.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 27)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਨਾਨਕਸਰੀਏ ਸਾਧ

ਇਹਨਾਂ ਦੇ ਪੰਥ ਦੇ ਬਾਨੀ ਨੰਦ ਸਿੰਘ ਬਾਰੇ ਸੈਕੰਡ ਈਸ਼ਰ ਸਿੰਘ ਬਾਰੇ ਪੁਸਤਕ ਦੇ ਪਹਿਲੇ ਭਾਗਾਂ ਵਿੱਚ ਬਹੁਤ ਕੁੱਝ ਆਪ ਪੜ੍ਹ ਆਏ ਹੋ। ਇਹਨਾਂ ਦੇ ਹੁਣ ਵਾਲੇ ਚੇਲਿਆ ਨੇ ਵੱਡੇ ਵੱਡੇ ਠਾਠ ਬਣਾਏ ਹੋਏ ਹਨ, ਕੋਈ ਨਿਸ਼ਾਨ ਸਾਹਿਬ ਨਹੀਂ, ਲੰਗਰ ਆਦਿ ਨਹੀਂ, ਪੱਥਰਾਂ ਦੇ ਬੁੱਤ ਇਹਨਾਂ ਬਣਾਏ ਹੋਏ ਹਨ ਗੁਰਬਾਣੀ ਦੇ ਉਲਟ ਇਹ ਤਸਵੀਰਾਂ ਦੀ ਪੂਜਾ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਵਾਸਤੇ ਵੱਡੇ ਵੱਡੇ ਪੀੜੇ, ਵੱਡੇ ਵੱਡੇ ਚੌਰ, ਸਵੇਰੇ “ਗੁਰੂ ਗ੍ਰੰਥ ਸਾਹਿਬ” ਨੂੰ ਚਾਹ ਦੇ ਨਾਲ ਬਿਸਕੁੱਟ ਬਰੇਕ ਫਾਸਟ ਕਰਾਉਂਦੇ ਹਨ, ਤੌਲੀਏ ਨਾਲ ਹੱਥ ਸਾਫ ਕਰਾਉਂਦੇ ਹਨ, ਦੁਪਹਿਰੇ ਖਾਣਾ ਖਵਾਉਂਦੇ ਹਨ, ਨਾਲ ਵੱਡੇ ਵੱਡੇ ਕੂਲਰ ਅਤੇ ਰਜ਼ਾਈਆਂ ਦਿੰਦੇ ਹਨ, ਹਿੰਦੂ ਮੰਦਰਾਂ ਦੀ ਨਕਲ ਤੇ ਆਰਤੀਆਂ ਅਤੇ ਧਰਮ ਦੇ ਨਾਂ ਤੇ ਫੋਕਾ ਕਰਮ ਕਾਂਡ ਹਿੰਦੂ ਰੀਤੀਆਂ ਹੀ ਕਰਦੇ ਹਨ, ਗੁਰੂ ਤੇ ਫੁੱਲਾਂ ਦੀ ਵਰਖਾ ਕਰਦੇ ਹਨ, ਸੁਖਮਨੀ ਸਾਹਿਬ ਦੇ ਤੋਤਾ ਰਟਨ ਪਾਠ, ੧੦੧ ਅਖੰਡ ਪਾਠਾਂ ਦੀਆਂ ਇਕੋਤਰੀਆਂ, ਗਿਣਤੀ ਦੀਆਂ ਮਾਲਾ (ਜ਼ਿਆਦਾ ਇਹ ਮਾਲਾ ਫੇਰਦੇ ਹਨ) ਸੁੱਚ ਭਿੱਟ, ਵਹਿਮ ਭਰਮ, ਬਾਹਮਣਾ ਵਾਲੇ, ਅੱਖਾਂ ਮੀਟ ਕੇ ਸਮਾਧੀਆਂ ਲਾਉਂਦੇ ਹਨ। ਪਰ ਗੁਰਬਾਣੀ ਗੁਰੂ ਦਾ ਹੁਕਮ ਬਚਨ ਇਹਨਾਂ ਇੱਕ ਵੀ ਨਹੀਂ ਮੰਨਿਆ ਗੁਰੂ ਦਾ ਬਚਨ ਮੰਨ ਕੇ ਜੀਵਨ ਬਤੀਤ ਕਰਨਾ ਹੀ ਸਿਮਰਨ ਹੈ, ਮਾਲਾ ਦਾ ਕੋਈ ਮਤਲਬ ਨਹੀਂ ਹੈ। ਭਗਤ ਕਬੀਰ ਸਾਹਿਬ ਬਾਣੀ ਵਿੱਚ ਫੁਰਮਾਨ ਕਰ ਰਹੇ ਹਨ ਕਿ ਇਹ ਮਾਲਾ ਲੋਕਾਂ ਨੂੰ ਦਿਖਾਉਂਦਾ ਹੈ ਤੇਰੇ ਹਿਰਦੇ ਵਿੱਚ ਤਾਂ ਸੱਚ ਵਾਲੀ ਗੱਲ ਹੀ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਤਾਂ ਭਾਈ ਲਾਲੋ ਕਿਰਤੀ ਸਿੱਖ ਦੇ ਘਰ ਨੂੰ ਭਗਤੀ ਦਾ ਘਰ ਕਹਿੰਦੇ ਹਨ। ਪਰ ਇਹ ਨਾਨਕਸਰ ਨੂੰ ਭਗਤੀ ਦਾ ਘਰ ਕਹਿੰਦੇ ਹਨ ਜਿਥੇ ਵਿਹਲੜ ਕੇਵਲ ਮਾਲਾ ਫੜਕੇ ਬੈਠੇ ਹਨ।

