.

ਗੁਰੂ ਗਰੰਥ ਸਾਹਿਬ ਅਨੁਸਾਰ ਸਿੱਖ ਦੀ ਮਾਨਸਿਕਤਾ

Sikh psychology according to Guru Granth Sahib

ਮਨੁੱਖ ਵਿੱਚ ਤਬਦੀਲੀ ਜਾਂ ਸੁਧਾਰ ਤਾਂ ਹੀ ਆ ਸਕਦਾ ਹੈ ਜੇ ਕਰ ਉਸ ਦੀ ਸਹੀ ਸੋਚ ਹੋਵੇ ਅਤੇ ਉਹ ਠੀਕ ਸੋਚ ਅਨੁਸਾਰ ਚਲੇ। ਅਕਸਰ ਇਹ ਵੇਖਿਆ ਗਿਆ ਹੈ ਕਿ ਸਹੀ ਕੀ ਹੈ, ਇਸ ਦੀ ਪੂਰੀ ਸਮਝ ਹੁੰਦਿਆਂ ਹੋਇਆਂ ਵੀ ਮਨੁੱਖ ਕਹਿੰਦਾ ਕੁੱਝ ਹੋਰ ਹੈ ਤੇ ਕਰਦਾ ਕੁੱਝ ਹੋਰ। ਆਮ ਮਨੁੱਖ ਦੀ ਕਥਨੀ ਤੇ ਕਰਨੀ ਇੱਕ ਨਹੀਂ ਹੁੰਦੀ ਹੈ। ਮਨੁੱਖ ਆਪਣੇ ਲਈ ਕੁੱਝ ਹੋਰ ਸੋਚ ਰੱਖਦਾ ਹੈ, ਪਰ ਦੂਸਰਿਆਂ ਕੋਲੋ ਕੁੱਝ ਹੋਰ ਆਸ ਕਰਦਾ ਹੈ। ਪੂਰੀ ਦੁਨੀਆਂ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਜੇ ਕਰ ਸਾਰੀ ਦੁਨੀਆਂ ਦੀ ਵਿਚਾਰਧਾਰਾ ਇੱਕ ਹੋਵੇ, ਕਾਨੂੰਨ ਇੱਕ ਹੋਵੇ ਅਤੇ ਕਾਨੂੰਨ ਵੀ ਅਜੇਹਾ ਹੋਵੇ ਜਿਹੜਾ ਸਾਰੀ ਮਨੁੱਖਤਾਂ ਦਾ ਭਲਾ ਕਰ ਸਕਦਾ ਹੋਵੇ।

ਇਸ ਧਰਤੀ ਤੇ ਅਨੇਕਾਂ ਹੀ ਦੇਸ ਹਨ ਤੇ ਉਨ੍ਹਾਂ ਦੇ ਵੱਖਰੇ ਵੱਖਰੇ ਕਾਨੂੰਨ ਹਨ। ਇੱਕ ਦੇਸ ਦੇ ਲੋਕਾਂ ਦੀ ਸੋਚ ਦੂਸਰੇ ਦੇਸ ਦੇ ਲੋਕਾਂ ਤੋਂ ਭਿੰਨ ਹੈ। ਇਥੇ ਹੀ ਨਹੀਂ, ਇੱਕ ਦੇਸ ਦੇ ਵਿੱਚ ਵੀ ਲੋਕਾਂ ਦੀ ਸੋਚ ਇੱਕ ਦੂਸਰੇ ਤੋਂ ਭਿੰਨ ਹੈ। ਇਹੀ ਕਾਰਨ ਹੈ ਕਿ ਨਾ ਤਾਂ ਕਿਸੇ ਦੇਸ ਦੇ ਅੰਦਰ ਸ਼ਾਂਤੀ ਹੈ ਤੇ ਨਾ ਹੀ ਇੱਕ ਦੇਸ ਦੀ ਵਿਚਾਰਧਾਰਾ ਦੂਸਰੇ ਦੇਸ ਨਾਲ ਮਿਲਦੀ ਹੈ। ਸਦੀਆਂ ਬੀਤ ਗਈਆਂ ਪਰ ਵਿਸ਼ਵ ਸ਼ਾਂਤੀ ਸਥਾਪਤ ਨਹੀਂ ਹੋਈ।

ਗੁਰੂ ਨਾਨਕ ਸਾਹਿਬ ਨੇ ਇਸ ਦਿਸ਼ਾ ਵੱਲ ਪਹਿਲਾ ਕਦਮ ਇਹ ਚੁਕਿਆਂ ਕਿ ਸਾਰਿਆਂ ਵਿੱਚ ਇੱਕ ਸੁਲਝੀ ਤੇ ਯਥਾਰਥਵਾਦੀ ਵਿਚਾਰਧਾਰਾ ਪੈਦਾ ਕਰਨੀ ਹੈ, ਸੋਚ ਤੇ ਕਾਨੂੰਨ ਇੱਕ ਕਰਨਾ ਹੈ ਤਾਂ ਜੋ ਆਪਸੀ ਸਾਂਝ ਪੈਦਾ ਹੋਵੇ। ਕਾਨੂੰਨ ਵੀ ਅਜੇਹਾ ਸਮਝਾਇਆ, ਜਿਸ ਨਾਲ ਸਾਰੀ ਮਨੁੱਖਤਾ ਸਦੀਵੀ ਕਾਲ ਲਈ, ਵਿਸ਼ਵ ਸ਼ਾਂਤੀ ਦੀ ਦਿਸ਼ਾਂ ਵਲ ਚਲ ਪਵੇ।

ਪਾਪ ਦਾ ਪੁੱਤਰ ਅਪਰਾਧ ਹੈ। ਪਾਪ ਮਨ ਕਰਕੇ ਹੁੰਦੇ ਹਨ ਤੇ ਅਪਰਾਧ ਤਨ ਕਰਕੇ ਹੁੰਦੇ ਹਨ। ਜਦੋਂ ਪਾਪ ਮਨੁੱਖ ਦੇ ਮਨ ਅੰਦਰ ਆਪਣੀ ਹੱਦ ਟੱਪ ਜਾਂਦਾ ਹੈ ਤਾਂ ਉਹ ਅਪਰਾਧ ਦਾ ਰੂਪ ਧਾਰਨ ਕਰ ਲੈਦਾ ਹੈ। ਦੁਨੀਆਂ ਵਿੱਚ ਪਾਪੀ ਬਹੁਤ ਹਨ, ਪਰ ਅਪਰਾਧੀ ਘੱਟ ਹਨ। ਪਾਪ ਦਿਖਾਈ ਨਹੀਂ ਦਿੰਦਾਂ ਹੈ, ਅਪਰਾਧ ਵੇਖਿਆ ਜਾ ਸਕਦਾ ਹੈ। ਪਹਿਲਾਂ ਪਾਪ ਬਣਦਾ ਹੈ ਤੇ ਫਿਰ ਅਪਰਾਧ ਹੁੰਦਾਂ ਹੈ। ਗੰਗੂ ਬਰਾਹਮਣ ਦੇ ਅੰਦਰ ਪਾਪ (ਲੋਭ) ਸੀ ਜਿਹੜਾ ਅਪਰਾਧ ਦੀ ਸ਼ਕਲ ਅਖਤਿਆਰ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਾਰਣ ਬਣਿਆ। ਜਿਹੜਾ ਅਕਾਲ ਪੁਰਖੁ ਕੋਲੋ ਡਰਦਾ ਹੈ, ਉਹ ਪਾਪ ਨਹੀਂ ਕਰਦਾ ਹੈ। ਜਿਹੜਾ ਸਰਕਾਰ ਕੋਲੋ ਡਰਦਾ ਹੈ ਉਹ ਅਪਰਾਧ ਨਹੀਂ ਕਰਦਾ ਹੈ। ਪਰ ਅਪਰਾਧ ਤਾਂ ਹੀ ਖਤਮ ਹੋ ਸਕਦੇ ਹਨ ਜੇ ਕਰ ਪਾਪ ਦੂਰ ਕੀਤੇ ਜਾਣ। ਇਸੇ ਲਈ ਨੌਵੇ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਹਨ ਕਿ ਐ ਵੇਪਰਵਾਹ ਮਨੁੱਖ! ਪਾਪ ਕਰਨ ਤੋਂ ਡਰ, ਤੇ ਇਨ੍ਹਾਂ ਪਾਪਾਂ ਤੋਂ ਬਚਣ ਲਈ, ਉਸ ਅਕਾਲ ਪੁਰਖੁ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ।

"ਨਰ ਅਚੇਤ ਪਾਪ ਤੇ ਡਰੁ ਰੇ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ॥ ੧॥ ਰਹਾਉ॥" (੨੨੦)

ਪਾਪ ਦੂਰ ਕਰਨ ਲਈ ਮਨ ਨੂੰ ਠੀਕ ਦਿਸ਼ਾ ਦੇਣੀ ਪਵੇਗੀ, ਇਹੀ ਮੁਢਲਾ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਨੇ ਵਿਸ਼ਵ ਸ਼ਾਤੀ ਪੈਦਾ ਕਰਨ ਲਈ ਸਿੱਖ ਦੀ ਮਾਨਸਿਕਤਾ ਉਬਾਰਨ ਲਈ ਤੇ ਮਨ ਨੂੰ ਸਹੀ ਦਿਸ਼ਾ ਦੇਣ ਤੇ ਜੋਰ ਦਿਤਾ।

Sikh Pscycolgy is to give direction to the mind.

