.

ਭਾਗ ਅਤੇ ਕਿਸਮਤ `ਚ ਫ਼ਰਕ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਕਿਸਮਤ ਦਾ ਸੰਬੰਧ ਪਿਛਲੇ ਜਨਮ ਦੇ ਲੇਖਾਂ ਨਾਲ ਦਸਿਆ ਹੈ ਤੇ ਇਹ ਇੱਕ ਬ੍ਰਾਹਮਣੀ ਵਿਸ਼ਵਾਸ ਹੈ, ਇਸ ਨੂੰ ਗੁਰਮਤਿ ਨੇ ਪ੍ਰਵਾਣ ਨਹੀਂ ਕੀਤਾ। ਦੂਜਾ, ਗੁਰਮਤਿ ਅਨੁਸਾਰ ‘ਵਡਭਾਗੀ’, ਇਸੇ ਜਨਮ ਦੀ ਅਵਸਥਾ ਹੈ ਜਿਸ ਨੂੰ ਪ੍ਰਾਪਤ ਕਰਣ ਲਈ ਸਾਨੂੰ ਮਨੁੱਖਾ ਜਨਮ ਮਿਲਿਆ ਹੈ, ਨਹੀਂ ਤਾਂ ਮਨੁੱਖ ‘ਅਭਾਗਾ’ ਹੀ ਮਰ ਜਾਂਦਾ ਹੈ।

‘ਕਿਸਮਤ’ ਨਹੀਂ ‘ਭਾਗ’ -ਸ਼ੱਕ ਨਹੀਂ, ਬ੍ਰਾਹਮਣੀ ਲਫ਼ਜ਼ ‘ਕਿਸਮਤ’ ਨੂੰ ਵੀ ‘ਭਾਗ’ ਕਰਕੇ ਜਾਣਿਆ ਜਾਂਦਾ ਹੈ, ਪਰ ਉਹ ‘ਭਾਗ’ ਸੰਸਕ੍ਰਿਤ ਦੇ ਲਫ਼ਜ਼ ‘ਭਾਗਯ’ ਦਾ ਹੀ ਪੰਜਾਬੀ ਰੂਪ ਹੈ ਤੇ ਉਸ ਦਾ ਅਰਥ ਵੀ ਬ੍ਰਾਹਮਣੀ ‘ਕਿਸਮਤ’ ਹੀ ਹੈ, ਭਿੰਨ ਨਹੀਂ। ਜਦਕਿ ‘ਕਿਸਮਤ’ ਵਾਲੀ ਵਿਚਾਰਧਾਰਾ ਨੂੰ ਗੁਰਮਤਿ ਨੇ ਪੂਰੀ ਤਰ੍ਹਾਂ ਨਕਾਰਿਆ ਹੈ। ਦੂਜੇ ਪਾਸੇ- ‘ਭਾਗ’ ਜਿਸਦਾ ਜ਼ਿਕਰ ਗੁਰਬਾਣੀ `ਚ ਲਗਭਗ ਹਜ਼ਾਰ ਤੋਂ ਵੱਧ ਵਾਰੀ ਆਇਆ ਹੈ, ਉਸ ਦੇ ਅਰਥ ਬ੍ਰਾਹਮਣੀ ‘ਕਿਸਮਤ’ ਤੋਂ ਬਿਲਕੁਲ ਵੱਖਰੇ ਤੇ ਨਿਵੇਕਲੇ ਹਨ। ਗੁਰਬਾਣੀ ਵਿਚਲੇ ਲਫ਼ਜ਼ ‘ਭਾਗ’ ਜਾਂ ‘ਵਡਭਾਗੀ’ ਆਦਿ ਇਸੇ ਜੀਵਨ ਦੀ ਅਵਸਥਾ ਹਨ। ਉਹ ਅਵਸਥਾ ਜਿਸਨੂੰ ਮਨੁੱਖ ਨੇ, ਇਸੇ ਜਨਮ `ਚ ਸਾਧਸੰਗਤ ਦੇ ਮਿਲਾਪ ਨਾਲ ਗੁਰੂ-ਗੁਰਬਾਣੀ ਦੀ ਆਗਿਆ `ਚ ਚਲ ਕੇ ਪਾਉਣਾ ਹੈ। ਜਨਮ ਤੋਂ ਪਹਿਲਾਂ ਦੇ ਕਰਮਾਂ ਨਾਲ ਇਸਦਾ ਸੰਬੰਧ ਨਹੀਂ। ਫ਼ੁਰਮਾਣ ਹੈ "ਧੰਨੁ ਵਡਭਾਗੀ, ਵਡ ਭਾਗੀਆ, ਜੋ ਆਇ ਮਿਲੇ ਗੁਰ ਪਾਸਿ" (ਪੰ: ੪੦); ਮਨੁੱਖ ਨੇ ‘ਗੁਰੂ-ਗੁਰਬਾਣੀ’ ਦੀ ਸ਼ਰਣ ਜਾ ਕੇ ‘ਗੁਰਬਾਣੀ’ ਸਿਖਿਆ ਅਨੁਸਾਰ ਜੀਵਨ ਦੀ ਕਮਾਈ ਕਰਨੀ ਹੈ ਤਾਂ ਇਹ ਅਵਸਥਾ ਪ੍ਰਾਪਤ ਹੋਵੇਗੀ, ਪਹਿਲਾਂ ਨਹੀਂ। ਇਸਤੋਂ ਮਨੁੱਖ ਨੂੰ ਅਕਾਲਪੁਰਖ ਦੀ ‘ਨਦਰਿ ਕਰਮ’ ਅਥਵਾ ‘ਬਖਸ਼ਿਸ਼’ ਹਾਸਲ ਹੋਵੇਗੀ ਅਤੇ ਮਨੁੱਖ ‘ਵਡਭਾਗੀ’ ਵਾਲੀ ਉੱਤਮ ਪਦਵੀ ਨੂੰ ਪ੍ਰਾਪਤ ਕਰ ਸਕੇਗਾ।

"ਜਿਨਾ ਸਤਿਗੁਰੁ ਪੁਰਖੁ ਨ ਭੇਟਿਓ" - ਇਸ ਤਰ੍ਹਾਂ ਬ੍ਰਾਹਮਣੀ ਲਫ਼ਜ਼ ‘ਕਿਸਮਤ’ ਨੂੰ ਗੁਰਬਾਣੀ ਵਿਚਲੇ ‘ਭਾਗ’ - ‘ਵਡਭਾਗੀ’ ਆਦਿ ਦੇ ਅਰਥਾਂ ਨਾਲ ਜੋੜਣਾ ਜਾਂ ਰਲ-ਗਡ ਕਰਣਾ ਭੁੱਲ ਹੈ। ਇਹਨਾ ਦੋਨਾਂ ਵੱਖ-ਵੱਖ ਵਿਚਾਰਧਾਰਾਵਾਂ ਦੇ ਲਫ਼ਜ਼ਾਂ ਨੂੰ ਇਕੋ ਜਾਂ ਮਿਲਵੇਂ ਅਰਥਾਂ `ਚ ਵਰਤਣਾ ਹੀ, ਗੁਰਬਾਣੀ ਗਿਆਨ ਬਾਰੇ ਅਗਿਆਨਤਾ ਹੈ। ਇੱਕ ਪਾਸੇ ਬ੍ਰਾਹਮਣ ਅਨੁਸਾਰ ‘ਕਿਸਮਤ’ ਜਨਮ ਤੋਂ ਪਹਿਲਾਂ, ਬਣ ਕੇ ਆਊਂਦੀ ਹੈ। ਜਦਕਿ ਗੁਰਬਾਣੀ ਦੀ ‘ਭਾਗ’ - ‘ਵਡਭਾਗੀ’ ਆਦਿ ਵਾਲੀ ਅਵਸਥਾ ਪ੍ਰਾਪਤ ਕਰਣ ਲਈ, ਪ੍ਰਭੂ ਵਲੋਂ ਸਾਨੂੰ ਮਨੁੱਖਾ ਜਨਮ ਮਿਲਿਆ ਹੈ। ਜੇਕਰ ਸਾਧ ਸੰਗਤ `ਚ ਆ ਕੇ ‘ਗੁਰੂ-ਗੁਰਬਾਣੀ’ ਦੀ ਕਮਾਈ ਕਰਕੇ ਹਉਮੈ ਆਦਿ ਵਿਕਾਰਾਂ ਨੂੰ ਤਿਆਗ, ਜੀਵਨ ਸਫ਼ਲ ਕਰ ਲਿਆ ਤਾਂ ਠੀਕ, ਨਹੀਂ ਤਾਂ "ਜਿਨਾ ਸਤਿਗੁਰੁ ਪੁਰਖੁ ਨ ਭੇਟਿਓ, ਸੇ ਭਾਗਹੀਣ ਵਸਿ ਕਾਲ" (ਪੰ: ੪੦) ਮਨੁੱਖ ਨੂੰ ਮੁੜ, ਜਨਮ-ਮਰਣ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ, ਮਨੁੱਖਾ ਜਨਮ ਲੈ ਕੇ ਵੀ ਮਨੁੱਖ ‘ਭਾਗਹੀਣ’ ਹੀ ਰਹਿੰਦਾ ਹੈ।