ਜਦੋਂ ਬਾਬਾ ਈਸ਼ਰ ਸਿੰਘ ਦੇਹਰਾਦੂਨ ਵੱਲੋਂ ਆਇਆ ਤਾਂ ਇਸਦੇ ਨਾਲ ਤਿੰਨ ਚੇਲੇ ਸਨ ਸਾਧੂ ਸਿੰਘ, ਕੁੰਦਨ ਸਿੰਘ, ਨਰਾਇਣ ਸਿੰਘ ਇਹ ਨਾਲ ਰਹਿੰਦੇ ਸਨ। ਇਹਨਾਂ ਦੀਆਂ ਵੱਖ ਵੱਖ ਡਿਊਟੀਆਂ ਲਗਾਈਆਂ ਹੋਈਆਂ ਸਨ ਇੱਕ ਨੇ ਤਿਆਰੀ ਕਰਨੀ, ਇੱਕ ਨੇ ਪ੍ਰਕਾਸ਼ ਕਰਨਾ, ਇੱਕ ਨੇ ਚੌਰ ਕਰਨਾ। ਗੁਰਬਾਣੀ ਸਮਝਣ ਮੰਨਣ ਦੀ ਡਿਊਟੀ ਕਿਸ ਦੀ ਸੀ ਇਹ ਜ਼ਿਕਰ ਕਿਤੇ ਵੀ ਨਹੀਂ ਆਇਆ ਜਦੋ ਬਾਬਾ ਈਸ਼ਰ ਸਿੰਘ ਚੜ੍ਹਾਈ ਕਰ ਗਿਆ ਤਾਂ ਇਹ ਪੱਗ ਦੇਣੀ ਭੁੱਲ ਗਿਆ। ਤਕੜਾ ਰੱਟਾ ਪੈ ਗਿਆ ਪੱਗ ਦੇ ਦਾਅਵੇਦਾਰ ਤਿੰਨ ਪਰ ਪੱਗ ਇਕੋ। ਕੋਈ ਆਖੇ ਮੇਰਾ ਹੱਕ ਕੋਈ ਆਖੇ ਮੇਰਾ ਹੱਕ। ਆਖਰ ਵਿੱਚ ਤਿੰਨੇ ਵੱਖ ਵੱਖ ਹੋ ਗਏ ਬਾਜ਼ਾਰ ਵਿਚੋਂ ਮੁੱਲ ਲੈ ਕੇ ਪੱਗਾਂ ਤਿੰਨਾ ਨੇ ਬੰਨ੍ਹ ਲਈਆ, ਜਿਦੋ ਜਿਦੀ ਲੱਗੇ ਮਹਿਲ ਮਾੜੀਆਂ ਠਾਠ ਖੜੇ ਕਰਨ, ਚੰਗੀਆ ਵਧੀਆ ਰਾਈਫਲਾਂ ਕੇਵਲ ਆਪਣੀ ਪੱਗ ਦੀ ਰਾਖੀ ਵਾਸਤੇ ਖਰੀਦ ਲਈਆਂ। ਇੱਕ ਦੂਜੇ ਤੇ ਚਲਾਉਣ ਵਾਸਤੇ, ਕਿਉਂਕਿ ਮਾਲਾ ਦੇ ਮਣਕਿਆਂ ਵਿਚੋਂ ਇਹੋ ਕੁੱਝ ਨਿਕਲਣਾ ਸੀ ਕੋਈ ਤਿਆਗ ਅਤੇ ਵੈਰਾਗ ਦੀ ਭਾਵਨਾ ਤਾਂ ਨਹੀਂ ਸੀ ਪੈਦਾ ਹੋਈ ਹੋਣੀ।