ਮਨੁੱਖ ਦੀ ਜਿਤਨੀ ਕੁ ਸੋਚ ਹੁੰਦੀ ਹੈ, ਉਹ ਉਸੇ ਦਾਇਰੇ ਵਿੱਚ ਹੀ ਸੀਮਿਤ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਜਿਨ੍ਹਾਂ ਧਰਮਾਂ ਵਿੱਚ ਰਵਾਇਤਾਂ ਤੇ ਜੋਰ ਹੈ ਉਹ ਗੁਰੂ ਗਰੰਥ ਸਾਹਿਬ ਨੂੰ ਵੀ ਰਵਾਇਤੀ ਤੌਰ ਤੇ ਪੇਸ਼ ਕਰਨ ਦੇ ਬਹਾਨੇ ਲਭਦੇ ਰਹਿੰਦੇ ਹਨ। ਜਿਆਦਾ ਤਰ ਅੰਗਰੇਜੀ ਵਿੱਚ ਲਿਖਣ ਵਾਲੇ ਲੇਖਕ ਵੀ ਇਸਾਈ ਧਰਮ ਨਾਲ ਪ੍ਰਭਾਵਿਤ ਦਿਖਾਈ ਦਿੰਦੇ ਹਨ। ਬਹੁਤ ਸਾਰੀ ਸ਼ਬਦਾਵਲੀ ਵੀ ਬਾਈਬਲ ਦੀ ਵਰਤ ਲੈਂਦੇ ਹਨ ਤੇ ਭਾਵ ਅਰਥ ਕੁੱਝ ਹੋਰ ਬਣ ਜਾਂਦੇ ਹਨ। ਸਿੱਖ ਧਰਮ ਦੇ ਬਹੁਤ ਸਾਰੇ ਅਸੂਲ ਨਵੀਨ ਹਨ, ਇਸ ਲਈ ਗੁਰੂ ਗਰੰਥ ਸਾਹਿਬ ਨੂੰ ਹੋਰ ਭਾਸ਼ਾਵਾਂ ਵਿੱਚ ਪੇਸ਼ ਕਰਨ ਲਈ ਨਵੀਂ ਸ਼ਬਦਾਵਲੀ ਬਣਾਉਂਣੀ ਪਵੇਗੀ। ਆਮ ਮਨੁੱਖ ਦੀ ਮੱਤ ਸੀਮਿਤ ਹੈ ਤੇ ਇਸ ਕਰਕੇ ਸੋਚ ਵੀ ਸੀਮਿਤ ਹੈ, ਇਸ ਖਾਮੀ ਕਰਕੇ ਲੋਕ ਸਿੱਖੀ ਸਿਧਾਤਾਂ ਨੂੰ ਸੀਮਿਤ ਕਰ ਦਿੰਦੇ ਹਨ। ਅਜੇਹੇ ਲੇਖਕਾਂ ਦੇ ਵਿਚਾਰ ਪੜ੍ਹਨ ਵਾਲੇ ਲੋਕ ਵੀ ਸਹੀ ਸੋਚ ਤੋਂ ਵਾਂਝੇ ਰਹਿ ਜਾਂਦੇ ਹਨ। ਫਿਲਾਸਫਰ (Philospher) ਨੂੰ ਗੁਰੂ ਗਰੰਥ ਸਾਹਿਬ ਸਿਰਫ ਫਿਲਾਸਫੀ ਤਕ ਹੀ ਸੀਮਿਤ ਦਿਖਾਈ ਦਿੰਦਾਂ ਹੈ, ਵਿਦਵਾਨ ਸਿਰਫ ਵਿਦਵੱਤਾ ਹੀ ਲੱਭਦਾ ਰਹਿੰਦਾ ਹੈ, ਕਵੀ ਨੂੰ ਸਿਰਫ ਕਵਿਤਾ ਹੀ ਦਿਖਾਈ ਦਿੰਦੀ ਹੈ, ਪਰ ਅਸਲੀਅਤ ਇਹ ਹੈ ਕਿ ਗੁਰੂ ਗਰੰਥ ਸਾਹਿਬ ਇਨ੍ਹਾਂ ਸਭ ਤੋਂ ਉਪਰ ਹਨ ਤੇ ਪੂਰਨ ਜੀਵਨ ਜਾਚ ਹਨ, ਮਨੁੱਖੀ ਵਿਕਾਸ ਦਾ ਸੋਮਾ ਹਨ।

ਅੱਜਕਲ ਦੇ ਲੋਕ ਅੰਗਰੇਜ਼ੀ ਨਾਲ ਬਹੁਤ ਪ੍ਰਭਾਵਿਤ ਹਨ, ਆਪਣੇ ਬੱਚਿਆਂ ਨੂੰ ਗੁਰਮੁੱਖੀ ਪੜ੍ਹਾਉਣਾ ਨੀਵਾਂ ਸਮਝਦੇ ਹਨ। ਅਜੇਹੇ ਲੋਕ ਅੰਗਰੇਜ਼ੀ ਵਿੱਚ ਲਿਖੀਆਂ ਕਿਤਾਬਾਂ ਨੂੰ ਜਿਆਦਾ ਮਹੱਤਵ ਦਿੰਦੇ ਹਨ। ਜਿਸ ਦਾ ਨਤੀਜਾ ਇਹ ਹੁੰਦਾਂ ਹੈ ਕਿ ਅਜੇਹੇ ਲੋਕ, ਲੇਖਕ ਦੀ ਮੱਤ ਅਨੁਸਾਰ, ਆਪਣੇ ਅੰਦਰ ਸਿੱਖੀ ਦੀ ਨਵੀਂ ਵਿਚਾਰਧਾਰਾ ਬਣਾਉਣੀ ਸ਼ੁਰੂ ਕਰ ਦਿੰਦੇ ਹਨ। ਚੰਗਾ ਇਹ ਹੋਵੇਗਾ ਜੇ ਕਰ ਅੰਗਰੇਜ਼ੀ ਦੇ ਨਾਲ ਨਾਲ ਗੁਰਮੁੱਖੀ ਵਿੱਚ ਲਿਖੀਆਂ ਕਿਤਾਬਾਂ ਦਾ ਵੀ ਅਧਿਅਨ ਕੀਤਾ ਜਾਵੇ ਤਾਂ ਜੋ ਭੁਲੇਖੇ ਦੂਰ ਹੋ ਸਕਣ। ਟੈਂਕੀ ਦਾ ਪਾਣੀ ਪੀਣ ਦੀ ਬਜਾਏ ਸਿਧਾ ਪੰਪ ਦਾ ਤਾਜਾ ਪਾਣੀ ਪੀਤਾ ਜਾਵੇ ਤਾਂ ਸਿਹਤ ਠੀਕ ਰਹਿੰਦੀ ਹੈ। ਇਸੇ ਤਰ੍ਹਾਂ ਦੂਸਰੀ ਭਾਸ਼ਾ ਵਿੱਚ ਲਿਖੀਆਂ ਪੁਸਤਕਾਂ ਨੂੰ ਮਹੱਤਵ ਦੇਣ ਦੀ ਬਜਾਏ, ਸਿਧੀ ਸਿਖਿਆ ਗੁਰੂ ਗਰੰਥ ਸਾਹਿਬ ਤੋਂ ਲੈਣੀ ਚਾਹੀਦਾ ਹੈ ਤਾਂ ਜੋ ਮਿਲਾਵਟ ਤੋਂ ਬਚ ਸਕੀਏ। ਹਾਂ ਜਿਸ ਨੂੰ ਗੁਰਮੁਖੀ ਬਾਰੇ ਬਿਲਕੁਲ ਗਿਆਨ ਨਹੀਂ ਹੈ, ਉਹ ਆਰਜ਼ੀ ਤੌਰ ਤੇ ਹੋਰ ਭਾਸ਼ਾਵਾਂ ਦਾ ਆਸਰਾ ਲੈ ਸਕਦਾ ਹੈ। ਗੁਰੂ ਗਰੰਥ ਸਾਹਿਬ ਨੂੰ ਗੁਰਮੁੱਖੀ ਲਿਪੀ ਵਿੱਚ ਲਿਖਣ ਦਾ ਮੰਤਵ ਹੀ ਇਹ ਸੀ, ਕਿ ਸਮਾਂ ਪਾ ਕੇ ਕਿਸੇ ਤਰ੍ਹਾਂ ਭੁਲੇਖੇ ਨਾ ਪੈਣ, ਤੇ ਸਿੱਖ ਦੀ ਸੋਚ ਸਹੀ ਦਿਸ਼ਾ ਵਲ ਜਾਵੇ। ਆਓ ਅਸੀਂ ਸਮਝਣ ਦਾ ਯਤਨ ਕਰੀਏ ਕਿ ਗੁਰਮਤਿ ਸਾਨੂੰ ਕਿਸ ਮਾਰਗ ਤੇ ਚਲਣ ਲਈ ਸੇਧ ਦੇ ਰਹੀ ਹੈ।

ਧਰਮ ਜਾਂ ਕਾਨੂੰਨ ਉਹੀ ਠੀਕ ਸਾਬਤ ਹੋ ਸਕਦਾ ਹੈ, ਜਿਹੜਾ ਸਚਾਈ ਤੇ ਚਲਦਿਆਂ ਹੋਇਆਂ ਸਾਰਿਆਂ ਦਾ ਭਲਾ ਕਰ ਸਕੇ, ਸਾਰਿਆਂ ਲਈ ਇਕੋ ਜਿਹਾ ਹੋਵੇ, ਕਿਸੇ ਤਰ੍ਹਾਂ ਦਾ ਪੱਖਪਾਤ ਜਾਂ ਵੈਰ ਨਾ ਹੋਵੇ। ਵਿਗਿਆਨ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ, ਪਰ ਅਜੇਹਾ ਕਾਨੂੰਨ ਦੁਨੀਆਂ ਦੇ ਕਿਸੇ ਵੀ ਦੇਸ ਵਿੱਚ ਨਹੀਂ ਮਿਲਦਾ ਹੈ, ਜਿਹੜਾ ਸਰਬੱਤ ਦਾ ਭਲਾ ਕਰ ਸਕੇ।

