.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਭਗਤ ਨਾਮ ਦੇਵ ਨੇ ਰੱਬ ਜੀ ਨੂੰ ਦੁੱਧ ਪਿਲਾਇਆ

ਕੀ ਰੱਬ ਜੀ ਕੇਵਲ ਦੁੱਧ ਹੀ ਪੀਂਦੇ ਹਨ? ਕੀ ਰੱਬ ਜੀ ਰੋਟੀ ਨਹੀਂ ਖਾਂਦੇ? ਕੀ ਰੱਬ ਜੀ ਰੋਟੀ ਖਾਣ ਲੱਗਿਆਂ ਦਾਲ਼ ਸਬਜ਼ੀ ਦੀ ਵਰਤੋਂ ਕਰਦੇ ਹਨ ਜਾਂ ਨਹੀਂ ਕਰਦੇ? ਕੀ ਰੱਬ ਜੀ ਮਠਿਆਈਆਂ ਆਦਿ ਦੀ ਵਰਤੋਂ ਕਰਦੇ ਹਨ? ਰੱਬ ਜੀ ਕਿਹੜੇ ਫ਼ਲ਼ ਨੂੰ ਜ਼ਿਆਦਾ ਪਸੰਦ ਕਰਦੇ ਹਨ? ਕੀ ਰੱਬ ਜੀ ਘੱਟ ਫੈਟ ਵਾਲਾ ਦੁੱਧ ਪੀਂਦੇ ਹਨ ਜਾਂ ਵੱਧ ਫੈਟ ਵਾਲਾ ਦੁੱਧ ਪੀਂਦੇ ਹਨ, ਅਜੇਹੇ ਬਹੁਤ ਸਾਰੇ ਸਵਾਲ ਹਨ ਜੋ ਉੱਤਰ ਮੰਗਦੇ ਹਨ। ਰੱਬ ਜੀ ਦੇ ਖਾਣ-ਪੀਣ ਦਾ ਪ੍ਰਬੰਧ ਕੌਣ ਕਰਦਾ ਹੈ? ਫਿਰ ਰੱਬ ਜੀ ਦਿਨ ਵਿੱਚ ਕਿੰਨੀ ਵਾਰ ਖਾਂਦੇ ਹਨ? ਇੱਕ ਦਿਨ ਤਾਂ ਰੱਬ ਜੀ ਨੂੰ ਦੁੱਧ ਪਿਲਾ ਦਿੱਤਾ ਮੁੜ ਕੇ ਉਸ ਨੂੰ ਕਿਸੇ ਵੀ ਦੁੱਧ ਨਹੀਂ ਪਿਲਾਇਆ? ਅਸਲ ਵਿੱਚ ਰੱਬ ਜੀ ਦਾ ਕਸੂਰ ਨਹੀਂ ਹੈ ਕਸੂਰ ਸਾਡੀ ਬੇ-ਸਮਝੀ ਦਾ ਹੈ ਜਿਹਨਾਂ ਨੇ ਰੱਬ ਜੀ ਨੂੰ ਮਨੁੱਖੀ ਸਰੀਰ ਵਾਂਗ ਮੰਨ ਲਿਆ ਹੈ। ਜਿਸ ਤਰ੍ਹਾਂ ਸਾਡੇ ਸਰੀਰ ਦੀਆਂ ਆਪਣੀਆਂ ਲੋੜਾਂ ਹਨ ਏਸੇ ਤਰ੍ਹਾਂ ਹੀ ਅਸੀਂ ਰੱਬ ਜੀ ਦੀਆਂ ਲੋੜਾਂ ਸਮਝ ਲਈਆਂ ਹਨ ਤੇ ਸ਼ਬਦਾਂ ਦੇ ਅੱਖ਼ਰੀਂ ਅਰਥਾਂ ਨੂੰ ਹੀ ਲੈ ਕੇ ਬੈਠ ਗਏ ਹਾਂ। ਰੱਬ ਤਾਂ ਅਜੇ ਬਹੁਤ ਦੂਰ ਦੀ ਗੱਲ ਹੈ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮਨੁੱਖੀ ਸਰੀਰ ਵਾਂਗ ਹੀ ਪੇਸ਼ ਕਰ ਦਿੱਤਾ ਹੈ, ਜੋ ਕਿ ਭੁੱਖ-ਤੇਹ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਦਿਆਂ ਆਮ ਗੁਰਦੁਆਰਿਆਂ ਵਿਚੋਂ ਦੇਖਿਆ ਜਾ ਸਕਦਾ ਹੈ। ਅੱਜ ਸਾਧ ਲਾਣਾ ਗੁਰਬਾਣੀ ਦੇ ਅਰਥ ਇਸ ਤਰ੍ਹਾਂ ਕਰ ਰਿਹਾ ਹੈ ਭਗਤ ਨਾਮਦੇਵ ਜੀ ਨੇ ਰੱਬ ਜੀ ਨੂੰ ਸਾਹਮਣੇ ਬਿਠਾ ਕੇ ਦੁੱਧ ਪਿਆਇਆ ਹੈ। ਭਲਾ ਜੇ ਰੱਬ ਜੀ ਦੀ ਦੁੱਧ ਪੀਣ ਦੀ ਇੱਛਾ ਨਹੀਂ ਹੋਵੇਗੀ ਤਾਂ ਫਿਰ ਕੀ ਭਗਤ ਜੀ ਨੇ ਰੱਬ ਜੀ ਨੂੰ ਧੱਕੇ ਨਾਲ ਦੁਧ ਪਿਲਾਇਆ ਹੋਏਗਾ? ਵਾਹ ਸਾਖੀਆਂ ਸਣਾੳਣ ਵਾਲਿਓ ਤੁਹਾਡੇ ਤੋਂ ਬਲਿਹਾਰ ਜਾਣਾ ਚਾਹੀਦਾ ਹੈ।

ਰੱਬ ਜੀ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਸਾਨੂੰ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਦੇਖਣਾ ਪਏਗਾ ਜੋ ਆਸਾ ਰਾਗ ਵਿੱਚ ਉਚਾਰਣ ਕੀਤਾ ਹੋਇਆ। ਇਸ ਸ਼ਬਦ ਵਿੱਚ ਭਗਤ ਜੀ ਆਖ ਰਹੇ ਹਨ ਕਿ ਹੇ ਰੱਬ ਜੀ! ਮੈਂ ਤੁਹਾਡੇ ਅੱਗੇ ਭੇਟਾ ਕੀ ਰੱਖਾਂ? ਮੈਨੂੰ ਸਭ ਕੁੱਝ ਹੀ ਜੂਠਾ ਲੱਗ ਰਿਹਾ ਹੈ।

ਆਨੀਲੇ ਕੁੰਭ, ਭਰਾਈਲੇ ਊਦਕ, ਠਾਕੁਰ ਕਉ ਇਸਨਾਨੁ ਕਰਉ॥

ਬਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ॥ ੧॥

ਜਤ੍ਰ ਜਾਉ, ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥ ੧॥ ਰਹਾਉ॥

ਆਨੀਲੇ ਫੂਲ, ਪਰੋਈਲੇ ਮਾਲਾ, ਠਾਕੁਰ ਕੀ ਹਉ ਪੂਜ ਕਰਉ॥

ਪਹਿਲੇ ਬਾਸੁ ਲਈ ਹੈ ਭਵਰਹ, ਬੀਠਲੁ ਭੈਲਾ ਕਾਇ ਕਰਉ॥ ੨॥

ਆਨੀਲੇ ਦੂਧੁ ਰੀਧਾਈਲੇ ਖੀਰੰ, ਠਾਕੁਰ ਕਉ ਨੈਵੇਦੁ ਕਰਉ॥

ਪਹਿਲੇ ਦੂਧੁ ਬਿਟਾਰਿਓ ਬਛਰੈ, ਬੀਠਲੁ ਭੈਲਾ ਕਾਇ ਕਰਉ॥ ੩॥

ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀ॥

ਥਾਨ ਥਨੰਤਰਿ ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ॥ ੪॥ ੨॥

ਰਾਗ ਆਸਾ {ਪੰਨਾ ੪੮੫}

ਰਹਾਉ ਦੀਆਂ ਤੁਕਾਂ ਭਗਤ ਨਾਮ ਦੇਵ ਜੀ ਕਹਿ ਰਹੇ ਹਨ ਕਿ ਮੈਂ ਜਿਹੜੇ ਪਾਸੇ ਵੀ ਤੱਕਦਾ ਹਾਂ ਮੈਨੂੰ ਤੇਰਾ ਹੀ ਨਜ਼ਾਰਾ ਦਿੱਸਦਾ ਹੈ। ਹੇ ਪਰਮਾਤਮਾ! ਹੈਂ ਤੂੰ ਨਿਰਲੇਪ ਪਰ ਜੀਵਾਂ ਵਿੱਚ ਵਿਆਪਕ ਹੋ ਕੇ ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾਂ ਹੈਂ।

ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥

ਜੇ ਸਾਰਿਆਂ ਹੀ ਥਾਂਵਾਂ `ਤੇ ਪਰਮਾਤਮਾ ਹੈ ਤਾਂ ਫਿਰ ਮੈਂ ਮੂਰਤੀ ਦੇ ਅੱਗੇ ਕੀ ਭੇਟਾਂ ਕਰਾਂ? ਭਲਾ ਪੱਥਰ ਦੀ ਮੂਰਤੀ ਨੂੰ ਰੱਬ ਸਮਝ ਕੇ ਇਸ ਦਾ ਤਾਜ਼ੇ ਪਾਣੀ ਨਾਲ ਇਸ਼ਨਾਨ ਕਰਾਵਾਂ ਕਿ ਇਹ ਮੂਰਤੀ ਪਵਿੱਤਰ ਹੋ ਜਾਏ। ਫਿਰ ਇਹ ਮੇਰੀ ਮੂਰਖਤਾ ਹੈ ਕਿਉਂਕਿ ਪਾਣੀ ਜੂਠਾ ਹੈ। ਇਸ ਵਿੱਚ ਬੇਅੰਤ ਪਰਕਾਰ ਦੇ ਜੀਵ ਜੰਤੂ ਰਹਿੰਦੇ ਹਨ ਤੇ ਜੀਵ ਜੰਤੂਆਂ ਵਿੱਚ ਪਰਮਾਤਮਾ ਰਹਿੰਦਾ ਹੈ। ਜੇ ਰੱਬ ਜੀ ਦੁੱਧ ਪੀਂਦੇ ਤਾਂ ਫਿਰ ਇਸ ਨੂੰ ਇਸ਼ਨਾਨ ਦੀ ਵੀ ਜ਼ਰੂਰਤ ਹੈ।

ਆਨੀਲੇ ਕੁੰਭ, ਭਰਾਈਲੇ ਊਦਕ, ਠਾਕੁਰ ਕਉ ਇਸਨਾਨੁ ਕਰਉ॥

ਬਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ॥

ਪਰਮਾਤਮਾ ਤਾਂ ਸਰਬ ਵਿਆਪਕ ਹੈ, ਜ਼ਰੇ ਜ਼ਰੇ ਵਿੱਚ ਉਸਦਾ ਨਿਯਮ ਚੱਲ ਰਿਹਾ ਹੈ। ਉਸ ਦੇ ਨਿਯਮਾਂ ਨੂੰ ਤੋੜ ਕੇ ਪੱਥਰ ਦੀ ਮੂਰਤੀ ਅੱਗੇ ਭੇਟਾਂ ਕਰਾਂ ਕੀ ਇਹ ਰੱਬ ਜੀ ਦੀ ਪੂਜਾ ਹੈ? ਜੇ ਮੈਂ ਇਹ ਸਮਝਾਂ ਕੇ ਸੁੱਚੇ ਫੁੱਲ ਤੋੜ ਕੇ ਉਸ ਦੀ ਮਾਲ਼ਾ ਬਣਾ ਕੇ ਪੱਥਰ ਦੀ ਮੂਰਤੀ ਅੱਗੇ ਰੱਖਾਂ ਤਾਂ ਇਹ ਮੇਰੀ ਅਗਿਆਨਤਾ ਹੀ ਹੈ। ਆਨੀਲੇ ਫੂਲ, ਪਰੋਈਲੇ ਮਾਲਾ, ਠਾਕੁਰ ਕੀ ਹਉ ਪੂਜ ਕਰਉ॥

ਪਹਿਲੇ ਬਾਸੁ ਲਈ ਹੈ ਭਵਰਹ, ਬੀਠਲੁ ਭੈਲਾ ਕਾਇ ਕਰਉ॥

ਸਭ ਤੋਂ ਪਹਿਲਾਂ ਤਾਂ ਫੁੱਲਾਂ ਦੀ ਸਗੰਧੀ ਭੋਰੇ ਨੇ ਲੈ ਲਈ ਸੀ ਇਸ ਲਈ ਫੁੱਲ ਵੀ ਪਰਮਾਤਮਾ ਦੇ ਅਰਪਨ ਕਿੰਜ ਕਰਾਂ? ਮੇਰਾ ਰੱਬ ਜੀ ਤਾਂ ਸਾਰਿਆਂ ਵਿੱਚ ਹੀ ਵਿਚਰ ਰਿਹਾ ਹੈ ਤਾਂ ਫਿਰ ਕੀ ਮੈਂ ਜ਼ਿਉਂਦੇ ਜਾਗਦੇ ਫੁੱਲਾਂ ਨੂੰ ਤੋੜ ਕੇ ਬੇ-ਜਾਨ ਪੱਥਰਾਂ ਦੀ ਪੂਜਾ ਕਰਾਂ?

ਜੇ ਪਰਮਾਤਮਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਤਾਂ ਫਿਰ ਪੱਥਰ ਦੀ ਬਣੀ ਹੋਈ ਮੂਰਤੀ ਨੂੰ ਰੱਬ ਸਮਝ ਕੇ ਦੁੱਧ ਪਿਲਾਉਣਾ ਹਾਸੋ-ਹੀਣੀ ਗੱਲ ਹੈ।

ਆਨੀਲੇ ਦੂਧੁ ਰੀਧਾਈਲੇ ਖੀਰੰ, ਠਾਕੁਰ ਕਉ ਨੈਵੇਦੁ ਕਰਉ॥

ਪਹਿਲੇ ਦੂਧੁ ਬਿਟਾਰਿਓ ਬਛਰੈ, ਬੀਠਲੁ ਭੈਲਾ ਕਾਇ ਕਰਉ॥

ਭਗਤ ਨਾਮਦੇਵ ਜੀ ਕਹਿ ਰਹੇ ਹਨ ਕਿ ਹੇ ਪਰਮਾਤਮਾ! ਮੈਂ ਤੈਨੂੰ ਦੁੱਧ ਕਿਵੇਂ ਪਿਲਾਵਾਂ? ਕਿਉਂਕਿ ਦੁੱਧ ਤਾਂ ਪਹਿਲਾਂ ਵੱਛੇ ਨੇ ਜੂਠਾ ਕਰ ਦਿੱਤਾ ਹੈ ਤੇ ਜੂਠਾ ਦੁੱਧ ਪਰਮਾਤਮਾ ਨੂੰ ਪਿਲਾਇਆ ਨਹੀਂ ਜਾ ਸਕਦਾ। ਚਲੋ ਇਸ ਦੁੱਧ ਦੀ ਖੀਰ ਬਣਾ ਲਈ ਜਾਵੇ ਤੇ ਫਿਰ ਰੱਬ ਜੀ ਨੂੰ ਖੀਰ ਖੁਆਈ ਜਾਵੇ, ਪਰ ਰੱਬ ਜੀ ਤਾਂ ਸਰਬ ਵਿਆਪਕ ਹਨ, ਤਾਂ ਫਿਰ ਪੱਥਰ ਦੀ ਮੂਰਤੀ ਅੱਗੇ ਰੱਖਣ ਦੀ ਤੁਕ ਕੋਈ ਨਹੀਂ ਬਣਦੀ। ਜੇ ਪਰਮਾਤਮਾ ਸਾਰੇ ਥਾਂਈ ਰਵਿਆ ਹੋਇਆ ਹੈ ਤਾਂ ਵੱਛੇ ਵਿੱਚ ਵੀ ਉਹ ਆਪ ਹੀ ਬੈਠ ਕੇ ਦੁੱਧ ਛੱਕ ਰਿਹਾ ਹੈ।

