.

ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦਾ ਲਿਖਾਰੀ ‘ਭੁਲਣਹਾਰ’

ਇਸ ਗ੍ਰੰਥ ਵਿੱਚ ਦਰਜ ਹੇਠ ਲਿਖੀਆਂ ਪੰਕਤੀਆਂ ਸਿਧ ਕਰਦੀਆਂ ਹਨ ਕਿ ਲਿਖਾਰੀ ਤੋਂ ਕਈ ਭੁਲਾਂ ਹੋ ਗਈਆਂ ਹਨ ਜਾਂ ਹੋ ਸਕਦੀਆਂ ਹਨ ਜਿਨ੍ਹਾਂ ਦੀ ਪਾਠਕ ਨੂੰ ਜਿਵੇਂ ਠੀਕ ਲਗੇ, ਪਾਠਕ ਆਪ ਹੀ ਸੁਧਾਈ ਕਰ ਸਕਦਾ ਹੈ।

ਪੰਨਾ 181:- ਨਿਰਖ ਭੂਲਿ ਕਬਿ ਕਰੋ ਨ ਹਾਸੀ॥

ਪੰਨਾ 254:- ਤਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ॥ ਭੂਲ ਪਰੀ ਲਹੁ ਲੇਹੁ ਸੁਧਾਰਾ॥

ਪੰਨਾ 310:- ਕ੍ਰਿਸਨ ਜਥਾ ਮਤ ਚਰਿਤ੍ਰ ਉਚਾਰੋ॥ ਚੂਕ ਹੋਇ ਕਬਿ ਲੇਹੁ ਸੁਧਾਰੋ॥

ਪੰਨਾ 354:- ਸਤ੍ਰਹ ਸੋ ਪੈਤਾਲ ਮਹਿ ਕੀਨੀ ਕਥਾ ਸੁਧਾਰ॥

ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ॥

ਪੰਨਾ 386:- ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ॥

ਭੂਲ ਹੋਇ ਜਹਂ ਤਹਂ ਸੁ ਕਬਿ ਪੜੀਅਹੁ ਸਭੈ ਸੁਧਾਰ॥

ਪੰਨਾ 570:- ਤਾਂ ਤੇ ਥੋਰੀਯੈ ਕਥਾ ਕਹਾਈ॥ ਭੂਲ ਦੇਖ ਕਬ ਲੈਹੁ ਬਨਾਈ॥

ਪੰਨਾ 1273:- ਤਾ ਤੇ ਥੋਰੀ ਕਥਾ ਉਚਾਰੀ॥ ਚੂਕ ਹੋਇ ਕਬਿ ਲੇਹੁ ਸੁਧਾਰੀ॥

ਲਿਖਾਰੀ ਕਵਿ ਖੜਗਪਾਨ ਦਾ ਪੁਜਾਰੀ ਹੈ ਅਤੇ ਆਖਦਾ ਹੈ ਕਿ ਉਸੇ ਦੀ ਕਿਰਪਾ ਸਦਕਾ ਇਹ ਗ੍ਰੰਥ ਲਿਖਦਾ ਹਾਂ। ਮਹਾਂਕਾਲ, ਸਰਬਕਾਲ, ਖੜਗਪਾਨ, ਖੜਗਕੇਤ, ਅਸਿਕੇਤ, ਅਸਿਧੁਜ ਆਦਿਕ ਇਕੋ ਹੀ ਦੇਵਤੇ ਦੇ ਕਈ ਨਾਮ ਹਨ ਜਿਸਦੀ ਕਥਾ ਸ਼ਿਵ ਪੁਰਾਣ ਵਿੱਚ ਦਵਾਦਸ਼ਲਿੰਗਮ (ਸ਼ਿਵ ਦੇ 12 ਲਿੰਗਾਂ) ਦੀ ਕਥਾ ਕਰਕੇ ਮਸ਼ਹੂਰ ਹੈ। ਮਹਾਕਾਲ ਦਾ ਮੰਦਿਰ ਉਜੈਨ ਸ਼ਹਰ (ਮਧ ਪ੍ਰਦੇਸ਼) ਵਿੱਚ ਹੈ।