ਇਸ ਦੁਨੀਆਂ ਵਿੱਚ ਜੇ ਕਰ ਕੋਈ ਕਾਨੂੰਨ ਹੈ, ਜੋ ਕਿ ਸਾਰਿਆਂ ਦਾ ਭਲਾ ਕਰਦਾ ਹੈ, ਸਾਰਿਆਂ ਤੇ ਇਕੋ ਜਿਹਾ ਲਾਗੂ ਹੁੰਦਾਂ ਹੈ, ਜਿਸ ਨਾਲ ਸਾਰੇ ਕੰਮ ਠੀਕ ਤਰ੍ਹਾਂ ਹੋ ਸਕਦੇ ਹਨ, ਤਾਂ ਉਹ ਹੈ, ਸਿਰਫ ਅਕਾਲ ਪੁਰਖੁ ਦਾ ਕਾਨੂੰਨ। ਅਕਾਲ ਪੁਰਖੁ ਦੇ ਹੁਕਮੁ ਅਨੁਸਾਰ, ਇਹ ਧਰਤੀ ਜਾਂ ਇਸ ਤੇ ਚਲ ਰਹੇ ਸਾਰੇ ਜੀਵ ਤਾਂ ਕੀ, ਸਾਰਾ ਬ੍ਰਹਿਮੰਡ ਹੀ ਇੱਕ ਨਿਯਮ ਅਨੁਸਾਰ ਚਲ ਰਿਹਾ ਹੈ।

ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥ (ਪੰਨਾ ੭)

ਇਸ ਲਈ ਜੇ ਕਰ ਵਿਸ਼ਵ ਸ਼ਾਂਤੀ ਚਾਹੁੰਦੇ ਹਾਂ ਤਾਂ ਉਸ ਇੱਕ ਅਕਾਲ ਪੁਰਖੁ ਦੇ ਹੁਕਮੁ ਨੂੰ ਅਪਨਾਉਂਣਾ ਪਵੇਗਾ, ਆਪਣੀ ਮਾਨਸਿਕਤਾ, ਉਸ ਧਰਮ ਅਨੁਸਾਰ ਬਣਾਉਂਣੀ ਪਵੇਗੀ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖੁ ਦਾ ਕਾਨੂੰਨ ਸਮਝਾਉਣ ਲਈ, ਸੱਚੇ ਗੁਰੂ ਦੁਆਰਾ ਬਖਸ਼ੇ ਸਬਦ ਦਾ ਮਾਰਗ, ਪਰਬਤਾਂ ਤੇ ਵਸ ਰਹੇ ਸਿਧਾਂ ਤੇ ਸਾਰੀ ਖਲਕਤ ਨੂੰ ਦੱਸਿਆ। ਸੁਧਾਰ ਮਨ ਪਿਛੇ ਚਲਣ ਨਾਲ ਨਹੀਂ ਹੋਣਾ ਹੈ, ਬਲਕਿ ਮਨ ਨੂੰ ਸਬਦ ਅਨੁਸਾਰ ਚਲਾਉਣ ਨਾਲ ਹੋਣਾ ਹੈ। ਅਕਾਲ ਪੁਰਖੁ ਹਰੇਕ ਸਰੀਰ ਵਿੱਚ ਮੌਜੂਦ ਹੈ, ਉਹ ਗੁਪਤ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਮੁਕਤ ਰਹਿੰਦਾ ਹੈ। ਜੋ ਮਨੁੱਖ ਗੁਰ-ਸ਼ਬਦ ਵਿੱਚ ਜੁੜਿਆ ਹੈ, ਉਹ ਮਨ ਤੇ ਤਨ ਕਰ ਕੇ ਅਕਾਲ ਪੁਰਖੁ ਨਾਲ ਜੁੜਿਆ ਹੋਇਆ ਹੈ। ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ। ਪਰ ਗੁਰਮੁਖਿ ਸੱਚੇ ਅਕਾਲ ਪੁਰਖੁ ਵਿੱਚ ਲੀਨ ਰਹਿੰਦਾ ਹੈ।

ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ॥ ਅੰਤਰਿ ਬਾਹਰਿ ਸਬਦਿ ਸੁ ਜੁਗਤਾ॥ ਮਨਮੁਖਿ ਬਿਨਸੈ ਆਵੈ ਜਾਇ॥ ਨਾਨਕ ਗੁਰਮੁਖਿ ਸਾਚਿ ਸਮਾਇ॥ ੧੩॥ (੯੩੯)

ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਇਸੇ ਕਾਨੂੰਨ ਦਾ ਹੀ ਜਿਕਰ ਕੀਤਾ ਹੈ। ਸਭ ਤੋਂ ਪਹਿਲਾਂ, ਉਸ ਵਿਸ਼ਵ ਸ਼ਾਂਤੀ ਪੈਦਾ ਕਰਨ ਵਾਲੇ ਨੂੰ ਸਮਝਣਾ ਪਵੇਗਾ, ਜਿਸ ਬਾਰੇ ਸਾਡੇ ਵਿੱਚ ਅਨੇਕਾਂ ਭੁਲੇਖੇ ਪਏ ਹੋਏ ਹਨ। ਹੋਰਨਾ ਧਰਮਾ ਜਾਂ ਮਜ਼ਬਾਂ ਨੇ ਪ੍ਰਮਾਤਮਾ/ਅੱਲ੍ਹਾਂ/ਗੌਡ ਨੂੰ ਆਪਣਾ ਵੱਖਰਾ ਤੇ ਨਿਜੀ ਸਮਝਿਆ ਹੈ, ਲੇਕਿਨ ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖੁ ਨੂੰ ਸਭ ਦਾ ਸਾਂਝਾ ਸਮਝਾਇਆ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (੧)

ਅਕਾਲ ਪੁਰਖੁ ਇੱਕ ਹੈ, ਤੇ ਉਹ ਹਰ ਥਾਂ ਇੱਕ ਰਸ ਵਿਆਪਕ ਹੈ। ਭਾਵ ਸਭ ਵਿਚ, ਤੇ ਸਭ ਥਾਂ, ਇਕੋ ਜਿਹਾ ਹੈ, ਤੇ ਕਿਸੇ ਤਰ੍ਹਾਂ ਦੀ ਕੋਈ ਵਾਧ ਘਾਟ ਨਹੀਂ ਹੈ, ਉਹ ਸਭ ਦਾ ਸਾਂਝਾ ਹੈ। ੴ ਸਿੱਖ ਧਰਮ ਦੀ ਬਾਕੀ ਧਰਮਾਂ ਨਾਲੋਂ ਵਿਲੱਖਣਤਾ ਦੀ ਇਹ ਪਹਿਲੀ ਨਿਸ਼ਾਨੀ ਹੈ।

ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖੁ ਦੀ ਅਜੇਹੀ ਪ੍ਰੀਭਾਸ਼ਾ ਦਿਤੀ ਹੈ, ਜਿਹੜੀ ਕਿ ਭਰਮਾਂ, ਵਹਿਮਾ, ਡਰ, ਨਫਰਤ, ਵੈਰ ਤੋਂ ਉਪਰ ਉਠ ਕੇ ਮਨੁੱਖ ਨੂੰ "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ" ਦੀ ਦਿਸ਼ਾ ਵਲ ਆਪਣੇ ਆਪ ਲੈ ਜਾਂਦੀ ਹੈ। ਸਿੱਖੀ ਦਾ ਇਹ ਆਧਾਰ, ਮਨੁੱਖ ਨੂੰ ਸਫਲ ਜੀਵਨ ਦੇ ਵਿਕਾਸ ਦੀ ਦਿਸ਼ਾਂ ਵਲ ਲੈ ਜਾਂਦਾ ਹੈ, ਮਨ ਅੰਦਰ ਕੋਈ ਵੈਰ ਵਿਰੋਧ ਨਹੀਂ ਰਹਿੰਦਾਂ ਹੈ। ਗੁਰੂ ਸਾਹਿਬ ਜੀ ਨੇ ਦੱਸਿਆ ਹੈ ਕਿ ਅਕਾਲ ਪੁਰਖੁ ਨੂੰ ਪਾਉਣ ਦਾ ਤਰੀਕਾ ਸਿਰਫ ਉਸ ਨਾਲ ਪ੍ਰੇਮ ਹੀ ਹੈ। ਜਿਹੜੇ ਅਕਾਲ ਪੁਰਖੁ ਨਾਲ ਪ੍ਰੇਮ ਕਰਦੇ ਹਨ, ਉਨ੍ਹਾਂ ਨਾਲ, ਉਹ ਉਸ ਤੋ ਵੀ ਕਈ ਗੁਣਾ ਜਿਆਦਾ ਪਿਆਰ ਕਰਦਾ ਹੈ। ਨਿਤਨੇਮ ਦੀ ਬਾਣੀ ਸਵੱਯੇ ਪਾ: ੧੦ ਵਿੱਚ ਅਸੀਂ ਹਰ ਰੋਜ਼ ਪੜਦੇ ਹਾਂ।

