੰਜਰੀਆ ਰਹਾਉ॥" ਤੁਕ ਵਿੱਚ ਕਿਤੇ ਵੀ ਕਿਸੇ ਕਿਸਮ ਦਾ ਭੁਲੇਖਾ ਨਹੀਂ ਸਾਫ਼ ਲਫ਼ਜ਼ਾਂ ਵਿੱਚ ਅਰਥ ਹੈ ਕਿ ਕੀੜੇ, ਪਤੰਗਿਆਂ, ਹਾਥੀ ਘੋੜਿਆਂ ਆਦਿ (ਜਿਨ੍ਹਾਂ ਦਾ ਜ਼ਿਕਰ ਸ਼ਬਦ ਦੀਆਂ ਬਾਕੀ ਦੀਆਂ ਤੁਕਾਂ ਵਿੱਚ ਹੈ) ਦੀਆਂ ਅਨੇਕਾਂ ਜੂਨਾਂ ਵਿੱਚ ਭਟਕਣ ਤੋਂ ਪਿੱਛੋਂ ਤੈਨੂੰ ਇਹ (ਮਨੁੱਖਾ) ਦੇਹੀ ਪ੍ਰਾਪਤ ਹੋਈ ਹੈ, ਇਹ ਮਨੁੱਖਾ ਦੇਹੀ (ਮਨੁੱਖਾ ਜਨਮ) ਹੀ ਪ੍ਰਭੂ ਨੂੰ ਮਿਲਣ ਦਾ ਸਮਾ ਹੈ। ਇਸ ਨੂੰ ਐਵੇਂ ਵਿਅਰਥ ਨਾਂ ਗਵਾ ਦੇਵੀਂ। ਰਹਾਉ ਦੀ ਤੁਕ ਦੇ ਅਰਥ ਪ੍ਰੋ: ਘੱਗਾ ਨੇ ਇਸ ਤਰ੍ਹਾਂ ਕੀਤੇ ਹਨ: "ਇਹ ਮਨੁੱਖਾ ਜਨਮ ਪ੍ਰਭੂ ਨੂੰ ਯਾਦ ਰੱਖਣ ਲਈ ਹੈ। ਲੰਮੇ ਸਮੇਂ ਦੀ ਭਟਕਣ ਤੋਂ ਬਾਦ ਤੈਨੂੰ ਗੁਰੂ ਦੀ ਚੰਗੀ ਮਤ ਮਿਲੀ ਹੈ ਵਿਅਰਥ ਨਾ ਗਵਾ ਦੇਵੀਂ। ਇਥੇ "ਇਹ ਦੇਹ ਸੰਜਰੀਆ" ਦਾ ਅਰਥ "ਗੁਰੂ ਦੀ ਚੰਗੀ ਮੱਤ ਮਿਲੀ ਹੈ" ਪਤਾ ਨਹੀਂ ਪ੍ਰੋ: ਘੱਗਾ ਨੇ ਇਹ ਅਰਥ ਕਿਸ ਆਧਾਰ ਤੇ ਕੀਤੇ ਹਨ। ਪ੍ਰੋ: ਘੱਗਾ ਅਨੁਸਾਰ ਸ਼ਬਦ ਵਿੱਚ ਇਨਸਾਨ ਦੇ ਇਸੇ ਜੀਵਨ ਵਿੱਚ ਵੱਖ ਵੱਖ ਜੀਵਾਂ ਵਰਗੇ ਸੁਭਾਉ ਦਾ ਜ਼ਿਕਰ ਹੈ ਕਿ ਕਿਸਤਰ੍ਹਾਂ ਇਨਸਾਨ ਕਦੇ ਕੀੜੇ ਪਤੰਗੇ ਦੇ ਤਲ ਤਕ ਪਹੁੰਚ ਜਾਂਦਾ ਹੈ ਕਦੇ ਪੇੜ ਪੌਦੇ ਅਤੇ ਪਹਾੜ ਦੇ ਤਲ ਤੇ ਕਦੇ ਬੱਚੇ ਦਾ ਮਾਂ ਦੇ ਗਰਭ’ ਚ ਛਣ ਜਾਣ ਦੇ ਤਲ ਤੇ ਪਹੁੰਚਦਾ ਰਹਿੰਦਾ ਹੈ ਅਤੇ ਕਦੇ ਮਨੁੱਖਾ ਤਲ ਤੇ ਪਹੁੰਚ ਜਾਂਦਾ ਹੈ। ਪਰ ਜਿਸ ਤਰ੍ਹਾਂ ਸ਼ਬਦ ਦੀ ਹਰ ਤੁਕ ਵਿੱਚ ਲਫ਼ਜ਼ "ਕਈ ਜਨਮ" ਆਇਆ ਹੈ ਅਤੇ ਪ੍ਰੋ: ਘੱਗਾ ਨੇ ਇਸ ਦੇ ਅਰਥ ਕੀਤੇ ਹਨ "ਇਸੇ ਜਨਮ ਵਿੱਚ ਬਹੁਤ ਚਿਰ" । ਪ੍ਰੋ: ਘੱਗਾ ਦੇ ਕੀਤੇ ਅਰਥਾਂ ਅਨੁਸਾਰ ਇਸ ਲਫ਼ਜ਼ "ਕਈ ਜਨਮ" ਨੂੰ ਹਰ ਤੁਕ ਨਾਲ ਰਲਾ ਕੇ ਅਰਥ ਕਰਾਂ ਗੇ ਤਾਂ ਲਗੇ ਗਾ ਕਿ ਇਨਸਾਨ ਦਾ ਸੁਭਾਉ ਪੜਾਵ ਦਰ ਪੜਾਵ ਬਹੁਤ ਚਿਰ ਕੀੜੇ ਪਤੰਗੇ ਦੇ ਤਲ ਤੇ ਰਿਹਾ ਫੇਰ ਉਸ ਸਥਿਤੀ ਤੋਂ ਹਟ ਕੇ ਬਹੁਤ ਚਿਰ ਕਿਸੇ ਦੂਜੀ ਸਥਿਤੀ ਤੇ ਅਤੇ ਫੇਰ ਦੂਜੀ ਸਥਿਤੀ ਤੋਂ ਹਟਕੇ ਤੀਸਰੀ ਸਥਿਤੀ ਤੇ, ਇਸੇ ਤਰ੍ਹਾਂ ਚੌਥੀ, ਪੰਜਵੀਂ …. ਸਥਿਤੀ ਤੇ ਪਹੁੰਚ ਜਾਂਦਾ ਹੈ।