ਜਗਤ ਵਿੱਚ ਹੇਠਾਂ-ਉੱਪਰ, ਏਧਰ-ਓਧਰ ਜਨੀ ਕਿ ਸਾਰੇ ਥਾਂਵਾਂ `ਤੇ ਹੀ ਪਰਮਾਤਮਾ ਦਾ ਨਜ਼ਾਰਾ ਤੱਕਿਆ ਜਾ ਸਕਦਾ ਹੈ।

ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀ॥

ਥਾਨ ਥਨੰਤਰਿ ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ॥

ਪਰਮਾਤਮਾ ਦੀ ਸਰਬ ਵਿਆਪਕਤਾ ਦਾ ਸੰਕਲਪ ਭਗਤ ਨਾਮਦੇਵ ਜੀ ਦੀ ਬਾਣੀ ਵਿੱਚ ਹੈ ਜਿਹਾ ਕਿ “ਪੂਰਿ ਰਹਿਓ ਤੂੰ ਸਰਬ ਮਹੀ”। ਭਗਤ-ਮਾਲਾ ਪੁਸਤਕ ਹੋਂਦ ਵਿੱਚ ਆਉਣ ਕਰਕੇ ਭਗਤਾਂ ਦੇ ਜੀਵਨ ਨਾਲ ਸਬੰਧਿਤ ਕਈ ਗੈਰ-ਕੁਦਰਤੀ ਸਾਖੀਆਂ ਜੋੜ ਦਿੱਤੀਆਂ। ਭਗਤ ਨਾਮਦੇਵ ਜੀ ਦੇ ਨਾਲ ਵੀ ਕਈ ਅਲੋਕਾਰ ਸਾਖੀਆਂ ਜੋੜੀਆਂ ਹਨ। ਬ੍ਰਾਹਮਣ ਲਿਖਾਰੀ ਦੀ ਕੁਟੱਲ ਨੀਤੀ ਇਹ ਲਿਖਦੀ ਹੈ ਕਿ ਇੱਕ ਦਿਨ ਭਗਤ ਨਾਮਦੇਵ ਜੀ ਦੇ ਪਿਤਾ ਜੀ ਕਿਤੇ ਬਾਹਰ ਕੰਮ ਕਰਨ ਲਈ ਜਾ ਰਹੇ ਸਨ, ਆਪਣੇ ਬੇਟੇ ਨਾਮਦੇਵ ਜੀ ਨੂੰ ਕਹਿ ਗਏ ਕਿ ਠਾਕਰ ਜੀ ਨੂੰ ਦੁੱਧ ਜ਼ਰੂਰ ਪਿਲਾਉਣਾ ਈਂ। ਭਗਤ ਜੀ ਦੇ ਦਿਮਾਗ਼ ਵਿੱਚ ਇਹ ਗੱਲ ਆ ਗਈ ਕਿ ਸ਼ਾਇਦ ਠਾਕਰ ਜੀ ਸੱਚੀਂ-ਮੁੱਚੀਂ ਦੁੱਧ ਪੀਂਦੇ ਹਨ। ਨਾਮਦੇਵ ਜੀ ਜ਼ਿਦ ਕਰਨ ਲੱਗ ਪਏ ਕਿ ਠਾਕਰ ਜੀ ਤੁਸੀਂ ਦੁੱਧ ਪੀਓਗੇ ਤਾਂ ਹੀ ਮੈਂ ਆਪਣੇ ਘਰ ਵਾਪਸ ਜਾਵਾਂਗਾ। ਜੇ ਤੁਸੀਂ ਦੁੱਧ ਨਾ ਪੀਤਾ ਤਾਂ ਮੇਰਾ ਬਾਪ ਘਰ ਗਏ ਨੂੰ ਮੈਨੂੰ ਗੁੱਸੇ ਹੋਏਗਾ ਇਸ ਲਈ ਹੇ ਠਾਕਰ ਜੀ ਮੇਰਾ ਤੇ ਤੁਹਾਡਾ ਭਲਾ ਏਸੇ ਵਿੱਚ ਹੀ ਹੈ ਕਿ ਤੁਸੀਂ ਦੁੱਧ ਜ਼ਰੂਰ ਪੀਓ। ਸਾਖੀਕਾਰ ਲਿਖਦਾ ਹੈ ਕਿ ਓਸੇ ਵੇਲੇ ਹੀ ਪੱਥਰ ਦੀ ਮੂਰਤੀ ਵਿਚੋਂ ਰੱਬ ਜੀ ਪ੍ਰਗਟ ਹੋਏ ਤੇ ਕਹਿਣ ਲੱਗੇ ਨਾਮਦੇਵ ਤੂੰ ਮੈਨੂੰ ਖ਼ੁਸ਼ ਕੀਤਾ ਈ, ਲਿਆ ਤੇਰੇ ਵਲੋਂ ਭੇਟ ਕੀਤਾ ਹੋਇਆ ਦੁੱਧ ਮੈਂ ਪੀਵਾਂ।

ਸਵਾਲ ਪੈਦਾ ਹੁੰਦਾ ਹੈ ਕਿ ਕੀ ਰੱਬ ਜੀ ਹਮੇਸ਼ਾਂ ਕ੍ਰੋਧਿਤ ਰਹਿੰਦੇ ਹਨ ਜਾਂ ਰੁੱਸੇ ਹੋਏ ਰਹਿੰਦੇ ਹਨ? ਕੀ ਰੱਬ ਜੀ ਨੂੰ ਖ਼ੁਸ਼ ਕਰਨ ਲਈ ਕਿਸੇ ਖਾਸ ਹੱਠ ਦੀ ਜ਼ਰੂਰਤ ਹੈ? ਕੀ ਆਮ ਮਨੁੱਖਾਂ ਵਾਂਗ ਰੱਬ ਜੀ ਵੀ ਪੂਰੀ ਫੁਕ ਛੱਕਦੇ ਹਨ ਜਾਂ ਰੱਬ ਜੀ ਆਪਣੀ ਚਿਮਚਾ ਗਿਰੀ ਕਰਾਉਣ ਵਿੱਚ ਆਪਣੀ ਖੁਸ਼ੀ ਮਹਿਸੂਸ ਕਰਦੇ ਹਨ। ਜਿਹੜਿਆਂ ਭਗਤਾਂ ਨੇ ਰੱਬ ਜੀ ਨੂੰ ਦੁੱਧ ਨਹੀਂ ਪਿਲਾਇਆ ਕੀ ਉਹਨਾਂ ਦੀ ਭਗਤੀ ਅਧੂਰੀ ਹੀ ਰਹਿ ਗਈ ਹੈ? ਇਸ ਤਰ੍ਹਾਂ ਦੀਆਂ ਕਈ ਸਾਖੀਆਂ ਅੱਜ-ਕਲ੍ਹ ਦੇ ਨਵੀਨ ਬਾਬਿਆਂ ਨੇ ਵੀ ਆਪਣੇ ਨਾਲ ਜੋੜ ਲਈਆਂ ਹੋਈਆਂ ਹਨ ਕਿ ਸਾਡੇ ਵੱਡੇ ਮਹਾਂਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਹੱਥੀਂ ਪ੍ਰਸ਼ਾਦਾ ਛਕਾਇਆ ਸੀ। ਕੀ ਇੱਕ ਦਿਨ ਪ੍ਰਸ਼ਾਦਾ ਛਕਾੳਣ ਨਾਲ ਗੁਰੂ ਨਾਨਕ ਸਾਹਿਬ ਜੀ ਸਦਾ ਲਈ ਰੱਜ ਗਏ ਸਨ ਜਾਂ ਰੋਜ਼ ਆ ਕੇ ਉਸ ਬੂਬਨੇ ਬਾਬੇ ਪਾਸੋਂ ਗੁਰੂ ਜੀ ਪ੍ਰਸ਼ਾਦਾ ਛੱਕਦੇ ਸਨ ਜਾਂ ਅੱਜ ਕਲ੍ਹ ਇਸ ਸੇਵਾ ਨੂੰ ਕੌਣ ਨਿਭਾ ਰਿਹਾ ਹੈ ਇਹਨਾਂ ਬਾਬਿਆਂ ਪਾਸ ਕੋਈ ਵੀ ਉੱਤਰ ਨਹੀਂ ਹੈ। ਜੇ ਸਾਰਿਆਂ ਸਿੱਖਾਂ ਦੀ ਖੁਸ਼ੀ ਲੈਣ ਲਈ ਸਾਰਿਆਂ ਸਿੱਖਾਂ ਪਾਸੋਂ ਗੁਰੂ ਜੀ ਪ੍ਰਸ਼ਾਦਾ ਛੱਕਣ ਲੱਗ ਪੈਣ ਤਾਂ ਗੁਰੂ ਜੀ ਦੇ ਪੇਟ ਦੀ ਕੀ ਹਾਲਤ ਹੋਏਗੀ? ਇਹਨਾਂ ਗੱਲਾਂ ਨੂੰ ਸਮਝਣ ਲਈ ਭਗਤ ਨਾਮਦੇਵ ਜੀ ਦੇ ਇੱਕ ਹੋਰ ਸ਼ਬਦ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ।

ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ॥ ੧॥

ਦੂਧੁ ਪੀਉ ਗੋਬਿੰਦੇ ਰਾਇ॥ ਦੂਧੁ ਪੀਉ, ਮੇਰੋ ਮਨੁ ਪਤੀਆਇ॥

ਨਾਹੀ ਤ ਘਰ ਕੋ ਬਾਪੁ ਰਿਸਾਇ॥ ੧॥ ਰਹਾਉ॥

ਸ+ਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ॥ ੨॥

ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ॥ ੩॥

ਦੂਧੁ ਪੀਆਇ ਭਗਤੁ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ॥ ੪॥ ੩॥

ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ {ਪੰਨਾ ੧੧੬੩}

ਇਸ ਸ਼ਬਦ ਦੇ ਪਹਿਲੇ ਅਖਰੀਂ ਅਰਥ ਕੀਤੇ ਜਾਣਗੇ ਤਾਂ ਕਿ ਫਿਰ ਸੌਖੇ ਤਰੀਕੇ ਨਾਲ ਸ਼ਬਦ ਦੇ ਸਿਧਾਂਤਿਕ ਪੱਖ ਦੀ ਸਮਝ ਆ ਸਕੇ।

ਇੱਕ ਗੜਵੇ ਵਿੱਚ ਪਾਣੀ ਹੈ ਤੇ ਦੂਸਰੇ ਕਟੋਰੇ ਵਿੱਚ ਪਾਣੀ ਹੈ। ਕਪਿਲ ਗਉ ਮੈਂ ਚੋ ਕੇ ਲਿਆਂਦੀ ਹੈ। ਹੇ ਮੇਰੇ ਗੋਬਿੰਦ! ਤੂੰ ਦੁੱਧ ਜ਼ਰੂਰ ਪੀ ਲੈ ਨਹੀਂ ਤਾਂ ਮੇਰਾ ਮਨ ਰੁੱਸ ਜਾਏਗਾ ਤੇ ਘਰ ਗਏ ਨੂੰ ਬਾਪ ਦੀ ਨਿਰਾਜ਼ਗੀ ਵੱਖਰੀ ਝੱਲਣੀ ਪੈਣੀ ਹੈ। ਹੋ ਸਕਦਾ ਏ ਕਿ ਬਾਪ ਮੈਨੂੰ ਝਿੜਕਾਂ ਮਾਰੇ ਕਿ ਨਾਮਦੇਵ ਤੂੰ ਕੈਸੀ ਪੂਜਾ ਕੀਤੀ ਹੈ ਕਿ ਠਾਕੁਰ ਜੀ ਨੇ ਤੇਰੇ ਪਾਸੋਂ ਦੁੱਧ ਹੀ ਨਹੀਂ ਪੀਤਾ।

ਭਗਤ ਨਾਮਦੇਵ ਜੀ ਨੇ ਸੋਨ ਕਟੋਰੀ ਅੰਮ੍ਰਿਤ ਨਾਲ ਭਰੀ ਹੋਈ ਭਾਵ ਦੁੱਧ ਨਾਲ ਲਬਾ-ਲੱਬ ਭਰੀ ਕਟੋਰੀ ਠਾਕੁਰ ਅੱਗੇ ਕਰ ਦਿੱਤੀ ਤੇ ਠਾਕੁਰ ਪਤਾ ਨਹੀਂ ਕਦੋਂ ਦਾ ਭੁੱਖਾ ਪਿਆਸਾ ਬੈਠਾ ਸੀ ਕਿ ਮਿੰਟੋ-ਮਿੰਟੀ ਕਟੋਰੀ ਪੀ ਗਿਆ।

ਭਗਤ ਨਾਮਦੇਵ ਨੂੰ ਦੇਖ ਕੇ ਰੱਬ ਜੀ ਬਹੁਤ ਹੱਸਿਆ ਤੇ ਨਾਮਦੇਵ ਜੀ ਵੀ ਬਹੁਤ ਖੁਸ਼ ਹੋਏ ਕਿ ਮੈਂ ਅੱਜ ਠਾਕਰ ਜੀ ਨੂੰ ਦੁੱਧ ਪਿਲਾ ਕੇ ਉਸ ਦਾ ਦਰਸ਼ਨ ਵੀ ਕਰ ਆਇਆਂ ਹਾਂ।

ਗੁਰੂ ਨਾਨਕ ਸਾਹਿਬ ਜੀ ਨੇ ਲੁਕਾਈ ਨੂੰ ਉਪਦੇਸ਼ ਦੇਣ ਲਈ ਲੋਕ ਬੋਲੀ ਨੂੰ ਚੁਣਿਆ ਹੈ। ਲੋਕਾਂ ਵਿੱਚ ਆਮ ਪ੍ਰਚੱਲਤ ਮੁਹਾਵਰੇ ਤੇ ਆਮ ਪ੍ਰਚਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇੰਜ ਹੀ ਸਾਰੇ ਭਗਤਾਂ ਨੇ ਆਪੋ ਆਪਣੇ ਕਿਤਿਆਂ ਨਾਲ ਸਬੰਧਿਤ ਸ਼ਬਦਾਵਲੀ ਦੀ ਵਰਤੋਂ ਕਰਕੇ ਸੁਖੈਨ ਢੰਗ ਨਾਲ ਉਪਦੇਸ਼ ਦੇਣ ਦਾ ਯਤਨ ਕੀਤਾ ਹੈ। ਕਬੀਰ ਸਾਹਿਬ ਜੀ ਆਪਣੇ ਕਿੱਤੇ ਨਾਲ ਸਬੰਧਿਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।

ਭਗਤ ਨਾਮਦੇਵ ਜੀ ਨੇ ਦੇਖਿਆ ਹੈ ਕਿ ਮੇਰੇ ਪਿਤਾ ਜੀ ਨਿਤਾ ਪ੍ਰਤੀ ਪੱਥਰ ਦੀ ਬਣੀ ਹੋਈ ਮੂਰਤੀ ਅੱਗੇ ਥੋੜਾ ਥੋੜਾ ਸਮਾਨ ਰੱਖ ਕੇ ਇਹ ਸਮਝ ਰਹੇ ਹਨ ਕਿ ਸ਼ਾਇਦ ਮੈਂ ਠਾਕੁਰ ਜੀ ਨੂੰ ਦੀ ਭੁੱਖ ਦੂਰ ਕਰ ਰਿਹਾ ਹਾਂ ਇਹ ਸਿਧਾਂਤਿਕ ਤੌਰ ਤੇ ਗ਼ਲਤ ਹੈ। ਭਗਤ ਨਾਮਦੇਵ ਜੀ ਥਾਂ ਥਾਂ ਤੇ ਇਹ ਕਹਿ ਰਹੇ ਹਨ ਕਿ ਪੱਥਰ ਦੀ ਮੂਰਤ ਕੋਈ ਰੱਬ ਨਹੀਂ ਹੈ, ਇਹ ਤੇ ਸਗੋਂ ਬੇਜਾਨ ਵਸਤੂ ਹੈ।

