.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 34)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਬਾਬਾ ਸੁਖਚੈਨ ਸਿੰਘ ਭਾਈ ਲੱਧੂ ਵਾਲਾ

ਇਹ ਸਾਧ ਬਾਰੇ ਭਾਵੇਂ ਪਹਿਲੇ ਵੀ ਕੁੱਝ ਲਿਖਿਆ ਪਰ ਸੰਗਤਾਂ ਦੀ ਮੰਗ ਸੀ ਕੇ ਹੋਰ ਵੀ ਲਿਖਿਆ ਜਾਏ ਤਾਂ ਅਸੀਂ ਹੋਰ ਜਿਨੀ ਕੁ ਜਾਣਕਾਰੀ ਇਕੱਤਰ ਕਰ ਸਕੇ ਹਾਂ ਉਹ ਪਾਠਕਾਂ ਦੇ ਧਿਆਨ ਵਿੱਚ ਲਿਆ ਰਹੇ ਹਾਂ। ਇਹ ਸਾਧ ਕੋਰਾ ਅਨਪੜ੍ਹ ਹੈ। ਸ਼ੁਰੂ ਸ਼ੁਰੂ ਵਿੱਚ ਇਹ ਬਾਬਾ ਜੋਗਾ ਸਿੰਘ ਅਤੇ ਬਾਬਾ ਖੁਸ਼ਾ ਸਿੰਘ ਦੇ ਨਾਲ ਰਿਹਾ ਸੀ। ਬਾਬਾ ਜੋਗਾ ਸਿੰਘ ਨੇ ਇਸ ਨੂੰ ਭਾਈ ਲੱਧੂ ਭੇਜ ਦਿੱਤਾ ਕਿ ਉਥੇ ਜਾ ਕੇ ਸੇਵਾ ਕਰ ਪਰ ਇਹ ਸੇਵਾ ਕਰਨ ਦੇ ਨਾਲ ਨਾਲ ਅੰਦਰ ਅੰਦਰ ਇਹ ਬਾਬਾ ਜੋਗਾ ਸਿੰਘ ਵਾਂਗ ਸਾਧ ਬਨਣ ਲਈ ਉਪਰਾਲੇ ਕਰਨ ਲੱਗ ਪਿਆ। ਆਟੇ ਦੇ ਪੇੜੇ ਨੂੰ ਫੂਕਾਂ ਮਾਰਨੀਆਂ, ਘੜੇ ਦਾ ਜਲ ਦੇਣਾ ਸ਼ੁਰੂ ਕਰ ਦਿਤਾ। ਅਤੇ ਛੇਤੀ ਹੀ ਇਸ ਦੀਆਂ ਹਰਕਤਾਂ ਦਾ ਪਤਾ ਬਾਬਾ ਜੋਗਾ ਸਿੰਘ ਦਰਾਜ ਕੇ ਵਾਲਿਆਂ ਨੂੰ ਲੱਗ ਗਿਆ ਅਤੇ ਇਹਨਾਂ ਦੀ ਵਿਗੜ ਗਈ ਇੱਕ ਦੂਜੇ ਉਤੇ ਅੱਤ ਨਿੰਦਨ ਯੋਗ ਇਲਜ਼ਾਮ ਲਾਉਣੇ ਸ਼ੁਰੂ ਕਰ ਦਿਤੇ। ਆਖਰ ਆਪੋ ਧਾਪ ਪੈ ਗਈ ਇਸ ਨੇ ਭਾਈ ਲੱਧੂ ਪੱਕਾ ਡੇਰਾ ਜਮਾ ਲਿਆ ਅਤੇ ਜੋਗਾ ਸਿੰਘ ਨੇ ਦਰਾਜ ਕੇ ਪੱਕਾ ਡੇਰਾ ਬਣਾ ਲਿਆ ਹੁਣ ਇਸ ਸਾਧ ਨੇ ਇੱਕ ਤਰੀਕਾ ਸੋਚਿਆ ਸੰਗਤਾਂ ਨੂੰ ਮਗਰ ਲਾਉਣ ਦਾ ਉਹ ਸੀ ਕਿ ਇਸ ਨੇ ਇਥੇ ਇੱਕ ਛੱਪੜੀ ਦੇ ਪਾਣੀ ਨੂੰ ਇਹ ਕਹਿਣਾ ਸ਼ੁਰੂ ਕਰ ਦਿਤਾ ਕੇ ਜਿਹੜੇ ਵੀ ਬੱਚੇ ਇਸ ਵਿੱਚ ਇਸ਼ਨਾਨ ਕਰਨਗੇ ਉਹ ਸੁਕਿਆਂ ਤੋਂ ਹਰੇ ਹੋ ਜਾਣਗੇ ਭਾਵ ਮੋਟੇ ਹੋਣਗੇ ਪਰ ਐਸਾ ਹੋਇਆ ਨਹੀਂ। ਫਿਰ ਇਸ ਨੇ ਉਥੇ ਸਰੋਵਰ ਬਣਾ ਦਿੱਤਾ ਜਿਸ ਤੇ ਇਸ ਸਾਧ ਦੇ ਕਹਿਣ ਮੁਤਾਬਕ ੪੦ ਲੱਖ ਖਰਚ ਆਇਆ ਕੀ ਇਸ ਸਾਧ ਨੂੰ ਇਹ ਨਾ ਸੁੱਝੀ ਕਿ ਮੈਂ ਕੋਈ ਸਕੂਲ ਜਾਂ ਹਸਪਤਾਲ ਬਣਾ ਦੇਵਾਂ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਪਰ ਇਹ ਸਾਧ ਬੜੇ ਚਲਾਕ ਹਨ ਇਹ ਨਹੀਂ ਚਾਹੁੰਦੇ ਕੇ ਲੋਕ ਪੜ੍ਹ ਲਿਖ ਜਾਣ ਕਿਉਂਕਿ ਇਹਨਾਂ ਦੀ ਦੁਕਾਨਦਾਰੀ ਬੰਦ ਹੋਣ ਦਾ ਖਤਰਾ ਹੈ। ਇਹ ਕਹਿਣ ਨੂੰ ਤਾਂ ਕਹਿੰਦਾ ਹੈ ਕਿ ਮੈਂ ਕਬਰਾਂ ਦੇ ਵਿਰੁੱਧ ਹਾਂ। ਪਰ ਇਹ ਕਬਰਾਂ ਤੋਂ ਬਹੁਤ ਡਰਦਾ ਹੈ ਇਸ ਨੇ ਇੱਕ ਵਾਰੀ ਇੱਕ ਪ੍ਰਚਾਰਕ ਨੂੰ ਕਿਹਾ ਸੀ ਕਿ ਇਹ ਮੰਜਾ ਕਬਰ ਤੋਂ ਲਿਆਂਦਾ ਹੈ ਪਰ ਇਸ ਉਤੇ ਕੋਈ ਅਰਾਮ ਨਹੀਂ ਕਰ ਸਕਦਾ ਕਿਉਂਕਿ ਉਹ ਫੱਕਰ ਬੜਾ ਜ਼ਾਹਰਾ ਹੈ ਜਿਸ ਦਾ ਇਹ ਮੰਜਾ ਹੈ ਤਾਂ ਅੱਗੋਂ ਪ੍ਰਚਾਰਕ ਸਿੰਘ ਨੇ ਕਿਹਾ ਕੇ ਮੈਂ ਅੱਜ ਇਸ ਮੰਜੇ ਤੇ ਹੀ ਆਰਾਮ ਕਰਾਂਗਾ ਇਸ ਨੇ ਬੜਾ ਰੋਕਿਆ ਪਰ ਉਹ ਸਿੰਘ ਸਾਰੀ ਰਾਤ ਉਸ ਮੰਜੇ ਤੇ ਸੁੱਤਾ ਰਿਹਾ ਦਿਨ ਚੜ੍ਹੇ ਉਸ ਨੇ ਉਠ ਕੇ ਕਿਹਾ "ਬਾਬਾ ਜੀ ਮੈਨੂੰ ਤਾਂ ਫੱਕਰ ਨਹੀਂ ਮਿਲਿਆ" ਤਾਂ ਅੱਗੋਂ ਸ਼ਰਮਿੰਦਾ ਜਿਹਾ ਹੋ ਕੇ ਕਹਿਣ ਲੱਗਾ ਤੂੰ ਬਾਣੀ ਪੜ੍ਹਦਾ ਹੈਂ ਤਾਂ ਤੈਨੂੰ ਉਸ ਨੇ ਕੁੱਝ ਨਹੀਂ ਕਿਹਾ। ਇਹ ਕੁੱਝ ਸੰਗਤਾਂ ਦੇ ਸਾਹਮਣੇ ਕਰਨ ਤੇ ਵੀ ਸ਼ਰਧਾਲੂ ਨਹੀਂ ਸਮਝਦੇ। ਫਿਰ ਇਹਨਾਂ ਆਖੌਤੀ ਸਾਧਾਂ ਦੀ ਹੀ ਗੱਲ ਕਰਦੇ ਹਨ ਕਿ ਸਾਡੇ ਬਾਬੇ ਬੜੇ ਪਹੁੰਚੇ ਹਨ। ਇਸ ਸਾਧ ਨੇ ਇੱਕ ਸਿੰਘ ਨੂੰ ਕਿਹਾ ਜੇ ਤੂੰ ਡੇਰਾ ਬਣਾਉਣਾ ਹੈ ਤਾਂ ਕੁੱਝ ਨੁਕਤੇ ਮੈਂ ਤੈਨੂੰ ਦੱਸ ਦੇਂਦਾ ਹਾਂ ਪਹਿਲਾਂ ਕਦੀ ਵੀ ਸੱਚ ਨਹੀਂ ਬੋਲਣਾ ਅਤੇ ਹਮੇਸ਼ਾਂ ਲੋਕਾਂ ਨੂੰ ਪੁੱਠੀ ਗੱਲ ਦੱਸਣੀ ਕਿਉਂਕਿ ਸਿੱਧੀ ਗੱਲ ਇਹ ਸਮਝਦੇ ਨਹੀਂ। ਭਾਵ ਸੱਚ ਨਹੀਂ ਸਮਝਦੇ ਝੂਠ ਤੋਂ ਛੇਤੀ ਪ੍ਰਭਾਵਤ ਹੁੰਦੇ ਹਨ ਇਹਨਾਂ ਨੂੰ ਵਰਾਂ ਸਰਾਪਾਂ ਅਤੇ ਡਰ ਵਾਲੀਆਂ ਹੀ ਗੱਲਾਂ ਸੁਣਾਉਣੀਆਂ ਹਨ। ਫਿਰ ਜਦ ਸਾਡੇ ਕੋਲ ਆਉਣ ਤਾਂ ਕਹਿਣਾ ਗੁਰਦੁਆਰੇ ਸੇਵਾ ਕਰੋ ਅਤੇ ਚੌਪਈ ਦਾ ਪਾਠ ਕਰੋ। ਇਸ ਤਰ੍ਹਾਂ ਲੋਕ ਜਦੋਂ ਆਉਣੇ ਸ਼ੁਰੂ ਹੋ ਜਾਣ ਤਾਂ ਫਿਰ ਸੰਗਤ ਬੈਠੀ ਵਿੱਚ ਕਹਿਣਾ ਕੇ ਭਾਈ ਫਲਾਣੇ ਸਿੰਘ ਨੇ ੧੦ ਹਜਾਰ ਇੱਟਾਂ ਦੀ ਸੇਵਾ ਕੀਤੀ ਪਰ ਜਿਸ ਦਾ ਨਾਮ ਲਿਆ ਜਾਏ ਉਹ ਵਿੱਚ ਨਾ ਬੈਠਾ ਹੋਵੇ ਕਿਉਂਕਿ ਬੋਲਣਾ ਤਾਂ ਝੂਠ ਹੈ। ਇਸ ਤਰ੍ਹਾਂ ਕਹਿ ਦੇਣਾ ਕਿ ਕਿਸੇ ਨੇ ੫੦ ਬੋਰੀਆਂ ਸੀਮੇਂਟ ਦਿਤਾ ਹੈ ਬੱਸ ਫਿਰ ਆਪੇ ਸੰਗਤਾਂ ਵਿਚੋਂ ਉਠਣੇ ਸ਼ੁਰੂ ਹੋ ਜਾਣਗੇ ਕਿ ਬਾਬਾ ਜੀ ਸਾਨੂੰ ਵੀ ਸੇਵਾ ਲਾਉ ਤਾਂ ਸਮਝੋ ਕੰਮ ਸ਼ੁਰੂ ਹੋ ਗਿਆ। ਹੁਣ ਪਾਠਕ ਜਨ ਆਪ ਹੀ ਸੋਚਣ ਕਿ ਇਹਨਾਂ ਸਾਧਾਂ ਤੋਂ ਤੁਸੀਂ ਕੀ ਉਮੀਦ ਰਖਦੇ ਹੋ? ਜਿਹੜੇ ਝੂਠ ਦਾ ਆਸਰਾ ਲੈ ਕੇ ਚਲਦੇ ਹਨ। ਇਹ ਸਾਧ ਕਦੇ ਵੀ ਕੌਮ ਦੀ ਚੜ੍ਹਦੀ ਕਲਾ ਲਈ ਉਪਰਾਲਾ ਨਹੀਂ ਕਰਨਗੇ ਇਹਨਾਂ ਨੂੰ ਤਾਂ ਇੱਕ ਹੀ ਗੱਲ ਹੈ ਕਿ ਸਾਡਾ ਡੇਰਾ ਕਿਵੇਂ ਵੱਡਾ ਹੋਏ। ਵੱਡੀਆਂ ਵੱਡੀਆਂ ਗੱਡੀਆਂ ਕਿਵੇਂ ਆਉਣ ਅਤੇ ਸੰਗਤਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਿਵੇਂ ਹੋਵੇ। ਇਹ ਦਿਨ ਰਾਤ ਇਹੀ ਸੋਚਦੇ ਰਹਿੰਦੇ ਹਨ। ਹੁਣ ਤੁਸੀਂ ਪੜ੍ਹ ਕੇ ਆਪ ਹੀ ਸਮਝੋ ਕਿ ਅਸੀਂ ਇਹਨਾਂ ਦੇ ਜਾਲ ਵਿਚੋਂ ਕਿਵੇਂ ਨਿਕਲਣਾ ਹੈ? ਅਤੇ ਹੋਰਨਾਂ ਨੂੰ ਕਿਵੇਂ ਇਹਨਾਂ ਦੇ ਜਾਲ ਵਿਚੋਂ ਕੱਢਣਾ ਹੈ? ਇਹ ਤੁਹਾਡੇ ਸੋਚਣ ਵਾਸਤੇ ਛੱਡ ਦੇਂਦੇ ਹਾਂ। ਇਸ ਬਾਰੇ ਹੋਰ ਵੀ ਜਾਣਕਾਰੀ ਇਕੱਤਰ ਕਰ ਰਹੇ ਹਾਂ ਪੁਸਤਕ ਦੇ ਚੌਥੇ ਭਾਗ ਵਿੱਚ ਆਪ ਜੀ ਦੇ ਧਿਆਨ ਹਿਤ ਲਿਆਵਾਂਗੇ।

