.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 23

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਪੁਰਾਣੀਆਂ ਰਜ਼ਾਈਆਂ ਵਿੱਚ ਉਂਗਲ਼ਾਈ ਜਾਣ ਨੂੰ ਮਨੁੱਖ ਆਪਣੀ ਹੋਣੀ ਮੰਨ ਬੈਠਾ ਹੈ ਜਦ ਕਿ ਗੁਰਬਾਣੀ ਇਸ ਨੂੰ ਅਗਾਂਹ ਤੁਰਨ ਲਈ ਕਹਿ ਰਹੀ ਹੈ, “ਆਗਾਹ ਕੂ ਤ੍ਰਾਘਿ ਪਿਛਾ ਫੇਰ ਨ ਮੁਹਡੜਾ”॥ ਗੁਰਬਾਣੀ ਸਰਬ ਕਾਲੀ, ਸਰਬ ਦੇਸੀ ਤੇ ਸਰਬ ਸਾਂਝੀ ਹੈ ਪਰ ਅਸੀਂ ਇਸ ਦੇ ਉਪਦੇਸ਼ ਨੂੰ ਸਰਬ ਸਾਂਝਾ ਤੇ ਸਮੇਂ ਦੇ ਬਰਾਬਰ ਦਾ ਨਹੀਂ ਬਣਾ ਸਕੇ। ਸ਼ਬਦਾਂ ਵਿਚਲੇ ਤੱਤ ਗਿਆਨ ਨੂੰ ਨਾ ਸਮਝਦਿਆਂ ਹੋਇਆਂ ਗਰੜ ਪੁਰਾਣ ਦੇ ਗਪੌੜਿਆਂ ਵਾਲੀਆਂ ਸਾਖੀਆਂ ਅਸੀਂ ਸੁਣਾਈਆਂ ਹਨ ਜੋ ਵਿਚਾਰ ਦੀ ਕਸਵੱਟੀ `ਤੇ ਪੂਰੀਆਂ ਨਹੀਂ ਉੱਤਰਦੀਆਂ। ਸਾਰੀ ਗੁਰਬਾਣੀ ਰੱਬੀ ਗਿਆਨ ਦਾ ਅਥਾਹ ਸਮੁੰਦਰ ਹੈ, ਮਨ ਰੂਪੀ ਅੱਖ ਵਿੱਚ ਗਿਆਨ ਦਾ ਸੁਰਮਾ ਪਾਉਣਾ ਸੀ ਤਾਂ ਕਿ ਆਗਿਆਨਤਾ ਦਾ ਅੰਧ੍ਹੇਰਾ ਦੂਰ ਹੋ ਸਕੇ:---

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸਾ॥

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ॥

ਇਹਨਾਂ ਤੁਕਾਂ ਵਿੱਚ ਗਿਆਨ, ਅਗਿਆਨ, ਹਰਿ ਕਿਰਪਾ ਤੇ ਸੰਤ ਭੇਟਿਆ ਚਾਰ ਵਿਚਾਰ ਦਿੱਤੇ ਹਨ, ਕੀ ਗੁਰੂ ਆਰਜਨ ਪਾਤਸ਼ਾਹ ਜੀ ਦੇ ਸਮੇਂ ਕੋਈ ਸੰਤ ਸੀ? ਜੇ ਨਹੀਂ ਸੀ ਤਾਂ ਫਿਰ ਅੱਜ ਦੇ ਸੰਤ ਗੁਰਬਾਣੀ ਵਿਚੋਂ ਤੁਕਾਂ ਲੈ ਕੇ ਆਪਣੀ ਮਨ ਮਰਜ਼ੀ ਅਨੁਸਾਰ ਅਰਥ ਕਰਕੇ ਇਹ ਸਾਬਤ ਕਰਦੇ ਹਨ ਕਿ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਏ ਸੰਤ ਸ਼ਬਦ ਨੂੰ ਸਾਡੇ ਲਈ ਹੀ ਕਿਹਾ ਹੈ। ਪਰਮਾਤਮਾ ਦੀ ਕ੍ਰਿਪਾ ਨਾਲ ਗੁਰੂ ਮਿਲਦਾ ਹੈ ਤੇ ਗੁਰੂ ਸਾਨੂੰ ਗਿਆਨ ਦੇ ਕੇ ਅਗਿਆਨਤਾ ਨੂੰ ਖ਼ਤਮ ਕਰਦਾ ਹੈ। ਇਸ ਗਿਆਨ ਨੂੰ ਨਉ ਨਿਧ ਤੇ ਅੰਮ੍ਰਿਤ ਦੇ ਨਾਮ ਨਾਲ ਵੀ ਯਾਦ ਕੀਤਾ ਹੈ। ਗਿਆਨ ਸਾਡੇ ਹਿਰਦੇ ਵਿੱਚ ਪਿਆ ਹੋਇਆ ਹੈ:--