ਏਕੈ ਪਾਥਰ, ਕੀਜੈ ਭਾਉ॥ ਦੂਜੈ ਪਾਥਰ, ਧਰੀਐ ਪਾਉ॥

ਜੇ ਓਹੁ ਦੇਉ, ਤ ਓਹ ਭੀ ਦੇਵਾ॥

ਕਹਿ ਨਾਮਦੇਉ, ਹਮ ਹਰਿ ਕੀ ਸੇਵਾ॥

ਬਾਣੀ ਭਗਤ ਨਾਮਦੇਵ ਜੀ ਕੀ ਪੰਨਾ ੫੨੫

ਕਿਆ ਅਜਬ ਗੱਲ ਹੈ ਇੱਕ ਪੱਥਰ ਨੂੰ ਦੇਵਤਾ ਬਣਾ ਕੇ ਉਸ ਨੂੰ ਪਿਆਰ ਕੀਤਾ ਜਾਂਦਾ ਹੈ। ਜੇ ਉਹ ਪੱਥਰ ਜਿਸ ਦੀ ਪੂਜਾ ਕੀਤੀ ਜਾਂਦੀ ਹੈ ਦੇਵਤਾ ਹੈ ਤਾਂ ਦੂਜਾ ਪੱਥਰ ਵੀ ਦੇਵਤਾ ਹੈ। ਉਸ ਨੂੰ ਕਿਉਂ ਪੈਰਾਂ ਹੇਠ ਲਤਾੜੀਦਾ ਹੈ। ਪਰ ਨਾਮਦੇਉ ਆਖਦਾ ਹੈ, ਅਸੀਂ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ ਨੂੰ ਤਿਆਰ ਨਹੀਂ. ਅਸੀਂ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ।

ਹੁਣ ਇਸ ਸ਼ਬਦ ਦੇ ਭਾਵ ਅਰਥ ਨੂੰ ਸਮਝਣ ਦਾ ਯਤਨ ਕਰਦੇ ਹਾਂ। ਪਹਿਲੇ ਰਹਾਉ ਦੀਆਂ ਤੁਕਾਂ ਨੂੰ ਸਮਝਦੇ ਹਾਂ।

ਦੂਧੁ ਪੀਉ ਗੋਬਿੰਦੇ ਰਾਇ॥

ਦੂਧੁ ਪੀਉ, ਮੇਰੋ ਮਨੁ ਪਤੀਆਇ॥

ਨਾਹੀ ਤ ਘਰ ਕੋ ਬਾਪੁ ਰਿਸਾਇ॥ ੧॥ ਰਹਾਉ॥

ਜਦੋਂ ਭਗਤ ਨਾਮ ਦੇਵ ਜੀ ਪਰਮਾਤਮਾ ਨੂੰ ਸਰਬ ਵਿਆਪਕ ਮੰਨਦੇ ਹਨ ਤਾਂ ਨਿਜੀ ਤੌਰ `ਤੇ ਸ਼ਾਖਸ਼ੱਤ ਰੂਪ ਵਿੱਚ ਦੁੱਧ ਕਿਵੇਂ ਪਿਲਾਇਆ ਜਾ ਸਕਦਾ ਹੈ? ਸਾਰੇ ਥਾਂਈ ਰਵਿਆ ਹੋਣ ਕਰਕੇ ਸਾਡੇ ਹਿਰਦੇ ਵਿੱਚ ਵੀ ਉਸ ਦਾ ਹੀ ਟਿਕਾਣਾ ਹੈ। ਫਿਰ ਇਹਨਾਂ ਤੁਕਾਂ ਦਾ ਭਾਵ ਅਰਥ ਲੈ ਕੇ ਹੀ ਸਮਝ ਆ ਸਕਦੀ ਹੈ। “ਦੂਧੁ ਪੀਉ ਮੇਰੇ ਗੋਬਿੰਦੇ ਰਾਇ” ਦੁੱਧ ਸ਼ਬਦ ਗੁਰਬਾਣੀ ਵਿੱਚ ਸ਼ੁੱਭ ਕਰਮਾਂ ਲਈ ਤੇ ਪਰਮਾਤਮਾ ਧਰਤੀ ਦਾ ਸਹਾਰਾ, ਉਸਦਾ ਸਦੀਵ-ਕਾਲ ਨਿਯਮ ਦੇ ਰੂਪ ਵਿੱਚ ਆਇਆ ਹੈ ਤੇ ਰੱਬ ਜੀ ਸਾਡੇ ਹਿਰਦੇ ਵਿੱਚ ਬੈਠਾ ਹੈ। ਇਸਦਾ ਅਰਥ ਹੈ ਕਿ ਧੀਰਜ ਰੂਪੀ ਪਰਮਾਤਮਾ ਸਾਡੇ ਹਿਰਦੇ ਵਿੱਚ ਹੀ ਬੈਠਾ ਹੈ।

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥

ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥

ਸੂਹੀ ਮਹਲਾ ੧ ਪੰਨਾ ੭੨੮--

੨ ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ॥

ਪ੍ਰਭਾਤੀ ਮਹਲਾ ੧ ਪੰਨਾ ੧੩੨੯--

ਏੱਥੇ ਦੁੱਧ ਸ਼ਬਦ ਨੇਕ ਕਰਮਾਂ ਲਈ ਆਇਆ ਹੈ ਜਦੋਂ ਕਿ ਧੀਰਜ ਪਰਮਾਤਮਾ ਲਈ ਵਰਤਿਆ ਗਿਆ ਹੈ ਪਹਿਲੀ ਤੁਕ ਵਿਚੋਂ ਦੋ ਗੱਲਾਂ ਸਾਡੇ ਸਾਹਮਣੇ ਉੱਗੜ ਕੇ ਆਉਂਦੀਆਂ ਹਨ ਇੱਕ ਸ਼ੁਭ ਕਰਮਾਂ ਦੀ ਤੇ ਦੂਜੀ ਪਰਮਾਤਮਾ ਦੇ ਧੀਰਜ ਰੂਪੀ ਗੁਣ ਦੀ। ਭਗਤ ਨਾਮਦੇਵ ਜੀ ਮੂਰਤੀ ਪੂਜਾ ਦੇ ਮੁਦਈ ਨਹੀਂ ਹਨ ਉਹ ਤਾਂ ਸਰਬ ਵਿਆਪਕ ਪਰਮਾਤਮਾ ਦੀ ਹੋਂਦ ਨੂੰ ਸਵੀਕਾਰਦੇ ਹਨ। ਭਗਤ ਨਾਮਦੇਵ ਜੀ ਦਾ ਵੀ ਉਹ ਹੀ ਪਰਮਾਤਮਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਹੈ। ਪਹਿਲੀ ਤੁਕ ਵਿੱਚ ਭਗਤ ਨਾਮਦੇਵ ਜੀ ਕਹਿ ਰਹੇ ਕਿ ਮੈਂ ਆਮ ਪੁਜਾਰੀ ਤੇ ਲੋਕਾਂ ਵਾਂਗ ਪੱਥਰ ਦੀ ਬਣੀ ਹੋਈ ਮੂਰਤੀ ਦੀ ਪੂਜਾ ਨਹੀਂ ਕਰਦਾ ਮੈਂ ਤੇ ਸਗੋਂ ਉਸ ਪਰਮਾਤਮਾ ਨੂੰ ਮੰਨਦਾ ਹਾਂ ਜਿਸਦੀ ਨਿਯਮਾਵਲੀ ਜਾਂ ਉਸ ਦੇ ਸਦਾ ਰਹਿਣ ਵਾਲੇ ਗੁਣ ਸਾਰਿਆਂ ਵਿੱਚ ਇਕਸਾਰ ਵਰਤੀਂਦੇ ਹਨ। ਰੱਬੀ ਨਿਯਮਾਵਲੀ ਜਾਂ ਉਸ ਦੇ ਗੁਣਾਂ ਨੂੰ ਧਾਰਨ ਕੀਤਿਆ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। “ਦੂਧੁ ਪੀਉ ਗੋਬਿੰਦੇ ਰਾਇ” ਮੇਰੇ ਰੱਬ ਜੀ ਤੁਸੀਂ ਦੁੱਧ ਪੀਓ ਇਸ ਦਾ ਭਾਵ ਅਰਥ ਕਿ ਧੀਰਜ ਧਾਰਨ ਕਰਨਾ ਤੇ ਫਿਰ ਸ਼ੁਭ ਕਰਮ ਕਰਨੇ ਮੇਰੇ ਜੀਵਨ ਦਾ ਮਨੋਰਥ ਬਣ ਜਾਏ। ਬੇ-ਜਾਨ ਪੱਥਰ ਨੂੰ ਚੜ੍ਹਾਵਾ ਚੜਾਉਣ ਦੀ ਤੇ ਇਸ ਦੀ ਪੂਜਾ ਕਰਨ ਦੀ ਕੋਈ ਤੁਕ ਨਹੀਂ ਏ ਇਹ ਤੇ ਸਗੋਂ ਧੀਰਜ ਵਰਗੇ ਦੈਵੀ ਸ਼ੁਭ ਗਣਾਂ ਨੂੰ ਆਪਣੇ ਸੁਭਾਅ ਵਿੱਚ ਲੈ ਕੇ ਆਉਣ ਦੀ ਜ਼ਰੂਰਤ ਹੈ। ਜੇ ਇਹਨਾਂ ਦੇਵੀ ਗੁਣਾਂ ਨੂੰ ਛੱਡਦਾ ਹਾਂ ਤਾਂ ਮੇਰਾ ਮਨ ਰੁੱਸ ਜਾਂਦਾ ਹੈ ਭਾਵ ਕੁਰਾਹੇ ਪੈ ਜਾਂਦਾ ਹੈ। ਮੇਰਾ ਅੰਦਰਲਾ ਤਾਂ ਹੀ ਪਤੀਜ ਸਕਦਾ ਹੈ ਜੇ ਮੈਂ ਚੰਗੇ ਕਰਮ ਕਰਨ ਦੀ ਤਾਂਘ ਰੱਖਾਂ।

