.

ਅਜੋਕਾ ਦਸਮ ਗ੍ਰੰਥ ਅਤੇ ਗੁਰੂ ਕੀਆਂ ਸੰਗਤਾਂ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸਨਿਮ੍ਰ ਬੇਨਤੀ-ਦਸਮੇਸ਼ ਪਿਤਾ ਦੀਆਂ ਮੰਨੀਆਂ ਜਾ ਰਹੀਆਂ ‘ਜਾਪੁ’, ‘ਸਵਯੈ’ ਆਦਿ ਬਾਣੀਆਂ ਜੋ ‘ਸਿੱਖ ਰਹਿਤ ਮਰਿਆਦਾ-੧੯੪੫’ ਅਨੁਸਾਰ ਨਿਤਨੇਮ ਦਾ ਹਿੱਸਾ ਹਨ, ਸਾਡੀ ਪੱਧਰ ਦਾ ਵਿਸ਼ਾ ਨਹੀਂ ਅਤੇ ਸਰਬਤ ਖਾਲਸਾ (ਪੰਥਕ) ਪੱਧਰ ਦਾ ਵਿਸ਼ਾ ਹਨ। ਇਸ ਲਈ ਸਾਡੇ ਹੱਥਲੇ ਗੁਰਮਤਿ ਪਾਠ `ਚ ਲਫ਼ਜ਼ ‘ਦਸਮਗ੍ਰੰਥ’ ਜਾਂ ‘ਅਜੋਕਾ ਦਸਮਗ੍ਰੰਥ’ ਵਰਤ ਕੇ ਵੀ, ਇਸ ਦਾ ਉਹਨਾਂ ਬਾਣੀਆਂ ਦਾ ਉੱਕਾ ਸੰਬੰਧ ਨਹੀਂ। ਉਂਝ ਵੀ ਸੰਗਤਾਂ ਦੀ ਜਾਣਕਾਰੀ ਲਈ, ਜਿਥੋਂ ਤੀਕ ਨਿੱਤਨੇਮ `ਚ ਸ਼ਾਮਲ ‘ਜਾਪੁ’ ‘ਸਵਯੈ’ ਆਦਿ ਦਾ ਸੰਬੰਧ ਹੈ, ਉਹ ੧੪੨੮ ਪੰਨਿਆਂ ਦੇ ‘ਅਜੋਕੇ ਦਸਮਗ੍ਰੰਥ’ ਵਿਚੋਂ ਕੁਲ ੨੦-੨੫ ਪੰਨੇ ਹੀ ਹਨ। ਇਸ ਲਈ ਇਸ `ਚ ਵੀ ਤੁੱਕ ਨਹੀਂ ਕਿ ਕੇਵਲ ਉਹਨਾਂ ੨੦-੨੫ ਪੰਨਿਆਂ ਦੇ ਪਰਦੇ `ਚ ਸਿੱਖ ਵਿਰੋਧੀ ਅਨਸਰ ਨੂੰ, ਬਾਕੀ ਲਗਭਗ ੧੪੦੦ (ਚੌਦਾਂ ਸੌ) ਪੰਨੇ ਕੌਮ `ਤੇ ਥੋਪਣ ਦੀ ਇਜਾਜ਼ਤ ਦੇ ਦਿਤੀ ਜਾਵੇ ਜਿਹੜੇ ਖੁੱਲਮ-ਖੁੱਲਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਘੋਰ ਬੇਅਦਬੀ ਦਾ ਕਾਰਨ ਹਨ।

ਵਾਹ ਰੇ ਦਸਮ ਗ੍ਰੰਥ! ਸਮਝਣ ਦਾ ਵਿਸ਼ਾ ਹੈ, ਜਿੱਥੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਮਹਾਨ ਹਸਤੀ ਪੰਥ ਨੂੰ ਇਕੋ-ਇਕ ਅਕਾਲਪੁਰਖ ਨਾਲ ਜੋੜਣ ਵਾਲੀ, ਮੋਹ-ਮਾਇਆ-ਨਸ਼ੇ ਵਿਭਚਾਰਾਂ `ਚੋਂ ਕਢ ਕੇ ਜੀਵਨ ਨੂੰ ਵਿਕਾਰ ਰਹਿਤ ਬਨਾਉਣ ਵਾਲੀ, ਇਸਤ੍ਰੀ-ਪੁਰਖ ਵਾਲੇ ਵਿਤਕਰੇ ਵਿਰੁਧ, ਦੇਵੀ-ਦੇਵਤਾ-ਅਵਤਾਰਵਾਦ ਦੀ ਪੂਜਾ-ਅਰਚਾ ਵਿਚੋਂ ਆਜ਼ਾਦ ਕਰਣ ਵਾਲੀ, ਪ੍ਰਭੂ ਬਖਸ਼ੇ ਕੇਸਾਂ ਵਾਲੇ ਸੋਹਣੇ ਸਰੂਪ ਦਾ ਸਤਿਕਾਰ ਕਰਵਾਉਣ ਵਾਲੀ, ਕਰਮਕਾਂਡੀ ਜੀਵਨ ਚੋਂ ਸੁਰਖਰੂ ਕਰਕੇ ਮਨੁੱਖ ਨੂੰ ਬੇਅੰਤ ਇਲਾਹੀ ਗੁਣਾਂ ਵਲ ਪ੍ਰੇਰਣ ਅਤੇ ਜੀਵਨ ਨੂੰ ਰਜ਼ਾ-ਭਾਣੇ ਵਲ ਮੋੜ ਕੇ ਸਦਾਚਾਰਕ ਬੁਲੰਦੀਆਂ ਤੀਕ ਪਹੁੰਚਾ ਕੇ ਸਚਿਆਰਾ-ਸੁਅੱਛ-ਆਨੰਦਮਈ- ਟਿਕਾਅ ਵਾਲਾ ਜੀਵਨ ਦੇਣ ਵਾਲੀ ਹੈ।

ਦੂਜੇ ਪਾਸੇ, ‘ਮੌਜੂਦਾ ਦਸਮ ਗ੍ਰੰਥ’ ਮਨੁੱਖ ਨੂੰ ਅਸ਼ਲੀਲਤਾ ਤੇ ਨੰਗੇਜਵਾਦ ਵਲ ਧੱਕਣ ਵਾਲਾ; ਨਸ਼ੇ-ਵਿਭਚਾਰਾਂ ਚ ਡੁਬੋਉਣ ਵਾਲਾ, ਕੇਸਾਂ-ਰੋਮਾਂ ਦੀ ਕੱਟ-ਵੱਢ ਦਾ ਉਪਦੇਸ਼ਕ, ਇਸਤ੍ਰੀ ਵਰਗ ਦੀ ਅਵਹੇਲਣਾ ਨਾਲ ਭਰਪੂਰ, ਦੇਵੀ-ਦੇਵਤਾ-ਅਵਤਾਰ ਵਾਦ; ਫੋਕਟ ਤੀਰਥਾਂ, ਜਪਾਂ-ਤਪਾਂ, ਦਾਨ-ਪੁੰਨ, ਸਗਨਾ-ਮਹੂਰਤਾਂ ਵਾਲੇ ਬ੍ਰਾਹਮਣੀ ਕਰਮਕਾਂਡਾਂ ਰਸਤੇ ਪਾਉਣ ਵਾਲਾ ਹੈ। ਹੋਰ ਤਾਂ ਹੋਰ, ਦਸਵੇਂ ਨਾਨਕ ਦਸਮੇਸ਼ ਜੀ ਨੂੰ ਬਾਕੀ ਨੌ ਗੁਰੂ ਜਾਮਿਆਂ ਤੋਂ ਨਿਖੇੜ ਕੇ ਪੇਸ਼ ਕਰਣ ਵਾਲਾ ਤੇ ਨਾਲ ਹੀ ਉਹਨਾਂ ਨੂੰ ਦੇਵੀ ਪੂਜਕ ਸਾਬਤ ਕਰਣ ਵਾਲਾ---ਬਜਰ ਗੁਨਾਹਾਂ ਦਾ ਪੁਤਲਾ ਵੀ ਹੈ, ਇਹ ਦਸਮਗ੍ਰੰਥ।

ਖਿਮਾ ਚਾਹਾਂਗੇ, ਜਿਵੇਂ ਅੱਜ ਸ਼ਰਾਰਤੀ ਤੇ ਸਿੱਖ ਵਿਰੋਧੀ ਅਨਸਰ ਕੇਵਲ ਨਿਤਨੇਮ ਨਾਲ ਸੰਬੰਧਤ ਇਸ ਗ੍ਰੰਥ ਵਿਚਲੇ ੨੦-੨੫ ਪੰਨਿਆਂ ਦਾ ਓਲਾ ਲੈ ਕੇ, ਬੜੀ ਕੁਟਲਨੀਤੀ ਨਾਲ ਸਾਡੇ ਉਪਰ ੧੪੦੦ ਦੇ ਆਸਪਾਸ ਗੁਰਮਤਿ ਵਿਰੋਧੀ ਪੰਨੇ ਥੋਪ, ਸਾਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਨਿਘੀ ਗੋਦ `ਚੋਂ ਕੱਢਣ ਲਈ ਤੁਲਿਆ ਹੋਇਆ ਹੈ। ਜ਼ਰੂਰੀ ਹੈ ਕਿ ੧੪੨੮ ਪੰਨਿਆਂ ਵਿਚੋਂ, ਨਿਤਨੇਮ ਨਾਲ ਸੰਬੰਧਤ, ਪੰਥਕ ਪੱਧਰ ਦੇ ਵਿਸ਼ੇ ਨਾਲ ਸੰਬੰਧਤ ੨੦-੨੫ ਪੰਨਿਆਂ ਨੂੰ ਵੱਖ ਰਖ ਕੇ, ਵੈਰੀ ਰਾਹੀਂ ਪ੍ਰਚਲਤ ਕੀਤੇ ਅਤੇ ਪੰਥ `ਤੇ ਥੋਪੇ ਜਾ ਰਹੇ ਅਜੋਕੇ ‘ਦਸਮਗ੍ਰੰਥ’ ਵਿਚੋਂ ਬਾਕੀ ਲਗਭਗ ੧੪੦੦ ਪੰਨਿਆਂ ਦੀ ਪੋਲ ਖੋਲਣ ਲਈ ਅੱਗੇ ਆਵੀਏ। ਤਾ ਕਿ ਗੁਰੂ ਕੀਆਂ ਸੰਗਤਾਂ ਤੀਕ ਅਸਲੀਅਤ ਪੁੱਜ ਸਕੇ। ਸਗਤਾਂ ਨਾਲ ਦਿਨ ਦੀਵੀਂ ਹੋ ਰਹੇ ਇਸ ਵੱਡੇ ਧੋਖੇ ਤੋਂ ਸੰਗਤਾਂ ਨੂੰ ਸਮੇਂ ਸਿਰ ਸੁਚੇਤ ਕੀਤਾ ਜਾ ਸਕੇ।

ਦੋਹਰਾ ਦੇਂਦੇ ਹਾਂ ਕਿ ਵਿਸ਼ੇ ਨੂੰ ਗਹਿਰਾਈ ਤੋਂ ਸਮਝਣ ਲਈ ਸਾਡੇ ਵਲੋਂ ਇਥੇ ਵਰਤੇ ਜਾ ਰਹੇ ਲਫ਼ਜ਼ ‘ਅਜੋਕਾ ਦਸਮਗ੍ਰੰਥ’ ਦਾ ਅਰਥ, ਇਸ ਗ੍ਰੰਥ ਵਿਚੋਂ ਨਿਤਨੇਮ ਨਾਲ ਸੰਬੰਧਤ ੨੦-੨੫ ਪੰਨਿਆਂ ਨੂੰ ਅੱਡ ਕਰਕੇ ਲਿਆ ਜਾਵੇਗਾ। ਇਸਦੇ ਨਾਲ ਨਾਲ ਸੰਗਤਾਂ ਨੂੰ ਇੱਕ ਹੋਰ ਸਚਾਈ ਤੋਂ ਵੀ ਜਾਨੂੰ ਕਰਵਾ ਦੇਣਾ ਚਾਹੁੰਦੇ ਹਾਂ ਕਿ ਅੱਜ ਵਿਰੋਧੀਆਂ ਵਲੋਂ ਜੋ ਪੰਥਕ ‘ਨਿਤਨੇਮ ਨਾਲ ਸੰਬੰਧਤ ੨੦-੨੫ ਪੰਨਿਆਂ’ ਦੇ ਪਰਦੇ-ਓਲੇ ‘ਦਸਮਗ੍ਰੰਥ’ ਦੇ ਨਾਮ `ਤੇ ਪੰਥ ਉਪਰ ਲਗਭਗ ੧੪੦੦ ਅਸ਼ਲੀਲ-ਗੁਰਮਤਿ ਵਿਰੋਧੀ ਪੰਨੇ ਥੋਪਣ ਦੀ ਕੁਟਲਨੀਤੀ ਵਰਤ ਕੇ ਕੌਮ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਨਿੱਘੀ ਗੋਦ ਵਿਚੋਂ ਕੱਢਣ ਦੀਆਂ ਨੀਚਤਾ ਭਰਪੂਰ ਚਾਲਾਂ ਚਲੀਆਂ ਜਾ ਰਹੀਆਂ ਹਨ। ਰੱਬ ਨਾ ਕਰੇ, ਸਾਡੀ ਲਾਪਰਵਾਹੀ ਜਾਂ ਨਾਸਮਝੀ ਦਾ ਨਤੀਜਾ, ਜੇਕਰ ਉਹ ਲੋਕ ਆਪਣੀਆਂ ਗੁਝੀਆਂ ਚਾਲਾਂ ਸਦਕਾ ਇਸ ਨੂੰ ਸਾਡੇ `ਤੇ ਥੋਪਣ `ਚ ਸਫ਼ਲ ਹੋ ਗਏ ਤਾਂ ਇਸਤੋਂ ਬਾਅਦ ਉਹਨਾਂ ਵਲੋਂ ੧੫੭੫ ਪੰਨਿਆਂ ਦਾ ਇੱਕ ਹੋਰ ‘ਸਰਬ ਲੋਹ ਗ੍ਰੰਥ’ ਵੀ ਇਸੇ ਕੱਤਾਰ `ਚ ਖੜਾ ਹੈ; ਤਾਂ ਫ਼ਿਰ ਸਾਨੂੰ ਉਸ ਦੀ ਵਾਰੀ ਵੀ ਦੂਰ ਨਹੀਂ ਸਮਝਣੀ ਚਾਹੀਦੀ।

"ਪੂਰੇ ਗੁਰ ਤੇ ਮਹਲੁ ਪਾਇਆ" - (ਪੰ: ੧੨੪੮) ਅਨੁਸਾਰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਜੀ ਸਾਡੇ ਪੂਰਨ ‘ਗੁਰੂ’ ਹਨ। ਇਥੋਂ ਨਾ ਕੋਈ ਪੰਕਤੀ ਬਾਹਿਰ ਛੁਟੀ ਹੈ ਤੇ ਨਾ ਹੀ "ਤਨੁ ਮਨੁ ਥੀਵੈ ਹਰਿਆ" ਤੀਕ ਫ਼ਾਲਤੂ ਦਰਜ ਹੋਈ ਹੈ। ਕੇਵਲ "ਗੁ: ਗ੍ਰ: ਸਾ" ਜੀ `ਚ ਹੀ ਸਮ੍ਰਥਾ ਹੈ ਜੋ ਜੀਵ ਅੰਦਰੋਂ ਆਸਾ ਮਨਸਾ ਵਿਕਾਰਾਂ ਦਾ ਵਿਨਾਸ ਕਰਕੇ "ਮਿਲਿਆ ਹਰਿ ਸੋਈ" (ਪੰ: ੧੨੪੮) ਭਾਵ ੴ ਨਾਲ ਜੋੜ ਸਕਣ। ਇਹ ਸਮ੍ਰਥਾ ਸੰਸਾਰ ਦੇ ਹੋਰ ਕਿਸੇ ਗ੍ਰੰਥ-ਰਚਨਾ `ਚ ਨਹੀਂ। ਸਿੱਖ ਲਈ ਅਦੇਸ਼ ਵੀ ਹੈ "ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ॥ ਕਹਦੇ ਕਚੇ, ਸੁਣਦੇ ਕਚੇ ਕਚਂ​ੀ ਆਖਿ ਵਖਾਣੀ". . (ਪੰ: ੯੨੦) ਭਾਵ ਸਿੱਖ ਲਈ ਗੁਰਬਾਣੀ ਕੇਵਲ ਤੇ ਕੇਵਲ ਉਹੀ ਹੈ ਜੋ ਗੁਰਦੇਵ ਨੇ ਆਪ ਰਚੀ ਜਾਂ ਪ੍ਰਵਾਨ ਕੀਤੀ। ਉਸਤੋਂ ਬਾਅਦ ਕਿਸੇ ਵੀ ਰਚਨਾ ਨੂੰ ਗੁਰਬਾਣੀ ਤੁਲ ਮੰਨਣ, ਸੁਨਣ ਜਾਂ ਗਾਉਣ ਵਾਲੇ ਸਿੱਖ ਨਹੀਂ, ਕੱਚੇ ਹਨ। ਇਸ ਨਾਲ ਇਹ ਵੀ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ-ਹਜ਼ਾਰਾਂ ਸਾਲਾਂ ਤੋਂ ਚਲਦਾ ਆ ਰਿਹਾ ‘ਗੁਰੂ’ ਦਾ ਅਰਥ, ਗੁਰਬਾਣੀ `ਚ ਦਿਤੇ ‘ਗੂਰੂ’ `ਤੇ ਲਾਗੂ ਨਹੀਂ ਹੁੰਦਾ। ਗੁਰਬਾਣੀ ਵਾਲੇ ‘ਗੁਰੂ’ ਦੇ ਅਰਥ ਨਿਵੇਕਲੇ ਤੇ ਵਿਸ਼ੇਸ਼ ਹਨ, ਜਿਨ੍ਹਾਂ ਦੀ ਸਮਝ ਹੀ ਗੁਰਬਾਣੀ ਤੋਂ ਬਾਹਿਰ ਜਾ ਕੇ ਨਹੀਂ ਆ ਸਕੇਗੀ।

‘ਗੁਰਬਾਣੀ’ ਦੇ ਸਿੱਖ? ਇਤਿਹਾਸ ਦੇ ਝਰੋਖੇ `ਚੋਂ- ਵਿਚਾਰਨ ਦਾ ਵਿਸ਼ਾ ਹੈ, ਪਹਿਲੇ ਪਾਤਸ਼ਾਹ ਨੇ ਦੂਜੇ ਪਾਤਸ਼ਾਹ, ਸ੍ਰੀ ‘ਗੁਰੂ ਅੰਗਦ ਸਾਹਿਬ ਦੇ ਲੜ ਲਾਇਆ, ਤਾਂ ‘ਗੁਰੂ ਕੇ ਸਿੱਖ’ ਉਹੀ ਸਨ ਜੋ ਦੂਜੇ ਪਾਤਸ਼ਾਹ ਦੀ ਸ਼ਰਣ `ਚ ਆਏ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਤੀਜੇ, ਤੀਜੇ ਪਾਤਸ਼ਾਹ ਨੇ ਚੌਥੇ, ਚੌਥੇ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਤੇ ਦਰਜਾ-ਬ-ਦਰਜਾ। ਮਤਲਬ, ਗੁਰੂ ਸਰੂਪਾਂ ਸਮੇਂ ਵੀ ਸਿੱਖ ਅਖਵਾਉਣ ਦੇ ਹੱਕਦਾਰ ਉਹੀ ਸਨ, ਜੋ ਸਮੇਂ ਸਮੇਂ ਨਾਲ ਸੰਬੰਧਤ ਗੁਰੂ ਵਿਅਕਤੀ ਦੀ ਸ਼ਰਣ `ਚ ਆਏ, ਜਿਹੜੇ ਇਧਰ-ਓਧਰ ਭਟਕ ਗਏ ਉਹ ਕੁਝ ਵੀ ਹੋਣ ਪਰ ਗੁਰੂ ਨਾਨਕ ਦੇ ਸਿੱਖ ਨਹੀਂ ਰਹੇ। ਚਲਦੀ ਆ ਰਹੀ ਪਰੀਪਾਟੀ ਅਨੁਸਾਰ ਜਦੋਂ ਦਸਮੇਸ਼ ਜੀ ਨੇ ਗੁਰਗੱਦੀ ਸੌਂਪ ਕੇ ‘ਗੁਰੂ ਮਾਨਯੋ ਗਰੰਥ’ ਭਾਵ ਕੌਮ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਲੜ ਲਗਾ ਦਿੱਤਾ ਤਾਂ ਗੁਰੂ ਨਾਨਕ-ਕਲਗੀਧਰ ਦੇ ਸਿੱਖ, ਉਹੀ ਹਨ ਜਿਹੜੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸ਼ਰਨ `ਚ ਆਏ ਜਾਂ ਆਉਂਦੇ ਰਹਿਣਗੇ, ਬਾਕੀ ਨਹੀਂ।