ਇਥੇ ਵੀ ਅੱਖੀਂ ਦੇਖੀ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਬਰਸੀ ਮਨਾਉਂਦਿਆ ਅਰਦਾਸ ਕਰਨੀ ਸੀ ਤਾਂ ਝਗੜਾ ਪੈ ਗਿਆ ਇੱਕ ਨੇ ਕਿਹਾ ਅਰਦਾਸ ਮੈਂ ਕਰਨੀ ਹੈ ਦੂਜੇ ਨੇ ਕਿਹਾ ਅਰਦਾਸ ਮੈਂ ਕਰਨੀ ਹੈ ਗੁਰੂ ਦੀ ਹਜ਼ੂਰੀ ਵਿੱਚ ਇੱਕ ਦੂਜੇ ਤੇ ਵਰ੍ਹਾਈਆਂ ਡਾਗਾਂ (ਇਹ ਕਹਿੰਦੇ ਅਸੀ ਗੁਰੂ ਦਾ ਸਤਿਕਾਰ ਬੜਾ ਕਰਦੇ ਹਾਂ) ਦੇਖੋ ਸਤਿਕਾਰ ਕਰਦੇ, ਇਹ ਉਥੇ ਹਜੂਰੀ ਵਿੱਚ ਇਹਨਾਂ ਨੇ ਇੱਕ ਦੂਜੇ ਨੂੰ ਲਹੂ ਲੁਹਾਨ ਕੀਤਾ ਇਹ ਹਸਪਤਾਲਾਂ ਵਿੱਚ ਦਾਖਲ ਰਹੇ।

ਇਹ ਗੁਰੂ ਗ੍ਰੰਥ ਸਾਹਿਬ ਅੱਗੇ ਪੈਸਾ ਨਹੀਂ ਚੜ੍ਹਨ ਦਿੰਦੇ ਪਰ ਹੋਰ ਕਈ ਬਹਾਨਿਆਂ ਨਾਲ ਇਹ ਲੱਖਾਂ ਰੁਪਏ ਇਕੱਠੇ ਕਰ ਲੈਂਦੇ ਹਨ। ਕੁੱਝ ਚਿਰ ਹੋਇਆ ਬਾਬਾ ਨਾਰਾਇਣ ਸਿੰਘ ਚੜ੍ਹਾਈ ਕਰ ਗਿਆ। ਇਹ ਦੀ ਪੱਗ ਘਾਲਾ ਸਿੰਘ ਨੂੰ ਬੱਝ ਗਈ ਹੈ। ਇਹ ਕੀਰਤਨ ਵੀ ਕਰਦਾ ਹੈ। --ਪੈਲੀ ਬੰਨਾ ਇਹਨੇ ਬਹੁਤ ਬਣਾਇਆ ਹੈ। ਕੀਰਤਨ ਵਿੱਚ ਇਹ ਕੇਵਲ ਬਾਬਿਆਂ ਦੀਆਂ ਧਾਰਨਾਂ, ਬਾਬਿਆਂ ਦੇ ਦਰਗਾਹੀ ਬਚਨ, ਬਾਬਿਆਂ ਦੀਆ ਸਿਫਤਾਂ ਕਰਦਾ ਹੈ। ਇਹਨਾਂ ਦੇ ਕੀਰਤਨ ਵਿੱਚ ਗੁਰੂ ਦੀ ਗੁਰਮਤਿ ਦੀ ਕੋਈ ਗੱਲ ਨਹੀਂ ਹੁੰਦੀ। ਇਹ ਗੁਰਮਤਿ ਪ੍ਰਚਾਰ ਦੀ ਬਜਾਏ ਆਪਣੇ ਬਾਬਿਆਂ ਅਤੇ ਡੇਰਿਆਂ ਦਾ ਹੀ ਪ੍ਰਚਾਰ ਕਰਦੇ ਹਨ ਇਹਨਾਂ ਦਾ ਪ੍ਰਚਾਰ ਕੇਵਲ ਐਡਵਰਟਾਈਜ਼ਮੈਂਟ ਹੀ ਹੈ। ਇਹ ਮਾਲਾ ਵੀ ਬੜੀ ਫੇਰਦਾ ਹੈ।