“ਦੂਧੁ ਪੀਉ, ਮੇਰੋ ਮਨੁ ਪਤੀਆਇ” ਕਿਸੇ ਦਾ ਬਣਿਆ ਕੰਮ ਵਿਗਾੜਨ ਦੀ ਬਿਰਤੀ ਨਾ ਹੋਵੇ ਸਗੋਂ ਕਿਸੇ ਦਾ ਦਰਦ ਵਡਾਉਂਣ ਦੀ ਨੇਕ ਭਾਵਨਾ ਹੋਵੇ। ਮੇਰੇ ਲਈ ਠਾਕੁਰ ਨੂੰ ਇਹੋ ਹੀ ਦੁੱਧ ਪਿਲਾਉਣਾ ਹੈ। “ਨਾਹੀ ਤ ਘਰ ਕੋ ਬਾਪੁ ਰਿਸਾਇ”॥ ਸੁਭਾਅ ਵਿਚੋਂ ਧੀਰਜ ਤੇ ਨੇਕ ਕਰਮ ਕਰਨ ਦੀ ਲਾਲਸਾ ਖਤਮ ਹੁੰਦਿਆਂ ਹੀ ਪਿਤਾ ਰੂਪੀ ਸੰਤੋਖ ਗੁਣ ਆਪਣੇ ਆਪ ਹੀ ਉੱਡ ਜਾਂਦਾ ਹੈ। “ਮਾਤਾ ਮਤਿ ਪਿਤਾ ਸੰਤੋਖੁ” ਗੁਰਬਾਣੀ ਵਿੱਚ ਪਿਤਾ ਸੰਤੋਖ ਨੂੰ ਕਿਹਾ ਗਿਆ ਹੈ। ਭਗਤ ਨਾਮਦੇਵ ਜੀ ਨੇ ਸਾਰੀ ਮਨੁੱਖਤਾ ਦਾ ਭਲਾ ਕਰਦਿਆ ਬੇ-ਲੋੜੀ ਪੱਥਰ ਦੀ ਪੂਜਾ ਤੋਂ ਸੁਚੇਤ ਕਰਦਿਆ ਹਿਰਦੇ ਵਿੱਚ ਸ਼ੁਭ ਕਰਮ ਕਰਨ ਨੂੰ ਕਹਿ ਰਹੇ ਹਨ।

ਰਹਾਉ ਦੀਆਂ ਤੁਕਾਂ ਵਿੱਚ ਤਿੰਨ ਸਿਧਾਂਤ ਪ੍ਰਗਟ ਹੁੰਦੇ ਹਨ। ੧ ਨੇਕ ਜਾਂ ਸ਼ੁਭ ਕਰਮ ੨ ਧੀਰਜ, ਸਹਿਣ-ਸ਼ਲਿਤਾ, ੩ ਸੰਤੋਖ ਰੂਪੀ ਪਿਤਾ। ਅੰਲਕਾਰਿਕ ਢੰਗ ਨਾਲ ਠਾਕੁਰ, ਦੁੱਧ, ਪੂਜਾ ਇਤਿਆਦਿਕ ਸ਼ਬਦਾਂ ਦੀ ਵਰਤੋਂ ਕਰਦਿਆਂ ਤੱਤ ਗਿਆਨ ਦੀ ਗੱਲ ਕੀਤੀ ਹੈ ਨਾ ਕਿ ਮਿੱਥ ਦੀ। ਬਾਕੀ ਸ਼ਬਦ ਵਿੱਚ ਇਸਦਾ ਵਿਸਥਾਰ ਅਇਆ ਹੈ। ਸ਼ਬਦ ਦੀ ਪਹਿਲੀ ਤੁਕ ਵਿੱਚ, “ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ” ਅਖਰੀਂ ਅਰਥ ਤਾਂ ਏਹੀ ਹਨ ਕਿ ਕਪਲ ਗਾਂਈ ਨੂੰ ਚੋ ਕਟੋਰੇ ਵਿੱਚ ਦੁੱਧ ਤੇ ਗੜਵੇ ਵਿੱਚ ਪਾਣੀ ਪਾ ਕਿ ਲਿਆਂਦਾ ਗਿਆ ਹੈ, ਪਰ ਅਸੀਂ ਭਾਵ ਅਰਥ ਨੂੰ ਸਮਝਣ ਦਾ ਯਤਨ ਕਰਨਾ ਹੈ। ਪਾਣੀ ਨਿਰਮਲਤਾ ਤੇ ਗ਼ਤੀ-ਸ਼ੀਲਤਾ ਦਾ ਪ੍ਰਤੀਕ ਹੈ। ਗੜਵਾ ਮਨ ਦਾ ਪ੍ਰਤੀਕ ਹੈ ਜਦੋਂ ਕਿ ਕਟੋਰੇ ਗਿਆਨ ਇੰਦ੍ਰਿਆਂ ਦਾ ਪਰਤੀਕ ਹਨ। ਵਿਚਾਰੀ ਗਊ ਜਿੱਥੇ ਧੀਰਜ ਲਈ ਆਈ ਹੈ ਓੱਥੇ ਸ਼ੁਭ ਮਤ ਲਈ ਵੀ ਇਸ ਦੀ ਵਰਤੋਂ ਕੀਤੀ ਗਈ ਹੈ।