"ਪੁਤ੍ਰੀ ਕਉਲੁ ਨ ਪਾਲਿਓ" - ਇਥੋਂ ਤੀਕ ਕਿ ਪਹਿਲੇ ਪਾਤਸ਼ਾਹ ਦੇ ਸਪੁਤ੍ਰ "ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ੍ਹ ਮੁਰਟੀਐ" (ਪੰ: ੯੬੭) ਸ੍ਰੀਚੰਦ ਨੇ ਆਪਣਾ ਵਖਰਾ ਮੱਤ’ ਚਲਾ ਲਿਆ। ਉਪ੍ਰੰਤ ਦਾਤੂ ਜੀ, ਦਾਸੂ ਜੀ, ਪ੍ਰਿਥੀਚੰਦ, ਮੇਹਰਬਾਨ, ਧੀਰਮਲ, ਰਾਮਰਾਏ ਅਦਿ ਨੇ ਗੁਰੂ ਅੰਸ਼ ਨਾਲ ਸੰਬੰਧਤ ਹੁੰਦੇ ਹੋਏ ਵੀ ਦੁਕਾਨਾ ਖੋਲੀਆਂ, ਡੇਰੇ ਬਣਾਏ: ਪਰ ਉਹਨਾਂ ਵਲ ਭਟਕਣ ਵਾਲੇ ਕੁਝ ਵੀ ਹੋਣ, ਗੁਰੂ ਨਾਨਕ ਦੇ ਸਿੱਖ ਨਹੀਂ ਰਹੇ। ਓਦੋਂ ਵੀ ਸਿੱਖ ਕੇਵਲ ਉਹੀ ਸਨ, ਜਿਹੜੇ ਸਮੇਂ ਸਮੇਂ `ਤੇ ਗੁਰੂ ਨਾਨਕ ਦਰ ਨਾਲ ਜੁੜੇ ਰਹੇ, ਅੱਜ ਵੀ ਗੱਲ ਉਹੀ ਹੈ ਅਤੇ ਸਦਾ ਇਹੀ ਰਹੇਗੀ। ਇਸਦੇ ਨਾਲ ਵੱਡੀ ਗੱਲ ਇਹ ਵੀ ਹੈ ਕਿ ਜਿਸ ਮਨੁੱਖ ਨੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚੋਂ ਇੱਕ ਵਾਰੀ ‘ਗੁਰੂ’ ਤੇ ‘ਸਿੱਖ’ ਵਾਲੇ ਰਿਸ਼ਤੇ ਨੂੰ ਸਮਝ ਕੇ, ਜੀਵਨ `ਚ ਬਾਣੀ ਦੀ ਕਮਾਈ ਕਰ ਲਈ, ਉਹ ਇਧਰ-ਓਧਰ ਭਟਕੇਗਾ ਹੀ ਨਹੀਂ। ਇਸ ਤਰ੍ਹਾਂ ‘ਸਿੱਖ’ ਕੇਵਲ ਉਹੀ ਹਨ, ਜਿਹੜੇ ਇਧਰ-ਓਧਰ ਨਹੀਂ ਭਟਕਦੇ, ਭਾਵੇਂ ਅਜੋਕਾ ‘ਦਸਮ ਗ੍ਰੰਥ’ ਹੋਏ, ਪਾਖੰਡੀ-ਡੰਮੀ ਸੰਤ-ਸਾਧ ਜਾਂ ਅਖੋਤੀ ਗੁਰੂ ਬਾਬਾ, ਮੜ੍ਹੀ, ਕਬਰ, ਸ਼ਿਵਾਲਯ, ਮੂਰਤੀ, ਦੇਵੀ-ਦੇਵਤਾ ਆਦਿ। ਇਸ ਸੰਬੰਧ `ਚ ਸੈਂਟਰ ਵਲੋਂ ਗੁਰਮਤਿ ਪਾਠ ੧੦੯ ‘ਗੁਰਬਾਣੀ ਅਨੁਸਾਰ ‘ਗੁਰੂ-ਸਤਿਗੁਰੂ ਅਤੇ ਸ਼ਬਦ ਗੁਰੂ’ ਪ੍ਰਾਪਤ ਹੈ ਜੀ।

ਅਜੋਕੇ ‘ਦਸਮਗ੍ਰੰਥ’ ਦੀ ਪੈਦਾਇਸ਼- ਇਹ ਕਹਾਣੀ ਵੀ ਹੈਰਾਨਕੁਨ ਤੇ ਦਿਲਚਸਪ ਹੈ ਕਿ ਕਿਸ ਤਰ੍ਹਾਂ ਚੋਰ ਦਰਵਾਜ਼ੇ ਤੋਂ, ਹੌਲੇ ਹੌਲੇ ਤੇ ਸਮੇਂ ਸਮੇਂ ਨਾਲ, ਨਾਮ ਬਦਲ-ਬਦਲ ਕੇ ਗੁਰੂ ਕੀਆਂ ਸੰਗਤਾਂ ਵਿਚਕਾਰ ਅਜੋਕੇ ਦਸਮਗ੍ਰੰਥ ਨੂੰ ਪ੍ਰਗਟ ਕੀਤਾ ਗਿਆ। ਦਰਅਸਲ ਸੰਨ ੧੮੭੦ ਤੋਂ ਪਹਿਲਾਂ ਇਤਿਹਾਸ `ਚ ‘ਦਸਮਗ੍ਰੰਥ’ ਦਾ ਕਿਧਰੇ ਨਾਮ-ਪਤਾ ਨਹੀਂ ਮਿਲਦਾ। ਇਤਿਹਾਸ ਗਵਾਹ ਹੈ ਕਿ ਦਸਮੇਸ਼ ਜੀ ਨੇ ਸੰਗਤਾਂ ਨੂੰ ਕੇਵਲ ਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਹੀ ਲੜ ਲਾਇਆ ਸੀ, ਇਸ ਨਾਲ ਕਿਸੇ ਵੀ ਹੋਰ ਰਚਨਾ ਦੇ ਨਹੀਂ। ਸ਼ਰਾਰਤੀਆਂ ਵਲੋਂ, ਗੁਰਦੇਵ ਦੇ ਜੋਤੀ-ਜੋਤ ਸਮਾਉਣ ਤੋਂ ਲਗਭਗ ਵੀਹ-ਤੀਹ ਸਾਲ ਬਾਅਦ ‘ਬਚਿਤ੍ਰ ਨਾਟਕ’ ਨਾਮ ਦੀ ਇੱਕ ਰਚਨਾ, ਸੰਗਤਾਂ ਵਿਚਾਲੇ ਪ੍ਰਗਟ ਕੀਤੀ। ਫ਼ਿਰ ਇਸ ‘ਬਚਿਤ੍ਰ ਨਾਟਕ’ ਨੂੰ ਅਧੀਕਾਰਿਤ (athentic) ਸਾਬਿਤ ਕਰਣ ਲਈ ਭਾਈ ਮਨੀ ਸਿੰਘ, ਮਾਤਾ ਸੁੰਦਰ ਕੌਰ ਵਰਗੀਆਂ ਮਹਾਨ ਹਸਤੀਆਂ ਜਾਂ ਹੋਰ ਅਜੇਹੀਆਂ ਲਿਖਤਾਂ `ਚੋਂ ਹਵਾਲੇ ਦਿਤੇ ਗਏ ਜਿਹੜੀਆਂ ਕਿ ਲਿਖੀਆਂ ਹੀ ਸੰਨ ੧੭੦੮ ਜਾਂ ੧੭੧੬ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਸਨ, ਪਹਿਲਾਂ ਦੀਆਂ ਨਹੀਂ।

ਬਾਬਾ ਜੀ ਦੀ ਸ਼ਹਾਦਤ ਤੋਂ ਬਾਅਦ ਕਾਫ਼ੀ ਵਰ੍ਹੇ ਰਾਜਸੀ ਹਾਲਾਤ ਅਜੇਹੇ ਰਹੇ ਕਿ ਸਿੱਖਾਂ ਦਾ ਵਾਸਾ ਜੰਗਲਾਂ, ਮਾਰੂਥਲਾਂ, ਪਹਾੜਾਂ ਅਦਿ `ਚ ਹੀ ਰਿਹਾ, ਸ਼ਹਿਰਾਂ `ਚ ਨਹੀਂ। ਗੁਰਦੁਆਰਿਆਂ ਦੀ ਵਾਗਡੋਰ ਤੇ ਸਿੱਖੀ ਪ੍ਰਚਾਰ ਪੂਰੀ ਤਰ੍ਹਾਂ ਵਿਰੋਧੀਆਂ-ਵੈਰੀਆਂ ਦੀ ਪਕੜ `ਚ ਰਿਹਾ। ਇਸ ਬਿਖੜੇ ਸਮੇਂ, ਸਾਡਾ ਇਤਿਹਾਸ-ਰਹਿਣੀ, ਪੂਰਾ ਜ਼ੋਰ ਲਗਾ ਕੇ, ਹਰ ਪਾਸਿਓਂ ਤਬਾਹ ਕੀਤੀ ਜਾ ਰਹੀ ਸੀ। ਸਾਡੀ ਹਰੇਕ ਰਹਿਨੀ-ਸਿਧਾਂਤ-ਸੋਚ-ਲਿਖਤ `ਚ ਮਿਲਾਵਟਾਂ ਕਰਕੇ, ਬੜੀ ਬੇਸ਼ਰਮੀ ਨਾਲ ਬ੍ਰਾਹਮਣੀ ਰੰਙਣ `ਚ ਪ੍ਰਚਲਤ ਕੀਤਾ ਜਾ ਰਿਹਾ ਸੀ। ਇਥੋਂ ਤੀਕ ਕਿ ਵਿਰੋਧੀਆਂ ਵਲੋਂ ਉਸ ਸਮੇਂ ਰਚੇ ‘ਬਚਿਤ੍ਰ ਨਾਟਕ’ (ਅਜੋਕੇ ‘ਦਸਮਗ੍ਰੰਥ’ ) ਨੂੰ ਅਧੀਕਾਰਿਤ (athentic) ਸਾਬਿਤ ਕਰਣ ਲਈ ਜੋ ਚਿੱਠੀ ਮਾਤਾ ਸੁੰਦਰ ਕੌਰ ਜੀ ਵਲੋਂ ਭਾਈ ਮਨੀ ਸਿੰਘ ਦੇ ਨਾਮ ਦਸੀ ਗਈ, ਉਹ ਵੀ ਨਕਲੀ ਸਾਬਤ ਹੋ ਚੁਕੀ ਹੈ। ਇਸ ਤਰ੍ਹਾਂ ‘ਬਚਿਤ੍ਰਨਾਟਕ’ ਦਾ ਹੀ ਅਗਲਾ ਰੂਪ ਹੈ ਅਜੋਕਾ ‘ਦਸਮਗ੍ਰੰਥ’।

ਦਿਨੋ-ਦਿਨ ਗੁਰਬਾਣੀ ਸੋਝੀ-ਜੀਵਨ ਪੱਖੋਂ ਸੰਗਤਾ `ਚ ਵੱਧ ਰਹੀ ਅਗਿਆਨਤਾ ਦਾ ਹੀ ਸਿੱਟਾ ਹੈ, ਵਿਰੋਧੀਆਂ ਨੇ ਉਸੇ ‘ਬਚਿਤ੍ਰ ਨਾਟਕ’ ਨੂੰ ਸੰਨ ੧੮੭੦ `ਚ ਪਹਿਲੀ ਵਾਰੀ ‘ਦਸਮਗ੍ਰੰਥ’ ਦੇ ਨਾਮ `ਤੇ ਪ੍ਰਗਟ ਕਰ ਦਿਤਾ। ਫ਼ਿਰ ਲਗਭਗ ਹੋਰ ਸੌ ਸਾਲ ਬਾਅਦ ਬਿ: ਸੰ: ੨੦੨੪ (ਸੰਨ ੧੯੬੭) `ਚ ‘ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ, ਅਮ੍ਰਿਤਸਰ’ ਰਾਹੀਂ ਛਪੇ ਇਸ ‘ਦਸਮਗ੍ਰੰਥ’ ਨੂੰ ਇੱਕ ਹੋਰ ਰੂਪ ਦਿਤਾ ਗਿਆ-ਉਤੇ ਛੋਟਾ ਜਿਹਾ ‘ਦਸਮ’ ਤੇ ਹੇਠਾਂ ਵੱਡੇ ਅੱਖਰਾਂ `ਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ਇਹ ਹੈ ਇਸ ਗ੍ਰੰਥ ਦਾ ਇਤਿਹਾਸ ਅਤੇ ਪੈਦਾਇਸ਼।

