.

ਪਹਿਲੀ ਯਾਤਰਾ ਪਾਕਿਸਤਾਨ ਦੀ

ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਮਾਰਚ 1999 ਦੇ ਇੱਕ ਸ਼ੁੱਕਰਵਾਰ ਦੇ ਲੌਢੇ ਵੇਲ਼ੇ ਮੇਰੇ ਮਿੱਤਰ ਸ. ਮੋਹਨ ਸਿੰਘ ਸੇਖੋਂ ਦੀ ਬੱਚੀ ਜਸਪਾਲ ਕੌਰ ਦਾ ਫੋਨ ਆਇਆ ਕਿ ਪਾਪਾ ਕਹਿੰਦੇ ਨੇ ਕਿ ਗਿਆਨੀ ਅੰਕਲ ਜੀ ਨੂੰ ਆਖੋ ਕਿ ਬੁਧਵਾਰ ਹਰਪਾਲ ਸਿੰਘ ਦਾ ਵਿਆਹ ਹੈ ਤੇ ਉਹ ਪੁੱਜਣ। ਮੈ ਸੇਖੋਂ ਸਾਹਿਬ ਨੂੰ ਮੋੜਵਾਂ ਫੋਨ ਕਰਕੇ ਸਮੇ ਥੋਹੜੇ ਦੀ ਮਜਬੂਰੀ ਦੱਸੀ ਪਰ ਉਹਨਾਂ ਨੇ ਕੀਤਾ ਵਾਅਦਾ ਯਾਦ ਕਰਵਾ ਕੇ ‘ਕੋਸ਼ਟ’ ਕਰਨ ਲਈ ਆਖਿਆ। ਗੱਲ ਇਉਂ ਹੋਈ ਕਿ ਇੱਕ ਦਿਨ ਗੁਰਦੁਆਰੇ ਵਿੱਚ ਮੈ ਹਾਸੇ ਹਾਸੇ ਵਿੱਚ ਆਖ ਬੈਠਾ, "ਦੇਸ ਚੱਲੇ ਹੋ; ਕਾਕੇ ਹਰਪਾਲ ਸਿੰਘ ਦਾ ਵਿਆਹ ਕਰਿਓ; ਮੈ ਆਵਾਂਗਾ।" ਵੈਸੇ ਵੀ ਸੋਚ ਰਿਹਾ ਸਾਂ ਕਿ ਵੈਸਾਖੀ ਦੇ ਤਿੰਨ ਸੌ ਸਾਲਾ ਸਮਾਗਮਾਂ ਦਾ ਆਨੰਦ ਮਾਣਿਆ ਜਾਵੇ ਤੇ ਨਾਲ਼ ਹੀ ਚਿਰਾਂ ਤੋਂ ਆਪਣੇ ਨਾਲ਼ੋਂ ਟੁੱਟ ਕੇ ਵੱਖ ਹੋਈ ਧਰਤੀ ਪਾਕਿਸਤਾਨ ਦੀ ਯਾਤਰਾ ਵੀ ਕੀਤੀ ਜਾਵੇ।

ਪਾਕਿਸਤਾਨ ਕੌਂਸੂਲੇਟ ਨਾਲ ਸੰਪਰਕ ਕੀਤਾ। ਉਹਨਾਂ ਨੇ ਡਬਲ ਫੀਸ ਰਾਹੀਂ ਵੀਜ਼ਾ ਦੇਣਾ ਮੰਨ ਲਿਆ। ਬੱਚੀ ਰਵੀਨ ਨੂੰ ਬੰਬੇ ਦੀ ਸੀਟ ਬੁੱਕ ਕਰਨ ਲਈ ਰਿੰਗ ਦਿਤਾ। ਸੋਮਵਾਰ ਸਾਢੇ ਦਸ ਵਜੇ ਪਾਕਿਸਤਾਨ ਦਾ ਵੀਜ਼ਾ ਲਵਾ ਕੇ, 11 ਵਜੇ ਇੱਕ ਚੀਨੇ ਰੈਸਟੋਰੈਂਟ ਤੋਂ ਬਰੇਕਫਾਸਟ ਦੇ ਨਾਂ ਤੇ ਢਿਡ ਨੂੰ ਝੁਲ਼ਕਾ ਦੇ ਕੇ, ਪੁੱਤਰ ਸੰਦੀਪ ਸਿੰਘ ਦੇ ਦਫ਼ਤਰੋਂ ਜਾ ਕੇ ਉਸ ਪਾਸੋਂ ਕੁੱਝ ਪੈਸੇ ਲੈ ਕੇ, ਹਵਾਈ ਅੱਡੇ ਦੀ ਬੱਸ ਫੜ ਕੇ ਤੁਰ ਪਿਆ। ਸਵਾ ਕੁ ਇੱਕ ਵਜੇ ਦੇ ਜਹਾਜ ਨੇ ਮੈਨੂੰ ਚੁੱਕ ਕੇ ਅਧੀ ਰਾਤ ਤੋਂ ਪਹਿਲਾ ਬੰਬੇ ਜਾ ਲਾਹਿਆ ਤੇ ਓਥੋਂ ਹੋਰ ਜਹਾਜ ਫੜ ਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਦਿੱਲੀ ਤੇ ਦਿਲੀਉਂ ਗੱਡੀ ਰਾਹੀਂ ਲੁਧਿਆਣੇ ਜਾ ਉਤਰਿਆ। ਤੁਰਨ ਸਮੇ ਇਹ ਪਤਾ ਹੀ ਨਾ ਕੀਤਾ ਕਿ ਵਿਆਹ ਕਿਥੇ ਹੈ। ਕੁਦਰਤੀਂ ਸੇਖੋਂ ਸਾਹਿਬ ਦਾ ਫੋਨ ਨੰਬਰ ਘੀਸੇ ਵਿੱਚ ਰਹਿ ਗਿਆ ਸੀ। ਨੰਬਰ ਮਿਲ਼ਾਇਆ ਤਾਂ ਸਰਾਭੇ ਤੋਂ ਭੈਣ ਸੁਰਿੰਦਰ ਕੌਰ ਜੀ ਬੋਲੇ, "ਭਰਾ ਜੀ, ਆ ਜਾਓ; ਵਿਆਹ ਏਥੇ ਈ ਆ!" ਤਕਾਲ਼ਾਂ ਨੂੰ ਓਥੇ ਜਾ ਵੜਿਆ। ਸਵੇਰੇ ਬੁਧਵਾਰ ਜੰਞ ਚੜ੍ਹੀ। ਸਾਦਾ ਵਿਆਹ ਵੇਖ ਕੇ ਬਹੁਤ ਹੀ ਖ਼ੁਸ਼ੀ ਹੋਈ। ਇਸ ਖੀਵੇਪਣ ਵਿੱਚ ਹੀ ਅਧੀ ਕੁ ਰਾਤ ਤੱਕ ਅੰਮ੍ਰਿਤਸਰ ਬੱਸ ਰਾਹੀਂ ਪੁੱਜ ਗਿਆ।

ਪਾਕਿਸਤਾਨ ਦੀ ਯਾਤਰਾ ਲਈ ਜਾਣਾ ਸੀ। ਪਹਿਲਾਂ ਇੱਕ ਵਾਰੀਂ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ਼ ਜਾਣ ਦਾ ਯਤਨ ਕੀਤਾ ਸੀ ਪਰ ਓਦੋਂ ਪਾਸਪੋਰਟ ਨਾ ਬਣ ਸਕਿਆ। ਫਿਰ 1975 ਦੇ ਨਵੰਬਰ ਵਿੱਚ ਸਮੁੰਦਰੀ ਜਹਾਜ ਰਾਹੀਂ ਦਾਰਾਸਲਾਮ (ਤਨਜ਼ਾਨੀਆਂ) ਜਾਂਦਿਆਂ ਜਦੋਂ ਜਹਾਜ ਕਰਾਚੀ ਰੁਕਿਆ ਤਾਂ ਵੀ ਸਾਨੂੰ ਹਿੰਦੁਸਤਾਨੀਆਂ ਨੂੰ ਜਹਾਜੋਂ ਬਾਹਰ ਨਾ ਨਿਕਲ਼ਣ ਦਿਤਾ। ਹੌਸਲਾ ਨਾ ਪਵੇ ਜਾਣ ਦਾ। ਪਤਾ ਨਹੀ ਕਿਉਂ? ਜਿਵੇਂ ਕੋਈ ਅੰਦਰੋਂ ਬਿਨਾ ਕਾਰਨ ਭੈ ਜਿਹਾ ਪ੍ਰਤੀਤ ਹੋਵੇ! ਬਥੇਰਾ ਮਨ ਨੂੰ ਸਮਝਾਵਾਂ ਕਿ ਆਪਣੇ ਹੀ ਪੰਜਾਬੀ ਬੋਲਦੇ ਲੋਕ ਹਨ। ਕੀ ਹੋ ਜਾਊਗਾ! ਮਨਾ, ਤੂੰ ਤਾਂ ਅਫ੍ਰੀਕਾ ਦੇ ਜੰਗਲ਼ਾਂ ਵਿਚਦੀ ਜਾਂਦੀਆਂ ਸੜਕਾਂ ਉਪਰ ਰਾਤ ਦੇ ਹਨੇਰੇ ਵਿੱਚ ਵੀ ਪੈਦਲ ਤੁਰਨ ਤੋਂ ਨਹੀ ਕਦੀ ਝਕਿਆ; ਜਿਥੇ ਲੋਕ ਬੰਦਾ ਮਾਰ ਕੇ ਖਾ ਜਾਂਦੇ ਹਨ! ਮੇਰੀਆਂ ਅਜਿਹੀਆਂ ‘ਦਲੇਰੀਆਂ’ ਵੇਖ ਕੇ ਓਥੇ ਰਹਿੰਦੇ ਹਿੰਦੁਸਤਾਨੀ ਵਾਕਫ ਸੱਜਣ ਮੈਨੂੰ ਮੂਰਖ ਹੀ ਸਮਝਦੇ ਸਨ। ਮੂੰਹੋਂ ਭਾਵੇਂ ਉਹ ਅਜਿਹਾ ਨਹੀ ਸਨ ਕਹਿੰਦੇ ਪਰ ਉਹਨਾਂ ਦੀਆਂ ਅੱਖਾਂ ਤੇ ਚੇਹਰੇ ਦਾ ਪ੍ਰਭਾਵ ਅਜਿਹਾ ਕੁੱਝ ਹੀ ਦਰਸਾਉਂਦਾ ਹੁੰਦਾ ਸੀ। ਫਿਰ ਪਰਦੇਸੀ ਸੂਰਤਾਂ, ਪਰਦੇਸੀ ਬੋਲੀਆਂ ਵਾਲ਼ੇ ਦੇਸਾਂ, ਯੂਰਪ, ਅਮ੍ਰੀਕਾ, ਕੈਨੇਡਾ, ਏਸ਼ੀਆ ਦੇ ਮੁਲਕਾਂ ਵਿੱਚ ਫਿਰਦਿਆਂ ਤੇਰੀ ਕਿਨੇ ਲੋਈ ਨਹੀ ਸੀ ਲਾਹੀ! ਏਥੇ ਲਾਹੌਰ ਵਿੱਚ ਆਪਣੇ ਲੋਕ ਕੀ ਤੈਨੂੰ ਮੂੰਹ `ਚ ਪਾ ਲੈਣਗੇ! ਏਸੇ ਉਧੇੜ ਬੁਣ ਵਿੱਚ ਇੱਕ ਦਿਨ ‘ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲ਼ਿਆਂ’ ਦੀ ਦੁਕਾਨ ਤੇ ਆਪਣਾ ਪੁਰਾਣਾ ਤੇ ਕੈਨੇਡਾ ਰਹਿੰਦਾ ਮਿੱਤਰ. ਗਿ. ਬਲਬੀਰ ਸਿੰਘ ਚੰਗਿਆੜਾ ਦਿਸ ਪਿਆ। ‘ਸਾਹਬ ਸਲਾਮਤ’ ਤੋਂ ਬਾਅਦ ਉਸਤੋ ਪਤਾ ਲੱਗਾ ਕਿ ਉਹ ਜਥੇ ਨਾਲ਼ ਪਾਕਿਸਤਾਨ ਜਾ ਰਿਹਾ ਹੈ। ਮੈ ਵੀ ਆਪਣੇ ਜਾਣ ਦੀ ਇੱਛਾ ਪਰਗਟ ਕਰ ਦਿਤੀ ਪਰ ਉਸਨੇ ਅੱਗੋਂ, "ਅਸੀਂ ਤਾਂ ਸਰਕਾਰੀ ਤੌਰ ਤੇ ਜਥੇ ਨਾਲ਼ ਜਾ ਰਹੇ ਹਾਂ। "ਆਖ ਕੇ ਮੇਰੇ ਉਤਸ਼ਾਹ ਉਪਰ ਠੰਡਾ ਪਾਣੀ ਡੋਹਲ ਦਿਤਾ।