ਸ਼ਬਦ ਦੇ ਅਰਥ ਜੋ ਪ੍ਰੋ: ਘੱਗਾ ਨੇ ਕੀਤੇ ਹਨ ਇਸ ਪ੍ਰਕਾਰ ਹਨ: (ਨੋਟ: ਤੁਕਾਂ ਵਿੱਚ ਜਿੱਥੇ-ਜਿੱਥੇ ਲਫ਼ਜ਼ "ਕਈ ਜਨਮ" ਆਇਆ ਹੈ ਉਥੇ "ਬਹੁਤ ਚਿਰ" ਮੈਂ ਆਪਣੇ ਕੋਲੋਂ ਲਗਾ ਦਿੱਤਾ ਹੈ):-

"ਕਈ ਜਨਮ ਭਏ ਕੀਟ ਪਤੰਗਾ" (ਬਹੁਤ ਚਿਰ) "ਤੂੰ ਤਾਂ ਕੀੜਿਆਂ ਪਤੰਗਿਆਂ ਵਰਗਾ ਸੈਂ" ।

"ਕਈ ਜਨਮ ਗਜ ਮੀਨ ਕਰੰਗਾ" (ਬਹੁਤ ਚਿਰ) "ਤੂੰ ਤਾਂ ਹਾਥੀ ਵਰਗਾ ਮਸਤ, ਮੱਛੀ ਵਰਗਾ ਚੰਚਲ ਤੇ ਹਿਰਨ ਵਰਗਾ ਨਾਦ ਤੇ ਜਾਨ ਗਵਾ ਦੇਣ ਵਾਲਾ ਸੈਂ" ।

