.

ੴ ਵਾਹਿਗੁਰੂ ਜੀ ਕੀ ਫ਼ਤਹਿ॥

ਅਣਖ ਤੇ ਗ਼ੈਰਤ ਦੀ ਪ੍ਰਤੀਕ: ਦਸਤਾਰ

-ਇਕਵਾਕ ਸਿੰਘ ਪੱਟੀ

"ਜੇ ਤਖਤ ਨਹੀਂ, `ਤੇ ਤਾਜ਼ ਨਹੀਂ, ਤਾਂ ਕਿੰਗ ਨਹੀਂ।

ਜੇ ਕੇਸ ਨਹੀਂ, ਦਸਤਾਰ ਨਹੀਂ, ਤਾਂ ਸਿੰਘ ਨਹੀਂ।"

ਮਰਦੁਮ ਰਾ ਮੇ ਸ਼ਨਾਸਦ ਅਜ਼, ਰਫਤਾਰੋ, ਗੁਫਤਾਰੋ, ਦਸਤਾਰ।

ਆਮ ਕਹਾਵਤ ਹੈ ਕਿ ਆਦਮੀ ਤਿੰਨ ਚੀਜ਼ਾਂ ਤੋਂ ਪਹਿਚਾਣਿਆ ਜਾਂਦਾ ਹੈ। ਗ਼ੁਫਤਾਰੋ (ਗੱਲਬਾਤ ਦਾ ਤਰੀਕਾ), ਰਫਤਾਰੋ (ਤੁਰਨ ਦਾ ਅੰਦਾਜ਼) ਅਤੇ ਦਸਤਾਰ (ਸਿਰ ਦਾ ਪਹਿਰਾਵਾ)। ਇਹਨਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਦੇਸ਼ ਅਤੇ ਕਿਸ ਕੌਮ ਨਾਲ ਸੰਬੰਧਿਤ ਹੈ। ਦਸਤਾਰ (ਪੱਗ) ਬੰਨਣ ਦੇ ਰਿਵਾਜ਼ ਅਤੇ ਅੰਦਾਜ਼ ਵੱਖ-ਵੱਖ ਕੌਮਾਂ ਵਿੱਚ ਵੱਖਰੇ-ਵੱਖਰੇ ਹੁੰਦੇ ਹਨ। ਪਰ ਦਸਤਾਰ ਕਿਸੇ ਵੀ ਕੌਮ ਵਿੱਚ ਸਿੱਖ ਕੌਮ ਦੀ ਤਰ੍ਹਾਂ ਲਾਜ਼ਮੀ ਨਹੀਂ ਹੈ। ਦਸਤਾਰ ਸਰਦਾਰੀ ਦੀ ਨਿਸ਼ਾਨੀ ਹੈ। ਇਸ ਲਈ ਦਸਤਾਰ ਨੂੰ ਸਿੱਖ ਲਿਬਾਸ ਦਾ ਜ਼ਰੂਰੀ ਅੰਗ ਨਿਰਧਾਰਿਤ ਕੀਤਾ ਗਿਆ ਹੈ। ਸਿੱਖੀ ਅਸੂਲਾਂ ਅਨੁਸਾਰ ਸਿੱਖ ਦੀ ਸਾਬਤ-ਸੂਰਤ ਸਿਰ ਉਪਰ ਦਸਤਾਰ ਨਾਲ ਹੀ ਪੂਰੀ ਹੁੰਦੀ ਹੈ। ਭਾਈ ਨੰਦ ਲਾਲ ਜੀ ਤਨਖਾਹਨਾਮੇ ਵਿੱਚ ਲਿਖਦੇ ਹਨ:

"ਕੰਘਾ ਦੋਨੋ ਵਕਤ ਕਰ, ਪਾਗ ਚੁਨਈ ਕਰ ਬਾਂਧਈ।"

ਦਸਤਾਰ ਸਿੱਖੀ ਦੀ ਸ਼ਾਨ ਹੈ ਅਤੇ ਸਿੱਖ ਸਤਿਗੁਰਾਂ ਵਲੋਂ ਬਖਸ਼ਿਆ ਉਹ ਮਹਾਨ ਚਿੰਨ੍ਹ ਹੈ ਜਿਸ ਨਾਲ ਸਿੱਖ ਦੇ ਨਿਆਰੇਪਣ ਦੀ ਹੋਂਦ ਦਾ ਪ੍ਰਗਟਾਵਾ ਹੁੰਦਾ ਹੈ। ਇਹ ਇੱਕ ਅਜਿਹਾ ਚਿੰਨ੍ਹ ਹੈ ਜਿਸ ਨੂੰ ਧਾਰਨ ਕਰਕੇ ਹਰ ਸਿੱਖ ਦਾ ਸਿਰ ਫਖ਼ਰ ਨਾਲ ਉਚਾ ਹੋ ਜਾਂਦਾ ਹੈ ਕਿਉਂਕਿ ਸਿੱਖ ਵਾਸਤੇ ਇਹ ਸਿਰਫ਼ ਇੱਕ ਧਾਰਮਿਕ ਚਿੰਨ੍ਹ ਹੀ ਨਹੀਂ ਬਲਕਿ ਸਿੱਖ ਦੇ ਸਿਰ ਦਾ ਤਾਜ਼ ਹੈ। ਇਸ ਦਸਤਾਰ ਰੂਪੀ ਤਾਜ਼ ਨੂੰ ਕਾਇਮ ਰੱਖਣ ਲਈ ਅਨੇਕਾਂ ਕੁਰਬਾਨੀਆਂ ਹੋਈਆਂ ਹਨ। ਸਤਿਗੁਰੂ ਜੀ ਨੇ ਇਸ (ਦਸਤਾਰ) ਦੀ ਪੂਰੀ ਕੀਮਤ ਆਪਣੇ ਚਾਰ ਪੁੱਤਰ, ਮਾਤਾ-ਪਿਤਾ, ਅਤੇ ਬੇਅੰਤ ਸਿੱਖਾਂ ਅਤੇ ਆਪਾ ਵਾਰ ਕੇ ਤਾਰ ਦਿੱਤੀ ਹੈ। ਜਿਸ ਸਦਕਾ ਅੱਜ ਸਾਰੇ ਸੰਸਾਰ ਵਿੱਚ ਇੱਕ ਸਾਬਤ-ਸੂਰਤ ਦਸਤਾਰਧਾਰੀ ਨੂੰ "ਸਰਦਾਰ ਜੀ" ਕਹਿ ਕੇ ਬੁਲਾਇਆ ਜਾਂਦਾ ਹੈ। ਕਵੀ ਹਰੀ ਸਿੰਘ ਜਾਚਕ ਬੜਾ ਸੁੰਦਰ ਲਿਖਦੇ ਹਨ:-

"ਕਲਗੀਧਰ ਦੇ ਹੁੰਦੇ ਨੇ ਦਰਸ਼ਨ, ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ,

ਲੱਖਾਂ ਵਿੱਚੋਂ ਇਕੱਲਾ ਪਹਿਚਾਣਿਆ ਜਾਂਦਾ, ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋਂ।"

ਇਹ ਦਸਤਾਰ ਸਿੱਖੀ ਦੀ ਇਜ਼ਤ ਤੇ ਅਣਖ ਦੀ ਪ੍ਰਤੀਕ ਹੈ। ਸਾਡੇ ਸਮਾਜ ਵਿੱਚ ਦਸਤਾਰ ਜਾਂ ਪੱਗ ਨੂੰ ਹੱਥ ਪਾਉਣ, ਪੱਗ ਲਾਹੁਣ, ਪੱਗ ਰੋਲਣ, ਪੱਗ ਪੈਰੀਂ ਰੱਖਣ ਤੋਂ ਵੱਡੀ ਹੋਰ ਬੇਇਜ਼ਤੀ ਨਹੀ। ਇਹ ਗੱਲ ਆਮ ਸੁਨਣ ਵਿੱਚ ਆਉਂਦੀ ਹੈ ਕਿ ਦੇਖੀਂ! ਪੱਗ ਨੂੰ ਦਾਗ ਨਾ ਲੱਗਣ ਦੇਈਂ। ਦਸਤਾਰ ਲਈ ਮਿਟਣ ਵਾਲੇ ਸੂਰਮਿਆਂ ਦੀਆਂ ਵਾਰਤਾਵਾਂ ਆਮ ਪ੍ਰਚਲਤ ਹਨ। ਪਰ ਅਜੌਕੇ ਸਮੇਂ ਸਿੱਖ ਨੌਜਵਾਨਾਂ ਵਲੋਂ ਪੱਗ ਦੇ ਮਹੱਤਵ ਨੂੰ ਅਣਗੋਲਿਆ ਜਾ ਰਿਹਾ ਹੈ। ਅੱਜ ਨੌਜਵਾਨ ਆਪਣੇ ਅਮੀਰ ਵਿਰਸੇ ਤੋਂ ਅਣਜਾਣ, ਗੁੰਮਰਾਹ ਹੋ ਕੇ ਧੜਾਧੜ ਕੇਸਾਂ ਦੀ ਬੇਅਦਬੀ ਕਰ ਰਹੇ ਹਨ। ਸਿੱਖ ਨੌਜਵਾਨਾਂ ਵਲੋਂ ਟੋਪੀ ਦੀ ਬਿਮਾਰੀ ਇਸੇ ਭੇਡ-ਚਾਲ ਦਾ ਨਤੀਜਾ ਹੈ। ਪਰ ਸੱਚੇ ਸਿੱਖ ਨਾ ਹੀ ਗੁਲਾਮੀ ਅਤੇ ਨਾ ਹੀ ਗ਼ੁਲਾਮੀ ਦੇ ਚ੍ਹਿਨਾਂ ਨੂੰ ਕਬੂਲ ਕਰਦੇ ਹਨ।