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥ ੯॥

ਸਿੱਖ ਧਰਮ ਵਿੱਚ ਅਕਾਲ ਪੁਰਖੁ, ਗੁਰੂ ਅਤੇ ਮਨੁੱਖਤਾ ਨਾਲ ਪ੍ਰੇਮ ਦੀ ਬਹੁਤ ਮਹੱਤਤਾ ਹੈ। ਇਹੀ ਕਾਰਨ ਹੈ ਕਿ ਸਿੱਖ ਦੇ ਜੀਵਨ ਦਾ ਮੰਤਵ ਪ੍ਰੇਮ ਤੇ ਸਰਬੱਤ ਦਾ ਭਲਾ ਹੀ ਬਣ ਜਾਂਦਾ ਹੈ। ਅਰਦਾਸ ਦੇ ਅੰਤ ਵਿੱਚ ਹਰ ਸਿੱਖ ਇਹੀ ਕਹਿਦਾਂ ਹੈ। "ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬੱਤ ਦਾ ਭਲਾ॥" ਮਨੁੱਖਤਾ ਨਾਲ ਪਿਆਰ ਦੀ ਭਾਵਨਾ ਪੈਦਾ ਕਰਨ ਨਾਲ ਸਿੱਖ ਦੀ ਮਾਨਸਿਕਤਾ ਸਭ ਤੋਂ ਉੱਤਮ ਤੇ ਨਿਰਾਲੀ ਹੋ ਜਾਂਦੀ ਹੈ।

ਪ੍ਰੇਮ ਤੇ ਸਰਬੱਤ ਦੇ ਭਲੇ ਵਿੱਚ ਉਹੀ ਮਨੁੱਖ ਪੂਰਾ ਉਤਰ ਸਕਦਾ ਹੈ, ਜਿਹੜਾ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝ ਲੈਂਦਾ ਹੈ ਤੇ ਉਸ ਦੀ ਰਜ਼ਾ ਵਿੱਚ ਰਹਿਣਾ ਕਬੂਲ ਕਰ ਲੈਂਦਾ ਹੈ। ਅਸਲੀ ਮਨੁੱਖ ਉਹੀ ਹੈ ਜੋ ਕਿ ਸਾਰਿਆ ਵਿੱਚ ਉਸ ਅਕਾਲ ਪੁਰਖੁ ਨੂੰ ਵੇਖਦਾ ਹੈ, ਕਿਉਂਕਿ ਅਜੇਹਾ ਮਨੁੱਖ ਹੀ ਉਸ ਅਕਾਲ ਪੁਰਖੁ ਦੇ ਭੇਦ ਨੂੰ ਸਮਝਣ ਦੀ ਦਿਸ਼ਾ ਵਲ ਜਾ ਸਕਦਾ ਹੈ।

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥ ੩॥" (੧੩੫੦)

ਗੁਰੂ ਨਾਨਕ ਸਾਹਿਬ ਨੇ ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਸਮਝਾ ਦਿੱਤਾ ਹੈ ਕਿ ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।

"ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥" (੧)

ਜਦੋਂ ਮਨੁੱਖ ਨੂੰ ਹੁਕਮਿ ਵਿੱਚ ਚੱਲਣ ਦੀ ਜਾਚ ਆ ਜਾਂਦੀ ਹੈ, ਤਾਂ ਫਿਰ ਉਸ ਨੂੰ ਜੇ ਕਰ ਗੁਰਮਤਿ ਅਨੁਸਾਰ ਕੋਈ ਵੀ ਕੰਮ ਕਹਿੰਦਾਂ ਹੈ, ਤਾਂ ਉਸ ਦੇ ਅੰਦਰ ਕੋਈ ਖਿਝ ਜਾਂ ਨਫਰਤ ਪੈਦਾ ਨਹੀਂ ਹੁੰਦੀ ਹੈ, ਤੇ ਉਹ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰਹਿੰਦਾਂ ਹੈ। ਜੀਵਨ ਵਿੱਚ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲਣ ਤੇ ਉਸ ਦੇ ਨਾਲ ਪ੍ਰੇਮ ਦੀ ਖੇਲ ਖੇਲਣ ਲਈ, ਗੁਰੂ ਸਾਹਿਬ ਦੇ ਦੱਸੇ ਗਏ ਮਾਰਗ ਤੇ ਚਲਣਾ ਬਹੁਤ ਜਰੂਰੀ ਹੈ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ  ੨੦ ॥ (੧੪੧੨)

ਗੁਰਮਤਿ ਦੇ ਮਾਰਗ ਤੇ ਚਲਣ ਨਾਲ ਸਿੱਖ ਦਾ ਮਨੋਬਲ ਉੱਚਾ ਹੋ ਜਾਂਦਾ ਹੈ। ਉਸ ਨੂੰ ਕਦੀ ਬਲੱਡ ਪਰੈਸ਼ਰ ਵਰਗੀ ਬੀਮਾਰੀ ਜਾਂ ਕੋਈ ਹੋਰ ਮਾਨਸਿਕ ਤਨਾਉ ਨਹੀਂ ਰਹਿੰਦਾਂ ਹੈ।

ਅੰਮ੍ਰਿਤ ਵੇਲੇ ਉੱਠਣ ਨਾਲ ਸਿੱਖ ਵਿੱਚ ਚੁਸਤੀ ਆ ਜਾਂਦੀ ਹੈ। ਉਸ ਅੰਦਰ ਉੱਦਮ ਨਾਲ ਕੰਮ ਕਰਨ ਦੀ ਭਾਵਨਾਂ ਆਪਣੇ ਆਪ ਪੈਦਾ ਹੋ ਜਾਂਦੀ ਹੈ। ਸਵੇਰ ਵੇਲੇ ਸਾਫ ਹਵਾ ਤੇ ਸ਼ਾਂਤ ਮਹੌਲ ਮਿਲਦਾ ਹੈ। ਸਾਫ ਅਤੇ ਤਾਜ਼ੀ ਹਵਾ ਮਿਲਣ ਨਾਲ ਸਿਹਤ ਠੀਕ ਰਹਿੰਦੀ ਹੈ। ਸ਼ਾਤੀ ਦੇ ਮਹੌਲ ਵਿੱਚ ਪੜ੍ਹਾਈ ਚੰਗੀ ਤਰ੍ਹਾਂ ਹੁੰਦੀ ਹੈ। ਕੋਈ ਸ਼ੋਰ ਸ਼ਰਾਬਾ ਨਾ ਹੋਣ ਕਰਕੇ ਇਨਸਾਨ ਚੰਗੀ ਤਰ੍ਹਾਂ ਡੂੰਘੀ ਸੋਚ ਵਿਚਾਰ ਕਰ ਸਕਦਾ ਹੈ। ਕਈ ਮੁਸ਼ਕਲਾਂ ਦਾ ਹਲ ਜੋ ਦਿਨ ਦੀ ਥਕਾਵਟ ਕਰਕੇ ਨਹੀਂ ਮਿਲਦਾ ਹੈ। ਇਸ ਵਾਤਾਵਰਨ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਸਵੇਰੇ ਉੱਠਣ ਕਰਕੇ ਸਾਰੇ ਕੰਮ ਸਮੇਂ ਸਿਰ ਹੋ ਜਾਂਦੇ ਹਨ। ਇਸ ਲਈ ਮਨੁੱਖ ਨੂੰ ਕਿਸੇ ਵੀ ਕੰਮ ਵਿੱਚ ਕਦੀ ਦੇਰੀ ਨਹੀਂ ਹੁੰਦੀ ਹੈ। ਜੀਵਨ ਵਿੱਚ ਉੱਨਤੀ ਅਤੇ ਮਨੋਬਲ ਨੂੰ ਉੱਚਾਂ ਕਰਨ ਲਈ ਹਰੇਕ ਕੰਮ ਨੂੰ ਸਮੇਂ ਸਿਰ ਕਰਨ ਦੀ ਆਦਤ ਪਾਉਂਣੀ ਬਹੁਤ ਜਰੂਰੀ ਹੈ।

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ ੪॥ (੨)

ਅੰਮ੍ਰਿਤ ਵੇਲੇ ਦੀ ਸਿਖਿਆ, ਸਮੇਂ ਦੀ ਕਦਰ ਅਤੇ ਸਮੇਂ ਦੀ ਪਾਬੰਦੀ ਸਿਖਾ ਦਿੰਦੀ ਹੈ। ਗੁਰਮਤਿ ਦਾ ਮਾਰਗ ਸਿੱਖ ਦਾ ਮਨੋਬਲ ਉੱਚਾ ਕਰਨ ਦੇ ਨਾਲ ਨਾਲ, ਸਰੀਰਕ ਤੰਦਰੁਸਤੀ ਵੀ ਪੈਦਾ ਕਰਦਾ ਹੈ। ਸਾਫ ਅਤੇ ਲੋੜ ਅਨੁਸਾਰ ਖਾਣ ਨਾਲ ਸਿਹਤ ਠੀਕ ਰਹਿੰਦੀ ਹੈ। ਸਿਹਤ ਠੀਕ ਹੈ ਤਾਂ ਬੀਮਾਰੀਆਂ ਵੀ ਘੱਟ ਹੀ ਹੁੰਦੀਆਂ ਹਨ। ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਦੀ ਹੈ। ਘਟੀਆ ਅਤੇ ਫਾਲਤੂ ਖਾਣਾਂ ਖਾਣ ਦੀ ਆਦਤ ਨਹੀਂ ਪੈਦੀ ਹੈ। ਇਸ ਨਾਲ ਮਨੁੱਖ ਫਜ਼ੂਲ ਖਰਚੀ ਤੋਂ ਬਚਿਆ ਰਹਿੰਦਾਂ ਹੈ।