"ਕਈ ਜਨਮ ਪੰਖੀ ਸਰਪ ਹੋਇਓ" (ਬਹੁਤ ਚਿਰ) "ਤੂੰ ਪੰਛੀਆਂ ਵਰਗਾ, ਸੱਪਾਂ ਵਰਗਾ ਖ਼ਤਰਨਾਕ ਸੀ" ( ਖਤਰਨਾਕ? - ਚਿੱੜੀਆਂ ਤੋਤੇ ਆਦਿ ਵੀ ਪੰਛੀ ਹਨ)।

"ਕਈ ਜਨਮ ਹੈਵਰ ਬਿਰਖ (ਬ੍ਰਿਖ) ਜੋਇਓ॥" "ਤੂੰ ਲੰਮੇ ਸਮੇਂ ਤੱਕ ਘੋੜੇ ਵਰਗਾ ਤੇਜ ਦੌੜਾਕ ਰਿਹਾ ਹੈਂ ਫਿਰ ਮਾਨੋ ਬਿਰਖ ਵਾਂਗ ਜੜ ਵਸਤੂ ਬਣਕੇ ਖਲੋ ਹੀ ਗਿਆ ਹੈਂ। ਨੋਟ: ਸ਼ਬਦ ਵਿੱਚ ਲਫ਼ਜ਼ "ਬਿਰਖ" ਨਹੀਂ "ਬ੍ਰਿਖ" ਹੈ ਜਿਸ ਦਾ ਅਰਥ ਹੈ ਬਲਦ (ਦਰਖਤ ਨਹੀਂ) ਅਤੇ "ਜੋਇਓ" ਦਾ ਅਰਥ ਹੈ ਜੋਤਿਆ ਗਿਆ। ਸਾਰੀ ਤੁਕ ਦਾ (ਪ੍ਰੋ: ਸਾਹਿਬ ਸਿੰਘ ਅਨੁਸਾਰ) ਅਰਥ ਹੈ: ਕਈ ਜਨਮਾਂ ਵਿੱਚ ਤੂੰ ਘੋੜੇ, ਬਲਦ ਬਣਾ ਕੇ ਜੋਇਆ (ਜੋਤਿਆ) ਗਿਆ। ਨੋਟ: ਘੋੜਾ ਸਰੀਰਕ ਤੌਰ ਤੇ ਦੌੜਾਕ ਹੁੰਦਾ ਹੈ, ਘੋੜੇ ਵਰਗਾ ਦੌੜਾਕ ਅਤੇ ਬਿਰਖ (ਦਰਖਤ) ਵਰਗਾ ਜੜ ਹੋਣ ਤੋਂ ਮੈਂ ਨਹੀਂ ਸਮਝ ਸਕਿਆ ਕਿ ਗੁਰੂ ਸਾਹਿਬ ਦਾ ਕੀ ਸੁਨੇਹਾ ਮਿਲਦਾ ਹੈ? ਗੁਰਮੁਖ ਬੰਦੇ ਨੂੰ ਘੋੜੇ ਵਰਗਾ ਦੌੜਾਕ ਹੋਣਾ ਚਾਹੀਦਾ ਹੈ ਜਾਂ ਜੜ ਵਸਤੂ ਵਰਗਾ ਸਥਿਰ? (ਰਹਾਉ ਦੀ ਤੁਕ ਬਾਰੇ ਉਪਰ ਵਿਚਾਰ ਹੋ ਚੁੱਕੀ ਹੈ)।

"ਕਈ ਜਨਮ ਸੈਲ ਗਿਰਿ ਕਰਿਆ" (ਲੰਮੇ ਸਮੇ ਤੱਕ) "ਤੂੰ ਤਾਂ ਹੇ ਭਾਈ! ਨਿਰਾ ਪੱਥਰ ਬੁਧੀ ਵਾਲਾ (? ) ਹੀ ਬਣਿਆ ਰਿਹਾ। ਪਹਾੜ ਦੀ ਨਿਆਈਂ ਇੱਕ ਥਾਂ ਬਿਨਾਂ ਵਿਕਾਸ ਤੋਂ (? ) ਰੁਕਿਆ ਰਿਹਾ।