ਖੈਰ, ਇੱਕ ਦਿਨ ਹੌਸਲਾ ਕਰਕੇ ਮੈ ਸਵੇਰੇ ਛਾਹ ਵੇਲ਼ਾ ਕਰਨ ਉਪ੍ਰੰਤ ਘਰੋਂ ਤੁਰਨ ਸਮੇ ਘਰਦਿਆਂ ਨੂੰ ਆਖਿਆ, "ਚੱਲਿਆ ਤੇ ਮੈ ਲਾਹੌਰ ਨੂੰ ਹਾਂ ਪਰ ਜੇਕਰ ਬੱਸ ਅੱਡੇ ਤੱਕ ਜਾਂਦਿਆਂ ਮੇਰਾ ਵਿਚਾਰ ਬਦਲ ਗਿਆ ਤਾਂ ਫਿਰ ਵਾਪਸ ਆਉਣ ਦੀ ਬਜਾਇ ਮੈ ਪਟਿਆਲੇ ਨੂੰ ਚਲਿਆ ਜਾਵਾਂਗਾ। "ਪਉੜੀਆਂ ਉਤਰ ਕੇ ਗਲ਼ੀ ਵਿੱਚ ਆਇਆ ਤਾਂ ਅੱਗੋਂ ਛੋਟਾ ਭਰਾ ਸੂਬੇਦਾਰ ਸ. ਦਲਬੀਰ ਸਿੰਘ ਮੇਰੇ ਵੱਲ ਹੀ ਆ ਰਿਹਾ ਸੀ। ਮੈ ਕਿਹਾ, "ਤੂੰ ਕਿਧਰ?" "ਆਪਾਂ ਕਲ੍ਹ ਪ੍ਰੋਗਰਾਮ ਜੂ ਬਣਾਇਆ ਸੀ ਕਿ ਮੈ ਵਾਹਗਾ ਬਾਰਡਰ ਤੱਕ ਤੁਹਾਡੇ ਨਾਲ਼ ਚਲਾਂਗਾ। ਤੁਸੀਂ ਲਾਹੌਰ ਨੂੰ ਜੂ ਅੱਜ ਜਾ ਰਹੇ ਹੋ।" ਮੈ ਆਪਣੀ ਭੁਲੱਕੜਪਣ ਵਾਲ਼ੀ ਕਮਜੋਰੀ ਨੂੰ ਲੁਕਾ ਲਿਆ ਤੇ ਬੱਸ ਰਾਹੀਂ ਅਸੀਂ ਦੋਵੇਂ ਭਰਾ ਵਾਹਗਾ ਜਾ ਪੁੱਜੇ। ਓਥੇ ਇੱਕ ਜਵਾਨ ਮੁੰਡਾ ਖਹਿੜੇ ਪੈ ਗਿਆ ਕਿ ਪੈਸੇ ਮੈ ਜਰੂਰ ਪਾਸਿਤਾਨੀ ਕਰੰਸ਼ੀ ਵਾਲ਼ੇ ਖ਼ਰੀਦਾਂ। ਉਸਦੇ ਜੋਰ ਦੇਣ ਤੇ ਮੈ ਮੰਨ ਗਿਆ ਤੇ ਉਹ ਨਾਲ਼ ਹੀ ਇੱਕ ਦਫ਼ਤਰ ਜਿਹੇ ਵਿੱਚ ਮੈਨੂੰ ਲੈ ਗਿਆ ਜਿਥੇ ਇੱਕ ਚਿੱਟੀ ਦਾਹੜੀ ਵਾਲ਼ੇ ਸਰਦਾਰ ਜੀ ਨੇ ਭਾਰਤੀ ਕਰੰਸੀ ਦੇ ਬਦਲੇ ਪਾਕਿਸਤਾਨੀ ਇੱਕ ਹਜਾਰ ਰੁਪਏ ਦਾ ਨੋਟ ਮੈਨੂੰ ਫੜਾ ਦਿਤਾ। ਮੇਰੇ ਛੋਟੇ ਨੋਟ ਮੰਗਣ ਤੇ ਜਵਾਬ ਦਿਤਾ, "ਨਹੀ ਸਰਦਾਰ ਜੀ, ਪਾਕਿਸਤਾਨ ਵਿੱਚ ਬੜੀ ਇਨਫਲੇਸ਼ਨ ਆ। ਤੁਹਾਨੂੰ ਕੋਈ ਦਿੱਕਤ ਨਹੀ ਆਉਣ ਲੱਗੀ। ਭਾਰਤੀ ਪਾਸੇ ਦੀ ਇਮੀਗ੍ਰੇਸ਼ਨ, ਕਸਟਮ ਆਦਿ ਦੀ ਕਾਰਵਾਈ ਪੂਰੀ ਕਰਕੇ ਤੁਰਨ ਲੱਗਾ ਤਾਂ ਕੁੱਲੀ ਆ ਦੁਆਲ਼ੇ ਹੋਏ। ਮੈ ਆਖਿਆ, "ਆਹ ਮੇਰਾ ਮੋਢੇ ਵਾਲ਼ਾ ਇਕੋ ਹੀ ਬੈਗ ਹੈ। ਦੱਸੋ ਇਹ ਤੁਸੀਂ ਮੇਰੇ ਨਾਲ਼ ਚੁੱਕੀ ਫਿਰੋਗੇ?" ਇੱਕ ਚਿੱਟੀ ਦਾਹੜੀ ਵਾਲ਼ਾ ਕੁੱਲੀ ਕਹਿੰਦਾ, "ਸਰਦਾਰ ਜੀ, ਅਸੀਂ ਏਥੇ ਕਾਹਦੇ ਵਾਸਤੇ ਹਾਂ? ਸਾਰੇ ਤੁਹਾਡੇ ਵਰਗੇ ਹੀ ਯਾਤਰੂ ਆਏ ਤਾਂ ਪੈ ਗਈਆਂ ਸਾਡੀਆਂ ਪੂਰੀਆਂ! ਉਸਨੂੰ ਕੁੱਝ ਵੈਸੇ ਹੀ ਪੈਸੇ ਦੇਣ ਲਈ ਮਨ ਬਣਾ ਕੇ ਵੇਖਿਆ ਤਾਂ ਉਹ ਜਾ ਚੁੱਕਾ ਸੀ। ਪਾਕਿਸਤਾਨ ਵਾਲ਼ੇ ਪਾਸੇ ਫੇਰ ਪੈਸੇ ਵਟਾਉਣ ਵਾਲ਼ਿਆਂ ਨੇ ਜਿਉਂ ਝੁਰਮਟ ਪਾਇਆ। ਮਸਾਂ ਉਹਨਾਂ ਤੋਂ ਬਚ ਕੇ ਅੱਗੇ ਗਿਆ ਤਾਂ ਬਾਹਰ ਚੁੱਪ ਚਾਂ ਸੁੰਨ ਮਸਾਨ ਬੇ ਰੌਣਕਾ ਜਿਹਾ ਨਜ਼ਾਰਾ ਦਿਸਿਆ। ਇੱਕ ਖੋਖਾ ਚਾਹ ਵਾਲ਼ਾ ਸੀ। ਉਸ ਤੋਂ ਪਤਾ ਲਗ ਗਿਆ ਕਿ ਜਲ੍ਹੋ ਜਾਣ ਵਾਲ਼ੀ ਬੱਸ ਆਵੇਗੀ। ਇੱਕ ਦੋ ਟੈਕਸੀਆਂ ਵੀ ਆਈਆਂ ਗਈਆਂ। ਮੇਰੇ ਵੱਲ ਡਰਾਈਵਰ ਵੇਖ ਲੈਂਦੇ ਰਹੇ ਪਰ ਸਾਇਦ "ਇਹਨਾਂ ਤਿਲ਼ਾਂ ਵਿੱਚ ਤੇਲ ਨਹੀਂ" ਸਮਝ ਕੇ ਬਿਨਾ ਮੈਨੂੰ ਤੰਗ ਕੀਤਿਆਂ ਹੀ ਚਲੇ ਜਾਂਦੇ ਰਹੇ। ਥੋਹੜੇ ਸਮੇ ਪਿੱਛੋਂ ਅਗਲੇ ਟਾਊਨ ਜਲ੍ਹੋ ਨੂੰ ਜਾਣ ਵਾਲ਼ੀ ਮਿਨੀ ਬੱਸ ਆ ਗਈ। ਮੈਨੂੰ ਉਹਨਾਂ ਨੇ ਬਿਠਾ ਲਿਆ। ਜਦੋਂ ਮੈ ਕਰਾਏ ਵਾਸਤੇ ਹਜਾਰ ਦਾ ਨੋਟ ਕਢਿਆ ਤਾਂ ਉਹ ਸਾਰੇ ਹੱਸ ਪਏ। ਸਰਦਾਰ ਜੀ ਤਿੰਨ ਰੁਪਈਏ ਦੀ ਟਿਕਟ ਤੇ ਤੁਸੀਂ ਹਜਾਰ ਦਾ ਨੋਟ ਵਿਖਾ ਦਿਤਾ!" ਮੇਰੇ ਅਸਲੀਅਤ ਦੱਸਣ ਤੇ ਉਹਨਾਂ ਨੇ ਟਿਕਟ ਦੇ ਦਿਤੀ ਤੇ ਜਲ੍ਹੋ ਤੋਂ ਅਗੇ ਲਾਹੌਰ ਨੂੰ ਜਾਣ ਵਾਲ਼ੀ ਮਿਨੀ ਬੱਸ ਤੇ ਮੈਨੂੰ ਬਿਠਾ ਕੇ ਤਿੰਨ ਰੁਪਏ ਉਸ ਬੱਸ ਦੇ ਡਰਾਈਵਰ ਤੋਂ ਲੈ ਲਏ ਤੇ ਹਾਲਾਤ ਤੋਂ ਉਸਨੂੰ ਜਾਣੂ ਕਰਵਾ ਦਿਤਾ। ਉਸਨੇ ਰਾਹ ਵਿੱਚ ਬੱਸ ਰੋਕ ਕੇ ਪੈਟ੍ਰੌਲ ਪੰਪ ਤੋਂ ਹਜਾਰ ਦਾ ਨੋਟ ਤੁੜਵਾ ਕੇ ਨੌ ਸੌ ਇਕਾਨਵੇ ਰੁਪਈਏ ਮੈਨੂੰ ਮੋੜ ਕੇ, ਕੁੱਲ ਨੌ ਰੁਪਈਏ ਰੱਖ ਲਏ ਤੇ ਮੇਰੀ ਬੇਨਤੀ ਮੰਨ ਕੇ ਮੈਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਬੂਹੇ ਅੱਗੇ ਉਤਾਰ ਦਿਤਾ। ਓਥੇ ਇਸ ਸਥਾਨ ਨੂੰ ਰਣਜੀਤ ਸਿੰਘ ਦੀ ਮੜ੍ਹੀ ਕਰਕੇ ਜਾਣਿਆਂ ਜਾਂਦਾ ਹੈ; ਕਿਉਂਕਿ ਗੁਰਦੁਆਰੇ ਦੇ ਨਾਲ਼ ਹੀ ਅੱਗੇ ਮਹਾਰਾਜਾ ਰਣਜੀਤ ਸਿੰਘ ਦੀ ਵਿਸ਼ਾਲ ਸਮਾਧ ਹੈ। ਏਥੇ ਹੀ ਕਿਲ੍ਹਾ, ਵਡੀ ਮਸੀਤ ਤੇ ਇਕਬਾਲ ਦੀ ਕਬਰ ਵਰਗੇ ਸਥਾਨ ਹਨ। ਸਾਹਮਣੇ ਸੜਕੋਂ ਬਾਹਰ ਮਜ਼ਾਰਿ ਪਾਕਿਸਤਾਨ ਹੈ ਜੋ ਕਿ ਇੱਕ ਵਿਸ਼ੇਸ਼ ਸੈਰਗਾਹ ਹੈ। ਅੰਮ੍ਰਿਤਸਰ ਤੋਂ ਵਾਹਗੇ ਤੱਕ ਰੌਣਕ ਮੇਲਾ ਤੇ ਅੱਗੋਂ ਵਾਹਗੇ ਤੋਂ ਲਾਹੌਰ ਤੱਕ ਦਾ ਫਿੱਕਾ ਜਿਹਾ ਮਾਹੌਲ ਵੇਖ ਕੇ 1997 ਵਿਚਲਾ ਵੇਖਿਆ ਜ਼ਿੰਬਾਬਵੇ ਤੇ ਜ਼ੈਂਬੀਆ ਦੇ ਬਾਰਡਰ ਵਾਲ਼ਾ ਨਜ਼ਾਰਾ ਯਾਦ ਆ ਗਿਆ।

ਸੰਸਾਰ ਪ੍ਰਸਿਧ ਯਾਤਰਾ ਸਥਾਨ ਵਿਕਟੋਰੀਆ ਫਾਲਜ਼ ਦੇ ਜ਼ਿੰਬਾਬਵੇ ਵਾਲ਼ੇ ਪਾਸੇ ਇਸ ਤਰ੍ਹਾਂ ਰੌਣਕਾਂ ਜਿਵੇਂ ਵੈਸਾਖੀ ਦਾ ਮੇਲਾ ਹੋਵੇ ਤੇ ਦਰਿਆ ਲੰਘ ਕੇ ਜ਼ੈਂਬੀਆ ਵਿੱਚ ਦਾਖਲ ਹੋਣ ਤੇ ਚਾਰ ਚੌਫੇਰੇ ਸੁੰਨਮਸਾਣ ਪਈ ਭਾਸੇ। ਮੈ ਅਜੇ ਗੁਰਦੁਆਰੇ ਦੇ ਗੇਟੋਂ ਬਾਹਰ ਹੀ ਸਾਂ ਕਿ ਅੰਦਰਵਾਰ ਵਾਹਵਾ ਰੌਣਕ ਜਿਹੀ ਦਿਸੀ ਤੇ ਉਹਨਾਂ ਵਿੱਚ ਇੱਕ ਚੇਹਰਾ ਜਾਣਿਆਂ ਜਿਹਾ ਵੀ ਦਿਖਾਈ ਦਿਤਾ। ਡੇਹਰਾ ਸਾਹਿਬ ਦੇ ਅੰਦਰ ਵੜਦਿਆਂ ਹੀ ਪੁਲਸ ਦੀ ਚੌਂਕੀ ਹੈ ਜੋ ਕਿ ਹਰੇਕ ਅੰਦਰ ਆਉਣ ਵਾਲ਼ੇ ਦਾ ਥਾਂ ਟਿਕਾਣਾ ਦਰਜ ਕਰਦੀ ਹੈ। ਓਥੋਂ ਵੇਹਲਾ ਹੋ ਕੇ ਅੰਦਰ ਗਿਆ ਤਾਂ ਉਹ ਜਾਣੀ ਜਿਹੀ ਹਸਤੀ ਗਿ. ਹਰਜਿੰਦਰ ਸਿੰਘ ਜੀ ਕੈਨੇਡਾ ਵਾਲੇ ਨਿਕਲ਼ੇ ਜੋ ਕਿ ਸਿਡਨੀ ਦੀ ਯਾਤਰਾ ਸਮੇ ਮੇਰੇ ਘਰ ਵੀ ਆਏ ਸਨ ਤੇ ਚੰਗਾ ਉਹਨਾਂ ਨੂੰ ਮੈ ਆਪਣੇ ਮਿੱਤਰਾਂ ਸਨੇਹੀਆਂ ਵਿੱਚ ਸਮਝਣ ਲੱਗ ਪਿਆ ਸਾਂ। ਚਲਾਵੇਂ ਜਿਹੇ ਤਰੀਕੇ ਨਾਲ਼ ਮਿਲ਼ੇ ਤੇ ਸ਼ਾਇਦ ਕਿਸੇ ਕਾਹਲੀ ਵਿੱਚ ਸਨ! "ਮੈ ਹੁਣੇ ਆਉਨਾਂ। ਤੁਸੀਂ ਬੈਠੋ। "ਆਖ ਕੇ ਬਾਹਰ ਨਿਕਲ਼ ਗਏ। ਮੈ ਇਸ ਭੁਲੇਖੇ ਵਿੱਚ ਉਡੀਕ ਕਰਦਾ ਰਿਹਾ ਕਿ ਸ਼ਾਇਦ ਛੇਤੀ ਆ ਜਾਣਗੇ। ਪਰ ਉਹ ਰਾਤ ਨੂੰ ਹੀ ਮੁੜੇ ਤੇ ਦੱਸਿਆ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਚਲੇ ਗਏ ਸਨ। ਮੈ ਇੱਛਾ ਪਰਗਟ ਕੀਤੀ ਕਿ ਜੇ ਮੈਨੂੰ ਦੱਸਦੇ ਤਾਂ ਮੈ ਵੀ ਨਾਲ਼ ਹੀ ਜਾ ਕੇ ਦਰਸ਼ਨ ਕਰ ਆਉਂਦਾ! ਉਹਨਾਂ ਦੀ ਉਡੀਕ ਦੌਰਾਨ ਮੈ ਇੱਕ ਮੰਜੇ ਤੇ ਕਬਜ਼ਾ ਕਰਕੇ ਪੜ੍ਹਨ ਦਾ ਬਹਾਨਾ ਜਿਹਾ ਕਰਦਾ ਰਿਹਾ। ਇਸ ਦੌਰਾਨ ਮੀਹ ਵੀ ਆਇਆ ਤੇ ਮੈ ਮੰਜਾ ਖਿੱਚ ਕੇ ਬਰਾਂਡੇ ਵਿੱਚ ਕਰ ਲਿਆ। ਗ੍ਰੰਥੀ ਸਿੰਘ ਜੀ ਦੀ ਸਿੰਘਣੀ ਨੇ ਮੈਨੂੰ ਚਾਹ ਦਾ ਗਲਾਸ ਵੀ ਛਕਾ ਦਿਤਾ। ਖ਼ੈਰ ਗੁਰਦੁਆਰਾ ਸਾਹਿਬ ਦੇ ਇਨਚਾਰਜ/ਸੇਵਾਦਾਰ ਸ. ਸਾਹਿਬ ਸਿੰਘ ਜੀ ਨੇ ਵਸ ਲੱਗਦੇ ਮੇਰੀ ਚੰਗੀ ਸਹਾਇਤਾ ਕੀਤੀ। ਰਾਤ ਅਸੀਂ ਬਾਹਰਲੇ ਵਿਅਕਤੀਆਂ ਵਾਸਤੇ ਬਣੀ ਸੀਮਤ ਜਿਹੀ ਰਿਹਾਇਸ਼ ਵਿੱਚ ਕੱਟੀ। ਗਿਆਨੀ ਜੀ, ਇੱਕ ਅਮ੍ਰੀਕਨ ਸਰਦਾਰ ਜੀ ਤੇ ਮੈ ਇਕੋ ਕਮਰੇ ਵਿੱਚ ਸਾਂ। ਸਾਨੂੰ ਤਿੰਨਾਂ ਨੂੰ ਹੀ ਸ੍ਰੀ ਨਨਕਾਣਾ ਸਾਹਿਬ ਤੱਕ ਕਾਰ ਦੀ ਸਵਾਰੀ ਮਿਲ਼ ਗਈ। ਓਥੇ ਦੇ ਦਰਸ਼ਨ ਮੇਲੇ ਕੀਤੇ। ਪ੍ਰਸ਼ਾਦਾ ਦਿਨੇ ਗੁਰਦੁਆਰਾ ਪੱਟੀ ਸਾਹਿਬ ਦੇ ਮਕਾਨਾਂ ਵਿੱਚ ਰਹਿੰਦੇ ਗੁਰਸਿੱਖਾਂ ਦੇ ਘਰੋਂ ਛਕਿਆ ਤੇ ਰਾਤ ਨੂੰ ਕਿਸੇ ਹੋਰ ਗੁਰਸਿੱਖ ਦੇ ਘਰ ਅਖੰਡ ਪਾਠ ਚੱਲ ਰਿਹਾ ਸੀ ਓਥੇ ਛਕਿਆ। ਕੁੱਝ ਪਰਵਾਰ ਨਨਕਾਣੇ ਸਾਹਿਬ ਵਿਖੇ ਸਿੱਖਾਂ ਦੇ ਰਹਿੰਦੇ ਹਨ। ਲੰਗਰ ਦਾ ਗੁਰਦੁਆਰੇ ਵਿੱਚ ਪ੍ਰਬੰਧ ਨਹੀ ਹੈ ਪਰ ਪਰਦੇਸੀ ਯਾਤਰੂਆਂ ਨੂੰ ਗੁਰਸਿੱਖ ਆਪਣੇ ਘਰੀਂ ਪ੍ਰਸ਼ਾਦਾ ਛਕਾ ਦਿੰਦੇ ਹਨ।

ਲੰਗਰ ਨਾ ਹੋਣ ਬਾਰੇ ਵੀ ਇੱਕ ਸਿੱਖ ਨੇ ਦਿਲਚਸਪ ਵਾਰਤਾ ਸੁਣਾਈ। ਸੁਭਾ ਸਵੇਰੇ ਚੂਹੜਕਾਣੇ ਗੁਰਦੁਆਰਾ ਸੱਚਾ ਸੌਦਾ ਜਾਣ ਲਈ ਅਸੀਂ ਦੋਵੇਂ, ਮੈ ਤੇ ਅਮ੍ਰੀਕਾ ਵਾਸੀ ਸਰਦਾਰ ਜੀ, ਗੁਰਦੁਆਰਾ ਜਨਮ ਸਥਾਨ ਤੋਂ ਬਾਹਰ ਨਿਕਲ਼ੇ ਤਾਂ ਇਹ ਜਾਣ ਕੇ ਕਿ ਤੁਰ ਕੇ ਜਾਣ ਨਾਲ਼ ਸ਼ਾਇਦ ਅਸੀਂ ਸਮੇ ਸਿਰ ਬੱਸ ਅੱਡੇ ਤੇ ਨਾ ਪੁੱਜ ਸਕੀਏ ਤੇ ਕੋਈ ਸਵਾਰੀ, ਟਾਂਗਾ ਆਦਿ ਮਿਲ਼ ਜਾਵੇ ਤਾਂ ਬੱਸ ਤੁਰਨ ਤੋਂ ਪਹਿਲਾ ਅੱਡੇ ਤੇ ਪੁੱਜ ਜਾਈਏ। ਆਲ਼ੇ ਦੁਆਲੇ ਨਿਗਾਹ ਮਾਰੀ ਪਰ ਕੁੱਝ ਨਾ ਦਿਸਿਆ। ਕੁੱਝ ਦੂਰੀ ਤੋਂ ਇੱਕ ਰੇਹੜਾ ਜਿਹਾ ਆਉਂਦਾ ਦਿਸਿਆ ਜਿਸ ਦੇ ਅੱਗੇ ਖੋਤਾ ਜੁੱਪਾ ਹੋਇਆ ਸੀ। ਕੋਲ਼ ਆਉਣ ਤੇ "ਰੁਕੀਂ ਰੁਕੀਂ" ਆਖ ਕੇ ਉਸਨੂੰ ਮੈ ਰੋਕ ਲਿਆ ਤੇ ਛਾਲ ਮਾਰ ਕੇ ਅਸੀ ਦੋਹਵੇਂ ਚਿੱਟੀਆਂ ਦਾਹੜੀਆਂ ਵਾਲ਼ੇ ਸਿੰਘ ਉਸ ਤੇ ਸਵਾਰ ਹੋ ਗਏ। ਲੱਕੜ ਦਾ ਰੇਹੜਾ ਮਿੱਟੀ ਨਾਲ ਭਰਿਆ ਹੋਇਆ ਸੀ। ਪੈਰਾਂ ਭਾਰ ਅਸੀਂ ਬੈਠ ਗਏ। ਕੱਪੜੇ ਵੀ ਬਚਾ ਬਚਾ ਰੱਖੀਏ ਮਿਟੀ ਤੋਂ। ਹੱਥ ਪਾਉਣ ਲਈ ਵੀ ਕੁੱਝ ਨਾ। ਰਾਹ ਵੀ ਊਭੜ ਖਾਭੜ। ਸ੍ਰੀ ਨਨਕਾਣਾ ਸਾਹਿਬ ਦੇ ਬਾਜ਼ਾਰਾਂ ਵਿੱਚ ਦੀ ਖੋਤੇ ਵਾਲ਼ੀ ਰੇਹੜੀ ਉਪਰ ਪੈਰਾਂ ਭਾਰ ਸੁਸ਼ੋਭਤ ਹੋਏ ਹੋਏ ਅਸੀਂ ਸੋਹਣੀਆਂ ਦਸਤਾਰਾਂ, ਚੰਗੇ ਬਸਤਰਾਂ ਵਿੱਚ ਸਜੇ ਹੋਏ ਸੰਪੂਰਨ ਦਾਹੜੀਆਂ ਵਾਲੇ ਸਿੰਘ ਚੜ੍ਹਦੀ ਕਲਾ ਵਿੱਚ ਸਾਂ। ਲੋਕ ਸਾਡੇ ਦਰਸ਼ਨ ਕਰ ਕਰ ‘ਨਿਹਾਲ’ ਹੋ ਰਹੇ ਸਨ। ਇਸ ‘ਉਦਮ’ ਸਦਕਾ ਅਸੀਂ ਬੱਸ ਜਾ ਫੜੀ ਤੇ ਗੁਰਦੁਆਰਾ ਸੱਚੇ ਸੌਦੇ ਜਾ ਪੁੱਜੇ। ਦਰਸ਼ਨ ਕਰਨ ਉਪ੍ਰੰਤ ਸੜਕ ਤੇ ਖਲੋਤੇ ਅਸੀਂ ਲਾਹੌਰ ਜਾਣ ਦੀ ਬਸ ਉਡੀਕ ਰਹੇ ਸਾਂ। ਇੱਕ ਪੁਲਿਸ ਦੇ ਹੌਲਦਾਰ ਨੇ ਸਾਨੂੰ ਸੱਦ ਕੇ ਆਪਣੇ ਕੋਲ਼ ਮੰਜੇ ਤੇ ਬਹਾ ਲਿਆ ਤੇ ਸਾਡੇ ਨਾਂਹ ਨਾਂਹ ਕਰਦਿਆਂ ਵੀ ਚਾਹ ਮੰਗਵਾ ਲਈ। ਮੇਰੇ ਵਾਸਤੇ ਇਹ ਧਰਮ ਸੰਕਟ ਪੈਦਾ ਹੋ ਗਿਆ। ਇੱਕ ਤਾਂ ਮੈ ਅਠਾਰਾਂ ਸਾਲਾਂ ਤੋਂ ਪੰਜਾਬੀ ਚਾਹ ਪੀਣ ਤੋਂ ਬਚਣ ਦੇ ਅਤੇ ਅੰਗ੍ਰੇਜ਼ੀ ਚਾਹ ਦਾ ਸਵਾਦ ਪੈਦਾ ਕਰਨ ਦੇ ਯਤਨਾਂ ਵਿੱਚ ਹਾਂ। ਅੰਗ੍ਰੇਜ਼ੀ ਚਾਹ ਦਾ ਟੇਸਟ ਤਾਂ ਡਿਵੈਲਪ ਹੋਇਆ ਨਹੀ ਪਰ ਪੰਜਾਬੀ ਚਾਹ ਤਾਂ ਹੁਣ ਮੇਰੇ ਸੰਘੋਂ ਨਹੀ ਲੰਘਦੀ। ਦੂਜਾ ਕੁੱਝ ਦੂਰੀ ਤੇ ਰੇਹੜੀਆਂ ਉਪਰ ਦਿਸ ਰਹੇ ਲਾਲ ਲਾਲ ਸੰਤਰਿਆਂ ਦਾ ਰੰਗ ਮੇਰੇ ਦਿਲ ਨੂੰ ਧੂਹ ਪਾ ਰਿਹਾ ਸੀ। ਮੇਰਾ ਜੀ ਕਰੇ ਕਿ ਮੈ ਦੋ ਚਾਰ ਸੰਤਰੇ ਖਾਵਾਂ। ਜੇ ਔਖਾ ਸੌਖਾ ਹੋ ਕੇ ਚਾਹ ਦੇ ਘੁੱਟ ਭਰ ਲੈਂਦਾ ਤਾਂ ਉਹ ਨਹੀ ਸੀ ਖਾ ਹੋਣੇ। ਬੜਾ ਹੀ ਯਤਨ ਕੀਤਾ ਕਿ ਹੌਲਦਾਰ ਸਾਹਿਬ ਵੱਲੋਂ ਵਿਖਾਏ ਜਾ ਰਹੇ ਪ੍ਰੇਮ ਵਿੱਚ ਵੀ ਫਰਕ ਨਾ ਪਵੇ ਤੇ ਚਾਹ ਤੋਂ ਵੀ ਛੁਟਕਾਰਾ ਹੋ ਜਾਵੇ ਪਰ ਏਨੀ ਖ਼ੁਸਕਿਸਮਤੀ ਕਿਥੇ! "ਨਾਲ਼ੇ ਚੋਪੜੀਆਂ ਤੇ ਨਾਲ਼ੇ ਦੋ ਦੋ!" ਏਨੀ ਆਪਣੀ ਹੈਸੀਅਤ ਤੋਂ ਵੱਡੀ ਮੰਗ! ਆਖਰ ਨਾ ਖੁਸ਼ੀ ਜਿਹੇ ਮਾਹੌਲ਼, ਜੋ ਕਿ ਮੇਰੇ ਚਾਹ ਸੰਕਟ ਕਰਕੇ ਪੈਦਾ ਹੋ ਗਿਆ ਸੀ, ਵਿੱਚ ਹੀ ਉਸ ਪਾਸੋਂ ਵਿਦਿਆ ਲਈ। ਅਸੀਂ ਦੋਵੇਂ ਜਣੇ ਓਥੋਂ ਮੁੜ ਕੇ ਲਾਹੌਰ ਆ ਗਏ। ਅਗਲੇ ਦਿਨ ਲਾਹੌਰੋਂ ਬੱਸ ਰਾਹੀਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਨੂੰ ਤੁਰ ਪਏ। ਏਅਰ ਕੰਡੀਸ਼ਨਡ ਬੱਸ ਤੇ ਸੜਕ ਇਸ ਤਰ੍ਹਾਂ ਜਿਸ ਤਰ੍ਹਾਂ ਦੀ ਪੱਛਮੀ ਮੁਲਕਾਂ ਦੀਆਂ ਸੜਕਾਂ ਹੁੰਦੀਆਂ ਹਨ। ਪਤਾ ਲੱਗਾ ਕਿ ਇਹ ਸੜਕ ਕਿਸੇ ਵਿਦੇਸ਼ੀ ਕੰਪਨੀ ਨੇ ਬਣਾਈ ਹੈ ਤੇ ਵੀਹ ਸਾਲਾਂ ਤੱਕ ਇਸਦਾ ਕੰਟ੍ਰੋਲ਼ ਵੀ ਉਸਦੇ ਪਾਸ ਹੀ ਰਹਿਣਾ ਹੈ। ਪਤਾ ਨਾ ਲੱਗੇ ਕਿ ਆਸਟ੍ਰੇਲੀਆ ਦੀ ਕਿਸੇ ਸੜਕ ਤੇ ਜਾ ਰਹੇ ਹਾਂ ਜਾਂ ਪੰਜਾਬ ਵਿਚ! ਅਨੰਦ ਹੀ ਆ ਗਿਆ ਹੂਟਾ ਲੈਣ ਦਾ ਕਿ! ਫੇਰ ਇੱਕ ਬਦਮਜ਼ਗ਼ੀ ਜਿਹੀ ਵੀ ਪੈਦਾ ਹੋ ਗਈ। ਜਿਥੇ ਸਾਰੇ ਸਵਾਰ ਸਾਨੂੰ ਪ੍ਰਾਹੁਣਿਆਂ ਵਰਗਾ ਆਦਰ ਦੇ ਰਹੇ ਸਨ। ਓਥੇ ਇੱਕ ਜਵਾਨ ਹੱਟਾ ਕੱਟਾ ਸੱਜਣ ਵੀ ਬੱਸ ਵਿੱਚ ਬੈਠਾ ਹੋਇਆ ਸੀ ਜਿਸਨੂੰ ਦਿਸਦਾ ਨਹੀ ਸੀ। ਪਹਿਲਾਂ ਤਾ ਉਸਨੇ ਕਿਸੇ ਦਾ ਲਿਹਾਜ ਕੀਤਿਆਂ ਬਿਨਾ ਹੀ ਆਪਣੀ ਸਹਇਤਾ ਲਈ ਨਾਲ਼ ਰੱਖੇ ਇੱਕ ਮਾਸੂਮ ਜਿਹੇ ਬੱਚੇ ਨੂੰ ਚਪੇੜਾਂ ਨਾਲ਼ ਕੁੱਟਣਾ ਸ਼ੁਰੂ ਕਰ ਦਿਤਾ ਤੇ ਮੁੜ ਸਾਨੂੰ ਮੁਖ਼ਾਤਬ ਜੋ ਕੇ ਬੋਲਿਆ, "ਤੁਸੀਂ ਕਾਫ਼ਰ ਕਿਉਂ ਹੋ, ਮੋਮਨ ਕਿਉਂ ਨਹੀ ਬਣਦੇ!" ਜਿਵੇਂ ਕਿਵੇਂ ਇਸ ‘ਸੰਕਟ’ ਤੋਂ ਛੁਟਕਾਰਾ ਪਾਇਆ। ਸ਼ਾਇਦ ਬਚਪਨ ਤੋਂ ਨੇਤਰਹੀਣ ਸੱਜਣਾਂ ਬਾਰੇ ਸੁਣੀਆਂ ਗੱਲਾਂ ਸੱਚ ਹੀ ਹੋਣ! ਕੁੱਝ ਲੋਕਾਂ ਦਾ ਵਿਚਾਰ ਹੈ ਕਿ ਦਿਸਦਾ ਨਾ ਹੋਣ ਕਰਕੇ ਇਹਨਾਂ ਵਿੱਚ ‘ਦਲੇਰੀ’ ਦਾ ਅੰਸ਼ ਦੂਜਿਆਂ ਨਾਲ਼ੋਂ ਵਧ ਹੁੰਦਾ ਹੈ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਹੁੰਚ ਗਏ। ਦਰਵਾਜੇ ਤੇ ਬਾਕੀ ਗੁਰਦੁਆਰਿਆਂ ਵਾਂਗ ਹੀ ਪੁਲਸ ਦਾ ਪਹਿਰਾ ਸੀ। ਬਾਹਰ ਭੀੜਾ ਜਿਹਾ ਬਾਜ਼ਾਰ ਸੀ ਪਰ ਅੰਦਰ ਬਹੁਤ ਹੀ ਖੁਲ੍ਹਾ ਡੁਲ੍ਹਾ ਗੁਰਦੁਆਰਾ ਸੁਸ਼ੋਭਤ ਸੀ। ਰਹਿਣ ਨੂੰ ਕਮਰਾ ਤੇ ਛਕਣ ਲਈ ਪ੍ਰਸ਼ਾਦੇ ਦਾ ਪ੍ਰਬੰਧ ਵੀ ਹੋ ਗਿਆ। ਅਗਲੇ ਦਿਨ ਅਸੀਂ ਬੱਸ ਫੜੀ ਤੇ ਪਿਸ਼ੌਰ ਲਈ ਰਵਾਨਾ ਹੋ ਗਏ। ਓਥੇ ਭਾਈ ਜੋਗਾ ਸਿੰਘ ਜੀ ਦੀ ਯਾਦ ਵਿੱਚ ਵਿਸ਼ਾਲ ਗੁਰਦੁਆਰਾ ਸਾਹਿਬ ਹੈ। ਓਥੋਂ ਦੇ ਲੋਕ ਇਸ ਇਲਾਕੇ ਨੂੰ ‘ਮਹੱਲਾ ਜੋਗਨ ਸ਼ਾਹ’ ਆਖਦੇ ਹਨ। ਅੱਡੇ ਤੋਂ ਸ਼ਹਿਰ ਨੂੰ ਜਾਂਦਿਆਂ ਸੱਜੇ ਹੱਥ ‘ਬਾਲਾ ਹਿਸਾਰ’ ਨਾਂ ਦਾ ਵਿਸ਼ਾਲ ਕਿਲ੍ਹਾ ਵੀ ਸੁਸ਼ੋਭਤ ਸੀ ਜਿਥੇ ਸ. ਹਰੀ ਸਿੰਘ ਨਲੂਆ ਬਿਮਾਰ ਪਿਆ ਸੀ ਤੇ ਜਮਰੌਦ ਦੇ ਕਿਲ੍ਹੇ ਵਿਚੋਂ ਬੀਬੀ ਹਰਿਸ਼ਰਨ ਕੌਰ ਸੰਕਟ ਦਾ ਸੁਨੇਹਾ ਲੈ ਕੇ ਆਈ ਸੀ ਤੇ ਸਰਦਾਰ ਜੀ ਬਿਮਾਰੀ ਦੀ ਹਾਲਤ ਵਿੱਚ ਹੀ ਉਸ ਕਿਲ੍ਹੇ ਵਿਚੋਂ ਜਮਰੌਦ ਦੀ ਰੱਖਿਆ ਲਈ ਉਠ ਕੇ ਤੁਰ ਪਏ ਸਨ। ਗੁਰਦੁਆਰੇ ਵਿੱਚ ਸੌਣ ਤੇ ਖਾਣ ਦਾ ਮਸਲਾ ਵੀ ਹੱਲ ਹੋ ਗਿਆ।

ਪਿਸ਼ੌਰ ਵਿੱਚ ਢਾਈ ਤਿੰਨ ਸੌ ਸਿਖ ਪਰਵਾਰ ਰਹਿੰਦੇ ਹਨ ਜੋ ਬਹੁਤੇ ਦੁਕਾਨਦਾਰ ਹਨ। ਇਹ ਪਰਵਾਰ ਗਿਰਦ ਨਿਵਾਹੀ ਦੇ ਕਬਾਇਲੀ ਇਲਾਕਿਆਂ `ਚੋਂ ਹੌਲ਼ੀ ਹੌਲ਼ੀ ਏਥੇ ਸ਼ਹਿਰ ਵਿੱਚ ਆ ਵੱਸੇ ਹਨ। ਗੁਰਦੁਆਰੇ ਵਿੱਚ ਦੋਵੇਂ ਵੇਲ਼ੇ ਦੀਵਾਨ ਸਜਦਾ ਤੇ ਲੰਗਰ ਚੱਲਦਾ ਹੈ। ਅਸੀਂ ਏਥੇ ਘੁੰਮੇ ਤੇ ਕੁੱਝ ਗੁਰਸਿਖਾਂ ਨੂੰ ਵੀ ਮਿਲ਼ੇ। ਚਾਹਨਾ ਸੀ ਕਿ ਬਚਪਨ ਤੋਂ ਇਤਿਹਾਸ ਤੇ ਕਿੱਸੇ ਪੜ੍ਹ ਪੜ੍ਹ ਕੇ ਸੋਚ ਵਿੱਚ ਛਾਇਆ ਹੋਇਆ ਜਮਰੌਦ ਦਾ ਕਿਲ੍ਹਾ ਵੇਖਿਆ ਜਾਵੇ। ਇਹ ਕਿਲ੍ਹਾ ਸਦੀਆਂ ਤੋਂ ਪਛਮ ਵਲੋਂ ਆ ਰਹੇ ਹਮਲਾਵਰਾਂ ਦੇ ਰਾਹ, ਦੱਰਾ ਖ਼ੈਬਰ ਦੇ ਐਨ ਦਹਾਨੇ ਉਤੇ, ਸ. ਹਰੀਆ ਸਿੰਘ ਨਲੂਆ ਨੇ ਉਸਾਰ ਕੇ ਇਸ ਪਾਸਿਉਂ ਆਉਣ ਵਾਲ਼ੇ ਧਾੜਵੀਆਂ ਦੀ ਸਦਾ ਲਈ ‘ਬੋਲਤੀ ਬੰਦ’ ਕਰ ਦਿਤੀ ਸੀ। ਇਹ ਪਿਸ਼ੌਰ ਤੋਂ ਬਹੁਤੀ ਦੂਰ ਨਹੀ ਸੀ। ਜਿਸ ਵੀ ਸਿੱਖ ਨਾਲ਼ ਅਸੀਂ ਇਹ ਗੱਲ ਕਰੀਏ ਉਹ ਸਾਡੀ ਹੌਸਲਾ ਸ਼ਿਕਨੀ ਹੀ ਕਰੇ। ਉਹ ਠੀਕ ਹੀ ਆਖਦੇ ਸਨ। ਉਹਨਾਂ ਦੇ ਬਚਨ ਕੁੱਝ ਇਸ ਤਰ੍ਹਾਂ ਸਨ: ਉਹ ਗ਼ੈਰ ਇਲਾਕਾ ਹੈ। ਸਭ ਲੋਕ ਹਥਿਆਰਬੰਦ ਹਨ। ਉਹ ਅਗਵਾ ਵੀ ਕਰ ਲੈਂਦੇ ਹਨ ਤੇ ਮਾਰ ਵੀ ਦਿੰਦੇ ਹਨ। ਪਾਕਿਸਤਾਨ ਦਾ ਕੋਈ ਕਾਨੂੰਨ ਆਦਿ ਓਥੇ ਨਹੀ ਚੱਲਦਾ। ਇਹ ਸਭ ਕੁੱਝ ਠੀਕ ਹੈ। ਪਾਕਿਸਤਾਨ ਤੇ ਅਫ਼ਗਾਸਿਤਾਨ ਦੀ ਹੱਦ ਉਪਰ ਕਬਾਇਲੀ ਪਠਾਣਾਂ ਦੇ ਇਲਾਕੇ ਹਨ। ਇਹ ਸੈਮੀ ਆਜ਼ਾਦ ਹੀ ਹਨ। ਕਦੀ ਕਿਸੇ ਬਾਹਰਲੀ ਸਰਕਾਰ ਦੇ ਅਧੀਨ ਨਹੀ ਰਹੇ। ਅੰਗ੍ਰੇਜ਼ ਵੀ ਇਹਨਾਂ ਤੇ ਕਾਬੂ ਨਾ ਪਾ ਸਕੇ। ਬਹੁਤ ਹੀ ਮਾਰ ਖੋਰੇ ਕਬੀਲੇ ਹਨ। ਕੁੱਝ ਸਮਾ ਸ. ਹਰੀ ਸਿੰਘ ਨਲੂਏ ਨੇ ਇਹਨਾਂ ਤੇ ਕਾਬੂ ਪਾਇਆ ਸੀ। ਇਹਨਾਂ ਦੇ ਇਲਾਕੇ ਸੱਤ ਏਜੰਸੀਆਂ ਅਰਥਾਤ ਖ਼ੁਦ ਮੁਖ਼ਤਾਰ ਰਾਜਸੀ ਬਣਤਰਾਂ ਵਿੱਚ ਵੰਡੇ ਹੋਏ ਹਨ। ਇਹਨਾਂ ਦੀ ਪਾਰਲੀਮੈਟ ਜਾਂ ਪੰਚਾਇਤ ਨੂੰ ‘ਜਿਰਗਾ’ ਆਖਦੇ ਹਨ। ਖ਼ੈਬਰ, ਵਜ਼ੀਰਿਸਤਾਨ ਆਦਿ ਨਾਂਵਾਂ ਦੇ ਇਹ ਇਲਾਕੇ ਹਨ। ਇੰਟਰਨੈਸ਼ਨਲ ਮਾਨਤਾ ਅਨੁਸਾਰ ਤਾਂ ਭਾਵੇਂ ਇਹ ਸਾਰੇ ਇਲਾਕੇ ਪਾਕਿਸਤਾਨ ਦੀ ਹੱਦ ਅੰਦਰ ਹੀ ਵਿਖਾਏ ਜਾਂਦੇ ਹਨ ਪਰ ਅਮਲੀ ਤੌਰ ਤੇ ਪਾਕਿਸਤਾਨ ਦਾ ਕੋਈ ਕਾਨੂੰਨ ਓਥੇ ਨਹੀ ਚੱਲਦਾ। ਪਾਕਿਸਤਾਨੀ ਫੌਜ ਜਰੂਰ ਕਈ ਥਾਂਵਾਂ ਤੇ ਛਾਉਣੀਆਂ ਵਿੱਚ ਰਹਿੰਦੀ ਹੈ ਪਰ ਕੁੱਝ ਸਮੇ ਤੋਂ ਓਥੋਂ ਦੇ ਲੋਕਾਂ ਦੀ ਫੌਜ ਨਾਲ਼ ਵੀ ਗਾਹੇ ਬਗਾਹੇ ਟੱਕਰ ਹੋ ਜਾਂਦੀ ਹੈ ਤੇ ਕਦੀ ਕਦੀ ਕਿਸੇ ਥਾਂ ਤੋਂ ਪਾਕਿਸਤਾਨੀ ਫੌਜ ਨੂੰ ਪਸਪਾਈ ਦਾ ਮੂੰਹ ਵੀ ਵੇਖਣਾ ਪੈ ਜਾਂਦਾ ਹੈ।