"ਭਾਗ ਸੰਤਨ ਸੰਗਾਨੇ. ." (ਪੰ: ੩੩੫) ਗੁਰਬਾਣੀ ਵਿਚਲੀ ‘ਭਾਗ’ ਵਾਲੀ ਅਵਸਥਾ ਤਾਂ ਕੇਵਲ ਸਾਧ ਸੰਗਤ `ਚ ਪੁਜ ਕੇ, ਗੁਰਬਾਣੀ ਦੀ ਕਮਾਈ ਨਾਲ ਹੀ ਪ੍ਰਾਪਤ ਹੋਣੀ ਹੈ। ਇਥੇ ਤਾਂ "ਸੇ ਵਡਭਾਗੀ ਵਡ ਜਾਣੀਅਹਿ, ਜਿਨ ਹਰਿ ਰਸੁ ਖਾਧਾ, ਗੁਰ ਭਾਇ" (ਪੰ: ੪੧) ਇਸ ਲਈ ਗੁਰਮਤਿ ਅਨੁਸਾਰ ਜਦੋਂ ਗੁਰਬਾਣੀ `ਚ ਲਫ਼ਜ਼ ‘ਭਾਗ, ਵਡਭਾਗੀ, ਭਾਗਹੀਣ, ਅਭਾਗਾ’ ਆਦਿ ਆਉਂਦੇ ਹਨ ਤਾਂ ਉਹਨਾਂ ਦੇ ਅਰਥ ਬ੍ਰਾਹਮਣੀ ਕਿਸਮਤ-ਭਾਗ ਵਾਲੇ ਨਹੀਂ, ਨਿਵੇਕਲੇ ਹਨ। ਗੁਰਬਾਣੀ ਵਿਚਲੇ ‘ਭਾਗ’ ਜਾਂ ‘ਵਡਭਾਗੀ’ ਆਦਿ ਲਫ਼ਜ਼ਾਂ ਦੇ ਸਹੀ ਅਰਥ ਗੁਰਬਾਣੀ ਦਾਇਰੇ ਤੋਂ ਬਾਹਰ ਜਾ ਕੇ ਤਾਂ ਸਮਝ `ਚ ਆਉਣਗੇ ਹੀ ਨਹੀਂ। ਤਾਂ ਤੇ ਜੇਕਰ ਅਸਾਂ ਇਹਨਾ ਦੇ ਗੁਰਮਤਿ ਅਰਥਾਂ ਨੂੰ ਸਮਝਣਾ ਹੈ ਤਾਂ ਜ਼ਰੂਰੀ ਹੈ ਕਿ ਪਹਿਲਾਂ ਆਪਣੇ ਦਿਮਾਗ਼ ਵਿਚੋਂ ਬ੍ਰਾਹਮਣੀ ਕਿਸਮਤ-ਭਾਗ-ਪ੍ਰਾਰਲਬੱਧ ਦੇ ਨਾਲ ਨਾਲ ਇਸ ਸੰਬੰਧ `ਚ ਵਰਤੇ ਜਾ ਰਹੇ ਦੂਜੇ ਹੋਰ ਅਨਮਤੀ ਲਫ਼ਜ਼ ਬਖ਼ਤ-ਨਸੀਬ, ਫੇਟ (fate) ਆਦਿ ਨੂੰ ਵੀ ਮੂਲੋਂ ਭੁਲਾਅ ਕੇ ਸਮਝੀਏ।

ਭੁਲੇਖੇ ਦਾ ਆਧਾਰ - ਹੋ ਸਕਦਾ ਹੈ, ਸਾਡੇ ਹੀ ਕੁਝ ਸੱਜਨ ਹੱਥਲੇ ਗੁਰਮਤਿ ਪਾਠ ਦੇ ਸਿਰਲੇਖ ਨੂੰ ਪੜ੍ਹ ਕੇ ਹੈਰਾਨ ਹੋਣ; ਆਖਿਰ ਮਾਜਰਾ ਕੀ ਹੈ? … ਇਸ ਗੁਰਮਤਿ ਪਾਠ ਦੀ ਲੋੜ ਕਿਉਂ ਪਈ? ਆਦਿ। ਉਹਨਾਂ ਅਨੁਸਾਰ-ਗੁਰਬਾਣੀ `ਚ ਵੀ ਤਾਂ ਅਨੇਕਾਂ ਵਾਰੀ ਅਜੇਹਾ ਹੀ ਆਇਆ ਹੈ ਜਿਵੇਂ "ਜਿਨਾ ਭਾਗ ਮਥਾਹਿ, ਸੇ ਨਾਨਕ, ਹਰਿ ਰੰਗੁ ਮਾਣਦੋ" (ਪੰ: ੮੧) —ਅਤੇ ਬ੍ਰਾਹਮਣ ਅਨੁਸਾਰ ਵੀ ਅਰਥ ਹਨ— "ਜਿਸਦੇ ਮਸਤਕ `ਚ ਭਾਗ ਹੋਣ, ਜਿਸਦੇ ਨਸੀਬਾਂ `ਚ ਹੋਵੇ, ਤਾਂ ਹੀ ਤਾਂ ਕੋਈ ਪ੍ਰਭੂ ਨਾਮ ਜਾਂ ਸਤਸੰਗ ਵਾਲਾ ਰੰਗ ਮਾਣ ਸਕਦਾ ਹੈ, ਪਹਿਲਾਂ ਨਹੀਂਇਸੇ ਤਰ੍ਹਾਂ ਬ੍ਰਾਹਮਣ ਵੀ ਤਾਂ ਇਹੀ ਕਹਿ ਰਿਹਾ ਕਿ ‘ਹੁੰਦਾ ਉਹੀ ਹੈ ਜੋ ਕਿਸਮਤ ਜਾਂ ਭਾਗਾਂ `ਚ ਸੀ’ ਤਾਂ ਫ਼ਿਰ ਫ਼ਰਕ ਕਿਥੇ ਹੈ?. . ਆਦਿ" ਇਸ ਤਰ੍ਹਾਂ ਗਲ ਤਾਂ ਦੋਂਵੇਂ ਪਾਸੇ ਪੂਰਬਲੇ ਕਰਮਾ ਦੀ ਹੀ ਹੈ। --- ਸੱਚਾਈ ਤੀਕ ਪੁੱਜਣ ਲਈ ਸਾਨੂੰ ਗੁਰਬਾਣੀ ਆਧਾਰ `ਤੇ ਕੁਝ ਹੋਰ ਮੇਹਨਤ ਕਰਣ ਦੀ ਲੋੜ ਹੈ ਅਤੇ ਨਾਲ ਹੀ ਉਸ ਲਈ ਪ੍ਰਭੂ ਬਖਸ਼ੀ ਸੂਝ ਵਾਲੀ ਤਾਕਤ ਨੂੰ ਵੀ ਵਰਤਣਾ ਹੈ।

ਵਡਭਾਗੀ ਹਰਿ ਨਾਮੁ ਧਿਆਇਆ- (ਪੰ: ੯੪) ਇਹ ਠੀਕ ਹੈ-ਬ੍ਰਾਹਮਣੀ ‘ਕਿਸਮਤ’ ਅਤੇ ਗੁਰਮਤਿ ‘ਭਾਗ’ - ‘ਵਡਭਾਗੀ’ ਦੋਨਾਂ ਦਾ ਆਧਾਰ ਪਹਿਲਾਂ ਤੋਂ ਵਾਪਰੀ ਜਾਂ ਕੀਤੀ ਜਾ ਚੁਕੀ ਕਰਣੀ ਨਾਲ ਹੀ ਹੈ। ਸੁਆਲ ਪੈਦਾ ਹੁੰਦਾ ਹੈ ਕਿ ਉਹ ਕਰਣੀ ਹੋਈ ਕਦੋਂ? ਪਿਛਲੇ ਜਨਮਾਂ `ਚ, ਜਾਂ ਜਿਹੜੀ ਅੱਜ ਕਮਾਅ ਜਾਂ ਗੁਆ ਰਹੇ ਹਾਂ? ਸਮਝਣਾ ਹੈ ਕਿ ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ; ਕਿਸਮਤ’ ਉਹ ਹੈ, ਜੋ ਜਨਮ ਲੈਣ ਤੋਂ ਪਹਿਲਾਂ ਨਾਲ ਆਈ। ਜਦਕਿ ‘ਗੁਰਮਤਿ ‘ਭਾਗ, ਵਡਭਾਗੀ, ਭਾਗਹੀਣ, ਅਭਾਗਾ’ ਆਦਿ ਦਾ ਆਧਾਰ ਹੈ ਸਾਨੂੰ ਮਿਲ ਚੁਕਾ ਇਹ ਜਨਮ ਅਤੇ ਉਸ `ਚ ਕੀਤੀ ਗਈ ਕਮਾਈ ਜਾਂ ਉਸ ਲਈ ਅਗਿਆਣਤਾ। ਇਥੇ ਵੀ ਪ੍ਰਭੂ ਦੀ ਬਖਸ਼ਿਸ਼ ਤਾਂ ਹੀ ਹਾਸਲ ਹੋਵੇਗੀ ਜੇ ਵਡਭਾਗੀ ਬਣਾਂਗੇ, ਪਹਿਲਾਂ ਨਹੀਂ। ਨਹੀਂ ਤਾਂ ਅਭਾਗੇ ਹੀ ਰਹਿ ਜਾਵਾਂਗੇ।

ਮਿਸਾਲ ਵਜੋਂ, ਸਾਡੇ ਕੋਲ ਪਾਣੀ ਹੈ। ਜੇ ਉਸ `ਚ ਚੀਨੀ, ਪਤਾਸੇ ਆਦਿ ਮਿੱਠਾ ਪਾਉਂਦੇ ਹਾਂ ਤਾਂ ਮਿੱਠਾ ਹੋਵੇਗਾ। ਜੇ ਉਸ `ਚ ਨਮਕ ਜਾਂ ਕੜਵੀ ਚੀਜ਼ ਮਿਲਾਂਦੇ ਤਾਂ ਨਮਕੀਨ ਜਾਂ ਕੜਵਾ। ਮਿਠਾ, ਨਮਕੀਣ, ਕੜਵਾ, ਜੋ ਵੀ ਹੋਇਆ, ਦੋਨਾਂ ਹਾਲਤਾਂ `ਚ ਪਰ ਕਰਣੀ ਤਾਂ ਪਹਿਲਾਂ ਹੀ ਹੋਈ। ਫ਼ਰਕ ਹੈ, ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਜੋ ਪ੍ਰਾਪਤੀ ਜਾਂ ਨੁਕਸਾਨ ਹੈ ਤਾਂ ‘ਕਿਸਮਤ `ਚ ਇਹੀ ਸੀ, ਤਾਂ ਹੀ ਹੋਇਆ’ ਉਸਦਾ ਸੰਬੰਧ ਪਿਛਲੇ ਜਨਮ ਨਾਲ ਸੀ। ਜਦਕਿ ‘ਵਗਭਾਗੀ’ ਆਦਿ ਦਾ ਸੰਬੰਧ ਇਸੇ ਜਨਮ ਨਾਲ ਹੈ। ਦੋਵੇਂ ਪਾਸੇ ਨਤੀਜਾ ਤਾਂ ਪਹਿਲਾਂ ਤੋਂ ਕੀਤੇ ਦਾ ਹੀ ਹੈ। ਬੱਸ ਇਥੇ ਪੁੱਜ ਕੇ ਬਾਣੀ ਸੋਝੀ ਦੀ ਘਾਟ ਕਾਰਨ ਅਸੀਂ ਬ੍ਰਾਹਮਣੀ ਕਿਸਮਤ-ਭਾਗ-ਪ੍ਰਾਲਬਧ-ਕਰਮਾਂ ਅਤੇ ਗੁਰਮਤਿ ਵਿਚਲੇ ‘ਭਾਗ’ - ‘ਵਡਭਾਗੀ-ਭਾਗਹੀਣ, ਕਰਮਹੀਣ’ ਨੂੰ ਰਲ-ਗਡ ਕਰਣ ਦਾ ਕਾਰਨ ਬਣ ਜਾਂਦੇ ਹਾਂ ਅਤੇ ਇਥੇ ਅਸਾਂ, ਇਸ ਵੱਡੇ ਫ਼ਰਕ ਨੂੰ ਸਮਝਣਾ ਹੈ।