ਕੁਝ ਚਿਰ ਬਾਅਦ ਬਾਬਾ ਕੁੰਦਨ ਸਿੰਘ ਚੜਾਈ ਕਰ ਗਿਆ ਇਸਦੀ ਪੱਗ ਭਜਨ ਸਿੰਘ ਨੂੰ ਬੱਝ ਗਈ। ਹਫ਼ਤੇ ਕੁ ਬਾਅਦ ਹੀ ਇਹ ਕਿਤਿਉਂ ੧੦੧ ਅਖੰਡ ਪਾਠਾਂ ਦੀ ਇਕੋਤਰੀ ਕਰਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਇਸਦੀ ਮੌਤ ਹੋ ਗਈ ਫਿਰ ਇਸਦੀ ਪੱਗ ਇੱਕ ਹੋਰ ਭਜਨ ਸਿੰਘ ਨੂੰ ਬੱਝ ਗਈ। ਅਤੇ ਸਾਧੂ ਸਿੰਘ ਨੇ ਜੀਉਂਦਿਆਂ ਹੀ ਬਾਬਾ ਲੱਖਾ ਸਿੰਘ ਜੀ ਨੂੰ ਪੱਗ ਦਿੱਤੀ ਹੋਈ ਹੈ। ਇਹਨਾਂ ਨਾਨਕਸਰੀਆਂ ਦੇ ਦੇਸ਼ ਵਿਦੇਸ਼ ਵਿੱਚ ਬਹੁਤ ਡੇਰੇ ਹਨ ਇਹ ਡੇਰਾਵਾਦ ਸਿੱਖ ਕੌਮ ਵਾਸਤੇ ਖਤਰੇ ਦੀ ਘੰਟੀ ਹੈ। ਹੁਣ ਸਰਕਾਰ ਵੱਲੋਂ ਵੀ ਇਹਨਾਂ ਡੇਰਿਆਂ ਦੀ ਜਾਂਚ ਸ਼ੁਰੂ ਹੋ ਗਈ ਹੈ ਪਰ ਕੋਈ ਨਿਰਪੱਖ ਸਿੱਟੇ ਸਾਹਮਣੇ ਆਉਣ ਦੀ ਆਸ ਨਹੀਂ ਹੈ। ਨਿਰਪੱਖ ਸਹੀ ਸਿੱਟੇ ਉਦੋਂ ਨਿਕਲਣਗੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਖਾਲਸਾ ਪੰਥ ਨੇ ਆਪ ਜਾਂਚ ਕੀਤੀ। ਸਮਾਂ ਆ ਰਿਹਾ ਹੈ।

ਨੋਟ:- ਇਹ ਸਾਧ ਆਪਣੇ ਨਾਵਾਂ ਨਾਲੋ ਸਿੰਘ ਵੀ ਉਡਾ ਰਹੇ ਹਨ, ਕਿਰਪਾਨ ਵੀ ਦੂਰ ਕਰ ਰਹੇ ਹਨ ਇਹ ਕਹਿੰਦੇ ਬਾਬਾ ਲੱਖਾ ਜੀ, ਬਾਬਾ ਘਾਲਾ ਜੀ ਆਦਿ ਆਦਿ।




.