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥ (੧੬)

ਗੁਰੂ ਦਾ ਸਿੱਖ ਆਪਣਾ ਲਿਬਾਸ ਵਾਤਾਵਰਨ ਤੇ ਉਸ ਦੇ ਸਰੀਰ ਦੀ ਲੋੜ ਅਨੁਸਾਰ ਪਹਿਨਦਾ ਹੈ। ਉਹ ਤਰ੍ਹਾਂ ਤਰ੍ਹਾਂ ਦੇ ਚਲ ਰਹੇ ਫੈਸ਼ਨਾਂ ਵਿੱਚ ਆਪਣੀ ਖੂਨ ਪਸੀਨੇ ਦੀ ਕਮਾਈ ਬਰਬਾਦ ਨਹੀਂ ਕਰਦਾ। ਸਰੀਰ ਦੀ ਲੋੜ ਅਨੁਸਾਰ ਕਪੜਾ ਪਹਿਨਣ ਕਰਕੇ ਉਸ ਦੀ ਸਿਹਤ ਵੀ ਠੀਕ ਰਹਿੰਦੀ ਹੈ। ਤਨ ਨਾ ਤਾਂ ਘੁਟਿਆ ਮਹਿਸੂਸ ਹੁੰਦਾਂ ਹੈ ਅਤੇ ਨਾ ਹੀ ਚਲਣ ਸਮੇਂ, ਉਸ ਦੇ ਕੱਪੜੇ ਇਧਰ ਉਧਰ ਫਸਦੇ ਹਨ। ਇਸ ਤਰ੍ਹਾਂ ਦੁਰਘੱਟਨਾਂ ਤੋਂ ਵੀ ਬਚਿਆ ਰਹਿੰਦਾਂ ਹੈ।

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥   ॥ ਰਹਾਉ॥ (੧੬)

ਜੇ ਕਰ ਸਰੀਰ ਤੰਦਰੁਸਤ ਹੈ ਤੇ ਲਿਬਾਸ ਠੀਕ ਪਹਿਨਿਆ ਹੋਇਆ ਹੈ ਤਾਂ ਮਨੁੱਖ ਦੇ ਅੰਦਰ ਉੱਦਮ ਤੇ ਹਿੰਮਤ ਆਪਣੇ ਆਪ ਆ ਜਾਂਦੀ ਹੈ। ਉਹ ਹਰ ਕੰਮ ਕਰਨ ਵਿੱਚ ਤੱਤਪਰ ਰਹਿੰਦਾਂ ਹੈ। ਉੱਦਮ ਨਾਲ ਉਹ ਚੰਗੀ ਪੜ੍ਹਾਈ ਕਰਦਾ ਹੈ, ਚੰਗੀ ਮਿਹਨਤ ਕਰਦਾ ਹੈ, ਜਿਸ ਸਦਕਾ ਉਹ ਤਰੱਕੀ ਕਰਦਾ ਰਹਿੰਦਾਂ ਹੈ। ਆਮਦਨ ਵਿੱਚ ਵਾਧਾ ਵੀ ਹੁੰਦਾਂ ਰਹਿੰਦਾਂ ਹੈ। ਜੀਵਨ ਵਿੱਚ ਉੱਚੀ ਸਫਲਤਾ ਪਾਉਣ ਲਈ ਕਈ ਵਾਰੀ ਵੱਡਾ ਹਮਲਾ ਮਾਰਨਾ ਪੈਂਦਾ ਹੈ। ਮੰਜਲ ਤੇ ਪਹੁੱਚਣ ਲਈ, ਚੁਸਤੀ ਫੁਰਤੀ ਅਤੇ ਹਿੰਮਤ ਹੀ ਕੰਮ ਆਉਂਦੀ ਹੈ। ਇਤਹਾਸ ਇਸ ਗਲ ਦਾ ਗਵਾਹ ਹੈ ਕਿ ਗੁਰੂ ਦੇ ਸਿੱਖਾਂ ਨੇ ਅਨੇਕਾਂ ਹੀ ਸਫ਼ਲਤਾਵਾਂ ਉੱਦਮ ਤੇ ਉੱਚੀ ਮਾਨਸਿਕਤਾ ਹੋਣ ਕਰਕੇ ਪ੍ਰਾਪਤ ਕੀਤੀਆਂ।

ਸਲੋਕੁ ਮਃ ੫॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ ੧॥ (੫੨੨)

ਕਿਸੇ ਕਾਰਨ ਜੇ ਕਰ ਜਿਆਦਾ ਧਨ ਦੀ ਲੋੜ ਹੈ ਤਾਂ ਜਿਆਦਾ ਮਿਹਨਤ ਕਰੋ। ਇਹ ਧਿਆਨ ਰੱਖਣਾ ਹੈ ਕਿ ਲੋਭ, ਲਾਲਚ, ਇਨਸਾਨ ਨੂੰ ਗਲਤ ਪਾਸੇ ਲੈ ਕੇ ਜਾਂਦੇ ਹਨ। ਚੋਰੀ, ਹੇਰਾ ਫੇਰੀ, ਧੋਖਾ, ਮਨੁੱਖ ਦੇ ਅੰਦਰ ਹੀਣਤਾ ਪੈਦਾ ਕਰਦੇ ਹਨ। ਗੁਰਸਿੱਖ ਨੇ ਹੰਕਾਰ, ਨਫਰਤ, ਹੀਣਤਾ, ਈਰਖਾ, ਸਾੜਾ ਆਦਿ ਤੋਂ ਉਪਰ ਉਠਣਾ ਹੈ। ਇਹ ਤਾਂ ਹੀ ਸੰਭਵ ਹੈ ਜੇ ਕਰ ਮਨੁੱਖ ਉਦਮੀ ਹੈ ਤੇ ਸੱਚ ਦੇ ਮਾਰਗ ਤੇ ਚਲਦਾ ਹੈ। ਗੁਰਸਿੱਖ ਵਿਕਾਰੀ ਮਨੁੱਖਾਂ ਦੀ ਸੰਗਤ ਕਰਕੇ ਆਪਣੇ ਗੁਣ ਨਹੀਂ ਗਵਾਉਂਦਾ ਹੈ।

ਜਦੋਂ ਸਾਨੂੰ ਪਤਾ ਹੈ ਕਿ ਇੱਕ ਦਿਨ ਮਰਨਾ ਹੈ ਤੇ ਮੁੜ ਇਥੇ ਵਾਪਿਸ ਨਹੀਂ ਆਉਣਾ ਹੈ, ਇਸ ਲਈ ਨਾਸਵੰਤ ਦੁਨੀਆਂ ਨਾਲ ਪ੍ਰੀਤ ਲਾ ਕੇ ਆਪਣੇ ਇਸ ਮਨੁੱਖਾ ਜੀਵਨ ਨੂੰ ਵਿਅਰਥ ਗਵਾਉਣਾ ਨਹੀਂ ਚਾਹੀਦਾ। ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ। ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਜੋ ਸੱਚ ਦਾ ਮਾਰਗ ਦੱਸਿਆ ਹੈ, ਉਸ ਅਨੁਸਾਰ ਮੁਰੀਦਾਂ ਵਾਂਗ ਚਲਣਾ ਚਾਹੀਦਾ ਹੈ।

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ ੩॥ (੪੮੮)

If money is lost nothing is lost. If Health is lost something is lost. If Trust is lost then everything is lost.

ਇਸ ਲਈ ਅਕਾਲ ਪੁਰਖੁ ਤੇ ਗੁਰੂ ਦਾ ਵਿਸ਼ਵਾਸ ਨਹੀਂ ਗਵਾਉਣਾਂ ਹੈ। ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲਣਾ ਹੈ ਤੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚਲਣਾ ਹੈ। ਫੋਕੀਆਂ ਰਵਾਇਤਾਂ ਮਨੁੱਖ ਦੀ ਮਾਨਸਿਕ ਸਥਿੱਤੀ ਕਮਜੋਰ ਕਰ ਦਿੰਦੀਆਂ ਹਨ, ਇਸ ਲਈ ਗੁਰੂ ਸਾਹਿਬ ਨੇ ਨਾ ਤਾਂ ਰਵਾਇਤਾਂ ਪ੍ਰਵਾਨ ਕੀਤੀਆਂ ਹਨ ਤੇ ਨਾ ਹੀ ਰਵਾਇਤੀ ਤੌਰ ਤੇ ਟੇਕਿਆ ਮੱਥਾ ਪ੍ਰਵਾਨ ਕੀਤਾ ਹੈ। ਕਾਮ ਕ੍ਰੋਧ, ਲੋਭ ਤੇ ਕਾਬੂ ਪਾਉਣਾਂ ਹੈ, ਅਤੇ ਸੱਚ ਦੇ ਮਾਰਗ ਤੇ ਚਲਣਾ ਹੈ। ਸੱਚ ਬੋਲਣ ਨਾਲ ਮਨੁੱਖ ਦਾ ਵਿਸ਼ਵਾਸ ਕਾਇਮ ਰਹਿੰਦਾਂ ਹੈ। ਹਰ ਕੋਈ ਉਸ ਨੂੰ ਪਸੰਦ ਕਰਦਾ ਹੈ। ਭਰੋਸੇ ਕਾਰਣ ਉਸ ਨੂੰ ਆਪਣੇ ਕੰਮ ਅਤੇ ਵਪਾਰ ਵਿੱਚ ਹਮੇਸ਼ਾਂ ਲਾਭ ਰਹਿੰਦਾਂ ਹੈ। ਗੁਰੂ ਸਾਹਿਬ ਦੇ ਦੱਸੇ ਮਾਰਗ ਅਨੁਸਾਰ ਧਰਮ ਦੀ ਕਮਾਈ ਕਰਨੀ ਹੈ। ਅਜੇਹੇ ਗੁਣਾ ਵਾਲੇ ਮਨੁੱਖ ਦੀ ਇਸ ਜਹਾਨ ਵਿੱਚ ਉਸਤਤ ਹੁੰਦੀ ਹੈ।