ਬ੍ਰਾਹਮਣੀ ਕਿਸਮਤ ਤਾਂ ਪਿਛਲੇ ਜਨਮਾਂ ਦੇ ਕਰਮਾਂ-ਸੰਸਕਾਰਾਂ ਨਾਲ ਜੁੜੀ ਹੈ। ਉਸ `ਚ ਵਾਧਾ-ਘਾਟਾ ਨਹੀਂ ਹੋ ਸਕਦਾ, ਭੋਗਣਾ ਹੀ ਹੈ। ਇਧਰ ਗੁਰਮਤਿ ਅਨੁਸਾਰ ਜੋ ‘ਭਾਗ’ - ‘ਵਡਭਾਗੀ-ਭਾਗਹੀਣ’ ਆਦਿ ਹੈ ਉਸ ਦਾ ਸੰਬੰਧ ਇਸੇ ਜਨਮ ਦੀ ਘਾਲ-ਕਮਾਈ ਨਾਲ ਹੈ ਜਿਸ ਲਈ ਮੋਜੂਦਾ ਸੁਆਸਾਂ ਦੀ ਅਮੁਲਤਾ ਦੀ ਲੋੜ ਹੈ। ਦੇਖਣਾ ਹੈ ਸਾਡੀ ਇਸ ਜੀਵਨ ਦੀ ਕੀਤੀ ਜਾ ਰਹੀ ਘਾਲ-ਜੀਵਨ ਦੀ ਸੰਭਾਲ ਵਾਲੀ ਹੋ ਰਹੀ ਹੈ ਜਾਂ ਬਰਬਾਦ ਕਰਣ ਵਾਲੀ? ਅਜੇਹਾ ਫ਼ੈਸਲਾ ਵੀ ਗੁਰਬਾਣੀ ਸੋਝੀ ਤੋਂ ਬਿਨਾ ਸੰਭਵ ਨਹੀਂ। ਉਂਝ ਸਾਡੇ ਮਨ ਦੇ ਵੀ ਦੋ ਵਿਰੋਧੀ ਰਾਹ ਹਨ ਜੋ ਇਸ ਮਨ ਦੀ ਤਿਆਰੀ ਨਾਲ ਸੰਬੰਧਤ ਹਨ। ਜੇਕਰ ਸਾਡਾ ਮਨ "ਮਨ ਤੂੰ ਜੋਤਿ ਸਰੂਪੁ ਹੈਂ…" ਅਨੁਸਾਰ ਗੁਰਬਾਣੀ ਰੰਗ `ਚ ਰੰਗੀਦਾ ਜਾ ਰਿਹਾ ਤਾਂ ਜੀਵਨ ‘ਵਡਭਾਗੀ’ ਹੋ ਜਾਵੇਗਾ। ਇਸਦੇ ਉਲਟ ਜੇਕਰ ਸਾਡਾ ਇਹੀ ਮਨ "ਇਹੁ ਮਨੂਆ ਦਹ ਦਿਸਿ ਧਾਵਦਾ, ਦੂਜੈ ਭਾਇ ਖੁਆਇਆ" (ਪੰ: ੫੯੯) ਅਨੁਸਾਰ ਆਪਹੁਦਰਾ ਹੋ ਕੇ ਵਿਕਾਰਾਂ ਦੀ ਦੱਬ `ਚ ਹੀ ਚਲਦਾ ਅਤੇ ਮੋਹ-ਮਾਇਆ `ਚ ਹੀ ਲਿਪਤ ਰਹਿੰਦਾ ਹੈ। ਇਸ ਤੇ ਸਾਡਾ ਜੀਵਨ ‘ਭਾਗਹੀਣ’ ਬਣ ਕੇ ਰਹਿ ਜਾਵੇਗਾ। ਜੀਵਨ ਉਹੀ ਹੈ ਜਦਕਿ ਰਹਿਣੀਆ ਦੋ ਹਨ, ਤੇ ਦੋਵੇਂ ਵਿਰੋਧੀ।

"ਦੇ ਲੰਮੀ ਨਦਰਿ ਨਿਹਾਲੀਐ" -ਗੁਰਦੇਵ ਸੇਧ ਦੇਂਦੇ ਹਨ "ਹੁਕਮੁ ਮੰਨੇ ਸੋ ਜਨੁ ਪਰਵਾਣੁ॥ ਗੁਰ ਕੈ ਸਬਦਿ ਨਾਮਿ ਨੀਸਾਣੁ" (ਪੰ: ੧੧੭੫) ਨਹੀਂ ਤਾਂ "ਮਨਮੁਖ ਅੰਧੇ ਠਉਰ ਨ ਪਾਈ॥ ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ" (ਉਹੀ) ਇਸ ਲਈ ਜ਼ਰੂਰੀ ਹੈ ਕਿ ਪ੍ਰਭੂ ਦੀ ਬਖਸ਼ਿਸ਼ ਨਾਲ ਇਹ ਮਨੁੱਖਾ ਜਨਮ ਮਿਲਣ ਤੋਂ ਬਾਅਦ "ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ" (ਪੰ: ੭੬੩) ਇਸੇ ਦਾ ਨਤੀਜਾ ਹੋਵੇਗਾ "ਇਉ ਪਾਵਹਿ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ" (ਉਹੀ)। ਇਸੇ ਲਈ ਗੁਰਬਾਣੀ ਦਾ ਆਦੇਸ਼ ਹੈ "ਦੇ ਲੰਮੀ ਨਦਰਿ ਨਿਹਾਲੀਐ" (ਪੰ: ੪੭੨) ਐ ਭਾਈ! ਅਮੁਲੇ ਸੁਆਸਾਂ ਨੂੰ ਜ਼ਾਇਆ ਨਾ ਕਰ ਅਤੇ ਜਾਗ ਕੇ ਚਲ ਤਾਕਿ ਤੇਰਾ ਇਹ ਜਨਮ ਕਿਧਰੇ ਅਜ਼ਾਈਂ ਨਾ ਚਲਾ ਜਾਵੇ। ਇਥੇ ਪਹਿਲਾਂ ਤੋਂ ਬਣੇ ਹੋਏ ਪਿਛਲੇ ਜਨਮਾਂ-ਸੰਸਕਾਰਾਂ ਦੀ ਗੱਲ ਨਹੀਂ ਹੋ ਰਹੀ। ਨਹੀਂ ਤਾਂ "ਦੇ ਲੰਮੀ ਨਦਰਿ ਨਿਹਾਲੀਐ" (ਪੰ: ੪੭੨) ਦਾ ਮਤਲਬ ਹੀ ਕੀ ਰਹਿ ਜਾਂਦਾ ਹੈ।

ਦੇਖਣਾ ਹੈ ਕਿ ਮਨੁੱਖ ਉਹੀ ਹੈ, ਇੱਕ ਪਾਸੇ ਗੁਰੂ-ਗੁਰਬਾਣੀ ਦੀ ਅਗਿਆ `ਚ ਚਲ ਕੇ ਪ੍ਰਭੂ ਦਰ `ਤੇ "ਜਨੁ ਪਰਵਾਣੁ", ਗੁਰਮੁਖ’, ‘ਵਡਭਾਗੀ’ ਹੋ ਜਾਂਦਾ ਹੈ। ਦੂਜੇ ਪਾਸੇ ਉਹੀ ਮਨੁੱਖ ਮਨਮਤੀਆ ਰਹਿ ਕੇ "ਬਿਸਟਾ ਕਾ ਕੀੜਾ, ਬਿਸਟਾ ਮਾਹਿ ਸਮਾਈ", ਵਿਕਾਰਾਂ ਮੋਹ ਮਾਇਆ ਆਦਿ ਦੀ ਗੰਦਗੀ `ਚ ਡੁਬਿਆ ‘ਮਨਮੁਖ’ - ‘ਭਾਗਹੀਣ’ - ‘ਕਰਮਹੀਣ’ ਬਣ ਗਿਆ। ਦੋਨਾਂ ਨੇ ਆਪਣੇ ਆਪਣੇ ਜੀਵਨ ਤਾਂ ਜੀਅ ਲਏ, ਪਰ ਇੱਕ ਨੇ ‘ਗੁਰਮੁਖ’ ਵਾਲਾ ਤੇ ਦੂਜੇ ਨੇ ‘ਮਨਮੁਖ’ ਵਾਲਾ। ਇੱਕ ‘ਵਡਭਾਗੀ’ ਹੋ ਗਿਆ, ਜਿਸਨੇ ਗੁਰੂ ਦੀ ‘ਨਦਰਿ ਕਰਮ’ - ‘ਬਖਸ਼ਿਸ਼’ ਨੂੰ ਪ੍ਰਾਪਤ ਕਰ ਲਿਆ ਜਦਕਿ ਦੂਜਾ ‘ਭਾਗਹੀਣ’ ਰਿਹਾ। ਇਸੇ ਪ੍ਰਾਪਤ ਹੋਣ ਵਾਲੀ ਅਵਸਥਾ ਲਈ ਗੁਰਬਾਣੀ `ਚ ਸ਼ਬਦਾਵਲੀ ‘ਭਾਗਠ, ਮਸਤਕਿ ਭਾਗ ਸਭਾਗੇ, ਭਾਗ ਮਥੋਰੀ, ਵਡਭਾਗੀ’ ਅਦਿ ਤੇ ਇਸਦੇ ਉਲਟ ‘ਭਾਗਹੀਣ’ ਆਦਿ। ਮਤਲਬ, ਗੁਰਬਾਣੀ ਦੀ ਇਸ ਸ਼ਬਦਾਵਲੀ ਨਾਲ ਮਨੁੱਖ ਦੇ ਪਿਛਲੇ ਜਨਮਾਂ-ਕਰਮਾਂ-ਸੰਸਕਾਰਾਂ ਦਾ ਕੋਈ ਸੰਬੰਧ ਨਹੀਂ। ਇਸੇ ‘ਵਡਭਾਗੀ’ ਵਾਲੇ ਮਕਸਦ ਦੀ ਪ੍ਰਾਪਤੀ ਲਈ ਤਾਂ ਪ੍ਰਭੂ ਨੇ ਸਾਨੂੰ ਮਨੁੱਖ ਦਾ ਜਨਮ ਬਖਸ਼ਿਆ ਹੈ ਅਤੇ ਇਸ ਜਨਮ `ਚ "ਨਦਰੀ ਮੋਖੁ ਦੁਆਰੁ" ਭਾਵ ਕਰਤਾਰ ਦੀ ਬਖਸ਼ਿਸ਼ ਨੂੰ ਹਾਸਲ ਕਰਣਾ ਹੈ। ਇਹੀ ਹੈ ਮਕਸਦ ਮਨੁੱਖਾ ਜਨਮ ਦਾ ਅਤੇ ਇਸੇ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਜੋ ‘ਮਨ’ ਵੀ ਮਿਲਿਆ ਹੈ ਜਿਹੜਾ ‘ਮਨ’ ਹੋਰ ਕਿਸੇ ਵੀ ਜੂਨੀ `ਚ ਨਹੀਂ ਮਿਲਿਆ।