ਅਜੋਕੇ ‘ਦਸਮਗ੍ਰੰਥ’ ਦਾ ਨਾਮਕਰਣ- ਇਸ ਬਾਰੇ ਤਾਂ ਕੇਵਲ ਇਤਨਾ ਹੀ ਕਹਿਣਾ ਬਣਦਾ ਹੈ ਕਿ ਦਸਮੇਸ਼ ਪਿਤਾ, ਕਲਗੀਧਰ ਜੀ ਦਾ ਪੰਥ ਅੰਦਰ ਜੋ ਬੇਅੰਤ ਸਤਿਕਾਰ ਹੈ, ਦੁਨੀਆਂ `ਚ ਕਿਸੇ ਤੋਂ ਛਿਪਿਆ ਨਹੀਂ। ਬੱਸ ਇਥੇ ਹੀ ਉਹ ਧੋਖਾ ਹੈ ਜਿਹੜਾ ਅੱਜ ਪੰਥ ਨੂੰ ਦਿਤਾ ਜਾ ਰਿਹਾ ਹੈ। ਦਰਅਸਲ ਇਸ ‘ਦਸਮਗ੍ਰੰਥ’ ਅੰਦਰ ਇੱਕ ਕਾਂਡ ਹੈ ‘ਕ੍ਰਿਸ਼ਨਾ ਅਵਤਾਰ’ ਜਿਸਦਾ ਆਧਾਰ ਹੈ ‘ਸ੍ਰੀ ਮਦ ਭਾਗਵਤ ਪੁਰਾਣ’ ਦਾ ਦਸਵਾਂ ਸਕੰਧ। ਵਿਦਵਾਨਾਂ ਅਨੁਸਾਰ, ਪੰਥ ਨੂੰ ਧੋਖਾ ਦੇਣ ਲਈ ਸ਼ਰਾਰਤੀ ਲੋਕਾਂ ਨੇ ਉਸ ‘ਦਸਵੇਂ ਸਕੰਧ’ `ਚੋਂ ਲਫ਼ਜ਼ ‘ਦਸਵਾਂ’ ਚੁਕ ਕੇ ‘ਦਸਮਗ੍ਰੰਥ’ ਵਾਲਾ ਸ਼ੋਸ਼ਾ ਛਡਿਆ, ਜਿਸ ਤੋਂ ਭੁਲੇਖਾ ਪਾਇਆ ਜਾ ਸਕੇ ਕਿ ਗ੍ਰੰਥ ਹੈ ਹੀ ਦਸਵੇਂ ਨਾਨਕ ਦੀ ਰਚਨਾ। ਇਸ ਦਾ ਦੂਜਾ ਪਹਿਲੂ ਵੀ ਹੈ- ਪੰਜਵੇਂ ਪਾਤਸ਼ਾਹ ਨੇ ‘ਅਦਿ ਬੀੜ’ ਦਾ ਸੰਪਾਦਨ ਕੀਤਾ, ਤਾਂ ਉਸ ਵੇਲੇ ਨੌਵੇਂ ਪਾਤਸ਼ਾਹ ਦੀ ਬਾਣੀ ਮੌਜੂਦ ਨਹੀਂ ਸੀ। ਦਸਮੇਸ਼ ਜੀ ਨੇ ‘ਅਦਿ ਬੀੜ’ `ਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਵਾ ਕੇ, ਬੀੜ ਨੂੰ ਸੰਪੂਰਣਤਾ ਦਿਤੀ। ਇਸ ਤਰ੍ਹਾਂ ਜਦੋਂ ਨੋਵੇਂ ਪਾਤਸ਼ਾਹ ਦੀ ਬਾਣੀ ਸਮੇਤ ਬੀੜਾਂ ਵੀ ਪ੍ਰਚਲਤ ਹੋ ਗਈਆਂ ਤਾਂ ਸੰਗਤਾਂ ਪਾਸ, ਪੰਜਵੇਂ ਪਾਤਸ਼ਾਹ ਵਾਲੀਆਂ ‘ਆਦਿ ਬੀੜਾਂ’ ਵੀ ਮੌਜੂਦ ਸਨ। ਇਸ ਤਰ੍ਹਾਂ ਵੱਕਤੀ ਪਛਾਣ ਲਈ, ਨਵੀਆਂ ਬੀੜਾਂ ਨੂੰ ‘ਦਸਵੇਂ ਪਾਤਸ਼ਾਹ ਕਾ ਗ੍ਰੰਥ’ ਕਰਕੇ ਜਾਣਿਆ ਜਾਣ ਲਗਾ। ਕਿਧਰੇ ਕਿਧਰੇ ਇਤਿਹਾਸ `ਚ ਇਸੇ ਕਰਕੇ, ਇਸ ਦਾ ਜ਼ਿਕਰ ਵੀ ਮਿਲਦਾ ਹੈ। ਨਾ ਕਿ ਉਸ ‘ਦਸਮਗ੍ਰੰਥ’ ਲਈ, ਜਿਸ ਨੂੰ ਕਿ ਅੱਜ ‘ਦਸਮਗ੍ਰੰਥ’ ਕਹਿਕੇ ਪ੍ਰਚਾਰਿਆ-ਥੋਪਿਆ ਜਾ ਰਿਹਾ ਹੈ।

ਤਿੰਨ ਕਾਲ ਸੰਭਵ ਨਹੀਂ-ਹਾਲਤ ਇਹ ਹੋ ਚੁਕੀ ਹੈ ਕਿ ਅੱਜ ਧੋਖੇ ਨਾਲ ਸੰਗਤਾਂ ਨੂੰ ਭੁਲੇਖੇ `ਚ ਪਾ ਕੇ ਅਜੋਕੇ ‘ਦਸਮਗ੍ਰੰਥ’ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ ਦੇਣ ਦੀਆਂ ਜ਼ਲੀਲ ਹਰਕਤਾਂ ਵੀ ਕੀਤੀਆ ਜਾ ਰਹੀਆਂ ਹਨ, ਜਦਕਿ ਅਜੇਹਾ ਹੋਣਾ ਤਿੰਨ ਕਾਲ ਸੰਭਵ ਨਹੀਂ। ਇਸ ਘਿਨਾਉਣੇ ਕਾਰਜ ਲਈ ਅੱਜ ਕੁਝ ਬੁਕਲ ਦੇ ਸੱਪ, ਵਿਰੋਧੀ ਤਾਕਤਾਂ ਨਾਲ ਰੱਲ ਕੇ, ਸੰਸਾਰ ਦੇ ਇਕੋਇਕ ਰਹਿਬਰ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ `ਤੇ ਅਜੋਕੇ ਦਸਮਗ੍ਰੰਥ ਨੂੰ ਸਥਾਪਤ ਕਰਣ ਲਈ ਲਾਮਬਦ ਹਨ। ਸ਼ੱਕ ਨਹੀਂ, ਅੱਜ ਵਿਰੋਧੀਆਂ ਦੀਆਂ ਚਾਲਾਂ ਇਸ ਪਾਸੇ ਸ਼ਿਖਰਾਂ `ਤੇ ਹਨ ਤੇ ਉਹ ਲੋਕ, ਅਣਗਿਣਤ ਸਾਧਨਾਂ ਨਾਲ ਲੈਸ ਹਨ। ਦੂਜੇ ਪਾਸੇ ਚੂੰਕਿ ਅੱਜ ਪੰਥ ਅੰਦਰ, ਗੁਰਬਾਣੀ ਸੋਝੀ-ਜੀਵਨ ਪਖੋਂ ਅਗਿਆਨਤਾ ਵੀ ਸਿਖਰਾਂ `ਤੇ ਹੈ, ਜਿਸਦਾ ਨਤੀਜਾ, ਵਿਰੋਧੀ ਆਪਣੀਆਂ ਕੁਚਾਲਾਂ `ਚ ਕਾਫ਼ੀ ਅੱਗੇ ਲੰਙ ਚੁਕੇ ਹਨ। ਮੋਜੂਦਾ ਹਾਲਾਤ `ਚ ਗੁਰਬਾਣੀ ਗਿਆਨ ਤੋਂ ਕੋਹਾਂ ਦੂਰ 98% ਸੰਗਤਾਂ ਇਹੀ ਸਮਝ ਕੇ ਉਹਨਾਂ ਦਾ ਸਾਥ ਦੇ ਰਹੀਆਂ ਹਨ ਕਿ ਇਹ ਦਸਵੇਂ ਪਾਤਸ਼ਾਹ ਦਾ ਗ੍ਰੰਥ ਹੈ, ਇਸ `ਚ ਦਸਮੇਸ਼ ਬਾਣੀ ਹੈ; ਜਦਕਿ ਉਹਨਾਂ ਨੇ ਇਸ ਗ੍ਰੰਥ ਦੀ ਕਦੇ ਸ਼ਕਲ ਵੀ ਨਹੀਂ ਦੇਖੀ। ਇਸ ਲਈ ਵਧੇਰੇ ਲੋੜ ਹੈ ਕਿ ਝੂਠ ਦੀ ਤਹਿ ਤੀਕ ਪੁਜਿਆ ਜਾਵੇ।

ਅਜੋਕਾ ਦਸਮ ਗ੍ਰੰਥ, ਵਿਚਾਰ ਮੰਗਦੇ ਤੱਥ- (ੳ) ਅਕੱਟ ਸਚਾਈ ਹੈ ਕਿ 6 ਅਕਤੂਬਰ ਸੰਨ 1708 ਨੂੰ ਦਸਮੇਸ਼ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਗੁਰਗੱਦੀ ਬਖਸ਼ੀ ਤਾਂ ਇਸ ਦੇ ਨਾਲ ਹੋਰ ਕਿਸੇ ਵੀ ਰਚਨਾ ਨੂੰ ਉਸਦੀ ਬਰਾਬਰੀ ਨਹੀਂ ਦਿਤੀ ਅਤੇ ਨਾ ਹੀ ਕਿਸੇ ਹੋਰ ਰਚਨਾ ਲਈ ਪੰਥ ਨੂੰ ਕੋਈ ਹਦਾਇਤ ਹੀ ਕੀਤੀ। ——ਤਾਂ ਫ਼ਿਰ ਕੀ ਇਹ ਮੰਨ ਲਿਆ ਜਾਵੇ ਕਿ ਅੱਜ ਅਸੀਂ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ, ਦਸਮੇਸ਼ ਪਿਤਾ ਤੋਂ ਵੀ ਵੱਧ ਸਿਆਣੇ ਹੋ ਗਏ ਹਾਂ?