ਪਹਿਲੇ ਪਾਤਸ਼ਾਹ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਨੂੰ ਝਮਜੋੜ ਕੇ ਉਹਨਾਂ ਨੂੰ ਅਣਖ, ਗ਼ੇਰਤ ਨਾਲ ਜੀਊਣ ਲਈ ਪ੍ਰੇਰਿਆ। ਆਪ ਜੀ ਨੇ ਉਹਨਾਂ ਹਿੰਦੁਸਤਾਨੀ ਲੋਕਾਂ ਨੂੰ ਸਖਤ ਲਾਹਨਤਾਂ ਪਾਈਆਂ ਜਿਹੜੇ ਵਿਦੇਸ਼ੀ ਹਾਕਮਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਆਪਣੀ ਬੋਲੀ, ਆਪਣੇ ਵਿਰਸੇ ਅਤੇ ਆਪਣੇ ਪਹਿਰਾਵੇ ਨੂੰ ਤਿਆਗ ਰਹੇ ਸਨ। ਆਪ ਜੀ ਜਾਣਦੇ ਸਨ ਕਿ ਇਹ ਪ੍ਰਵਿਰਤੀ ਮਾਨਸਿਕ ਗ਼ੁਲਾਮੀ ਦਾ ਕਾਰਨ ਬਣੇਗੀ, ਜੋ ਕਿ ਰਾਜਸੀ ਗੁਲਾਮੀ ਨਾਲੋਂ ਵੱਧ ਖਤਰਨਾਕ ਹੈ। ਬਸੰਤ ਹਿੰਡੋਲ ਰਾਗ ਵਿੱਚ ਪਾਤਸ਼ਾਹ ਜੀ ਨੇ ਉਸ ਸਮੇਂ ਦੀ ਹਾਲਤ ਬਿਆਨ ਕੀਤੀ ਹੈ:

ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ।।

ਦੇਵਲ ਦੇਵਤਿਆਂ ਕਰੁ ਲਾਗਾ ਐਸੀ ਕੀਰਤਿ ਚਾਲੀ।।

ਕੁਜਾ ਬਾਂਗ ਨਿਵਾਜ਼ ਮੁਸਲਾ ਨੀਲ ਰੂਪ ਬਨਵਾਰੀ।।

ਘਰਿ ਘਰਿ ਮੀਆਂ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ।। (ਪੰਨਾ 1191)