"ਨਦਰੀ ਮੋਖੁ ਦੁਆਰੁ" - (ਬਾਣੀ ਜਪੁ) ਸੁਆਲ ਹੈ "ਨਦਰੀ ਮੋਖੁ ਦੁਆਰੁ" ਜਾਂ ‘ਵਡਭਾਗੀ’ ਵਾਲੀ ਗੱਲ ਬਣੇ ਕਿਵੇਂ? ਫ਼ੈਸਲਾ ਹੈ "ਗੁਰਮੁਖਿ ਵਡਭਾਗੀ ਵਡਭਾਗੇ, ਜਿਨ ਹਰਿ ਹਰਿ ਨਾਮੁ ਅਧਾਰੇ॥ ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ, ਗੁਰਮਤਿ ਭਗਤਿ ਭੰਡਾਰੇ (ਪੰ: ੪੯੩) ਭਾਵ ਵਡਭਾਗੀ ਤਾਂ ਅਸਾਂ ਬਨਣਾ ਹੈ ਅਤੇ ਉਸਦਾ ਰਸ ਵੀ ਮਨਣਾ ਹੈ ਪਰ ਕਿਵੇਂ? ਗੁਰਦੇਵ ਇਸ ਨੂੰ, ਇਸ ਤਰ੍ਹਾਂ ਸਰਲ ਕਰ ਕੇ ਸਮਝਾ ਰਹੇ ਹਨ ਕਿ ਗੁਰੂ-ਗੁਰਬਾਣੀ ਦੀ ਆਗਿਆ-ਸਿਖਿਆ `ਤੇ ਚਲਣ ਵਾਲਾ ਮਨੁੱਖ ਹੀ ‘ਗੁਰਮੁਖ’ ਹੋ ਕੇ, ਆਪਣੇ ਆਪ ਪ੍ਰਭੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ‘ਵਡਭਾਗੀ’ ਹੋ ਜਾਂਦਾ ਹੈ। ਕਿਉਂਕਿ ਅਜੇਹਾ ਜੀਊੜਾ ਹਰ ਸਮੇਂ ਹਰੀ ਰਸ ਵਾਲੇ, ਸਦਾ ਥਿਰ ਨਾਮ (ਸਿਫ਼ਤ ਸਲਾਹ) ਨਾਲ ਹੀ ਜੁੜਿਆ ਹੁੰਦਾ ਹੈ।

"ਅਬ ਤਉ ਜਾਇ ਚਢੇ ਸਿੰਘਾਸਨਿ" - ਜੀਵਨ ਦੀ ਇਸੇ ਸੱਚਾਈ ਨੂੰ ਕਿ ਕਰਤਾਰ ਦੀ ‘ਨਦਰਿ ਕਰਮ’ ਅਥਵਾ ‘ਬਖਸ਼ਿਸ਼’ ਨੂੰ ਹਾਸਲ ਕਰਕੇ ‘ਵਗਭਾਗੀ’ ਕਿਵੇਂ ਬਨਣਾ ਹੈ। ਸੇਵਕ-ਮਾਲਿਕ ਦੀਆਂ ਮਿਸਾਲਾਂ ਦੇ-ਦੇ ਕੇ, ਬੜੇ ਸੁਆਦਲੇ ਢੰਗ ਨਾਲ ਗੁਰਦੇਵ ‘ਆਸਾ ਕੀ ਵਾਰ’ `ਚ ਸਮਝਾਉਂਦੇ ਹਨ ਜਿਵੇਂ, "ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ॥ ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ" (ਪੰ: ੪੭੫)। ਭਾਵ ਐ ਮਨੁੱਖ! ਗੁਰੂ-ਗੁਰਬਾਣੀ ਤੋਂ ਸਿਖਿਆ ਲੈ ਕੇ ਆਪਣੇ ਜੀਵਨ ਨੂੰ ਪ੍ਰਭੂ ਆਗਿਆ `ਚ ਇਸ ਤਰ੍ਹਾਂ ਢਾਲ, ਕਿ ਪ੍ਰਭੂ ਦੀ ਰਜ਼ਾ `ਚ ਜੀਊਣਾ ਹੀ ਤੇਰਾ ਜੀਵਨ ਬਣ ਜਾਵੇ। ਜਿਵੇਂ ਆਗਿਆਕਾਰੀ ਨੌਕਰ ਦੇ ਮਨ `ਚ ਆਪਣੇ ਮਾਲਿਕ ਦਾ ਡੱਰ ਨਹੀਂ ਰਹਿੰਦਾ। ਫ਼ਿਰ ਚਾਹੇ ਉਸਦਾ ਮਾਲਿਕ ਉਸ ਦੇ ਸਿਰ `ਤੇ ਖੜਾ ਹੋਵੇ ਜਾਂ ਕਿਧਰੇ ਵੀ ਰਵੇ। ਸਚਾਈ ਇਹੀ ਹੁੰਦੀ ਹੈ ਕਿ ਅਜੇਹੇ ਸੇਵਕ ਦੇ ਹਿਰਦੇ ਅਤੇ ਕਰਣੀ `ਚ ਆਪਣੇ ਮਾਲਿਕ ਵਾਸਤੇ ਸੁਭਾਵਕ ਹੀ ਸਤਿਕਾਰ (ਨਿਰਮਲ ਭਉ) ਦੂਜਿਆਂ ਤੋਂ ਕਈ ਗੁਣਾ ਜ਼ਿਆਦਾ ਹੁੰਦਾ ਹੈ। ਨਤੀਜਾ ਹੁੰਦਾ ਹੈ, ਅਜੇਹਾ ਸੇਵਕ ਸਚਮੁਚ ਹੀ ਆਪਣੇ ਮਾਲਿਕ ਦੇ ਮਨ `ਚ ਅਣਜਾਣੇ ਹੀ ਆਪਣੀ ਬਹੁਤ ਉੱਚੀ ਜਗ੍ਹਾ ਹਾਸਿਲ ਕਰ ਚੁਕਾ ਹੁੰਦਾ ਹੈ। ਤਾਂ ਤੇ ਇਹੀ ਤਰੀਕਾ ਹੈ, ਗੁਰਬਾਣੀ ਆਗਿਆ `ਚ ਜੀਵਨ ਦੀ ਉਹ ਤਿਆਰੀ ਕਰ ਲਈ ਜਾਵੇ ਜਿਸਦੇ ਲਈ ਬਾਣੀ `ਚ ਕਬੀਰ ਸਾਹਿਬ ਫ਼ੁਰਮਾਉਂਦੇ ਹਨ "ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਣੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ" (ਪੰ: ੯੬੯)। ਇਹ ਹੈ ਮਨੁੱਖਾ ਜੀਵਨ ਦੀ ਉਹ ਅਵਸਥਾ ਜਿਸ ਨੂੰ ਬਾਣੀ `ਚ ‘ਵਡਭਾਗੀ’ ਜਾਂ ‘ਸਫ਼ਲ’ ਅਵਸਥਾ ਕਿਹਾ ਹੈ।

ਸਪਸ਼ਟ ਹੈ, ਪ੍ਰਭੂ ਦੀ ‘ਬਖਸ਼ਿਸ਼’ ਅਥਵਾ ‘ਨਦਰਿ-ਕਰਮ’ ਪਹਿਲਾਂ ਹੁੰਦੀ ਹੈ ਤੇ ਤਾਂ ਹੀ ਉਸਦਾ ਨਤੀਜਾ ‘ਵਡਭਾਗੀ’ ਅਵਸਥਾ ਬਣਦੀ ਹੈ, ਫ਼ਰਕ ਹੈ ਕਿ ਇਸਦਾ ਸੰਬੰਧ ਇਸੇ ਜਨਮ ਨਾਲ ਹੈ, ਪਿਛਲੇ ਜਨਮਾਂ-ਕਰਮਾਂ ਨਾਲ ਨਹੀਂ। ਇਸ ਦੇ ਲਈ ਹੀ "ਜਿਨਾ ਭਾਗ ਮਥਾਹਿ" — "ਜਿਸੁ ਧੁਰਿ ਭਾਗੁ ਹੋਵੈ" —— "ਜਿਤੁ ਮੁਖਿ ਭਾਗੁ ਲਿਖਿਆ" —— "ਸੇ ਵਡਭਾਗੀ ਜਿਨੀ ਪਾਇਆ" — "ਧੁਰਿ ਮਸਤਕਿ ਭਾਗ" —— "ਜਿਨ ਕੇ ਵਡੇ ਭਾਗ ਵਡ ਊਚੇ" — "ਨਾਨਕ ਮਸਤਕਿ ਜਿਸੁ ਵਡਭਾਗੁ" ਆਦਿ ਸਬਦਾਵਲੀ ਵਰਤੀ ਹੈ। ਫ਼ੈਸਲਾ ਹੈ "ਗੁਰ ਚਰਣੀ ਜਿਨ ਮਨੁ ਲਗਾ, ਸੇ ਵਡਭਾਗੀ ਮਾਇ" (ਪੰ: ੪੯)। ਜਦਕਿ ਇਸਦੇ ਉਲਟ ਬ੍ਰਾਹਮਣੀ ‘ਕਿਸਮਤ-ਭਾਗਾਂ-ਨਸੀਬਾਂ-ਕਰਮਾਂ’ ਦਾ ਤੁਅਲਕ ਹੈ ਹੀ ਪਿਛਲੇ ਜਨਮਾ ਦੇ ਕਰਮਾਂ ਨਾਲ।

"ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ" - ਗੁਰਦੇਵ ਨੇ ਤਾਂ ਇਸ ਵਿਸ਼ੇ ਨੂੰ ਸਪਸ਼ਟ ਕਰਣ ਲਈ ਬਾਣੀ ‘ਆਸਾ ਕੀ ਵਾਰ’ `ਚ ਹੀ ਹੋਰ ਕਈ ਸਲੋਕ ਬਖਸ਼ੇ ਹਨ। ਫ਼ੁਰਮਾਨ ਹੈ "ਚਾਕਰੁ ਲਗੈ ਚਾਕਰੀ, ਜੇ ਚਲੈ ਖਸਮੈ ਭਾਇ॥ ਹੁਰਮਤਿ ਤਿਸ ਨੋ ਅਗਲੀ, ਓਹੁ ਵਜਹੁ ਭਿ ਦੂਣਾ ਖਾਇ॥ ਖਸਮੈ ਕਰੇ ਬਰਾਬਰੀ, ਫਿਰਿ ਗੈਰਤਿ ਅੰਦਰਿ ਪਾਇ॥ ਵਜਹੁ ਗਵਾਏ ਅਗਲਾ, ਮੁਹੇ ਮੁਹਿ ਪਾਣਾ ਖਾਇ॥ ਜਿਸ ਦਾ ਦਿਤਾ ਖਾਵਣਾ, ਤਿਸੁ ਕਹੀਐ ਸਾਬਾਸਿ॥ ਨਾਨਕ ਹੁਕਮੁ ਨ ਚਲਈ, ਨਾਲਿ ਖਸਮ ਚਲੈ ਅਰਦਾਸਿ" (ਪੰ: ੪੭੪) ਭਾਵ ਜਿਹੜਾ ਨੌਕਰ, ਮਾਲਿਕ ਦੇ ਸੁਭਾਅ ਨਾਲ ਆਪਣਾ ਸੁਭਾਅ ਮਿਲਾ ਕੇ ਚਲਦਾ ਹੈ ਉਹ ਤਰਕੀਆਂ ਵੀ ਮਾਣਦਾ ਹੈ ਤੇ ਮਾਲਿਕ ਤੋਂ ਇਜ਼ਤ-ਮਾਨ ਵੀ ਖੱਟਦਾ ਹੈ। ਪਰ ਜਿਹੜਾ ਨੌਕਰ ਆਪਣੇ ਮਾਲਿਕ ਨਾਲ ਬਰਾਬਰੀਆ-ਟਾਕਰੇ ਕਰਦਾ ਹੈ, ਫ਼ਿਰ ਭਾਵੇਂ ਆਪਣੇ ਹਿਸਾਬ ਉਹ ਕਿੰਨਾ ਵੱਧ ਸਿਆਣਾ ਕਿਉਂ ਨਾ ਹੋਵੇ, ਮਾਲਿਕ ਦੀਆਂ ਨਜ਼ਰਾਂ `ਚ ਆਪਣੀ ਇਜ਼ਤ ਗੁਆ ਲੈਂਦਾ ਹੈ। ਕਈ ਵਾਰ ਤਾਂ ਨੌਕਰੀ ਤੋਂ ਵੀ ਕੱਢ ਦਿਤਾ ਜਾਂਦਾ ਹੈ ਅਤੇ ਬਨੀ ਬਨਾਈ ਤਨਖਾਹ ਵੀ ਗੁਆ ਲੈਂਦਾ ਹੈ। ਇਥੋਂ ਤੀਕ ਕਿ ਆਪਣੀਆਂ ਆਪਹੁਦਰੀਆਂ-ਬਦਤਮੀਜ਼ੀਆਂ ਲਈ ਕਈ ਵਾਰੀ ਆਪਣੇ ਮਾਲਿਕ ਤੋਂ ਜੁਤੀਆਂ ਵੀ ਖਾਂਦਾ ਹੈ। ਪਾਤਸ਼ਾਹ ਦੁਨਿਆਵੀ ਮਾਲਿਕ-ਨੌਕਰ ਦੀ, ਮਿਸਾਲ ਦੇ ਕੇ ਇਥੋਂ ਤੀਕ ਫ਼ੁਰਮਾਉਂਦੇ ਹਨ, ਪ੍ਰਭੂ ਦੀ ਦਰਗਾਹ `ਚ ਗੱਲ ਤਾਂ ਇਸਤੋਂ ਵੀ ਅੱਗੇ ਹੈ। ਪ੍ਰਭੂ ਅੱਗੇ ਹੁਕਮ ਨਹੀਂ ਚਲਦਾ, ਉਥੇ ਤਾਂ ਸਮਰਪਣ ਭਾਵਣਾ ਤੇ ਅਰਦਾਸੀਆ ਬਨਣ ਦੀ ਵੀ ਲੋੜ ਹੈ।

"ਦੁਰਮਤਿ ਭਾਗਹੀਨ ਮਤਿ ਫੀਕੇ" - (ਪੰ: ੪੯੩) ਗੁਰਦੇਵ ਦੀ ਬਖਸ਼ੀ ਇਸ ਮਿਸਾਲ ਤੋਂ ਤਾਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਅਨੁਸਾਰ ‘ਵਡਭਾਗੀ’ ਦੀ ਅਵਸਥਾ ਨੂੰ ਕੌਣ ਪ੍ਰਾਪਤ ਕਰਦੇ ਹਨ ਅਤੇ ‘ਅਭਾਗੇ’ ਕੌਣ। ਗੁਰਦੇਵ ਇਥੋਂ ਤੀਕ ਸਾਫ਼ ਕਰਦੇ ਹਨ ਕਿ ਬਾਹਰੋਂ ਭਾਵੇਂ ਕੋਈ ਕਿਤਨਾ ਵੀ ‘ਗੁਰਮੁਖ’ ਬਣਦਾ ਹੋਵੇ, ਜਿੰਨੇ ਚਾਹੇ ਪਾਠ ਕਰੇ, ਸੰਗਤ `ਚ ਹਾਜ਼ਰੀਆਂ ਭਰੇ ਜਾਂ ਕੁਝ ਵੀ। ਜੇ ਕਰ ਸੁਭਾਅ ਕਰਕੇ "ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥ ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥ ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ" (ਪੰ: ੪੭੪) ਆਪਣੀ ਹਰੇਕ ਕਰਣੀ ਤੇ ਪ੍ਰਭੂ ਦੀ ਦੇਣ `ਤੇ ਇਹੀ ਹਿਸਾਬ ਲਾਉਂਦਾ ਹੈ ‘ਕਿ ਪ੍ਰਭੂ ਨੇ ਕੀ ਠੀਕ ਕੀਤਾ ਤੇ ਕੀ ਗ਼ਲਤ ਕੀਤਾ ਹੈ’ ਜਾਂ ‘ਪ੍ਰਭੂ ਨੂੰ ਇਹ ਨਹੀਂ ਸੀ ਕਰਣਾ ਚਾਹੀਦਾ, ਉਹ ਨਹੀਂ ਸੀ ਕਰਣਾ ਚਾਹੀਦਾ’ ਆਦਿ। ਗੁਰਦੇਵ ਫ਼ੁਰਮਾਉਂਦੇ ਹਨ, ਅਜੇਹਾ ਮਨੁੱਖ ਵੀ ਆਪਣਾ ਜਨਮ ਗੁਆ ਕੇ ‘ਅਭਾਗਾ’ ਹੀ ਜਾਂਦਾ ਹੈ।

ਫ਼ੁਰਮਾਨ ਹੈ "ਤਿਨ ਕੇ ਭਾਗ ਖੀਨ ਧੁਰਿ ਪਾਏ, ਜਿਨ ਸਤਿਗੁਰ ਦਰਸੁ ਨ ਪਾਇਬਾ" (ਪੰ: ੬੯੭) ਭਾਵ ਜ਼ਾਹਿਰਾ ਧਰਮੀ ਹੁੰਦੇ ਹੋਏ ਵੀ ਬਹੁਤੇ, ਜੀਵਨ ਭਰ ਗੁਰੂ-ਅਕਾਲਪੁਰਖ ਨਹੀਂ ਪਾ ਸਕਦੇ। ਅਜੇਹੇ ਜੀਵਨ ਲਈ ਹੀ ਗੁਰਦੇਵ ਨੇ ਗੁਰਬਾਣੀ `ਚ ‘ਅਭਾਗਾ’, ਭਾਗ ਖੀਨ’ ‘ਦੁਰਮਤਿ ਭਾਗਹੀਨ ਮਤਿ ਫੀਕੇ‘ਕਰਮਹੀਣ’ ਆਦਿ ਸ਼ਬਦਾਵਲੀ ਵਰਤੀ ਹੈ। ਫ਼ੁਰਮਾਨ ਹੈ, "ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ" (ਪੰ: ੪੭੪) ਮੱਥੇ ਟੇਕਦਾ ਹੈ ਅਤੇ ਆਪਣੇ ਆਪ ਨੂੰ ਪ੍ਰਭੂ ਤੋਂ ਵੱਧ ਸਿਆਣਾ ਵੀ ਸਮਝਦਾ ਹੈ, ਅਜੇਹਾ ਮਨੁੱਖ ਮਾਨੋਂ ਮੂਲੋਂ ਹੀ ਉਖੜਿਆ ਹੈ। ਕਿਉਂਕਿ ਪ੍ਰਭੂ ਦਰ ਤੇ ਤਾਂ "ਵਡੀ ਵਡਿਆਈ ਜਾ ਸਚੁ ਨਿਆਉ …… ਵਡੀ ਵਡਿਆਈ ਬੁਝੈ ਸਭਿ ਭਾਉ" (ਪੰ: ੪੬੩) ਅਥਵਾ "ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉ॥ ਬੀਜੇ ਬਿਖੁ ਮੰਗੈ ਅੰਮ੍ਰਿਤੁ, ਵੇਖਹੁ ਏਹੁ ਨਿਆਉ" (ਪੰ: ੪੭੪) ਭਾਵ ਦੁਚਿਤੀ ਜਾਂ ਅੰਦਰੋ ਹੋਰ, ਬਾਹਰੋਂ ਹੋਰ, ਦੋਹਰੀ ਰਹਿਣੀ ਵਾਲਾ ਮਨੁੱਖ ਜੀਵਨ ਭਰ ‘ਅਭਾਗਾ’ ਹੀ ਰਹਿ ਜਾਂਦਾ ਹੈ।