(ਅ) ਜਦੋਂ ਖੁਦ ਦਸਮੇਸ਼ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸਰਬਉਚਤਾ ਨੂੰ ਐਲਾਨਿਆਂ ਤੇ ਇਸੇ ਆਧਾਰ `ਤੇ ‘ਸਿੱਖ ਰਹਿਤ ਮਰਿਆਦਾ ੧੯੪੫’ `ਚ ਵੀ ਪੰਥ ਨੂੰ ਹਦਾਇਤ ਹੈ ਕਿ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਾਕਰ (ਤੁਲ) ਕਿਸੇ ਵੀ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ’ ਤਾਂ ਦੇਖਣਾ ਪਵੇਗਾ ਕਿ ਅੱਜ ਅਜੇਹੀਆਂ ਸ਼ਰਾਰਤਾਂ ਅਤੇ ਹਰਕਤਾਂ ਦੀ ਜੜ੍ਹ ਕਿੱਥੇ ਹੈ?

(ੲ) ਗੁਰੂ ਗੋਬਿੰਦ ਸਿੰਘ ਜੀ- ਗੁਰੂ ਨਾਨਕ ਦੀ ਹੀ ਦਸਵੀਂ ਜੋਤ ਤੇ ਉਸੇ ‘ਗੁਰੂ’ ਪਦਵੀ ਨੂੰ ਪ੍ਰਾਪਤ ਹਨ। ਇਸ ਲਈ ਉਹਨਾਂ ਨੂੰ ‘ਨਾਨਕ’ ਪਦ ਵਰਤਣ ਦਾ ਵੀ ਪੂਰਾ ਹੱਕ ਸੀ। ਫ਼ਿਰ ਕੀ ਕਾਰਣ ਹਨ, ਦਸਮੇਸ਼ ਜੀ ਨੇ ਗੁਰਬਾਣੀ ਦੀ ਰਚਨਾ ਤਾਂ ਕੀਤੀ ਪਰ ਉਸ ਲਈ ਨਾ ‘ਨਾਨਕ’ ਪਦ ਵਰਤਿਆ ਤੇ ਨਾ ਹੀ ਉਸਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਦਰਜ ਹੀ ਕੀਤਾ?

(ਸ) ਇਤਿਹਾਸ ਅਨੁਸਾਰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਨੌਵੇਂ ਗੁਰਦੇਵ ਦੀ ਰਚਨਾ ਦਸਮੇਸ਼ ਜੀ ਨੇ ਆਪ ਦਰਜ ਕਰਵਾਈ। ਉਪ੍ਰੰਤ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਿਆਈ ਵੀ ਦਸਮੇਸ਼ ਜੀ ਨੇ ਆਪ ਬਖਸ਼ੀ। ਤਾਂ ਵੀ ਉਹਨਾਂ ਨੇ ਆਪਣੀਆਂ ਰਚਨਾਵਾਂ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਦਰਜ ਨਹੀਂ ਕਰਵਾਇਆ ਤਾਂ ਕਿਉਂ?

(ਹ) ਇਸ ਉਟੰਕਣ `ਚ ਵੀ ਦੰਮ ਨਹੀਂ ਕਿ ਕਲਗੀਧਰ ਸੁਆਮੀ, ਆਪਣੀ ਬਰਾਬਰੀ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਨਾਲ ਨਹੀਂ ਸਨ ਕਰਨਾ ਚਾਹੁੰਦੇ। ਜੇ ਕਰ ਇਹੀ ਸੱਚ ਹੈ ਤਾਂ ਅਜੇਹੇ ਸੱਜਨਾਂ ਕੋਲ ਇਸ ਗੱਲ ਦਾ ਕੀ ਉਤਰ ਹੈ ਜੋ ਪੰਜਵੇਂ ਪਾਤਸ਼ਾਹ ਨੇ ਆਪ ‘ਆਦਿ ਬੀੜ’ ਦੀ ਸੰਪਾਦਨਾ ਕੀਤੀ ਤੇ ਆਦਿ ਬੀੜ `ਚ ਲਗਭਗ ਅੱਧੀ ਬਾਣੀ ਹੈ ਹੀ ਪੰਜਵੇਂ ਪਾਤਸ਼ਾਹ ਦੀ।

(ਕ) ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਰਚਨਾ `ਚ ਜੋ ਕਾਵਿ-ਬੋਧਕ ਸ਼ਬਦਾਵਲੀ ਆਪਣੇ ਲਈ ਵਰਤੀ ਉਹ ਤਾਂ ਹੈ ਜਿਵੇਂ ‘ਨਾਨਕ ਦਾਸ’, ‘ਨਾਨਕ ਵਿਚਾਰਾ’, ‘ਨਾਨਕ ਗ਼ਰੀਬ’ ਇਥੋਂ ਤੀਕ ਕਿ ‘ਨਾਨਕੁ ਨੀਚੁ’ —ਇਸਦੇ ਉਲਟ ਇਥੇ ਅਜੀਬ ਗੱਲ ਹੈ ਕਿ ਜਿਨ੍ਹਾਂ ਰਚਨਾਵਾਂ ਨੂੰ ਅਸੀਂ ਦਸਮੇਸ਼ ਬਾਣੀ ਕਹਿੰਦੇ ਹਾਂ ਉਹਨਾਂ ਅੰਦਰ ਇਸਦੇ ਉਲਟ ਸਿਰਲੇਖ ਹੈ ‘ਸ੍ਰੀ ਮੁਖਵਾਕ ਪਾਤਸ਼ਾਹੀ ੧੦’ ਜੋ ਸਾਬਤ ਕਰ ਰਿਹਾ ਹੈ ਕਿ ਅਜੇਹੇ ਸਿਰਲੇਖ ਦਸਮੇਸ਼ ਜੀ ਨੇ ਆਪ ਨਹੀਂ ਦਿਤੇ।

(ਖ) ਗੁਰਬਾਣੀ `ਚ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਲਈ ‘ਨਾਨਕ’ ਪਦ ਵਰਤਿਆ। ਇਸ ਦੇ ਨਾਲ ਹੀ ਗੁਰੂ ਵਿਅਕਤੀ ਦੀ ਪਛਾਣ ਲਈ ‘ਮਹਲਾ’ ਦਰਜ ਹੈ। ਜੇਕਰ ਭਗਤਾਂ, ਭੱਟਾ, ਸਿੱਖਾਂ ਦੀਆਂ ਰਚਨਾਵਾਂ ਹਨ, ਉਥੇ ਵੀ ਸਪਸ਼ਟ ਕੀਤਾ ਕਿ ਲਿਖਾਰੀ ਕੌਣ ਹੈ। ਇਸ ‘ਦਮਮਗ੍ਰੰਥ’ `ਚ ਤਾਂ ਇਹ ਵਿਸ਼ਾ ਵੀ ਅਲੋਪ ਹੈ। ਬਲਕਿ ਇਥੇ ਤਾਂ ਉਲਟਾ ਚਾਰ ਸੌ ਤੋਂ ਵੱਧ ਵਾਰੀ ਕਵੀ ਰਾਮ, ਸ਼ਾਮ ਆਦਿ ਦੀ ਆਪਣੀ ਛਾਪ ਵੀ ਹੈ, ਫ਼ਿਰ ਵੀ ਕਹਿ ਰਹੇ ਹਾਂ ਕਿ ਦਸਮ ਪਿਤਾ ਦੀ ਬਾਣੀ ਹੈ।

(ਗ) "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ੫੬੭ ਵਾਰੀ ਚਾਰ ਰੂਪਾਂ `ਚ ਮੰਗਲਾਚਰਣ ਦਰਜ ਹੋਇਆ। ਸਭ ਤੋਂ ਵੱਧ ਸੰਖੇਪ ਹੈ "ੴਸਤਿ ਗੁਰਪ੍ਰਸਾਦਿ" ਜੋ ਸਭ ਤੋਂ ਵਧ, ੫੨੪ ਵਾਰੀ ਹੈ। ਇਸ ਦੇ ਉਲਟ ਇਸ ਅਜੋਕੇ ਦਸਮਗ੍ਰੰਥ `ਚ ਇਹ ਗੱਲ ਵੀ ਹੈਰਾਨ ਕਰਣ ਵਾਲੀ ਹੈ। ਇਥੇ ਤਾਂ ਪਹਿਲੇ ਪਾਤਸ਼ਾਹ ਵਲੋਂ ਨਿਯਤ ਮੰਗਲਾਚਰਣ "ੴਸਤਿ ਗੁਰਪ੍ਰਸਾਦਿ" ਦੀ ਵਰਤੋਂ ਹੀ ਨਹੀਂ, ਜਾਂ ਇਸ `ਚ ਵੀ ਤਬਦੀਲੀ ਹੈ ਜੋ ਕਿ ਗੁਰਬਾਣੀ ਨਿਯਮਾ ਅਨੁਸਾਰ ਸਿਧਾਂਤਕ ਤਬਦੀਲੀ ਹੈ ਅਤੇ ਪੰਥ ਦਾ ਖਾਸ ਧਿਆਣ ਮੰਗਦੀ ਹੈ। ਉਂਝ ‘ਦਸਮਗ੍ਰੰਥ’ ਦੀ ਕਾਵਿ ਸ਼ੈਲੀ, ਢੰਗ ਬੋਲੀ ਵੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨਾਲ ਉੱਕਾ ਮੇਲ ਨਹੀਂ ਖਾਂਦੀ।

(ਘ) ਗੁਰੂ ਸਾਹਿਬਾਨ ਦੀ ਵੀ ਹਰੇਕ ਗਲਬਾਤ ਕਦੇ ਗੁਰਬਾਣੀ ਨਹੀਂ ਸੀ ਹੁੰਦੀ ਤੇ ਨਾ ਹੀ ਗੁਰੂ ਵਿਅਕਤੀ ਹਰ ਸਮੇਂ ਬਾਣੀ ਉਚਾਰਣ ਕਰਦੇ ਜਾਂ ਰਚਦੇ ਹੀ ਸਨ। ਉਹਨਾਂ ਵਲੋਂ ਪ੍ਰਵਾਰਕ, ਵਿਹਾਰਕ, ਸਮਾਜਕ, ਆਮ ਬੋਲਚਾਲ, ਗਲਬਾਤ, ਵਿਚਾਰ-ਵਿਟਾਂਦਰੇ, ਚਿੱਠੀ ਪਤ੍ਰ ਆਦਿ ਵੀ ਤਾਂ ਹੁੰਦੇ ਸਨ। ਫ਼ਿਰ ਵੀ ਗੁਰਬਾਣੀ ਦਾ ਦਰਜਾ ਕੇਵਲ ਉਸੇ ਰਚਨਾ ਨੂੰ ਦੇਂਦੇ, ਜਿਸਨੂੰ ਗੁਰਦੇਵ "ਵਾਹੁ ਵਾਹੁ ਬਾਣੀ ਨਿਰੰਕਾਰ ਹੈ" (ਪੰ: ੫੧੫) ਜਾਂ "ਧੁਰ ਕੀ ਬਾਣੀ ਆਈ" (ਪੰ: ੬੨੮) ਆਦਿ ਪ੍ਰਮਾਣਾ ਅਨੁਸਾਰ ਯੋਗ ਮੰਨਦੇ, ਸੰਭਾਲਦੇ ਤੇ ਜਿਸਨੂੰ ਗੁਰਬਾਣੀ ਖਜ਼ਾਨੇ `ਚ ਦਾਖਲ ਕਰਦੇ।