ਉਪਰ ਲਿਖੀਆਂ ਪੰਕਤੀਆਂ ਦੇ ਆਸ-ਪਾਸ ਦੇ ਪੰਨਿਆਂ ਤੇ ਪੜ੍ਹ ਕੇ ਪਤਾ ਲਗਦਾ ਹੈ ਕਿ ਲਿਖਾਰੀਆਂ ਦੇ ਨਾਂ ਕਵਿ ਸ਼ਯਾਮ, ਕਵਿ ਰਾਮ, ਕਵਿ ਕਾਲ ਆਦਿਕ ਹਨ। ਮਹਾਕਾਲ ਦੇ ਪੁਜਾਰੀ (ਤਾਂਤ੍ਰਿ੍ਰਕ ਮਤ ਦੇ ਧਾਰਨੀ) ਭੰਗ, ਸ਼ਰਾਬ, ਨਸ਼ੇ ਆਦਿਕ ਵਰਤੋਂ ਰਜ ਕੇ ਕਰਦੇ ਹਨ ਕਿਉਂਕਿ ਮਹਾਕਾਲ ਦੇ ਮੰਦਿਰ ਵਿਚੋਂ ਪਰਸ਼ਾਦ ਹੀ ਇਹੀ ਮਿਲਦਾ ਹੈ। ਲਿਖਾਰੀ ਕਵੀ ਮੰਨਦਾ ਹੈ ਕਿ ਉਸਦੀ ਮਤ ਹਰ ਸਮੇ ਟਿਕਾਣੇ ਹੋਵੇ, ਜਰੂਰੀ ਨਹੀ। ਪੰਨਾ 571 ਤੇ ਕਵੀ ਲਿਖਦਾ ਹੈ:-

ਅਬ ਮੈ ਮਹਾ ਸ਼ੁਧ ਮਤਿ ਕਰਿ ਕੈ॥ ਕਹੌ ਕਥਾ ਚਿਤ ਲਾਇ ਬਿਚਰ ਕੈ॥

ਲਿਖਾਰੀ ਨੇ ਅਪਣੀ ਮਤਿ ਨੂੰ ਮਹਾਂ ਸ਼ੁਧ ਕਿਵੇਂ ਕੀਤਾ? ਲਿਖਾਰੀ ਹੀ ਜਾਣੇ। ਪਰ ਇਹ ਤਾਂ ਲਿਖਾਰੀ ਨੇ ਸਪਸ਼ਟ ਕਰ ਦਿਤਾ ‘ਪਾਠਕ ਲਿਖਾਰੀ ਦੀਆਂ ਭੁਲਾਂ, ਗਲਤੀਆਂ ਨੂੰ ਸੁਧਾਰ ਸਕਦਾ ਹੈ’। ਅਰਦਾਸ ਦੀ ਸ਼ੁਰੂਆਤ ਜੇਕਰ ‘ਪ੍ਰਿਥਮ ਭਗਉਤੀ ਸਿਮਰ ਕੇ. .’ਦੀ ਥਾਂਵੇਂ ‘ਪ੍ਰਿਥਮ ੴ ਸਤਿਨਾਮੁ ਸਿਮਰ ਕੇ. .’ ਜਾਂ ‘ਪ੍ਰਿਥਮ ਵਾਹਿਗੁਰੂ ਸਿਮਰ ਕੇ. .’ ਕੀਤੀ ਜਾਵੇ ਅਤੇ ਸਿਰਲੇਖ ‘ਵਾਰ ਸ੍ਰੀ ਭਗਉਤੀ ਜੀ ਕੀ॥ ਪਾਤਸ਼ਾਹੀ 10॥’ ਹਟਾ ਦਿੱਤਾ ਜਾਵੇ ਤਾਂ ਅਰਦਾਸ ਸਿਧਾਂਤਕ ਤੌਰ ਤੇ ਗੁਰਮਤਿ ਅਨੂਕੂਲ ਹੋ ਜਾਵੇਗੀ। ਉਪਰ-ਲਿਖੇ ਪ੍ਰਮਾਣ ਸਿਧ ਕਰਦੇ ਹਨ ਕਿ ਇਸ ਭੂਲ ਸੁਧਾਰ ਤੇ ਗ੍ਰੰਥ ਦੇ ਲਿਖਾਰੀ ਨੂੰ ਕੋਈ ਇਤਰਾਜ਼ ਨਹੀ। ਗੁਰੂ-ਪੰਥ ਅਗੇ ਸਨਿਮਰ ਬੇਨਤੀ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਬਾਣੀ ਤੋਂ ਸੇਧ ਲੈ ਕੇ ਪੰਥ ਨੂੰ ਦੇਵੀ-ਪੂਜਕ ਬਣਨ ਤੋਂ ਬਚਾਵੇ। ਉਪਰਲੀ ਪੰਕਤੀ ਵਿੱਚ ਭਗਉਤੀ ਦਾ ਅਰਥ ਦੇਵੀ ਚੰਡੀ, ਦੁਰਗਾ, ਕਾਲਕਾ, ਕਾਲੀ, ਭਵਾਨੀ ਹੀ ਹੈ ਕਿਉਂਕਿ ਇਸ ਵਾਰ ਦੀ ਅਖੀਰਲੀ ਪਉੜੀ ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥’ ਸਪਸ਼ਟ ਕਰਦੀ ਹੈ ਕਿ ਇਹ ਵਾਰ ਦੇਵੀ ਦੁਰਗਾ ਦੀ ਉਸਤਤਿ ਵਿੱਚ ਊਚਾਰੀ ਗਈ `ਚੰਡੀ ਦੀ ਵਾਰ’ ਹੈ ਜਿਸਦਾ ਆਧਾਰ-ਗ੍ਰੰਥ ਮਾਰਕੰਡੇਯ ਪੁਰਾਣ ਹੈ।