ਕਿਉਂਕਿ ਗੁਰਸਿੱਖ ਦਾ ਜੀਵਨ ਤਾਂ ਹੈ "ਉਲਾਹਨੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀਓ" (ਪੰ: ੯੭੮) ਭਾਵ ਗੁਰਬਾਣੀ ਅਨੁਸਾਰ ‘ਵਡਭਾਗੀ’ ਅਥਵਾ ‘ਕਰਮਿ ਬਖਸ਼ਿਸ਼’ ਜਾਂ ‘ਨਦਰਿ ਕਰਮ’ ਵਾਲੀ ਅਵਸਥਾ ਪ੍ਰਪਤ ਕਰਣ ਲਈ ‘ਗੁਰਮੁਖ’ ਵਾਲੀ ਪਉੜੀ ਚੜ੍ਹਣੀ ਹੁੰਦੀ ਹੈ। ਉਸ ਪਉੜੀ ਤੇ ਪੁੱਜ ਕੇ ਮਨੁੱਖ ਦੇ ਜੀਵਨ `ਚ ਪ੍ਰਭੂ ਦੀ ਕਰਣੀ ਲਈ ਉਲਾਹਣੇ, ਕਿਉਂ-ਕਿੰਤੂ ਮੁੱਕ ਜਾਂਦਾ ਹੈ। ਮਨੁੱਖ ਅੰਦਰੋਂ ਆਸਾ-ਮਨਸਾ-ਅੰਦੇਸੇ, ਮੰਗਾਂ-ਤ੍ਰਿਸ਼ਨਾ-ਨਿਰਾਸ਼ਾ-ਚਿੰਤਾ ਮੁੱਕ ਚੁਕੇ ਹੁੰਦੇ ਹਨ। ਜੀਵਨ ਟਿਕਾਅ `ਚ ਆ ਚੁਕਾ ਹੁੰਦਾ ਹੈ। ਇਸੇ ਮਕਸਦ ਦੀ ਪ੍ਰਾਪਤੀ ਲਈ ਤਾਂ ਮਨੁੱਖਾ ਜਨਮ ਮਿਲਿਆ ਹੁੰਦਾ ਹੈ। ਇਥੇ ਬ੍ਰਾਹਮਣੀ ਕਿਸਮਤ-ਭਾਗ-ਕਰਮ ਵਾਲੀ ਪ੍ਰੀਭਾਸ਼ਾ ਉੱਕਾ ਲਾਗੂ ਨਹੀਂ ਹੁੰਦੀ ਅਤੇ ਨਾ ਹੀ ਇਸ ਦਾ ਸੰਬੰਧ ਪਿਛਲੇ ਜਨਮਾਂ-ਕਰਮਾਂ-ਸੰਸਕਾਰਾਂ ਨਾਲ ਹੀ ਹੈ।

"ਕਰਮੀ ਕਰਮੀ ਹੋਇ ਵਿਚਾਰ" - (ਜਪੁ) ਬੇਸ਼ਕ ਸਾਡੇ ਹੱਥਲੇ ਗੁਰਮਤਿ ਪਾਠ ਦਾ ਸੰਬੰਧ ਮਨੁੱਖ ਦੇ ਪਿਛਲੇ ਜਨਮਾ-ਕਰਮਾਂ-ਸੰਸਕਾਰਾਂ ਨਾਲ ਨਹੀਂ; ਫ਼ਿਰ ਵੀ ਇਥੇ ਕੇਵਲ ਇਤਨਾ ਕਹਿ ਦੇਣਾ ਹੀ ਕਾਫ਼ੀ ਹੈ ਕਿ ਪਿਛਲੇ ਕਰਮਾਂ ਸੰਬੰਧੀ ਬ੍ਰਾਹਮਣੀ ਵਿਚਾਰਧਾਰਾ ਨੂੰ ਵੀ ਗੁਰਮਤਿ ਨੇ ਉੱਕਾ ਪ੍ਰਵਾਣ ਨਹੀਂ ਕੀਤਾ, ਪੂਰੀ ਤਰ੍ਹਾਂ ਕਟਿਆ ਹੈ। ਗੁਰਮਤਿ ਦੀ ਪਿਛਲੇ ਜਨਮਾਂ-ਕਰਮਾਂ ਦੇ ਸੰਬੰਧ `ਚ ਜੋ ਸੇਧ ਹੈ, ਉਹ ਬ੍ਰਾਹਮਣੀ ਸੋਚ ਤਾਂ ਕੀ, ਦੂਜੀਆਂ ਸਾਰੀਆਂ ਵਿਚਾਰਧਾਰਾਵਾਂ ਤੋਂ ਵੀ ਬਿਲਕੁਲ ਨਿਵੇਕਲੀ, ਦਿਮਾਗ਼ ਨੂੰ ਖੋਲਣ ਵਾਲੀ ਹੈ, ਸੁਆਉਣ ਵਾਲੀ ਨਹੀਂ।

‘ਜੋ ਸਾਡੀ ਕਿਸਮਤ `ਚ ਸੀ’. . - ਜੇ ਕਰ ਇਹੀ ਸੱਚ ਹੈ ਕਿ ਉਹੀ ਹੁੰਦਾ ਹੈ ਜੋ ਕਿਸੇ ਦੀ ਕਿਸਮਤ ਸੀ, ਤਾਂ ਕੀ ਲੋੜ ਹੈ ਗੁਰਦੁਆਰੇ ਜਾਂ ਕਿਸੇ ਧਰਮ ਸਥਾਨ `ਤੇ ਜਾਣ ਦੀ, ਕਿਸੇ ਧਰਮ ਕਰਮ ਦੀ ਜਾਂ ਮਾੜੇ ਸੁਭਾਅ ਵਾਲੇ ਵਿਭਚਾਰੀ-ਸ਼ਰਾਬੀ ਮਨੁੱਖ ਲਈ ਮੇਹਨਤ ਕਰਨ ਦੀ ਤਾ ਕਿ ਉਹ ਵੀ ਚੰਗਾ ਇਨਸਾਨ ਬਣ ਜਾਵੇ। ਯਕੀਨਣ ਇਹ ਗੁਰਮਤਿ ਦੀ ਵਿਚਾਰਧਾਰਾ ਨਹੀਂ ਅਤੇ ਨਾ ਗੁਰਬਾਣੀ ਕਿਸੇ ਅਜੇਹੀ ‘ਕਿਸਮਤ’ ਨੂੰ ਮੰਨਦੀ ਹੀ ਹੈ; ‘ਕਿਸਮਤ’ ਵਾਲੇ ਅਜੇਹੇ ਵਿਸ਼ਵਾਸਾਂ ਨੂੰ ਗੁਰਬਾਣੀ ਨਕਾਰਦੀ ਹੈ। ਅਸਲ `ਚ ਇਸ ‘ਕਿਸਮਤ-ਭਾਗਾਂ-ਪ੍ਰਾਰਲਬਧ’ ਦਾ ਆਧਾਰ ਹੀ ਗਰੁੜਪੁਰਾਣ ਆਦਿ ਬ੍ਰਾਹਮਣੀ ਰਚਨਾਵਾਂ ਹਨ, ਜਿਨ੍ਹਾਂ ਨੂੰ ਗੁਰਮਤਿ ਪ੍ਰਵਾਣ ਨਹੀਂ ਰਕਦੀ। ਉਪ੍ਰੰਤ ਇਸੇ ‘ਗਰੁੜਪੁਰਾਣ’ ਆਦਿ ਰਚਨਾਵਾਂ ਦੀ ਦੇਣ ਹਨ- ਸੁਰਗ-ਨਰਕ, ਜਮਲੋਕ, ਪਿਤੱਰ ਲੋਕ, ਜਮਰਾਜ-ਧਰਮਰਾਜ, ਇੰਦਰ ਲੋਕ, ਦੇਵ ਲੋਕ, ਕਲਪਬ੍ਰਿਛ, ਕਾਮਧੇਨੂ ਆਦਿ। ਅਜੇਹੇ ਵਿਸ਼ਵਾਸਾਂ ਦਾ ਹੀ ਵਿਸਤਾਰ ਹਨ, ਸਗਨ-ਅਪਸਗਨ, ਚੌਂਕੇ-ਕਾਰਾਂ, ਵਰਣ-ਵੰਡ, ਟੇਵੇ-ਮਹੂਰਤ, ਸੁਚ-ਭਿੱਟ, ਰਾਸ਼ੀਫਲ-ਜਨਮਪਤ੍ਰੀਆਂ, ਥਿਤ-ਵਾਰ, ਸਰਾਧ-ਨੌਰਾਤੇ, ਪੂਰਨਮਾਸ਼ੀਆਂ-ਮਸਿਆਵਾਂ-, ਸੰਗ੍ਰਾਂਦਾਂ, ਸੂਰਜ-ਚੰਦ ਗ੍ਰਿਹਣ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ, ਟੂਣੇ-ਪ੍ਰਛਾਵੇਂ, ਗ੍ਰਿਹ-ਨਖਤ੍ਰ-ਜਨਮ ਕੁੰਡਲੀਆਂ, ਚੰਗਾ-ਮਾੜਾ ਦਿਨ, ਸਮਾਂ-ਸਾਹਾ ਅਤੇ ਹੋਰ ਬਹੁਤ ਕੁਝ। ਇਥੋਂ ਹੀ ਪੈਦਾ ਹੁੰਦੀਆਂ ਹਨ ਸਤੀ ਪ੍ਰਥਾ-ਵਿਧਵਾ ਆਡੰਬਰ, ਕੁੜੀ-ਮੁੰਡੇ `ਚ ਵਿਤਕਰੇ। ਖੂਬੀ ਇਹ, ਦੂਜਿਆਂ ਨੂੰ ਤਾਂ ਕੀ ਜਾਗ੍ਰਿਤ ਕਰਣਾ ਸੀ, ਗੁਰਬਾਣੀ ਸੋਝੀ ਤੋਂ ਦੂਰ, ਅੱਜ ਬਹੁਤੀਆਂ ਗੁਰੂ ਕੀਆਂ ਸੰਗਤਾਂ ਵੀ ਆਪਣੀ ਆਮ ਬੋਲਚਾਲ `ਚ ਅਨੇਕਾਂ ਵਾਰੀ ਲਫ਼ਜ਼ ‘ਕਿਸਮਤ’ ਭਾਗ-ਨਸੀਬ-ਕਰਮ’ ਆਦਿ ਵਰਤਦੀਆਂ ਹਨ ਅਤੇ ਉਹਨਾਂ ਹੀ ਬ੍ਰਾਹਮਣੀ ਅਰਥਾਂ `ਚ ਜਿਨ੍ਹਾਂ ਨੂੰ ਕਿ ਗੁਰਮਤਿ ਨੇ ਪ੍ਰਵਾਣ ਨਹੀਂ ਕੀਤਾ।