"….. ਲਖ ਚਉਰਾਸੀਹ ਜੋਨਿ ਭ੍ਰਮਾਇਆਇਸ ਤਰ੍ਹਾਂ ਲੱਖ ਜੀਵਾਂ ਵਰਗਾ ਤੇਰਾ ਸੁਭਾਉ ਬਦਲਦਾ ਰਿਹਾ, (ਜੋਨਿ ਦਾ ਅਰਥ= ਸੁਭਾਉ? )।

ਨੋਟ: ਜੋਨਿ ਭ੍ਰਮਾਇਆ ਦਾ ਅਰਥ ਹੈ (ਤੈਨੂੰ) ਜੂਨਾਂ ਵਿੱਚ ਭ੍ਰਮਾਇਆ ਗਿਆ। ਸ਼ਬਦ ਵਿੱਚ ਆਏ ਲਫ਼ਜ਼ ‘ਜੋਇਓ’ (ਜੋਤਿਆ ਗਿਆ), ‘ਕਰਿਆ’ (ਕੀਤਾ ਗਿਆ ਜਾਂ ਪੈਦਾ ਕੀਤਾ ਗਿਆ), ‘ਭ੍ਰਮਾਇਆ’ (ਭ੍ਰਮਾਇਆ ਗਿਆ) ਆਦਿ ਅੱਖਰਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਸ਼ਬਦ ਵਿੱਚ ਜਿੱਥੇ ਵੀ "ਕਈ ਜਨਮ" ਆਇਆ ਹੈ ਸਭ ਜਗ੍ਹਾ ‘ਮ’ ਓਂਕੜ ਤੋਂ ਬਿਨਾਂ ਅਰਥਾਤ ਬਹੁਵਚਨ ਰੂਪ ਵਿੱਚ ਆਇਆ ਹੈ ਅਤੇ ਇੱਕ ਜਗ੍ਹਾ ਤੀਜੀ ਤੁਕ ਵਿੱਚ "ਜਨਮੁ" ‘ਮ’ ਔਂਕੜ ਸਹਿਤ ਅਰਥਾਤ ਇੱਕ ਵਚਨ ਰੂਪ ਵਿੱਚ ਆਇਆ ਹੈ। ਜੇ ਗੁਰੂ ਸਾਹਿਬ ਨੇ ਵਿਆਕਰਣ ਦਾ ਪੁਰਾ ਧਿਆਨ ਰਖਿਆ ਹੈ ਤਾਂ ਅਰਥ ਕਰਨ ਵੇਲੇ ਵੀ ਇਸ ਨੂੰ ਨਜ਼ਰ- ਅੰਦਾਜ਼ ਨਹੀਂ ਕੀਤਾ ਜਾ ਸਕਦਾ। {ਜਿਸ ਤਰ੍ਹਾਂ "ਬਹੁਤ ਜਨਮ ਬਿਛੁੜੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ॥ ( ਪੰਨਾ- 694) ਇੱਥੇ ਬਹੁਤ ਜਨਮ ਬਹੁਵਚਨ ਜਨਮ ਮੁਕਤਾ ਅੰਤ ਅਤੇ ਇਹੁ ਜਨਮੁ ਇਕਵਚਨ "ਮ" ਔਂਕੜ ਅੰਤ} ਸ਼ਬਦ ਦੀ ਵਿਆਖਿਆ ਕਰਨ ਲੱਗਿਆਂ ਵਿਆਕਰਣ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ।