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ॥ ਦੇਹੀ ਮਹਿ ਇਸ ਕਾ ਬਿਸ੍ਰਾਮ॥

ਇਸ ਅਸਟਪਦੀ ਦੇ ਸਲੋਕ ਵਿੱਚ ਆਗਿਆਨਤਾ ਦੇ ਖਾਤਮੇ ਦੇ ਗਿਆਨ ਦੇ ਪਰਕਾਸ਼ ਦੀ ਗੱਲ ਕੀਤੀ ਹੈ ਜੋ ਗੁਰੂ ਗਿਆਨ ਵਿਚੋਂ ਪਰਗਟ ਹੁੰਦੀ ਹੈ। ਇਸ ਨੂੰ ਸਮਝਣ ਲਈ, ਇੱਕ ਬੱਚੀ ਕਸੀਦੇ ਦੀ ਜਾਚ ਸਿੱਖਦੀ ਹੈ। ਫੁੱਲ ਬੂਟੇ ਚਾਦਰਾਂ `ਤੇ ਪਾਉਂਦੀ ਹੈ। ਇਸ ਦਾ ਭਾਵ ਹੈ ਕਿ ਬੱਚੀ ਦੇ ਹਿਰਦੇ ਵਿੱਚ ਕਸੀਦੇ ਦੀ ਕਲਾ ਪਰਮਾਤਮਾ ਵਲੋਂ ਪਹਿਲਾਂ ਹੀ ਪਾਈ ਹੋਈ ਸੀ, ਬੱਚੀ ਨੂੰ ਕਸੀਦੇ ਦਾ ਗਿਆਨ ਮਿਲ ਗਿਆ ਤੇ ਉਹ ਗਿਆਨ ਪ੍ਰਗਟ ਹੋ ਗਿਆ। ਆਪਣੀ ਕੀਤੀ ਹੋਈ ਕਲਾ ਨੂੰ ਦੇਖ ਕੇ ਬੱਚੀ ਨੂੰ ਅਨੰਦ ਆਉਂਦਾ ਹੈ। ਸਾਰੀ ਵਿਚਾਰ ਨੂੰ ਸਮਝਣ ਲਈ ਜਦੋਂ ਮਨੁੱਖ ਨੂੰ ਗੁਰੂ ਕੋਲੋਂ ਗਿਆਨ ਮਿਲ ਜਾਂਦਾ ਹੈ ਤਾਂ ਭਰਮ- ਭੁਲੇਖੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਇੱਕ ਰਸ ਦੇ ਜੀਵਨ ਜਿਉਣ ਨੂੰ ਤਰਜੀਹ ਦੇਂਦਾ ਹੈ।

ਸੁੰਨਿ ਸਮਾਧਿ ਅਨਹਤ ਤਹ ਨਾਦ॥ ਕਹਨੁ ਨ ਜਾਈ ਅਚਰਜ ਬਿਸਮਾਦ॥

ਅਨਹਤ ਸ਼ਬਦ ਵੱਜਣ ਤੋਂ ਭਾਵ ਇਹ ਨਹੀਂ ਕੇ ਕੋਈ ਅਵਾਜ਼ਾਂ ਸੁਣਦੀਆਂ ਹਨ ਇਹ ਤੇ ਸਗੋਂ ਮੇਰ ਤੇਰ ਦੀਆਂ ਦੂਰੀਆਂ ਖਤਮ ਹੁੰਦੀਆਂ ਹਨ ਹਰ ਥਾਂ `ਤੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਆਪੇ ਦੀ ਸੋਝੀ ਆਉਂਦੀ ਹੈ; --