"ਕਰਮਾ ਸੰਦੜਾ ਖੇਤੁ" (ਪੰ: ੧੩੪) - ਗੁਰਮਤਿ ਅਨੁਸਾਰ ਮਨੁੱਖ ਦੇ ਕਰਮਾਂ-ਸੰਸਕਾਰਾਂ ਅਨੁਸਾਰ ਹੀ ਅਸਫ਼ਲ ਜੀਵ ਜਨਮ ਮਰਣ ਦੇ ਗੇੜ `ਚ ਪੈਂਦੇ ਹਨ ਜਿਨ੍ਹਾਂ ਨੂੰ ‘ਅਭਾਗੇ, ਆਦਿ ਵੀ ਬਿਆਨਿਆ ਹੈ। ਉਸੇ ਦਾ ਨਤੀਜਾ, ਜੇਕਰ ਅਸਫ਼ਲਤਾ ਤੋਂ ਬਾਅਦ ਕਰਤੇ ਦੀ ਬਖਸ਼ਿਸ਼ `ਚ ਫ਼ਿਰ ਕਦੇ "ਭਈ ਪਰਾਪਤਿ ਮਾਨੁਖ ਦੇਹੁਰੀਆ" (ਪੰ: ੧੨) ਜਾਂ "ਕਰਮੀ ਆਵੈ ਕਪੜਾ" (ਜਪੁ) ਅਨੁਸਾਰ ਮਨੁੱਖਾ ਜਨਮ ਮਿਲਦਾ ਵੀ ਹੈ ਤਾਂ ਉਥੇ ਵੀ "ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨਿ੍ਹ੍ਹ ਚੜੇ॥ ਇਕਿ ਨਿਹਾਲੀ ਪੈ ਸਵਨਿ੍ਹ੍ਹ ਇਕਿ ਉਪਰਿ ਰਹਨਿ ਖੜੇ" (ਪੰ: ੪੭੫)। ਇਥੇ ਵੀ ਪੂਰਬਲੇ ਕਰਮਾਂ ਦਾ ਨਤੀਜਾ ਕਿਸੇ ਬ੍ਰਾਹਮਣੀ ਸੁਰਗ-ਨਰਕ ਦੀ ਗੱਲ ਨਹੀਂ ਬਲਕਿ ਅਉਖਾ ਜਾਂ ਸੌਖਾ ਜਨਮ ਹੈ। ਇੱਕ ਹਨ ਜੋ ਰਜ਼ਾਈਆਂ ਲੇਫ਼ ਓੜ ਕੇ, ਏ. ਸੀ ਕਮਰਿਆਂ `ਚ ਸੌਂਦੇ ਹਨ। ਦੂਜੇ ਵੀ ਇਨਸਾਨ ਹਨ, ਜੋ ਗਰਮੀ, ਸਰਦੀ, ਬਾਰਿਸ਼-ਰਾਤਾਂ ਬੱਧੀ ਉਹਨਾਂ `ਤੇ ਪਹਿਰਾ ਦੇਂਦੇ ਤੇ ਰਖਵਾਲੀ ਕਰਦੇ ਹਨ। ਇਹ ਤਾਂ ਹਣ ਪਿਛਲੇ ਕਰਮਾਂ ਅਨੁਸਾਰ, ਫ਼ਿਰ ਵੀ ਜਿਥੋਂ ਤੀਕ ‘ਸਫ਼ਲ-ਅਸਫ਼ਲ’ ਜੀਵਨ ਦਾ ਸੁਆਲ ਹੈ, "ਤਿਨ੍ਹ੍ਹਾ ਸਵਾਰੇ ਨਾਨਕਾ, ਜਿਨ੍ਹ੍ਹ ਕਉ ਨਦਰਿ ਕਰੇ" ਕਿਉਂਕਿ ਹੋ ਸਕਦਾ ਹੈ ਕਿ ਉਹ ਧੰਨਵਾਨ ਐਸ਼ੋ-ਇਸ਼ਰਤ `ਚ ਡੁੱਬ ਕੇ ਵਿਭਚਾਰਾਂ-ਸ਼ਰਾਬਾ ਨਸ਼ਿਆਂ `ਚ ਜੀਵਨ ਬਰਬਾਦ ਕਰਕੇ ‘ਅਭਾਗਾ’ ਹੀ ਚਲਾ ਜਾਵੇ। ਜਦਕਿ ਉਸੇ ਉਪਰ ਰਖਵਾਲੀ-ਚੋਕੀਦਾਰੀ ਕਰ ਰਿਹਾ ਮਨੁੱਖ, ਪ੍ਰਭੁ ਗੁਣਾਂ ਨਾਲ ਭਰਪੂਰ ‘ਵਡਭਾਗੀ ਜੀਵਨ’ ਪ੍ਰਾਪਤ ਕਰੇ; ਜੀਉਂਦੇ ਜੀਅ ਵੀ ਕਰਤਾਰ ਨਾਲ ਇਕ-ਮਿਕ ਰਵੇ ਅਤੇ ਸਰੀਰ ਤਿਆਗਣ ਬਾਅਦ ਵੀ ਪ੍ਰਭੂ `ਚ ਹੀ ਅਭੇਦ ਹੋ ਜਾਵੇ। ਗੁਰਮਤਿ ਅਨੁਸਾਰ ਤਾਂ ਪਿਛਲੇ ਕਰਮਾ ਅਨੁਸਾਰ ਕੇਵਲ ਅਉਖੀ ਜਾਂ ਸਉਖੀ ਜ਼ਿੰਦਗੀ ਦਾ ਸੰਬੰਧ ਹੈ; ਕਿਸੇ ਦੀ ਆਤਮਕ ਅਵਸਥਾ ਦਾ ਨਹੀਂ। ਜੀਵਨ ਦੇ ਸਫ਼ਲ-ਅਸਫ਼ਲ, ਵਡਭਾਗੀ ਜਾਂ ਭਾਗਹੀਣ ਹੋਣ ਨਾਲ ਨਹੀਂ।

"ਤਿਉ ਜੋਤੀ ਸੰਗਿ ਜੋਤਿ ਸਮਾਨਾ" -ਦੂਜਾ-ਬ੍ਰਾਹਮਣੀ ਵਿਚਾਰਧਾਰਾ ਅਨੁਸਾਰ- ਕਰਮਾਂ ਦਾ ਨਾਸ ਨਹੀਂ ਹੁੰਦਾ ਅਤੇ ਜੀਵ ਹਮੇਸ਼ਾ ਹੀ ਜਨਮ ਮਰਣ ਦੇ ਗੇੜ੍ਹ `ਚ ਪਿਆ ਰਹਿੰਦਾ ਹੈ। ਜਦਕਿ ਗੁਰਮਤਿ ਅਨੁਸਾਰ ‘ਵਡਭਾਗੀ’ ਅਥਵਾ ‘ਸਫ਼ਲ ਜੀਵਨ’ ਦਾ ਮਤਲਬ ਹੀ ਇਹੀ ਹੈ ਕਿ ਮਨੁੱਖ ਜੀਊਂਦੇ ਜੀਅ ਵੀ "ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ" (ਪੰ: ੨੭੮) ਜਾਂ "ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ" (ਪੰ: ੮੪੬) ਪ੍ਰਭੂ ਗੁਣਾਂ ਦਾ ਵਾਰਿਸ ਬਣ ਕੇ ਸਦੀਵੀ ਆਨੰਦ ਤੇ ਸੰਤੋਖ, ਟਿਕਾਅ ਵਾਲੀ ਜ਼ਿੰਦਗੀ ਮਾਣਦਾ ਹੈ। ਸਰੀਰ ਤਿਆਗਣ ਬਾਅਦ ਵੀ ਪ੍ਰਭੂ `ਚ ਅਭੇਦ ਹੋ ਜਾਂਦਾ ਹੈ, ਬਾਰ ਬਾਰ ਦੇ ਜਨਮ-ਮਰਣ `ਚ ਨਹੀਂ ਪੈਂਦਾ। ਇੱਕ ਪਾਸੇ ‘ਸਫ਼ਲ ਜੀਵਨ’, ‘ਵਡਭਾਗੀ’ ਕੋਲ ਕਰਤੇ ਦੀ ਰਜ਼ਾਅ `ਚ ਜੁੜੇ ਰਹਿਣ ਕਰਕੇ, ਪ੍ਰਭੂ ਵਲੋਂ ‘ਆਤਮਕ ਤਾਕਤ’ ਬੇਅੰਤ ਹੁੰਦੀ ਹੈ, ਜਿਥੇ ਕਿ ਉਬਲਦੀਆਂ ਦੇਗ਼ਾਂ, ਸੀਸ ‘ਤ ਚਲਦੇ ਆਰੇ, ਮੀਰਮੰਨੂ ਦੇ ਜ਼ੁਲਮ, ਚਰਖੜੀਆਂ, ਗਰਮ ਜਮੂਰ, ਖੋਪੜੀ ਨੂੰ ਰੰਬੀਆਂ, ਜ਼ਾਲਮਾਂ ਦੀਆਂ ਦਿਵਾਰਾਂ ਵੀ ਦੁੱਖ ਨਹੀਂ ਦੇਂਦੀਆਂ।