(ਙ) ਸਮੇਂ-ਸਮੇਂ ਲੋੜ ਅਨੁਸਾਰ ਗੁਰਦੇਵ ਸੰਗਤਾਂ ਜਾਂ ਖਾਸ ਸੱਜਨਾਂ ਲਈ ਸੰਦੇਸ਼, ਆਦੇਸ਼, ਪਤ੍ਰਕਾਵਾਂ ਆਦਿ ਭੇਜਦੇ, ਇਹਨਾ ਨੂੰ ਸਤਿਕਾਰ ਨਾਲ ਅਸੀਂ ਹੁਕਮਨਾਮੇ ਕਹਿੰਦੇ ਹਾਂ। ਇਥੋਂ ਤੀਕ ਕਿ ਭਾਈ ਨੰਦ ਲਾਲ ਸਿੰਘ ਦੇ ਦਸਮੇਸ਼ ਜੀ ਨਾਲ ਪ੍ਰਸ਼ਨ-ਉਤਰ ਵੀ ਮਿਲਦੇ ਹਨ। ਇਸ ਦੇ ਬਾਵਜੂਦ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਨਾ ਹੀ ਗੁਰਬਾਣੀ ਵਾਲਾ ਦਰਜਾ ਦਿਤਾ ਤੇ ਨਾ ਹੀ ਗੁਰਬਾਣੀ ਖਜ਼ਾਨੇ `ਚ ਦਰਜ ਕੀਤਾ। ਇਸੇ ਤਰ੍ਹਾਂ ਜੇ ਕਰ ਕੁਝ ਰਚਨਾਵਾਂ, ਦਸਮੇਸ਼ ਜੀ ਦੀਆਂ ਵੀ ਸਾਬਤ ਹੁੰਦੀਆਂ ਹਨ ਤਾਂ ਇਥੇ ਵੀ ਸਿਧਾਂਤ ਉਹੀ ਹੈ। ਭਾਵ "ਪੋਥੀ ਪਰਮੇਸਰ ਕਾ ਥਾਨੁ" (ਪੰ: ੧੨੨੬) ਜਿਨ੍ਹਾਂ ਲਿਖਤਾਂ ਨੂੰ ਦਸਮੇਸ਼ ਜੀ ਨੇ ਆਪ ਗੁਰਬਾਣੀ ਵਾਲੀ ਪ੍ਰਵਾਣਗੀ ਜਾਂ ਬਰਾਬਰੀ ਨਹੀਂ ਦਿਤੀ, ਗੁਰਬਾਣੀ ਖਜ਼ਾਨੇ `ਚ ਦਰਜ ਨਹੀਂ ਕੀਤਾ ਤਾਂ ਅੱਜ ਇਹ ਹੱਕ ਸਾਡੇ ਕੋਲ ਕਿਥੋਂ ਆ ਗਿਆ?

(ਚ) ਸਤਵੇਂ ਜਾਮੇ ਸਮੇਂ ਸਰਕਾਰੀ ਚਾਪਲੂਸੀ ਤੇ ਬਣ ਚੁਕੀ ਭਲ ਦਾ ਸ਼ਿਕਾਰ ਹੋ ਕੇ ਰਾਮਰਾਇ ਨੇ ਗੁਰਬਾਣੀ `ਚੋਂ ਕੇਵਲ ਇੱਕ ਲਫ਼ਜ਼ ‘ਮੁਸਲਮਾਨ’ ਨੂੰ ‘ਬੇਈਮਾਨ’ `ਚ ਬਦਲਿਆ। ਸਤਵੇਂ ਪਾਤਸ਼ਾਹ ਨੇ, ਇਸੇ ਕਾਰਨ, ਆਪਣੇ ਲਖਤੇ ਜਿਗਰ ਤੀਕ ਨੂੰ ਵੀ ਜੀਵਨ ਭਰ ਮੂੰਹ ਨਹੀਂ ਲਾਇਆ। ਇਸਦੇ ਉਲਟ ਇੱਕ ਲਫ਼ਜ਼ ਤਾਂ ਕੀ? ਕੀ ਅੱਜ ਸਾਨੂੰ ਇਹ ਹੱਕ ਵੀ ਮਿਲ ਗਿਆ ਹੈ ਜੋ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਬਰਾਬਰ, ਗੁਰਬਾਣੀ ਆਦੇਸ਼ਾਂ ਦੇ ਉਲਟ, ੧੪੨੮ ਪੰਨਿਆਂ ਵਾਲੇ ਵੱਡੇ ਆਕਾਰ ਦੇ ਕਿਸੇ ਅਸ਼ਲੀਲਤਾ-ਨਸ਼ੇ-ਵਿਭਚਾਰ ਲਈ ਪ੍ਰੇਰਣਾਦਾਇਕ, ਕੇਸਾਂ ਰੋਮਾਂ ਦੀ ਕੱਟ-ਵੱਢ ਲਈ ਉਤਸਾਹਤ ਕਰਣ ਵਾਲੇ, ਇਸਤ੍ਰੀ ਵਰਗ ਦੀ ਅਵਹੇਲਨਾ ਨਾਲ ਭਰਪੂਰ, ਦੇਵੀ-ਦੇਵ-ਅਵਤਾਰ ਪੂਜਾ, ਬ੍ਰਾਹਮਣੀ ਕਰਮਕਾਂਡਾ `ਚ ਡੋਬਣ ਵਾਲਾ ਅਜੋਕਾ ‘ਦਸਮਗ੍ਰੰਥ’ ਤਿਆਰ ਕਰਕੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ `ਤੇ ਉਸਦਾ ਪ੍ਰਕਾਸ਼ ਵੀ ਸ਼ੁਰੂ ਕਰ ਦੇਵੀਏ।

(ਛ) ਕੇਵਲ ਪ੍ਰਕਾਸ਼ ਹੀ ਨਹੀਂ, ਇਥੋਂ ਤੀਕ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ `ਤੇ ਅਜੋਕੇ ‘ਦਸਮਗ੍ਰੰਥ ਨੂੰ ਚੌਰਾਂ ਕੀਤੀਆਂ ਜਾ ਰਹੀਆਂ ਹਨ। (ਨਿਸ਼ਾਨੀਆਂ ਰਖ ਕੇ) ਹੁਕਮਨਾਮੇ ਲਏ ਜਾ ਰਹੇ ਹਨ, ਚੰਦੋਏ ਲਗਾਏ ਜਾ ਰਹੇ ਹਨ, (ਬੇਸ਼ਕ ਮੂੰਹ `ਚ ਹੀ ਙੁੰਣ-ਙੁੰਣ ਕਰਕੇ, ਬਿਨਾ ਸੁਨਾਏ) ਵਾਧੂ ਭੇਟਾਵਾਂ ਲੈ ਕੇ ਅਖੰਡ ਪਾਠ ਹੋ ਰਹੇ ਹਨ।

(ਜ) ਬੇਸ਼ਰਮੀ ਦੀ ਹੱਦ, 13 ਨਵੰਬਰ 2006 ਜਦੋਂ ‘ਗੁਰਦੁਆਰਾ ਮੰਜੀ ਸਹਿਬ, ਪਿੰਡ ਦਿਆਲਪੁਰਾ, ਭਾਈਕੇ ਅੰਬਾਲਾ ਵਿਖੇ ‘ਫ਼ਤਿਹ ਦਿਵਸ’ ਦੇ ਨਾਂ ਤੇ ਮਨਾਇਆ ਗਿਆ ‘ਕਾਲਾ ਦਿਵਸ’ ; ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਇਥੋਂ ਤੀਕ ਕਿ ਅਜੇਹਾ ਕਰਮ, ਗੁਰਬਾਣੀ ਦੀ ਘੋਰ ਬੇਅਦਬੀ ਵਾਲਾ ਕਾਲਾ ਕਾਰਨਾਮਾ ਤਾਂ ਸੀ ਹੀ, ਪੰਥਕ ਰਹਿਤ ਮਰਿਆਦਾ ਦਾ ਵੀ ਸਿਧਾ ਉਲੰਘੰਣ ਸੀ। ਫ਼ਿਰ ਇਸਦੇ ਪ੍ਰਚਾਰ ਲਈ ਵੱਡੇ ਵੱਡੇ ਹੋਰਡਿੰਗ, ਇਸ਼ਤਿਹਾਰ, ਟੀ. ਵੀ ਚੈਨਲ ਵਰਤੇ ਗਏ। ਇਥੋਂ ਤੀਕ ਕਿ ਇਸ `ਚ ਸਮੇਂ ਦੇ ਧਾਰਮਿਕ ਆਗੂਆਂ ਤੀਕ ਨੇ ਵੀ ਸ਼ਾਮਿਲ ਹੋ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬ-ਉਚਤਾ ਨੂੰ ਵੰਗਾਰਿਆ, ਬੇਅਦਬੀ ਕੀਤੀ ਪਰ ਅੱਜ ਤੀਕ ਉਹਨਾਂ ਵਲੋਂ ਇਸ ਹਰਕਤ ਲਈ, ਕਦੇ ਪੰਥਕ ਤੌਰ ਤੇ ਮੁਆਫ਼ੀ ਤੀਕ ਨਹੀਂ ਮੰਗੀ ਗਈ।

(ਝ) ਅੱਜ ਤਾਂ ਤਖਤ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਭਾਵ ਉਹ ਤਖਤ, ਜਿੱਥੇ ਦਸਮੇਸ਼ ਜੀ ਨੇ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ਗੁਰਗੱਦੀ ਬਖਸ਼ੀ-ਬੜੀ ਢੀਠਤਾਈ ਨਾਲ, ਉਥੇ ਵੀ ਬਰਾਬਰੀ `ਤੇ ਇਸ ‘ਦਸਮਗ੍ਰੰਥ’ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਨਤੀਜਾ `ਚਲਤੇ ਪਾਛੇ ਜਗ ਚਲੇ’ ਅਨੁਸਾਰ ਉਹਨਾਂ ਦੀ ਦੇਖਾ-ਦੇਖੀ ਕੁਝ ਹੋਰ ਗੁਰਦੁਆਰਿਆ `ਚ ਵੀ ਹੋ ਰਿਹਾ ਹੈ।