ਕਾਮਿ ਕਰੋਧਿ ਨ ਮੋਹਿਐ ਬਿਨਸੈ ਲੋਭੁ ਸੁਆਨੁ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (੧੩੫, ੧੩੬)

ਜਿਸ ਮਨੁੱਖ ਦਾ ਮਨ ਗੁਰੂ ਦੀ ਮਤਿ ਲੈ ਕੇ ਸੁਆਦ ਨਾਲ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਲੱਗ ਪੈਂਦਾ ਹੈ, ਉਹ ਮਨੁੱਖ ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿੱਚ ਤੁਰਦਿਆਂ, ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਜਪਦਾ ਰਹਿੰਦਾ ਹੈ। ਅਜੇਹਾ ਮਨੁੱਖ ਸਦਾ ਗੁਰੂ ਦੇ ਬਚਨਾਂ ਵਿੱਚ ਮਗਨ ਰਹਿੰਦਾ ਹੈ ਅਤੇ ਗੁਰੂ ਦਾ ਉਪਦੇਸ਼ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਪਾਉਂਣ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ।

ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ॥ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ॥ ੫॥ (੧੩੦੯)

ਗੁਰੂ ਗਰੰਥ ਸਾਹਿਬ ਵਿੱਚ ਸਮਝਾਈ ਗਈ ਫਿਲਾਸਫੀ ਆਮ ਵਿਦਵਾਨਾਂ ਵਾਂਗ ਖਿਆਲੀ ਪੁਲ ਬਣਾਉਂਣ ਵਾਲੀ ਨਹੀਂ ਹੈ। ਜੀਵਨ ਵਿੱਚ ਅਨੰਦ ਮਾਨਣ ਲਈ ਸਹੀ ਸੋਚ ਜਰੂਰੀ ਹੈ। ਗੁਰੂ ਨਾਨਕ ਸਾਹਿਬ ਨੇ ਨਾਮੁ ਦਾ ਵਿਸ਼ਾਲ ਮਾਰਗ ਦੱਸਿਆ ਜੋ ਕਿ ਸਿਰਫ ਰਵਾਇਤਾ ਤਕ ਸੀਮਿਤ ਨਹੀਂ, ਬਲਕਿ ਸਮੁੱਚੀ ਜੀਵਨ ਜਾਚ ਹੈ, ਜਿਸ ਅਨੁਸਾਰ ਸੱਚ ਦਾ ਗਿਆਨ, ਹੁਕਮੁ ਅਨੁਸਾਰ ਚਲਣਾ, ਠੀਕ ਕਰਮ ਕਰਨੇ, ਪੰਜ ਵਿਕਾਰਾਂ ਤੇ ਕਾਬੂ ਕਰਨਾ, ਗਿਆਨ ਇੰਦਰੀਆਂ ਨੂੰ ਗੁਰਮਤਿ ਅਨੁਸਾਰ ਚਲਾਉਂਣਾਂ ਆਦਿ ਵਡਮੁੱਲੇ ਗੁਣ ਸ਼ਾਮਲ ਹਨ। ਇਸ ਦੀਆਂ ਕੁੱਝ ਹੇਠ ਲਿਖੀਆਂ ਉਦਾਹਰਣਾ ਹਨ।

ਸੰਸਾਰ ਨੂੰ ਤਿਆਗਣਾ ਨਹੀਂ ਸਗੋਂ ਇਸ ਵਿੱਚ ਰਹਿੰਦਿਆਂ ਇਸ ਦੀ ਉਸਾਰੀ ਤੇ ਵਿਕਾਸ ਵਿੱਚ ਹਿੱਸਾ ਪਾਉਣਾ ਹੈ। ਸੇਵਾ ਪਰਉਪਕਾਰ ਲਈ ਕਰਨੀ ਹੈ ਤਾਂ ਜੋ ਅਕਾਲ ਪੁਰਖੁ ਦੇ ਦਰ ਤੇ ਪਰਵਾਨ ਹੋ ਸਕੀਏ। ਨਿਸ਼ਕਾਮ ਸੇਵਾ ਨਾਲ ਮਨ ਵਿੱਚ ਨਿਮਰਤਾ ਅਤੇ ਭਗਤੀ ਭਾਵਨਾ ਵੱਧਦੀ ਹੈ ਤੇ ਹੰਕਾਰ ਘੱਟਦਾ ਹੈ।

ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥    ੩੩ ॥ (੨੫-੨੬)

ਜਿਵੇਂ ਪਾਣੀ ਵਿੱਚ ਉੱਗਿਆ ਹੋਇਆ ਕੌਲ ਫੁੱਲ ਗੰਦੇ ਪਾਣੀ ਨਾਲੋਂ ਨਿਰਾਲਾ ਰਹਿੰਦਾ ਹੈ, ਨਦੀ ਵਿੱਚ ਤਰਦੀ ਮੁਰਗਾਈ ਪਾਣੀ ਵਿੱਚ ਤਰਦੀ ਰਹਿੰਦੀ ਹੈ, ਪਰ ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਠੀਕ ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿੱਚ ਸੁਰਤਿ ਜੋੜ ਕੇ ਨਾਮੁ ਜਪਿਆਂ, ਇਸ ਸੰਸਾਰ ਵਿੱਚ ਨਿਰਲੇਪ ਰਹਿ ਕੇ ਵਿਚਰਨਾ ਹੈ।

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ (੯੩੮)

ਆਮ ਸਥਾਨਾਂ ਜਾਂ ਤੀਰਥਾਂ ਦੀ ਯਾਤਰਾ ਕਰਨ ਦਾ ਕੋਈ ਲਾਭ ਨਹੀਂ। ਅਸਲੀ ਤੀਰਥੁ ਨਾਮੁ ਹੈ, ਜਿਹੜਾ ਸਬਦ ਵੀਚਾਰ ਦੁਆਰਾ ਪੈਦਾ ਹੋਏ ਅੰਤਰਿ ਗਿਆਨੁ ਨਾਲ ਹੁੰਦਾਂ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਸੱਚਾ ਗਿਆਨ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ।

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (੬੮੭)

ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਕਰਨੀ ਹੈ ਤਾਂ ਜੋ ਉਸ ਵਿੱਚ ਕੁੱਝ ਸੁਧਾਰ ਆ ਸਕੇ। ਆਪਣੇ ਅੰਦਰ ਕਿਸੇ ਤਰ੍ਹਾਂ ਦਾ ਗੁੱਸਾ ਨਹੀਂ ਕਰਨਾ ਹੈ ਤੇ ਮਨ ਨੂੰ ਸ਼ਾਤ ਰੱਖਣਾ ਹੈ। ਸਵੈ ਕਾਬੂ ਕਰਨ ਦੇ ਨਾਲ ਨਾਲ ਆਪਣੇ ਅੰਦਰ ਸਬਰ ਸੰਤੋਖ ਤੇ ਖਿਮਾਂ ਦੀ ਭਾਵਨਾਂ ਪੈਦਾ ਕਰਨੀ ਹੈ। ਇਸ ਤਰ੍ਹਾਂ ਸਰੀਰ ਨੂੰ ਕੋਈ ਮਾਨਸਿਕ ਰੋਗ ਨਹੀਂ ਲੱਗਦਾ ਤੇ ਚੰਗੇ ਗੁਣਾਂ ਵਿੱਚ ਵਾਧਾ ਹੁੰਦਾਂ ਰਹਿੰਦਾ ਹੈ।

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ ੭੮॥ (੧੩੮੧, ੧੩੮੨)

ਦੂਸਰਿਆਂ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਹੈ। ਗੁਰੂ ਦਾ ਸਿੱਖ ਗੁਰਬਾਣੀ ਦੀ ਸਿਖਿਆ ਨਾਲ ਪਹਿਲਾਂ ਆਪਣੇ ਮਨ ਵਿਚੋਂ ਪੰਜੇ ਵਿਕਾਰ ਬਾਹਰ ਕੱਢਦਾ ਹੈ, ਤੇ ਫਿਰ ਹੋਰਨਾਂ ਦੇ ਅੰਦਰ ਗੁਰਬਾਣੀ ਲਈ ਰੀਝ ਪੈਦਾ ਕਰਦਾ ਹੈ। ਪਹਿਲਾਂ ਉਹ ਆਪਣੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮ ਦਾ ਜਾਪ ਕਰਦਾ ਹੈ ਤੇ ਫਿਰ ਸਾਰਿਆਂ ਨੂੰ ਇਸ ਪਾਰੇ ਤੋਰਨ ਲਈ ਪ੍ਰੇਰਣਾ ਦਿੰਦਾ ਹੈ।

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ॥ ੨॥ (੩੮੧)