ਜਦਕਿ ਆਤਮਕ ਪਖੋਂ ਮੁਰਦਾ ਜੀਵਨ, "ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ, ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ" (ਪੰ: ੪੯੩)। ਸਿਵਾਇ ਗੁਣਾਹਾਂ ਦੁਖਾਂ ਦੇ ਕੁਝ ਵੀ ਪ੍ਰਾਪਤ ਕਰਦੇ ਅਤੇ ਸਾਰੀ ਉਮਰ ਕਲੇਸ਼ਾਂ, ਭਟਕਣਾਂ, ਤ੍ਰਿਸ਼ਨਾ, ਨਿਰਾਸ਼ਾ `ਚ ਹੀ ਬਰਬਾਦ ਕਰਕੇ ਸੰਸਾਰ ਤੋਂ ‘ਅਭਾਗੇ’ ਹੀ ਚਲ ਵਸਦੇ ਹਨ। ਫ਼ਿਰ ਭਾਵੇਂ ਅਜੇਹੇ ਲੋਕਾਂ ਕੋਲ ਕਿਤਨੇ ਵੀ ਧੰਨ-ਪਦਾਰਥ, ਪਦਵੀਆਂ-ਤਾਕਤਾਂ ਰਹਿ ਚੁਕੀਆਂ ਹੋਣ। ਇਹ ਇੱਕ ਹੋਰ ਸਚ ਹੈ, ਕਿ ਅਉਖੇ-ਸੌਖੇ ਜੀਵਨ ਵਾਲੀ ਗੱਲ ਕੇਵਲ ਮਨੁੱਖਾ ਜੀਵਨ `ਤੇ ਹੀ ਲਾਗੂ ਨਹੀਂ ਹੁੰਦੀ, ਹਰੇਕ ਜੀਵ ਸ਼੍ਰੇਣੀ `ਤੇ ਲਾਗੂ ਹੁੰਦੀ ਹੈ। ਫ਼ਰਕ ਹੁੰਦਾ ਹੈ ਮਨੁਖਾ ਜੀਵਨ `ਚ ‘ਆਤਮਕ ਅਵਸਥਾ’ ਵਾਲੀ ਪ੍ਰਭੂ ਦੀ ਦੇਣ ਅਤੇ ‘ਵਡਭਾਗੀ-ਅਭਾਗੇ’ ਰਹਿ ਜਾਣ ਵਾਲੀ ਗੱਲ ਜੋ ਦੂਜੀਆਂ ਜੂਨੀਆਂ `ਤੇ ਲਾਗੂ ਨਹੀਂ ਹੁੰਦੀ।

ਬ੍ਰਾਹਮਣੀ ਕਿਸਮਤ ਦੇ ਉਲਟ-ਵਡਭਾਗੀ ਅਤੇ ਅਭਾਗੇ-ਬਾਣੀ ਅਲਾਹਣੀਆਂ (ਪੰ: ੫੮੨) "…. ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ॥ ਜਮ ਮਾਰਗਿ ਨਹੀਂ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ॥ ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ" …. ਭਾਵ ਕਈ ਜੋ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਤੇ ਜੀਵਨ ਦੇ ਅਸਲ ਮਾਰਗ ਤੋਂ ਉਖੜੇ ਰਹਿਂਦੇ ਹਨ, ਉਹ ਵੀ ਗੁਰੂ ਦੀ ਸਿੱਖਿਆ `ਤੇ ਚੱਲ ਕੇ ਪ੍ਰਭੂ ਨਾਲ ਇੱਕ ਮਿਕ ਹੋ ਸਕਦੇ ਹਨ। ਜਿਹੜੇ ਗੁਰੂ ਦੇ ਸ਼ਬਦ `ਚ ਲੀਨ ਰਹਿੰਦੇ ਹਨ ਉਹ (ਵਡਭਾਗੀ) ਫ਼ਿਰ ਜਨਮ-ਮਰਣ ਦੇ ਗੇੜ `ਚ ਨਹੀਂ ਪੈਂਦੇ, ਉਹ ਸਦਾ ਲਈ, ਸਦਾ ਥਿਰ ਪ੍ਰਮਾਤਮਾ `ਚ ਜੁੜੇ ਰਹਿੰਦੇ ਹਨ। ਇਸ ਲਈ ਹੇ ਸਤਸੰਗੀਓ! ਸਤਸੰਗ `ਚ ਰਲ ਕੇ ਬੈਠੋ, ਜਿਹੜੇ ਸਤਸੰਗ `ਚ ਆਉਂਦੇ ਹਨ, ਗੁਰੂ ਨਾਲ ਮਿਲ ਕੇ, ਗੁਰੂ ਦੇ ਮਾਰਗ `ਤੇ ਚੱਲਦੇ ਹਨ, ਉਹਨਾਂ ਦੇ ਮਾਇਆ ਮੋਹ ਦੇ ਫਾਹੇ ਕਟ ਜਾਂਦੇ ਹਨ"।

(ਦੂਜੇ, ਮਨੁੱਖਾ ਜਨਮ ਪਾ ਕੇ ਸਤਸੰਗ ਰਾਹੀਂ, ਗੁਰੂ-ਗੁਰਬਾਣੀ ਦੇ ਮਾਰਗ `ਤੇ ਨਹੀਂ ਚਲਦੇ, ਜਨਮ ਜ਼ਾਇਆ ਕਰ ਦੇਂਦੇ ਹਨ, ਉਹ ‘ਅਭਾਗੇ’ ) "ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ" ਭਾਵ "ਆਪਣੇ ਕੀਤੇ ਕਰਮਾਂ ਅਨੁਸਾਰ, ਪ੍ਰਮਾਤਮਾ ਦੀ ਦਰਗਾਹ `ਚੋਂ ਹੀ ਇਸ ਨਵੇਂ ਜੀਵਨ ਲਈ ਮੱਥੇ `ਤੇ ਦੁਖ-ਸੁਖ ਦੇ ਲੇਖ ਲਿਖਾ ਕੇ ਜਗਤ ਚ ਨੰਗਾ (ਰੱਬੀ ਗਿਆਨ ਤੋਂ ਹੀਣਾ) ਹੀ ਆਉਂਦਾ ਹੈ। ਜਨਮ ਦੇ ਨਾਲ, ਉਹ ਸਮਾਂ ਭੀ ਨਿਯਤ ਹੁੰਦਾ ਹੈ ਜਦੋਂ ਇਸ ਨੇ ਸੰਸਾਰ ਤੋਂ ਵਾਪਸ ਜਾਣਾ ਹੈ। ਉਹ ਦੁਖ ਸੁਖ ਵਾਪਰਦੇ ਹਨ ਜੋ ਪਿਛਲੇ ਜਨਮਾਂ `ਚ ਉਸ ਨੇ ਕਰਮ ਕਰ ਕੇ ਕਮਾਈ ਕੀਤੀ ਹੁੰਦੀ ਹੈ। ਕਿਉਂਕਿ ਉਸਦੇ ਕੀਤੇ ਕਰਮਾਂ ਅਨੁਸਾਰ, ਸਦਾ-ਥਿਰ ਪ੍ਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ `ਚ ਨਾਮ-ਅੰਮ੍ਰਿਤ ਦਾ ਵਪਾਰੀ ਬਨਣਾ ਹੈ ਜਾਂ ਮਾਇਆ-ਜ਼ਹਿਰ `ਚ ਹੀ ਡੁੱਬੇ ਰਹਿਣਾ ਹੈ, ਤਾਂ ਤੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦੀ ਰਜ਼ਾ `ਚ ਜਿਧਰ ਜੀਵ ਨੂੰ ਲਾਇਆ ਜਾਂਦਾ ਹੈ, ਜੀਵ ਓਧਰ ਹੀ ਲਗਦਾ ਹੈ’।

ਕੀਤੇ ਕਰਮਾਂ ਅਨੁਸਾਰ, ਆਪਣੇ ਮਾਇਆ ਜਾਲ `ਚ ਫ਼ਸਾਉਣ ਵਾਲੀ ਮਾਇਆ, ਜੀਵ `ਤੇ ਆਪਣਾ ਕਈ ਰੰਗਾਂ ਵਾਲਾ ਧਾਗਾ ਭਾਵ ਮਾਇਆ ਇਸ ਨੂੰ ਆਪਣੇ ਕਈ ਢੰਗਾਂ ਨਾਲ ਮੋਹ ਲੈਂਦੀ ਹੈ। ਇਸ ਮਨਮੋਹਣੀ ਮਾਇਆ ਦੇ ਪ੍ਰਭਾਵ `ਚ ਫ਼ਸਿਆ ਆਪਣੀ ਹੋਛੀ ਮੱਤ ਕਾਰਣ ਜੀਵ ਥੋੜ੍ਹ-ਵਿਤਾ ਹੀ ਰਹਿੰਦਾ ਹੈ (ਇਸ `ਚ ਵਿਤਕਰੇ-ਮੇਰ-ਤੇਰ-ਸੁਆਰਥ ਆਦਿ ਅਉਗੁਣ) ਨਿੱਕੇ ਨਿੱਕੇ ਸੁਅਰਥਾਂ `ਚ ਫਸਿਆ ਠੀਕ ਉਸੇ ਤਰ੍ਹਾਂ ਜਿਵੇਂ ਗੁੜ ਖਾਂਦੀ-ਖਾਂਦੀ ਮੱਖੀ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਇਹ ਜੀਵ ਮਾਇਕ ਸੁਆਦਾਂ ਦੀ ਪਕੜ `ਚ ਹੀ ਆਤਮਕ ਮੌਤੇ ਮਰ ਜਾਂਦਾ ਹੈ। ਨਤੀਜਾ-ਜਿਸ ਤਰ੍ਹਾਂ ਨੰਗਾ ਆਇਆ ਸੀ ਉਸੇ ਤਰ੍ਹਾਂ ਹੀ ਨੰਗਾ (ਰੱਬੀ ਗਿਆਨ ਤੋਂ ਖਾਲੀ) ਚਲਾ ਜਾਂਦਾ ਹੈ (ਪਹਿਲਾਂ ਵੀ ਜਨਮਾਂ ਦੇ ਗੇੜ `ਚ ਪਿਆ ਸੀ, ਮਨੁੱਖਾ ਜਨਮ ਲੈ ਕੇ ਵੀ ਫ਼ਿਰ ਤੋਂ ਉਸੇ ਜਨਮ-ਮਰਣ ਦੇ ਗੇੜ `ਚ ਪਾ ਦਿਤਾ ਗਿਆ ਇਹੀ ਹੈ ਉਸਦਾ ‘ਨੰਗਾ ਆਉਣਾ ਨੰਗਾ ਜਾਣਾ’ ਦੂਜੀ ਗੱਲ ਕਿ ਨੰਗਾ ਹੀ ਆਇਆ ਮਨੁੱਖ ਸਾਧ ਸੰਗਤ ਅਤੇ ਗੁਰੂ-ਗੁਰਬਾਣੀ ਨਾਲ ਜੁੜ ਕੇ ਵਡਭਾਗੀ ਹੋ ਕੇ ਜਾਂਦਾ ਹੈ ਅਤੇ ਦੂਜਾ ਅਭਾਗਾ ਹੀ ਰਹਿ ਜਾਂਦਾ ਹੈ)। #150s808.01s08# ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵ ‘ਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 150

ਭਾਗ ਅਤੇ ਕਿਸਮਤ `ਚ ਫ਼ਰਕ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.