ਗੁਰਦੁਆਰੇ ਦੇ ਗ੍ਰੰਥੀ ਸਿੰਘ, ਭਾਈ ਸੋਨਾ ਸਿੰਘ ਜੀ, ਨੇ ਸਾਡੀ ਜਿਦ ਜਿਹੀ ਵੇਖ ਕੇ ਸਾਨੂੰ ਇੱਕ ਨੌਜਵਾਨ ਗੁਰਦੁਆਰੇ ਮੱਥਾ ਟੇਕਣ ਆਇਆ ਮਿਲ਼ਾ ਦਿਤਾ। ਉਹ ਨੌਜਵਾਨ ਅਫ਼ਗਾਨਿਸਤਾਨ ਤੋਂ ਤਾਲਿਬਾਨਾਂ ਦੀ ਗੜਬੜ ਕਰਕੇ ਪਾਕਿਸਤਾਨ ਆ ਗਿਆ ਸੀ ਅਤੇ ਪਿਸ਼ੌਰ ਤੇ ਦੱਰਾ ਖ਼ੈਬਰ ਦੇ ਵਿਚਾਲ਼ੇ ਮੌਜੂਦ ਇੱਕ ਟਾਊਨ ਵਿੱਚ ਉਸਦੀ ਕੱਪੜੇ ਦੀ ਚੰਗੀ ਦੁਕਾਨ ਸੀ। ਇਸ ਟਾਊਨ ਦਾ ਨਾਂ ਇਸ ਸਮੇ ਯਾਦ ਨਹੀ ਆ ਰਿਹਾ। ਇਉਂ ਹੀ ਸਮਝ ਲਈਏ ਕਿ ਜਿਵੇਂ ਅੰਮ੍ਰਿਤਸਰ ਤੇ ਅਟਾਰੀ ਦਰਮਿਆਨ ਛੇਹਰਟਾ ਹੋਵੇ। ਅਗਲੇ ਦਿਨ ਉਸ ਨੇ ਟੈਕਸੀ ਕਰਕੇ ਸਾਨੂੰ ਕਿਲ੍ਹਾ ਵਿਖਾਉਣ ਲਈ ਆਪਣੇ ਨਾਲ਼ ਤੋਰ ਲਿਆ। ਤੁਰਨ ਤੋਂ ਪਹਿਲਾਂ ਮੈ ਆਪਣਾ ਪਾਸਪੋਰਟ ਇਸ ਲਈ ਖੋਹਲ ਕੇ ਵੇਖਿਆ ਕਿ ਕਿਤੇ ਹਿੰਦੁਸਤਾਨ ਵਾਂਗ ਪਾਕਿਸਤਾਨ ਵਿੱਚ ਵੀ ਕਿਸੇ ਖ਼ਾਸ ਇਲਾਕੇ ਵਿੱਚ ਜਾਣ ਦੀ ਪਾਬੰਦੀ ਤਾਂ ਨਹੀ! ਅਜਿਹੀ ਸਮੱਸਿਆ ਜਨਵਰੀ 1986 ਵਿੱਚ ਅੰਮ੍ਰਿਤਸਰ ਪੇਸ਼ ਪੈ ਗਈ ਸੀ। ਸਾਰਾ ਪਰਵਾਰ ਅਸੀਂ ਅੰਮ੍ਰਿਤਸਰੋਂ ਦਿੱਲੀ ਵਾਲ਼ਾ ਜਹਾਜ ਫੜਨ ਲਈ ਰਾਜਾ ਸਾਂਹਸੀ ਗਏ। ਸਾਮਾਨ ਵਗੈਰਾ ਸਾਰਾ ਕੁੱਝ ਅੰਦਰ ਚਲਿਆ ਗਿਆ। ਸਭ ਕੁੱਝ ਹੋ ਜਾਣ ਤੋਂ ਬਾਅਦ ਬਿਨਾ ਲੋੜੋਂ ਹੀ ਇੱਕ ਖੁਲ੍ਹੀ ਦਾਹੜੀ ਵਾਲ਼ਾ ਸਿੱਖ ਹੌਲਦਾਰ ਪੰਗਾ ਪਾ ਕੇ ਬਹਿ ਗਿਆ ਕਿ ਸਾਡੇ ਪਾਸ ਪੰਜਾਬ ਦਾ ਵੀਜ਼ਾ ਨਹੀ ਹੈ। ਹਾਲਾਂ ਕਿ ਵੀਜ਼ੇ ਆਦਿ ਦੀ ਪੜਤਾਲ ਦਿੱਲੀ ਹੋਣੀ ਸੀ। ਸੱਜਣ, ਮਿੱਤਰ, ਪਰਵਾਰ, ਰਿਸ਼ਤੇਦਾਰ ਆਦਿ ਇੱਕ ਤਕੜਾ ਹਜੂਮ ਵਿਦਾ ਕਰਨ ਆਇਆ ਹੋਇਆ ਸੀ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰੱਬ ਰੱਬ ਕਰਕੇ ਇੱਕ ਵੱਡੇ ਅਫ਼ਸਰ ਦੀ ਮੇਹਰਬਾਨੀ ਨਾਲ਼ ਅਸੀਂ ਹਵਾਈ ਅੱਡੇ ਤੋਂ ਸਾਮਾਨ ਲੈ ਕੇ ਵਾਪਸ ਮੁੜਨ ਵਿੱਚ ਕਾਮਯਾਬ ਹੋਏ ਤੇ ਰਾਤ ਦੀ ਗੱਡੀ ਫੜ ਕੇ ਦਿੱਲੀਓਂ ਆ ਕੇ ਜਹਾਜ ਫੜਿਆ। ਇਸ ਸਾਰੇ ਕੁੱਝ ਦਾ ਵੇਰਵਾ ਫੇਰ ਕਿਤੇ ਸਹੀ। (ਲੇਖ ਬਧਨ ਤੇ ਅਧਿਕ ਡਰਾਊਂ॥) ਮੈ ਨਹੀ ਸੀ ਚਾਹੁੰਦਾ ਕਿ ਜੋ ਕੁੱਝ ਮੇਰੇ ਆਪਣੇ ਸ਼ਹਿਰ ਏਨੇ ਸ਼ੁਭਚਿੰਤਕਾਂ ਦੀ ਹਾਜਰੀ ਵਿੱਚ ਮੇਰੇ ਨਾਲ਼ ਹੋਇਆ ਉਹ ਕੁੱਝ ਏਥੇ ਪਰਦੇਸ ਵਿੱਚ ਹੋ ਜਾਵੇ। ਪਾਸਪੋਰਟ ਵੇਖ ਕੇ ਮੇਰੀ ਖਾਨਿਓਂ ਗਈ! ਹੋਇਆ ਇਹ ਕਿ ਸਿਡਨੀ ਸਥਿਤ ਪਾਕਿਸਤਾਨੀ ਕੌਂਸੂਲੇਟ ਤੋਂ ਮੈ ਇੱਕ ਮਹੀਨੇ ਦਾ ਵੀਜ਼ਾ ਮੰਗਿਆ ਸੀ ਤੇ ਦੋ ਇੰਟਰੀਆਂ ਦੇਣ ਦਾ ਓਹਨਾਂ ਨੇ ਵਾਅਦਾ ਕੀਤਾ ਸੀ। ਉਹਨਾਂ ਦੇ ਜ਼ਬਾਨੀ ਇਕਰਾਰ ਤੇ ਮੈ ਇਤਬਾਰ ਕਰਕੇ ਸਮਝ ਲਿਆ ਕਿ ਦੋ ਦੋ ਹਫ਼ਤੇ ਦੀਆਂ ਦੋ ਇੰਟਰੀਆਂ ਹੋਣਗੀਆਂ ਪਰ ਉਹਨਾਂ ਨੇ ਇੱਕ ਮਹੀਨੇ ਦੀ ਥਾਂ ਦੋ ਹਫ਼ਤਿਆਂ ਦਾ ਵੀਜ਼ਾ ਦਿਤਾ ਤੇ ਇੱਕ ਵਾਰੀ ਦੀ ਇੱਕ ਹਫ਼ਤੇ ਦੀ ਇੰਟਰੀ। ਮੈ ਤਾਂ ਆਰਾਮ ਨਾਲ਼ ਫਿਰਦਾ ਰਿਹਾ ਇਹ ਸਮਝ ਕੇ ਕਿ ਮੇਰੇ ਪਾਸ ਦੋ ਹਫ਼ਤਿਆਂ ਦਾ ਵੀਜ਼ਾ ਹੈ ਪਰ ਉਹ ਤਾਂ ਇੱਕ ਹਫ਼ਤੇ ਦਾ ਹੀ ਸੀ; ਤੇ ਮੇਰੇ ਪਾਸ ਏਨਾ ਸਮਾ ਨਹੀ ਸੀ ਬਚਿਆ ਕਿ ਨਾਲ਼ ਦੇ ਸਾਥੀ ਨਾਲ਼ ਕੀਤੇ ਗਏ ਇਕਰਾਰ ਅਨੁਸਾਰ ਉਸਦੇ ਜਨਮ ਸ਼ਹਿਰ ਸਰਗੋਧੇ ਦਾ ਚੱਕਰ ਲਾ ਸਕਦਾ। ਉਸਨੇ ਮੈਨੂੰ ਬੇਫਿਕਰ ਹੋਣ ਦੀ ਵੀ ਭਰਪੂਰ ਪ੍ਰੇਰਨਾ ਕੀਤੀ ਤੇ ਆਖਿਆ ਕਿ ਏਨਾ ਕੁ ਓਵਰ ਸਟੇ ਹੋ ਜਾਣ ਨਾਲ਼ ਕੁੱਝ ਨਹੀ ਆਖਦੇ ਪਰ ਮੈ ਤਾਂ ਦੁਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰਨ ਵਾਲ਼ੀ ਹਾਲਤ ਵਿੱਚ ਸਾਂ। ਇਹਨਾਂ ਦੋਹਾਂ ਮੁਲਕਾਂ ਵਿੱਚ ਮੈ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਲਗਦੀ ਵਾਹ ਕੋਈ ਬਹਾਨਾ ਦੇਣ ਲਈ ਤਿਆਰ ਨਹੀ ਕਿ ਉਹ ਮੈਨੂੰ ਦਬਕਾ ਕੇ ਲੁੱਟਣ ਦਾ ਕੋਝਾ ਯਤਨ ਕਰੇ। ਮੈਨੂੰ ਨਾ ਮੰਨਦਾ ਵੇਖ ਕੇ ਉਹ ਚੰਗਾ ਸੱਜਣ ਮੇਰੇ ਨਾਲ਼ ਨਾਰਾਜ਼ ਵੀ ਹੋ ਗਿਆ ਤੇ ਨਿਰਾਸਤਾ ਵਿੱਚ ਹੀ ਕਿਲ੍ਹਾ ਵੇਖਣ ਤੋਂ ਪਿਛੋਂ ਮੇਰੇ ਨਾਲ਼ ਹੀ ਲਾਹੌਰ ਆ ਗਿਆ। ਸ਼ਾਇਦ ਇਕੱਲੇ ਦਾ ਸਰਗੋਧੇ ਜਾਣ ਦਾ ਉਸਦਾ ਵੀ ਹੌਸਲਾ ਨਾ ਪਿਆ ਹੋਵੇ! ਕਿਲ੍ਹੇ ਦੀ ਗੱਲ ਕਰ ਲਈਏ। ਉਸ ਸਿੱਖ ਨੌਜਵਾਨ ਨਾਲ਼ ਅਸੀਂ ਦੋਵੇਂ ਜਣੇ ਟੈਕਸੀ ਤੇ ਬੈਠ ਕੇ ਪਿਸ਼ੌਰੋਂ ਚੱਲ ਪਏ। ਉਸਦਾ ਟਾਊਨ ਲੰਘ ਕੇ ਇੱਕ ਸੈਰੇਮੋਨੀਅਲ ਸਵਾਗਤੀ ਗੇਟ ਆਇਆ। ਏਥੋਂ ਖ਼ੈਬਰ ਏਜੰਸੀ ਦਾ ਇਲਾਕਾ ਸ਼ੁਰੂ ਹੁੰਦਾ ਸੀ। ਮੈ ਟੈਕਸੀ ਦੀ ਪਿਛਲੀ ਸੀਟ ਤੇ ਖੱਬੇ ਪਾਸੇ ਬੈਠਾ ਹੋਇਆ ਸਾਂ। ਏਸੇ ਪਾਸੇ ਹੀ ਗੇਟ ਉਤੇ ਉਰਦੂ ਤੇ ਅੰਗ੍ਰੇਜ਼ੀ ਵਿੱਚ ਇੱਕ ਬੋਰਡ ਲੱਗਾ ਹੋਇਆ ਸੀ, "ਇਸ ਤੋਂ ਅੱਗੇ ਪਰਦੇਸੀ ਨਹੀ ਜਾ ਸਕਦੇ। "ਮੈ ਉਹ ਪੜ੍ਹ ਤਾਂ ਲਿਆ ਪਰ ਦੂਜਿਆਂ ਨਾਲ਼ ਇਹ ਗੱਲ ਸਾਂਝੀ ਨਾ ਕੀਤੀ ਤੇ ਅਸੀਂ ਤੁਰੀ ਗਏ। ਅੱਗੇ ਦੱਰਾ ਖ਼ੈਬਰ ਦਾ ਅਸਲੀ ਗੇਟ ਆ ਗਿਆ। ਉਸਦੇ ਨਾਲ਼ ਹੀ ਅੰਦਰਵਾਰ ਸੱਜੇ ਹੱਥ ਕਿਲ੍ਹੇ ਦਾ ਗੇਟ ਹੈ। ਉਸ ਸਰਦਾਰ ਨੇ ਬਾਰੀ ਖੁਲ੍ਹਵਾ ਕੇ ਅੰਦਰ ਪਹਿਰੇਦਾਰ ਨਾਲ਼ ਗੱਲ ਕੀਤੀ ਤੇ ਉਸਨੇ ਵੱਡਾ ਗੇਟ ਕਿਲ੍ਹੇ ਦਾ ਖੋਹਲ ਦਿਤਾ ਤੇ ਅਸੀਂ ਕਾਰ ਸਮੇਤ ਹੀ ਅੰਦਰ ਚਲੇ ਗਏ। ਸਭ ਤੋਂ ਪਹਿਲਾਂ ਸਾਨੂੰ ਤਿੰਨਾਂ ਨੂੰ ਕਿਲ੍ਹੇ ਦੇ ਐਕੰਿਟੰਗ ਕਮਾਂਡਰ, ਜਨਾਬ ਅਜ਼ੀਜ਼ ਭੱਟੀ ਸਾਹਿਬ, ਨਾਲ਼ ਮਿਲਾਇਆ ਗਿਆ। ਉਸਨੇ ਕਿਲ੍ਹਾ ਵਿਖਾਉਣ ਲਈ ਸਾਡੇ ਨਾਲ਼ ਇੱਕ ਹੌਲਦਾਰ ਤੋਰ ਦਿਤਾ ਤੇ ਨਾਲ਼ ਹੀ ਆਖ ਦਿਤਾ ਕਿ ਉਸਨੂੰ ਮਿਲ਼ਿਆਂ ਤੋਂ ਬਿਨਾ ਅਸੀਂ ਵਾਪਸ ਨਾ ਚਲੇ ਜਾਈਏ। ਉਸ ਹੌਲਦਾਰ ਨੇ ਸਾਨੂੰ ਚੰਗੀ ਤਰ੍ਹਾਂ ਕਿਲ੍ਹਾ ਵਿਖਾਉਣ ਦੇ ਨਾਲ਼ ਨਾਲ਼ ਜਾਣਕਾਰੀ ਵੀ ਦਿੰਦਿਆਂ ਦੱਸਿਆ ਕਿ ਅਹੁ ਜੇਹੜੀ ਮਸੀਤ ਦਿਸਦੀ ਹੈ ਇਹ ਸ. ਹਰੀ ਸਿੰਘ ਨਲੂਏ ਨੇ ਆਪਣੇ ਮੁਸਲਮਾਨ ਫੌਜੀਆਂ ਵਾਸਤੇ ਉਸ ਸਮੇ ਬਣਵਾਈ ਸੀ। ਅਹੁ ਜਿਥੇ ਟਰੱਕ ਵਗੈਰਾ ਖਲੋਤੇ ਹੋਏ ਨੇ, ਸਰਦਾਰ ਨਲੂਏ ਦੇ ਸਮੇ ਵੀ ਉਸਦੀ ਫੌਜੀ ਕਾਨਵਾਈ ਏਥੇ ਹੀ ਖਲੋਇਆ ਕਰਦੀ ਸੀ। ਇੱਕ ਅਸੀਂ ਸਥਾਨ ਅਜਿਹਾ ਵੀ ਕਿਲ੍ਹੇ ਵਿੱਚ ਵੇਖਿਆ ਜਿਸ ਬਾਰੇ ਕਮਾਂਡਰ ਸਮੇਤ ਕਿਸੇ ਨੂੰ ਨਹੀ ਸੀ ਪਤਾ ਕਿ ਇਹ ਕੀ ਹੈ! ਇਹ ਸੀ ਸ. ਹਰੀ ਸਿੰਘ ਨਲੂਏ ਦੀ ਸਮਾਧ। ਇਹ ਪੱਕੀ ਬਣੀ ਹੋਈ ਸੀ ਗੁੰਬਦਦਾਰ. ਇਸਦਾ ਫਰਸ਼ ਕੱਚਾ ਸੀ। ਇਸਦੇ ਮੱਥੇ ਉਪਰ ਸੰਗ ਮਰਮਰ ਦੀ ਸਿਲ ਲੱਗੀ ਹੋਈ ਸੀ ਜਿਸ ਉਪਰ ਪੰਜਾਬੀ ਵਿੱਚ ਲਿਖਿਆ ਹੋਇਆ ਸੀ ਕਿ ਇਹ ਸਮਾਧ ਫ਼ਸਟ ਪਟਿਆਲਾ ਸਿੱਖ ਰਜਮੈਟ ਨੇ 1944 ਵਿੱਚ ਬਣਵਾਈ ਸੀ। ਉਹਨਾਂ ਵਿਚੋਂ ਗੁਰਮੁਖੀ ਅੱਖਰਾਂ ਦਾ ਕੋਈ ਜਾਣੂ ਨਾ ਹੋਣ ਕਰਕੇ ਉਹ ਪੜ੍ਹ ਨਹੀ ਸਨ ਸਕਦੇ ਤੇ ਇਸ ਲਈ ਉਹਨਾਂ ਨੂੰ ਪਤਾ ਨਹੀ ਸੀ ਕਿ ਇਹ ਕੀ ਚੀਜ ਹੈ! ਗੱਲਬਾਤ ਦੌਰਾਨ ਮੈ ਦੱਸਿਆ ਕਿ ਇਹ ਉਸ ਸਥਾਨ ਦੀ ਯਾਦਗਾਰ ਵਜੋਂ ਏਥੇ ਕਿਆਮ ਦੌਰਾਨ ਸਿੱਖ ਰਜਮੈਟ ਨੇ ਉਸ ਸਥਾਨ ਤੇ ਸਮਾਧ ਬਣਵਾਈ ਸੀ ਜਿਥੇ ਸ. ਹਰੀ ਸਿੰਘ ਨਲੂਏ ਦਾ ਸਸਕਾਰ ਕੀਤਾ ਗਿਆ ਸੀ। ਜਦੋਂ 1837 ਵਿੱਚ ਉਹ ਅਫ਼ਗਾਨ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦ ਹੋ ਗਿਆ ਸੀ। ਉਸ ਸਮੇ ਦੇ ਇਤਿਹਾਸਕ ਵਾਕਿਆ ਨੂੰ ਵੀ ਮੈ ਸੰਖੇਪ ਵਿੱਚ ਦੱਸਿਆ।

ਕਿਲ੍ਹਾ ਵੇਖਣ ਤੋਂ ਪਿੱਛੋਂ ਅਸੀਂ ਕਮਾਂਡਰ ਸਾਹਿਬ ਦੇ ਦਰਬਾਰ ਵਿੱਚ ਹਾਜਰ ਹੋ ਗਏ ਜੋ ਕਿ ਖੁਲ੍ਹੇ ਥਾਂ ਤੇ ਡਾਹੀਆਂ ਕੁਰਸੀਆਂ ਤੇ ਹੀ ਸੁਸ਼ੋਭਤ ਸੀ। ਉਸਨੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਸਾਰੇ ਕੁੱਝ ਦਾ ਸੇਹਰਾ ਅਸੀਂ ਉਸ ਸੋਹਣੇ ਸੱਜਣ ਦੀ ਫ਼ਰਾਖ਼ਦਿਲੀ ਨੂੰ ਦੇਈਏ ਜਾਂ ਉਸਦੀ ਮਹਿਮਾਨ ਨਿਵਾਜ਼ੀ ਜਾਂ ਸਾਡੇ ਨਾਲ਼ ਆਏ ਸਰਦਾਰ ਜੀ ਦੇ ਰਸੂਖ਼ ਨੂੰ ਜਾਂ ਚੰਗੇ ਸਮੇ ਨੂੰ ਜਾਂ ਇਸ ਸਾਰੇ ਕੁੱਝ ਨੂੰ! ਵਾਹਵਾ ਲੰਮੀਆਂ ਗੱਲਾਂ ਬਾਤਾਂ ਦੌਰਾਨ ਜਨਾਬ ਭੱਟੀ ਸਾਹਿਬ ਨੇ ਪੁੱਛ ਲਿਆ, "ਸਰਦਾਰ ਜੀ, ਸਾਡੇ ਮੁਸਲਮਾਨਾਂ ਵਿੱਚ ਵੀ ਸਾਰੀਆਂ ਸਮਾਜਕ ਖ਼ੁਸ਼ੀਆਂ ਗਮੀਆਂ ਦੀਆਂ ਰਸਮਾਂ ਸਿੱਖਾਂ ਵਾਲੀਆਂ ਹੀ ਹੁੰਦੀਆਂ ਨੇ। "ਮੈ ਕਿਹਾ ਸਿੱਖਾਂ ਵਾਲੀਆਂ ਨਹੀ ਪੰਜਾਬੀਆਂ ਵਾਲੀਆਂ, ਭੱਟੀ ਸਾਹਿਬ!" "ਤੇ ਸਿੱਖ ਹੀ ਤਾਂ ਪੰਜਾਬੀ ਹੁੰਦੇ ਨੇ ਕਿ!" ਤੁਰਤ ਉਸਦਾ ਜਵਾਬ ਸੀ। ਅੱਗੇ ਵਿਸਥਾਰ ਕਰਦੇ ਹੋਏ ਮੈ ਜਦੋਂ ਪੰਜਾਬੀ ਕੌਮ ਬਾਰੇ ਜਾਣਕਾਰੀ ਦਿਤੀ ਤਾਂ ਭੱਟੀ ਸਾਹਿਬ ਤੇ ਉਸਦੇ ਸਾਥੀ ਅਫ਼ਸਰਾਂ ਦੀਆਂ ਹੈਰਾਨੀ ਨਾਲ ਅੱਖਾਂ ਟੱਡੀਆਂ ਰਹਿ ਗਈਆਂ। ਮੇਰੇ ਵੱਲੋਂ ਦਿਤੀ ਗਈ ਜਾਣਕਾਰੀ ਦਾ ਸਾਰ ਕੁੱਝ ਇਸ ਤਰ੍ਹਾਂ ਸੀ: ਜਨਾਬ ਭੱਟੀ ਸਾਹਿਬ ਜੀ, ਪੰਜਾਬੀ ਸਿਰਫ ਸਿੱਖ ਹੀ ਨਹੀ ਹੁੰਦੇ ਬਲਕਿ ਪੰਜਾਂ ਦਰਿਆਵਾਂ ਦੀ ਧਰਤੀ ਦਾ ਹਰੇਕ ਬਾਸ਼ਿੰਦਾ ਹੀ ਪੰਜਾਬੀ ਹੈ। ਜੇਕਰ ਪੰਜਾਬੀਆਂ ਨੂੰ ਮਜ਼ਹਬਾਂ ਨੂੰ ਮੰਨਣ ਵਾਲ਼ਿਆਂ ਦੀ ਗਿਣਤੀ ਦੇ ਪੱਖੋਂ ਵੀ ਵਿਚਾਰਿਆ ਜਾਵੇ ਤਾਂ ਸਭ ਤੋਂ ਵਧ ਪੰਜਾਬੀ ਮੁਸਲਮਾਨਾਂ ਦੀ ਗਿਣਤੀ ਹੈ। ਦੂਜੇ ਨੰਬਰ ਤੇ ਪੰਜਾਬੀ ਹਿੰਦੂ ਆਉਂਦੇ ਹਨ। ਮੈਨੂੰ ਸ਼ੱਕ ਹੈ ਕਿ ਸ਼ਾਇਦ ਤੀਜਾ ਨੰਬਰ ਈਸਾਈ ਪੰਜਾਬੀਆਂ ਦਾ ਨਾ ਹੋਵੇ ਕਿਉਂਕਿ ਪਾਕਿਸਤਾਨ ਵਿੱਚ ਬਹੁਤੇ ਪਛੜੀਆਂ ਸ਼੍ਰੇਣੀਆਂ ਦੇ ਵਿਅਕਤੀ ਈਸਾਈ ਬਣ ਚੁੱਕੇ ਹਨ ਤੇ ਪੂਰਬੀ ਪੰਜਾਬ ਵਿੱਚ ਵੀ ਇਹਨਾਂ ਦੀ ਸੱਬਰਕੱਤੀ ਗਿਣਤੀ ਈਸਾਈ ਧਰਮ ਵਿੱਚ ਪਰਵੇਸ਼ ਕਰ ਚੁੱਕੀ ਹੈ। ਇਉਂ ਸ਼ਾਇਦ ਈਸਾਈ ਪੰਜਾਬੀਆਂ ਦਾ ਨੰਬਰ ਤੀਜਾ ਹੋਵੇ ਪਰ ਸ਼ੱਕ ਦਾ ਲਾਭ ਦਿੰਦਿਆਂ ਹੋਇਆਂ ਅਸੀਂ ਤੀਜਾ ਨੰਬਰ ਸਿੱਖ ਧਰਮ ਨੂੰ ਮੰਨਣ ਵਾਲ਼ੇ ਪੰਜਾਬੀਆਂ ਨੂੰ ਦੇ ਸਕਦੇ ਹਾਂ। ਤੁਸੀਂ ਵੀ ਭੱਟੀ ਸਾਹਿਬ, ਪੰਜਾਬੀ ਹੋ ਕਿਉਂਕਿ ਤੁਹਾਡੇ ਦੱਸਣ ਮੁਤਾਬਿਕ ਤੁਹਾਡਾ ਜੱਦੀ ਪਿੰਡ ਸ੍ਰੀ ਨਨਕਾਣਾ ਸਾਹਿਬ ਦੇ ਨਜ਼ਦੀਕ ਹੈ ਤੇ ਇਹ ਇਲਾਕਾ ਪੰਜਾਬ ਦਾ ਹੀ ਹਿੱਸਾ ਹੈ। ਇਸ ਲਈ ਨਮੂਨੇ ਵਜੋਂ ਇੱਕ ਵਿਆਹ ਦੀ ਰਸਮ ਦਾ ਹੀ ਅਸੀਂ ਜ਼ਿਕਰ ਕਰੀਏ ਤਾਂ ਅਸੀਂ ਸਿੱਖ ਚਾਰ ਲਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਲ਼ੇ ਲੈਂਦੇ ਹਾਂ, ਤੁਹਾਡੇ ਮੌਲਵੀ ਜੀ ਪਾਕ ਕੁਰਾਨ ਵਿਚੋਂ ਕੁੱਝ ਆਇਤਾਂ ਪੜ੍ਹ ਕੇ ਨਿਕਾਹ ਕਰਦੇ ਹਨ, ਹਿੰਦੂ ਵੇਦੀ ਦੁਆਲੇ ਸੱਤ ਫੇਰੇ ਲੈਂਦੇ ਹਨ ਤੇ ਈਸਾਈਆਂ ਦਾ ਪਾਦਰੀ ਜੋੜੇ ਨੂੰ ਪਤੀ ਪਤਨੀ ਹੋਣ ਦਾ ਐਲਾਨ ਕਰ ਦਿੰਦਾ ਹੈ। ਇਹਨਾਂ ਸੰਖੇਪ ਧਾਰਮਿਕ ਰਸਮਾਂ ਤੋਂ ਇਲਾਵਾ ਬਾਕੀ ਸਾਰੇ ਦਾ ਸਾਰਾ ਕੁੱਝ ਹੀ ਪੰਜਾਬੀਆਂ ਵਾਲ਼ਾ ਹੁੰਦਾ ਹੈ; ਧਰਮ ਚਾਹੇ ਕਿਸੇ ਪੰਜਾਬੀ ਦਾ ਕੋਈ ਵੀ ਹੈ। ਇਸ ਸਾਰੀ ਜਾਣਕਾਰੀ ਤੋਂ ਉਹਨਾਂ ਨੂੰ ਬੜੀ ਹੈਰਾਨੀ ਹੋਈ। ਵੈਸੇ ਵੀ ਦੁਨੀਆਂ ਵਿੱਚ ਇਹ ਆਮ ਹੀ ਪ੍ਰਭਾਵ ਹੈ ਕਿ ਪੰਜਾਬੀ ਦਾ ਮਤਲਬ ਸਿੱਖ ਹੀ ਹੈ।