ਅਜੋਕੇ ਸਮੇਂ ਪੱਛਮੀ ਸਭਿਅਤਾ ਦੀ ਨਕਲ ਕਰਨ ਵਾਲੇ ਸੋਚਣ ਕਿ ਆਪਣੇ ਅਨਮੋਲ ਵਿਰਸੇ ਦਾ ਤਿਆਗ ਕਰਕੇ ਕਿਉਂ ਅੰਨ੍ਹੇਵਾਹ ਪੱਛਮੀ ਸੱਭਿਆਚਾਰ ਨੂੰ ਧਾਰਨ ਕਰਨ ਵਿੱਚ ਫਖਰ ਮਹਿਸੂਸ ਕਰਦੇ ਹਨ। ਕੀ ਇਹ ਗ਼ੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਨਹੀਂ? ਅੱਜ ਤੋਂ ਪੁਰਾਣੇ ਸਮੇਂ ਵਿੱਚ ਝਾਤ ਮਾਰ ਮੲਰੀਏ ਤਾਂ ਪਤਾ ਲੱਗਦਾ ਹੈ ਕਿ ਪਹਿਲਾਂ ਮਾਵਾਂ ਆਪਣੇ ਬੱਚਿਆਂ ਦੀਆਂ ਦਸਤਾਰਾਂ ਚੁੰਮਦੀਆਂ ਹੋਈਆਂ ਬੜੇ ਬਚਿਆਂ ਦੀ ਸੋਹਣੀ ਦਸਤਾਰ ਤੇ ਮਾਣ ਕਰਦੀਆਂ ਸਨ। ਪਰ ਉਸਦੇ ਅੇਨ ਉਲਟ ਅੱਜ ਦੀਆਂ ਮਾਵਾਂ ਬੱਚਿਆ ਦੇ ਕੇਸਾਂ ਨੂੰ ਸੰਭਾਲਣਾ ਵੀ ਬੋਝ ਸਮਝਦੀਆਂ ਹਨ। ਅੱਜ ਦੇ ਮਾਤਾ-ਪਿਤਾ ਨੂੰ ਅਯਾਸ਼ੀ ਕਰਨ, ਕਿੱਟੀ ਪਾਰਟੀਆਂ, ਟੀ. ਵੀ ਸੀਰੀਅਲਾਂ ਦੇ ਮਜ਼ੇ ਲੈਣ ਤੋਂ ਵਿਹਲ ਨਹੀਂ ਮਿਲਦੀ, ਉਹ ਆਪਣੇ ਬੱਚਿਆਂ ਨੂੰ ਸਿੱਖ ਸਰੂਪ ਵਾਲਿਆਂ ਦੀ ਦਾਸਤਾਨ ਅਤੇ ਕੁਰਬਾਨੀ ਕਿਵੇਂ ਸੁਣਾ ਸਕਦੀਆਂ ਹਨ? ਖਿਆਲ ਕਰਿਉ! ਜਿਹੜੀ ਕੌਮ ਆਪਣੀ ਬੋਲੀ, ਆਪਣਾ ਪਹਿਰਾਵਾ ਹੀ ਭੁਲ ਜਾਵੇ, ਯਕੀਨਨ ਹੀ ਉਹ ਗ਼ੁਲਾਮੀ ਦੀ ਖੱਡ ਵੱਲ ਵਧ ਰਹੀ ਹੈ। ਆਪਣੇ ਵਿਰਸੇ ਨੂੰ ਭੁਲਾ ਦੇਣ ਤੋਂ ਵੱਡੀ ਅਕ੍ਰਿਤਘਣਤਾ ਹੋਰ ਕੀ ਹੋ ਸਕਦੀ ਹੈ?

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨੀ ਲੋਕ ਰਾਜਨੀਤਿਕ ਤੌਰ `ਤੇ ਤਾਂ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਹੋ ਗਏ ਹਨ ਪਰ ਮਾਨਸਿਕ ਤੌਰ `ਤੇ ਅਜੇ ਵੀ ਗ਼ੁਲਾਮ ਤੁਰੇ ਆ ਰਹੇ ਹਨ। ਅੱਜ ਜਦੋਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਤਾਂ ਅਪਣੇ ਵਿਰਸੇ ਦੀ ਸੰਭਾਲ ਬਾਰੇ ਸੰਘਰਸ਼ ਕਰ ਰਹੇ ਹਨ, ਉਦੱਮ ਕਰ ਰਹੇ ਹਨ, ਵਿਦੇਸ਼ਾਂ ਵਿੱਚ ਡਰਾਇਵਿੰਗ ਸਮੇਂ ਜਾਂ ਫੈਕਟਰੀਆਂ ਵਿੱਚ ਕੰਮ ਕਰਨ ਸਮੇਂ ਲੋਹ-ਟੋਪ ਪਹਿਨਣਾ ਜ਼ਰੂਰੀ ਹੈ। ਪਰ ਉਥੋਂ ਦੇ ਸਿੱਖ ਦਸਤਾਰ ਦੇ ਗੌਰਵ ਨੂੰ ਬਰਕਰਾਰ ਰੱਖਣ ਲਈ ਅਦਾਲਤੀ ਸੰਘਰਸ਼ ਕਰ ਰਹੇ ਹਨ ਕਿ ਅਸੀਂ ਦਸਤਾਰ ਦੀ ਥਾਂ ਟੋਪੀ ਨਹੀਂ ਪਾਉਣੀ। ਪਰ ਅਫਸੋਸ ਅਸੀਂ ਆਪਣੀ ਧਰਤੀ ਤੇ, ਆਪਣੇ ਦੇਸ਼ ਵਿੱਚ ਹੀ ਦਸਤਾਰ ਤਿਆਗ ਕੇ, ਟੋਪੀ ਪਹਿਣ ਕੇ ਆਪਣੇ ਗੌਰਵਮਈ ਵਿਰਸੇ ਨੂੰ ਕਲੰਕਿਤ ਕਰ ਰਹੇ ਹਾਂ।

ਅੱਜ ਲੋੜ ਹੈ, ਗੌਰਵਮਈ ਵਿਰਸੇ ਨੂੰ ਸੰਭਾਲਣ ਦੀ। ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਣ ਦੀ। ਟੋਪੀ ਨੂੰ ਪਹਿਨਣਾ ਗੁਲਾਮੀ ਨੂੰ ਕਬੂਲਣਾ ਹੈ। ਅਣਖੀਲੇ ਨੌਜਵਾਨੋ! ਗੁਰੂ ਪਾਤਸ਼ਾਹ ਨੇ ਸਾਡੇ ਅੰਦਰ ਅਣਖ ਅਤੇ ਗੈਰਤ ਦਾ ਜਜ਼ਬਾ ਭਰਿਆ ਸੀ। ਹੁਣ ਫੈਂਸਲਾ ਤੁਹਾਡੇ ਹੱਥ ਹੈ ਕਿ ਗੁਲਾਮੀ ਨੂੰ ਕਬੂਲਣਾ ਹੈ ਕਿ ਜਾਂ ਅਣਖ, ਗੈਰਤ ਤੇ ਆਜ਼ਾਦੀ ਨਾਲ ਜਿਊਣਾ ਹੈ। ਦਸਤਾਰ ਅਣਖ ਅਤੇ ਅਜ਼ਾਦੀ ਦੀ ਨਿਸ਼ਾਨੀ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਗੌਰਵਮਈ ਇਤਿਹਾਸ ਨੂੰ ਕੇਵਲ ਸੰਭਾਲਣਗੇ ਹੀ ਨਹੀਂ ਬਲਕਿ ਹੋਰ ਬੁਲੰਦੀਆਂ ਵੱਲ ਲੈ ਜਾਵੋਗੇ ਅਤ ਹੇਠ ਲਿਖੀਆਂ ਕਵੀ ਦੀਆਂ ਸਤਰਾਂ ਨੂੰ ਹਮੇਸ਼ਾਂ ਯਾਦ ਰੱਖੋਗੇ

"ਦਸਤਾਰ ਆਈ ਪਾਤਸ਼ਾਹੀ ਦਾ ਰੂਪ ਲੈ ਕੇ, ਗੁਰੂ ਗੋਬਿੰਦ ਦੇ ਦੈਵੀ ਅਵੇਸ਼ ਅੰਦਰ।

ਰੂਪ ਬਖਸ਼ਿਆ ਗੁਰੂ ਨੇ ਖ਼ਾਲਸੇ ਨੂੰ, ਬਾਹਰ ਸਜੀ ਦਸਤਾਰ ਤੇ ਕੇਸ ਅੰਦਰ।"

ਦਾਸ:

-ਇਕਵਾਕ ਸਿੰਘ ‘ਪੱਟੀ’

ਮੈਨੇਜਿੰਗ ਡਾਇਰੈਕਟਰ

ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ,

ਜੋਧ ਨਗਰ, ਸੁਲਤਾਨਵਿੰਡ ਰੋਡ,

ਅੰਮ੍ਰਿਤਸਰ। ਮੋ. 098150-24920




.