ਗੁਰੂ ਨਾਨਕ ਸਾਹਿਬ ਨੇ ਵਰਤਮਾਨ ਸੁਧਾਰਨ ਤੇ ਜੋਰ ਦਿੱਤਾ ਹੈ। ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕਰਨ ਦਾ ਕੀ ਲਾਭ ਹੋ ਸਕਦਾ ਹੈ। ਸਮਾਜਕ ਜੀਵਨ ਵਿੱਚ ਵਿਚਰਦਿਆਂ ਗੁਰਮਤਿ ਦੇ ਮਾਰਗ ਅਨੁਸਾਰ ਚਲ ਕੇ ਮੁਕਤੀ ਪ੍ਰਾਪਤ ਕਰਨੀ ਹੈ। ਮਨੁੱਖ ਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ, ਆਪਣੇ ਪਰਵਾਰ ਵਿੱਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ।

ਸਤਿਗੁਰ ਕੀ ਐਸੀ ਵਡਿਆਈ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ ੨॥ (੬੬੧)

ਪਰ ਇਹ ਮੁਕਤੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ, ਜੇ ਕਰ ਮਨ ਤੇ ਕਾਬੂ ਪਾਇਆ ਜਾਵੇ, ਮਨ ਨੂੰ ਦੁਨੀਆਂ ਦੇ ਵਿਖਾਵਿਆਂ ਦੀ ਬਜਾਏ ਗੁਰਮਤਿ ਦੇ ਮਾਰਗ ਵੱਲ ਤੋਰਿਆ ਜਾਵੇ।

ਅੱਜਕਲ ਦੇ ਸਿੱਖਾਂ ਤੇ ਗੁਰੂ ਸਾਹਿਬਾਂ ਦੇ ਸਮੇਂ ਦੇ ਸਿੱਖਾਂ ਵਿੱਚ ਬਹੁਤ ਅੰਤਰ ਹੋ ਗਿਆ ਹੈ। ਅੱਜ ਦਾ ਸਿੱਖ ਮਾਇਆਧਾਰੀ ਹੋ ਗਿਆ ਹੈ ਤੇ ਗੁਰੂ ਗਰੰਥ ਸਾਹਿਬ ਦੀ ਸਿਖਿਆ ਤੋਂ ਦੂਰ ਹੋ ਗਿਆ ਹੈ। ਉਸ ਉੱਪਰ ਬਾਹਰੀ ਟੀ. ਵੀ, ਫਿਲਮਾਂ, ਨਾਚ ਗਾਂਣੇ, ਵਿਖਾਵੇ, ਹੋਰਨਾਂ ਕੌਮਾਂ ਦੀਆਂ ਕੂਟਨੀਤਿਕ ਚਾਲਾਂ ਦਾ ਪ੍ਰਭਾਵ ਬਹੁਤ ਜਿਆਦਾ ਹੋ ਗਿਆ ਹੈ, ਜਿਸ ਕਰਕੇ ਗੁਰੂ ਗਰੰਥ ਸਾਹਿਬ ਅਨੁਸਾਰ ਦਰਸਾਈ ਗਈ ਸਿੱਖੀ ਤੋਂ ਦੂਰ ਜਾ ਰਿਹਾ ਹੈ।

ਜੋ ਕੁੱਝ ਮਨੁੱਖ ਨੇ ਵੇਖਿਆ, ਮਨ ਵਿੱਚ ਉਸ ਦੀ ਤਸਵੀਰ ਬਣਾ ਲਈ ਮਨ ਵਿੱਚ ਅੰਦਾਜ਼ਾ ਲਗਾਇਆ ਸੋਚਣਾਂ ਸ਼ੁਰੂ ਕਰ ਦਿੱਤਾ ਸਾਡੇ ਦਿਮਾਗ ਵਿੱਚ ਯਾਦਾਸ਼ਤ ਦਾ ਹਿੱਸਾ ਬਣ ਗਿਆ ਵੇਖਿਆ ਵੀ ਗਲਤ ਹੋ ਸਕਦਾ ਹੈ ਤੇ ਸੁਣਿਆ ਵੀ ਗਲਤ ਹੋ ਸਕਦਾ ਹੈ, ਇਸ ਲਈ ਅਧੂਰਾ ਗਿਆਨ ਜੀਵਨ ਦਾ ਅੰਗ ਬਣ ਜਾਂਦਾ ਹੈ ਕਰਮ ਗਲਤ ਹੋਣੇ ਸ਼ੁਰੂ ਹੋ ਗਏ ਨਤੀਜੇ ਗਲਤ ਨਿਕਲਣ ਲੱਗੇ ਮਨੁੱਖ ਅੰਦਰੋਂ ਦੁੱਖੀ ਰਹਿਣ ਲੱਗਾ ਮਨੁੱਖ ਅਮੋਲਕ ਜੀਵਨ ਅਸਫਲ ਗਵਾ ਲੈਂਦਾ ਹੈ

Image Formation Judging Thinking Memory Incomplete Knowledge Unsatisfied Life Failure in life

ਵਿੱਦਿਆ ਉਹ ਹੈ ਜੋ ਮਨੁੱਖ ਨੂੰ ਪਰਉਪਕਾਰ ਵਲ ਲੈ ਕੇ ਜਾਵੇ। ਗੁਰੂ ਗਰੰਥ ਸਾਹਿਬ ਦੀ ਸਿਖਿਆ ਪ੍ਰਾਪਤ ਕਰ ਕੇ ਮਨੁੱਖ ਦੂਜਿਆਂ ਲਈ ਭਲਾਈ ਕਰਨ ਵਾਲਾ ਹੋ ਜਾਂਦਾ ਹੈ, ਇੱਕ ਚੰਗਾਂ ਵਿਚਾਰਵਾਨ ਬਣ ਜਾਂਦਾ ਹੈ, ਪੰਜੇ ਕਾਮਾਦਿਕ ਵਿਕਾਰ ਵੱਸ ਵਿੱਚ ਕਰਣ ਦੀ ਸਮਰੱਥਾ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦਾ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਵੇਸ ਵਿੱਚ ਅਕਾਲ ਪੁਰਖੁ ਆਪ ਮੌਜੂਦ ਹੈ।

ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ॥ ੧॥ (੩੫੬)

ਜੇ ਗੁਰੂ ਸਾਹਿਬ ਦੀ ਨਜ਼ਰ ਨਾਲ ਵੇਖਿਆ ਗੁਰੂ ਦੇ ਚਰਨਾ (ਗੁਰਬਾਣੀ) ਦੀ ਤਸਵੀਰ ਬਣਾਈ ਗੁਰੂ ਸਾਹਿਬ ਦੇ ਰਸਤੇ ਮੁਤਾਬਕ ਅੰਦਾਜ਼ਾ ਲਗਾਇਆ ਗੁਰਬਾਣੀ ਦੀ ਸਿਖਿਆ ਅਨੁਸਾਰ ਸੋਚਿਆ ਦਿਮਾਗ ਵਿੱਚ ਯਾਦਾਸ਼ਤ ਵੀ ਹਮੇਸ਼ਾਂ ਗੁਰਬਾਣੀ ਦੀ ਰੱਖੀ (ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ (੯੪੧) ਪੂਰਨ ਅਤੇ ਸੱਚਾ ਗਿਆਨ ਜੀਵਨ ਦਾ ਅੰਗ ਬਣ ਜਾਂਦਾ ਹੈ ਮਨੁੱਖ ਹਮੇਸ਼ਾਂ ਸੁਖੀ ਰਹਿੰਦਾ ਹੈ ਮਨੁੱਖ ਜੀਵਨ ਸਫਲ ਕਰ ਲੈਂਦਾ ਹੈ

ਸਰੀਰ ਮਨ ਦੇ ਕਹੇ ਅਨੁਸਾਰ ਚਲਦਾ ਹੈ। ਇਸ ਲਈ ਮਨ ਨੂੰ ਗੁਰੂ ਸਾਹਿਬ ਦੇ ਕਹੇ ਅਨੁਸਾਰ ਤੋਰਨਾ ਹੈ। ਸਾਰੀਆਂ ਜੂਨਾਂ ਵਿਚੋਂ ਮਨੁੱਖਾ ਜੀਵਨ ਹੀ ਸ਼ਿਰੋਮਣੀ ਹੈ ਤੇ ਇਸ ਮਨੁੱਖਾ ਸਰੀਰ ਦਾ ਇੱਕ ਰਥ (ਸੁਭਾਉ) ਹੈ ਤੇ ਇੱਕ ਰਥਵਾਹੀ (ਪ੍ਰੇਰਕ) ਹੈ। ਜਿਸ ਤਰ੍ਹਾਂ ਜੀਵਾਂ ਦਾ ਸੁਭਾਉ ਬਦਲਦਾ ਹੈ, ਉਸੇ ਤਰ੍ਹਾਂ ਉਸ ਦੀ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਤੇ ਮਨੋਰਥ ਵੀ ਬਦਲਦਾ ਰਹਿੰਦਾ ਹੈ। ਗੁਰਦੇਵ ਨੇ ਸਤਜੁਗ, ਤ੍ਰੇਤਾ, ਦੁਆਪੁਰ ਤੇ ਕਲਜੁਗ ਨੂੰ ਸਮੇਂ ਅਨੁਸਾਰ ਨਹੀਂ ਵੰਡਿਆ ਹੈ। ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਸਤਜੁਗ, ਤ੍ਰੇਤਾ, ਦੁਆਪਰ, ਕਲਜੁਗ ਦੀ ਪਛਾਣ ਕਰਨ ਵਾਸਤੇ, ਜੀਵਾਂ ਦੇ ਆਮ ਸੁਭਾਉ ਵਲ ਵੇਖੋ। ਜਿੱਥੇ ‘ਧਰਮ’ ਪਰਬਲ ਹੈ, ਉਥੇ ਮਾਨੋ, ‘ਸਤਜੁਗ’ ਦਾ ਰਾਜ ਹੈ, ਤੇ ਜਿੱਥੇ ‘ਕੂੜ’ ਪਰਧਾਨ ਹੈ, ਉਥੇ ਸਮਝੋ ਕਲਜੁਗ ਦਾ ਪਹਿਰਾ ਹੈ। ਜੁਗਾਂ ਦਾ ਪ੍ਰਭਾਵ ਜਗਤ ਤੇ ਨਹੀਂ ਹੁੰਦਾਂ ਹੈ, ਜਗਤ ਦੇ ਜੀਵਾਂ ਦਾ ਸੁਭਾਉ ਤੇ ਆਚਰਨ ਅਨੁਸਾਰ ਜੁਗ ਬਦਲਦੇ ਸਮਝਣਾ ਚਾਹੀਦਾ ਹੈ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਕਿਸ ਅਵਸਥਾ ਵਿੱਚ ਵਿਚਰਨਾ ਚਾਹੁੰਦੇ ਹਾਂ। ਜੇ ਕਰ ਅਸੀਂ ਆਪਣਾ ਜੀਵਨ-ਮਨੋਰਥ, ਧਰਮ ਬਣਾ ਲਈਏ ਤਾਂ ਅੱਜ ਵੀ ਸਤਜੁਗ ਦੀ ਅਵਸਥਾ ਵਿੱਚ ਵਿਚਰ ਸਕਦੇ ਹਾਂ।