ਜ਼ਿੰਦਗੀ ਦਾ ਚਲਣ ਅਤੇ ਸਿਧਾਂਤਕ ਪੱਖ - ਵਿਰੋਧੀਆਂ ਵਲੋਂ, ਸਾਧਾਰਣ ਸੰਗਤਾਂ ਨੂੰ ਗੁਮਰਾਹ ਕਰਣ ਲਈ ਅਜੋਕੇ ‘ਦਸਮਗ੍ਰੰਥ’ ਦੇ ਹੱਕ `ਚ ਇੱਕ ਹੋਰ ਸ਼ੁਤਰੀ ਛਡੀ ਜਾ ਰਹੀ ਹੈ। ਕਹਿ ਰਹੇ ਹਨ ਕਿ ਗੁਰਬਾਣੀ ਅੰਦਰ ਕਛਹਿਰੇ, ਕੜੇ, ਕ੍ਰਿਪਾਨ, ਖੰਡੇ ਵਗੈਰਾ ਵਗੈਰਾ ਦਾ ਜ਼ਿਕਰ ਨਹੀਂ? ਵਿਰੋਧੀਆਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਮਨੁੱਖਾ ਜ਼ਿੰਦਗੀ ਲਈ ਰੱਬੀ ਸਿਧਾਂਤ ਹੀ ਸਦੀਵੀ ਹੁੰਦੇ ਹਨ, ਚਲਣ ਨਹੀਂ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਇਲਾਹੀ ਸਿਧਾਂਤਾਂ ਦਾ ਖਜ਼ਾਨਾ ਹਨ। ਉਹ ਸਦੀਵੀ ਸਿਧਾਂਤ ਜਿਨ੍ਹਾਂ ਦੀ ਮਨੁੱਖ ਨੂੰ ਹਜ਼ਾਰਾਂ-ਲਖਾਂ ਸਾਲ ਪਹਿਲਾਂ ਵੀ ਇਤਨੀ ਹੀ ਲੋੜ ਸੀ, ਅੱਜ ਵੀ ਹੈ ਤੇ ਲਖਾਂ ਸਾਲ ਬਾਅਦ ਵੀ ਇਸੇ ਤਰ੍ਹਾਂ ਹੋਵੇਗੇ। ਉਹ ਸਿਧਾਂਤ ਜਿਨ੍ਹਾਂ ਤੋਂ ਅਗਿਆਨਤਾ ਵਸ ਮਨੁੱਖ ਹਮੇਸ਼ਾ ਕੁਰਾਹੇ ਪਿਆ ਤੇ ਠਗਿਆ ਜਾਂਦਾ ਰਹੇਗਾ। ਇਸ ਤੋਂ ਬਾਅਦ ਜੀਵਨ ਦੇ ਦੋ ਪੱਖ ਹੋਰ ਹੁੰਦੇ ਹਨ ਜੋ ਸਮੇਂ, ਸਥਾਨ, ਦੇਸ਼ ਨਾਲ ਸਦਾ ਬਦਲਵੇਂ ਹੁੰਦੇ ਹਨ ਅਤੇ ਬਦਲਦੇ ਰਹਿਣਗੇ। ਪਹਿਲਾ- ਜੀਵਨ ਜੀਉਣ ਦਾ ਢੰਗ ਜੋ ਹਰ ਸਮੇਂ, ਸਥਾਨ, ਦੇਸ਼ ਨਾਲ ਬਦਲਦਾ ਹੈ ਤੇ ਬਦਲਦਾ ਹੈ। ਦੂਜਾ-’ ਮਿਸਾਲਾਂ’ ਕਦੇ ਇੱਕ ਨਹੀਂ ਰਹਿੰਦੀਆਂ, ਸਦਾ ਬਦਲਦੀਆਂ ਹਨ।

ਗੱਲ ਕਰਦੇ ਹਾਂ ਚਲਣ ਦੀ। ਜਿਵੇਂ ਪਹਿਰਾਵੇ ਲਈ ਅੱਜ ਸਾੜੀ, ਸੂਟ-ਪੈਂਟ ਆਦਿ, ਆਵਾਜਾਈ ਦੇ ਸਾਧਨ ਗਡੀਆਂ-ਜਹਾਜ਼ ਆਦਿ, ਖਾਣ-ਪੀਣ, ਰਿਹਾਇਸ਼ ਦੇ ਢੰਗ। ਹੋਰ ਫ਼ਰਿਜ, ਏ. ਸੀ, ਈਮੇਲ, ਮੋਬਾਈਲ, ਇੰਟਰਨੈਟ ਆਦਿ ਸੈਂਕੜੇ ਵਸਤਾਂ, ਜਿਹੜੀਆਂ ਗੁਰੂ ਸਾਹਿਬਾਨ ਦੇ ਜੀਵਨ ਕਾਲ `ਚ ਹੈ ਹੀ ਨਹੀਂ ਸਨ, ਸਮੇਂ, ਸਥਾਨ ਦੇਸ਼ ਨਾਲ, ਚਲਣ ਨੂੰ ਬਦਲਦੀਆਂ ਹਨ। ‘ਮਿਸਾਲਾਂ’ -ਜਿਵੇਂ "ਕੁੰਭੇ ਬਧਾ ਜਲੁ ਰਹੈ" (ਪੰ: ੪੬੯) ਜਾਂ "ਆਨੀਲੇ ਕੁੰਭ ਭਰਾਈਲੇ ਊਦਕ" (ਪੰ: ੪੮੫) ਜੇ ਕਰ ਇਹੀ ਅੱਜ ਬਚਿਆਂ ਨੂੰ ਸਮਝਾਉਣਾ ਹੋਵੇ ਤਾਂ ਪਹਿਲਾਂ ਇਹ ਸਮਝਾਉਣਾ ਪਵੇਗਾ ਕਿ ਕੁੰਭ (ਘੜਾ) ਹੁੰਦਾ ਕੀ ਹੈ? ਇਸੇ ਤਰ੍ਹਾਂ ਹਰਹਟ ਦੀ ਮਾਲ ਆਦਿ ਸੈਂਕੜੇ ਮਿਸਾਲਾਂ, ਕਿਉਂਕਿ ਮਿਸਾਲ ਹੁੰਦੀ ਹੈ ਕਿਸੇ ਗੱਲ ਜਾਂ ਸਿਧਾਂਤ ਨੂੰ ਸੌਖਾ ਕਰਕੇ ਸਮਝਾਉਣ ਲਈ। ਸਮੇਂ ਦੀ ਚਾਲ ਨਾਲ ਜਿਉਂ-ਜਿਉਂ ਰਹਿਣ, ਸਹਿਣ ਬਦਲਦੇ ਹਨ, ਤਿਵੇਂ ਮਿਸਾਲਾਂ ਵੀ ਬਦਲਦੀਆਂ ਹਨ।

ਇਸਦੇ ਉਲਟ, ਜ਼ਿੰਦਗੀ ਦੇ ਸਿਧਾਂਤ ਕਦੇ ਨਹੀਂ ਬਦਲਦੇ, ਜਿਵੇਂ ਪੰਨਾ ੧੬ `ਤੇ ਇੱਕ ਸ਼ਬਦ ਹੈ ਜਿਸ `ਚ ਗੁਰਦੇਵ ਨੇ ਖਾਣ-ਪਾਣ, ਨੀਂਦ, ਸੁਆਰੀ, ਪਹਿਰਾਵੇ ਦੀ ਗੱਲ ਹੈ। ਇਥੇ ਚੋਂਹਾਂ ਬੰਦਾਂ `ਚ "ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ॥ . . ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ …" ਅਤੇ "ਬਾਬਾ ਹੋਰੁ ਚੜਣਾ ਖੁਸੀ ਖੁਆਰੁ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ…" ਜਾਂ "ਬਾਬਾ ਹੋਰੁ ਸਉਣਾ ਖੁਸੀ ਖੁਆਰੁ॥ ਜਿਤੁ ਸੁਤੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ" (ਪੰ: 16) ਸਮਝਣ ਦਾ ਵਿਸ਼ਾ ਹੈ, ਇਹਨਾ ਚੋਹਾਂ ਹੀ ਬੰਦਾਂ `ਚ ਮੂਲ ਵਿਸ਼ਾ ਹੈ- ਅਜੇਹਾ ਖਾਣਾ, ਅਜੇਹਾ ਪਹਿਨਣਾ, ਅਜੇਹਾ ਸੌਣਾ, ਅਜੇਹੀ ਸੁਆਰੀ, ਜਿਸ ਨਾਲ ਮਨੁੱਖ ਦਾ ਜੀਵਨ ਵਿਕਾਰਾਂ ਵਲ ਨਾ ਵਧੇ। ਇਥੇ ਗੁਰਦੇਵ ਨੇ ਕਿਸੇ ਵੀ ਪੱਖ `ਤੇ ਕਿਸੇ ਵਸਤ ਦਾ ਨਾਮ ਨਹੀਂ ਲਿਆ, ਕੇਵਲ ਸਿਧਾਂਤ ਦੀ ਗੱਲ ਸਮਝਾਈ ਹੈ। ਉਹ ਸਿਧਾਂਤ, ਜਿਨ੍ਹਾਂ ਦੀ ਮਨੁੱਖ ਨੂੰ ਹਜ਼ਾਰਾਂ-ਲਖਾਂ ਸਾਲ ਪਹਿਲਾਂ ਵੀ ਲੋੜ ਸੀ, ਅੱਜ ਵੀ ਹੈ ਅਤੇ ਹਜ਼ਾਰਾਂ-ਲਖਾਂ ਸਾਲ ਬਾਅਦ ਵੀ ਹੋਏਗੀ।

ਤਾਂ ਤੇ ਸੰਗਤਾਂ `ਚ ਚਲਣ-ਰਹਿਣੀ ਤੋਂ ਭੁਲੇਖੇ ਖੜੇ ਕਰਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਅਧੂਰਾ ਅਤੇ ਅਜੋਕੇ ‘ਦਸਮਗ੍ਰੰਥ’ ਨੂੰ ਪੂਰਾ ਕਰਣ ਵਾਲਾ ਕਹਿਣ ਵਾਲੇ ਇਹ ਸ਼ਰਾਰਤੀ-ਵਿਰੋਧੀ ਦਸਣ ਕਿ ਜੀਵਨ ਦਾ ਉਹ ਕਿਹੜਾ ਸਦੀਵੀ ਸਿਧਾਂਤ ਹੈ ਜੋ ਪੂਰਨ ਗੁਰੂ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿਚੋਂ ਨਹੀਂ ਮਿਲਦਾ ਅਤੇ ਤੁਹਾਨੂੰ ਇਧਰ-ਓਧਰ ਮੂੰਹ ਮਾਰਨਾ ਪੈਂਦਾ ਹੈ?