ਸੋ ਅੰਤਰਿ ਸੋ ਬਾਹਰਿ ਅਨੰਤ॥ ਘਟਿ ਘਟਿ ਬਿਆਪ ਰਿਹਾ ਭਗਵੰਤ॥

ਭਰਮ ਕੀ ਹੈ? ਜਿਸ ਤਰ੍ਹਾਂ ਦੂਰ ਤਕ ਨਜ਼ਰ ਦੌੜ੍ਹਾਈ ਜਾਏ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਅਕਾਸ਼ ਤੇ ਧਰਤੀ ਆਪਸ ਵਿੱਚ ਮਿਲੇ ਹੋਏ ਹਨ ਜੋ ਕਿ ਸਾਡਾ ਇੱਕ ਭਰਮ ਹੈ, ਪਰ ਐਸਾ ਨਹੀਂ ਹੈ। ਏਸੇ ਤਰ੍ਹਾਂ ਧਰਮ ਦੀ ਦੁਨੀਆਂ ਵਿੱਚ ਬਹੁਤ ਸਾਰੇ ਅਸਾਂ ਭਰਮ ਪਾਲ਼ੇ ਹੋਏ ਹਨ। ਗੁਰੂ ਪਹਿਲਾਂ ਸਾਨੂੰ ਭਰਮਾਂ ਵਲੋਂ ਮੁਕਤੀ ਦਿਵਾਉਂਦਾ ਹੈ।

ਗੁਰਪ੍ਰਸਾਦਿ ਭਰਮ ਕਾ ਨਾਸ॥ ਨਾਨਕ ਤਿਨ ਮਹਿ ਏਹੁ ਬਿਸਾਸੁ॥

ਘੋੜੇ `ਤੇ ਅਸਵਾਰ ਹੋਇਆਂ ਹੀ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਦੇ ਹਨ, “ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿਹੜਾ ਹੈ” ? ਕਿਸੇ ਨੂੰ ਨਾ ਜਾਨਣਾ ਬਹੁਤ ਵੱਡੀ ਦੂਰੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਵਲ ਨੂੰ ਦੇਖਿਆ, ਤੇ ਕਿਹਾ, “ਕਿ ਤੂੰ ਨਾਨਕ ਨੂੰ ਮਿਲਣ ਲਈ ਆਇਆ ਏਂ” ? ਭਾਈ ਲਹਿਣੇ ਜੀ ਨੇ ਹਾਂ ਵਿੱਚ ਸਿਰ ਝੁਕਾਇਆ। ਜਦੋਂ ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਾਣ ਲਿਆ ਦੂਰੀਆਂ ਖ਼ਤਮ ਹੋ ਗਈਆਂ:---

ਜੋ ਜਾਨੈ ਤਿਸੁ ਸਦਾ ਸੁਖੁ ਹੋਇ॥ ਆਪਿ ਮਿਲਾਇ ਲਏ ਪ੍ਰਭੁ ਸੋਇ॥

ਜੀਵਨ ਵਿੱਚ ਤਾਜ਼ਗੀ, ਵਿਕਾਰਾਂ ਵਲੋਂ ਮੁਕਤੀ, ਆਤਮਿਕ ਗੁਣਾਂ ਦਾ ਧਨ ਤੇ ਸਮਾਜ ਵਿੱਚ ਇੱਜ਼ਤ ਮਿਲ ਸਕਦੀ ਹੈ ਜੇ ਅਸੀਂ ਅਸਲੀਅਤ ਨੂੰ ਜਾਣ ਲਈਏ।

ਜੋ ਜਾਨੈ ਤਿਸੁ ਸਦਾ ਸੁਖੁ ਹੋਇ॥ ਆਪਿ ਮਿਲਾਇ ਲਏ ਪ੍ਰਭੁ ਸੋਇ॥

ਉਹ ਧਨਵੰਤੁ ਕੁਲਵੰਤੁ ਪਤਿਵੰਤੁ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ॥

ਗੁਰੂ ਦੇ ਉਪਦੇਸ਼ ਦੁਆਰਾ ਸੰਸਾਰ ਤਰਦਾ ਤੇ ਸਾਧਾਂ ਦੇ ਉਪਦੇਸ਼ ਦੁਆਰਾ ਉਹਨਾਂ ਦੇ ਡੇਰੇ ਦੀ ਆਮਦਨ ਵੱਧਦੀ ਹੈ।

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰ॥

ਜੇ ਸੰਸਾਰ ਨੂੰ ਮੁਕਤ ਗੁਰੂ ਕਰਦਾ ਹੈ ਤੇ ਫਿਰ ਇਹਨਾਂ ਆਪੇ ਪਾਖੰਡੀ ਸੰਤਾਂ ਨੂੰ ਨਮਸਕਾਰ ਕਿਉਂ ਕੀਤੀ ਜਾਏ।




.