ਸਲੋਕੁ ਮਃ ੧॥ ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥ ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥ ਸਤਜੁਗਿ ਰਥੁ ਸੰਤੋਖੁ ਕਾ ਧਰਮੁ ਅਗੈ ਰਥਵਾਹੁ॥ ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ॥ ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ॥ ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ॥ ੧॥ ੧੩॥ (੪੭੦)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

· ਗੁਰੂ ਨਾਨਕ ਸਾਹਿਬ ਨੇ ਵਿਸ਼ਵ ਸ਼ਾਤੀ ਪੈਦਾ ਕਰਨ ਲਈ ਸਿੱਖ ਦੀ ਮਾਨਸਿਕਤਾ ਉਬਾਰਨ ਲਈ ਤੇ ਮਨ ਨੂੰ ਸਹੀ ਦਿਸ਼ਾ ਦੇਣ ਤੇ ਜੋਰ ਦਿਤਾ।

· ਧਰਮ ਜਾਂ ਕਾਨੂੰਨ ਉਹੀ ਠੀਕ ਸਾਬਤ ਹੋ ਸਕਦਾ ਹੈ, ਜਿਹੜਾ ਸਚਾਈ ਤੇ ਚਲਦਿਆਂ ਹੋਇਆਂ ਸਰਬੱਤ ਦਾ ਭਲਾ ਕਰ ਸਕੇ।

· ਜੇ ਕਰ ਵਿਸ਼ਵ ਸ਼ਾਂਤੀ ਚਾਹੁੰਦੇ ਹਾਂ ਤਾਂ, ਆਪਣੀ ਮਾਨਸਿਕਤਾ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਬਣਾਉਂਣੀ ਪਵੇਗੀ ਤੇ ਸੱਚੇ ਗੁਰੂ ਦੁਆਰਾ ਬਖਸ਼ੇ ਸਬਦ ਦੇ ਮਾਰਗ ਤੇ ਚਲਣਾਂ ਪਵੇਗਾ।

· ਗੁਰਬਾਣੀ ਮਨੁੱਖ ਨੂੰ "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਦਿਸਹਿ ਬਾਹਰਾ ਜੀਉ" ਦੀ ਦਿਸ਼ਾ ਵਲ ਆਪਣੇ ਆਪ ਲੈ ਜਾਂਦੀ ਹੈ।

· ਗੁਰਮਤਿ ਦੇ ਮਾਰਗ ਤੇ ਚਲਣ ਨਾਲ ਸਿੱਖ ਦਾ ਮਨੋਬਲ ਉੱਚਾ ਹੋ ਜਾਂਦਾ ਹੈ, ਸੋਚ ਸਭ ਤੋਂ ਉੱਤਮ ਤੇ ਨਿਰਾਲੀ ਹੋ ਜਾਂਦੀ ਹੈ, ਤੇ ਉਹ ਹਮੇਸ਼ਾਂ ਅਨੰਦ ਤੇ ਚੜ੍ਹਦੀ ਕਲ੍ਹਾ ਵਿੱਚ ਰਹਿੰਦਾਂ ਹੈ।

· ਇਤਹਾਸ ਇਸ ਗਲ ਦਾ ਗਵਾਹ ਹੈ ਕਿ ਗੁਰੂ ਦੇ ਸਿੱਖਾਂ ਨੇ ਅਨੇਕਾਂ ਹੀ ਸਫ਼ਲਤਾਵਾਂ ਉੱਦਮ ਤੇ ਉੱਚੀ ਮਾਨਸਿਕਤਾ ਹੋਣ ਕਰਕੇ ਪ੍ਰਾਪਤ ਕੀਤੀਆਂ।

· ਜੀਵਨ ਵਿੱਚ ਉੱਨਤੀ ਅਤੇ ਮਨੋਬਲ ਨੂੰ ਉੱਚਾਂ ਕਰਨ ਲਈ ਹਰੇਕ ਕੰਮ ਨੂੰ ਸਮੇਂ ਸਿਰ ਕਰਨ ਦੀ ਆਦਤ ਪਾਉਂਣੀ ਬਹੁਤ ਜਰੂਰੀ ਹੈ।

· ਫੋਕੀਆਂ ਰਵਾਇਤਾਂ ਮਨੁੱਖ ਦੀ ਮਾਨਸਿਕ ਸਥਿੱਤੀ ਕਮਜੋਰ ਕਰ ਦਿੰਦੀਆਂ ਹਨ।

· ਸੰਸਾਰ ਨੂੰ ਤਿਆਗਣਾ ਨਹੀਂ ਸਗੋਂ ਇਸ ਵਿੱਚ ਰਹਿੰਦਿਆਂ ਇਸ ਦੀ ਉਸਾਰੀ ਤੇ ਵਿਕਾਸ ਵਿੱਚ ਹਿਸਾ ਪਾਉਣਾ ਹੈ।

· ਗੁਰੂ ਨਾਨਕ ਸਾਹਿਬ ਨੇ ਵਰਤਮਾਨ ਸੁਧਾਰਨ ਤੇ ਜੋਰ ਦਿੱਤਾ ਹੈ। ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕਰਨ ਦਾ ਕੀ ਲਾਭ ਹੋ ਸਕਦਾ ਹੈ।

· ਗੁਰੂ ਗਰੰਥ ਸਾਹਿਬ ਵਿੱਚ ਸਮਝਾਈ ਗਈ ਫਿਲਾਸਫੀ ਆਮ ਵਿਦਵਾਨਾਂ ਵਾਂਗ ਖਿਆਲੀ ਪੁਲ ਬਣਾਉਂਣ ਵਾਲੀ ਨਹੀਂ ਹੈ। ਜੀਵਨ ਵਿੱਚ ਅਨੰਦ ਮਾਨਣ ਲਈ ਸਹੀ ਸੋਚ ਜਰੂਰੀ ਹੈ।

· ਸਰੀਰ ਮਨ ਦੇ ਕਹੇ ਅਨੁਸਾਰ ਚਲਦਾ ਹੈ, ਇਸ ਲਈ ਮਨ ਨੂੰ ਗੁਰੂ ਸਾਹਿਬ ਦੇ ਕਹੇ ਅਨੁਸਾਰ ਤੋਰਨਾ ਹੈ।

ਹੁਣ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸਾਂ ਆਪਣੀ ਮਾਨਸਿਕਤਾ ਗੁਰੂ ਗਰੰਥ ਸਾਹਿਬ ਅਨੁਸਾਰ ਬਣਾਉਣੀ ਹੈ ਜਾਂ ਚਲ ਰਹੀਆਂ ਰਵਾਇਤਾ, ਫਿਲਮਾਂ ਜਾਂ ਦੂਸਰੇ ਲੋਕਾਂ ਵੱਲ ਵੇਖ ਕੇ ਬਣਾਉਣੀ ਹੈ। ਜਿਸ ਪਾਸੇ ਮਨ ਨੂੰ ਤੋਰਾਂਗੇ ਉਸ ਪਾਸੇ ਪਹੁੱਚ ਜਾਵਾਂਗੇ ਤੇ ਨਤੀਜੇ ਵੀ ਉਸ ਅਨੁਸਾਰ ਹੀ ਭੁਗਤਾਂਗੇ। ਇਸ ਲਈ ਜੇ ਕਰ ਸਿੱਖ ਆਪਣਾ ਭਲਾ ਚਾਹੁੱਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਮਾਨਸਿਕਤਾ ਗੁਰੂ ਗਰੰਥ ਸਾਹਿਬ ਅਨੁਸਾਰ ਬਣਾਉਣੀ ਪਵੇਗੇ ਤੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚਲਣਾਂ ਪਵੇਗਾ।

ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ ੧॥ ਰਹਾਉ॥ (੬੬੭, ੬੬੮)

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(ਡਾ: ਸਰਬਜੀਤ ਸਿੰਘ) --------------- (Dr. Sarbjit Singh)

ਆਰ ਐਚ ੧ / ਈ - ੮, ਸੈਕਟਰ - ੮, ----- RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩. --------Vashi, Navi Mumbai - 400703.

Web = http://www.geocities.com/sarbjitsingh/

Web = http://www.gurbani.us




.