ਬੇ-ਜਾਨ ਪੱਥਰ ਦੀ ਪੂਜਾ ਵਿੱਚ ਕੀ ਰੱਖਿਆ ਹੈ ਇਹ ਤੇ ਸਗੋਂ ਕਰਮ-ਕਾਂਡਾਂ ਦੀ ਹਨੇਰੀ ਕੋਠਰੀ ਵਿਚੋਂ ਬਾਹਰ ਨਿਕਲਣ ਦਾ ਵਲ਼ ਸਮਝਾਇਆ ਜਾ ਰਿਹਾ ਹੈ। ਕਿ ਜਦੋਂ ਦਾ ਸੰਤੋਖ, ਧੀਰਜ ਤੇ ਨੇਕ ਕਰਮਾਂ ਦਾ ਪੱਲਾ ਫੜਿਆ ਹੈ ਓਦੋਂ ਤੋਂ ਹੀ ਮੇਰਾ ਗੜਵਾ ਰੂਪੀ ਮਨ ਨਿਰਮਲਤਾ ਦੇ ਪਾਣੀ ਨਾਲ ਭਰ ਗਿਆ ਹੈ ਤੇ ਕਟੋਰੇ ਗਿਆਨ ਰੁਪੀ ਇੰਦ੍ਰਿਆਂ ਵਿੱਚ ਸ਼ੁਭ ਕਰਮ ਆ ਗਏ ਹਨ। ਇਹ ਤੇ ਫਿਰ ਕੁਦਰਤੀ ਗੱਲ ਹੈ ਕਿ ਧੀਰਜ ਤੇ ਚੰਗੀ ਮਤ ਹਿਰਦੇ ਵਿੱਚ ਬੈਠ ਗਈ ਹੈ। ਸੁ ਇਹਨਾਂ ਤੁਕਾਂ ਵਿੱਚ ਵੀ ਤਿੰਨ ਵਿਚਾਰਾਂ ਦਾ ਜਨਮ ਹੁੰਦਾ ਹੈ, ੧ ਹਿਰਦੇ ਵਿੱਚ ਨਿਰਮਲਤਾ, ੨ ਗਿਆਨ ਇੰਦ੍ਰਿਆਂ ਦੀ ਸ਼ੁਭ ਵਰਤੋਂ, ੩ ਸਵੱਛ ਬਿਰਤੀ ਦਾ ਜਨਮ ਹੋਣਾ।

ਸ਼ਬਦ ਦੇ ਦੂਸਰੇ ਬੰਦ ਵਿੱਚ ਸੋਨੇ ਦੀ ਕਟੋਰੀ ਦਾ ਜ਼ਿਕਰ ਆਇਆ ਹੈ, “ਸ+ਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ”॥ ਸਾਰੀਆਂ ਧਾਤਾਂ ਵਿਚੋਂ ਸੋਨਾ ਕੀਮਤੀ ਧਾਤ ਗਿਣਿਆ ਗਿਆ ਹੈ ਤੇ ਗੁਰੂ ਜੀ ਦੀ ਮਤ ਵੀ ਕੀਮਤੀ ਹੈ, ਤੇ ਜੇ ਇਹ ਮਤ ਅਸੀਂ ਧਾਰਨ ਕਰ ਲਈਏ ਤਾਂ ਸਾਡੀ ਵੀ ਮਤ ਸੋਨੇ ਵਰਗੀ ਹੋ ਸਕਦੀ ਹੈ। ਜਦੋਂ ਉਪਰਲੇ ਛੇ ਗੁਣ ਆ ਜਾਣ ਤਾਂ ਮਤ ਆਪਣੇ ਆਪ ਹੀ ਕੀਮਤੀ ਹੋ ਜਾਂਦੀ ਹੈ। ਇਸ ਤੁਕ ਦਾ ਭਾਵ ਅਰਥ ਕਿ ਮੈਂ ਆਤਮਿਕ ਜੀਵਨ ਦੇਣ ਵਾਲੀ ਮਤ ਨੂੰ ਗ੍ਰਹਿਣ ਕਰਕੇ ਪਰਮਾਤਮਾ ਦੇ ਅੱਗੇ ਰੱਖ ਦਿੱਤੀ ਹੈ ਭਾਵ ਧੀਰਜ ਦੇ ਕੋਲ ਬਿਠਾ ਦਿੱਤੀ ਹੈ। ਪਰਮਾਤਮਾ ਕੋਈ ਵਿਆਕਤੀ ਨਹੀਂ ਹੈ ਜਿਸ ਦੇ ਅੱਗੇ ਮਤ ਰੱਖਣੀ ਹੈ ਇਹ ਤੇ ਸੁਭਾਅ ਵਿੱਚ ਆਈ ਤਬਦੀਲੀ ਦਾ ਜ਼ਿਕਰ ਹੈ। ਪਰਮਾਤਮਾ ਸਾਡੇ ਹਿਰਦੇ ਵਿੱਚ ਹੀ ਸ਼ੁਭ ਗੁਣਾਂ ਦੇ ਰੂਪ ਵਿੱਚ ਅੰਦਰ ਬੈਠਾ ਹੈ। ਗੁਰਬਾਣੀ-ਗਿਆਨ ਦੀ ਮਤ ਜੋ ਆਤਮਿਕ ਜੀਵਨ ਦੇਣ ਵਾਲੀ ਹੈ, “ਲੈ ਨਾਮੈ ਹਰਿ ਆਗੈ ਧਰੀ” ਭਾਵ ਨਿਤਾ ਪ੍ਰਤੀ ਵਰਤੋਂ ਵਿੱਚ ਲੈ ਆਦੀ ਹੈ।

“ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ”

ਭਗਤ ਨਾਮਦੇਵ ਜੀ ਸਮਝਾ ਰਹੇ ਹਨ ਕਿ ‘ਏਕੁ ਭਗਤੁ ਮੇਰੇ ਹਿਰਦੇ ਬਸੈ’ ਗੁਰਬਾਣੀ ਦੁਆਰਾ ਦੇਖਿਆ ਜਾਵੇ ਤਾਂ ਭਗਤ ਦੀ ਪ੍ਰੀਭਾਸ਼ਾ ਸੇਖ਼ ਫ਼ਰੀਦ ਜੀ ਬੜੀ ਕਮਾਲ ਦੀ ਕੀਤੀ ਹੈ।

ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥

ਅਣਹੋਦੇ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ”॥ ੧੨੮--

ਸਲੋਕ ਸੇਖ਼ ਫ਼ਰੀਦ ਜੀ ਕੇ ਪੰਨਾ ੧੩੮੪—

ਅਕਲ ਦੇ ਹੁੰਦਿਆਂ ਹੋਇਆ ਵੀ ਅਕਲ ਨੂੰ ਪ੍ਰਗਟ ਨਾ ਕਰੇ, ਤਾਕਤ ਹੋਣ ਦੇ ਬਾਵਜੂਦ ਵੀ ਤਾਕਤ ਦਾ ਪ੍ਰਗਟਾਵਾ ਨਾ ਕਰੇ, ਵੰਡ ਕੇ ਛੱਕਣ ਦੀ ਭਾਵਨਾ ਨੂੰ ਹਮੇਸ਼ਾਂ ਕਾਇਮ ਰੱਖੇ। ਤਿੰਨ ਵਿਚਾਰਾਂ ਦੀ ਹਰ ਵੇਲੇ ਵਰਤੋਂ ਕਰਨ ਵਾਲੇ ਨੂੰ ਰੱਬ ਜੀ ਦਾ ਭਗਤ ਕਿਹਾ ਗਿਆ ਹੈ। ਭਗਤ ਨਾਮਦੇਵ ਜੀ ਕਹਿ ਰਹੇ ਹਨ ਕਿ ਇਹ ਭਗਤੀ ਦੇ ਗੁਣ ਮੇਰੇ ਸੁਭਾਅ ਵਿੱਚ ਆ ਗਏ ਹਨ ਤੇ ਨਾਰਾਇਣ ਹੱਸ ਰਿਹਾ ਹੈ। ਇਹਨਾਂ ਸ਼ਬਦਾਂ ਤੋਂ ਤਾਂ ਇੰਜ ਹੀ ਪ੍ਰਤੀਤ ਹੁੰਦਾ ਹੈ ਕਿ ਪਰਮਾਤਮਾ ਮਨੁੱਖੀ ਤਲ਼ ਤੇ ਬੈਠ ਕੇ ਨਾਮਦੇਵ ਜੀ ਨਾਲ ਗੱਲਾਂ ਬਾਤਾਂ ਕਰਕੇ ਹੱਥ `ਤੇ ਹੱਥ ਮਾਰ ਕੇ ਹੱਸ ਰਿਹਾ ਹੈ। ‘ਨਾਰਾਇਨੁ ਹਸੈ’ ਅਸਲ ਵਿੱਚ ਇਹ ਆਤਮਿਕ ਅਵਸਥਾ ਦੀ ਉਚਾਈ ਤੇ ਗ਼ਹਿਰੀ ਰੂਹਾਨੀਅਤ ਦਾ ਪ੍ਰਗਟਾਅ ਹੈ।