ਪੰਜਾਬ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਨੇ ਵੀ ਅਧੀ ਕੁ ਸਦੀ ਪਹਿਲਾਂ ਲਿਖਿਆ ਸੀ: ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ। ਇਸ ਵਾਰਤਾਲਾਪ ਤੋਂ ਜੂਨ 1980 ਵਿਚਲੀ ਆਪਣੇ ਫਿਜੀ ਦੀ ਫੇਰੀ ਦੀ ਯਾਦ ਵੀ ਆ ਗਈ। ਓਥੇ ਸਿੱਖਾਂ ਨੂੰ ਪੰਜਾਬੀ ਆਖਿਆ ਜਾਂਦਾ ਹੈ। ਰਾਜਧਾਨੀ ਸੁਵਾ ਦੀ ਮਸੀਤ ਦੇ ਮੌਲਵੀ ਜੀ ਨਾਲ਼ ਗੱਲ ਬਾਤ ਦੌਰਾਨ ਉਹਨਾਂ ਨੇ ਵੀ ਇਉਂ ਸਿਕਾਇਤ ਕੀਤੀ, "ਏਥੇ ਸਾਰੇ ਲੋਕ ਸਿੱਖਾਂ ਨੂੰ ਹੀ ਪੰਜਾਬੀ ਆਖਦੇ ਹਨ, ਸਾਨੂੰ ਨਹੀ। ਮੈ ਸਿਆਲਕੋਟ ਦਾ ਵਾਸੀ ਹਾਂ ਪਰ ਮੈਨੂੰ ਕੋਈ ਪੰਜਾਬੀ ਨਹੀ ਆਖਦਾ। "ਇਸ ਤੋਂ ਵੀ ਪਹਿਲਾਂ ਬਚਪਨ ਵਿੱਚ ਕਿਸੇ ਸਕੂਲੀ ਵਿਦਿਆਰਥੀ ਦੀ ਕਿਤਾਬ ਵਿੱਚ (ਆਪ ਤਾਂ ਮੈ ਸਕੂਲੇ ਜਾਂਦਾ ਨਹੀ ਸਾਂ) ਵੱਖ ਵੱਖ ਇਲਾਕਿਆਂ ਦੇ ਰਹਿਣ ਵਾਲ਼ੇ ਲੋਕਾਂ ਬਾਰੇ ਤਸਵੀਰਾਂ ਸਹਿਤ ਜਾਣਕਾਰੀ ਦਿਤੀ ਹੋਈ ਸੀ ਤੇ ਓਥੇ ਇੱਕ ਸਿੱਖ ਦੀ ਤਸਵੀਰ ਦੇ ਕੇ ਥੱਲੇ ਲਿਖਿਆ ਹੋਇਆ ਸੀ ‘ਪੰਜਾਬੀ ਸਿੱਖ’। ਹਾਲਾਂ ਕਿ ਅੰਗ੍ਰੇਜ਼ੀ ਰਾਜ ਸਮੇ ਪੰਜਾਬ ਵਿੱਚ ਸਿੱਖਾਂ ਆਬਾਦੀ ਸਿਰਫ 13% ਹੀ ਸੀ। ਬਾਕੀ ਸਾਰੇ ਪੰਜਾਬੀ ਨਾਨ ਸਿੱਖ ਹੀ ਸਨ। ਕਿਲ੍ਹੇ ਦੇ ਇਤਿਹਾਸ ਬਾਰੇ ਇੱਕ ਮਾੜਾ ਜਿਹਾ ਭੁਲੇਖਾ ਮੈਨੂੰ ਵੀ ਸੀ। ਮੈ ਭੱਟੀ ਸਾਹਿਬ ਨੂੰ ਪੁੱਛਿਆ ਕਿ ਕੀ ਇਹ ਕਿਲ੍ਹਾ ਹਰੀ ਸਿੰਘ ਨਲੂਏ ਨੇ ਖ਼ੁਦ ਬਣਵਾਇਆ ਸੀ ਜਾਂ ਕਿ ਬਣੇ ਬਣਾਏ ਨੂੰ ਜਿੱਤਿਆ ਸੀ। ਭੱਟੀ ਸਾਹਿਬ ਨੇ ਵਿਸਥਾਰ ਨਾਲ਼ ਦੱਸਿਆ ਕਿ ਇਹ ਕਿਲ੍ਹਾ ਸ. ਹਰੀ ਸਿੰਘ ਨੇ ਖ਼ੁਦ ਬਣਵਾਇਆ ਸੀ। ਅਫ਼ਗਾਨ ਜੰਗੀ ਕੈਦੀਆਂ ਪਾਸੋਂ ਪੱਥਰ ਢੁਆ ਕੇ 54 ਦਿਨਾਂ ਵਿੱਚ ਬਣਵਾਇਆ ਸੀ। ਕੁੱਝ ਸਮਾ ਹੋਇਆ ਮੈਲਬਰਨ ਵਾਸੀ ਸ. ਰਾਜਿੰਦਰ ਸਿੰਘ ਗੱਬੀ ਜੀ ਨਾਲ਼ ਜਦੋਂ ਇਸ ਬਾਰੇ ਵਿਚਾਰ ਕੀਤੀ ਤਾਂ ਉਹਨਾਂ ਨੇ ਮੇਰੀ ਜਾਣਕਾਰੀ ਵਿੱਚ ਹੋਰ ਵਾਧਾ ਕਰਦਿਆਂ ਹੋਇਆਂ ਦੱਸਿਆ ਕਿ ਰਾਤ ਨੂੰ ਉਹਨਾਂ ਕੈਦੀਆਂ ਨੂੰ ਪੰਗਤ ਵਿੱਚ ਬਹਾ ਕੇ ਰੋਟੀ ਦੇਣ ਤੋਂ ਪਹਿਲਾਂ ਸਾਰਿਆ ਦੇ ਸਿਰਾਂ ਵਿੱਚ ਛਿੱਤਰ ਮਾਰੇ ਜਾਂਦੇ ਸਨ। ਇਹ ਸੁਣ ਕੇ ਅਚੰਭਾ ਹੋਇਆ ਕਿ ਗੁਰੂ ਦੇ ਸਿੱਖ ਵੀ ਕਿਸੇ ਨਾਲ਼ ਏਨੀ ਵਧੀਕੀ ਕਰ ਸਕਦੇ ਹਨ! ਫਿਰ ਠੰਡੇ ਦਿਮਾਗ ਨਾਲ਼ ਸੋਚਿਆ ਤਾਂ ਇਹ ਵਤੀਰਾ ਠੀਕ ਹੀ ਲੱਗਾ। ਜੋ ਲੋਕ ਸ਼ਰੀਫ ਤੇ ਆਪਣੇ ਘਰਾਂ ਵਿੱਚ ਸੁਖੀ ਵਸਦੇ ਲੋਕਾਂ ਨੂੰ ਲੁੱਟਣ, ਕੁੱਟਣ, ਉਜਾੜਨ, ਬੱਚੇ ਬੱਚੀਆਂ ਦੀ ਇਜ਼ਤ ਰੋਲਣ, ਬਿਨਾ ਕਿਸੇ ਕਾਰਨ ਦੇ, ਕੇਵਲ ਤਬਾਹੀ ਕਰਨ ਦੇ ਲਾਲਚ ਨਾਲ਼ ਹੀ ਵਾਰ ਵਾਰ ਸਦੀਆਂ ਤੋਂ ਚੜ੍ਹ ਚੜ੍ਹ ਕੇ ਆ ਰਹੇ ਸਨ; ਸਮਾ ਮਿਲ਼ਨ ਤੇ ਗੁਰੂ ਕੇ ਲਾਲਾਂ ਨੇ ਉਹਨਾਂ ਨੂੰ ਸਬਕ ਸਿਖਾਉਣ ਦੀ ਸ਼ਕਤੀ ਪ੍ਰਾਪਤ ਕਰ ਲਈ ਜਾਣ ਅਤੇ ਉਹਨਾਂ ਦੁਸ਼ਟਾਂ ਨੂੰ ਦੁਸ਼ਟਤਾਈ ਤੋਂ ਰੋਕਣ ਵਾਸਤੇ ਇਹ ਵਤੀਰਾ ਯੋਗ ਜਿਹਾ ਹੀ ਜਾਪਿਆ। ਖੈਰ ਮੈਨੂੰ ਤਾਂ ਵੀਜ਼ੇ ਦੀ ‘ਗੜਬੜ ਚੌਥ’ ਕਰਕੇ ਅਗਲੇ ਦਿਨ ਹੀ ਵਾਪਸ ਲਾਹੌਰ ਨੂੰ ਭੱਜਣਾ ਪਿਆ। ਅੰਮ੍ਰਿਤਸਰੋਂ ਤੁਰਨ ਸਮੇ ਭਾਈਆ ਜੀ ਨੇ ਆਖਿਆ ਸੀ ਕਿ ਲਹੌਰੋਂ ਉਹਨਾਂ ਲਈ ਇੱਕ ਕਿਲੋ ਬਦਾਮ ਲੈਂਦਾ ਆਵਾਂ। ਸੋਚਦਾ ਸੀ ਕਿ ਅੰਮ੍ਰਿਤਸਰੋਂ ਹੀ ਖ਼ਰੀਦ ਕੇ ਉਹਨਾਂ ਨੂੰ ਦੇ ਦੇਵਾਂਗਾ ਕਿਉਂਕਿ ਮੈ ਦੇਸਾਂ ਪਰਦੇਸਾਂ ਵਿੱਚ ਆਪਣੇ ਨਾਲ਼ ਬੇਲੋੜਾ ਸਾਮਾਨ ਚੁੱਕ ਕੇ ਕਸਟਮ ਵਗੈਰਾ ਵਾਲ਼ਿਆਂ ਨੂੰ ਤੇ ਖ਼ੁਦ ਨੂੰ ਕਸ਼ਟ ਨਹੀ ਦੇਣਾ ਚਾਹੁੰਦਾ। ਇੱਕ ਵਾਰੀਂ 1975 ਵਿੱਚ ਲੰਡਨ ਤੋਂ ਖਰੀਦ ਕਰਨ ਦੀਆਂ ਡੰਝਾਂ ਲਾਹ ਲਈਆਂ ਸਨ। ਅੰਮ੍ਰਿਤਸਰ ਦੇ ਕਸਟਮ ਦੇ ਸਭ ਤੋਂ ਵਡੇ ਅਫ਼ਸਰ ਬੇਦੀ ਸਾਹਿਬ ਜੀ ਦੇ ਮੁਹੋਂ ਨਿਕਲ਼ ਗਿਆ ਸੀ, "ਇਉਂ ਲੱਗਦਾ ਗਿਆਨੀ ਜੀ ਜਿਵੇਂ ਤੁਸੀਂ ਸਾਰਾ ਲੰਡਨ ਹੀ ਚੁੱਕ ਲਿਆਏ ਹੋਵੋ!" "ਕੇਹੜਾ ਰੋਜ ਰੋਜ ਚੁੱਕਿਆ ਜਾਂਦਾ ਬੇਦੀ ਸਾਹਿਬ!" ਮੇਰਾ ਉਤਰ ਸੀ।

ਉਸ ਤੋਂ ਪਿਛੋਂ, ਬਚਪਨ ਸਮੇ 1953 ਵਿੱਚ ਵੇਖੇ ਇੱਕ ਕਾਰਟੂਨ ਅਨੁਸਾਰ ਹੀ ਹਮੇਸ਼ਾਂ ਅਮਲ ਕਰਨ ਦਾ ਯਤਨ ਕਰਦਾ ਹਾਂ। ਐਵੇਂ ਫਿਰਦੇ ਫਿਰਾਂਦੇ ਇੱਕ ਦਿਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਾ ਨਿਕਲ਼ਿਆ। ਓਥੇ ਇੱਕ ਕਾਰਟੂਨ ਵਿੱਚ ਹਾਥੀ ਉਪਰ ਚੂਹਾ ਬੈਠਾ ਹੋਇਆ ਵਿਖਾਇਆ ਗਿਆ ਸੀ। ਹਾਥੀ ਉਪਰ ਵਿਸ਼ੇ ਗਲੀਚੇ ਉਪਰ ਚੂਹਾ ਇੱਕ ਲੱਤ ਤੇ ਦੂਜੀ ਲੱਤ ਧਰ ਕੇ ਤੇ ਬਾਹਾਂ ਨਾਲ਼ ਆਪਣੀ ਧੌਣ ਪਿਛੇ ਕਲੰਘੜੀ ਪਾ ਕੇ ਅਰਧ ਲੇਟੀ ਹੋਈ ਅਵੱਸਥਾ ਵਿੱਚ ਬੈਠਾ ਹੋਇਆ ਸੀ। ਥੱਲੇ ਲਿਖਿਆ ਸੀ, "ਹੌਲ਼ਾ ਭਾਰ ਸਾਥ ਦੇ ਮੂਹਰੇ। "ਇਹ ਸਿਖਿਆ ਅਜੇ ਤੱਕ ਮਨੋ ਨਹੀ ਵਿਸਰੀ। ਇੱਕ ਹੋਰ ਗੱਲ ਵੀ ਏਥੇ ਲਿਖੀ ਹੋਈ ਸੀ। ਹੈ ਹਿੰਦੀ ਵਿੱਚ ਸੀ ਪਰ ਅੱਖਰ ਗੁਰਮੁਖੀ ਸਨ; ਤਾਂਹੀਓਂ ਤਾਂ ਮੈ ਪੜ੍ਹ ਲਈ ਸੀ। ਜੇਹਲ ਦੀਆਂ ਸੀਖਾਂ ਪਿਛੇ ਦੋ ਬੰਦੇ ਖੜ੍ਹੇ ਸਨ। ਇੱਕ ਪੇਂਡੂ ਜਿਹਾ ਤੇ ਦੂਜਾ ਬਾਬੂ ਜਿਹਾ। ਥੱਲੇ ਲਿਖਿਆ ਸੀ, "ਨਾ ਕਿਸੀ ਸੇ ਘੂਸ ਲੋ, ਨਾ ਕਿਸੀ ਕੋ ਘੁਸ ਦੋ। ਘੂਸ ਲੇਨੇ ਔਰ ਦੇਨੇ ਵਾਲ਼ਾ ਦੋਨੋ ਹੀ ਕਾਰਾਵਾਸ ਕੇ ਅਧਿਕਾਰੀ ਹੈਂ। "ਬੜੇ ਸਾਲ ਸੋਚਦਾ ਰਿਹਾ ਕਿ ‘ਘੂਸ’ ਦਾ ਕੀ ਮਤਲਬ ਹੋਇਆ। ਕਿਸੇ ਨੂੰ ਪੁੱਛਾਂ ਵੀ ਨਾ। ਪੁੱਛਾਂ ਤੇ ਤਾਂ ਹੀ ਜੇਕਰ ਮੇਰਾ ਕਿਸੇ ਆਪਣੇ ਨਾਲ਼ੋਂ ਵਧ ਪੜ੍ਹੇ ਹੋਏ ਨਾਲ਼ ਵਾਹ ਹੁੰਦਾ। ਕਾਰਾਵਾਸ ਦੇ ਮਤਲਬ ਦਾ ਵੀ ਕਈ ਸਾਲ ਪਿਛੋਂ ਹੀ ਪਤਾ ਲੱਗਾ। ਖੈਰ ਬੈਂਕਾਂ ਬੰਦ ਹੋਣ ਕਰਕੇ ਸ. ਸਾਹਿਬ ਸਿੰਘ ਪਾਸੋਂ ਪਾਕਿਸਤਾਨੀ ਕਰੰਸੀ ਹੁਦਾਰੀ ਫੜੀ ਤੇ ਅਮ੍ਰੀਕਨ ਸਰਦਾਰ ਜੀ ਨਾਲ਼ ਵੀ ਹਿਸਾਬ ਨਿਬੇੜਿਆ। ਅਗਲੇ ਦਿਨ ਬੈਂਕਾਂ ਖੁਲ੍ਹਣ ਤੇ ਉਹਨਾਂ ਦੇ ਪੈਸੇ ਮੋੜ ਦਿਤੇ। ਬਾਦਾਮ ਲੈਣ ਬਾਜ਼ਾਰ ਗਿਆ ਤਾਂ ਹਰੇਕ ਦੁਕਾਨਦਾਰ ਵਾਜਾਂ ਪਿਆ ਮਾਰੇ। ਇੱਕ ਸੁੱਕੇ ਮੇਵਿਆਂ ਵਾਲ਼ੀ ਦੁਕਾਨ ਵਿੱਚ ਵੜ ਗਿਆ। ਦੁਕਾਨਦਾਰ ਬੜੀ ਹੀ ਹਲੀਮੀ ਨਾਲ਼ ਪੇਸ਼ ਆਇਆ। ਸੋਚਿਆ ਕਿ ਇਕੱਲੇ ਇੱਕ ਕਿਲੋ ਬਾਦਾਮ ਹੀ ਕੀ ਲੈਣੇ ਹਨ, ਦੁਕਾਨਦਾਰ ਦੀ ਹਲੀਮੀ ਕਰਕੇ ਦੋ ਦੋ ਕਿਲੋ, ਬਦਾਮ, ਛੁਹਾਰੇ, ਖਸ ਖਸ, ਮੇਵੇ ਲੈ ਲਏ। ਦੁਕਾਨਦਾਰ ਨੇ ਅਖਿਆ, "ਇਹਨਾਂ ਬਾਹਰ ਪਿਆਂ ਤੇ ਸਰਦਾਰ ਜੀ ਘੱਟਾ ਪਿਆ ਹੋਇਆ ਹੈ। ਅੰਦਰੋਂ ਤੁਹਾਨੂੰ ਨੌਕਰ ਸਾਫ ਲਿਆ ਕੇ ਦਿੰਦਾ ਹੈ। "ਆਪ ਮੈਨੂੰ ਗਲੀਂ ਲਾ ਲਿਆ। ਨੌਕਰ ਨੇ ਸਾਰਾ ਕੁੱਝ ਬੰਨ੍ਹ ਕੇ ਮੇਰੇ ਹਵਾਲੇ ਕੀਤਾ ਤੇ ਪੈਸੇ ਦੇ ਕੇ ਮੈ ਖ਼ੁਸ਼ੀ ਖ਼ੁਸ਼ੀ ਵਿਦਾ ਲਈ। ਇਹ ਤਾਂ ਘਰ ਆਕੇ ਪਤਾ ਲੱਗਾ ਕਿ ਉਹ ਸਾਰਾ ਸੌਦਾ ਬਾਹਰ ਵਾਲ਼ੇ ਨਾਲ਼ੋਂ ਘਟੀਆ ਤੇ ਮਿੱਟੀ ਘੱਟੇ ਵਾਲ਼ਾ ਸੀ ਜਿਸਨੂੰ ਚੰਗਾ ਆਖ ਕੇ ਦੁਕਾਨਦਾਰ ਨੇ ਮੇਰੇ ਮੱਥੇ ਮਾਰਿਆ ਸੀ।

ਅਗਲੇ ਦਿਨ ਮਿਨ੍ਹੀ ਬੱਸ ਤੇ ਬੈਠ ਕੇ ਜਲ੍ਹੋ ਵੱਲ ਤੁਰ ਪਿਆ ਤਾਂ ਕਿ ਓਥੋਂ ਅੱਗੇ ਵਾਹਗੇ ਦੀ ਬੱਸ ਫੜੀ ਜਾਵੇ। ਬੱਸ ਵਿੱਚ ਇੱਕ ਸੱਜਣ ਬੈਠੇ ਸਨ। ਉਹਨਾਂ ਪੁੱਛਿਆ, "ਤੁਸੀਂ ਸਰਦਾਰ ਜੀ ਕਿਵੇਂ ਆਏ?" "ਮੈ ਤਾਂ ਭਈ ਜੰਮਣ ਆਇਆ ਸਾਂ।" ਸਾਰੇ ਹੈਰਾਨੀ ਨਾਲ਼ ਮੇਰੇ ਵੱਲ ਵੇਖਣ ਲੱਗ ਪਏ। ਮੈ ਦੱਸਿਆ ਕਿ ਸਾਡੇ ਇੱਕ ਅਖਾਣ ਹੈ, "ਜਿਨ੍ਹੇ ਲਾਹੌਰ ਨਹੀ ਵੇਖਿਆ ਉਹ ਜੰਮਿਆ ਹੀ ਨਹੀ।" ਇਹ ਸੁਣ ਕੇ ਹਾਸਾ ਮਚ ਗਿਆ। ਫਿਰ ਉਸਨੇ ਵੀ ਗੱਲ ਸੁਣਾਈ ਕਿ ਇੱਕ ਮਿਰਾਸੀ ਵੀ ਏਸੇ ਤਰ੍ਹਾਂ ਲਾਹੌਰ ਵੇਖਣ ਆ ਗਿਆ। ਮੌਸਮ ਗਰਮੀ ਦਾ ਸੀ। ਵਗਦੀ ਨਹਿਰ ਵਿੱਚ ਨਹੌਣ ਲੱਗ ਪਿਆ। ਕੱਪੜੇ ਕੋਈ ਚੁੱਕ ਕੇ ਭੱਜ ਗਿਆ। ਨਿਰਵਸਤਰ ਹੀ ਸ਼ਹਿਰ ਨੂੰ ਤੁਰਿਆ ਆਵੇ। ਕਿਸੇ ਪੁੱਛਿਆ, "ਮੀਰਜ਼ਾਦਿਆ ਕੱਪੜੇ?" "ਨਵਾਂ ਨਵਾਂ ਜੰਮਿਆਂ ਨਾ ਪ੍ਰਭਾ! ਕੋਈ ਪਵਾਸੀ ਤਾਂ ਪਾਸਾਂ!" ਹਾਸੇ ਹਾਸੇ ਵਿੱਚ ਹੀ ਜਲ੍ਹੋ ਆ ਗਿਆ। ਉਸ ਚੰਗੇ ਸੱਜਣ ਨੇ ਮੈਨੂੰ ਕਰਾਇਆ ਨਾ ਦੇਣ ਦਿਤਾ ਤੇ ਆਪਣੇ ਪੱਲਿਉਂ ਹੀ ਦਿਤਾ। ਹਿੰਦੁਸਤਾਨੀ ਕਸਟਮ ਵਾਲ਼ਿਆਂ ਨੇ ਮੇਰੀ ਖਸ ਖਸ ਤੇ ਇਤਰਾਜ ਕਰ ਦਿਤਾ। ਆਖਣ ਕਿ ਮੈ ਇਹ ਲਿਜਾ ਨਹੀ ਸਕਦਾ। ਦਿਲ `ਚ ਸੋਚਿਆ ਐਵੇਂ ਪੰਗਾ ਜਿਹਾ ਹੀ ਪਾ ਲਿਆ! ਭਾਈਆ ਜੀ ਨੇ ਤਾਂ ਸਿਰਫ ਬਦਾਮਾਂ ਵਾਸਤੇ ਹੀ ਆਖਿਆ ਸੀ। ਪਰ ਦਿਲ ਵਿੱਚ ਸੋਚਿਆ ਕਿ ਇਹਨਾਂ ਨੂੰ ਨਾ ਕੁੱਝ ਦੇਣਾ ਏਂ ਤੇ ਨਾ ਹੀ ਇਹਨਾਂ ਅੱਗੇ ‘ਬਿਚ ਬਿਚ, ਬੈਂ ਬੈਂ’ ਕਰਨੀ ਏਂ। ਇਹ ਮੇਰੇ ਤੋਂ ਕੁੱਝ ਲੁੱਟਣ ਲਈ ਐਵੇਂ ਮੈਨੂੰ ਡਰਾ ਰਹੇ ਹਨ। ਸਾਰਾ ਕੁੱਝ ਏਥੇ ਡੋਹਲ ਹੀ ਜਾਣਾ ਹੈ। ਮੇਰਾ ਪਾਸਪੋਰਟ ਦੂਰ ਸਥਿਤ ਇਮੀਗ੍ਰੇਸ਼ਨ ਦਫ਼ਤਰ ਨੂੰ ਭੇਜ ਦਿਤਾ। ਮੈ ਆਪੇ ਹੀ ਇੱਕ ਕੁਰਸੀ ਤੇ ਬੈਠ ਗਿਆ। ਕੁੱਝ ਸਮੇ ਬਾਅਦ ਇੱਕ ਬੰਦਾ ਆਇਆ ਤੇ ਸੁਨੇਹਾ ਦਿਤਾ ਕਿ ਮੈਨੂੰ ਸੱਦਿਆ ਜਾ ਰਿਹਾ ਹੈ। ਮੈ ਗਿਆ ਤਾਂ ਅੱਗੇ ਦਫ਼ਤਰੋਂ ਬਾਹਰ ਹੀ, ਕਲੀਨ ਸ਼ੇਵਨ ਮੈਚਿਉਰ ਜਿਹਾ ਦਿਸਦਾ ਇੱਕ ਭਲਾ ਪੁਰਸ਼, ਮੇਰਾ ਪਾਸਪਰੋਟ ਹੱਥ ਵਿੱਚ ਫੜੀ ਖਲੋਤਾ ਸੀ। ਮੈਨੂੰ ਵੇਖ ਕੇ ਬੋਲਿਆ, "ਮੈ ਸੋਚਿਆ ਕਿ ਸਰਦਾਰ ਸੰਤੋਖ ਸਿੰਘ ਜੀ ਹੋਰੀਂ ਕਿਤੇ ਮੈਨੂੰ ਮਿਲ਼ਿਆਂ ਤੋਂ ਬਿਨਾ ਹੀ ਨਾ ਚਲੇ ਜਾਣ! ਆਹ ਲਵੋ ਆਪਣਾ ਪਾਸਪੋਰਟ।" ਹੈਰਾਨੀ ਹੋਈ ਹਿੰਦੁਸਤਾਨੀ ਨੌਕਰਸ਼ਾਹਾਂ ਵਿਚੋਂ ਇੱਕ ਅਫ਼ਸਰ ਦੇ ਏਨੇ ਚੰਗੇ ਵਤੀਰੇ ਤੇ। ਦਿਲ ਗ਼ਦ ਗ਼ਦ ਹੋ ਗਿਆ ਉਸ ਸੋਹਣੇ ਸੱਜਣ ਦੇ ਵਿਹਾਰ ਨਾਲ਼। ਹਿੰਦੁਸਤਾਨ ਦੀ ਹੱਦ ਵਿੱਚ ਵੜਿਆ ਤਾਂ ਟੈਕਸੀਆਂ ਵਾਲ਼ੇ ਉਦਾਲ਼ੇ ਹੋ ਗਏ। ਬਥੇਰਾ ਮੈ ਆਖਾਂ ਭਈ, "ਇਹਨਾਂ ਤਿਲ਼ਾਂ ਵਿੱਚ ਤੇਲ ਨਹੀ! ਮੈ ਨਹੀ ਟੈਕਸੀਆਂ ਵਾਲ਼ੀਆਂ ‘ਫੈਲਸੂਫੀਆਂ’ ਕਰਦਾ!" ਪਰ ਕੌਣ ਮੰਨੇ ਮੇਰੀ ਗੱਲ! ਇੱਕ ਸੱਜਣ ਤਾਂ ਖਹਿੜੇ ਹੀ ਪੈ ਗਿਆ। ਢਾਈ ਸੌ ਤੋਂ ਘਟਦਾ ਘਟਦਾ 75 ਰੁਪਈਆਂ ਤੇ ਆ ਗਿਆ। ਆਲੇ ਦੁਆਲ਼ੇ ਦੁਕਾਨਾਂ ਵਾਲਿਆਂ ਤੋਂ ਬੱਸ ਬਾਰੇ ਪੁੱਛਿਆ ਤਾਂ ਸਭ ਨੇ ਏਹੀ ਆਖਿਆ ਕਿ ਬੱਸ ਚਲੀ ਗਈ ਹੈ। ਹੁਣ ਹੋਰ ਨਹੀ ਆਉਣੀ। ਟੈਕਸੀ ਵਾਲੇ ਦੇ ਵਤੀਰੇ ਤੋਂ ਅੱਕ ਕੇ ਮੈ ਆਖਿਆ, "ਭਈ ਟੈਕਸੀ ਦੀ ਫਜ਼ੂਲਖ਼ਰਚੀ ਨਾਲ਼ੋਂ ਤਾਂ ਮੈ ਤੁਰ ਕੇ ਹੀ ਚਲਿਆ ਜਾਣਾ ਹੈ।" ਟੈਕਸੀ ਵਾਲਾ ਕਹਿੰਦਾ, "ਸਰਦਾਰ ਜੀ, ਜੇ ਤੁਸੀਂ ਤੁਰ ਕੇ ਜਾਣਾ ਹੁੰਦਾ ਤਾਂ ਹੁਣ ਨੂੰ ਕਦੇ ਦੇ ਤੁਰ ਗਏ ਹੁੰਦੇ।" ਇਹ ਸੁਣਕੇ ਮੈ ਪੈਦਲ ਹੀ ਅਟਾਰੀ ਵੱਲ਼ ਮੂੰਹ ਕਰਕੇ ਤੁਰ ਪਿਆ। ਥੋਹੜਾ ਹੀ ਅੱਗੇ ਗਿਆ ਤਾਂ ਬੱਸ ਘੂੰ ਕਰਦੀ ਮੇਰੇ ਪਿੱਛੋਂ ਆ ਕੇ ਅੱਗੇ ਲੰਘ ਗਈ। ਦੁਕਾਨਦਾਰਾਂ ਨੇ ਝੂਠ ਹੀ ਆਖਿਆ ਸੀ ਕਿ ਬੱਸ ਚਲੀ ਗਈ ਹੈ ਤੇ ਹੁਣ ਹੋਰ ਨਹੀ ਆਉਣੀ। ਉਹਨਾਂ ਦੁਕਾਨਦਾਰਾਂ ਦਾ ਵਤੀਰਾ ਗ਼ਲਤ ਜਾਣਕਾਰੀ ਦੇਣ ਦਾ ਮਤਲਬ ਸੀ ਕਿ ਟੈਕਸੀ ਵਾਲੇ ਕੋਲ਼ ਗਾਹਕ ਫਸਾਇਆ ਜਾਵੇ। ਅਟਾਰੀ ਤੋਂ ਬੱਸ ਫੜ ਕੇ ਮੈ ਅੰਮ੍ਰਿਤਸਰ ਆ ਉਤਰਿਆ ਤੇ ਅੱਡੇ ਤੋਂ ਤੁਰ ਕੇ ਭਰਾ ਦੇ ਘਰ ਆ ਵੜਿਆ। ਇਹ ਸੀ ਮੇਰੀ ਪਹਿਲੀ ਪਾਕਿਸਤਾਨੀ ਸੰਖੇਪ ਯਾਤਰਾ।




.