ਅਸੀ ਚੰਗੀ ਤਰਾਂ ਜਾਣਦੇ ਹਾਂ ਕਿ ਗੁਰੂ ਸਾਹਿਬ ਗੁਰਬਾਣੀ ਦਾ ਇੱਕ ਵੀ ਅਖਰ ਬਦਲਣ ਦੀ ਇਜਾਜਤ ਨਹੀ ਦਿਂਦੇ; ਬਾਬਾ ਰਾਮਰਾਇ ਜੀ ਨੇ ਗੁਰਬਾਣੀ ਦਾ ਇੱਕ ਅਖਰ ‘ਮਿਟੀ ਮੁਸਲਮਾਨ ਕੀ…’ ਪੰਕਤੀ ਵਿੱਚ ਮੁਸਲਮਾਨ ਦੀ ਥਾਂ ‘ਬੇਈਮਾਨ’ ਬਦਲ ਦਿਤਾ ਤਾਂ ਗੁਰੁ ਸਾਹਿਬ ਨੇ ਬਾਬਾ ਰਾਮਰਾਇ ਜੀ ਨੂੰ ਸਿਖ ਪੰਥ ਵਿਚੋਂ ਛੇਕ ਦਿਤਾ ਸੀ।

ਗੁਰੂ ਗ੍ਰੰਥ ਸਾਹਿਬ ਜੀ ਦਾ ਅਟਲ ਫੈਸਲਾ ਹੈ:- ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥

ਮਨੁਖ ਭੁਲਣਹਾਰ ਹੈ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਭੁਲਣਹਾਰ ਨਹੀ। ਸ੍ਰਿਸ਼ਟੀ ਦੀ ਰਚਨਾ ਬਾਰੇ, ਇਸਤ੍ਰੀ ਬਾਰੇ (ਭੰਡਿ ਜਮੀਐ. .) , ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਲਿਖਾਰੀ ਨੇ ਗੁਰਮਤਿ ਸਿਧਾਂਤ ਦੇ ਉਲਟ ਲਿਖ ਕੇ ਭੁਲਣਹਾਰ ਹੋਣ ਦਾ ਸਬੂਤ ਦਿਤਾ ਹੈ। ਸਪਸ਼ਟ ਹੈ ਕਿ ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦੇ ਲਿਖਾਰੀ ਅਰਥਾਤ ਰਚਨਹਾਰ ਗੁਰੂ ਗੋਬਿੰਦ ਸਿੰਘ ਜੀ ਨਹੀ। ਇਸ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਦਨਾਮ ਕਰਨ ਦੀ ਮਾੜੀ ਨੀਯਤ ਨਾਲ ਪੰਥ-ਦੋਖੀਆਂ ਨੇ ਕੀਤੀ ਹੈ। ਇਸ ਗ੍ਰੰਥ ਦਾ ਆਧਾਰ ਮਾਰਕੰਡੇਯ ਪੁਰਾਣ, ਸ੍ਰੀ ਮਦ ਭਾਗਵਤ ਪੁਰਾਣ, ਸ਼ਿਵ ਪੁਰਾਣ ਅਤੇ ਤਾਂਤ੍ਰਿਕ ਮਤ ਨਾਲ ਸੰਬੰਧਿਤ ਬ੍ਰਾਹਮਣੀ ਗ੍ਰੰਥ ਹਨ।

ਗੁਰਸਿਖ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ।

ਦਲਬੀਰ ਸਿੰਘ ਐਮ. ਐਸ. ਸੀ.




.