ਸ਼ਬਦ ਦੇ ਅਸਲੀ ਅਰਥਾਂ ਨੂੰ ਛੱਡ ਕੇ ਭਾਵਾਰਥ ਕਰਨ ਨਾਲ ਇਹ ਛੂਟ ਤਾਂ ਮਿਲ ਜਾਂਦੀ ਹੈ ਕਿ ਆਪਣੇ ਮਨ ਦੇ ਬਣ ਚੁੱਕੇ ਵਿਚਾਰਾਂ ਅਨੁਸਾਰ ਆਪਣੀ ਮਰਜ਼ੀ ਦੀ ਵਿਆਖਿਆ ਕੀਤੀ ਜਾ ਸਕਦੀ ਹੈ। Evolution theory (ਵਿਕਾਸ ਕਰਮ) ਨੂੰ ਮੰਨਣ ਵਾਲੇ ਇਸੇ ਸ਼ਬਦ ਦੀ ਵਿਆਖਿਆ ਕਰਨ ਲੱਗੇ ਕਹਿੰਦੇ ਹਨ ਕਿ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਵੱਖ ਵੱਖ ਜੂਨਾਂ ਦਾ ਜ਼ਿਕਰ ਤਾਂ ਕੀਤਾ ਹੈ ਪਰ ਵਿਕਾਸ ਕਰਮ ਦੁਆਰਾ ਕੀੜੇ ਪਤੰਗਿਆਂ ਤੋਂ ਇਨਸਾਨ ਬਣਨ ਤੱਕ ਦੇ ਵਿਕਾਸ ਕਰਮ ਦਾ ਜ਼ਿਕਰ ਕੀਤਾ ਗਿਆ ਹੈ। ਲੱਗਦਾ ਹੈ ਇਹਨਾਂ ਵਿਦਵਾਨਾਂ ਨੇ ਗੁਰਬਾਣੀ ਦੇ ਅਰਥ ਬਦਲ ਕੇ ਪੇਸ਼ ਕਰਨ ਦੀ ਠਾਣ ਰੱਖੀ ਹੈ।

ਗੁਰਬਾਣੀ ਵਿੱਚ ਅਨੇਕਾਂ ਹੀ ਐਸੇ ਸ਼ਬਦ ਹਨ ਜਿਹਨਾਂ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਆਵਾਗਉਣ ਨਾਲ ਸੰਬੰਧ ਹੈ। ਜਿਸਤਰ੍ਹਾਂ- ਆਗੈ, ਈਹਾ-ਊਹਾ, ਐਥੇ-ਓਥੇ, ਆਵਣ-ਜਾਣ, ਗਰਭ-ਜੋਨਿ, ਜਨਮ-ਮਰਣ, ਦਰਗਹ, ਪਰਲੋਕ ਆਦਿ। ਇਹਨਾਂ ਦੀ ਗਿਣਤੀ ਹਜਾਰਾਂ ਹੀ ਹੋਵੇ ਗੀ। ਆਵਾਗਉਣ ਨੂੰ ਨਾ ਮੰਨਣ ਵਾਲੇ ਵਿਦਵਾਨ ਇਹਨਾਂ ਸਭ ਦੇ ਅਰਥ ਬਦਲ ਕੇ ਵਿਆਖਿਆ ਕਰਦੇ ਹਨ। ਇਨਾਂ ਅਹਿਮ ਨੁਕਤਾ ਹੋਵੇ ਪਰ ਪਤਾ ਨਹੀਂ ਕਿਉਂ ਇਹਨਾਂ ਹਜਾਰਾਂ ਹੀ ਸ਼ਬਦਾਂ ਦੇ ਮੁਕਾਬਲੇ ਗੁਰੂ ਸਾਹਿਬ ਨੇ ਕੋਈ ਇੱਕ ਵੀ ਐਸੀ ਤੁਕ ਫੁਰਮਾਣ ਨਹੀਂ ਕੀਤੀ ਜਿਸ ਦੇ ਸਿੱਧੇ ਅਰਥ (ਬਿਨਾਂ ਬਦਲੇ) ਇਹ ਹੋਣ ਕਿ ਬੰਦਾ ਚਾਹੇ ਗੁਰਮੁਖ ਹੋਵੇ ਜਾਂ ਮਨਮੁਖ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਸੇ ਵੀ ਵਿਅਕਤੀ ਦਾ ਮਰਨ ਪਿੱਛੋਂ ਅਗੇ ਕੋਈ ਜਨਮ ਨਹੀਂ ਹੁੰਦਾ।

ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)

(403) 248 2169




.