ਅੱਜ ਕੱਲ ਦੇ ਸੰਤ

੧. ਅੱਜ ਕੱਲ ਦੇ ਬਾਬੇ ਵੇਖ ਲਉ। ਇਹ ਬਣ-ਬਣ ਬਹਿੰਦੇ ਮਹੰਤ। ਜਿਹਨੂੰ ਘਰੇ ਕੋਈ ਨਹੀਂ ਪੁੱਛਦਾ ਹੈ, ਉਹ ਬਣ ਜਾਂਦਾ ਹੈ ਸੰਤ।

੨. ਵਿੱਚ ਕਨੇਡਾ ਵਸਦੇ ਇਹਨਾਂ ਸੰਤਾਂ ਦੇ ਪਰਿਵਾਰ ਇਹਨਾਂ ਦੇ ਥੱਲੇ ਹੁੰਦੀ, ੫੦-੬੦ ਲੱਖ ਦੀ ਕਾਰ।

੩. ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਲੋਕਾਂ ਤੋਂ ਮੱਥੇ ਟਿਕਾਉਂਦੇ ਨੇ, ਭਾੜੇ ਤੇ ਖ੍ਰੀਦੇ ਬੰਦਿਆਂ ਤੋਂ ਆਪਣੀ ਹੀ ਸਿਫਤ ਕਰਾਉਂਦੇ ਨੇ।੪. ਕੋਈ ਨੂਰਮਹਿਲੀਆ ਬਣਿਆ ਹੈ, ਕੋਈ ਬਣਿਆ ਹੈ ਭਨਿਆਰਾ, ਅੱਜ ਸਤਿਗੁਰੂ ਅਖਵਾਉਂਦਾ ਹੈ, ੧੫ ਸਾਲਾ ਕੁਆਰਾ ੫. ਕੋਈ ਬਾਬਾ ਪੁੱਤਰ ਵੰਡਦਾ ਹੈ ਕੋਈ ਕਰਦਾ ਬੇੜੇ ਪਾਰ, ਜੋ ਇਹਨਾਂ ਪਿਛੇ ਲੱਗਦਾ ਹੈ ਉਹ ਡੁੱਬੇ ਅੱਧ ਵਿਚਕਾਰ। ੬. ਕੋਈ ਸੰਤ ਚਾਲੀਸਾ ਕੱਟਦਾ ਹੈ, ਇਹ ਕਰਦੇ ਬੜੇ ਪਖੰਡ। ਲੋਕਾਂ ਨੂੰ ਲੁੱਟਣ ਵਾਲੇ ਇਹਨਾਂ ਲੱਭੇ ਅਨੋਖੇ ਢੰਗ। ੭. ਗੁਰਮਤਿ ਦੀ ਗੱਲ ਕੋਈ ਆਉਂਦੀ ਨਹੀਂ, ਨਾ ਜਾਣਦੇ ਇਹ ਗੁਰਬਾਣੀ, ਸੰਤ ਮਾਨ ਸਿੰਘ ਨੂੰ ਸੁਣ ਕੇ ਮੈਂ ਸ਼ਰਮ ਨਾਲ ਹੋ ਗਿਆ ਪਾਣੀ।

