.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 29)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਬਾਬਾ ਦਇਆ ਸਿੰਘ ਸੁਰ ਸਿੰਘ ਨੇੜੇ ਭਿੱਖੀ ਵਿੰਡ

ਇਹਨਾਂ ਬਾਰੇ ਪੁਸਤਕ ‘ਸੰਤਾਂ ਦੇ ਕੌਤਕ’ ਦੇ ਪਹਿਲੇ ਭਾਗਾਂ ਵਿੱਚ ਕਾਫੀ ਕੁੱਝ ਲਿਖਿਆ ਗਿਆ ਹੈ ਕਿਵੇਂ ਇਹਨਾਂ ਨੇ ਜਮੀਨਾਂ ਸਾਂਭਣ ਵਾਸਤੇ “ਧੰਨ ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਕਾਸ਼ ਮੁਸਲਮਾਨਾਂ ਦੀਆਂ ਕਬਰਾਂ ਤੇ ਕੀਤੇ ਹੋਏ ਹਨ ਉਥੇ ਕੋਈ ਗ੍ਰੰਥੀ ਵੀ ਨਹੀਂ ਹੈ ਹੁਣ ਪਤਾ ਲੱਗਾ ਹੈ ਉਥੇ ਗੁਰਦੁਆਰੇ ਬਣਾ ਰਹੇ ਹਨ, ਇਹ ਗੁਰਬਾਣੀ ਦੇ ਉਲਟ ਜਾਤ ਪਾਤ ਦੇ ਵੀ ਹਾਮੀ ਹਨ। ਇਹ ਸਾਰਾ ਕੁੱਝ ਆਪ ਪੜ੍ਹ ਆਏ ਹੋ। ਇਥੇ ਇੱਕ ਅੱਖੀਂ ਡਿੱਠੀ ਘਟਨਾ ਦਾ ਜਿਕਰ ਕਰਨਾ ਜਰੂਰੀ ਸਮਝਦਾ ਹਾਂ। ਮੇਰੇ ਪਿੰਡ ਸਭਰਾ ਬਾਬਾ ਵੀਰ ਸਿੰਘ ਦਾ ਗੁਰਦੁਆਰਾ ਹੈ। ਉਥੇ ਕਾਫੀ ਚਿਰ ਤੋਂ ਮੇਲਾ ਲੱਗਦਾ ਹੈ ਮੇਲੇ ਤੇ ਅਖੰਡ ਪਾਠ ਦੇ ਭੋਗ ਪਾਏ। ਇੱਕ ਸਿੱਖ ਪ੍ਰਚਾਰਕ, ਗੁਰੂ ਦੀ ਹਜ਼ੂਰੀ ਵਿੱਚ ਕਥਾ ਕਰ ਰਿਹਾ ਸੀ ਸੰਗਤ ਬੈਠੀ ਸੀ ਉਧਰੋਂ ਬਾਬਾ ਦਇਆ ਸਿੰਘ ਆ ਗਏ ਜਦ ਪ੍ਰਚਾਰਕ ਨੇ ਬਾਬੇ ਨੂੰ ਦੇਖਿਆ ਤਾਂ ਕਥਾਵਾਚਕ ਨੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਬਾਬਾ ਜੀ ਆ ਰਹੇ ਹਨ ਆਪ ਗੁਰੂ ਦੀ ਹਜ਼ੂਰੀ ਵਿੱਚ ਇਸੇ ਤਰ੍ਹਾਂ ਬੈਠੇ ਰਹਿਣਾ ਕਿਉਂਕਿ ਸਿੱਖ ਸਿਧਾਂਤ ਦੇ ਮੁਤਾਬਿਕ “ਗੁਰੂ ਗ੍ਰੰਥ ਸਾਹਿਬ ਜੀ” ਦੀ ਹਜ਼ੂਰੀ ਵਿੱਚ ਕਿਸੇ ਮਨੁੱਖ ਨੂੰ, ਕਿਸੇ ਬਾਬੇ ਨੂੰ, ਕਿਸੇ ਸਖਸ਼ ਨੂੰ ਮੱਥਾ ਟੇਕਣ ਦਾ ਵਿਧਾਨ ਨਹੀਂ ਹੈ। ਪ੍ਰਚਾਰਕ ਨੂੰ ਸ਼ਾਬਾਸ ਦੇਣ ਦੀ ਬਜਾਏ ਬਾਬਾ ਬੜੀ ਜਲਦੀ ਉਥੋਂ ਉਠ ਕੇ ਬਿਨਾ ਕੋਈ ਜਲ ਪਾਣੀ ਛਕਿਆਂ ਵਾਪਸ ਚਲੇ ਗਿਆ। ਬਾਬੇ ਦੇ ਸ਼ਰਧਾਲੂ ਲੋਹੇ ਲਾਖੇ ਹੋ ਗਏ ਕਿ ਪ੍ਰਚਾਰਕ ਨੇ ਬਾਬਿਆਂ ਦੀ ਬੇਇੱਜਤੀ ਕੀਤੀ ਹੈ। ਕਿਉਂਕਿ ਜੇ ਕੋਈ ਗੁਰੂ ਦੇ ਹੱਕ ਵਿੱਚ ਸੱਚੀ ਗੱਲ ਕਰੇ ਤਾਂ ਇਸ ਨੂੰ ਬਾਬਿਆ ਦੀ ਬੇਇੱਜ਼ਤੀ ਦੱਸਦੇ ਹਨ। ਇਥੋਂ ਇਹ ਸਿੱਧ ਹੁੰਦਾ ਹੈ ਕਿ ਇਹਨਾਂ ਬਾਬਿਆਂ ਦੇ ਚੇਲੇ ਗੁਰਬਾਣੀ ਗੁਰੂ ਬਾਰੇ ਕੱਖ ਵੀ ਨਹੀਂ ਜਾਣਦੇ। ਉਦੋਂ ਅਸਾਲਟਾਂ ਵਾਲੇ ਫਿਰਦੇ ਸੀ ਉਸੇ ਰਾਤ ਉਸ ਪ੍ਰਚਾਰਕ ਦੇ ਘਰ ਉਸ ਨੂੰ ਮਾਰਨ ਵਾਸਤੇ ਬੰਦੇ ਪਹੁੰਚ ਗਏ ਕਹਿੰਦੇ ਤੂੰ ਬਾਬੇ ਦੀ ਨਿਰਾਦਰੀ ਕੀਤੀ ਹੈ। ਅਸੀਂ ਜਾਨੋਂ ਮਾਰਨਾ ਹੈ। ਪ੍ਰਚਾਰਕ ਦੇ ਪਿਤਾ ਨੇ ਉਹਨਾਂ ਦੇ ਪੈਰਾਂ ਤੇ ਪੱਗ ਰੱਖ ਕੇ ਮੁਆਫੀਆਂ ਮੰਗੀਆਂ ਕਿ ਅੱਗੇ ਤੋਂ ਸਾਡਾ ਮੁੰਡਾ ਸਟੇਜ ਤੇ ਸਾਰੀ ਗੱਲ ਹੀ ਸੰਤਾਂ ਦੇ ਹੱਕ ਵਿੱਚ ਕਰਿਆ ਕਰੇਗਾ। ਇਹਨੂੰ ਕੀ ਲੋੜ, ਗੁਰੂ ਦੀ ਗੱਲ ਕਰਨ ਦੀ, ਗੁਰੂ ਦੇ ਸਤਿਕਾਰ ਦੀ ਗੱਲ ਇਹ ਕਦੇ ਵੀ ਨਹੀਂ ਕਰੇਗਾ ਸੋ ਸਿੱਖ ਪ੍ਰਚਾਰਕ ਦੀ ਮਸਾਂ ਜਾਨ ਬਚੀ। ਇਸ ਤੋਂ ਪਿੱਛੋਂ ਕੀ ਹੋਇਆ ਕਿ ਪਿੰਡ ਦੇ ਮੋਹਤਬਰ ਸਰਪੰਚ ਪੰਚ ਅਤੇ ਹੋਰ, ਇੱਕ ਦਿਨ ਗੁਰਦੁਆਰੇ ਇਕੱਠੇ ਹੋ ਗਏ ਉਥੇ ਬਾਰ-ਬਾਰ ਇਹੀ ਗੱਲ ਕਰਨ ਕਿ ਸੰਤਾਂ ਦੀ ਬੇਇਜ਼ਤੀ ਕਿੰਨੇ ਕੀਤੀ ਹੈ। ਜਿਵੇਂ ਇਹ ਸਾਰੇ ਮੋਹਤਬਾਰ ਪਿਛਲੇ ਜਨਮ ਵਿੱਚ ਕਿਤੇ ਆਪ ਸੰਤ ਰਹੇ ਹੋਣ। ਇਹਨਾਂ ਨੇ ਚੁੱਕੀਆਂ ਗੁਰਦੁਆਰੇ ਦੀਆਂ ਚਾਬੀਆਂ ਅਤੇ ਪਹੁੰਚ ਗਏ ਸੁਰ ਸਿੰਘ ਬਾਬੇ ਕੋਲ। ਅੱਗੋਂ ਬਾਬਾ ਪੂਰੇ ਰਾਜਸੀ ਠਾਠ ਵਿੱਚ ਬੋਲਿਆ ਕਹਿੰਦਾ “ਇਹ ਮੁੰਡੇ ਕਾਫੀ ਚਿਰ ਤੋਂ ਮੇਰੀ ਪੱਗ ਨੂੰ ਪੈਣ ਨੂੰ ਫਿਰਦੇ ਸੀ ਇਹਨਾਂ ਉਹੋ ਕਰ ਵਿਖਾਈ।”

ਪਿੰਡ ਦੇ ਪਤਵੰਤੇ ਸੱਜਣਾਂ ਨੇ ਕਿਹਾ ਬਾਬਾ ਜੀ ਮੁਆਫੀ ਦੇ ਦਿਉ ਇਹ ਪ੍ਰਚਾਰਕ ਸਾਰੀ ਗੱਲ ਹੀ ਸੰਤਾਂ ਦੇ ਹੱਕ ਵਿੱਚ ਕਰਿਆ ਕਰੇਗਾ ਇਸਨੂੰ ਸਮਝਾ ਦਿੱਤਾ ਹੈ ਕਿ ਤੂੰ ਸੰਤਾਂ ਦੇ ਹੁੰਦਿਆਂ ਕਦੇ ਵੀ ਗੁਰੂ ਦੇ ਸਤਿਕਾਰ ਦੀ ਕੋਈ ਗੱਲ ਨਾਂ ਕਰੀਂ ਸਾਰਾ ਪ੍ਰਚਾਰ ਹੀ ਸੰਤਾਂ ਦੇ ਸਤਿਕਾਰ ਦਾ ਕਰਿਆ ਕਰ। ਸੋ ਇਹ ਮੰਨ ਗਿਆ ਹੈ। ਬਾਬੇ ਨੂੰ ਦਿੱਤੀਆਂ ਗੁਰਦੁਆਰੇ ਦੀਆਂ ਚਾਬੀਆਂ, ਅਨਪੜ੍ਹ ਨਿਹੰਗਾਂ ਨੇ ਆ ਕੇ ਗੁਰਦੁਆਰੇ ਤੇ ਕੀਤਾ ਕਬਜਾ। ਪਿੰਡ ਦੇ ਮੋਹਤਬਰਾਂ ਨੇ ਆਉਣ ਵਾਲੀਆ ਪੀੜ੍ਹੀਆਂ ਦੇ ਰਾਹ ਵਿੱਚ ਇਹ ਕੰਡੇ ਹੱਥੀਂ ਬੀਜੇ, ਇਸ ਗੁਰਦੁਆਰੇ ਵਿੱਚ ਸਾਰਾ ਕੁੱਝ ਸਿੱਖ ਰਹਿਤ ਮਰਯਾਦਾ ਦੇ ਉਲਟ ਹੋ ਰਿਹਾ, ਥਾਲੀ ਵਿੱਚ ਦੀਵੇ ਬਾਲ ਕੇ ਆਰਤੀਆਂ ਕਰ ਰਹੇ ਹਨ ਇਹ ਕਹਿੰਦੇ ਇਹ ਦਲ ਦੀ ਮਰਯਾਦਾ ਹੈ ਜਿਨ੍ਹਾਂ ਮਨਮੱਤਾਂ ਦਾ ਗੁਰਬਾਣੀ ਵਿੱਚ ਖੰਡਨ ਕੀਤਾ ਹੋਇਆ ਹੈ ਉਹ ਇਹਨਾਂ ਦਲ ਦੀ ਮਰਯਾਦਾ ਬਣਾਈ ਹੋਈ ਹੈ। ੧੬-੧੭ ਸਾਲ ਵਿੱਚ ਇਥੇ ਨਾ ਕੋਈ ਗਰੰਥੀ ਦੇ ਸਕੇ, ਨਾ ਕੋਈ ਕੀਰਤਨੀਆਂ, ਨਾ ਕੋਈ ਕਥਾਵਾਚਕ, ਸ਼ਾਇਦ ਇਹ ਵੀ ਦਲ ਦੀ ਮਰਯਾਦਾ ਹੈ ਨਾ ਗ੍ਰੰਥੀ, ਨਾ ਕੀਰਤਨੀਏ, ਨਾ ਕਥਾਵਾਚਕ। ਮੋਹਤਬਰਾਂ ਦੇ ਬੀਜੇ ਹੋਏ ਕੰਡੇ ਪੁੱਟਣ ਵਾਸਤੇ ਸਾਨੂੰ ਬੜਾਂ ਕੁੱਝ ਕਰਨ ਦੀ ਲੋੜ ਹੈ। ਗੁਰੂ ਪ੍ਰਤੀ ਆਪਣੇ ਫਰਜ ਸਮਝ ਕੇ ਇਹ ਕਰਦੇ ਰਹਾਂਗੇ। ਇਹ ਘਟਨਾ ਮੈਂ ਅੱਖੀਂ ਦੇਖੀ ਲਿਖੀ ਹੈ ਕੋਈ ਇਹ ਨਾ ਸਮਝੇ ਕਿ ਪਿੰਡ ਦੇ ਕਿਸੇ ਬੰਦੇ ਨੇ ਕਹਿ ਕੇ ਲਿਖਾਈ ਹੋਵੇਗੀ। ਇਹ ਮੈਂ ਆਪ ਲਿਖੀ ਹੈ। ਤਾਂ ਕਿ ਲੋਕਾਂ ਨੂੰ ਸਮਝ ਆਏ ਇਹ ਸੰਤ ਬਾਬੇ ਆਪਣੇ ਆਪ ਨੂੰ ਗੁਰੂ ਨਾਲੋਂ ਕਿਤੇ ਵੱਡਾ ਸਮਝਦੇ ਹਨ “ਗੁਰੂ ਗ੍ਰੰਥ ਸਾਹਿਬ ਜੀ” ਦੇ ਸਤਿਕਾਰ ਦੀ ਕੋਈ ਵੀ ਗੱਲ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਦੇ।