ਸੰਤ ਸਿਪਾਹੀ ਕੌਣ ਤੇ ਕਿਵੇਂ? - ਇਸੇ ਤਰ੍ਹਾਂ ਸ਼ਰਾਰਤੀ ਲੋਕਾਂ ਵਲੋਂ ਸੰਗਤਾਂ ਨੂੰ ਭੰਮਲਭੂਸੇ `ਚ ਪਾਉਣ ਲਈ ਇੱਕ ਹੋਰ ਛੁਰਲੀ ਛੱਡੀ ਜਾ ਰਹੀ ਹੈ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਮਨੁੱਖ ਨੂੰ ‘ਸੰਤ’ ਬਣਾਂਦੇ ਹਨ। ਇਸ ਲਈ ਸਿੱਖਾਂ ਦੀ ਸਿਪਾਹੀ ਵਾਲੀ ਲੋੜ ਕੇਵਲ ਅਜੋਕਾ ‘ਦਸਮਗ੍ਰੰਥ’ ਹੀ ਪੂਰੀ ਕਰ ਸਕਦਾ ਹੈ। ਇਹਨਾ ਵਿਰੋਧੀਆਂ ਨੂੰ ਕੌਣ ਸਮਝਾਏ ਕਿ ਮਨੁੱਖਾ ਜੀਵਨ ਦੇ ਇਹ ਦੋਵੇਂ ਪੱਖ ਸਰੀਰ ਨਾਲ ਨਹੀਂ ਬਲਕਿ ‘ਆਤਮਕ ਜਾਗ੍ਰਿਤੀ’ ਅਤੇ ‘ਆਤਮਕ ਮੌਤ’ ਨਾਲ ਸੰਬੰਧਤ ਹਨ। ਆਤਮਕ ਤੌਰ ਤੇ ਮਰਿਆ ਮਨੁੱਖ ਹੀ ਆਸਤੀਨ ਦਾ ਸੱਪ, ਰਿਸ਼ਵਤਖੌਰ, ਕੌਮ ਵੇਚੂ, ਸਿਧਾਂਤ ਵੇਚੂ ਆਦਿ ਅਉਗਣਾ-ਗੁਣਾਹਾਂ ਦਾ ਪੁਤਲਾ ਬਣ ਜਾਂਦਾ ਹੈ। ਇਸ ਦੇ ਉਲਟ "ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ ਜੇ ਜੀਵੈ, ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ" (ਪ: ੧੪੨) ਆਤਮਕ ਤੌਰ `ਤੇ ਜਾਗਿਆ ਮਨੁੱਖ ਹੀ ਸਿਧਾਂਤ ਵਾਦੀ, ਸੂਰਮਾ, ਦੂਜਿਆਂ ਦਾ ਸਹਾਰਾ, ਗ਼ਰੀਬਾਂ-ਮਜ਼ਲੂਮਾ ਦਾ ਮਸੀਹਾ ਤੇ ਇਲਾਹੀ ਗੁਣਾਂ ਦੀ ਖਾਣ ਬਣ ਜਾਂਦਾ ਹੈ। ਇਹ ਸਮ੍ਰਥਾ ਵੀ ਕੇਵਲ ਤੇ ਕੇਵਲ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚ ਹੀ ਹੈ ਜੋ ਮਨੁਖ ਅੰਦਰ ਅਜੇਹੀ ਆਤਮਕ ਤਾਕਤ ਭਰਦੇ ਹਨ ਕਿ ਮਨੁੱਖ ਬੇ-ਇਨਸਾਫ਼ੀ, ਝੂਠ, ਫ਼ਰੇਬ, ਨਾਲ ਕਦੇ ਸਮਝੋਤਾ ਨਹੀਂ ਕਰਦਾ ਫ਼ਿਰ ਭਾਵੇਂ ਵਿਸ਼ਾ ਰਣਖੇਤ੍ਰ `ਚ ਜੂਝ ਕੇ ਮਰਣ ਦਾ ਹੀ ਕਿਉਂ ਨਾ ਹੋਵੇ। ਜਦਕਿ ਮੌਜੂਦਾ ‘ਦਸਮਗ੍ਰੰਥ’ ਨੇ ਕਿਸੇ ਨੂੰ ਸਿਪਾਹੀ ਤਾਂ ਕੀ ਬਨਾਉਣਾ ਹੈ ਇਹ ਤਾਂ ਉਲਟਾ ਮਨੁੱਖ ਨੂੰ ਆਤਮਕ ਮੌਤੇ ਮਾਰ ਕੇ ਭਰਾ ਮਾਰੂ, ਦਗ਼ਾਬਾਜ਼, ਵਿਭਚਾਰੀ ਹੀ ਬਣਾਂਦਾ ਹੈ।

ਕਾਮ ਭੁੱਖ, ਆਦਰਸ਼ਕ ਜਾਂ ਵਿਭਚਾਰਕ-ਇਕ ਹੋਰ ਸ਼ੋਸ਼ਾ ਜੋ ਇਸ ‘ਦਸਮ ਗ੍ਰੰਥ’ ਦੇ ਉਪਾਸ਼ਕਾਂ ਵਲੋਂ ਛਡਿਆ ਜਾ ਰਿਹਾ ਹੈ (੧) "ਕਿਧਰੇ ਤਾਂ ਕਹਿ ਰਹੇ ਹਨ, ਕਾਮ ਵਾਲਾ ਇਹ ਪਹਿਲੂ ਹੀ ਲਿਆ ਜਾਂ ਲੈਣ ਦੀ ਹਿੰਮਤ ਕੀਤੀ ਤਾਂ ਇਸ ‘ਦਸਮਗ੍ਰੰਥ’ ਦੇ ਲਿਖਾਰੀ …. ਨੇ। (੨) ਦੂਜੇ ਉਹ ਜੋ ਸੰਗਤਾਂ ਨੂੰ ਭੁਲੇਖੇ `ਚ ਪਾਉਣ ਲਈ, ਸ਼ਬਦ, ਪੰਕਤੀਆਂ ਗੁਰਬਾਣੀ `ਚੋਂ ਚੁੱਕ ਕੇ ਇਸ ਗ੍ਰੰਥ ਦੀਆਂ ਲੱਚਰ ਤੇ ਅਸ਼ਲੀਲ ਲਿਖਤਾਂ ਨਾਲ ਜੋੜਣ ਤੇ ਬਰਾਬਰੀ ਵਾਲਾ ਬਜਰ ਗੁਣਾਹ ਤੀਕ ਵੀ ਕਰ ਰਹੇ ਹਨ। ਇਹਨਾ ਭਦਰਪੁਰਸ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਕਾਮ ਦੇ ਵਿਭਚਾਰਕ ਪੱਖ ਨੂੰ ਵਰਤ ਕੇ ਇਸ ਦੇਸ਼ ਦੀਆ ਅਨੇਕਾਂ ਪੁਰਾਤਨ-ਧਾਰਮਿਕ ਰਚਨਾਵਾਂ ਮਿਲਦੀਆਂ ਹਨ। ਅਨੇਕਾਂ ਕਹਾਣੀਆਂ ਬ੍ਰਹਮਾ, ਵਿਸ਼ਨੂੰ, ਮਹੇਸ਼, ਇੰਦਰ ਦੇਵਤੇ ਨਾਲ ਵੀ ਜੁੜੀਆਂ ਮਿਲ ਜਾਂਦੀਆਂ ਹਨ।

ਪਰ ਸੰਸਾਰ ਪੱਧਰ `ਤੇ ਇਹ ਮਾਣ ਗੁਰੂਦਰ ਨੂੰ ਹੀ ਜਾਂਦਾ ਹੈ ਜਦੋਂ ਗੁਰਬਾਣੀ `ਚ ਪਾਤਸ਼ਾਹ ਨੇ ਕਾਮ ਭੁਖ ਦੇ ਆਦਰਸ਼ਕ ਤੇ ਵਿਭਚਾਰਕ ਪਹਿਲੂ ਨੂੰ ਕੇਵਲ ਪਹਿਲੀ ਵਾਰੀ, ਪੂਰੀ ਤਰ੍ਹਾਂ ਨਿਖੇੜ ਕੇ ਪੇਸ਼ ਕੀਤਾ। ਆਦਰਸ਼ਕ ਪਹਿਲੂ ਦੀਆਂ ਉਚਾਈਆਂ ਨਾਲ ਤਾਂ ਜੀਵ ਨੂੰ ਪ੍ਰਮਾਤਮਾ ਨਾਲ ਵੀ ਜੋੜ ਦਿਤਾ ਜਿਵੇਂ "ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ" (ਪੰ: ੫੯੧)। ਬਲਕਿ ਗੁਰਬਾਣੀ `ਚ ਤਾਂ ਪ੍ਰਭੂ ਮਿਲਾਪ ਦੀਆਂ ਲਗਭਗ ੯੯% ਮਿਸਾਲਾਂ ਹੀ ਪਤੀ-ਪਤਨੀ ਦੇ ਪਵਿਤ੍ਰ ਰਿਸ਼ਤੇ `ਤੇ ਆਧਾਰਿਤ ਹਨ। ਉਪ੍ਰੰਤ ਜਦੋਂ ਇਸੇ ਕਾਮ ਭੁਖ ਦੇ ਵਿਭਚਾਰਕ ਪੱਖ ਤੋਂ ਸੁਚੇਤ ਕੀਤਾ ਤਾਂ ਜੇਕਰ ਆਦਮੀ ਹੈ "ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ" (ਪੰ: ੧੧੬੪) ਜਦੋਂ ਇਸਤ੍ਰੀ ਕਾਮੀ ਤੇ ਵਿਭਚਾਰਨ ਹੈ ਤਾਂ "ਪਿਰ ਕੀ ਸਾਰ ਨ ਜਾਣਈ, ਦੂਜੈ ਭਾਇ ਪਿਆਰੁ॥ ਸਾ ਕੁਸੁਧ ਸਾ ਕੁਲਖਣੀ, ਨਾਨਕ ਨਾਰੀ ਵਿਚਿ ਕੁਨਾਰਿ (ਪੰ: ੬੫੨)। ਇਸ ਲਈ ਗੁਰਬਾਣੀ ਖਜ਼ਾਨੇ ਵਿਚੋਂ ਕਾਮ ਆਧਾਰਤ ਮਿਸਾਲਾਂ ਵਰਤਣ ਤੋਂ ਪਹਿਲਾਂ, ਅਜੇਹੇ ਲੋਕਾਂ ਨੂੰ, ਗੁਰਬਾਣੀ ਦੀਆਂ ਉਚਾਈਆਂ ਸਮਝਣ ਅਤੇ ਉਸ `ਚ ਚੁਭੀਆਂ ਲਾਉਣ ਦੀ ਲੋੜ ਹੈ।

ਇਸੇ ਤਰ੍ਹਾਂ ਅਜੇਹੇ ਸੱਜਨ ਉਸ ਅਸ਼ਲੀਲ ਰਚਨਾ ‘ਅਜੋਕੇ ਦਸਮ ਗ੍ਰੰਥ’ ਨੂੰ ਪਹਿਲਾਂ ਪਰਖ ਕੇ ਦਸਣ ਤਾਂ ਸਹੀ ਕਿ ਉਥੇ ਕਾਮ ਦਾ ਵਿਭਚਾਰਕ ਪੱਖ ਪ੍ਰਧਾਨ ਹੈ ਜਾਂ ਆਦਰਸ਼ਕ-ਸਦਾਚਾਰਕ। ਚੇਤੇ ਰਹੇ! ਕਾਮ ਦੇ ਹੀ ਅਦਰਸ਼ਕ ਪਹਿਲੂ `ਤੇ ਸਾਡੇ ਪ੍ਰਵਾਰ ਦੀ ਸੰਭਾਲ-ਇਜ਼ਤ ਹੁੰਦੀ ਹੈ ਤੇ ਕਾਮ ਦਾ ਹੀ ਵਿਭਚਾਰਕ ਪੱਖ ਹੈ, ਜੋ ਸਾਡੀ ਪ੍ਰਵਾਰਕ-ਸਮਾਜਕ ਤੱਬਾਹੀ ਦਾ ਕਾਰਨ ਬਨਦਾ ਹੈ। ਇਸ ਲਈ ਜੇਕਰ ਬਾਕੀ ਹਿਸਾਬ ‘ਦਸਮਗ੍ਰੰਥ’ ਦੇ ਉਪਾਸ਼ਕ ਆਪ ਲਗਾ ਸਕਣ ਤਾਂ …। #149s8.01s08#

Including this Self Learning Gurmat Lesson No 149

ਅਜੋਕਾ ਦਸਮ ਗ੍ਰੰਥ ਅਤੇ ਗੁਰੂ ਕੀਆਂ ਸੰਗਤਾਂ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.