੮. ਅਫੀਮ, ਭੰਗ ਪੋਸਤ ਇਹ ਡੇਰਿਆ ਵਿੱਚ ਵਰਤਾਉਂਦੇ ਨੇ, ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਆਪਣਾ ਹੀ ਅੰਮ੍ਰਿਤ ਛਕਾਉਂਦੇ ਨੇ।੯. ਇਹ ਸੰਤ ਬਣੇ ਜੋ ਠੱਗ, ਜਾਇਦਾਦਾਂ ਖਾਤਰ ਮਰਦੇ ਨੇ, ਡੇਰਿਆਂ ਤੇ ਕਬਜੇ ਕਰ ਲੈਂਦੇ, ਇਹ ਪੱਗਾਂ ਪਿਛੇ ਲੜਦੇ ਨੇ। ੧੦. ਕੋਈ ਵਿੱਚ ਬਿਆਸ ਬੈਠਾ ਹੈ, ਆਪਣੇ ਹੀ ਡੇਰੇ ਖੋਲ੍ਹ, ਗੁਮਰਾਹ ਕਰਦੇ ਆ ਲੋਕਾਂ ਨੂੰ, ਇਹ ਉਲਟੀ ਬਾਣੀ ਬੋਲ। ੧੧. ਕੀ ਦੱਸਾਂ ਕਾਰ ਸੇਵਾ ਦਾ ਇਹਨਾਂ ਦੇ ਕੰਮ ਨਿਆਰੇ, ਪੈਸੇ ਖਾਤਰ ਇਹਨਾਂ ਨੇ ਕਈ ਬਣਾ ਲਏ ਗੁਰਦੂਆਰੇ। ੧੨. ਕੋਈ ਬਾਬਾ ਧਾਗੇ ਕਰਦਾ ਹੈ, ਕੋਈ ਬਾਬਾ ਕਰੇ ਤਵੀਤ, ਇਹ ਭੋਲੇ ਭਾਲੇ ਦਿਸਦੇ ਨੇ, ਪਰ ਵਿਚੋਂ ਖੋਟੀ ਨੀਤ। ੧੩. ਕੋਈ ਬਾਬਾ ਵੇਖੇ ਪੱਤਰੀਆਂ, ਕੋਈ ਦੱਸਦਾ ਸੰਤ ਭਵਿੱਖ, ਜੋ ਮੰਨਦਾ ਇਨ੍ਹਾਂ ਗੱਲਾਂ ਨੂੰ ਉਹ ਹੋ ਸਕਦਾ ਨਹੀਂ ਸਿੱਖ। ੧੪. ਕੋਈ ਬਣਿਆ ਹੈ ਵਡਭਾਗ ਸਿੰਘ ਤੇ ਨਹਾਵੇ ਧੌਲੀ ਧਾਰ। ਕੀ ਕਿਸੇ ਨੂੰ ਤਾਰੇਗਾ, ਜਿਹੜਾ ਖ਼ਾਲਸੇ ਦਾ ਗਦਾਰ। ੧੫. ਕੋਈ ਬੀਬੀ ਖੇਡਾਂ ਦਿੰਦੀ ਹੈ, ਕੋਈ ਬੀਬੀ ਬਣੀ ਪੰਜ ਪੀਰ, ਅਨਪੜ ਪੇਂਡੂ ਲੋਕ ਸਭ, ਬਣੇ ਲਕੀਰ ਦੇ ਫਕੀਰ। ੧੬. ਕੁਲਦੀਪ ਪ੍ਰਿੰਗੜੀ ਵਾਂਗੂੰ ਸਭ ਤਿਆਗੋ ਸਾਧੂ ਸੰਤ। ਗੁਰੂ ਗੋਬਿੰਦ ਸਿੰਘ ਜੀ ਕਹਿ ਗਏ, ਗੁਰੂ ਮਾਨਿਉ ਗ੍ਰੰਥ।

ਕੁਲਦੀਪ ਸਿੰਘ ਪਿੰਡ ਪ੍ਰਿੰਗੜੀ

ਤਹਿ: ਪੱਟੀ ਜਿਲ੍ਹਾ ਅੰਮ੍ਰਿਤਸਰ, ਪੰਜਾਬ।




.