ਕਨੇਡਾ ਵਿੱਚ ਇੱਕ ਬੂਬਨਾ ਸਾਧ ਆਇਆ,

ਆਪਣੇ ਆਪ ਨੂੰ ਕਹੇ ਅਵਤਾਰ ਹਾਂ ਮੈਂ!

ਗੁਰੂ ਪੀਰ ਸਭ ਹੈਨ ਅਧੀਨ ਮੇਰੇ,

ਬਲਕਿ ਰਾਮ ਰਹੀਮ ਕਰਤਾਰ ਹਾਂ ਮੈਂ।

ਨਾਨਕ, ਹਰਿਗੋਬਿੰਦ, ਦਸਮੇਸ਼ ਕੀ ਨੇ?

ਸਿਰਜਨਹਾਰ ਖੁਦ ਆਪੇ ਨਿਰੰਕਾਰ ਹਾਂ ਮੈਂ।

ਅਨੂਪ ਸਿੰਘ ਨੂਰੀ।

ਬਾਬਾ ਸਰੂਪ ਸਿੰਘ ਅਤੇ ਬਾਬਾ ਜਸਬੀਰ ਸਿੰਘ ਗੁ. ਭੱਠ ਸਾਹਿਬ ਪੱਟੀ

ਜਦੋਂ ਪਿੰਡਾ ਵਿਚੋਂ ਇਸ ਗੁ. ਵਿੱਚ ਵਿਆਹ-ਸ਼ਾਦੀਆਂ ਕਰਨ ਲਈ ਸੰਗਤ ਆਉਂਦੀ ਹੈ ਤਾਂ ਇਹ ਮੁੰਡੇ ਕੁੜੀ ਵਾਲਿਆਂ ਤੋਂ ਮੋਟੀਆਂ ਫੀਸਾਂ ਲੈਂਦੇ ਹਨ ਪਰ ਜੇ ਕੋਈ ਚਾਹ ਪਾਣੀ ਮੰਗਦਾ ਹੈ ਤਾਂ ਇਹ ਬਾਬੇ ਕਹਿਂਦੇ ਹਨ ਕੇ ਇਥੇ ਕੋਈ ਚਾਹ, ਮਿੱਠਾ `ਤੇ ਦੁੱਧ ਵੀ ਨਹੀਂ ਹੈ। ਵਿਸਥਾਰ ਲਈ ਪੁਸਤਕ ਦਾ ਚੌਥਾ ਭਾਗ ਦੇਖੋ!




.