ਦੂਧੁ ਪੀਆਇ ਭਗਤੁ ਘਰਿ ਗਇਆ॥

ਨਾਮੇ ਹਰਿ ਕਾ ਦਰਸਨੁ ਭਇਆ॥

ਤੁਕਾਂ ਦੇ ਅਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਭਗਤ ਨਾਮਦੇਵ ਜੀ ਨੇ ਠਾਕੁਰ ਜੀ ਨੂੰ ਦੁੱਧ ਪਿਲਾਇਆ ਤੇ ਸ਼ਾਖ਼ਸ਼ਤ ਰੂਪ ਵਿੱਚ ਰੱਬ ਜੀ ਦਾ ਦੀਦਾਰ ਕਰਕੇ ਆਪਣੇ ਘਰ ਆ ਗਏ। ‘ਘਰਿ ਗਇਆ’ ਦਾ ਅਰਥ ਹੈ ਮਨ ਆਪਣੇ ਨਿਜ ਅਸਥਾਨ ਵਿੱਚ ਆ ਗਿਆ ਭਾਵ ਮਨ ਦੀ ਭਟਕਣਾ ਮੁੱਕ ਗਈ। “ਨਾਮੇ ਹਰਿ ਕਾ ਦਰਸਨੁ ਭਇਆ” ਭਾਵ ਆਤਮਿਕ ਜੀਵਨ ਦੀ ਉੱਚੀ ਉਡਾਰੀ ਹੋ ਗਈ, ਸਹਿਜ ਅਵਸਥਾ ਬਣ ਗਈ, ਰੂਹਾਨੀਅਤ ਦੀ ਮੰਜ਼ਿਲ ਨੂੰ ਛੁਹ ਲਿਆ। ਜਦੋਂ ਰੱਬ ਜੀ ਦੀ ਪ੍ਰਾਪਤੀ ਹੋ ਜਾਏ ਤਾਂ ਉਸ ਦੀ ਨਿਸ਼ਾਨੀ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਅਟੱਲ ਫਰਮਾਣ ਹੈ—

ਪ੍ਰਭ ਮਿਲਣੈ ਕੀ ਏਹ ਨੀਸਾਣੀ॥

ਮਨਿ ਇਕੋ ਸਚਾ ਹੁਕਮੁ ਪਛਾਣੀ॥

ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ॥ ੩॥

ਮਾਝ ਮਹਲਾ ੫ ਪੰਨਾ ੧੦੬--

ਰੱਬ ਜੀ ਦੇ ਦਰਸ਼ਨ ਦੀ ਜੋ ਨਿਸ਼ਾਨੀ ਨਿਰਧਾਰਤ ਕੀਤੀ ਗਈ, ਉਸ ਵਿੱਚ ਸਭ ਤੋਂ ਪਹਿਲਾਂ ਰੱਬੀ ਹੁਕਮ ਦੀ ਪਹਿਛਾਣ ਹੁੰਦੀ ਹੈ। ਸਹਿਜ ਅਵਸਥਾ ਤੇ ਸੰਤੋਖ ਵਿੱਚ ਹਮੇਸ਼ਾਂ ਰੱਜਿਆ ਰਹਿੰਦਾ ਹੈ ਤੇ ਪ੍ਰਭੂ ਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਅਨੰਦ ਮਾਣਦਾ ਰਹਿੰਦਾ ਹੈ।

ਸਾਰੀ ਵਿਚਾਰ ਦਾ ਅਰਥ ਹੈ ਜੋ ਵਿਚਾਰ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੀ ਝੋਲ਼ੀ ਵਿੱਚ ਪਾਏ ਉਹ ਹੀ ਵਿਚਾਰ ਬਾਕੀ ਭਗਤਾਂ, ਭੱਟਾਂ ਦੇ ਹਨ ਐਸਾ ਨਹੀਂ ਹੈ ਕਿ ਗੁਰੂ ਜੀ ਦੇ ਵਿਚਾਰ ਕੋਈ ਹੋਰ ਹਨ ਤੇ ਭਗਤਾਂ ਭੱਟਾਂ ਦੇ ਕੋਈ ਵਿਚਾਰ ਹੋਰ ਹਨ। ਗੁਰਬਾਣੀ ਇੱਕ ਜੋਤ ਹੈ ਭਾਵ ਸਿਧਾਂਤ ਕਰਕੇ ਇਕਸਾਰ ਹੈ। ਭਗਤ-ਮਾਲਾ ਦੀਆਂ ਸਾਖੀਆਂ ਦਾ ਅਧਾਰ ਬਣਾ ਕੇ ਅੱਜ ਦੇ ਬੂਬਨੇ ਬਾਬੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮਨੁੱਖੀ ਸਰੀਰ ਵਾਂਗ ਰੋਟੀ ਪਾਣੀ ਇਤਿਆਦਿਕ ਪਿਲਾ ਰਹੇ ਹਨ ਤੇ ਕਹਿ ਰਹੇ ਹਨ ਕਿ ਤੁਹਾਡੀ ਸ਼ਰਧਾ ਨਹੀਂ ਹੈ ਇਸ ਲਈ ਤੁਸੀਂ ਕਿੰਤੂ ਪ੍ਰੰਤੂ ਕਰਦੇ ਹੋ। ਉੱਚਕੋਟੀ ਦੇ ਪਰਚਾਰਕ ਵੀ ਬ੍ਰਹਾਮਣੀ ਕਰਮ-ਕਾਂਡ ਵਿੱਚ ਵਾਧਾ ਕਰਦਿਆਂ ਕਹੀ ਜਾਂਦੇ ਹਨ ਕਿ ਤਰਕ ਨਾ ਕਰਿਆ ਜੇ। ਗੁਰੂ ਛੱਕਦਾ ਹੈ ਵੇਖੋ ਜੀ ਸਾਡੇ ਬਾਬੇ ਜੀ ਤਾਂ ਆਪ ਗੁਰੂ ਨਾਨਕ ਸਾਹਿਬ ਜੀ ਨੂੰ ਪਰਸ਼ਾਦਾ ਛਕਾਇਆ ਹੈ ਬੰਦਾ ਪੁਛੇ ਕਿ ਤੁਹਾਡਾ ਬਾਬਾ ਤੇ ਆਪ ਕੰਮਚੋਰ ਸੀ ਉਸ ਨੇ ਕਿਹੜੀ ਕਿਰਤ ਕਮਾਈ ਕਰਕੇ ਗੁਰੂ ਨਾਨਕ ਸਾਹਿਬ ਜੀ ਪ੍ਰਸ਼ਦਾ ਛੱਕਾਇਆਂ ਸੀ। ਸਿੱਖੀ ਗਪੌੜਿਆਂ ਦਾ ਧਰਮ ਨਹੀਂ ਇਹ ਵਿਚਾਰ ਦਾ ਧਰਮ ਹੈ।

ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਪਿਤਾ ਪੁਰਖੀ ਜੋ ਕੁੱਝ ਕਰ ਰਹੇ ਸਨ ਉਹ ਸਾਰੀ ਸ਼ਬਦਾਵਲੀ ਦੇ ਬਿੰਬਾਂ ਰਾਂਹੀ ਆਤਮਿਕ ਜਗਿਆਸਾ ਦੀ ਸੂਝ ਦੇਣ ਦਾ ਯਤਨ ਕੀਤਾ ਹੈ। ਗੁਰਬਾਣੀ ਦਾ ਤੇ ਅਕੱਥ ਵਾਕ ਹੈ ਕਿ ਹੇ ਪਰਮਾਤਮਾ! ਤੂੰ ਜੂਨਾਂ ਵਿੱਚ ਨਹੀਂ ਆਉਂਦਾ ਤਾਂ ਫਿਰ ਅਸੀਂ ਪਰਮਤਮਾ ਨੂੰ ਜੂਨਾਂ ਵਿੱਚ ਲਿਆ ਕਿ ਗੁਰਬਾਣੀ ਸਿਧਾਂਤ ਨੂੰ ਛੁਟਿਆ ਤਾਂ ਨਹੀਂ ਰਹੇ। “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ”॥ ੩॥ ਗੁਰੂ ਗ੍ਰੰਥ ਸਾਹਿਬ ਜੀ ਪੰਨਾ ੧੧੩੬




.